19 April 2024
dr_gurdev_singh_ghangas

ਸਵੈ-ਕਥਨ: ਅਪਣਾ ਲਹੂ—✍️ਡਾ. ਗੁਰਦੇਵ ਸਿੰਘ ਘਣਗਸ

ਇਹ ਗੱਲ ਮਾਰਚ 2005 ਦੀ ਹੈ। ਮੈਂ ਉਦੋਂ ਕੁੱਝ ਹਫਤਿਆਂ ਲਈ ਪੰਜਾਬ ਗਿਆ ਹੋਇਆ ਸਾਂ। ਇੱਕ ਦਿਨ ਅੰਮ੍ਰਿਤਸਰ ਜਾਣ ਦਾ ਸਬੱਬ ਬਣ ਗਿਆ। ਤੜਕੇ ਉੱਠਿਆ, ਚਾਹ ਪੀਤੀ ਤੇ ਗੋਬਿੰਦਗੜ੍ਹ ਬੱਸ ਅੱਡੇ ਉੱਤੇ ਪਹੁੰਚ ਗਿਆ। ਜਿੱਥੇ ਹੁਣ ਟੈਕਸੀਆਂ ਖੜ੍ਹਦੀਆਂ ਹਨ, ਉੱਥੇ ਕਿਸੇ ਸਮੇਂ ਟਾਂਗੇ ਖੜ੍ਹਦੇ ਹੁੰਦੇ ਸਨ। ਜਦੋਂ ਵੀ ਮੈਂ ਇਸ ਅੱਡੇ ਵਿੱਚ ਆਉਂਦਾ ਹਾਂ, ਮੈਂਨੂੰ ‘ਸੰਤੋਖ ਸਿੰਘ ਧੀਰ’ ਦੀ ਟਾਂਗੇ ਵਾਲੇ ਬਾਰੇ ਲਿਖੀ ਕਹਾਣੀ ‘ਕੋਈ ਇੱਕ ਸਵਾਰ’ ਯਾਦ ਆ ਜਾਂਦੀ। ਸ਼ਾਇਦ ਇਸੇ ਕਰਕੇ ਕੋਈ ਟਾਂਗਾ ਦੇਖਣ ਲਈ ਮੇਰੀਆਂ ਅੱਖਾਂ ਇੱਧਰ-ਉੱਧਰ ਘੁੰਮ ਰਹੀਆਂ ਸਨ। ਪਰ ਅੱਜ ਇੱਥੇ ਕੋਈ ਟਾਂਗਾ ਨਹੀਂ ਸੀ।

‘ਵੀਰ ਜੀ, ਫੌਜੀ ਕਿੱਧਰ ਖੜ੍ਹਦਾ?’ ਮੈਂ ਟੈਕਸੀ ਵਾਲੇ ਨੂੰ ਪੁੱਛਿਆ।

‘ਏਥੇ ਤਾਂ ਜੀ ਕਈ ਫੌਜੀ ਟੈਕਸੀ ਦਾ ਕੰਮ ਕਰਦੇ ਨੇ। ਕਿਹੜੇ ਫੌਜੀ ਬਾਰੇ ਪੁੱਛਦੇ ਓ ਤੁਸੀਂ?’ 

‘ਓਏ ਮੇਵੇ ਦੀ ਗੱਲ ਕਰਦੇ ਆ ਬਾਬੂ ਜੀ।’ ਕੋਈ ਫੌਜੀ ਮੇਵਾ ਸਿੰਘ ਦਾ ਜਾਣੂ ਬੋਲਿਆ।

‘ਓਹ ਤਾਂ ਜੀ ਅੱਜ ਸਾਝਰੇ ਹੀ ਚਲਿਆ ਗਿਆ ਸਵਾਰੀਆਂ ਲੈ ਕੇ।’ ਟੈਕਸੀ ਵਾਲਾ ਕਹਿਣ ਲੱਗਾ।

ਸੱਠਾਂ ਤੋਂ ਬਾਅਦਮੈਂ ਟੈਕਸੀ ਵਾਲੇ ਤੋਂ ਲੁਧਿਆਣੇ ਦਾ ਰੇਟ ਪੁੱਛਿਆ। ਉਹਨੇ ਫੌਜੀ ਤੋਂ ਦੁੱਗਣਾ ਦੱਸ ਦਿੱਤਾ। ਇੰਨੇ ਨੂੰ ਪਟਿਆਲੇ ਤੋਂ ਲੁਧਿਆਣੇ ਜਾਣ ਵਾਲੀ ਬੱਸ ਆ ਲੱਗੀ। ਉਂਝ ਵੀ ਪੰਜਾਬ ਆ ਕੇ ਕਾਰਾਂ ਵਿਚ ਬੈਠਣ ਨਾਲ ਮੈਂਨੂੰ ਆਪਣਾ ਆਪ ਓਪਰਾ ਲੱਗਣ ਲੱਗ ਪੈਂਦਾ ਹੈ। ਮੈਂ ਆਪਣਾ ਬੈਗ ਘੜੀਸਿਆ ਅਤੇ ਫੌਜੀ ਮੇਵਾ ਸਿੰਘ ਦੀ ਉਡੀਕ ਕੀਤੇ ਬਿਨਾਂ ਹੀ ਬੱਸ ਫੜ ਲਈ। ਅੱਜ ਭੀੜ ਵੀ ਬਹੁਤੀ ਨਹੀਂ ਸੀ। ਕੰਡਕਟਰ ਨੇ ਅਜੇ ਠਾਠੀ ਵੀ ਉਤਾਰੀ ਨਹੀਂ ਸੀ। ਬੱਸ ਠੰਢੀ ਹਵਾ ਵਿੱਚ ਫਰਾਟੇ ਮਾਰਦੀ ਖੰਨੇ ਸ਼ਹਿਰ ਵਿਚ ਦਾਖਲ ਹੋ ਗਈ। ਜੀ. ਟੀ. ਰੋਡ ਦੇ ਆਲੇ-ਦੁਆਲੇ ਮੈਂ ਖੰਨੇ ਦੀਆਂ ਦੁਕਾਨਾਂ ਦੇ ਨਾਂ ਪੜ੍ਹਦਾ ਗਿਆ। ਕਿਸੇ ਸਮੇਂ ਮੈਂ ਇੱਥੇ ਆਰੀਆ ਸਕੂਲ ਵਿਚ ਪੜ੍ਹਦਾ ਹੁੰਦਾ ਸੀ, ਇਸ ਲਈ ਜਦੋਂ ਮੌਕਾ ਮਿਲੇ ਇੱਧਰ ਵੱਲ ਆ ਹੀ ਜਾਂਦਾ ਹਾਂ। ਖੰਨੇ ਦੀਆਂ ਪੁਰਾਣੀਆਂ ਗਲੀਆਂ, ਸ਼ਰਮਾ ਸਟੂਡੀਓ, ਆਰੀਆ ਸਕੂਲ ਅਜੇ ਵੀ ਉੱਥੇ ਹੀ ਖੜ੍ਹੇ ਹਨ। ਜੇ ਨਹੀਂ ਮਿਲਦੇ ਤਾਂ ਕਈ ਪੁਰਾਣੇ ਦੋਸਤ। ਖੈਰ! …ਬੱਸ ਖੰਨਾ ਸ਼ਹਿਰ ਟੱਪ ਗਈ। ਬੀਜੇ ਪਿੰਡ ਦਾ ਚੁਰਸਤਾ ਆ ਗਿਆ। ‘ਮੈਕਡਾਨਲਡ ਰੈਸਟੋਰੈਂਟ’ ਦੇ ਉੱਚੇ ਫੱਟੇ ਕੋਲ ਦੀ ਲੰਘਦੀ ਹੋਈ ਦੋਰਾਹੇ ਦੇ ਪੁਲ ਲਾਗੇ ਜਾ ਰੁਕੀ। ਕਿਸੇ ਸਮੇਂ ਮੈਂ ਸਾਥੀਆਂ ਨਾਲ ਇਸ ਸੜਕ ’ਤੇ ਸਾਈਕਲ ਚਲਾਇਆ ਕਰਦਾ ਸੀ।

 ‘ਮੈਕਡਾਨਲਡ ਰੈਸਟੋਰੈਂਟ’ ਨੇ ਮੇਰਾ ਮਨ ‘ਏਥੇ ਐਦਾਂ, ਓਥੇ ਐਦਾਂ।’ ‘ਅੱਗੇ ਐਦਾਂ, ਹੁਣ ਐਦਾਂ।’ ਦੇ ਚੱਕਰਾਂ ਵਿੱਚ ਪਾ ਦਿੱਤਾ। ਪੰਜਾਬੀ ਲੋਕ ਜਦੋਂ ਕਨੇਡਾ-ਅਮਰੀਕਾ ਆਉਂਦੇ ਹਨ ਤਾਂ ਇੱਥੋਂ ਦੀਆਂ ਸੜਕਾਂ, ਇਮਾਰਤਾਂ, ਪਰਬਤਾਂ, ਹਰਿਆਲੀ, ਮੌਸਮ ਅਤੇ ਬੰਦਿਆਂ ਦੀਆਂ ਹਰਕਤਾਂ ਨੂੰ ਪੰਜਾਬ ਨਾਲ ਟਕਰਾਉਂਦੇ ਰਹਿੰਦੇ ਹਨ। ਇਸੇ ਤਰ੍ਹਾਂ ਬਾਹਰਲੇ ਮੁਲਕਾਂ ਵਿਚ ਵਸਦੇ ਪੰਜਾਬੀ ਪੰਜਾਬ ਜਾ ਕੇ ‘ਅੱਗੇ ਆਹ ਸੀ, ਹੁਣ ਆਹ’ ਕਰਦੇ ਰਹਿੰਦੇ ਹਨ। ਦਿਨ ਸਾਫ ਚੜ੍ਹ ਚੁੱਕਿਆ ਸੀ। ਮੈਂ ਬੱਸਾਂ ’ਤੇ ਲਿਖੇ ਫੱਟੇ ਪੜ੍ਹਨੇ ਸ਼ੁਰੂ ਕਰ ਦਿੱਤੇ। ‘ਨੱਠ ਚੱਲ ਮੋਰਨੀਏ’। ਮੋਰਨੀ ਨੱਠਦੀ ਨੱਠਦੀ ਲੁਧਿਆਣੇ ਦੇ ਬੱਸ ਅੱਡੇ ਪਹੁੰਚ ਗਈ।

ਲੁਧੀਆਣੇ ਤੋਂ ਮੈਂ ਜਲੰਧਰ ਵਾਲੀ ਬੱਸ ਫੜ ਲਈ। ਡਰਾਈਵਰ ਦੇ ਲਾਗਦੀ ਸੀਟ ਖਾਲੀ ਪਈ ਸੀ। ਸੀਟ ਦੇ ਪਿੱਛੇ ‘ਕੰਡਕਟਰ’ ਲਿਖਿਆ ਹੋਇਆ ਸੀ। ਮੈਂ ਉਸ ਉੱਤੇ ਜਾ ਬੈਠਿਆ ਤੇ ਆਪਣਾ ਬੈਗ ਇੰਜਣ ਦੇ ਢੱਕਣ ਤੇ ਰੱਖ ਦਿੱਤਾ। ਫਗਵਾੜੇ ਤੋਂ ਬਾਅਦ ਕੰਡਕਟਰ ਮੈਨੂੰ ਆਪਣੀ ਸੀਟ ਤੋਂ ਉਠਾ ਕੇ ਆਪ ਬੈਠ ਗਿਆ ਅਤੇ ਡਰਾਈਵਰ ਨਾਲ ਗੱਪਾਂ-ਛੱਪਾਂ ਮਾਰਨ ਲੱਗ ਪਿਆ। ਕੂਹਣੀਆਂ ਓਹਨੇ ਮੇਰੇ ਬੈਗ ਉੱਤੇ ਰੱਖ ਲਈਆਂ। ਬੈਗ ਵਿਚ ਕਮੀਜ਼, ਟਾਵਲ ਬਗੈਰਾ ਤੇ ਇਕ ਛੋਟਾ ਜਿਹਾ ਕੈਮਰਾ ਸੀ, ਇਸ ਲਈ ਉਹਦੀਆਂ ਹਰਕਤਾਂ ਮੈਂਨੂੰ ਚੁੱਭਣ ਲੱਗ ਪਈਆਂ, ਪਰ ਦੋਸਤ ਦੀ ਪਤਨੀ ਦੇ ਆਖੇ ਲਫਜ਼ਾਂ ‘ਇਹ ਇੰਡਿਆ ਹੈ’, ਨੇ ਮੇਰਾ ਹਰਖ ਮੁਸਕਰਾਹਟ ਵਿਚ ਬਦਲ ਦਿੱਤਾ। ਪਤਾ ਨਹੀਂ ਕਦੋਂ ਕੰਡਕਟਰ ਉੱਥੋਂ ਉੱਠਿਆ ਤੇ ਕੀਹਦਾ ਕੀਹਦਾ ਬਕਾਇਆ ਓਹਨੇ ਮੋੜਿਆ, ਬੱਸ ਜਲੰਧਰ ਜਾ ਪਹੁੰਚੀ।

ਮੈਂ ਆਪਣਾ ਬੈਗ ਚੁੱਕਿਆ ਤੇ ਪੁੱਛਦਾ ਪੁੱਛਦਾ ਅੰਮ੍ਰਿਤਸਰ ਜਾਣ ਵਾਲੀ ਬੱਸ ਵਿਚ ਚੜ੍ਹ ਗਿਆ। ਮੈਥੋਂ ਪਹਿਲਾਂ ਇੱਕ ਅਜਿਹਾ ‘ਮੀਸਣਾ ਸਿੰਘ’ ਬੱਸ ਵਿੱਚ ਬੈਠਾ ਹੋਇਆ ਸੀ, ਜਿਸ ਨੇ ਮੇਰੇ ਨੱਕ ਵਿੱਚ ਦਮ ਕਰ ਦਿੱਤਾ। ਮੈਂ ਉਦੋਂ ਸ਼ੁਕਰ ਕੀਤਾ, ਜਦੋਂ ਉਹ ਕਰਤਾਰਪੁਰ ਲਾਗੇ ਉੱਤਰ ਗਿਆ। ਅਗਾਂਹ ਇੱਕ ਪਿੰਡ ਦੇ ਅੱਡੇ ’ਤੇ ਬੱਸ ਕੁੱਝ ਸਮੇਂ ਲਈ ਰੁਕ ਗਈ। ਇੱਥੇ ਇੱਕ ‘ਮੀਸਣੇ ਸਿੰਘ’ ਦੀ ਥਾਂ ਦੋ ‘ਢੌਂਗੀ ਸਿੰਘ’ ਬੱਸ ਵਿੱਚ ਆ ਚੜ੍ਹੇ। ਦੋਵੇਂ ਨੌਜਵਾਨ ਅੱਧ-ਸ਼ਰਾਬੀ ਜਿਹੇ ਸਨ। ਪਤਾ ਨਹੀਂ ਕਿਉਂ ਉਹਨਾਂ ਦੀ ਨਜ਼ਰ ਇਕਦਮ ਉਤਲੇ ‘ਰਖਨੇ’ ਵਿਚ ਰੱਖੇ ਮੇਰੇ ਬੈਗ ’ਤੇ ਗੱਡੀ ਗਈ।

ਇੱਕ ਬੋਲਿਆ, ‘ਇਹ ਬੈਗ ਕੀਹਦਾ ਹੈ?’

‘ਉਸ ਸਰਦਾਰ ਦਾ ਹੈ।’ ਕਿਸੇ ਨੇ ਮੇਰੇ ਵੱਲ ਇਸ਼ਾਰਾ ਕਰ ਦਿੱਤਾ।

‘ਇਹਦੇ ਵਿੱਚ ਕੀ ਹੈ?’ ਫਿਰ ਆਵਾਜ਼ ਆਈ।

‘ਤੁਸੀਂ ਕੀ ਲੈਣਾ ਭਾਈ ਇਸ ਬੈਗ ਤੋਂ?’ ਮੈਂ ਪੁੱਛਿਆ।

‘ਅਸੀਂ ਪੁਲਸ ਵਾਲੇ ਹਾਂ। ਤ੍ਹਾਡੀ ਤਲਾਸ਼ੀ ਲੈਣੀ ਆ। ਕੀ ਪਤਾ ਇਹਦੇ ਵਿਚ ਕੋਈ ਅਸਲਾ ਹੋਵੇ।’ ਮੈਨੂੰ ‘ਸੰਨ ਚੁਰਾਸੀ’ ਦੇ ਮੰਦੇ ਦਿਨ ਯਾਦ ਆ ਗਏ।

‘ਪਰ ਤੁਹਾਡੀ ਵਰਦੀ ਕਿੱਥੇ ਹੈ? … ਤੁਹਾਡੇ ਪਾਸ ਕੋਈ ਕਾਗਜ਼-ਪੱਤਰ ਹੈ?’ ਮੈਂ ਫਿਰ ਪੁੱਛ ਲਿਆ।

‘ਸਰਦਾਰ ਜੀ, ਤੁਸੀਂ ਦੇਖ ਲੈਣ ਦਿਓ।’ ਲਾਗੇ ਬੈਠਾ ਇੱਕ ਮੁਸਾਫਰ ਬੋਲਿਆ।

‘ਨਾ ਭਾਈ, ਤੂੰ ਆਪਣੀ ਜੇਬ ’ਚ ਹੱਥ ਮਾਰ ਲੈਣ ਦੇ ਇਹਨਾਂ ਨੂੰ।’ ਮੇਰੀ ਆਵਾਜ਼ ਕੁੱਝ ਉੱਚੀ ਹੋ ਗਈ।

‘ਤੁਸੀਂ ਹਰੇਕ ਨਾਲ ਪੰਗੇ ਲੈਣ ਲੱਗ ਪੈਂਦੇ ਓ।’ ਇੱਕ ਹੋਰ ਬੋਲ ਪਿਆ। ਇਹ ਬੰਦਾ ਮੇਰੇ ਨਾਲ ਜਲੰਧਰ ਤੋਂ ਚੜ੍ਹਿਆ ਸੀ। ਇਸ ਨੂੰ ਪਿਛਲੀ ਘਟਨਾ ਦਾ ਸਾਰਾ ਪਤਾ ਸੀ। ਬੱਸ ਵਿਚ ਘੁਸਰ-ਮੁਸਰ ਹੋਣ ਲੱਗ ਪਈ। ਮੈਂ ਉੱਠ ਕੇ ਆਪਣੇ ਬੈਗ ਕੋਲ ਚਲਾ ਗਿਆ। ਨੌਜਵਾਨਾਂ ਦੇ ਸਾਹਾਂ ’ਚੋਂ ਸ਼ਰਾਬ ਦੀ ਬੂ ਆ ਰਹੀ ਸੀ। ਦੋ ਕੁ ਸੌ ਗਜ਼ ਦੀ ਵਿੱਥ ’ਤੇ ਪੁਲਸ ਦਾ ਨਾਕਾ ਲੱਗਾ ਦਿਸ ਰਿਹਾ ਸੀ। ਬੱਸ ਅਜੇ ਵੀ ਰੁਕੀ ਹੋਈ ਸੀ।

“ਚਲੋ ਸਾਡੇ ਨਾਲ ਬਾਹਰ, ਵਰਦੀ ਵਾਲੇ ਪੁਲਸੀਆਂ ਕੋਲ।” ਉਹ ਨੌਜਵਾਨ ਫਿਰ ਕਹਿਣ ਲੱਗੇ।

ਉੱਚੀ ਆਵਾਜ਼ ਵਿਚ ਮੈਂ ਇਨਕਾਰ ਕਰ ਦਿੱਤਾ ਤੇ ਕਿਹਾ ਕਿ ਮੇਰੇ ਬੈਗ ਨੂੰ ਉਹ ਹੱਥ ਨਾ ਲਾਉਣ। ਜਦੋਂ ਕੁੱਝ ਵੀ ਪੱਲੇ ਨਾ ਪਿਆ ਤਾਂ ਦੋਵੇਂ ‘ਢੌਂਗੀ ਸਿੰਘ’ ਬੱਸ ਵਿੱਚੋਂ ਜਿਵੇਂ ਚੜ੍ਹੇ ਸਨ, ਓਵੇਂ ਹੀ ਉੱਤਰ ਗਏ। ਮੈਨੂੰ ਕੋਈ ਹੈਰਾਨੀ ਨਾ ਹੋਈ। ਪਹਿਲਾਂ ਵੀ ਇਕ ਵਾਰ ਇਸ ਤਰ੍ਹਾਂ ਦੇ ਬਨਾਉਟੀ ਪੁਲਸੀਆਂ ਨਾਲ ਮੇਰਾ ਵਾਹ ਪੈ ਚੁੱਕਾ ਸੀ। ਉਂਝ ਵੀ ਇਹ ਨੌਬਤ ਉੱਥੋਂ ਤੱਕ ਨਹੀਂ ਸੀ ਪਹੁੰਚੀ, ਜਿੱਥੋਂ ਤੱਕ ‘ਮੀਸਣਾ ਸਿੰਘ’ ਨੇ ਪਹੁੰਚਾ ਦਿੱਤੀ ਸੀ।

ਮੈਂ ਜਲੰਧਰ ਬੱਸ ਅੱਡੇ ਉੱਤੇ ਅਜੇ ਬੱਸ ਵਿੱਚ ਬੈਠਿਆ ਹੀ ਸਾਂ ਕਿ ਖੱਬੇ ਪਾਸੇ ਬੈਠੇ ਇੱਕ ਸਿੰਘ ਨੇ ਮੂੰਹ ਨੀਵਾਂ ਕਰ ਕੇ ਮੇਰੇ ਵੱਲ ਐਨਕ ਦੇ ਉੱਤੋਂ ਦੀ ਹੋਰੂੰ ਹੋਰੂੰ ਦੇਖਿਆ ਤੇ ਸਾਰੀ ਸੀਟ ਮੱਲ ਲਈ। ਮੇਰੀ ਅੱਖ ਫਰਕੀ ਤੇ ਮੇਰਾ ਧਿਆਨ ਉਹਦੇ ਵੱਲ ਗੱਡਿਆ ਗਿਆ। ਉਹ ਸਿੰਘ ਮੀਸਣਾ ਜਿਹਾ ਬਣ ਕੇ ਮੇਰੇ ਬੈਗ ਵੱਲ ਦੇਖ ਦੇਖ ਅੱਖਾਂ ਘੁਮਾਉਂਦਾ ਰਿਹਾ ਤੇ ਨਾਲੇ ਮੂੰਗਫਲੀ ਦੇ ਫੋਟਕ ਸੁੱਟਦਾ ਰਿਹਾ। ਉਸਦੀ ਉਮਰ ਤਾਂ ਮੇਰੇ ਨਾਲੋਂ ਪੰਜ-ਸੱਤ ਸਾਲ ਛੋਟੀ ਹੋਵੇਗੀ ਪਰ ਢਿੱਡ ਤੋਂ ਮੇਰੇ ਨਾਲੋਂ ਵੀ ਗਿਆ ਗੁਜ਼ਰਿਆ ਲਗਦਾ ਸੀ। ਦੋ ਕੁ ਸੀਟਾਂ ਛੱਡ ਕੇ ਮੈਂ ਅੱਗੇ ਜਾ ਬੈਠਿਆ। ਬੈਗ ਮੈਂ ਉਤਲੇ ਰਖਨੇ ਵਿਚ ਤੁੰਨ ਦਿੱਤਾ ਤੇ ਸੁੱਖ ਦਾ ਸਾਹ ਲਿਆ। ਬੱਸ ਭਰਦੀ ਗਈ ਤੇ ਕੇਲੇ, ਸੰਤਰੇ, ਛੋਲੇ ਵੇਚਣ ਵਾਲੇ ਮੈਲੇ-ਕੁਚੈਲੇ ਬੱਚੇ ਜੁਆਨ ਗੇੜੇ ਮਾਰਨ ਲੱਗ ਪਏ। ਬੱਸ ਇੰਨੀ ਭਰ ਗਈ ਕਿ ਖੜ੍ਹਨ ਨੂੰ ਜਗ੍ਹਾ ਮਿਲਣੀ ਮੁਸ਼ਕਲ ਹੋ ਗਈ। ਛੋਲੇ ਮੂੰਗਫਲੀ ਵਾਲੇ ਅਜੇ ਵੀ ਭਿਣ ਭਿਣ ਕਰਦੇ ਫਿਰ ਰਹੇ ਸਨ। ਇੰਨੇ ਨੂੰ ਇੱਕ ਮੁੰਡੇ ਨੇ ਕੂਹਣੀ ਮਾਰ ਕੇ ਮੇਰੀ ਪਗੜੀ ਵਿੰਗੀ ਕਰ ਦਿੱਤੀ।

‘ਚੱਲ ਬਈ ਬੱਸ ਚੱਲਣ ਲੱਗੀ ਆ, ਹੁਣ ਹੋਰ ਕਿਸੇ ਨੂੰ ਲੋੜ ਨੀ।’ ਮੈਂ ਕਹਿ ਦਿੱਤਾ।

‘ਫਿਰਨ ਦਿਓ ਜੀ ਗਰੀਬਾਂ ਨੂੰ, ਇਹਨਾਂ ਨੇ ਵੀ ਰੋਜ਼ੀ ਕਮਾਉਣੀ ਆ। ਇਹ ਕਿਹੜਾ ਕਨੇਡਾ ਗਿਆ।’ ‘ਮੀਸਣਾ ਸਿੰਘ’ ਜੀ ਬੋਲੇ। ਇੱਕ ਦੋ ਬੰਦੇ ਹੱਥ ਵਿੱਚ ਪੈਸੇ ਫੜੀ ਬੈਠੇ ਦਿਸੇ; ਮੈਂ ਚੁੱਪ ਕਰ ਗਿਆ ਤੇ ਪਗੜੀ ਤੇ ਹੱਥ ਰੱਖ ਕੇ ਉਹਨੂੰ ਲੰਘਣ ਦੇ ਦਿੱਤਾ। ਕੰਡਕਟਰ ਨੇ ਸੀਟੀ ਮਾਰੀ, ਬੱਸ ਚੱਲ ਪਈ। ਮੈਂ ਫਿਰ ਆਪਣੇ ਖਿਆਲਾਂ ਵਿੱਚ ਮਗਨ ਹੋ ਗਿਆ ਤੇ ਮੀਸਣਾ ਸਿੰਘ ਦਾ ਧਿਆਨ ਛੱਡ ਦਿੱਤਾ।

ਅਖੇ ‘ਭੁੱਖਾ ਕਰਿਆੜ ਬਹੀਆਂ ਫੋਲੇ।’ ਮੀਸਣਾ ਸਿੰਘ ਜੀ ਭਰੇ-ਪੀਤੇ ਤਾਂ ਪਹਿਲਾਂ ਹੀ ਬੈਠੇ ਸਨ – ਮਸਾਂ ਅੱਧ ਕੁ ਮੀਲ ਬੱਸ ਗਈ ਹੋਵੇਗੀ ਕਿ ਉਸਨੂੰ ਕੋਈ ਹੌਲ ਜਿਹਾ ਉੱਠਿਆ ਤੇ ਉਹ ਬੁੜਬੁੜ ਕਰਨ ਲੱਗ ਪਿਆ।

‘ਇਹ ਲੋਕ ਆਪਣੇ ਆਪ ਨੂੰ ਪਤਾ ਨੀ ਕੀ ਸਮਝਦੇ ਆ … ਦੋ-ਚਾਰ ਹਫਤੇ ਟੈਕਸੀਆਂ ਘੁਮਾ ਕੇ ਵਾਪਸ ਚਲੇ ਜਾਂਦੇ ਆ … ਫੇਰ ਆ ਜਾਂਦੇ ਆ ਇੱਧਰਲੇ ਲੋਕਾਂ ’ਤੇ ਰੋਹਬ ਜਮਾਉਣ।’ ਇਸ ਤਰ੍ਹਾਂ ਦੇ ਸ਼ਬਦ ਉਹਦੇ ਮੂੰਹੋਂ ਨਿਕਲਦੇ ਗਏ। ਮੈਂ ਉਸਨੂੰ ਬੇ-ਧਿਆਨਾ ਦਿਸਣ ਦਾ ਯਤਨ ਕੀਤਾ, ਪਰ ਸੁਰਤ ਮੇਰੀ ਉਹਦੇ ਵੱਲ ਹੀ ਰਹੀ।

‘ਸ਼ਾਇਦ ਇਹਨੂੰ ਪਰਵਾਸੀਆਂ ਦੇ ਦਮੜੇ ਦਿਸ ਰਹੇ ਸਨ। ਸ਼ਾਇਦ ਇਹਦਾ ਕੋਈ ਬਾਲ-ਬੱਚਾ ਬਾਹਰ ਜਾਣ ਤੋਂ ਰਹਿ ਗਿਆ ਹੋਵੇ ਤੇ ਈਰਖਾ ਕਰਦਾ ਹੋਵੇ। ਇਹਨੂੰ ਕੀ ਪਤਾ, ਸਾਡੀ ਵੀ ਇਹ ਜਨਮ-ਭੂਮੀ ਹੈ। ਮਸਾਂ ਮਰ-ਭਰ ਕੇ ਕਿਤੇ ਆਉਣ ਦਾ ਸਬੱਬ ਬਣਦਾ ਹੈ। ਕੁਝ ਲੋਕ ਦੂਜਿਆਂ ਨੂੰ ਇੱਕੋ ਤੱਕੜੀ ਵਿਚ ਤੋਲਣ ਦੇ ਆਦੀ ਹੋ ਜਾਂਦੇ ਹਨ।’ ਇਹੋ ਜਿਹੇ ਖਿਆਲ ਮੇਰੇ ਮਨ ਵਿਚ ਗੂੰਜਦੇ ਗਏ। ਉਹਦੀ ਬੁੜਬੁੜ ਵੱਲ ਹੋਰ ਕਿਸੇ ਨੇ ਕੋਈ ਧਿਆਨ ਨਾ ਦਿੱਤਾ ਤੇ ਉਹ ਥੋੜ੍ਹੀ ਦੇਰ ਬਾਅਦ ਚੁੱਪ ਕਰ ਗਿਆ।

‘ਚਲੋ, ਉੱਬਲਦੀ ਤੌੜੀ ਵੀ ਠੰਢੀ ਹੋਣ ਲੱਗੀ ਥੋੜ੍ਹੀ ਭਾਫ ਤਾਂ ਕੱਢਦੀ ਹੈ, ਬਲਾ ਟਲ਼ੀ।’ ਮੈਂ ਸ਼ੁਕਰ ਕੀਤਾ ਪਰ ‘ਲਾਤੋਂ ਕੇ ਭੂਤ ਬਾਤੋਂ ਸੇ ਕਭ ਮਾਨਤੇ ਹੈਂ।’ ਉਹ ਫੇਰ ਖਰ੍ਹਵੇ ਬੋਲ ਬੋਲਣ ਲੱਗ ਪਿਆ। ਮੈਂਨੂੰ ਇੱਦਾਂ ਲੱਗਿਆ ਜਿਵੇਂ ਉਹਦੇ ਘੁਸਰ-ਮੁਸਰ ਕਰਦੇ ਬੁੱਲ੍ਹ ਕਿਸੇ ਗਾਲ੍ਹ ਦੇ ਨੇੜੇ-ਤੇੜੇ ਫਿਰਦੇ ਹੋਣ।

‘ਭਾਈ ਸਾਹਿਬ, ਤੁਹਾਨੂੰ ਕੀ ਤਕਲੀਫ ਐ? ਮੈਂ ਤੁਹਾਡੇ ਮੂੰਹ ਵੱਲ ਘੰਟੇ ਦਾ ਦੇਖਦਾਂ, ਤੁਸੀਂ ਚੁੱਪ ਨਹੀਂ ਕਰ ਰਹੇ।’ ਮੇਰੇ ਕਹਿਣ ਨਾਲ ਉਹ ਚੁੱਪ ਹੋ ਗਿਆ। ਥੋੜ੍ਹੀ ਦੇਰ ਚੁੱਪ ਕਰ ਕੇ ਉਹ ਫੇਰ ਬੁੜਬੁੜਾਉਂਦਾ ਰਿਹਾ।

ਮੈਂ ਸ਼ਸ਼ੋਪੰਜ ਵਿਚ ਪੈ ਗਿਆ ਤੇ ਤਜ਼ਵੀਜਾਂ ਘੜਨ ਲੱਗਿਆ ਕਿ ਇਹਨੂੰ ਕਿਵੇਂ ਸਮਝਾਇਆ ਜਾਵੇ। ਡਰਾਈਵਰ ਬੱਸ ਚਲਾ ਰਿਹਾ ਸੀ, ਕੰਡਕਟਰ ਨੇ ‘ਕੋਈ ਮਰੇ ਕੋਈ ਜੀਵੇ’ ਵਾਲੀ ਅਣਗਹਿਲੀ ਫੜੀ ਹੋਈ ਸੀ। ਕਦੇ ਪੈਰ ਲਿਤਾੜ ਜਾਂਦਾ ਜਾਂ ਡਰਾਈਵਰ ਪਿੱਛੇ ਖੜ੍ਹਾ ਗੱਪਾਂ ਮਾਰੀ ਜਾਂਦਾ। ਲੋਕ ਵੀ ‘ਚੁੱਪ ਭਲੀ’ ਦੇ ਮੂਡ ਵਿੱਚ ਆਪੋ-ਆਪਣੇ ਟਿਕਾਣਿਆਂ ਵੱਲ ਜਾ ਰਹੇ ਸਨ। ਕਿਸੇ ਨੇ ਵੀ ਉਹਨੂੰ ਕੁਝ ਕਹਿਣ ਦੀ ਜੁੱਰਤ ਨਾ ਕੀਤੀ। ਮੈਂਨੂੰ ਲੋਕਾਂ ਦੀ ਇਸ ਕਾਇਰਤਾ ਭਰੀ ਚੁੱਪ ਨੇ ਉਦਾਸ ਜਿਹਾ ਕਰ ਦਿੱਤਾ।

ਮੈਂ ਸੋਚਣ ਲੱਗ ਪਿਆ ਕਿ ਮੈਂ ਇਸ ਸ਼ਖ਼ਸ ਦਾ ਕੀ ਵਿਗਾੜਿਆ ਹੈ? ਇਸ ਬੰਦੇ ਦਾ ਕੀਤਾ ਕੀ ਜਾਵੇ? ਕੁੜਿੱਕੀ ਵਿੱਚ ਬੰਦਾ ਗਲਤ ਕੰਮ ਵੀ ਕਰ ਬੈਠਦਾ ਹੈ। ਗਾਲ਼ੀ-ਗਲੋਚ ਦੀ ਮੇਰੀ ਆਦਤ ਨਹੀਂ। ਕਾਨੂੰਨ? ਪੁਲਿਸ? ਮੈਂ ਸੋਚਾਂ ਵਿਚ ਗੋਤੇ ਖਾਣ ਲੱਗਾ।

‘ਇਹ ਕੋਈ ਨਵੀਂ ਗੱਲ ਨਹੀਂ, ਇਸ ਤਰ੍ਹਾਂ ਹੁੰਦਾ ਹੀ ਰਹਿੰਦਾ ਹੈ।’ ਮੈਂ ਆਪਣੇ ਆਪ ਨੂੰ ਸੰਭਾਲਿਆ ਅਤੇ ਹੂੰ-ਹਾਂ ਵਿੱਚ ਜਵਾਬ ਦਿੰਦਾ ਰਿਹਾ, ਪਰ ਮੇਰਾ ਆਪਣਾ-ਪਣ ਖੁੱਸ ਗਿਆ।

ਜਦੋਂ ਕਿਸੇ ਨੂੰ ਔਕੜ ਆਉਂਦੀ ਹੈ ਤਾਂ ਦੱਸ ਕੇ ਨਹੀਂ ਆਉਂਦੀ। ਇਹਦੀ ਰੌਸ਼ਨੀ ਹੀ ਐਨੀ ਤੇਜ਼ ਹੁੰਦੀ ਹੈ ਕਿ ਦੇਖਣ ਵਾਲ਼ੇ ਦੀਆਂ ਅੱਖਾਂ ਚੁੰਧਿਆ ਜਾਂਦੀਆਂ ਹਨ। ਗੱਲ ਕਿਤੇ ਗਲਤ ਪਾਸੇ ਨੂੰ ਮੋੜ ਨਾ ਕੱਟ ਜਾਵੇ, ਇਸ ਲਈ ਪਹਿਲਾਂ ਮੈਂ ਉਹਦੀਆਂ ਹਰਕਤਾਂ ਨੂੰ ਬੇ-ਧਿਆਨ ਕਰਨ ਦਾ ਯਤਨ ਕੀਤਾ। ਕਦੇ ਮੈਂਨੂੰ ਉਸ ਆਦਮੀ ਉੱਤੇ ਗੁੱਸਾ ਆਵੇ, ਕਦੇ ਤਰਸ ਆਵੇ। ਬੱਸ ਇਕ ਜਗ੍ਹਾ ਰੁਕੀ, ਰੌਲਾ ਕੁੱਝ ਘਟ ਗਿਆ। ਉਹ ਬੰਦਾ ਅਜੇ ਵੀ ਬੁੜਬੁੜ ਕਰੀ ਜਾ ਰਿਹਾ ਸੀ।

‘ਸਰਦਾਰ ਜੀ, ਤੁਹਾਡਾ ਪਿੰਡ ਕਿਹੜਾ?’ ਆਖਰ ਮੇਰੇ ਤੋਂ ਰਿਹਾ ਨਾ ਗਿਆ।

‘ਮੇਰੇ ਪਿੰਡ ਤੋਂ ਤੂੰ ਬਤਾਊਂ ਲੈਣੇ ਆ?’ ਉਹ ਵੀ ਕਿਹੜਾ ਢਿੱਲ ਕਰਨ ਵਾਲਾ ਸੀ। ਮੈਨੂੰ ਲੱਗਿਆ ਕਿ ਗੱਲ ਬਤਾਊਆਂ ਤੋਂ ਵਧਦੀ ਵਧਦੀ ਗਾਲੀ-ਗਲੋਚ ਵੱਲ ਜਾਣ ਵਾਲੀ ਹੈ। ਮੈਂ ਮਨ ਬਣਾ ਲਿਆ ਕਿ ਜੇਕਰ ਉਹਨੇ ਮਾਂ-ਭੈਣ ਦੀ ਗਾਲ੍ਹ ਕੱਢ ਦਿੱਤੀ ਤਾਂ ਮੈਂ ਗਾਲ੍ਹ ਦਾ ਜਵਾਬ ਥੱਪੜ ਨਾਲ ਦੇਵਾਂਗਾ। ਮੇਰੇ ਡੌਲੇ ਫਰਕਣ ਲੱਗ ਪਏ, ਅੱਖਾਂ ਵਿਚ ਖੂਨ ਉੱਤਰ ਆਇਆ। ਪਰ ਰਿਹਾ ਮੈਂ ਚੁੱਪ ਹੀ। ਮੈਨੂੰ ਚੁੱਪ-ਗੜੁੱਪ ਦੇਖ ਕੇ ਓਹ ਫੇਰ ਬੋਲ ਉੱਠਿਆ, ‘ਤੂੰ ਮੇਰੇ ’ਤੇ ਧੌਂਸ ਜਮਾਉਣੀ ਚਾਹੁਨੈਂ? ਬਥੇਰੇ ਦੇਖੇ ਆ ਮੈਂ ਤੇਰੇ ਵਰਗੇ।’ 

‘ਚੱਲ ਫੇਰ, ਆ ਬੱਸ ਤੋਂ ਬਾਹਰ; ਤੇਰਾ ਕਰਾਂ ਇਲਾਜ।’ ਅੱਭੜਵਾਹੇ ਮੁੱਕਾ ਬਣਾ ਕੇ ਮੈਂ ਆਪਣੀ ਸੀਟ ਤੋਂ ਉੱਠ ਖੜ੍ਹਾ ਹੋਇਆ। ਜਿਉਂ ਹੀ ਮੈਂ ਉੱਠਿਆ, ਮੇਰੇ ਲੱਕ ਨੂੰ ਪਿੱਛੋਂ ਕਿਸੇ ਨੇ ਸਰਾਲ੍ਹ ਵਾਂਗ ਜੱਫਾ ਪਾ ਲਿਆ ਤੇ ਮੈਂਨੂੰ ਨਿੱਸਲ਼ ਕਰ ਦਿੱਤਾ। ਬਤਾਊਂਆਂ ਵਾਲਾ ਉੱਠਦਾ ਉੱਠਦਾ ਫਿਰ ਬੈਠ ਗਿਆ। ਜੇ ਉਹ ਚਾਹੁੰਦਾ ਤਾਂ ਮੇਰਾ ਮੂੰਹ-ਮੱਥਾ ਭੰਨ ਸਕਦਾ ਸੀ। ਪਰ ਉਹ ਬੈਠ ਗਿਆ ਤੇ ਚੁੱਪ ਵੀ ਹੋ ਗਿਆ। ਉਸਨੂੰ ਬੈਠਾ ਦੇਖ ਕੇ ਮੇਰਾ ਮੁੱਕਾ ਵੀ ਢਿੱਲਾ ਹੋ ਗਿਆ। ਪਿੱਛੋਂ ਸਰਾਲ਼ ਨੇ ਵੀ ਆਪਣਾ ਜੱਫਾ ਛੱਡ ਦਿੱਤਾ। ਮੈਂ ਚੁੱਪ-ਚਾਪ ਬੈਠ ਗਿਆ। ਮੇਰੇ ਸੱਜੇ ਪਾਸੇ ਇੱਕ ਛੋਟੇ ਕੱਦ ਵਾਲਾ ਸੁੱਕਿਆ ਜਿਹਾ ਬਜ਼ੁਰਗ ਬੈਠਾ ਸੀ। ਇਹ ਸਭ ਕੁਝ ਜਿਵੇਂ ਅੱਖ ਦੇ ਫਰਕੇ ਵਿਚ ਹੋ ਗਿਆ ਹੋਵੇ। ਬੱਸ ਫਿਰ ਚੱਲ ਪਈ।

‘ਬਾਬਾ ਜੀ, ਤੁਸੀਂ ਮੇਰਾ ਕੂੰਡਾ ਕਰਵਾ ਦੇਣਾ ਸੀ।’ ਮੈਂ ਬਜ਼ੁਰਗ ਵੱਲ ਦੇਖ ਕੇ ਨਿਰਾਸਤਾ ਭਰੇ ਗੁੱਸੇ ਵਿਚ ਕਿਹਾ। ਬਾਬੇ ਨੇ ਕੋਈ ਜਵਾਬ ਨਾ ਦਿੱਤਾ, ਸਗੋਂ ਮੂੰਹ ਫੇਰ ਲਿਆ।

‘ਚਲੋ, ਮੇਰਾ ਤਾਂ ਜੋ ਬਣਦਾ, ਸੋ ਬਣਦਾ; ਤੁਸੀਂ ਤਾਂ ਮੁਫਤ ਵਿੱਚ ਦਰੜੇ ਜਾਣਾ ਸੀ ਜੇ ਉਹ ਢਿੱਡਲ਼ ਮੇਰੇ ਤੇ ਵਾਰ ਕਰ ਦਿੰਦਾ।’ ਬਾਬੇ ਨੇ ਖਚਰੀ ਜਿਹੀ ਮੁਸਕੜੀ ਨਾਲ ਮੇਰੇ ਵੱਲ ਦੇਖਿਆ ਪਰ ਜਵਾਬ ਕੋਈ ਨਾ ਦਿੱਤਾ। ਮੈਂਨੂੰ ਲੱਗਿਆ ਜਿਵੇਂ ਉਹ ਮੇਰੀ ਮੂਰਖਤਾ ਉੱਤੇ ਹੱਸ ਰਿਹਾ ਹੋਵੇ।

ਪੁਲਸ … ਡਰਾਈਵਰ … ਕੰਡਕਟਰ, ਸਭ ਖਿਆਲ ਮੇਰੇ ਮਨ ਵਿਚ ਘੁੰਮ ਰਹੇ ਸਨ।

ਮੈਂ ਬਾਬੇ ਨੂੰ ਉਹਦੇ ਦੌਲਤਖਾਨੇ ਵਾਰੇ ਪੁੱਛਿਆ ਪਰ ਉਹ ਚੁੱਪ ਹੀ ਰਿਹਾ। ਕੋਲ ਬੈਠਾ ਇਕ ਨਿਹੰਗ ਸਿੰਘ ਮੂੰਹ ਹਿਲਾ ਰਿਹਾ ਸੀ, ਜਿਵੇਂ ਕੁਝ ਚੱਬ ਰਿਹਾ ਹੋਵੇ। ਕੰਡਕਟਰ ਬਾਂਦਰ ਵਾਂਗ ਲਟਕ ਕੇ ਬੱਸ ਵਿੱਚੋਂ ਉੱਤਰ ਜਾਂਦਾ ਤੇ ਸੀਟੀ ਮਾਰ ਕੇ ਬਾਂਦਰ ਵਾਂਗ ਟਪੂਸੀ ਮਾਰ ਕੇ ਬੱਸ ਵਿਚ ਆ ਵੜਦਾ। ਲੋਕ ਚੜ੍ਹੀ ਉੱਤਰੀ ਜਾ ਰਹੇ ਸਨ।

‘ਬਾਬਾ ਜੀ, ਤੁਸੀਂ ਖਿਆਲ ਰੱਖਿਆ ਕਰੋ ਆਪਣਾ।’ ਇੱਕ ਥਾਂ ਬੱਸ ਰੁਕੀ ਤਾਂ ਮੈਂ ਬਾਬੇ ਨੂੰ ਕਿਹਾ।

‘ਦੱਸ ਭਾਈ, ਮੈਂ ਹੋਰ ਕੀ ਕਰਦਾ? ਉਹ ਮੇਰਾ ਅਪਣਾ ਲਹੂ ਹੈ।’ ਕਹਿੰਦਾ ਹੋਇਆ ਬਾਬਾ ਮੇਰੇ ਨਾਲ ਘਿਸਰ ਕੇ ਬੱਸ ਤੋਂ ਉੱਤਰ ਗਿਆ। ਬਾਬੇ ਦਾ ਮੀਸਣਾ ਸਿੰਘ ਉਸ ਤੋਂ ਪਹਿਲਾਂ ਹੀ ਉੱਤਰ ਚੁੱਕਿਆ ਸੀ। ਬਾਬਾ ਨੀਵੀਂ ਪਾਈ ਆਪਣੇ ਲਹੂ ਦੇ ਪਿੱਛੇ ਪਿੱਛੇ ਤੁਰਿਆ ਜਾ ਰਿਹਾ ਸੀ। ਕੰਡਕਟਰ ਨੇ ਸੀਟੀ ਮਾਰੀ ਤੇ ਬੱਸ ਤੁਰ ਪਈ। …

***
(67)

(‘ਲਿਖਾਰੀ’ ਵਿੱਚ ਪਹਿਲਾਂ ਛਪਿਆ: 16 ਜੁਲਾਈ 2007)
ਸਵੈ-ਜੀਵਨੀ *ਇਕ ਮੋੜ ਵਿਚਲਾ ਪੈਂਡਾ (2019) ਵਿਚੋਂ ਸਫਾ 44-48

About the author

ਡਾ. ਗੁਰਦੇਵ ਸਿੰਘ ਘਣਗਸ
ਡਾ. ਗੁਰਦੇਵ ਸਿੰਘ ਘਣਗਸ
+ ਲਿਖਾਰੀ ਵਿੱਚ ਛਪੀਆਂ ਰਚਨਾਵਾਂ ਦਾ ਵੇਰਵਾ

ਡਾ. ਗੁਰਦੇਵ ਸਿੰਘ ਘਣਗਸ

View all posts by ਡਾ. ਗੁਰਦੇਵ ਸਿੰਘ ਘਣਗਸ →