ਰਾਤ ਦੀ ਨਾ ਮੈਨੂੰ ਨੀਂਦ ਆਈ ਅਤੇ ਨਾ ਹੀ ਅਜ ਸਵੇਰ ਦਾ ਚੈਨ। ਬਾਹਰਲੇ ਦਰ ਤਕ, ਮੈਂ ਕਈ ਵੇਰ ਜਾ ਕੇ ਦੇਖ ਆਈ ਸਾਂ। ਜੀਤ ਮੈਨੂੰ ਕਿੱਧਰੇ ਦਿਖਾਈ ਨਹੀਂ ਸੀ ਦਿੱਤਾ। ਉਹ ਸਵੇਰੇ ਹੀ ਘਰੋਂ ਨਿੱਕਲ ਗਿਆ ਸੀ। ਅਜ ਉਸਦੀ ਹਸਪਤਾਲ ਦੀ ਅਪਾਇੰਟਮੈਂਟ ਸੀ। ਹਸਪਤਾਲਾਂ ਵਿੱਚ ਵੀ ਹੇੜਾਂ ਦੀਆਂ ਹੇੜਾਂ ਤੁਰੀਆਂ ਰਹਿੰਦੀਆਂ ਹਨ। ਪਤਾ ਨਹੀਂ ਦੁਨੀਆਂ `ਤੇ ਐਨੇ ਬੰਦੇ ਕਿੱਥੋਂ ਆ ਗਏ? ਜਿੱਧਰ ਜਾਵੋ, ਬੰਦੇ ਹੀ ਬੰਦੇ। ਬਿਮਾਰ ਹੀ ਬਿਮਾਰ। ਨਵੀਂਆਂ ਨਵੀਂਆਂ ਬਿਮਾਰੀਆਂ. ਚੰਗੇ ਭਲੇ ਦਿੱਸਣ ਵਾਲੇ ਵੀ ਬਿਮਾਰ। ਕਿਸੇ ਨੂੰ ਪੁੱਛ ਵੇਖੋ, ਦਵਾਈਆਂ ਖਾਣ ਦੀ ਦੌੜ ਲੱਗੀ ਹੋਵੇਗੀ। ਹਰ ਕੋਈ ਪੰਜ-ਸੱਤ ਗੋਲੀਆਂ ਤਾਂ ਨਿਗਲਦਾ ਹੀ ਹੋਣੈ। ਮੈਨੂੰ ਇਉਂ ਮਹਿਸੂਸ ਹੁੰਦੈ ਜਿਵੇਂ ਦਵਾਈਆਂ ਬਣਾਉਣ ਵਾਲੀਆਂ ਕੰਪਨੀਆਂ ਨੇ ਸਰਕਾਰ ਨਾਲ਼ ਕਿਸੇ ਕਿਸਮ ਦੇ ਸਮਝੌਤੇ ਕੀਤੇ ਹੋਣ। ਨਾ ਬੰਦੇ ਰਾਜ਼ੀ ਹੋਣ ਤੇ ਨਾ ਦਵਾਈਆਂ ਵਿਕਣੋਂ ਹਟਣ। ਭਾਵੇਂ ਇੰਸ਼ੂਰੈਂਸ ਵਾਲਿਆਂ ਜਾਂ ਓਹਿੱਪ ਨੇ ਦਵਾਈ ਦਾ ਮੁੱਲ ਦੇਣਾ ਹੁੰਦੈ। ਪਰ ਬੰਦੇ ਨੂੰ ਕਿੱਥੇ ਚੈਨ? ਜੀਤ ਵੀ ਇਉਂ ਹੀ ਕਰਦੈ। ਜਾਣੀ ਉਸਨੂੰ ਕਿਸੇ `ਤੇ ਭਰੋਸਾ ਹੀ ਨਹੀਂ। ਸਵੇਰ ਦਾ ਹਸਪਤਾਲ ਨੂੰ ਗਿਆ ਹੋਇਐ। ਤੇ ਮੈਂ ਬੈਠੀ ਜੀਤ ਨੂੰ ਉਡੀਕੀ ਜਾਂਦੀ ਹਾਂ। ਮੇਰਾ ਦਿਲ ਅੰਦਰੋਂ ਆਖ ਰਿਹੈ, ਸ਼ਾਇਦ ਸ਼ਰਮ ਦਾ ਮਾਰਿਆ ਘਰ ਨਾ ਵੜ ਰਿਹਾ ਹੋਵੇ। ਵੜੇ ਵੀ ਕਿਉਂ? ਉਸਨੇ ਕਲ ਕੰਮ ਹੀ ਐਸਾ ਕੀਤਾ ਸੀ। ਉਸਦੀ ਦਾਰੂ ਮੈਂ ਪਹਿਲਾਂ ਵੀ ਦੇਖੀ ਹੋਈ ਸੀ। ਉਸਨੂੰ ਕੋਈ ਹੋਸ਼ ਹੀ ਨਹੀਂ ਸੀ ਰਹਿੰਦੀ। ਤੇ ਕਲ ਉਸਦੇ ਅੰਦਰ ਪਤਾ ਨ੍ਹੀ ਕਿਹੜਾ ਦਿਓ ਉੱਠ ਖੜਾ ਹੋਇਆ ਸੀ? ਉਹ ਭੰਨ ਤੋੜ ਕਰੀ ਜਾ ਰਿਹਾ ਸੀ। ਮੇਰੇ ਹਟਾਉਂਦੀ ਹਟਾਉਂਦੀ `ਤੇ ਵੀ ਉਸਨੇ ਭਾਂਡੇ ਭੰਨ ਦਿੱਤੇ ਸਨ। ਨਿੱਕ-ਸੁੱਕ ਲਿਵਿੰਗਰੂਮ ਵਿੱਚ ਖਿਲਰਿਆ ਪਿਆ ਸੀ। ਦੇ ਤੇਰੇ ਦੀ ਮੁੱਕੇ ਤੇ ਮੁੱਕਾ ਕੰਧ ਵਿੱਚ। ਮੈਂ ਕਦੀ ਵੀ ਉਸ ਅੰਦਰ ਇਸ ਤਰ੍ਹਾਂ ਦਾ ਰੋਹ ਨਹੀਂ ਸੀ ਦੇਖਿਆ। ਤੇ ਅੱਜ? ਉਸਦੀ ਇਸ ਹਰਕਤ ਨਾਲ਼ ਮੇਰੇ ਅੰਦਰ ਉਸ ਲਈ ਅਤੇ ਉਸਦੀ ਸ਼ਰਾਬ ਲਈ ਨਫ਼ਰਤ ਜਿਹੀ ਦੀ ਲਹਿਰ ਦੌੜ ਗਈ। ਮੋਹ ਤਾਂ ਉਸ ਨਾਲ਼ ਮੈਨੂੰ ਉਸ ਦਿਨ ਹੀ ਖਤਮ ਹੋ ਗਿਆ ਸੀ ਜਿਸ ਦਿਨ ਉਸਨੇ ਮੇਰੀ ਧੀ ਨੂੰ ਘਰੋਂ ਕੱਢਿਆ ਸੀ। ਇਹ ਕਿਹੜੀ ਅਕਲ ਦਾ ਕੰਮ ਕੀਤਾ ਸੀ ਉਸਨੇ? ਕਹਿੰਦਾ, “ਕੁੜੀ ਦੀ ਤੇ ਸਾਡੀ ਭਲਾਈ ਇਸੇ ਵਿੱਚ ਐ ਕਿ ਇਹ ਹੋਰ ਕਿੱਧਰੇ ਚਲੀ ਜਾਵੇ। ਬਾਲਗ ਐ। ਜ਼ਰੂਰੀ ਤਾਂ ਨਹੀਂ ਘਰ ਰਵੵੇੱ ਸਗੋਂ ਮੇਰਾ ਮੁੰਡਾ ਸੌਖਾ ਸਾਹ ਲਊ।” ਲੱਗਦਾ ਮੁੰਡੇ ਦਾ? ਭਲਾ ਇਹ ਕੀ ਗੱਲ ਹੋਈ? ਬੱਚੇ ਆਪੋ ਵਿੱਚੀਂ ਲੜ ਪੈਣ ਤਾਂ ਕੀ ਘਰੋਂ ਕੱਢ ਦੇਈਦੇ ਐ? ਕੁੜੀ ਵੀ ਸਿਰਮੁੰਨੀ ਢਾਕਾਂ `ਤੇ ਹੱਥ ਧਰੀ ਖੜੀ ਆਖੇ, “ਇੰਡੀਅਨ ਲੋਕ ਸਿੱਕ ਮਾਂਈਂਡ ਹੁੰਦੇ ਐ। ਦੇ ਡੌਂਟ ਵਾਂਟ ਡਾਟਰਜ਼। ਕੁੜੀਆਂ ਚਾਹੁੰਦੇ ਹੀ ਨਹੀਂ। ਡਿਸਕਰਿਮੀਨੇਸ਼ਨ ਇਜ਼ ਇਨ ਐਵਰੀ ਬੋਨ ਔਫ ਦਿਅਰ ਬੌਡੀ। ਵਿਤਕਰਾ ਇਨ੍ਹਾਂ ਦੀਆਂ ਹੱਡੀਆਂ ਵਿੱਚ ਧੱਸਿਆ ਪਿਐ। ਕੀਪ ਯੂਅਰ ਸਨ। ਰੱਖੋ ਆਪਣੇ ਮੁੰਡੇ ਨੂੰ। ਮੈਨੂੰ ਨਹੀਂ ਕਿਸੇ ਦੀ ਲੋੜ।” ਇਹ ਸਭ ਦੋ ਕੁ ਹਫ਼ਤੇ ਪਹਿਲਾਂ ਸ਼ੁਰੂ ਹੋਇਆ। ਨਹੀਂ ਤਾਂ ਮੇਰਾ ਘਰ ਹੱਸਦਾ ਵੱਸਦਾ ਸੀ। ਕੁੜੀ ਤੇ ਮੁੰਡਾ ਵੀ ਹੱਸਦੇ ਖੇਲਦੇ। ਹਾਂ ਕਦੀ ਕਦਾਈਂ ਕਿਰਨ ਕਿਹਾ ਕਰਦੀ, “ਮੌਮ! ਤੁਸੀਂ ਸੂਰਜ ਨੂੰ ਵਿਗਾੜ ਲਿਐ। ਕਿਸੇ ਦੀ ਸੁਣਦਾ ਹੀ ਨਹੀਂ। ਪਤਾ ਨ੍ਹੀ ਕਿਹਦੇ ਕਿਹਦੇ ਨਾਲ਼ ਤੁਰਿਆ ਫਿਰਦੈ। ਜਿਨ੍ਹਾਂ ਮੁੰਡਿਆਂ ਦੇ ਨਾਲ਼ ਘੁੰਮਦੈ, ਉਹ ਬਹੁਤੇ ਚੰਗੇ ਨ੍ਹੀ। ਉਹ ਮੁੰਡੇ ਚੋਰੀਆਂ-ਚਕਾਰੀਆਂ ਕਰਦੇ ਐ। ਡਰੱਗ ਖਾਂਦੇ ਐ। ਕਿੱਧਰੇ ਸੂਰਜ ਵੀ ਡਰੱਗ ਟੇਕ ਨਾ ਕਰਨ ਲੱਗ ਪਵੇ। ਇਹਦੀ ਪੜ੍ਹਾਈ ਦਾ ਕੀ ਬਣੂ? ਪਹਿਲਾ ਸਾਲ ਐ ਸੂਰਜ ਦਾ ਯੂਨੀਵਰਸਿਟੀ ਵਿੱਚ।” ਮੈਂ ਉਸਦੀ ਗੱਲ ਨਾ ਸੁਣੀ। ਐਂਵੇਂ ਟਾਲ-ਮਟੋਲ ਕਰਦੀ ਰਹੀ। ਜੀਤ ਨੇ ਤਾਂ ਸੁਣਨੀ ਹੀ ਕਿੱਥੇ ਸੀ। ਸਾਨੂੰ ਦੋਹਾਂ ਨੂੰ ਮੁੰਡੇ ਤੇ ਜਿਵੇਂ ਵੱਧ ਭਰੋਸਾ ਸੀ। ਸਾਨੂੰ ਕੀ ਪਤਾ ਸੀ ਕਿ ਅਜ ਕਲ ਯੂਨੀਵਰਸਿਟੀਆਂ ਵਿੱਚ ਕੀ ਹੁੰਦੈ? ਮੈਂ ਅਤੇ ਜੀਤ ਦੋਨੋਂ ਪਹਿਲੀ ਵੇਰ ਹੌਲੀਡੇ ਗਏ ਸਾਂ। ਬੱਚੇ ਪਾਲ਼ਦਿਆਂ, ਕੰਮ ਕਰਦਿਆਂ, ਵਕਤ ਅੱਖ ਦੀ ਫੋਰ ਵਿੱਚ ਉੜਦਾ ਰਿਹਾ। ਅਸੀਂ ਵਰਿੵਆਂ ਤੋਂ ਸੋਚਦੇ ਪਲੈਨ ਕਰਦੇ ਰਹੇ। ਕਦੀ ਕਿਸੇ ਬਜ਼ੁਰਗ ਦੀ ਸਮੱਸਿਆ ਆ ਜਾਂਦੀ ਤੇ ਕਦੀ ਬੱਚਿਆਂ ਨੂੰ ਸਾਂਭਣ ਵਾਲਾ ਕੋਈ ਨਾ ਮਿਲਦਾ। ਤੇ ਹੁਣ ਬੱਚੇ ਦੋਨੋਂ ਬਾਲਗ ਹੋ ਗਏ ਸਨ। ਸੋਚਿਆ ਚਲੋ ਅਸੀਂ ਵੀ ਕਿੱਧਰੇ ਘੁੰਮ ਫਿਰ ਆਈਏ। ਆਖ਼ਿਰ ਕਹਿਣ ਵਾਲੇ ਹੋ ਜਾਵਾਂਗੇ ਕਿ ਅਸੀਂ ਵੀ ਹੌਲੀਡੇ ਗਏ ਹਾਂ। ਨਹੀਂ ਤਾਂ ਸਹੇਲੀਆਂ ਧੜੀ-ਧੜੀ ਦੀਆਂ ਗੱਲਾਂ ਕਰਦੀਆਂ ਕਿ ਅਸੀਂ ਮੈਕਸੀਕੋ ਗਏ, ਫਲੌਰਿਡਾ ਗਏ, ਕਰੂਜ਼ ਸ਼ਿੱਪ ਤੇ ਗਏ। ਸਾਡਾ ਤਾਂ ਚੰਦਰਾ ਜਿਵੇਂ ਟਾਇਮ ਹੀ ਨਾ ਲੱਗਾ। ਘਰ ਦੀਆਂ ਬੁੱਤੀਆਂ ਵਿੱਚ ਜਿੰਦਗੀ ਦੇ ਵੀਹ ਵਰੵੇ ਨਿੱਕਲ ਗਏ। ਨਿਆਣਿਆਂ ਨੂੰ ਵੀ ਇੱਕ ਅੱਧੀ ਵੇਰ ਹੀ ਲੈ ਕੇ ਜਾ ਸਕੇ। ਨਹੀਂ ਤਾਂ ਨਿਆਗਰਾ ਫਾਲਜ਼ ਘੁਮਾ ਲਿਆਂਉਂਦੇ ਰਹੇ। ਨਿਆਣਿਆਂ ਦੀ ਆਪੋ ਵਿੱਚੀ ਲੜਾਈ ਜਿਵੇਂ ਮੇਰੇ ਘਰ ਵਿੱਚ ਮਹਾਂਭਾਰਤ ਦਾ ਯੁੱਧ ਬਣ ਬੈਠੀ ਹੋਵੇ। ਮੈਂ ਸੂਰਜ ਨੂੰ ਆਪਣੀ ਨਾਨੀ ਦੇ ਘਰ ਜਾਣ ਨੂੰ ਆਖ ਦਿੱਤਾ ਤਾਂਕਿ ਲੜਾਈ ਅੱਗੇ ਨਾ ਵੱਧੇ। ਮੈਂ ਸੋਚਿਆ ਜਦੋਂ ਅਸੀਂ ਵਾਪਸ ਪਰਤਾਂਗੇ ਤੱਦ ਤੱਕ ਸਭ ਠੀਕ ਹੋ ਜਾਊ। ਦੋਨੋਂ ਬੱਚੇ ਠੰਢੇ ਵੀ ਹੋ ਜਾਣਗੇ। ਵੈਸੇ ਵੀ ਅਜ ਕਲ ਬੱਚਿਆਂ ਦਾ ਕੀ ਪਤੈ? ਮਾੜੀ ਜਿਹੀ ਗੱਲ ਉੱਤੇ ਇਕ ਦੂਜੇ ਦੇ ਸੱਟ-ਫੇਟ ਮਾਰ ਦੇਣ। ਜੀਤ ਉਸੇ ਵੇਲੇ ਸੀਟ ਬੁੱਕ ਕਰਾਉਣ ਨੂੰ ਤਿਆਰ। ਜੀਤ ਦੀ ਮਾਂ ਨੇ ਵੀ ਸਾਨੂੰ ਬੰਦ ਕਰ ਦਿੱਤਾ। ਕਹਿਣ ਲੱਗੀ, “ਐਂਵੇਂ ਕਮਲ਼ੇ ਕਿਉਂ ਬਣਦੇ ਹੋ। ਬੱਚੇ ਹਨ। ਮਾੜੀ ਜਿਹੀ ਗੱਲ ਹੈ, ਮੈਂ ਤੇ ਉਨ੍ਹਾਂ ਦੀ ਨਾਨੀ ਸਾਂਭ-ਸੰਭਾਲ ਲਵਾਂਗੀਆਂ। ਤੁਸੀਂ ਫਿਕਰ ਨਾ ਕਰੋ।” ਉਹ ਮਾੜੀ ਜਿਹੀ ਗੱਲ ਹੌਲੀ-ਹੌਲੀ ਉਬਲਣ ਲੱਗ ਪਈ। ਮੁੰਡਾ ਬੇਸਮਝ। ਪਿਓ ਵਰਗਾ ਅੜਬ। ਵੈਸੇ ਵੀ ਅਸੀਂ ਮੁੰਡਿਆਂ ਨੂੰ ਪਾਲਣ ਲੱਗੇ ਕੋਈ ਮੱਤ ਤਾਂ ਦਿੰਦੇ ਹੀ ਨਹੀਂ। ਜੇ ਕਹਿੰਦੇ ਹਾਂ, ਤਾਂ ਕੁੜੀਆਂ ਨੂੰ। ਕੁੜੀਆਂ ਵੀ ਹੁਣ ਕਿੱਥੇ ਸੁਣਨ ਵਾਲੀਆਂ? ਭਲਾ ਸੁਣਨ ਵੀ ਕਿਉਂ? ਜਿਸ ਦਿਨ ਅਸੀਂ ਘਰ ਪਰਤੇ ਸੂਰਜ ਨੇ ਜੀਤ ਕੋਲ ਚੰਗੀਆਂ ਲੂਤੀਆਂ ਲਾਈਆਂ। ਤੇ ਜੀਤ ਅੱਗ ਭਬੂਕਾ ਹੋ ਕੇ ਜਿਵੇਂ ਲਟ-ਲਟ ਬਲੇ। ਲੱਗਾ ਕੁੜੀ ਨੂੰ ਗਾਲ਼ਾਂ ਕੱਢਣ। ਜਦੋਂ ਉੱਪਰ ਨੂੰ ਕੁੜੀ ਕੋਲ ਜਾਣ ਲੱਗਾ ਤਾਂ ਮੈਂ ਉਸਦੇ ਮੋਹਰੇ ਖੜੀ ਹੋ ਗਈ। ਜੀਤ ਦਾ ਗੁੱਸਾ ਜੋ ਮੇਰੇ `ਤੇ ਵਰੵਨਾ ਸੀ, ਉਹ ਕੰਧ ਉੱਤੇ ਵਰਿੵਆੱ ਡਰਾਈ ਵਾਲ (ਕੰਧ) ਵਿੱਚ ਉਸਦਾ ਹੱਥ ਨਿੱਕਲ ਗਿਆ ਤੇ ਹੱਥ ਲਹੂ ਲੁਹਾਨ ਹੋ ਗਿਆ। ਉਸਦੇ ਅੰਦਰ ਕੀ ਹੋਇਆ, ਮੈਨੂੰ ਨਹੀਂ ਪਤਾ। ਓਦਾਂ ਵੀ ਪਤਾ ਨਹੀਂ ਕੀ ਹੋ ਗਿਐ ਇਸਨੂੰ? ਕਿੰਨੇ ਚਿਰ ਤੋਂ ਘਰ ਰਹਿੰਦਾ ਵੀ ਬਿਮਾਰ ਬਣਿਆ ਰਹੂ। ਕਿਸੇ ਨਾ ਕਿਸੇ ਬਹਾਨੇ ਡਾਕਟਰ ਦੇ ਤੁਰਿਆ ਰਹੂ ਜਾਂ ਹਸਪਤਾਲਾਂ ਦੇ ਚੱਕਰਾਂ ਵਿੱਚ ਤੁਰਿਆ ਫਿਰਦਾ ਰਹੂ। ਜਿਵੇਂ ਇਸਨੂੰ ਸੌ ਬਿਮਾਰੀ ਲੱਗ ਗਈ ਹੋਵੇ। ਇਸੇ ਵਾਸਤੇ ਮੇਰੀ ਕਿਰਨ ਨੇ ਸਾਡੇ ਟਿਕਟ ਬੁੱਕ ਕਰਵਾਏ ਸਨ ਕਿ ਅਸੀਂ ਚਾਰ ਦਿਨ ਹੌਲੀਡੇ ਕਰ ਆਈਏ। ਕਹਿਣ ਲੱਗੀ, “ਮੌਮ! ਯੂ ਬੋਥ ਨੀਡ ਰੈਸਟ। (ਤੁਹਾਨੂੰ ਆਰਾਮ ਕਰਨ ਦੀ ਲੋੜ ਐ।) ਮੈਂ ਵੀ ਸੋਚਿਆ ਕਿ ਸਾਡੀ ਉਮਰ ਘਰ ਬਾਰ ਸਾਂਭਦਿਆਂ ਦੀ ਨਿੱਕਲ ਗਈ। ਹੁਣ ਬੱਚੇ ਵੱਡੇ ਹਨ। ਕਿਉਂ ਨਾ ਅਸੀਂ ਵੀ ਬਾਹਰ ਘੁੰਮ ਫਿਰ ਆਈਏ। ਬਾਹਰ ਕਾਹਦੇ ਗਏ ਜਿਵੇਂ ਬਿਪਤਾ ਨੇ ਮੇਰਾ ਘਰ ਘੇਰ ਲਿਆ। ਮੈਂ ਇਸੇ ਲਈ ਕਿੱਧਰੇ ਜਾਣ ਤੋਂ ਡਰਦੀ ਸਾਂ। ਪਰ ਜੀਤ ਦੀ ਮਾਂ ਤੇ ਜੀਤ ਨੇ ਜਿਵੇਂ ਮੇਰੀ ਇੱਕ ਨਾ ਮੰਨੀ। ਮੈਂ ਜਾਣਦੀ ਸਾਂ ਮੁੰਡੇ ਦੀਆਂ ਆਦਤਾਂ ਨੂੰ। ਮੁੰਡਾ ਘਰ ਵਿੱਚ ਜਿਵੇਂ ਮਰਜ਼ੀ ਬੋਲੇ, ਕਮਰਾ ਸਾਫ਼ ਨਾ ਕਰੇ, ਬਾਹਰੋ ਆਵੇ ਇੱਕ ਸ਼ੂਅ (ਜੁੱਤੀ) ਇੱਧਰ ਤੇ ਦੂਜਾ ਓਧਰ। ਤੇ ਕੁੜੀ ਨੂੰ ਜੀਤ ਰੋਹਬ ਦਿਖਾਈ ਜਾਊ। ਆਖਰ ਮੇਰੀ ਕੁੜੀ ਦੇ ਅੰਦਰ ਵੀ ਕੁਝ ਟੁੱਟਣਾ-ਭੱਜਣਾ ਸੀ। ਤੇ ਇਹੋ ਹੋਇਆ ਦੋਹਾਂ ਵਿਚਾਲੇ। ਜਦੋਂ ਮੇਰੀ ਧੀ ਦਾ ਅੰਦਰ ਟੁੱਟਾ, ਖੜਾਕ ਭਾਵੇਂ ਨਾ ਹੋਇਆ ਹੋਵੇ, ਪਰ ਉਸਦੇ ਅੰਦਰ ਦੇ ਕਿਰਚੇ-ਕਿਰਚੇ ਹੋ ਗਏ। ਦੂਜਾ ਪਿਓ ਦੀ ਆਖੀ ਗੱਲ ਜਿਵੇਂ ਉਸਦੇ ਅੰਦਰ ਨੂੰ ਚੀਰ ਗਈ। ਜੀਤ ਕਹਿਣ ਲੱਗਾ, “ਤੂੰ ਮੇਰੇ ਘਰੋਂ ਚਲੀ ਜਾਹ। ਤੇ ਰਹਿ ਕਿੱਧਰੇ ਬਾਹਰ। ਤੈਨੂੰ ਪੜ੍ਹਾ ਲਿਖਾ ਦਿੱਤੈ। ਤੂੰ ਚੰਗੀ ਕਮਾਈ ਕਰਦੀ ਐਂ। ਹੁਣ ਯੂ ਆਰ ਓਲਡ ਐਨਿਫ।” ਕਿਰਨ ਵੀ ਅੱਗ ਦੀ ਨਾਲ਼। ਕੈਨੇਡਾ ਦੀ ਜੰਮ ਪਲ਼। ਕਹਿਣ ਲੱਗੀ, “ਡੈਡ! ਆਈ ਥੌਟ ਦਿਸ ਇੱਜ਼ ਮਾਈ ਹਾਊਸ ਟੂ। ਮੈਂ ਸੋਚਦੀ ਸੀ ਇਹ ਘਰ ਮੇਰਾ ਵੀ ਐ। ਮੈਨੂੰ ਨਹੀਂ ਸੀ ਪਤਾ ਕਿ ਅਸੀਂ ਸਾਰੇ ਤੇਰੇ ਘਰ ਵਿੱਚ ਰਹਿੰਦੇ ਹਾਂ। ਮੈਨੂੰ ਨਹੀਂ ਚਾਹੀਦਾ ਤੇਰਾ ਘਰ। ਰੱਖ ਆਪਣਾ ਘਰ ਆਪਣੇ ਕੋਲ। ਮੈਂ ਨਹੀਂ ਰਹਿੰਦੀ ਐਥੇ। ਜਿਸ ਦਿਨ ਤੈਨੂੰ ਇਸ ਬੋਈ (ਮੁੰਡੇ) ਦੀਆਂ ਹਰਕਤਾਂ ਪਤਾ ਲੱਗੀਆਂ ਤਾਂ ਮੇਰੇ ਕੋਲ ਭੱਜਾ ਨਾ ਆਈਂ।” ਫੇਰ ਉਹ ਮੈਨੂੰ ਬੋਲੀ, “ਮੌਮ ਵਾਈ ਡੂ ਯੂ ਟੇਕ ਦਿੱਸ? ਕਿਉਂ ਸਹਿੰਦੇ ਹੋ ਇਹ ਸਭ। ਤੁਸੀਂ ਜੌਬ ਕਰਦੇ ਹੋ, ਯੂ ਸਲੇਵ ਯੂਅਰ ਸੈਲਫ। ਘਰ ਵਿੱਚ ਨੌਕਰਾਂ ਵਾਂਗ ਕੰਮ ਕਰਦੇ ਹੋ। ਕੀ ਕਦਰ ਪੈਂਦੀ ਹੈ ਤੁਹਾਡੀ।” ਆਖਦਿਆਂ ਉਹ ਉੱਪਰ ਗਈ, ਆਪਣਾ ਸਮਾਨ ਪੈਕ ਕੀਤਾ, ਦਗੜ ਦਗੜ ਕਰਦੀ ਪੌੜੀਆਂ ਉੱਤਰੀ ਤੇ ਸਮਾਨ ਗੱਡੀ `ਚ ਜਾ ਧਰਿਆ। ਗੱਡੀ ਦੇ ਟਾਇਰਾਂ ਦੀਆਂ ਚੀਕਾਂ ਨਿੱਕਲੀਆਂ ਤੇ ਉਹ ਕਾਰ ਦੁੜਾਉਂਦੀ ਹੋਈ ਆਪਣੀ ਭੂਆ ਦੇ ਘਰ ਜਾ ਵੜੀ। ਉੱਥੇ ਭੂਆ ਜਿੰਦਰੋ ਦੇ ਗਲ਼ ਲੱਗ ਰੋਈ। ਫੇਰ ਵੀ ਕੁੜੀ ਚੰਗੀ ਸੀ, ਜਿਹੜੀ ਕਿਸੇ ਸਹੇਲੀ ਦੇ ਘਰ ਨਹੀਂ ਗਈ। ਤੇ ਨਾ ਉਸਨੇ ਹੋਰ ਕਿੱਧਰੇ ਜਾਣ ਬਾਰੇ ਸੋਚਿਆ। ਜੇ ਮੈਂ ਕਿਰਨ ਅਤੇ ਸੂਰਜ ਦੋਹਾਂ ਦਾ ਮੁਕਾਬਲਾ ਕਰਾਂ ਤਾਂ ਕਿਰਨ ਨੇ ਹਰ ਪੱਖ ਤੋਂ ਬਹੁਤ ਮਿਹਨਤ ਨਾਲ਼ ਆਪਣੇ ਆਪ ਨੂੰ ਸੰਭਾਲੀ ਰੱਖਿਆ। ਸੂਰਜ ਖਰਚ ਖੁਆ, ਪੜ੍ਹਾਈ ਵਿੱਚ ਚਲਾਵਾਂ ਜਿਹਾ। ਟਿਊਸ਼ਨਾ ਰੱਖ ਰੱਖ ਉਸਨੂੰ ਯੂਨੀਵਰਸਿਟੀ ਜਾਣ ਜੋਗਾ ਕੀਤਾ। ਤੇ ਉਹ ਪੈਸਾ ਖਰਚਣ ਲੱਗਾ ਨਹੀਂ ਸੋਚਦਾ। ਬਸ ਉਹ ਨਾਂ ਦਾ ਹੀ ਸੂਰਜ ਹੈ। ਤੇ ਮੇਰੀ ਕਿਰਨ, ਪੈਸਾ ਪੈਸਾ ਜੋੜ ਕੇ ਚਲੂ। ਪੜ੍ਹਣ ਵਿੱਚ ਹੁਸ਼ਿਆਰ, ਘਰ ਦੇ ਕੰਮ ਕਰਨ ਨੂੰ ਵੀ ਚੰਗੀ। ਆਏ ਗਏ ਨਾਲ਼ ਮੋਹ ਪਿਆਰ ਨਾਲ਼ ਮਿਲੂ। ਪਰ ਇਹ ਮੋਹ ਪਿਆਰ ਵੀ ਕੀ ਕਰੂ? ਜੇ ਉਸਨੂੰ ਪੈਰ ਪੈਰ `ਤੇ ਨੀਵਾਂ ਦਿਖਾਇਆ ਜਾਂਦਾ ਰਹੂ। ਮੁੰਡੇ ਨੂੰ ਹਰ ਨਵੀਂ ਵਸਤ ਤੇ ਉਸ ਵਿਚਾਰੀ ਲਈ ਪੁਰਾਣੀਆਂ ਚੀਜ਼ਾਂ। ਮੁੰਡੇ ਲਈ ਨਵੀਂ ਕਾਰ ਤੇ ਕੁੜੀ ਨੂੰ ਆਪਣੀ ਪੁਰਾਣੀ ਕਾਰ। ਮੁੰਡੇ ਦੀਆਂ ਫੀਸਾਂ ਜੀਤ ਭਰੂ ਤੇ ਕੁੜੀ ਪਾਰਟ ਟਾਈਮ ਕੰਮ ਕਰਕੇ ਫੀਸਾਂ ਭਰੂ ਤੇ ਪੜੂ। ਕਿੱਥੋਂ ਦਾ ਇਨਸਾਫ਼ ਐ ਇਹ? ਮੈਂ ਜਿੰਨੀ ਮਦਦ ਕਰ ਸਕਦੀ ਸਾਂ, ਕਰਦੀ ਰਹੀ। ਪਰ ਘਰ ਨੂੰ ਬੰਨ੍ਹੀ ਰੱਖਣ ਲਈ ਮੈਂ ਵੀ ਚੁੱਪ ਦਾ ਤੰਦੂਆ ਜਿਹਾ ਪਾ ਲਿਆ ਸੀ। ਲੋੜ ਵੇਲੇ ਮੈਂ ਕੁੜੀ ਨਾਲ਼ ਖੜੋ ਵੀ ਜਾਂਦੀ। ਉਸ ਦਿਨ ਪਤਾ ਨ੍ਹੀ ਮੈਨੂੰ ਕੀ ਹੋ ਗਿਆ? ਮੈਂ ਜਿਵੇਂ ਸੁੰਨ ਹੋ ਗਈ। ਜਿਸ ਦਿਨ ਦੀ ਕੁੜੀ ਘਰੋਂ ਗਈ ਹੈ, ਉਸ ਦਿਨ ਦਾ ਜੀਤ ਚੁੱਪ ਰਹਿੰਦਾ ਹੈ। ਜੇ ਦੋ ਬੀਅਰ ਪੀ ਕੇ ਬੋਲਣ ਲੱਗਦਾ ਤਾਂ ਬੋਲੀ ਜਾਂਦਾ ਹੈ। ਕਿਸੇ ਨੂੰ ਮੱਤਾਂ ਦੇਣ ਲੱਗਦਾ ਹੈ ਤਾਂ ਇਉਂ ਜਿਵੇਂ ਸਾਰੀ ਦੁਨੀਆਂ ਦੀ ਉਸਨੂੰ ਖ਼ਬਰ ਹੋਵੇ। ਕੋਈ ਟੌਪਿਕ ਛੇੜ ਲਵੋ, ਦੇ ਤੇਰੇ ਦੀ ਬੱਸ ਖਿੱਚੀ ਜਾਊ। ਕਿਸੇ ਨੂੰ ਬੋਲਣ ਨਾ ਦੇਊ। ਇਸ ਮਾੜੀ ਆਦਤ ਤੋਂ ਅਸੀਂ ਪਹਿਲਾਂ ਵੀ ਤੰਗ ਸਾਂ। ਪਰ ਹੁਣ ਤਾਂ ਹੱਦ ਈ ਹੋਗੀ। ਪਹਿਲੇ ਦਿਨਾਂ ਵਿਚ ਜੀਤ ਬਾਕੀ ਦੋਸਤਾਂ ਨਾਲ਼ ਆਡਾ ਲਾ ਕੇ ਬੀਅਰ ਚਾੜ੍ਹਦਾ। ਹਜ਼ਮ ਹੋਵੇ ਜਾਂ ਨਾ। ਤੇ ਬਾਅਦ ਵਿਚ ਵਾਸ਼ਰੂਮ ਵਿੱਚ ਜਾ ਕੇ ਬੈਠਾ ਉਲਟੀਆਂ ਕਰਦਾ ਰਹਿੰਦਾ ਮੈਂ ਵਰਿੵਆਂ ਦੇ ਵਰੵੇ ਉਸਦੇ ਕਾਰਨਾਮੇ ਢੱਕਦੀ ਵੀ ਰਹੀ। ਤੇ ਹੁਣ ਮੈਂ ਵੀ ਅੱਕ-ਥੱਕ ਗਈ ਹਾਂ। ਮੇਰੇ ਕੋਲੋਂ ਵੀ ਜੋ ਬੋਲ ਹੁੰਦਾ, ਮੈਂ ਬੋਲ ਦਿੰਦੀ ਹਾਂ। ਇਹੋ ਬੋਲਣਾ ਜਿਵੇਂ ਉਸਨੂੰ ਪਸੰਦ ਨਹੀਂ ਆਉਂਦਾ। ਉਸਦੀ ਹਉਮੈਂ ਨੂੰ ਠੇਸ ਲੱਗਦੀ ਐ। ਤੇ ਉਹ ਮੇਰੇ ਬੋਲਾਂ ਕਾਰਨ ਉੱਠ-ਉੱਠ ਦਰਵਾਜ਼ੇ ਭੰਨਦਾ ਹੈ। ਭਾਵੇਂ ਉਹ ਕਦੀ ਮੇਰੇ `ਤੇ ਹੱਥ ਨ੍ਹੀ ਚੁੱਕਦਾ। ਪਰ ਠਿੱਪਕ ਠਿੱਪਕ ਕਰਕੇ ਤੁਰਦਾ ਹੈ ਜਿਵੇਂ ਮੈਂ ਉਸਤੋਂ ਡਰ ਜਾਊਂਗੀ। ਤੇ ਇਸ ਵਾਰ ਮੈਂ ਸੱਚ ਹੀ ਡਰ ਗਈ ਸਾਂ। ਜਿਵੇਂ ਕੋਈ ਬਘਿਆੜ ਤੁਹਾਡੇ ਦੁਆਲ਼ੇ ਝਪਕ ਕੇ ਪੈਂਦਾ ਹੋਵੇ। ਉਹ ਗੁੱਸੇ ਹੈ ਕੁੜੀ ਤੇ ਜਾਂ ਸਾਡੇ ਸਾਰਿਆਂ ਤੇ ਜਾਂ ਆਪਣੇ ਆਪ ਤੇ। ਭਾਂਡਿਆਂ ਦੇ ਖੜਾਕ ਨੇ ਮੇਰੇ ਸਿਰ ਵਿੱਚ ਹੁਣ ਤੱਕ ਸਾਂ-ਸਾਂ ਲਾਈ ਹੋਈ ਐ। ਇਸੇ ਤਰ੍ਹਾਂ ਦਾ ਝੱਲ ਇਸਨੇ ਉਸ ਦਿਨ ਵੀ ਖਿਲਾਰਿਆ ਸੀ ਜਦੋਂ ਕੁੜੀ ਨੂੰ ਘਰੋਂ ਜਾਣ ਵਾਸਤੇ ਆਖਿਆ ਸੀ। ਤੇ ਅਜ ਸਵੇਰੇ ਉਹ ਮੈਨੂੰ ਮੂੰਹ ਦਿਖਾਲਣ ਦਾ ਮਾਰਿਆ ਘਰੋਂ ਨਿੱਕਲ ਗਿਆ। ਸ਼ਾਮ ਹੋਣ ਤੇ ਆ ਗਈ ਹੈ। ਉਹ ਘਰ ਵਾਪਿਸ ਨਹੀਂ ਪਰਤਿਆ। ਮੈਂ ਕਈ ਵੇਰ ਬਾਹਰਲੇ ਦਰ ਕੋਲ ਜਾ ਕੇ ਦੇਖ ਆਈ ਹਾਂ। ਕੁੰਜੀ ਤਾਂ ਉਸ ਕੋਲ ਹੋਣੀ ਚਾਹੀਦੀ ਐ। ਮੇਰੇ ਦੇਖਣ ਨਾਲ ਉਸਨੇ ਛੇਤੀਂ ਨਹੀਂ ਆ ਜਾਣੈ? ਮੈਂ ਸੋਚਦੀ ਹਾਂ, ਭਲਾ ਮੈਂ ਅਰਾਮ ਨਾਲ ਕਿਉਂ ਨਹੀਂ ਬੈਠਦੀ? ਮੈਂ ਕਿਉਂ ਫ਼ਿਕਰ ਕਰੀ ਜਾਂਦੀ ਹਾਂ? ਜਾਵੇ ਜਿੱਥੇ ਜਾਣਾ। ਘੁੰਮ ਫਿਰ ਕੇ ਘਰ ਹੀ ਆਉਣੈ। ਫੇਰ ਸੋਚਦੀ ਹਾਂ, ਮੈਨੂੰ ਉਸਦੇ ਨਾਲ਼ ਜਾਣਾ ਚਾਹੀਦਾ ਸੀ। ਕੀ ਪਤਾ ਸੱਚ ਹੀ ਕੋਈ ਸੀਰੀਅਸ ਗੱਲ ਹੋਵੇ? ਕੀ ਪਤਾ ਬੰਦੇ ਦੇ ਦਿਮਾਗ ਦਾ। ਰਾਤ ਦੇ ਕੀਤੇ ਤੇ ਪਛਤਾਉਂਦਾ ਹੋਇਆ ਕੁਝ ਕਰ ਨਾ ਲਵੇ। ਇਹ ਵੀ ਹੋ ਸਕਦੈ ਉਸਨੂੰ ਹਸਪਤਾਲ ਵਾਲਿਆਂ ਰੱਖ ਨਾ ਲਿਆ ਹੋਵੇ? ਵਾਹਿਗੁਰੂ-ਵਾਹਿਗੁਰੂ, ਕੀ ਸੋਚੀ ਜਾਂਦੀ ਹਾਂ ਮੈਂ ਵੀ? ਸੂਰਜ ਡੁੱਬਣ ਵਿਚ ਘੜੀ ਕੁ ਦਾ ਵੇਲਾ ਸੀ। ਸੂਰਜ ਲਾਲੀ ਦੀ ਭਾਅ ਮਾਰਦਾ ਗਹਿਰੇ ਜਿਹੇ ਬਦਲਾਂ ਪਿੱਛੇ ਛਿੱਪਣ ਦੀ ਕੋਸ਼ਿਸ਼ ਕਰ ਰਿਹਾ ਸੀ। ਦੂਰ ਸੜਕ ਉੱਤੇ ਕਾਰਾਂ ਵਾਹੋ-ਦਾਹੀ ਭੱਜਦੀਆਂ, ਬਰੇਕਾਂ ਦੀਆਂ ਚੀਕਾਂ ਮਾਰਦੀਆਂ ਤੇ ਫੇਰ ਆਪਣੇ ਰਸਤੇ ਤੁਰ ਪੈਂਦੀਆਂ। ਕੰਮਾਂ ਤੋਂ ਵਾਪਸ ਪਰਤ ਰਹੇ ਲੋਕ, ਆਪਣੀਆਂ ਕਾਰਾਂ ਨੂੰ ਆਪਣੇ ਨਿਸ਼ਾਨੇ ਪਹੁੰਚਾਣ ਲਈ ਜਿਵੇਂ ਉਤਾਵਲੇ ਹੋਏ ਮਹਿਸੂਸ ਹੋ ਰਹੇ ਸਨ। ਤੇ ਮੈਂ ਤੁਰੀ ਫਿਰਦੀ ਸਾਂ ਫਿਕਰਾਂ ਵਿੱਚ। ਮੇਰੀ ਸਾਰ ਲੈਣ ਵਾਲਾ ਕੋਈ ਹੈ ਨਹੀਂ ਸੀ। ਮੇਰਾ ਸੂਰਜ ਵੀ ਸ਼ਾਇਦ ਯੂਨੀਵਰਸਿਟੀ ਗਿਆ ਹੋਵੇ ਤੇ ਕੁੜੀ? ਉਹ ਪਿਓ ਦੇ ਆਖੇ ਆਪ ਘਰ ਛੱਡ ਕੇ ਚਲੀ ਗਈ ਸੀ। ਫੇਰ ਸੋਚਦੀ ਹਾਂ ਕਿ ਇਹ ਜ਼ਰੂਰੀ ਤਾਂ ਨਹੀਂ ਕਿ ਜੀਤ ਹਸਪਤਾਲ ਵਿੱਚ ਹੀ ਬੈਠਾ ਰਹੂ। ਕਿੱਧਰੇ ਕਿਸੇ ਮਿੱਤਰਾਂ ਦੀ ਢਾਣੀ ਵਿੱਚ ਬੈਠਣ ਚਲਿਆ ਗਿਆ ਹੋਊ। ਪਾਰਕ ਵਿੱਚ ਅਕਸਰ ਉਸਦੇ ਮਿੱਤਰ ਇਕੱਠੇ ਹੁੰਦੇ ਹਨ। ਸੋਚਦੀ ਹਾਂ, ਬੱਚਿਆਂ ਦਾ ਰਾਮ ਰੌਲ਼ਾ ਤਾਂ ਹਰ ਘਰ ਦੀ ਗੱਲ ਹੈ। ਜਿੱਥੇ ਦੋ ਭਾਂਡੇ ਹੋਣਗੇ, ਖੜਕਣਗੇ ਵੀ। ਜਦੋਂ ਬੱਚੇ ਨਿੱਕੇ ਸਨ, ਉਸ ਵੇਲੇ ਘਰ ਵਿੱਚ ਚਹਿਲ ਪਹਿਲ ਸੀ। ਜੀਤ ਵੀ ਬੱਚਿਆਂ ਨੂੰ ਘਨੇੜੀ ਚੁੱਕੀ ਫਿਰਦਾ ਸੀ। ਨਿੱਕੀ ਹੁੰਦੀ ਕਿਰਨ ਤਾਂ ਉਸਦੀਆਂ ਅੱਖਾਂ ਦਾ ਤਾਰਾ ਸੀ ਤੇ ਹੁਣ ਵੱਡੀ ਹੋਈ ਤੇ ਪਤਾ ਨਹੀਂ ਕੀ ਹੋ ਗਿਆ? ਕੁੜੀ ਨੇ ਕੋਈ ਐਸੀ ਗ਼ਲਤੀ ਵੀ ਨਹੀਂ ਕੀਤੀ ਪਰ ਫੇਰ ਵੀ …? ਹੋ ਸਕਦੈ, ਅੱਜ ਦੇ ਹਾਲਾਤ ਨੇ ਮਨੁੱਖ ਨੂੰ ਅੰਦਰੋਂ ਤੋੜ ਦਿੱਤਾ ਹੈ ਤੇ ਜੀਤ ਵੀ …। ਇਹੋ ਸੋਚਦਿਆਂ ਹੋਇਆਂ, ਬਾਹਰਲੇ ਦਰ ਤੱਕ ਮੈਂ ਫਿਰ ਚਲੀ ਗਈ। ਦਰਵਾਜ਼ਾ ਖੋਲ੍ਹ ਕੇ ਆਲ਼ੇ-ਦੁਆਲ਼ੇ ਦੇਖਿਆ। ਬਾਹਰ ਉੱਡ ਰਹੇ ਪੱਤਿਆਂ ਤੋਂ ਬਿਨਾਂ ਕੋਈ ਨਜ਼ਰ ਨਹੀਂ ਸੀ ਆ ਰਿਹਾ। ਇਕ ਅੱਧੀ ਕਾਰ ਮੇਰੇ ਦਰ ਦੇ ਅੱਗਿਓਂ ਘੂੰਅ ਕਰਕੇ ਲੰਘ ਗਈ। ਕੰਮਾਂ ਵਾਲੇ ਘਰ ਪਰਤ ਰਹੇ ਸਨ। ਅੰਬਰ `ਤੇ ਮਾੜੇ ਜਿਹੇ ਬੱਦਲ ਵੀ ਛਾ ਰਹੇ ਸਨ। ਪੱਤਝੜ ਦੀ ਰੁੱਤ ਵੀ ਜਿਵੇਂ ਅੰਤ ਵੱਲ ਵੱਧ ਰਹੀ ਸੀ। ਮੈਨੂੰ ਲੱਗਾ ਜਿਵੇਂ ਸਰਦੀ ਅਗੇਤੀ ਸ਼ੁਰੂ ਹੋ ਰਹੀ ਹੋਵੇ। ਕੈਨੇਡਾ ਵਿੱਚ ਪਤਾ ਹੀ ਨਹੀਂ ਚਲਦਾ ਕਿ ਕਦੋਂ ਸਨੋਅ ਪੈਣ ਲੱਗ ਜਾਵੇ। ਹੁਣੇ ਸੂਰਜ ਚਮਕੂ, ਤੇ ਠੰਢੀ ਹਵਾ ਵਗੂ, ਦੋ ਕੁ ਬੱਦਲ ਆਏ ਤੇ ਰੂੰ ਦੇ ਫੰਬੇ ਡਿੱਗਣ ਲੱਗ ਪੈਣਗੇ। ਧਿਆਨ ਆਪਣੇ ਸੂਰਜ ਵੱਲ ਜਾਂਦਾ ਹੈ। ਸੋਚਦੀ ਹਾਂ ਕਾਸ਼ ਮੇਰਾ ਸੂਰਜ ਵੀ ਕਦੀ ਚਮਕੇ? ਇਸਨੇ ਨਿੱਕੇ ਹੁੰਦੇ ਤੋਂ ਲੈ ਕੇ ਕੋਈ ਨਾ ਕੋਈ ਬਖੇੜਾ ਹੀ ਖੜਾ ਕਰੀ ਰੱਖਿਆ। ਅਸੀਂ ਇਹ ਆਖ ਕੇ ਗੱਲ ਲਾਂਭੇ ਕਰ ਦਿੰਦੇ ਰਹੇ, ‘ਮੁੰਡੇ ਇੱਦਾਂ ਹੀ ਕਰਦੇ ਹੁੰਦੇ ਐ।` ਮੈਂ ਬਾਹਰ ਦੂਰ ਤੱਕ ਦੇਖਦੀ ਹਾਂ। ਸਾਡੀ ਸੜਕ `ਤੇ ਜਿਵੇਂ ਕੋਈ ਚਿੜੀ ਪਰਿੰਦਾ ਵੀ ਨਜ਼ਰ ਨਹੀਂ ਸੀ ਆਉਂਦਾ। ਮੈਂ ਸੈੱਲ ਫੋਨ ਮਿਲਾ ਕੇ ਜੀਤ ਨਾਲ਼ ਗੱਲ ਕਰਨਾ ਚਾਹੁੰਦੀ ਹਾਂ ਪਰ ਉਸਦਾ ਫੋਨ ਬੰਦ ਆ ਰਿਹਾ ਹੈ. ਸੋਚਦੀ ਹਾਂ, ਹੋ ਸਕਦੈ ਹਸਪਤਾਲ ਵਿੱਚ ਹੀ ਦੇਰ ਹੋ ਗਈ ਹੋਵੇ। ਉੱਥੇ ਫੋਨ ਵੀ ਬੰਦ ਰੱਖਣਾ ਪੈਂਦੈ। ਮਨ ਵਿੱਚ ਖਿਆਲ ਆਉਂਦੈ ਕਿ ਜੀਤ ਦੀ ਊਂ ਹੀ ਆਦਤ ਹੈ, ਫੋਨ ਜੇਬ ਵਿੱਚ ਪਾ ਲਊ ਪਰ ਉਸਨੂੰ ਕਦੀ ਔਨ ਨਾ ਕਰੂ। ਮੇਨ ਰੋਡ ਉੱਤੇ ਕਾਰਾਂ ਦੀ ਭੱਜ ਦੌੜ ਸੁਣਾਈ ਦੇ ਰਹੀ ਸੀ। ਪਤਾ ਨ੍ਹੀ ਲੋਕਾਂ ਨੂੰ ਐਨੀ ਭਾਜੜ ਕਿਉਂ ਪਈ ਰਹਿੰਦੀ ਐ? ਮੈਂ ਸੋਚਦੀ ਹਾਂ ਮੈਨੂੰ ਮੇਰੀ ਧੀ ਦੀ ਕਾਰ ਹੀ ਨਜ਼ਰ ਆ ਜਾਵੇ? ਮੇਰੀਆਂ ਆਂਦਰਾਂ ਤੜਪਦੀਆਂ ਹਨ। ਪਰ ਕਿੱਥੇ? ਉਹ ਪਤਾ ਨਹੀਂ ਕਿਹੜੇ ਹਾਲ ਹੋਵੇਗੀ? ਕਿੰਨੇ ਦਿਨ ਹੋ ਗਏ ਉਸਨੂੰ ਗਈ ਨੂੰ। ਇਹ ਸੋਚਦਿਆਂ ਮੈਨੂੰ ਜੀਤ ਤੇ ਗੁੱਸਾ ਆਉਂਦਾ ਹੈ। ਮੇਰੇ ਅੰਦਰ ਕੁੱਝ ਬਲਣ ਲੱਗ ਪੈਂਦਾ ਹੈ। ਮੂੰਹ ਵਿੱਚ ਕੁੜਤੱਣ ਜਿਹੀ ਭਰ ਜਾਂਦੀ ਹੈ। ਜੀਅ ਕੀਤਾ ਮੈਂ ਆਪਣੀ ਕਾਰ ਲੈ ਕੇ ਕੁੜੀ ਨੂੰ ਘਰ ਲੈ ਆਵਾਂ। ਪਰ ਕਿੱਥੇ? ਉਹ ਵੀ ਅੱਗ ਦੀ ਨਾਲ਼ ਹੈ। ਉਹ ਆਪਣੇ ਪਿਓ ਤੋਂ ਸੌਰੀ ਅਖਵਾ ਕੇ ਹਟੂ। ਹੈ ਤਾਂ ਉਹ ਵੀ ਸੱਚੀ। ਕਿੰਨੀ ਕੁ ਦੇਰ ਉਹ ਪਿਓ ਭਰਾ ਦੀਆਂ ਸਹਿੰਦੀ ਰਹੂ? ਤੇ ਮੈਂ? ਮੇਰੀ ਜੈਨਰੇਸ਼ਨ ਨੇ ਤਾਂ ਮਰ ਪਿੱਟ ਕੇ ਜੀਅ ਲਿਆ। ਮੈਂ ਨਹੀਂ ਚਾਹੁੰਦੀ ਮੇਰੀ ਕੁੜੀ ਸੌਰੀ ਕਹੇ। ਸਾਡੀ ਸਟਰੀਟ ਵਿੱਚ ਰਹਿਣ ਵਾਲੀ ਹੇਜ਼ਲ ਮੈਨੂੰ ਦੂਰੋਂ ਬੈਗ ਚੁੱਕੀ ਆਉਂਦੀ ਦਿਸੀ। ਜੀਅ ਕੀਤਾ ਉਸਦੀ ਉਡੀਕ ਕਰਾਂ, ਤੇ ਉਸਨੂੰ ਅਵਾਜ਼ ਮਾਰ ਲਵਾਂ। ਕੋਈ ਗੱਲ ਕਰਨ ਨੂੰ ਹੀ ਮਿਲੂ। ਫੇਰ ਸੋਚਿਆ ਕਾਹਨੂੰ ਬਲਾ ਗਲ਼ ਪਾਉਣੀ ਹੈ। ਜੇ ਇਹ ਗੱਲਾਂ ਕਰਨ ਬੈਠ ਗਈ ਤਾਂ ਇਸਨੇ ਬੰਦ ਹੀ ਨ੍ਹੀ ਹੋਣਾ। ਟੁੱਟੇ ਰੇਡੀਓ ਵਾਂਗ ਖੜ-ਖੜ ਕਰੀ ਜਾਣੈ। ਭਲਾ ਅਜ ਕਿਹਦੇ ਕੋਲ ਵਕਤ ਹੈ ਕਿਸੇ ਦੀ ਬਿਪਤਾ ਸੁਣੇ? ਤੇ ਫੇਰ ਹੇਜ਼ਲ ਦੀਆਂ ਕਹਾਣੀਆਂ ਤਾਂ ਮੁੱਕਦੀਆਂ ਹੀ ਨਹੀਂ। ਵਾਰ-ਵਾਰ ਆਖੂ, “ਭਲਾ ਇੱਕਲੀ ਜਿੰਦ ਦਾ ਵੀ ਕੀ ਜੀਣਾ ਡਾਰਲਿੰਗ।” ਮੈਂ ਅਜ ਘਰ ਇੱਕਲੀ ਹਾਂ ਤੇ ਸ਼ਾਇਦ ਉਸਦੀ ਹਾਲਤ ਮਾੜੀ ਮੋਟੀ ਸਮਝ ਰਹੀ ਹਾਂ। ਮੇਰੇ ਮੂੰਹੋਂ ਨਿਕਲਿਆ, “ਵਿਚਾਰੀ ਹੇਜ਼ਲ।” ਹੇਜ਼ਲ ਨੇ ਆਲ਼ਾ ਦੁਆਲ਼ਾ ਝਾਕਿਆ। ਜਿਵੇਂ ਸੋਚ ਰਹੀ ਹੋਵੇ, ਮੈਂ ਦਿਖਾਈ ਦੇ ਦੇਵਾਂ। ਮੈਂ ਹੀ ਉਸਦੀਆਂ ਝੱਲ-ਵਲੱਲੀਆਂ ਸੁਣ ਲੈਂਦੀ ਸਾਂ। ਮੇਰੀਆਂ ਆਂਢਣਾ-ਗੁਆਂਢਣਾਂ ਅਕਸਰ ਉਸਨੂੰ ਦੇਖ ਕੇ ਕੰਨੀ ਕਤਰਾਉਂਦੀਆਂ। ਉਸਨੂੰ ਦੇਖਦਿਆਂ ਸਾਰ ਦਰ ਬੰਦ ਕਰ ਲੈਂਦੀਆਂ। ਪਰ ਮੈਂ ਉਸਤੋਂ ਕਈ ਕੁੱਝ ਸਿੱਖ ਵੀ ਲੈਂਦੀ ਸਾਂ। ਇਕੱਲੇ ਰਹਿਣਾ ਕਿਹੜਾ ਸੌਖਾ ਪਿਆ? ਉਹ ਮੈਨੂੰ ਆਪਣੇ ਪਤੀ ਨਾਲ਼ ਜ਼ਿੰਦਗੀ ਦੇ ਕਿੱਸੇ ਦੱਸਦੀ। ਕਹਿੰਦੀ, “ਅੜੀਏ! ਔਰਤ ਨੂੰ ਆਪਣੇ ਆਪ ਥਾਂ ਨਹੀਂ ਮਿਲਦੀ। ਉਹ ਥਾਂ ਉਸਨੂੰ ਬਣਾਉਣੀ ਪੈਂਦੀ ਹੈ। ਮੇਰਾ ਐਡਮ ਬੜਾ ਪਿਆਰਾ ਸੀ। ਉਹ ਮੈਨੂੰ ਬਰਾਬਰ ਇੱਜ਼ਤ ਦਿੰਦਾ ਸੀ ਤੇ ਆਪਣੀ ਕਰਾਉਂਦਾ ਸੀ। ਜੇ ਭਲਾ ਉਹ ਮੇਰੀ ਇੱਜ਼ਤ ਨਾ ਕਰਦਾ ਤਾਂ ਘਰ ਵਿੱਚ ਆਪੇ ਜੂਤ ਪਤਾਣ ਹੋਣਾ ਸੀ। ਹੀ ਵਾਜ਼ ਸੱਚ ਏ ਡਾਰਲਿੰਗ। ਬਹੁਤ ਪਿਆਰਾ ਸੀ ਉਹ।” ਮੈਂ ਕਈ ਵੇਰ ਐਡਮ ਅਤੇ ਜੀਤ ਦੋਹਾਂ ਬਾਰੇ ਸੋਚਦੀ। ਜੀਤ ਝੱਟ ਆਖ ਦੇਊ, “ਤੈਨੂੰ ਬੜਾ ਪਤਾ। ਬੈਠੀ ਰਹੁ ਰਾਮ ਨਾਲ਼।” ਭਲਾ ਕਿੱਥੇ ਗਿਆ ਮੋਹ ਤੇ ਕਿੱਥੇ ਗਈ ਇੱਜ਼ਤ? ਮੈਂ ਸੋਚਦੀ, ਮੈਂ ਤਾਂ ਪੂਰੀ ਉਮਰ ਤਰਸ ਗਈ ਕਿ ਜੀਤ ਪਿਆਰ ਨਾਲ਼ ਬੋਲੇ। ਬੱਸ ਖਰਵਾਂ ਜਿਹਾ ਬੋਲ। ਮੈਂ ਦਰਵਾਜ਼ੇ ਵਿੱਚ ਲੱਗੇ ਸ਼ੀਸ਼ੇ ਵਿੱਚੀਂ ਹੇਜ਼ਲ ਨੂੰ ਝਾਤੀ ਮਾਰ ਕੇ ਪਿੱਛੇ ਹੱਟ ਗਈ। ਵੈਸੇ ਵੀ ਕਨੇਡੀਅਨ ਲੋਕੀਂ ਆਪਣੇ ਅੰਦਰੀਂ ਹੀ ਜਿਉਂਦੇ ਹਨ। ਕੋਈ ਕਿਸੇ ਦੀ ਜ਼ਿੰਦਗੀ ਵਿੱਚ ਦਖ਼ਲ ਨਹੀਂ ਦਿੰਦਾ। ਇਨ੍ਹਾਂ ਦੇਸ਼ਾਂ ਵਿੱਚ ਲੋਕੀਂ ਫੁਸ-ਫੁਸ ਕਰਕੇ ਗੱਲ ਕਰਨਗੇ। ਕੋਈ ਮਰਦਾ ਹੈ ਤਾਂ ਵੀ ਫੁਸ-ਫੁਸ ਕਰਕੇ ਰੋਂਣਗੇ। ਮੇਰੀ ਦਰਾਣੀ ਕਹੂ, “ਭਲਾ ਇਹ ਵੀ ਕੀ ਹੱਸਣਾ ਰੋਣਾ ਹੋਇਆ? ਬੰਦਾ ਖੁੱਲ੍ਹ ਕੇ ਹੱਸੇ ਤੇ ਖੁੱਲ ਕੇ ਰੋਵੇ। ਸਾਡੀਆਂ ਬੁੜੀਆਂ ਕੈਨੇਡਾ ਵਿੱਚ ਵੀ ਕਿਸੇ ਮਰਗ ਤੇ ਸੰਘ ਪਾੜ-ਪਾੜ ਰੋਂਦੀਆਂ ਹਨ। ਉਨ੍ਹਾਂ ਨੂੰ ਦੂਜੇ ਦਾ ਦੁੱਖ ਹੋਵੇ ਜਾਂ ਨਾ, ਬੱਸ ਆ ਜਾਣਗੀਆਂ ਡੁਸਕਣ। ਅੱਖਾਂ ਵਿੱਚੋਂ ਪਾਣੀ ਜਾਵੇ ਜਾਂ ਨਾ ਜਾਵੇ। ਭਲਾ ਭੈਣ ਜੀ ਇਹ ਵੀ ਕੀ ਗੱਲ ਹੋਈ?” ਮੈਨੂੰ ਸ਼ੌਪ ਵਾਲੀ ਹਰਜੀਤ ਕੋਰ ਚੇਤੇ ਆ ਗਈ। ਜਦੋਂ ਉਸਦਾ ਆਦਮੀ ਪੂਰਾ ਹੋਇਆ ਤਾਂ ਕਿੰਨਾ ਰੌਲ਼ਾ ਪਿਆ। ਹਰਜੀਤ ਕੋਰ ਦੇ ਬੱਚਿਆਂ ਨੂੰ ਦੁਕਾਨ ਦਾ ਵੀ ਫ਼ਿਕਰ। ਘਰ ਹਰ ਆਏ ਗਏ ਨੂੰ ਸਾਂਭਣ ਦੀ ਵੀ ਚਿੰਤਾ। ਤੇ ਆਉਣ ਜਾਣ ਵਾਲਿਆਂ ਨੂੰ ਆਪਣੇ ਰੋਣ-ਧੋਣ ਦਾ ਫ਼ਿਕਰ। ਹਰਜੀਤ ਕੋਰ ਆਖੇ, “ਭੈਣ ਜੀ! ਇਹ ਲੋਕ ਕਿਉਂ ਨ੍ਹੀ ਸਮਝਦੇ? ਹਰ ਇੱਕ ਨੇ ਆਪਣੇ ਘਰ ਦੀ ਹਾਲਤ ਨੂੰ ਆਪਣੇ ਤਰੀਕੇ ਨਾਲ਼ ਨਜਿੱਠਣਾ ਹੁੰਦੈ। ਬੰਦਾ ਕੰਮ ਸਾਂਭੇ ਜਾਂ ਆਏ ਗਏ ਨੁੂੰ। ਬੰਦੇ ਨੇ ਆਪਣੇ ਇਮੋਸ਼ਨਜ਼ ਨੂੰ ਵੀ ਕੰਟਰੋਲ ਕਰਨਾ ਹੁੰਦੈ। ਜੀਣ-ਥੀਣ ਦਾ ਰਾਹ ਵੀ ਭਾਲਣਾ ਹੁੰਦੈ।” ਸ਼ੌਪ ਵਾਲ਼ੀ ਹਰਜੀਤ ਕੌਰ ਨੇ ਕਿਸੇ ਫਾਰਮ ਵਿੱਚ ਘਰ ਲਿਆ ਸੀ। ਤੇ ਉਸਨੇ ਮੈਨੂੰ ਘਰ ਦੀਆਂ ਫੋਟੋੋ ਦਿਖਾਈਆਂ ਸਨ। ਦੁਕਾਨ ਵਾਹਵਾ ਸੋਹਣੀ ਚੱਲਦੀ ਸੀ। ਟੈਕਸ ਤੋਂ ਬਚਣ ਵਾਸਤੇ ਉਨ੍ਹਾਂ ਨੇ ਪੈਸਾ ਹੋਰ ਕਿੱਧਰੇ ਲਾਉਣਾ ਸੀ। ਵੀਹ ਕੁ ਏਕੜ ਜ਼ਮੀਨ ਹੈ ਉਸ ਘਰ ਨਾਲ਼। ਸੱਤ-ਅੱਠ ਹਜ਼ਾਰ ਸੁਕੇਅਰ ਫੁੱਟ ਦਾ ਘਰ। ਜਿਸ ਦਿਨ ਉਸਨੇ ਮੈਨੂੰ ਦੱਸਿਆ, ਮੈਂ ਉਸਨੂੰ ਕਿਹਾ ਸੀ, “ਕਮਲੀਏ! ਐਡਾ ਵੱਡਾ ਘਰ ਕੀ ਕਰਨੈ? ਬੱਚੇ ਪਲ਼ ਗਏ, ਪੜ੍ਹ ਗਏ। ਕੰਮਾਂ ਉੱਤੇ ਲੱਗ ਗਏ। ਵਿਆਹ ਹੋਣਗੇ ਤਾਂ ਆਪਣੇ ਘਰੀਂ ਚਲੇ ਜਾਣਗੇ। ਕੀ ਕਰੇਂਗੀ ਐਡੇ ਘਰ ਨੂੰ? ਸਾਫ਼-ਸਫ਼ਾਈਆਂ ਹੀ ਮੱਤ ਮਾਰ ਲੈਣਗੀਆਂ।” ਹਰਜੀਤ ਕੋਰ ਬੋਲੀ, “ਭੈਣ ਜੀ! ਮੈਨੂੰ ਉਮਰ ਭਰ ਚਾਅ ਰਿਹੈ ਵੱਡੇ ਘਰ ਦਾ। ਡਾਲਸ ਦਾ ਸ਼ੋਅ ਦੇਖਦੀ ਤਾਂ ਉਨ੍ਹਾਂ ਦਾ ਚਿੱਟਾ ਦੁੱਧ ਘਰ ਤੇ ਰੈਂਚ ਦੇਖ ਕੇ ਮੇਰੇ ਅੰਦਰ ਹੌਲ ਜਿਹਾ ਪੈਂਦਾ। ਮੈਂ ਸਾਰੀ ਉਮਰ ਨਾ ਦਿਨ ਦੇਖਿਆ ਨਾ ਰਾਤ। ਘਰ ਬਣਾਉਣ ਵਾਸਤੇ ਜੂੜ ਮਾਰਦੀ ਰਹੀ। ਮੈਂ ਵੀ ਵੱਡਾ ਘਰ ਆਪਣੀ ਮਰਜ਼ੀ ਨਾਲ਼ ਖਰੀਦਿਆ। ਹੁਣ ਚਾਅ ਤਾਂ ਪੂਰਾ ਕਰ ਲਵਾਂ। ਮੈਂ ਆਪਣੀ ਪਸੰਦ ਦਾ ਫਰਨੀਚਰ ਪਾਇਆ। ਖੂਬ ਸਜਾਇਆ ਘਰ ਨੂੰ। ਆਇਓ ਤੁਸੀਂ ਕਿਸੇ ਦਿਨ।” ਮੈਂ ਦੇਖਣ ਗਈ। ਕੀ ਸਵਰਗ ਵਰਗਾ ਮਹਿਲ ਸੀ ਉਸਦਾ। ਮੈਂ ਸੋਚਦੀ ਕਿ ਹਰ ਔਰਤ ਅੰਦਰ ਇਕ ਖਲਾਅ ਹੈ ਜਿਹੜਾ ਉਹ ਚੀਜਾਂ ਵਸਤਾਂ ਨਾਲ਼ ਸ਼ਾਇਦ ਭਰਨਾ ਚਾਹੁੰਦੀ ਹੋਵੇ। ਹੋ ਸਕਦੈ ਹਰਜੀਤ ਕੋਰ ਨੇ ਵੀ ਕੋਈ ਅੰਦਰਲਾ ਟੋਆ ਪੂਰਨਾ ਚਾਹਿਆ ਹੋਵੇ। ਪਰ ਉਹ ਘਰ ਹਰਜੀਤ ਨੂੰ ਮਾਨਣਾ ਨਾ ਮਿਲਿਆ। ਛੇ ਮਹੀਨੇ ਉਹ ਉਸ ਘਰ ਵਿਚ ਨਾ ਰਹਿ ਸਕੀ। ਆਦਮੀ ਨੂੰ ਹਾਰਟ ਅਟੈਕ ਹੋ ਗਿਆ। ਦੁਕਾਨ ਚਲਾਉਣ ਨੂੰ ਬੰਦੇ ਨਾ ਰਹੇ। ਮੁੰਡੇ ਪੜ੍ਹ ਕੇ ਆਪਣੇ ਕੰਮਾਂ `ਤੇ ਚਲੇ ਗਏ ਸਨ। ਦੁਕਾਨ ਤਾਂ ਮਾਂ-ਪਿਓ ਦੀ ਸੀ। ਉਨ੍ਹਾਂ ਨੇ ਆਪਣੇ ਰਾਹ ਪਹਿਲਾਂ ਤਰਾਸ਼ੇ ਹੋਏ ਸਨ। ਤੇ ਆਪ ਉਸਨੂੰ ਬਰੈਸਟ ਕੈਂਸਰ ਨੇ ਖਾ ਲਿਆ। ਉਹ ਕੀਮੋ ਥਰਪੀ ਕਰਾਉਂਦੀ ਹੱਡੀਆਂ ਦੀ ਮੁੱਠ ਰਹਿ ਗਈ। ਨਾ ਸਿਹਤ ਰਹੀ ਅਤੇ ਨਾ ਰੂਹ ਵਿੱਚ ਉਹ ਖਿੱਚ ਘਰ ਮਾਨਣ ਦੀ। ਐਡੇ ਘਰ ਵਿੱਚ ਇੱਕਲੀ। ਘਰ ਦੇ ਖਰਚੇ ਕਿੱਦਾਂ ਚਕੂ? ਉਸਦੀ ਸਾਫ਼ ਸਫ਼ਾਈ ਕਿੱਦਾਂ ਕਰੂ? ਹੁਣ ਘਰ ਦੇ ਮੋਹਰੇ ਸੇਲ ਦਾ ਫੱਟਾ ਲੱਗਿਆ ਹੋਇਐੈ। ਅਸੀਂ ਸਾਰੇ ਇਹੋ ਕੁੱਝ ਕਰਦੇ ਹਾਂ, ਮੈਂ ਸੋਚਦੀ। ਅਜ ਵਿੱਚ ਤਾਂ ਜਿਉਂਦੇ ਹੀ ਨਹੀਂ। ਆਉਣ ਵਾਲੇ ਟਾਇਮ ਨੂੰ ਸੰਵਾਰਨ ਵਿੱਚ ਲੱਗੇ ਰਹਿੰਦੇ ਹਾਂ। ਇਸ ਗੱਲੋਂ ਗੋਰੇ ਚੰਗੇ ਹਨ। ਉਹ ਜ਼ਿੰਦਗੀ ਅਜ ਵਿੱਚ ਮਾਣ ਕੇ ਜਿਉਂਦੇ ਹਨ। ਤੇ ਸਾਡੇ ਕੰਮਾਂ ਕਾਰਾਂ ਵਿੱਚ ਬੱਚੇ ਰੁਲ਼-ਖੁਲ਼ ਕੇ ਪਲ਼ ਜਾਂਦੇ ਹਨ। ਭਲਾ ਕਿਉਂ? ਅਸੀਂ ਪਹਿਲਾਂ ਇਨ੍ਹਾਂ ਦੇਸ਼ਾਂ ਵਿੱਚ ਸੈਟਲ ਹੋਣ ਨੂੰ ਕੰਮ ਕਰਦੇ ਰਹੇ ਤੇ ਫੇਰ ਬੱਚਿਆਂ ਦੇ ਭਵਿੱਖ ਖਾਤਰ ਕੰਮ ਕਰਦੇ ਰਹੇ। ਆਪਣੇ ਆਪ ਲਈ ਤਾਂ ਜੀਵੇ ਹੀ ਨਹੀਂ। ਤੇ ਬੱਚਿਆਂ ਨੇ ਜੋ ਸਿਸਟਮ ਤੋਂ ਸਿਖਿਆ, ਉਹੀ ਗ੍ਰਹਿਣ ਕਰਨਗੇ। ਮੇਰੀ ਕੁੜੀ ਵੀ ਉਸ ਨਵੀਂ ਸੋਚ ਦੀ ਹੀ ਪੈਦਾਇਸ਼ ਹੈ। ਮੈਂ ਕਿਵੇਂ ਉਸਨੂੰ ਬਦਲ ਲਵਾਂ। ਇੱਥੋਂ ਦੇ ਬੱਚੇ ਇਮਾਨਦਾਰ ਹਨ। ਜੋ ਕਹਿੰਦੇ ਕਰਦੇ ਹਨ, ਉਨ੍ਹਾਂ ਵਿੱਚ ਭਿੰਨ-ਭੇਦ ਨਹੀਂ ਰੱਖਦੇ। ਤੇ ਹੇਜ਼ਲ ਵੀ ਉਸੇ ਸਿਸਟਮ ਵਿੱਚ ਵਲ਼ੀ ਹੋਈ ਹੈ। ਇਕੱਲੀ ਰਹਿੰਦੀ ਹੈ। ਕਈ ਵਰੵੇ ਪਹਿਲਾਂ ਇਸਦਾ ਆਦਮੀ ਕੈਂਸਰ ਦੀ ਬਿਮਾਰੀ ਨੇ ਖਾ ਲਿਆ। ਪਤਾ ਉਦੋਂ ਲੱਗਾ ਜਦੋਂ ਕੈਂਸਰ ਅਖੀਰਲੀ ਸਟੇਜ `ਤੇ ਸੀ। ਜਿਸ ਦਿਨ ਹੇਜ਼ਲ ਐਡਮ ਨੂੰ ਹਸਪਤਾਲ ਲੈ ਕੇ ਗਈ, ਹਸਪਤਾਲ ਵਾਲਿਆਂ ਨੇ ਉਦੋਂ ਹੀ ਜਵਾਬ ਦੇ ਦਿੱਤਾ। ਕਹਿਣ ਲੱਗੇ, “ਤੁਸੀਂ ਜਿਸਨੂੰ ਸੱਦਣਾਂ ਚਾਹੁੰਦੇ ਹੋ ਸੱਦ ਲਵੋ। ਕਿਹੜੀ ਘੜੀ ਇਹ ਤੁਰ ਜਾਵੇ ਪਤਾ ਨ੍ਹੀ।” ਹੇਜ਼ਲ ਨੇ ਉਸੇ ਵੇਲੇ ਬਰਾਇਨ ਨੂੰ ਟੈਲੀਫੋਨ ਕਰ ਦਿੱਤਾ। ਬਰਾਇਨ ਅਤੇ ਪੈਮਿਲਾ ਦੋਨੋਂ ਸ਼ਾਮ ਨੂੰ ਹਸਪਤਾਲ ਪਹੁੰਚ ਗਏ। ਬਰਾਇਨ ਇਕੱਲਾ ਪੁੱਤ, ਉਸਤੋਂ ਜੋ ਬਣਿਆ ਸਰਿਆ ਮਾਂ ਦੀ ਮੱਦਦ ਕੀਤੀ। ਜਿਸ ਦਿਨ ਐਡਮ ਤੁਰਿਆ, ਉਸ ਦਿਨ ਅਸੀਂ ਗਲ਼ੀ-ਗੁਆਂਢ ਨੇ ਖਾਣਾ ਬਣਾ ਕੇ ਹੇਜ਼ਲ ਨੂੰ ਪਹੁੰਚਾਇਆ। ਐਡਮ ਦੇ ਫਿਊਨਰਲ ਤੋਂ ਬਾਅਦ ਹੇਜ਼ਲ ਅਤੇ ਬਰਾਇਨ ਨੇ ਪਾਰਟੀ ਕੀਤੀ। ਕਹਿੰਦੇ, ‘ਅਸੀਂ ਐਡਮ ਦੀ ਜ਼ਿੰਦਗੀ ਨੂੰ ਸੈਲੀਬਰੇਟ ਕਰਨਾ ਹੈ। ਉਹ ਵਧੀਆ ਜ਼ਿੰਦਗੀ ਕੱਟ ਕੇ ਗਿਐ।` ਬਰਾਇਨ ਐਡਮ ਦੇ ਫਿਊਨਰਲ ਤੋਂ ਦੋ ਤਿੰਨ ਦਿਨ ਬਾਅਦ ਤੱਕ ਹੇਜ਼ਲ ਕੋਲ ਰਿਹਾ। ਆਖ਼ਰ ਉਸਨੇ ਵੀ ਆਪਣੇ ਕੰਮ ਉੱਤੇ ਮੁੜਨਾ ਸੀ। ਪੈਮਿਲਾ ਤਾਂ ਫਿਊਨਰਲ ਤੋਂ ਦੂਜੇ ਦਿਨ ਬਾਅਦ ਹੀ ਚਲੀ ਗਈ ਸੀ ਤੇ ਹੇਜ਼ਲ ਨੂੰ ਆਖ ਗਈ ਸੀ, “ਹੇਜ਼ਲ! ਜਦੋਂ ਲੋੜ ਹੋਵੇ ਸਾਨੂੰ ਸੱਦ ਲਵੀਂ। ਜਦੋਂ ਤੇਰਾ ਜੀਅ ਕਰੇ ਤਾਂ ਸਾਡੇ ਕੋਲ ਆ ਜਾਵੀਂ।” ਕੀ ਕਰਦੀ ਪੈਮਿਲਾ ਵੀ? ਸਿਸਟਮ ਅਨੁਸਾਰ ਐਡਮ ਉਸਦਾ ਸਹੁਰਾ ਸੀ। ਸਹੁਰੇ ਦੇ ਮਰਨ `ਤੇ ਛੁੱਟੀਆਂ ਨਹੀਂ ਮਿਲਦੀਆਂ। ਜੇ ਉਸਦਾ ਬਾਪ ਹੁੰਦਾ ਤਾਂ ਤਿੰਨ ਦਿਨਾਂ ਦੀਆਂ ਛੁੱਟੀਆਂ ਮਿਲ ਜਾਣੀਆਂ ਸਨ। ਪੈਮਿਲਾ ਨੇ ਦੋ ਸਿੱਕ ਲੀਵ ਜ਼ਰੂਰ ਮਾਰ ਲਈਆਂ ਸਨ। ਬਿਮਾਰੀ ਤੋਂ ਵਧੀਆ ਬਹਾਨਾ ਹੋਰ ਕਿਹੜਾ ਹੋ ਸਕਦੈ? ਭਲਾ ਕਿੱਦਾਂ ਕਿਸੇ ਨੂੰ ਪਤਾ ਲਗੂ ਕਿ ਤੁਸੀਂ ਬਿਮਾਰ ਨਹੀਂ? ਤੇ ਹੁਣ ਉਸਨੂੰ ਕੰਮ ਉੱਤੇ ਪਰਤਣਾ ਪੈਣਾ ਸੀ ਨਹੀਂ ਤਾਂ ਤਨਖਾਹ ਕੱਟੀ ਜਾਣੀ ਸੀ। ਉਸ ਵੇਲੇ ਹੇਜ਼ਲ ਦੀ ਸਿਹਤ ਚੰਗੀ ਸੀ। ਇਕਲਾਪਾ ਉਸਨੇ ਕਦੀ ਭੋਗਿਆ ਨਹੀਂ ਸੀ। ਐਡਮ ਦੇ ਜਾਣ ਤੋਂ ਬਾਅਦ ਹੇਜ਼ਲ ਵਿੱਚ ਜਿਵੇਂ ਅੰਤਰ ਆ ਗਿਆ। ਉਹ ਚਿੜ-ਚਿੜੀ ਜਿਹੀ ਹੋ ਗਈ। ਹਰ ਇੱਕ ਤੇ ਗੁੱਸਾ ਕੱਢਦੀ। ਹਰ ਇੱਕ ਨੂੰ ਮਿਹਣੇ ਜਿਹੇ ਮਾਰਦੀ ਤੇ ਇਸੇ ਵਾਸਤੇ ਹਰ ਕੋਈ ਉਸਤੋਂ ਦੂਰ ਭੱਜਦਾ। ਹੈ ਵੀ ਠੀਕ, ਹਰ ਕੋਈ ਆਪਣੀ ਜ਼ਿੰਦਗੀ ਵਿਚ ਮਸਰੂਫ਼ ਹੈ। ਦੁਨੀਆਂ ਆਪਣੀ ਰਫ਼ਤਾਰ ਨਾਲ਼ ਦੌੜੀ ਜਾ ਰਹੀ ਹੈ। ਜੀਤ ਵੀ ਸ਼ਾਇਦ ਇਸੇ ਖਿੱਚੋਤਾਣ ਵਿੱਚ ਵਲਿ਼ਆ ਹੋਇਐ। ਦੌੜ ਦੌੜ ਕੰਮ ਕਰਦਾ ਰਿਹਾ। ਨਾ ਦਿਨੇ ਚੈਨ ਨਾ ਰਾਤ ਦੀ ਨੀਂਦ ਪੂਰੀ। ਤੇ ਹੁਣ …? ਜਦੋਂ ਦੀ ਲੇਅ ਔਫ ਹੋਈ ਹੈ, ਇਸ ਤਰ੍ਹਾਂ ਲੱਗਦਾ ਜਿਵੇਂ ਉਹ ਖਾਲੀ ਰਹਿ ਗਿਆ ਹੋਵੇ, ਪੋਲਮ ਪੋਲ। ਦੌੜ ਦੌੜ ਕੰਮ ਕਰਦਿਆਂ ਬੱਚਿਆਂ ਨੂੰ ਵਕਤ ਦਿੱਤਾ ਨਹੀਂ। ਇਹ ਵੀ ਸਮਝਿਆ ਨਹੀਂ ਕਿ ਬੱਚਿਆਂ ਦੀਆਂ ਸਮੱਸਿਆਵਾਂ ਨੂੰ ਕਿਵੇਂ ਸਮਝਣਾ ਸੁਲਝਾਉਣਾ ਹੈ। ਮਾੜੀ ਜਿਹੀ ਸਮੱਸਿਆ ਪੈਦਾ ਹੋਈ, ਕੁੜੀ ਨੂੰ ਘਰੋਂ ਕੱਢ ਦਿੱਤਾ। ਤੇ ਹੁਣ ਗੁਨਾਹ ਦੇ ਭਾਰ ਹੇਠ ਉਸਨੂੰ ਜਿਵੇਂ ਸਾਹ ਨਹੀਂ ਆਉਂਦਾ। ਤੁਰਿਆ ਫਿਰਦਾ ਕਮਲਿਆਂ ਵਾਂਗ। ਇਹ ਸੋਚਦਿਆਂ ਹੋਇਆ ਮੈਂ ਅੰਦਰ ਆ ਕੇ ਕਿਸੇ ਕੰਮ ਧੰਦੇ ਨੂੰ ਹੱਥ ਪਾਉਣਾ ਚਾਹੁੰਦੀ ਹਾਂ। ਮਨ ਟਿਕ ਨਹੀਂ ਰਿਹਾ। ਸੋਚਦੀ ਹਾਂ ਮਨ ਕਿਉਂ ਇਸ ਤਰ੍ਹਾਂ ਨਿਰਬਲ ਹੋ ਜਾਂਦੈਂ? ਨਿਰਾ ਡਿਪੈਂਡੰਟ। ਮੈਂ ਕਦੀ ਅੰਦਰ ਅਤੇ ਕਦੀ ਬਾਹਰ ਵੱਲ ਤੱਕਦੀ ਹਾਂ। ਦੂਰ ਤੱਕ ਕੋਈ ਦਿਖਾਈ ਨਹੀਂ ਸੀ ਦੇ ਰਿਹੈ। ਮੈਂ ਆਪਣੇ ਮਨ ਨੂੰ ਆਖਦੀ ਹਾਂ, ‘ਭਲਿਆਮਾਣਸਾ! ਹੁਣ ਆਪਾਂ ਹੀ ਹਾਂ ਇਸ ਦੁਨੀਆਂ ਵਿਚ।` ਇਹ ਆਖਦਿਆਂ ਜਿਵੇਂ ਮੇਰਾ ਹਾਸਾ ਨਿੱਕਲ ਗਿਆ। ਪਰ ਸੁਣਨ ਵਾਲਾ ਮੇਰੇ ਦੁਆਲ਼ੇ ਕੋਈ ਨਹੀਂ। ਮੈਨੂੰ ਲੱਗਿਆ ਜਿਵੇਂ ਮੈਂ ਵੀ ਹੇਜ਼ਲ ਵਿੱਚ ਤਬਦੀਲ ਹੋ ਰਹੀ ਹੋਵਾਂ. ਆਪਣੇ ਆਪ ਨਾਲ਼ ਗੱਲਾਂ ਕਰੀ ਜਾ ਰਹੀ ਹੋਵਾਂ। ਹੇਜ਼ਲ ਫੇਰ ਮਨ ਦੇ ਕੋਨੇ ਵਿਚ ਉੱਭਰ ਆਉਂਦੀ ਹੈ। ਉਹ ਕਈ ਵੇਰ ਟੈਲੀਫੋਨ ਕਰਕੇ ਆਖੇਗੀ, “ਅੜੀਏ! ਮੈਂ ਬੋਰ ਹੋਈ ਪਈ ਹਾਂ। ਕੀ ਕਰਾਂ? ਇਕੱਲੀ ਔਰਤ ਦੀ ਕੀ ਜੂਨ ਐ? ਮੇਰਾ ਬਰਾਇਨ ਆਖਦੈ, ਮੌਮ! ਤੂੰ ਬਾਹਰ ਨਿੱਕਲ. ਕਿਸੇ ਨੂੰ ਮਿਲ-ਗਿਲ। ਡਾਰਲਿੰਗ! ਤੂੰ ਹੀ ਦੱਸ ਕਿਸਨੂੰ ਮਿਲਾਂ ਤੇ ਕਿੱਥੇ?” “ਭੈੜੀਏ! ਕੋਈ ਫਰੈਂਡ ਬਣਾ ਲੈ। ਯੋਗਾ ਦੀਆ ਕਲਾਸਾਂ ਅਟੈਂਡ ਕਰ ਲੈ। ਲਾਇਬਰੇਰੀ ਜਾਹ. ਤੇਰਾ ਜੀਅ ਆਪੇ ਲੱਗ ਜਾਣੈ। ਕਿਸੇ ਨੂੰ ਮਿਲੇਂਗੀ। ਕੋਈ ਨਵਾਂ ਦੋਸਤ ਬਣੂੰ। ਤੇ ਫੇਰ ਅਜ ਕਲ ਇਲੈਕਟਰੌਨਿਕ ਮੀਡੀਏ ਦਾ ਸਮਾਂ ਹੈ। ਕੰਪਿਊਟਰ `ਤੇ ਹੀ ਕੁਝ ਲਿਖ-ਪੜ੍ਹ।” ਮੈਂ ਉਸਨੂੰ ਸਮਝਾਉਂਦੀ ਹੋਈ ਆਖਦੀ। “ਨੋ, ਇੱਟ ਡੱਜ ਨੌਟ ਅਪੀਲ ਮੀ। ਮੈਂ ਕੰਪਿਊਟਰ ਦੇ ਨੇੜੇ ਵੀ ਨਹੀਂ ਜਾ ਸਕਦੀ। ਕਲਾਸਾਂ ਲਵਾਂ ਤਾਂ ਇਸ ਠੀਪਰ ਨੂੰ ਚਲਾਵਾਂ। ਕੀ ਕਰਾਂ? ਸੋਚਦੀ ਹਾਂ, ਕੋਈ ਹੋਵੇ ਜਿਸ ਨਾਲ਼ ਮੈਂ ਗੱਲਾਂ-ਬਾਤਾਂ ਕਰਾਂ। ਦਿਲ ਦੀਆਂ ਘੁੰਡੀਆਂ ਖੋਲਾਂ। ਗੱਪਾਂ ਮਾਰਾਂ। ਕੌਫੀ ਪੀਵਾਂ।” ਆਖਦਿਆਂ ਉਹ ਜਿਵੇਂ ਚੁੱਪ ਹੋ ਕੇ, ਹੋਰ ਵੀ ਬਹੁਤ ਕੁਝ ਆਖ ਜਾਂਦੀ। ਉਹ ਜਿਵੇਂ ਮੇਰੇ ਮਨ ਦੀ ਗੱਲ ਬੁੱਝ ਲੈਂਦੀ। “ਹੇਜ਼ਲ ਡਾਰਲਿੰਗ! ਕੋਈ ਪਰਮਾਨੈਂਟ ਸਲੂਸ਼ਨ ਲੱਭ। ਮੇਰਾ ਮਤਲਬ ਐ ਕੋਈ ਸਾਥੀ।” ਮੈਂ ਜਿਵੇਂ ਪੱਲਾ ਛਡਾਉਣਾ ਚਾਹੁੰਦੀ। ਮੈਂ ਸੋਚਦੀ ਕਿ ਜੇ ਇਸ ਕੋਲ ਕੋਈ ਸਾਥੀ ਹੋਵੇਗਾ ਤਾਂ ਸਾਰੀ ਸਟਰੀਟ ਦੇ ਬੰਦੇ ਸੁਖੀ ਹੋ ਜਾਣਗੇ। ਵਰਨਾ ਹਰ ਇੱਕ ਨੂੰ ਹੇਜ਼ਲ ਦੀ ਚਿੰਤਾ ਰਹਿੰਦੀ। ਵਿਚਾਰੀ ਹੇਜ਼ਲ ਇਕੱਲੀ ਐ। ੳੇੁਸ ਲਈ ਆਹ ਕਰੋ- ਔਹ ਕਰੋ। ਘੱਟੋ-ਘੱਟ ਇਹ ਆਪਣੇ ਸਾਥੀ ਦਾ ਸਿਰ ਤਾਂ ਖਾਊ। “ਇਸ ਉਮਰ ਤੇ? ਤੂੰ ਕਮਲੀ ਤੇ ਨਹੀਂ ਹੋ ਗਈ। ਉਹ ਮੈਨੂੰ ਸਾਂਭੂ ਜਾਂ ਮੈਂ ਉਸਨੂੰ? ਤੇਰੇ ਕਹਿਣ ਦਾ ਭਾਵ ਮੈਂ ਉਸਦੀਆਂ ਬੁੱਤੀਆਂ ਕਰਿਆ ਕਰੁੂੰ। ਉਸਦੀ ਖਊਂ-ਖਊਂ ਸੁਣਿਆ ਕਰੂੰ। ਕਦੀ ਉਸਦੀ ਚਾਹ ਦਾ ਵਕਤ ਤੇ ਕਦੀ ਕੌਫੀ ਦਾ ਵਕਤ। ਮੈਂ ਤਾਂ ਤੁਰੀ ਰਹੂ ਸਾਰਾ ਦਿਨ ਉਸ ਲਈ ਕੁਝ ਨਾ ਕੁਝ ਕਰਦੀ। ਇਹ ਉਮਰ ਹੈ ਮੇਰੀ ਬੁੱਤੀਆਂ ਕਰਨ ਦੀ?” ਆਖਦਿਆਂ ਹੇਜ਼ਲ ਹਿੱੜ-ਹਿੱੜ ਹੱਸਦੀ। ਉਸਦੇ ਹਾਸੇ ਵਿਚ ਵੀ ਖੁਸ਼ੀ ਜਿਹੀ ਨਾ ਮਹਿਸੂਸ ਹੁੰਦੀ। ਕਿਸੇ ਪੀੜ ਦੀ ਟੁਣਕਾਰ ਜ਼ਰੂਰ ਕੰਨਾ ਨੂੰ ਕੁਰੇਦਦੀ। ਅਜ ਦੇ ਵੇਲੇ ਦਾ ਸੰਤਾਪ ਜਿਵੇਂ ਹਵਾ ਵਿਚ ਫੈਲਿਆ ਮਹਿਸੂਸ ਹੁੰਦਾ। ਮੈਂ ਵੀ ਸੋਚਦੀ, ਸ਼ਾਇਦ ਅਸੀਂ ਵੀ ਇਸੇ ਵਾਸਤੇ ਰਿਸ਼ਤੇ ਨਾਲ਼ ਲਟਕਦੇ ਰਹੀਦਾ ਹੈ ਤਾਂਕਿ ਇਕੱਲੇ ਸੁੰਨ ਸਾਨ ਜ਼ਿੰਦਗੀ ਨਾ ਹੰਢਾਈਏ। ਮੈਂ ਵਿੰਡੋ ਵਿੱਚੀਂ ਤੱਕਿਆ। ਜੀਤ ਹਾਲੀਂ ਵੀ ਨਹੀਂ ਸੀ ਵਿਖਾਈ ਦਿੱਤਾ। ਮੇਰੇ ਅੰਦਰ ਜਿਵੇਂ ਕੰਡਾ ਜਿਹਾ ਚੁੱਭਿਆ। ਐਂਵੇ ਐਡਮ ਚੇਤੇ ਆ ਗਿਆ। ਕੀ ਪਤਾ …? ਫੇਰ ਸੋਚਦੀ ਹਾਂ, ਭੈੜੀਏ! ਕਿਉਂ ਬੁਰਾ ਸੋਚਦੀ ਐਂ? ਸਭ ਠੀਕ ਹੀ ਹੋਵੇਗਾ। ਮੇਰੀ ਇਕੱਲਤਾ ਮੈਨੂੰ ਦੰਦੀਆਂ ਵੱਢ ਰਹੀ ਹੈ। ਗੁੱਸਾ ਅੰਦਰ ਰੀਂਘ ਰਿਹੈ। ਜੀਤ ਤੇ ਹੇਜ਼ਲ ਮੇਰੀ ਸੋਚ ਵਿੱਚੋਂ ਮਨਫੀ ਨਹੀਂ ਹੋ ਰਹੇ। ਸੋਚਦੀ ਹਾਂ ਅਜ ਦੇ ਸਮੇਂ ਨੇ ਬੰਦੇ ਨੂੰ ਕੀ ਤੇ ਕੀ ਬਣਾ ਦਿੱਤੈ? ਹਰ ਕੋਈ ਮਨੋਰੋਗੀ ਹੋਈ ਜਾ ਰਿਹੈ। ਭਲਾ ਹੋਵੇ ਵੀ ਕਿਉਂ ਨਾ? ਹਰ ਕੋਈ ਮਨ ਵਿੱਚ ਸਭ ਕੁੱਝ ਲੁਕੋ ਕੇ ਬੈਠਾ ਹੈ। ਅਜ ਰਿਸ਼ਤੇ ਟੁਕੜਿਆਂ ਵਿਚ ਵੰਡ ਹੋ ਗਏ ਹਨ। ਹਰ ਇੱਕ ਦੀ ਆਪਣੀ ਚੋਣ ਹੈ ਤੇ ਸੋਚ ਹੈ। ਕਿਸੇ ਕੋਲ ਕਿਸੇ ਵਾਸਤੇ ਸਮਾਂ ਨਹੀਂ। ਤੇ ਮੈਂ ਵੀ ਤਾਂ ਇਕੱਲੀ ਬੈਠੀ ਜੀਤ ਨੂੰ ਉਡੀਕੀ ਜਾ ਰਹੀ ਹਾਂ। ਸੋਚਦੀ ਹਾਂ ਕਿ ਜੇ ਜੀਤ …. ਜੀਤ ਦਾ ਫੋਨ ਬੰਦ ਆ ਰਿਹਾ ਹੈ। ਮੁੰਡਾ ਵੀ ਘਰ ਨਹੀਂ। ਵਰਨਾ ਉਹ ਆਪਣੇ ਡੈਡ ਦਾ ਪਤਾ ਕਰਕੇ ਆਉਂਦਾ। ਜੀ ਕੀਤਾ ਹਸਪਤਾਲ ਫੋਨ ਕਰਕੇ ਪੁੱਛਾਂ। ਫੇਰ ਸੋਚਦੀ ਹਾਂ ਉੱਥੇ ਵੀ ਮਸ਼ੀਨ ਹੀ ਬੋਲੇਗੀ। ਫੇਰ ਘੰਟਾ ਭਰ ਫੋਨ ਫੜ ਕੇ ਬੈਠਣਾ ਪਊ। ਫੋਨਾਂ ਨੇ ਮਾਰ ਲਿਆ। ਅਜ ਘਰ ਵਿੱਚ ਜਿੰਨੇ ਬੰਦੇ, ਉਨੇਂ ਹੀ ਸੈੱਲਫੋਨ। ਸਭ ਰਿਸ਼ਤੇ ਹੀ ਹੁਣ ਇਲੈਕਟਰੌਨਿੱਕ ਹੋ ਗਏ ਜਾਪਦੇ ਐ। ਹਰ ਬੰਦੇ ਨੂੰ ਕਿਸੇ ਅਣਜਾਣ ਬੰਦੇ ਬਾਰੇ ਤਾਂ ਪਤਾ ਹੋਊ ਪਰ ਘਰ ਦੇ ਬੰਦਿਆਂ ਦਾ ਕੋਈ ਪਤਾ ਨ੍ਹੀ। ਮੇਰੇ ਅੰਦਰ ਕੀ ਰਿੱਝਦਾ, ਜੀਤ ਨਹੀਂ ਜਾਣਦੈ। ਬੱਸ ਫੇਸ ਬੁੱਕ ਫਰੈਂਡ, ਟੈਕਸਟ ਫਰੈਂਡ, ਵੱਟਸ ਐਪ ਫਰੈਂਡ, ਹਰ ਸੋਸ਼ਲ ਮੀਡੀਆ। ਉਹ ਅਸਲੀ ਹੋਣ ਜਾਂ ਨਕਲੀ। ਕੋਈ ਫਰਕ ਨ੍ਹੀ ਪੈਂਦਾ। ਤੇ ਘਰ ਦੇ ਜੀਆਂ ਨਾਲ਼ ਕੋਈ ਮਾਨਸਿਕ ਸਾਂਝ ਨਹੀਂ। ਘਰੋ ਘਰ ਬੱਚੇ ਹੱਥ ਵਿੱਚ ਫੋਨ ਤੇ ਉਂਗਲਾਂ ਚਲਾਈ ਰੱਖਣਗੇ। ਦੂਜੇ ਦੀ ਸਮੱਸਿਆ ਸੁਣਨ ਵਾਸਤੇ ਕਿਸੇ ਕੋਲ ਵਕਤ ਨਹੀਂ। ਫੇਸ ਬੁੱਕ ਵੀ ਕਮਾਲ ਦੀ ਸ਼ੈਅ ਹੈ, ਜਦੋਂ ਤੱਕ ਹਾਂਅ ਵਿਚ ਹਾਂਅ ਮਿਲਾਈ ਜਾਵੋ ਸਭ ਠੀਕ ਹੈ। ਤੁਸੀਂ ਵਧੀਆ ਮਿੱਤਰ ਹੋ। ਜੇ ਕਿਸੇ ਨੂੰ ਮਾੜੀ ਮੋਟੀ ਗੱਲ ਦਾ ਜਵਾਬ ਦੇ ਦਿਓ, ਉਹੀ ਦੋਸਤ ਤੁਹਾਨੂੰ ਗਾਲ਼ਹਾਂ ਕੱਢਣ ਲੱਗ ਪੈਣਗੇ। ਮੈਂ ਤੇ ਤੌਬਾ ਕਰ ਰੱਖੀ ਹੈ ਫੇਸ ਬੁੱਕ ਤੋਂ। ਜੀਤ ਨੇ ਵੀ ਆਪਣਾ ਖਾਤਾ ਬੰਦ ਕਰਾ ਦਿੱਤਾ ਹੈ। ਇਹ ਸੋਚਦਿਆਂ ਮੈਨੂੰ ਆਪਣੇ ਆਪ ਤੇ ਹਾਸਾ ਆਉਂਦਾ ਹੈ। ਹਾਲੀਂ ਕੁੱਝ ਦਿਨ ਪਹਿਲਾਂ ਮੈਂ ਹੇਜ਼ਲ ਨੂੰ ਫੇਸਬੁੱਕ ਬਣਾਉਣ ਵਾਸਤੇ ਮੱਤਾਂ ਦੇ ਰਹੀ ਸਾਂ। ਇਹ ਸੋਚਦਿਆਂ ਹੋਇਆਂ ਹੱਸ ਹੱਸ ਮੇਰੀਆਂ ਵਖੀਆਂ ਦੁਖਣ ਲੱਗ ਪਈਆਂ। ਪਤਾ ਨਹੀਂ ਇਕੱਲੀ ਬੈਠੀ ਮੈਂ ਕੀ ਊਟ ਪਟਾਂਗ ਸੋਚੀ ਜਾ ਰਹੀ ਹਾਂ। ਸੋਚਦੀ ਹਾਂ ਸ਼ਾਇਦ ਇਕੱਲਾ ਬੰਦਾ ਇਵੇਂ ਹੀ ਕਮਲ਼ਾ ਹੋ ਜਾਂਦੈ। ਜੀਤ ਘਰ ਹੁੰਦਾ ਤਾਂ ਮੈਂ ਉਸ ਨਾਲ਼ ਰੋਸਾ ਜਿਹਾ ਦਿਖਾ ਕੇ ਪਾਸਾ ਵੱਟ ਕੇ ਬੈਠ ਜਾਣਾ ਸੀ। ਸਦਾ ਇਸ ਤਰ੍ਹਾਂ ਹੀ ਹੁੰਦਾ ਹੈ। ਇਕ ਵੇਰ ਅਸੀਂ ਐਂਵੀ ਕਿਵੀਂ ਦੇ ਲੜ ਪਏ। ਮੇਰੀ ਧੀ ਨੂੰ ਫ਼ਿਕਰ ਪੈ ਗਿਆ ਕਿ ਅਸੀਂ ਡਾਇਵੋਰਸ ਕਰ ਰਹੇ ਹਾਂ। ਉਹ ਆਪਣੇ ਕਮਰੇ ਵਿੱਚ ਜਾ ਕੇ ਰੋਈ ਜਾਵੇ। ਜਦੋਂ ਮੈਂ ਉੱਪਰ ਗਈ ਤਾਂ ਉਹ ਕਹਿਣ ਲੱਗੀ, “ਮੌਮ! ਡੌਂਟ ਫਾਈਟ ਵਿੱਦ ਡੈਡ। ਹੀ ਇੱਜ਼ ਗੋਇੰਗ ਟੂ ਡਾਇਵੋਰਸ ਯੂ।” “ਭਲਾ ਇਹ ਤੈਨੂੰ ਕਿਸ ਨੇ ਕਿਹਾ?” ਮੈਂ ਉਸਨੂੰ ਪੁੱਛਿਆ। “ਮੇਰੀ ਫਰੈਂਡ ਦੇ ਮੰਮੀ ਡੈਡੀ ਲੜ ਪਏ। ਐਂਡ ਦੇ ਹੈਡ ਏ ਡਾਇਵੋਰਸ। ਮਾਈ ਫਰੈਂਡ ਵਾਜ਼ ਵੈਰੀ ਅੱਪਸੈੱਟ।” ਉਹ ਰੋਈ ਜਾ ਰਹੀ ਸੀ। ਉਸਦੇ ਮਨ ਵਿੱਚ ਜਿਵੇਂ ਦਹਿਲ ਪੈ ਗਿਆ ਸੀ। “ਨਾ ਬੱਚੇ! ਐਦਾਂ ਥੋੜੋ ਹੁੰਦੈ। ਆਪਾਂ ਸਾਰੇ ਕਈ ਵੇਰ ਕਿਸੇ ਨਾਲ਼ ਡਿਸਐਗਰੀ ਕਰਦੇ ਹਾਂ। ਉਸਨੂੰ ਛੱਡ ਥੋੜੋ ਦਿੰਦੇ ਹਾਂ। ਤੁਸੀਂ ਵੀ ਆਪਣੇ ਫਰੈਂਡਜ਼ ਨਾਲ਼ ਲੜਦੇ ਹੋਵੋਂਗੇ। ਕੀ ਤੁਸੀਂ ਉਨ੍ਹਾਂ ਨਾਲ਼ ਕਦੀ ਨਹੀਂ ਬੋਲਦੇ ਮੁੜਕੇ?” “ਵੱਟ ਦੇ ਆਰ ਮਾਈ ਫਰੈਂਡਜ਼।” ਮੇਰੀ ਨਿੱਕੀ ਧੀ ਨੂੰ ਇਸ ਲੜਾਈ ਝਗੜੇ ਦਾ ਅੰਤ ਡਾਇਵੋਰਸ ਹੀ ਵਿਖਾਈ ਦਿੰਦਾ ਸੀ ਕਿਉਂਕਿ ਉਸਦੀ ਫਰੈਂਡ ਦੇ ਮਾਂ-ਪਿਓ ਦਾ ਡਾਇਵੋਰਸ ਹੋਇਆ ਸੀ। ਤੇ ਉਸਦੀ ਸਹੇਲੀ ਕਾਰਲਾ ਨੂੰ ਮੰਮ ਅਤੇ ਡੈਡ ਵਿੱਚੋਂ ਇਕ ਨੂੰ ਚੁਨਣਾ ਪੈਣਾ ਸੀ ਕਿ ਉਹ ਕਿਸਦੇ ਕੋਲ ਰਹਵੇ। ਮੈਂ ਮਸਾਂ ਕਿਰਨ ਨੂੰ ਸਮਝਾਇਆ ਸੀ। ਪਰ ਮੈਨੂੰ ਲੱਗਾ ਜਦੋਂ ਵੀ ਅਸੀਂ ਮਾੜਾ ਮੋਟਾ ਲੜਦੇ ਤਾਂ ਕਿਰਨ ਸਹਿਮ ਜਾਂਦੀ। ਜਿੱਦਣ ਦੀ ਘਰੋਂ ਗਈ ਹੈ, ਜਦੋਂ ਫੋਨ ਕਰਦੀ ਹੈ ਤਾਂ ਜ਼ਰੂਰ ਪੁੱਛਦੀ ਹੈ, “ਐਵਰੀ ਥਿੰਗ ਆਲਰਾਈਟ ਮਾਂ?” ਮੇਰਾ ਜੀ ਕੀਤਾ ਕੁੜੀ ਨੂੰ ਜਾ ਕੇ ਮਿਲ ਆਵਾਂ। ਉਸਨੂੰ ਆਪਣੇ ਗਲ਼ ਲਾਵਾਂ। ਕਿੰਨੇ ਦਿਨ ਹੋ ਗਏ ਉਸਨੂੰ ਗਲ਼ ਨਾਲ਼ ਲਾਇਆਂ। ਹੋ ਸਕਿਆ ਤਾਂ ਮੈਂ ਉਸਨੂੰ ਮਨਾ ਕੇ ਘਰ ਵੀ ਲਿਆਵਾਂਗੀ। ਹੋਰ ਨਹੀਂ ਤਾਂ ਮੇਰਾ ਮਨ ਹੀ ਸ਼ਾਤ ਹੋਊ ਉਸਨੂੰ ਦੇਖ ਮਿਲ਼ ਕੇ। ਪਰ ਜੀਤ ਦੀ ਚਿੰਤਾ ਨੇ ਮਨ ਅੰਦਰ ਕੁੰਡੀ ਵੱਟ ਜਿਹਾ ਪਾਇਆ ਹੋਇਆ ਸੀ। ਇਨ੍ਹਾਂ ਹੀ ਸੋਚਾਂ ਵਿੱਚ ਮੇਰਾ ਸਾਰਾ ਦਿਨ ਐਂਵੇ ਤੰਦੋਤਾਣੀਆਂ ਵਿੱਚ ਉਲਝਿਆ ਰਿਹਾ। ਜਦੋਂ ਨੂੰ ਡੋਰ ਬੈੱਲ ਹੋਈ। ਮੈਂ ਬਾਹਰਲੇ ਦਰ ਵੱਲ ਜਾਣ ਦੀ ਕੋਸ਼ਿਸ਼ ਵਿੱਚ ਸਾਂ। ਜੀਤ ਨੇ ਕੁੰਜੀ ਨਾਲ਼ ਦਰ ਖੋਲ੍ਹ ਲਿਆ ਤੇ ਉਹ ਮੇਰੇ ਵੱਲ ਦੇਖਦਾ ਹੱਸਦਾ-ਮੁਸਕਰਾਉਂਦਾ ਹੋਇਆ ਅੰਦਰ ਵੜਿਆ। ਪਿੱਛੇ ਦੋਨੋਂ ਬੱਚੇ ਕਿਰਨ ਤੇ ਸੂਰਜ ਵੀ ਸਨ। ਤਿੰਨਾਂ ਨੂੰ ਦੇਖ ਕੇ ਮੇਰੀਆਂ ਅੱਖਾਂ ਵਿੱਚ ਚਮਕ ਆ ਗਈ। ਜੀਤ ਨੇ ਜਿਵੇਂ ਆਪਣੀਆਂ ਗ਼ਲਤੀਆਂ ਦਾ ਭੋਗ ਪਾ ਦਿੱਤਾ ਹੋਵੇ। ਮੈਂ ਦੋਹਾਂ ਬੱਚਿਆਂ ਨੂੰ ਕਲਾਵੇ ਵਿੱਚ ਲੈ ਲਿਆ। ਸਾਰੇ ਦਿਨ ਦਾ ਡੱਕਿਆ ਅੱਖਾਂ ਦਾ ਪਾਣੀ ਵਹਿ ਤੁਰਿਆ। |
ਬਲਬੀਰ ਕੌਰ ਸੰਘੇੜਾ
2945 Gulfstream Way
Mississauga, Ont. (Canada)
L5N 6J9