ਅਦੀਬ ਸਮੁੰਦਰੋਂ ਪਾਰ ਦੇ:
ਅਜੋਕੇ ਸਮੇਂ ਦਾ ਸੂਫ਼ੀ ਸ਼ਾਇਰ ਸ਼ਮੀ ਜਲੰਧਰੀ
-ਹਰਮੀਤ ਸਿੰਘ ਅਟਵਾਲ-
ਸੰਨ 1971 ਵਿਚ ਉਤਰਾਖੰਡ ਦੇ ਸ਼ਹਿਰ ਰੁੜਕੀ ਵਿਚ ਜੰਮਿਆ ਸ਼ਾਇਰ ਸ਼ਮੀ ਜਲੰਧਰੀ ਸਾਲ 2006 ਵਿਚ ਆਪਣੇ ਪਰਿਵਾਰ ਸਮੇਤ ਆਸਟ੍ਰੇਲੀਆ ਦੇ ਸ਼ਹਿਰ ਐਲੀਲੇਡ ਜਾ ਵਸਿਆ। ਸੂਫ਼ੀ ਰੰਗ ਦੀ ਸ਼ਾਇਰੀ ਦੀ ਸਿਰਜਣਾ ਕੀਤੀ। ਦਰਅਸਲ ਪੰਜਾਬੀ ਕਾਵਿ-ਜਗਤ ਅੰਦਰ ਸੂਫ਼ੀ ਕਾਵਿ-ਧਾਰਾ ਦਾ ਇਕ ਆਪਣਾ ਵਿਲੱਖਣ ਪ੍ਰਭਾਵ ਹੈ ਜਿਸ ਨੂੰ ਅੱਗੋਂ ਸਮੇਂ-ਸਮੇਂ ਵੱਖ-ਵੱਖ ਕਲਮਕਾਰਾਂ ਵਲੋਂ ਆਪਣੇ-ਆਪਣੇ ਅੰਦਾਜ਼ ’ਚ ਕਬੂਲਕੇ ਸਿਰਜਣਾ ਕੀਤੀ ਜਾਂਦੀ ਰਹੀ ਹੈ। ਇਸ ਕਾਰਜ ਦਾ ਇਕ ਲੰਬਾ ਸਿਲਸਿਲਾ ਹੈ। ਲੰਬੀ ਲੜੀ ਹੈ। ਸ਼ਮੀ ਜਲੰਧਰੀ ਵੀ ਇਸੇ ਲੜੀ ਅਧੀਨ ਆਉਂਦਾ ਅੱਜ ਦੇ ਸਮੇਂ ਦਾ ਸੂਫ਼ੀ ਸ਼ਾਇਰ ਹੈ ਜਿਸ ਦੀ ਸ਼ਾਇਰੀ ਪਹਿਲਾਂ ਇਸ਼ਕ ਮਿਜ਼ਾਜੀ ਤੋਂ ਇਸ਼ਕ ਹਕੀਕੀ ਤੋਂ ਇਬਾਦਤ ਵੱਲ ਮੁਹਾਰਾਂ ਮੋੜਦੀ ਹੈ। ਸ਼ਮੀ ਜਲੰਧਰੀ ਦੀਆਂ ਸੂਫ਼ੀ ਸੰਵੇਦਨਾ ਨਾਲ ਸਬੰਧਿਤ ਇਨ੍ਹਾਂ ਸੂਖਮ ਰਮਜ਼ਾਂ ਦੇ ਰਾਜ਼ ਉਸ ਦੀਆਂ ਦੋਵੇਂ ਕਾਵਿ-ਪੁਸਤਕਾਂ ‘ਪਹਿਲੀ ਬਾਰਿਸ਼’ ਤੇ ‘ਇਸ਼ਕ ਮੇਰਾ ਸੁਲਤਾਨ’ ’ਚੋਂ ਬਿਹਤਰ ਸਮਝੇ ਜਾ ਸਕਦੇ ਹਨ। ਇਸ ਪ੍ਰਥਾਇ ਇਥੇ ਉਸਤਾਦ ਗ਼ਜ਼ਲਗੋ ਸੁਲੱਖਣ ਸਰਹੱਦੀ ਦੇ ਸ਼ਮੀ ਜਲੰਧਰੀ ਦੀ ਕਵਿਤਾ ਬਾਰੇ ਇਹ ਵਿਚਾਰ ਬਿਲਕੁਲ ਢੁੱਕਵੇਂ ਹਨ ਕਿ ‘ਐਸੀ ਕਵਿਤਾ ਉਹੀ ਕਵੀ ਸਿਰਜ ਸਕਦਾ ਹੈ ਜਿਸ ਨੇ ਆਪਣੇ ਮਨ ਮਸਤਕ ਵਿਚ ਪ੍ਰੀਤ ਵਿਚਾਰਧਾਰਾ ਪੈਦਾ ਕੀਤੀ ਹੋਵੇ।’
‘ਇਸ਼ਕ ਮੇਰਾ ਸੁਲਤਾਨ’ ਵਿੱਚੋਂ ਸ਼ਮੀ ਦੀ ਕਾਵਿ-ਰਚਨਾ ਦੇ ਕੁਝ ਅੰਸ਼ ‘ਇਲਮ ਦਾ ਦੀਵਾ’ ਕਵਿਤਾ ਵਿੱਚੋਂ ਸਾਂਝੇ ਕਰਦੇ ਹਾਂ:-
ਇਲਮ ਦਾ ਦੀਵਾ ਹੱਥੀਂ ਫੜਿਆ
ਮਨ ਵਿਚ ਘੋਰ ਹਨ੍ਹੇਰਾ ਵੜਿਆ
ਹਰ ਵੇਲੇ ਜੋ ਰੱਬ ਰੱਬ ਕਰਦਾ
ਲੋਕਾਂ ਨਾਲ ਉਹ ਰਹਿੰਦਾ ਲੜਿਆ
ਸਬਰ ਇਸ਼ਕ ਦਾ ਐਸਾ ਹੁੰਦਾ
ਸਭ ਕੋਲੋਂ ਨਾ ਜਾਂਦਾ ਪੜ੍ਹਿਆ
ਮਰਕੇ ਵੀ ਉਹ ਜ਼ਿੰਦਾ ਹੈ ਜੋ
ਸੱਚ ਦੀ ਖ਼ਾਤਿਰ ਸੂਲੀ ਚੜ੍ਹਿਆ।
ਉਹ ਕੀ ਜਾਣੇ ਛਾਂ ਵਸਲਾਂ ਦੀ
ਹਿਜਰ ਦੀ ਜੋ ਨਾ ਧੁੱਪ ਵਿਚ ਸੜਿਆ।
ਚੜ੍ਹਦੇ ਚੇਤਰ ਫੁੱਲ ਖਿੜ ਪੈਂਦੇ
ਜੋ ਬੂਟਾ ਪੱਤਝੜ ਵਿਚ ਝੜਿਆ।
ਸ਼ਮੀ ਜਲੰਧਰੀ ਦੇ ਰਹੱਸਾਤਮਕ ਸੂਫ਼ੀ ਅਨੁਭਵ ’ਚੋਂ ਨਿਕਲੀਆਂ ਇਹ ਸਤਰਾਂ ਵੀ ਕਮਾਲ
ਦੀਆਂ ਹਨ:-
ਇਸ਼ਕ ਇਬਾਦਤ ਦੋਵੇਂ ਜਿੱਥੇ
ਓਥੇ ਰੱਬ ਵਸੇਂਦਾ
ਮੰਗਣ ਦੀ ਫਿਰ ਲੋੜ ਨਾ ਕਾਈ
ਬਿਨ ਮੰਗੇ ਉਹ ਦੇਂਦਾ।
***
ਦਿਲ ਦੇ ਵਿਹੜੇ ਉਗ ਪਏ ਨੇ,
ਗਿੱਠ ਗਿੱਠ ਲੰਮੇ ਗ਼ਮ।
ਦਰਦਾਂ ਦੇ ਵਿੱਚ ਲਿਸ਼ਕ ਰਿਹਾ ਹੈ,
ਮੇਰਾ ਜ਼ਖ਼ਮ ਜ਼ਖ਼ਮ।
ਮਿਲਿਆ ਨਾ ਜਦ ਮੈਨੂੰ ਕੋਈ,
ਚਾਰਾਗਰ ਕਿਧਰੇ
ਪੀੜ ਮੇਰੀ ਫਿਰ ਚੈਨ ਬਣੀ
ਤੇ ਹਿਜਰ ਮੇਰਾ ਮਰਹਮ।
ਵਕਤ ਮੇਰੇ ਨੇ ਖਾਧੇ ਨੇ,
ਸ਼ਹਿਤੂਤ ਮੁਹੱਬਤ ਦੇ,
ਤਾਂ ਹੀ ਮੇਰੀ ਝੋਲੀ ਵਿਚ
ਨੇ ਯਾਦਾਂ ਦੇ ਰੇਸ਼ਮ।
ਹਾਰ ਵੀ ਮੈਨੂੰ ਆਪਣੀ
ਜਿੱਤ ਦੇ ਵਾਂਗਰ ਲਗਦੀ ਹੈ
ਕਿਉਕਿ ਮੇਰੇ ਹੱਥਾਂ ਵਿਚ ਹੈ
ਉਸ ਦਾ ਹੀ ਪਰਚਮ।
ਦੀਦ ਜਦੋਂ ਵੀ ਹੁੰਦੀ ਉਸ ਦੀ,
ਖ਼ਾਬਾਂ ਦੇ ਅੰਦਰ
ਨੀਂਦਰ ਵਿੱਚ ਵੀ ਹੋ ਜਾਂਦੀ ਹੈ,
ਬਾਰਿਸ਼ ਦੀ ਛਮ ਛਮ।
ਜਿਹੜੇ ਗੀਤ ਸੁਣਾਏ
ਮੈਨੂੰ ਤੇਰੀ ਧੜਕਣ ਨੇ
ਮੇਰੇ ਦਿਲ ਵਿੱਚ ਗੂੰਜੇ ਹਰ ਪਲ
ਉਸ ਦੀ ਹੀ ਸਰਗਮ।
ਨਿਰਸੰਦੇਹ ਸ਼ਮੀ ਜਲੰਧਰੀ ਦੇ ਕਾਵਿ-ਲਫ਼ਜ਼ਾਂ ਵਿਚ ਰੂਹਾਨੀਅਤ ਦੀ ਅਗਨ ਤੇ ਮੁਹੱਬਤ ਦਾ ਸੇਕ ਹੈ। ਉਸ ਦੀ ਸ਼ਬਦਾਵਲੀ ਵਿਚ ਆਲਮੀ ਪੰਜਾਬੀ ਦੀ ਸੁਗੰਧ ਹੈ। ਉਸ ਦੇ ਖ਼ਿਆਲਾਂ ਵਿਚ ਪਾਕੀਜ਼ਗੀ, ਸੂਫ਼ੀਆਨਾ ਰੰਗਤ ਤੇ ਇਸ਼ਕ ਦਾ ਨਖ਼ਰਾ ਹੈ। ਉਸ ਵੱਲੋਂ ਵਰਤੇ ਲਫ਼ਜ਼ ਉਸ ਦੇ ਕਹਿਣੇ ’ਚ ਹਨ। ਉਨ੍ਹਾਂ ਦੀ ਲੈਅ ਵਿਚ ਭਰਪੂਰ ਰਵਾਨੀ ਹੈ। ਸ਼ਮੀ ਦੀ ਸ਼ਾਇਰੀ ’ਚ ਕੋਈ ਇਲਾਕਾਈ ਅਸਰ ਨਹੀਂ ਹੈ। ਉਸ ਦੇ ਕਲਾਮ ਨੂੰ ਚੜ੍ਹਦੇ-ਲਹਿੰਦੇ ਪੰਜਾਬ ਵਿਚ ਬਰਾਬਰ ਪੜ੍ਹਿਆ ਜਾਂਦਾ ਹੈ। ਲਹਿੰਦੇ ਪੰਜਾਬ ਦੇ ਸ਼ਾਹਮੁਖੀ ਪਾਠਕਾਂ ’ਚ ਵੀ ਸ਼ਮੀ ਨੂੰ ਸ਼ਾਨਦਾਰ ਪ੍ਰਵਾਨਗੀ ਮਿਲੀ ਹੈ।
ਸ਼ਮੀ ਦਾ ਪੰਜਾਬੀ ਅਤੇ ਹਿੰਦੀ ਫ਼ਿਲਮਾਂ ਵਿਚ ਗੀਤ ਲਿਖਣ ਦਾ ਅੰਦਾਜ਼ ਵੀ ਭਾਵਪੂਰਤ ਹੈ। ਉੱਥੇ ਵੀ ਉਸ ਦਾ ਸੂਫ਼ੀਆਨਾ ਅਦਬੀ ਅੰਦਾਜ਼ ਅਸਰ ਅੰਦਾਜ਼ ਹੈ। ਉਸ ਦੇ ਗੀਤਾਂ ਨੂੰ ਵਲੈਤ ਵੱਸਦੇ ਨਾਮਵਰ ਸੰਗੀਤਕਾਰ ਮੁਖਤਾਰ ਸਹੋਤਾ ਨੇ ਸੰਗੀਤ ਦੇ ਕੇ ਕਈ ਫ਼ਿਲਮਾਂ ਤਕ ਪਹੁੰਚਾਇਆ। ਉਸ ਦੇ ਕਈ ਗੀਤ ਰਿਕਾਰਡ ਹੋਏ ਹਨ। ਉਸ ਦੇ ਗੀਤ ਗਾਉਣ ਵਾਲਿਆਂ ਵਿਚ ਪਾਕਿਸਤਾਨੀ ਗਾਇਕ ਆਰਿਫ਼ ਲੋਹਾਰ, ਮੁਹੰਮਦ ਅਲੀ, ਨੂਰਾਂ ਭੈਣਾਂ ਤੇ ਸੂਫ਼ੀ ਗਾਇਕ ਯਾਕੂਬ ਦੇ ਨਾਂ ਸ਼ਾਮਲ ਹਨ। ਸ਼ਮੀ ਜਲੰਧਰੀ ਦੇ ਸਾਹਿਤਕ ਗੀਤ ਕਈ ਮਹਿਫ਼ਲਾਂ ਦਾ ਸ਼ਿੰਗਾਰ ਵੀ ਬਣਦੇ ਹਨ। ਤਕਰੀਬਨ ਪਿਛਲੇ ਇਕ ਦਹਾਕੇ ਤੋਂ ਪੰਜਾਬੀ ਗਾਇਕ ਸੁਨੀਲ ਡੋਗਰਾ ਦੇਸ਼ਾਂ-ਵਿਦੇਸ਼ਾਂ ’ਚ ਸ਼ਮੀ ਦੇ ਗੀਤਾਂ ਨੂੰ ਆਪਣੀਆਂ ਮਹਿਫ਼ਲਾਂ ਵਿਚ ਗਾ ਰਹੇ ਹਨ। ਸ਼ਮੀ ਜਲੰਧਰੀ ਖ਼ੁਦ ਵੀ ਗਾਉਂਦਾ ਹੈ। ਉਸ ਦੀ ਆਪਣੀ ਆਵਾਜ਼ ਦਾ ਜਾਦੂ ਵੀ ਅਸਰਦਾਇਕ ਹੈ। ਸ਼ਮੀ ਨੇ ਆਪਣੀ ਆਵਾਜ਼ ਵਿਚ ਆਪਣੀਆਂ ਕਾਵਿ-ਰਚਨਾਵਾਂ ਦੀਆਂ ਤਿੰਨ ਐਲਬਮਾਂ ‘ਦਸਤਕ’, ‘ਫ਼ਕੀਰੀਆਂ’ ਤੇ ‘ਇਸ਼ਕ ਮੇਰਾ ਸੁਲਤਾਨ’ ਤਿਆਰ ਕਰਕੇ ਡਿਜੀਟਲ ਪਲੇਟਫਾਰਮ ਤਕ ਪਹੁੰਚਾਈਆਂ ਹਨ। ਸ਼ਮੀ ਨੇ ਆਪਣੀਆਂ ਹੀ ਨਹੀਂ ਸਗੋਂ ਹੋਰ ਸ਼ਾਇਰਾਂ ਦੀਆਂ ਰਚਨਾਵਾਂ ਨੂੰ ਵੀ ਆਪਣੀ ਆਵਾਜ਼ ਦਿੱਤੀ ਹੈ। ਆਸਟ੍ਰੇਲੀਆ ਵੱਸਦੇ ਨਾਮਵਰ ਨੌਜਵਾਨ ਸ਼ਾਇਰ ਜਸਵੰਤ ਵਾਗਲਾ ਤੇ ਪਾਕਿਸਤਾਨੀ ਸ਼ਾਇਰ ਤਜੱਮਲ ਕਲੀਮ ਦੀਆਂ ਕਾਵਿ-ਰਚਨਾਵਾਂ ਨੂੰ ਵੀ ਐਲਬਮਾਂ ਦਾ ਰੂਪ ਦਿੱਤਾ ਹੈ। ਕੁਲ ਮਿਲਾ ਕੇ ਵਿਦੇਸ਼ ਵਿਚ ਵਿਚਰਦਿਆਂ ਸ਼ਮੀ ਜਲੰਧਰੀ ਪੰਜਾਬੀ ਸਾਹਿਤ ਦੀਆਂ ਸਰਗਰਮੀਆਂ ਵਿਚ ਆਪਣਾ ਵਿਸ਼ੇਸ਼ ਯੋਗਦਾਨ ਨਿਰੰਤਰ ਪਾ ਰਿਹਾ ਹੈ।
ਸ਼ਮੀ ਜਲੰਧਰੀ ਨਾਲ ਹੋਏ ਅਦਬੀ ਵਿਚਾਰ-ਵਿਮਰਸ਼ ’ਚੋਂ ਉਸ ਵੱਲੋਂ ਕੁਝ ਅੰਸ਼ ਹਾਜ਼ਿਰ ਹਨ:-
* ਇਹ ਹਰਫ਼ਾਂ ਦੇ ਜੇਵਰ ਮੇਰੀ ਰੂਹ ਦੇ ਮੇਚ ਆ ਗਏ। ਇਹ ਜੋ ਕੁਝ ਵੀ ਹੋਇਆ, ਮੇਰੀ ਕਾਬਲੀਅਤ ਨਹੀਂ, ਇਹ ਸਭ ਉਸ ਇਸ਼ਕ ਦਾ ਹੀ ਕਮਾਲ ਹੈ ਜੋ ਜ਼ੱਰੇ-ਜ਼ੱਰੇ ਅੰਦਰ ਮੌਜੂਦ ਹੈ। ਇਹ ਪਰਬਤਾਂ ਦੀ ਸਿਖ਼ਰ, ਨਦੀਆਂ ਦੀ ਰਵਾਨੀ, ਸਾਗਰਾਂ ਦੀ ਗਹਿਰਾਈ ਅਤੇ ਪਰਿੰਦਿਆਂ ਦੀ ਉਡਾਣ, ਇਹ ਸਭ ਉਸ ਇਸ਼ਕ ਦੀ ਹੀ ਕਰਾਮਾਤ ਹੈ।
* ਇਸ਼ਕ ਹਕੀਕੀ ਜਾਣਨ ਲਈ ਇਸ਼ਕ ਮਜ਼ਾਜੀ ਦੀ ਸਮਝ ਹੋਣੀ ਬਹੁਤ ਜ਼ਰੂਰੀ ਹੈ।
* ਸ਼ਾਇਰੀ ਇਕ ਐਸਾ ਹੁਨਰ ਹੈ ਜੋ ਇਨਸਾਨ ਨੂੰ ਅੰਦਰੋਂ ਤਬਦੀਲ ਕਰਨ ਦੀ ਤਾਕਤ ਰੱਖਦਾ ਹੈ। ਮੇਰੇ ਖ਼ਿਆਲ ਨਾਲ ਸ਼ਾਇਰ ਪਹਿਲਾਂ ਆਪਣੇ ਅੰਦਰ ਤਬਦੀਲੀ ਲਿਆਵੇ ਤਾਂ ਹੀ ਉਸ ਦੀ ਸ਼ਾਇਰੀ ਪਾਠਕਾਂ ਅੰਦਰ ਆਪਣਾ ਅਸਰ ਦਿਖਾਵੇਗੀ।
* ਆਸਟ੍ਰੇਲੀਆ ਵਿਚ ਪੰਜਾਬੀ ਸਾਹਿਤ ਦਾ ਭਵਿੱਖ ਬਹੁਤ ਉਜਵਲ ਹੈ।
* ਪਰਵਾਸ ਵਿਚ ਸਾਹਿਤ ਰਚੇ ਜਾਣ ਨਾਲ ਪੰਜਾਬੀ ਜ਼ੁਬਾਨ ਦਾ ਅੰਤਰ ਰਾਸ਼ਟਰੀ ਪੱਧਰ ਤੇ ਰੁਤਬਾ ਹੋਰ ਬੁਲੰਦ ਹੋਇਆ ਹੈ।
ਨਿਰਸੰਦੇਹ ਸ਼ਮੀ ਜਲੰਧਰੀ ਦੇ ਵਿਚਾਰਾਂ ਨੂੰ ਗਹਿਰਾਈ ਨਾਲ ਵਿਚਾਰਨਾ ਬਣਦਾ ਹੈ। ਸਮੇਂ ਦੇ ਸੱਚ ਨੂੰ ਵੀ ਦਰਸਾਉਂਦੇ ਇਸ ਸੂਫ਼ੀ ਸ਼ਾਇਰ ਦੇ ਇਨ੍ਹਾਂ ਕਾਵਿ-ਬੋਲਾਂ ਨਾਲ ਹੀ ਇਜਾਜ਼ਤ ਦਿਓ:-
ਖੌਰੇ ਕੀ ਜ਼ਿੰਦਗੀ ਦੇ ਵਿਚ
ਬਵਾਲ ਹੋ ਗਿਆ
ਖ਼ੁਦ ਤੀਕ ਖ਼ੁਦ ਨੂੰ ਪਹੁੰਚਣਾ
ਮੁਹਾਲ ਹੋ ਗਿਆ
ਰਿਸ਼ਤੇ ਗਏ ਤਰੇੜੇ ਤੇ
ਟੁੱਟ ਕੇ ਬਿਖਰ ਗਏ
ਬੰਦਾ ਹੀ ਬੰਦੇ ਵਾਸਤੇ
ਭੂਚਾਲ ਹੋ ਗਿਆ।
***
|