28 April 2024

400 ਸਾਲਾ ਪ੍ਰਕਾਸ਼ ਪੁਰਬ ਨੂੰ ਸਮਰਪਤ: ‘ਲੋਕ-ਨਾਇਕ ਗੁਰੂ ਤੇਗ ਬਹਾਦਰ’ ਡਾ. ਰਤਨ ਸਿੰਘ ਜੱਗੀ ਦੀ ਵਿਲੱਖਣ ਪੁਸਤਕ—ਉਜਾਗਰ ਸਿੰਘ

ਡਾ. ਰਤਨ ਸਿੰਘ ਜੱਗੀ ਖੋਜੀ ਵਿਦਵਾਨ ਹਨ। ਉਨ੍ਹਾਂ ਨੇ ਹੁਣ ਤੱਕ ਲਗਪਗ 100 ਪੁਸਤਕਾਂ ਦੀ ਰਚਨਾ ਕੀਤੀ ਹੈ। ਉਨ੍ਹਾਂ ਦੀ ਪੁਸਤਕ ‘ਲੋਕ ਨਾਇਕ-ਗੁਰੂ ਤੇਗ ਬਹਾਦਰ’ ਵਿਲੱਖਣ ਪੁਸਤਕ ਹੈ। ਇਸ ਪੁਸਤਕ ਵਿੱਚ ਉਨ੍ਹਾਂ ਨੇ ਸ੍ਰੀ ਗੁਰੂ ਤੇਗ ਬਹਾਦਰ ਜੀ ਦੀ ਜ਼ਿੰਦਗੀ ਦੇ ਕਈ ਅਜਿਹੇ ਪੱਖਾਂ ਦੇ ਦਰਸ਼ਨ ਕਰਵਾਏ ਹਨ, ਜਿਨ੍ਹਾਂ ਬਾਰੇ ਇਸ ਤੋਂ ਪਹਿਲਾਂ ਕਿਸੇ ਵਿਦਵਾਨ ਨੇ ਇਹ ਜਾਣਕਾਰੀ ਨਹੀਂ ਦਿੱਤੀ। ਖੋਜੀ ਵਿਦਵਾਨ ਹੋਣ ਕਰਕੇ ਡਾ. ਜੱਗੀ ਹਰ ਪੁਸਤਕ ਇਤਿਹਾਸਕ ਦਸਤਾਵੇਜਾਂ ਦੇ ਸਬੂਤ ਨਾਲ ਲਿਖਦੇ ਹਨ।

ਇਸ ਪੁਸਤਕ ਵਿੱਚ ਉਨ੍ਹਾਂ ਗੁਰੂ ਤੇਗ ਬਹਾਦਰ ਜੀ ਦੇ ਸਮਾਜ ਸੇਵਕ ਅਤੇ ਭਾਈਚਾਰਕ ਸੰਬੰਧਾਂ ਨੂੰ ਬਣਾਈ ਰੱਖਣ ਲਈ ਕੀਤੇ ਉਦਮਾ ਦਾ ਵਿਸ਼ੇਸ਼ ਤੌਰ ‘ਤੇ ਜ਼ਿਕਰ ਕੀਤਾ ਹੈ। ਉਨ੍ਹਾਂ ਦੱਸਿਆ ਹੈ ਕਿ ਜਦੋਂ ਗੁਰੂ ਜੀ ਤਲਖ਼ ਵਾਤਾਵਰਨ ਤੋਂ ਕਿਨਾਰਾ ਕਰਨ ਲਈ ਕਰਤਾਰਪੁਰ ਤੋਂ ਯਾਤਰਾ ‘ਤੇ ਗਏ ਸਨ ਤਾਂ ਉਨ੍ਹਾਂ ਮਾਲਵੇ ਅਤੇ ਬਾਂਗਰ ਦੇ ਇਲਾਕੇ ਵਿੱਚ ਪੀਣ ਵਾਲੇ ਪਾਣੀ ਦੀ ਥੁੜ੍ਹ ਨੂੰ ਮਹਿਸੂਸ ਕਰਦਿਆਂ ਖੂਹ ਅਤੇ ਬਾਊਲੀਆਂ ਖੁਦਵਾਈਆਂ ਸਨ। ਉਨ੍ਹਾਂ ਇਹ ਵੀ ਲਿਖਿਆ ਹੈ ਕਿ ਜਦੋਂ ਰਾਜਾ ਰਾਮ ਸਿੰਘ ਆਸਾਮ ਫਤਿਹ ਕਰਨ ਲਈ ਜਾ ਰਿਹਾ ਸੀ ਤਾਂ ਆਸਾਮ ਦੇ ਰਾਜਾ ਚੱਕਰਧਵਜ ਨਾਲ ਉਸਦਾ ਸਮਝੌਤਾ ਕਰਵਾਇਆ ਸੀ ਤਾਂ ਜੋ ਖ਼ੂਨ ਖ਼ਰਾਬਾ ਨਾ ਹੋਵੇ ਅਤੇ ਭਾਈਚਾਰਿਕ ਸਦਭਾਵਨਾ ਬਣੀ ਰਹੇ।

ਡਾ. ਜੱਗੀ ਨੇ ਪਰਿਸ਼ਿਸ਼ਟ ਵਿੱਚ ਲਿਖਿਆ ਹੈ ਕਿ ਗੁਰੂ ਤੇਗ ਬਹਾਦਰ ਜੀ ਦੀ ਮਹਾਨ ਦੇਣ ਹੈ ਕਿ ਉਨ੍ਹਾਂ ਨੇ ਭਾਰਤੀ ਸੰਸਕ੍ਰਿਤੀ ਵਿੱਚ ਸ਼ਹਾਦਤ ਦੀ ਪ੍ਰਥਾ ਨੂੰ ਅੱਗੇ ਤੋਰਿਆ ਸੀ। ਸੰਸਾਰ ਦੇ ਇਤਿਹਾਸ ਵਿੱਚ ਅਜਿਹਾ ਕੋਈ ਪ੍ਰਮਾਣ ਨਹੀਂ ਮਿਲਦਾ ਕਿ ਕੋਈ ਵਿਅਕਤੀ ਖੁਦ ਕੁਰਬਾਨਂੀ ਦੇਣ ਲਈ ਕਾਤਲ ਦੇ ਕੋਲ ਆਪ ਗਿਆ ਹੋਵੇ। ਇਹ ਮਾਣ ਸਿਰਫ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਨੂੰ ਹੀ ਜਾਂਦਾ ਹੈ, ਜਿਹੜੇ ਬੇਖੌਫ ਹੋ ਕੇ ਮਜ਼ਲੂਮਾ ਦੀ ਹਿਫ਼ਜਤ ਲਈ ਸ਼ਹਾਦਤ ਪ੍ਰਾਪਤ ਕਰਨ ਲਈ ਦਿੱਲੀ ਚਲੇ ਗਏ। ਜਿਸ ਕਰਕੇ ਉਨ੍ਹਾਂ ਨੂੰ ਤਿਲਕ ਜੰਞੂ ਦੇ ਰਾਖੇ ਕਿਹਾ ਜਾਂਦਾ ਹੈ।

ਗੁਰੂ ਜੀ ਨੇ 15 ਰਾਗਾਂ ਵਿੱਚ 59 ਸ਼ਬਦਾਂ (ਚਉਪਦਿਆਂ) ਦੀ ਰਚਨਾ ਕੀਤੀ ਅਤੇ 57 ਸਲੋਕ ਲਿਖੇ। ਇਸ ਪੁਸਤਕ ਨੂੰ ਚਾਰ ਭਾਗਾਂ ਵਿੱਚ ਵੰਡਿਆ ਗਿਆ ਹੈ। ਪਹਿਲਾ ਭਾਗ ਜੀਵਨ-ਪਰਿਚਯ, ਦੂਜਾ ਰਾਗ-ਬੱਧ ਬਾਣੀ ਵਿਸ਼ਲੇਸ਼ਣ, ਤੀਜਾ ਭਾਗ ਸ਼ਲੋਕ ਆਲੋਚਨ ਅਤੇ ਚੌਥਾ ਭਾਗ ਬਾਣੀ ਅਰਥ ਬੋਧ ਹੈ।

ਡਾ. ਜੱਗੀ ਨੇ ਇਸ ਸਾਰੀ ਬਾਣੀ ਦਾ ਸੰਖੇਪ ਵਿੱਚ ਸਾਰੰਸ ਸੌਖੇ ਸ਼ਬਦਾਂ ਵਿਚ ਕੀਤਾ ਹੈ। ਡਾ. ਰਤਨ ਸਿੰਘ ਜੱਗੀ ਨੇ ਗੁਰੂ ਜੀ ਨੂੰ ਇਕ ਮਹਾਨ ਲੋਕ-ਨਾਇਕ ਦਾ ਦਰਜਾ ਦਿੱਤਾ ਹੈ ਕਿਉਂਕਿ ਉਹ ਲੋਕਾਂ ਦੀ ਆਵਾਜ਼ ਨੂੰ ਸੁਣਦੇ ਅਤੇ ਖੁਦ ਉਨ੍ਹਾਂ ਦੀ ਆਵਾਜ਼ ਬਣਦੇ ਸਨ। ਜਿਸ ਕਰਕੇ ਗੁਰੂ ਸਾਹਿਬ ਨੂੰ ਸ਼ਹਾਦਤ ਦੇਣੀ ਪਈ। ਡਾ. ਜੱਗੀ ਨੇ ਉਨ੍ਹਾਂ ਦੀ ਸ਼ਹਾਦਤ ਸੰਬੰਧੀ ਕੁਝ ਇਕ ਜਾਤੀ ਦੇ ਇਤਿਹਾਸਕਾਰਾਂ ਵੱਲੋਂ ਪਾਏ ਗਏ ਭਰਮ ਭੁਲੇਖਿਆਂ ਨੂੰ ਵੀ ਹੋਰ ਇਤਿਹਾਸਕਾਰਾਂ ਦੇ ਵਿਚਾਰਾਂ ਨਾਲ ਪ੍ਰੋੜ੍ਹਤਾ ਕਰਕੇ ਭਰਮ ਭੁਲੇਖਿਆਂ ਨੂੰ ਗ਼ਲਤ ਸਾਬਤ ਕੀਤਾ ਹੈ।

ਦੂਜੇ ਭਾਗ ਵਿੱਚ ਗੁਰੂ ਸਾਹਿਬ ਦੀ ਅਧਿਆਤਮਿਕ ਬਿਰਤੀ ਬਾਰੇ ਲਿਖਿਆ ਗਿਆ ਹੈ ਜਿਸ ਵਿੱਚ ਗੁਰੂ ਸਾਹਿਬ ਨੇ ਕਿਹਾ ਹੈ ਕਿ ਮਾਇਆ ਦੇ ਜਾਲ ਵਿੱਚੋਂ ਨਿਕਲਣ ਤੋਂ ਬਾਅਦ ਹੀ ਮੁਕਤੀ ਦੀ ਪ੍ਰਾਪਤੀ ਸੰਭਵ ਹੈ। ਮਨ ਦੀ ਚੰਚਲਤਾ ਅਧਿਆਤਮਿਕਤਾ ਦੇ ਰਸਤੇ ਦਾ ਰੋੜਾ ਬਣਦੀ ਹੈ। ਮਨ ‘ਤੇ ਕਾਬੂ ਪਾ ਕੇ ਪ੍ਰਭੂ ਭਗਤੀ ਹੋ ਸਕਦੀ ਹੈ। ਗੁਰੂ ਸਾਹਿਬ ਨੇ ਆਪਣੀ ਬਾਣੀ ਵਿੱਚ ਪਰਮਾਤਮਾ ਲਈ ਕਲਿਆਣਕਾਰੀ ਨਾਵਾਂ ਨੂੰ ਹੀ ਵਰਤਿਆ ਹੈ, ਜਿਵੇਂ ਦਾਤਾ, ਦੀਨ ਦਇਆਲ, ਦੀਨ ਬੰਧ, ਸਤਿ ਸਰੂਪ ਆਦਿ। ਸ੍ਰੀ ਗੁਰੂ ਤੇਗ ਬਹਾਦਰ ਜੀ ਅਨੁਸਾਰ ਭਗਤੀ ਦਾ ਸਰੂਪ ਸਦਾ ਨਿਸ਼ਕਾਮ ਹੁੰਦਾ ਹੈ। ਭਗਤੀ ਵਿੱਚ ਕਿਸੇ ਫਲ ਦੀ ਇੱਛਾ ਨਹੀਂ ਹੁੰਦੀ। ਭਗਤੀ ਪ੍ਰਮਾਤਮਾ ਦੀ ਕ੍ਰਿਪਾ ਸਦਕਾ ਹੀ ਹੋ ਸਕਦੀ ਹੈ। ਭਗਤੀ ਲਈ ਹਓਮੈ ਖ਼ਤਮ ਕਰਨੀ ਜ਼ਰੂਰੀ ਹੈ। ਭਗਤੀ ਕਰਨ ਵਾਲਾ ਉਸ ਦੇ ਭਾਣੇ ਵਿੱਚ ਰਹਿਣ ਲੱਗ ਜਾਂਦਾ ਹੈ। ਇਸ ਨੂੰ ਆਤਮ ਸਮਰਪਣ ਵੀ ਕਿਹਾ ਜਾ ਸਕਦਾ ਹੈ। ਭਗਵਾਨ ਭਗਤ ਦੀ ਪੁਕਾਰ ਸੁਣ ਕੇ ਛਿਣ ਮਾਤਰ ਵਿੱਚ ਹੀ ਉਧਾਰ ਕਰ ਦਿੰਦਾ ਹੈ। ਭਗਤੀ ਵਿੱਚ ਕੀਰਤਨ ਦਾ ਵਿਸ਼ੇਸ਼ ਸਥਾਨ ਹੈ। 

ਸ੍ਰੀ ਗੁਰੂ ਤੇਗ ਬਹਾਦਰ ਜੀ ਦੀ ਸਾਰੀ ਬਾਣੀ ਨਾਮ-ਸਾਧਨਾ ਦੇ ਮਹੱਤਵ ਨੂੰ ਸਥਾਪਤ ਕਰਦੀ ਹੈ। ਵੈਰਾਗ-ਭਾਵਨਾ ਬਾਰੇ ਗੁਰੂ ਤੇਗ ਬਹਾਦਰ ਜੀ ਕਹਿੰਦੇ ਹਨ ਕਿ ਸੱਚੇ ਵੈਰਾਗ ਦੀ ਭਾਵਨਾ ਵਿਕਸਤ ਕਰਨਾ ਅਤਿ ਜ਼ਰੂਰੀ ਹੈ। ਉਹ ਵੈਰਾਗ ਭਾਵਨਾ ਨੂੰ ਵਿਕਸਤ ਕਰਨ ਵਾਲੇ ਨੂੰ ਭਾਗਸ਼ਾਲੀ ਸਮਝਦੇ ਸਨ। ਜੋ ਇਨਸਾਨ ਮਾਇਆ ਜਾਲ ਨੂੰ ਕੱਟ ਕੇ ਮਨ ਤੇ ਕਾਬੂ ਪਾ ਲਵੇ, ਉਹ ਵੈਰਾਗ ਭਾਵਨਾ ਤੱਕ ਪਹੁੰਚ ਸਕਦਾ ਹੈ। ਵੈਰਾਗ ਭਾਵਨਾ ਨੂੰ ਵਿਕਸਤ ਕਰਨ ਲਈ ਚੰਚਲ ਮਨ ਨੂੰ ਵਸ ਕਰਨਾ ਜ਼ਰੂਰੀ ਹੈ। ਵੈਰਾਗ ਭਾਵਨਾਂ ਕੋਈ ਭਾਵਕ ਅਵਸਥਾ ਨਹੀਂ। ਇਹ ਤਾਂ ਬ੍ਰਹਮ ਗਿਆਨ ਦੇ ਮਾਰਗ ਦਾ ਯਾਤ੍ਰੀ ਬਣਨ ਲਈ ਲਿਆ ਹਲਫ਼ ਹੈ। ਇਸ ਹਲਫ਼ ਦੀ ਸੰਪੰਨਤਾ ਗੁਰੂ ਤੇਗ ਬਹਾਦਰ ਜੀ ਵੱਲੋਂ ਨਾਸ਼ਵਾਨ ਸਰੀਰ ਦੀ ਆਹੂਤੀ ਦੇ ਕੇ ਧਰਮ ਦੀ ਸਥਾਪਨਾ ਵਿੱਚ ਵੇਖੀ ਜਾ ਸਕਦੀ ਹੈ।

ਗੁਰੂ ਜੀ ਦੀ ਰਾਗ-ਬੱਧ ਪਦ ਸ਼ੈਲੀ ਹੈ, ਜਿਸ ਵਿੱਚ ਸਮੁੱਚੀ ਬਾਣੀ ਰਚੀ ਗਈ ਹੈ। ਇਸ ਬਾਣੀ ਵਿੱਚ ਕਲਾਤਮਿਕ  ਸੁੰਦਰਤਾ ਲਿਸ਼ਕਾਂ ਮਾਰਦੀ ਹੈ। ਸ੍ਰੀ ਗੁਰੂ ਤੇਗ ਬਹਾਦਰ ਜੀ ਦੀ ਬਾਣੀ ਰਾਗ-ਬੱਧ ਕਾਵਿ-ਗੁਣਾ ਨਾਲ ਭਰਪੂਰ ਹੈ। ਉਨ੍ਹਾਂ ਆਪਣੀ ਬਾਣੀ ਵਿੱਚ ਅਲੰਕਾਰ ਵੀ ਵਰਤੇ ਹਨ ਤੇ ਬਾਣੀ ਨੂੰ ਸਰੋਦੀ ਬਣਾਇਆ ਹੈ।

ਇਸ ਪੁਸਤਕ ਦਾ ਤੀਜਾ ਭਾਗ ਸ਼ਲੋਕ ਆਲੋਚਨ ਹੈ, ਜਿਸ ਵਿੱਚ ਡਾ. ਗੁਰਸ਼ਰਨ ਕੌਰ ਜੱਗੀ ਨੇ ਅਧਿਆਤਮਿਕ ਵਿਚਾਰਧਾਰਾ ਬਾਰੇ ਦੱਸਿਆ ਹੈ ਕਿ ਗੁਰੂ ਸਾਹਿਬਾਨ ਨੇ ਸਾਧਨਾ ਦੇ ਚਾਰ ਮਾਰਗਾਂ ਵਿੱਚੋਂ ਕੇਵਲ ਭਗਤੀ ਮਾਰਗ ਨੂੰ ਹੀ ਅਪਨਾਉਣ ਦੀ ਪ੍ਰੇਰਨਾ ਕੀਤੀ ਹੈ ਕਿਉਂਕਿ ਭਗਤੀ ਵਿੱਚ ਪਰਮਾਤਮਾ ਨੂੰ ਜਲਦੀ ਤੋਂ ਜਲਦੀ ਦ੍ਰਵਿਤ ਕਰਨ ਦੀ ਸ਼ਕਤੀ ਹੁੰਦੀ ਹੈ। ਇਸ ਵਿੱਚ ਊਚ-ਨੀਚ, ਸਭ ਲਈ ਇਕ-ਸਮਾਨ ਫਲ ਦੀ ਪ੍ਰਾਪਤੀ ਹੁੰਦੀ ਹੈ। ਸ੍ਰੀ ਗੁਰੂ ਤੇਗ ਬਹਾਦਰ ਨੇ ਹਰਿ-ਭਗਤੀ ਦਾ ਮੂਲ ਧੁਰਾ ਪ੍ਰੇਮ ਦੱਸਿਆ ਹੈ। ਪਰਮਾਤਮਾ ਦੇ ਨਾਮ ਦਾ ਸਾਧਨ ਹੈ ਹਰਿ ਨਾਮ ਦਾ ਸਿਮਰਨ। ਗੁਰੂ ਜੀ ਦੇ ਰਚੇ ਸ਼ਲੋਕਾਂ ਦਾ ਮੁੱਖ ਵਿਚਾਰ-ਧੁਰਾ ਹੈ ਹਰਿ-ਭਗਤੀ।

ਕਾਵਿ ਦੀ ਸਿਰਜਨਾਂ ਵਿੱਚ ਅਭਿਵਿਅਕਤੀ ਦਾ ਵਿਸ਼ੇਸ਼ ਸਥਾਨ ਹੈ। ਗੁਰੂ ਜੀ ਨੇ ਆਪਣੀ ਬਾਣੀ ਵਿੱਚ ਬਿੰਬਾਂ ਦੀ ਵਧੇਰੇ ਵਰਤੋਂ ਕੀਤੀ ਹੈ। ਜਿਸ ਕਰਕੇ ਉਨ੍ਹਾਂ ਦੀ ਅਭਿਵਿਅਕਤੀ ਸਰੋਦੀ ਹੈ। ਅਧਿਆਤਮਿਕ ਕਾਵਿ ਵਿੱਚ ਬਿੰਬ ਦਾ ਹੋਰ ਵੀ ਅਧਿਕ ਮਹੱਤਵ ਹੈ। ਇਸ ਦੀ ਗੰਭੀਰਤਾ ਨੂੰ ਸਮਝਣ ਲਈ ਸਭ ਤੋਂ ਸਰਲ ਸਾਧਨ ਬਿੰਬ ਹਨ। ਬਿੰਬ ਅਤੇ ਪ੍ਰਤੀਕ ਤੋਂ ਬਾਅਦ ਤੀਜਾ ਸਰਲ ਅਭਿਵਿਅਕਤੀ ਦਾ ਸਾਧਨ ਅਲੰਕਾਰ ਹਨ। ਗੁਰੂ ਜੀ ਨੇ ਅਲੰਕਾਰਾਂ ਦੀ ਵੀ ਭਰਪੂਰ ਵਰਤੋਂ ਕੀਤੀ ਹੈ। ਗੁਰੂ ਤੇਗ ਬਹਾਦਰ ਜੀ ਨੇ ਆਪਣੀ ਬਾਣੀ ਨੂੰ ਸਰਲ ਢੰਗ ਨਾਲ ਸਮਝਾਉਣ ਦੇ ਇਰਾਦੇ ਨਾਲ ਸਰਲ ਸ਼ੈਲੀ ਦੀ ਵਰਤੋਂ ਕੀਤੀ ਹੈ।  ਉਨ੍ਹਾਂ ਆਪਣੀ ਅਭਿਵਿਅੰਜਨਾ ਪ੍ਰਣਾਲੀ ਵਿੱਚ ਕਾਵਿ ਸ਼ਬਦਾਂ, ਮੁਹਾਵਰਿਆਂ, ਅਖਾਣਾ ਆਦਿ ਦੀ ਵਰਤੋਂ ਕਰਕੇ ਸੋਹਜ ਪੈਦਾ ਕੀਤਾ ਹੈ।

ਚੌਥੇ ਭਾਗ ਵਿੱਚ ਡਾ. ਜੱਗੀ ਨੇ ਗੁਰੂ ਤੇਗ ਬਹਾਦਰ ਜੀ ਦੇ 59 ਸ਼ਬਦ (ਚਉਪਦਿਆਂ) ਦੇ ਪਹਿਲਾਂ ਪਦ-ਅਰਥ ਭਾਵ ਇਕੱਲੇ-ਇਕੱਲੇ ਸ਼ਬਦ ਦੇ ਅਰਥ, ਫਿਰ ਸਮੂਹਕ ਅਰਥ ਅਤੇ ਅਖੀਰ ਵਿੱਚ ਉਸ ਚਉਪਦੇ ਦੇ ਭਾਵ ਅਰਥ ਦੇ ਕੇ ਪਾਠਕ ਨੂੰ ਬਾਣੀ ਦੇ ਭਾਵ ਨੂੰ ਪੂਰੀ ਤਰ੍ਹਾਂ ਸਮਝਾਉਣ ਦੀ ਕੋਸ਼ਿਸ਼ ਕੀਤੀ ਹੈ।

ਇਹ ਪੁਸਤਕ ਪਾਠਕ ਲਈ ਲਾਭਦਾਇਕ ਸਾਬਤ ਹੋਵੇਗੀ ਕਿਉਂਕਿ ਗੁਰਬਾਣੀ ਦਾ ਪਾਠ ਕਰਨਾਂ ਵੀ ਜ਼ਰੂਰੀ ਹੈ ਪ੍ਰੰਤੂ ਇਸ ਤੋਂ ਵੀ ਜ਼ਰੂਰੀ ਗੁਰਬਾਣੀ ਦੇ ਅਰਥ ਸਮਝਣਾ ਅਤੇ ਉਸ ‘ਤੇ ਅਮਲ ਕਰਨਾ ਹੈ। ਆਮ ਤੌਰ ਤੇ ਹਰ ਪੁਸਤਕ ਵਿੱਚ ਗੁਰੂ ਸਾਹਿਬਾਨ ਦੀ ਬਾਣੀ ਦੇ ਕੇ ਉਸ ‘ਤੇ ਅਮਲ ਕਰਨ ਦੀ ਤਾਕੀਦ ਕੀਤੀ ਜਾਂਦੀ ਹੈ, ਜਦੋਂ ਕਿ ਪਾਠਕ ਨੂੰ ਅਰਥ ਹੀ ਨਹੀਂ ਪਤਾ ਹੁੰਦੇ, ਉਹ ਅਮਲ ਕਿਵੇਂ ਕਰੇਗਾ। ਇਸੇ ਤਰ੍ਹਾਂ ਅੱਗੇ ਗੁਰੂ ਜੀ ਦੇ 57 ਸ਼ਲੋਕ ਦੇ ਕੇ ਬਿਲਕੁਲ ਇਸੇ ਤਰ੍ਹਾਂ ਪਹਿਲਾਂ ਪਦ-ਅਰਥ, ਅਰਥ ਅਤੇ ਭਾਵ ਅਰਥ ਦਿੱਤੇ ਗਏ ਹਨ। ਇਸ ਪੁਸਤਕ ਦਾ ਇਹ ਭਾਗ ਸਭ ਤੋਂ ਮਹੱਤਵਪੂਰਨ ਹੈ।

205 ਪੰਨਿਆਂ ਦੀ , 300 ਰੁਪਏ ਕੀਮਤ ਵਾਲੀ ਸਚਿਤਰ ਰੰਗਦਾਰ ਮੁੱਖ ਕਵਰ ਵਾਲੀ ਇਹ ਪੁਸਤਕ ਗਰੇਸ਼ੀਅਸ ਬੁਕਸ ਅਰਬਨ ਅਸਟੇਟ ਫੇਜ-1 ਪਟਿਆਲਾ ਨੇ ਪ੍ਰਕਾਸ਼ਤ ਕੀਤੀ ਹੈ। ਅਖ਼ੀਰ ਵਿੱਚ ਕਿਹਾ ਜਾ ਸਕਦਾ ਹੈ ਕਿ ਡਾ. ਰਤਨ ਸਿੰਘ ਜੱਗੀ ਅਤੇ ਗੁਰਸ਼ਰਨ ਕੌਰ ਜੱਗੀ ਨੇ ਸਰਲ ਢੰਗ ਨਾਲ ਪਾਠਕਾਂ ਨੂੰ ਗੁਰਬਾਣੀ ਤੋਂ ਸਿਖਿਆ ਲੈਣ ਲਈ ਲਿਖਕੇ ਗੁਰੂ ਜੀ ਦੇ 400 ਸਾਲਾ ਪ੍ਰਕਾਸ਼ ਪੁਰਬ ਨੂੰ ਸਮਰਪਤ ਕੀਤੀ ਹੈ।
***
ਸਾਬਕਾ ਜਿਲ੍ਹਾ ਲੋਕ ਸੰਪਰਕ ਅਧਿਕਾਰੀ
ਮੋਬਾਈਲ-94178 13072
ujagarsingh48@yahoo.com
***
746

About the author

ੳੁਜਾਗਰ ਸਿੰਘ
ਉਜਾਗਰ ਸਿੰਘ
ਸਾਬਕਾ ਜਿਲ੍ਹਾ ਲੋਕ ਸੰਪਰਕ ਅਧਿਕਾਰੀ | + ਲਿਖਾਰੀ ਵਿੱਚ ਛਪੀਆਂ ਰਚਨਾਵਾਂ ਦਾ ਵੇਰਵਾ