26 April 2024

ਪੰਜਾਬੀ ਭਾਸ਼ਾ ਵਿਚ ਸ਼ਬਦ-ਜੋੜਾਂ ਦੀ ਸਮੱਸਿਆ –ਪ੍ਰੋ. ਅੱਛਰੂ ਸਿੰਘ

 

ਇਹ ਰਚਨਾ ਲਿਖਾਰੀ’  ਦੇ ਸਹਿਯੋਗੀ ਕੰਵਰ ਬਰਾੜ ਦੇ ਉੱਦਮ ਸਦਕਾ ਪੁਰਾਣੀਆਂ ਫਾਈਲਾਂ ਤੋਂ ਚੁੱਕ ਕੇ ਲੋੜੀਂਦੀ ਤਬਦੀਲੀ ਕਰਨ ਉਪਰੰਤਲਿਖਾਰੀ.ਨੈੱਟਤੇ ਲਗਾਉਣ ਦੀ ਖੁਸ਼ੀ ਲੈ ਰਹੇ ਹਾਂ।ਲਿਖਾਰੀ

 

ਪੰਜਾਬੀ ਭਾਸ਼ਾ ਵਿਚ ਸ਼ਬਦ-ਜੋੜਾਂ ਦੀ ਸਮੱਸਿਆ -ਪ੍ਰੋ. ਅੱਛਰੂ ਸਿੰਘ
(ਸਾਬਕਾ ਮੁਖੀ, ਅੰਗ੍ਰੇਜ਼ੀ ਵਿਭਾਗ, ਨਹਿਰੂ ਮੈਮੋਰੀਅਲ ਸਰਕਾਰੀ ਕਾਲਜ, ਮਾਨਸਾ)

ਪੰਜਾਬੀ ਭਾਸ਼ਾ ਵਿਚ ਸ਼ਬਦ-ਜੋੜਾਂ ਦੀ ਸਮੱਸਿਆ ਪੰਜਾਬੀ ਦੇ ਭਾਸ਼ਾ-ਵਿਗਿਆਨੀਆਂ, ਵਿਦਵਾਨਾਂ, ਲੇਖਕਾਂ, ਅਧਿਆਪਕਾਂ, ਵਿਦਿਆਰਥੀਆਂ ਅਤੇ ਆਮ ਲੋਕਾਂ ਲਈ ਕਾਫ਼ੀ ਦੇਰ ਤੋਂ ਚਰਚਾ ਦਾ ਵਿਸ਼ਾ ਬਣੀ ਹੋਈ ਹੈ ਅਤੇ ਇਸ ਬਾਰੇ ਵੱਖੋ-ਵੱਖਰੇ ਮਤ ਦਿੱਤੇ ਜਾ ਰਹੇ ਹਨ ਜਿਨ੍ਹਾਂ ਕਾਰਣ ਇਹ ਭੰਬਲਭੂਸਾ ਘਟਣ ਦੀ ਥਾਂ ਸਗੋਂ ਹੋਰ ਵਧ ਰਿਹਾ ਹੈ । ਇਕੋ ਸ਼ਬਦ ਨੂੰ ਵੱਖ-ਵੱਖ ਤਰ੍ਹਾਂ ਨਾਲ ਲਿਖਿਆ ਜਾਂਦਾ ਹੈ ਅਤੇ ਬਹੁਤੇ ਸ਼ਬਦ ਅਕਸਰ ਗਲਤ ਲਿਖੇ ਜਾਂਦੇ ਹਨ । ਤੁਅਜ਼ਬ ਇਸ ਗੱਲ ਦਾ ਹੈ ਕਿ ਇਹ ਗਲਤੀਆਂ ਕੇਵਲ ਸਧਾਰਨ ਲੋਕ ਜਾਂ ਵਿਦਿਆਰਥੀ ਹੀ ਨਹੀਂ ਕਰਦੇ ਸਗੋਂ ਕਈ ਵਾਰ ਉੱਚ-ਯੋਗਤਾ ਪ੍ਰਾਪਤ ਅਧਿਆਪਕ, ਸਥਾਪਿਤ ਲੇਖਕ, ਕਾਲਮ-ਨਵੀਸ ਅਤੇ ਪ੍ਰਸਿੱਧ ਵਿਦਵਾਨ ਵੀ ਇਹਨਾਂ ਦਾ ਸ਼ਿਕਾਰ ਹੋ ਜਾਂਦੇ ਹਨ । ਹੋਰ ਤਾਂ ਹੋਰ ਪੰਜਾਬੀ ਦੇ ਨਾਮੀ-ਗਰਾਮੀ ਅਖ਼ਬਾਰਾਂ ਅਤੇ ਰਸਾਲਿਆਂ ਵਿਚੋਂ ਵੀ ਅਜਿਹੀਆਂ ਅਨੇਕਾਂ ਗਲਤੀਆਂ ਲੱਭੀਆਂ ਜਾ ਸਕਦੀਆਂ ਹਨ ਭਾਵੇਂ ਉਹ ਸਰਕਾਰੀ ਜਾਂ ਗੈਰ-ਸਰਕਾਰੀ ਵਿਗਿਆਪਨਾਂ ਵਿਚ ਹੋਣ ਭਾਵੇਂ ਪੱਤਰਕਾਰਾਂ ਦੁਆਰਾ ਭੇਜੇ ਗਏ ਮਸਾਲੇ ਵਿਚ ।

ਇਸ ਸਮੱਸਿਆ ਦੇ ਭਾਵੇਂ ਬਹੁਤ ਸਾਰੇ ਕਾਰਣ ਹੋ ਸਕਦੇ ਹਨ ਪਰ ਇਸ ਦਾ ਮੁੱਖ ਕਾਰਣ ਇਕ ਹੀ ਹੈ ਅਤੇ ਉਹ ਹੈ ਸਾਡੀ ਇਸ ਸਮੱਸਿਆ ਪ੍ਰਤੀ ਉਦਾਸੀਨਤਾ ਅਤੇ ਲਾਪ੍ਰਵਾਹੀ । ਸਾਡਾ ਦੁਖਾਂਤ ਹੀ ਇਹ ਹੈ ਕਿ ਅਸੀਂ ਇਸ ਪ੍ਰਤੀ ਕਿਸੇ ਵੀ ਪੱਧਰ ਤੇ ਉਤਨੇ ਸੰਜੀਦਾ ਨਹੀਂ ਹਾਂ ਜਿੰਨੇ ਸਾਨੂੰ ਹੋਣਾ ਚਾਹੀਦਾ ਹੈ : ਅਸੀਂ ਨਾ ਤਾਂ ਹਾਲੇ ਤਕ ਆਪਣੇ ਸ਼ਬਦਾਂ ਦਾ ਮਿਆਰੀਕਰਨ ਕਰ ਸਕੇ ਹਾਂ ਅਤੇ ਨਾ ਹੀ ਆਪਣੀਆਂ ਵਿਦਿਅਕ ਸੰਸਥਾਵਾਂ ਵਿਚ ਸ਼ਬਦ-ਜੋੜਾਂ ਦੀ ਸ਼ੁੱਧਤਾ ਤੇ ਉਨਾ ਜ਼ੋਰ ਦਿੰਦੇ ਹਾਂ ਜਿੰਨਾ ਦਿੱਤਾ ਜਾਣਾ ਚਾਹੀਦਾ ਹੈ। ਉਦਾਹਰਣ ਵਜੋਂ, ਕੀ ਅਸੀਂ ਆਪਣੇ ਸਕੂਲਾਂ ਜਾਂ ਘਰਾਂ ਵਿਚ ਕਦੀ ਇਹ ਯਤਨ ਕਰਦੇ ਹਾਂ ਕਿ ਜਿਸ ਤਰ੍ਹਾਂ ਅੰਗ੍ਰੇਜ਼ੀ ਦੇ ਇਕੱਲੇ ਇਕੱਲੇ ਸ਼ਬਦ ਦੇ ਸਪੈਲਿੰਗਾਂ ਨੂੰ ਬਚਪਨ ਤੋਂ ਹੀ ਰੱਟਾ ਲਗਵਾਇਆ ਜਾਂਦਾ ਹੈ, ਉਸ ਤਰ੍ਹਾਂ ਹੀ ਪੰਜਾਬੀ ਸ਼ਬਦਾਂ ਦੇ ਸਪੈਲਿੰਗਾਂ ਦਾ ਵੀ ਬੋਲ ਕੇ ਜਾਂ ਲਿਖਕੇ ਅਭਿਆਸ ਕਰਵਾਇਆ ਜਾਵੇ ? ਅੱਜ ਅੰਗ੍ਰੇਜ਼ੀ ਸਿੱਖਣ/ਸਿਖਾਉਣ ਦਾ ਪ੍ਰਬੰਧ ਤਾਂ ਰਾਜ ਦੇ ਹਰ ਗਲੀ ਮੁਹੱਲੇ ਵਿੱਚ ਹੈ ਅਤੇ ਇਹ ਬਹੁਤ ਚੰਗੀ ਗੱਲ ਹੈ, ਕਿਉਂਕਿ ਅਜੋਕੇ ਵਿਸ਼ਵੀਕਰਨ ਅਤੇ ਉਦਾਰੀਕਰਨ ਦੇ ਯੁੱਗ ਵਿੱਚ ਇਸ ਅੰਤਰ-ਰਾਸ਼ਟਰੀ ਭਾਸ਼ਾ ਦੀ ਜਾਣਕਾਰੀ ਤੋਂ ਬਿਨਾਂ ਵਿਕਾਸ ਸੰਭਵ ਨਹੀਂ ਹੈ। ਮੈਂ ਇਸ ਦੇ ਕਦਾਚਿਤ ਖਿਲਾਫ ਨਹੀਂ ਹਾਂ; ਸਗੋਂ ਮੈਂ ਤਾਂ ਸਾਰੀ ਉਮਰ ਪੜ੍ਹਾਈ ਹੀ ਅੰਗ੍ਰੇਜ਼ੀ ਹੈ। ਪਰ ਕੀ ਅਸੀਂ ਕਦੀ ਪੰਜਾਬੀ ਸਿੱਖਣ-ਸਿਖਾਉਣ ਲਈ ਵੀ ਅਜਿਹੇ ਉਪਰਾਲੇ ਕਰਨ ਬਾਰੇ ਸੋਚਿਆ ਹੈ? ਨਤੀਜਾ ਇਹ ਹੈ ਕਿ ਸਾਡੇ ਵਿਦਿਆਰਥੀ ਅੰਗ੍ਰੇਜ਼ੀ ਦੇ ਤਾਂ ਭਾਵੇਂ ਦਸ ਵਿਚੋਂ ਦਸ ਸ਼ਬਦ ਸ਼ੁੱਧ ਲਿਖ ਦੇਣ ਪਰ ਪੰਜਾਬੀ ਦੇ ਕਈ ਵਾਰ ਦਸ ਵਿਚੋਂ ਚਾਰ ਸ਼ਬਦ ਵੀ ਸ਼ੁੱਧ ਨਹੀਂ ਲਿਖ ਸਕਦੇ । ਜਿਥੋਂ ਤਕ ਸਾਡੇ ਪਿੰਡਾਂ ਦੇ ਸਰਕਾਰੀ ਸਕੂਲਾਂ ਦਾ ਸਬੰਧ ਹੈ ਉਹਨਾਂ ਦੇ ਬਹੁਤੇ ਵਿਦਿਆਰਥੀ ਤਾਂ ਵਿਚਾਰੇ ਨਾ ਪੰਜਾਬੀ ਠੀਕ ਲਿਖ ਸਕਦੇ ਹਨ ਅਤੇ ਨਾ ਅੰਗ੍ਰੇਜ਼ੀ ।

ਪੰਜਾਬੀ ਮੁੱਖ ਤੌਰ ਤੇ ਇਕ ਧੁਨੀਆਤਮਕ ਭਾਸ਼ਾ ਹੈ । ਇਸ ਦਾ ਭਾਵ ਹੈ ਕਿ ਇਸ ਭਾਸ਼ਾ ਨੂੰ ਜਿਵੇਂ ਬੋਲਿਆ ਜਾਂਦਾ ਹੈ ਆਮ ਤੌਰ ਤੇ ਉਸ ਤਰ੍ਹਾਂ ਹੀ ਲਿਖਿਆ ਜਾਂਦਾ ਹੈ ਜਾਂ ਇਸ ਤਰ੍ਹਾਂ ਕਹਿ ਲਈਏ ਕਿ ਕੋਈ ਸ਼ਬਦ ਜਿਸ ਤਰ੍ਹਾਂ ਲਿਖਿਆ ਹੁੰਦਾ ਹੈ ਅਸੀਂ ਉਸ ਦਾ ਉਚਾਰਣ ਵੀ ਉਸੇ ਤਰ੍ਹਾਂ ਹੀ ਕਰਦੇ ਹਾਂ । ਇਸ ਵਿਚ ਨਾ ਤਾਂ ਕੋਈ ਖਾਮੋਸ਼ ਅੱਖਰਾਂ ਦੀ ਸਮੱਸਿਆ ਹੈ ਅਤੇ ਨਾ ਹੀ ਵਾਧੂ ਅੱਖਰਾਂ ਦੀ । ਨਿਰਸੰਦੇਹ, ਇਸ ਵਿਚ ਕੁਝ ਅੱਖਰ ਜਿਵੇਂ ਕਿ ਹ, ਘ, ਝ, ਢ, ਧ, ਭ ਅਤੇ ਯ ਆਦਿ ਅਜਿਹੇ ਹਨ ਜਿਨ੍ਹਾਂ ਨੂੰ ਜੇਕਰ ਸ਼ਬਦ ਦੇ ਸ਼ੁਰੂ ਵਿਚ ਵਰਤਿਆ ਜਾਵੇ ਤਾਂ ਉਹਨਾਂ ਦੀ ਧੁਨੀ ਵੱਖਰੀ ਹੁੰਦੀ ਹੈ ਅਤੇ ਜੇਕਰ ਉਹਨਾਂ ਨੂੰ ਸ਼ਬਦਾਂ ਦੇ ਵਿਚਕਾਰ ਜਾਂ ਅਖੀਰ ਤੇ ਵਰਤਿਆ ਜਾਵੇ ਤਾਂ ਉਹ ਵੱਖਰੀ ਅਵਾਜ਼ ਦਿੰਦੇ ਹਨ । ਉਦਾਹਰਣ ਵਜੋਂ ਚਾਹ ਅਤੇ ਹਾਰ, ਘੋੜਾ ਅਤੇ ਸਿੰਘ, ਝਾਵਾਂ ਅਤੇ ਵੰਝ, ਢੋਲਕ ਅਤੇ ਵਾਢੀ, ਧੋਬੀ ਅਤੇ ਬੁੱਧੀ, ਯੁੱਗ ਅਤੇ ਆਯਾ ਆਦਿ ਜੋੜਿਆਂ ਵਿਚ ਵਰਤੇ ਗਏ ਇਹ ਅੱਖਰ ਵੱਖਰੀ-ਵੱਖਰੀ ਅਵਾਜ਼ ਦਿੰਦੇ ਹਨ । ਇਸੇ ਤਰ੍ਹਾਂ ਅਸੀਂ ਲਿਖਦੇ ਪੜ੍ਹਾਈ ਹਾਂ ਅਤੇ ਬੋਲਦੇ ਭੜਾਈ ਹਾਂ, ਲਿਖਦੇ ਭਰਪੂਰ ਹਾਂ ਅਤੇ ਬੋਲਦੇ ਭਰਭੂਰ ਹਾਂ, ਲਿਖਦੇ ਠੰਢ ਹਾਂ ਅਤੇ ਬੋਲਦੇ ਠੰਡ ਹਾਂ ਆਦਿ। ਬਹੁਤ ਸਾਰੇ ਸ਼ਬਦਾਂ ਜਿਵੇਂ ਕਿ ਮਾਮਾ, ਸਿਨੇਮਾ, ਲੰਮਾ, ਨਾਨਾ, ਕਾਨਾ, ਗਾਨਾ, ਖਿਮਾ, ਕਹਿਣਾ, ਸਹਿਣਾ, ਗਾਣਾ ਆਦਿ ਵਿੱਚ ਬਿੰਦੀ ਦੀ ਧੁਨੀ ਉਚਾਰੀ ਜਾਂਦੀ ਹੈ, ਪਰ ਲਿਖਣ ਵਿੱਚ ਬਿੰਦੀ ਦਾ ਪ੍ਰਯੋਗ ਨਹੀਂ ਹੁੰਦਾ।

ਪਰ ਅਜਿਹੀਆਂ ਉਦਾਹਰਣਾਂ ਬਹੁਤ ਜ਼ਿਆਦਾ ਨਹੀਂ ਹਨ; ਇਹਨਾਂ ਨੂੰ ਅਭਿਆਸ ਰਾਹੀਂ ਸਿੱਖਿਆ ਜਾ ਸਕਦਾ ਹੈ ਅਤੇ ਇਹਨਾਂ ਨਾਲ ਭਾਸ਼ਾ ਦੇ ਬੁਨਿਆਦੀ ਧੁਨੀਆਤਮਕ ਚਰਿੱਤਰ ਤੇ ਕੋਈ ਖਾਸ ਅਸਰ ਨਹੀਂ ਪੈਂਦਾ। ਕਿਸੇ ਵੀ ਭਾਸ਼ਾ ਦਾ ਇਹ ਇਕ ਬਹੁਤ ਵਧੀਆ ਗੁਣ ਹੁੰਦਾ ਹੈ ਕਿਉਂਕਿ ਇਸ ਨਾਲ ਉਸ ਭਾਸ਼ਾ ਨੂੰ ਪੜ੍ਹਨਾ-ਲਿਖਣਾ ਅਤੇ ਸਿੱਖਣਾ-ਸਿਖਾਉਣਾ ਬਹੁਤ ਸੌਖਾ ਹੋ ਜਾਂਦਾ ਹੈ। ਇਸ ਦੇ ਉਲਟ ਅੰਗ੍ਰੇਜ਼ੀ ਅਤੇ ਲਗਭਗ ਸਾਰੀਆਂ ਹੀ ਯੂਰਪੀਨ ਭਾਸ਼ਾਵਾਂ ਵਿਚ ਬਹੁਤ ਸਾਰੇ ਸ਼ਬਦ ਅਜਿਹੇ ਹਨ ਜੋ ਧੁਨੀਆਤਮਕ ਨਹੀਂ ਹਨ। ਉਹਨਾਂ ਵਿਚ ਲਿਖਿਆ ਕੁਝ ਹੋਰ ਹੁੰਦਾ ਹੈ ਅਤੇ ਪੜ੍ਹਿਆ ਕੁਝ ਹੋਰ ਜਾਂਦਾ ਹੈ।

ਇਹ ਵੀ ਮੰਨਣਯੋਗ ਹੈ ਕਿ ਸਾਡੀ ਭਾਸ਼ਾ ਵਿਚ ਕੁਝ ਹੋਰ ਗੁੰਝਲਾਂ ਵੀ ਹਨ – ਜਿਵੇਂ ਪੈਰ ਬਿੰਦੀ ਅਤੇ ਪੈਰ ਵਿਚ ਪੈਣ ਵਾਲੇ ਅੱਖਰਾਂ ਸਬੰਧੀ ਗੁੰਝਲਾਂ – ਪਰ ਫਿਰ ਵੀ ਦੂਜੀਆਂ ਭਾਸ਼ਾਵਾਂ ਦੇ ਮੁਕਾਬਲੇ ਵਿਚ ਇਸ ਨੂੰ ਸਿੱਖਣਾ ਬਹੁਤ ਸਰਲ ਹੈ। ਦੂਜੀ ਦਲੀਲ ਇਹ ਦਿੱਤੀ ਜਾਂਦੀ ਹੈ ਕਿ ਜਿੰਨੀਆਂ ਧੁਨੀਆਂ ਦਾ ਉਚਾਰਣ ਪੰਜਾਬੀ ਲੋਕ ਕਰ ਸਕਦੇ ਹਨ ਉਨੀਆਂ ਧੁਨੀਆਂ ਦਾ ਉਚਾਰਣ ਸ਼ਾਇਦ ਹੀ ਵਿਸ਼ਵ ਦੇ ਕਿਸੇ ਹੋਰ ਖਿੱਤੇ ਦੇ ਲੋਕ ਕਰ ਸਕਦੇ ਹੋਣ ਜਿਸ ਕਾਰਣ ਅਸੀਂ ਸ਼ਬਦ-ਜੋੜਾਂ ਵਿਚ ਕੁਝ ਕਠਿਨਾਈ ਮਹਿਸੂਸ ਕਰਦੇ ਹਾਂ। ਮਿਸਾਲ ਵਜੋਂ ਙ, ਞ, ਣ ਅਤੇ ਤਾਲਵੀ ਲ ਦੀਆਂ ਧੁਨੀਆਂ ਦੀ ਵਰਤੋਂ ਕਰਨ ਵਾਲੇ ਲੋਕਾਂ ਦੀ ਗਿਣਤੀ ਤਾਂ ਬਹੁਤ ਹੀ ਘੱਟ ਹੈ। ਪਰ ਇਸ ਦੇ ਜਵਾਬ ਵਿਚ ਇਹ ਕਿਹਾ ਜਾ ਸਕਦਾ ਹੈ ਕਿ ਜੇਕਰ ਸਾਡੇ ਪਾਸ ਧੁਨੀਆਂ ਦੀ ਬਹੁਤਾਤ ਹੈ ਤਾਂ ਸਾਡੇ ਪਾਸ ਲਿਪੀ ਸੰਕੇਤਾਂ ਦੀ ਵੀ ਕਮੀ ਨਹੀਂ ਅਤੇ ਅੰਗ੍ਰੇਜ਼ੀ ਦੇ ਕੇਵਲ ਛੱਬੀ ਅੱਖਰਾਂ ਦੀ ਬਜਾਇ ਸਾਡੇ ਪਾਸ ਪੈਂਤੀ ਮੂਲ ਅੱਖਰ, ਪੈਰ ਬਿੰਦੀ ਵਾਲੇ ‘ਲ਼‘ ਸਮੇਤ ਛੇ ਪੈਰ ਬਿੰਦੀ ਵਾਲੇ ‘ਨਵੀਨ ਟੋਲੀ‘ ਦੇ ਅੱਖਰ ਅਤੇ ਦਸ ਲਗਾਂ-ਮਾਤਰਾਂ (ਕੁਝ ਵਿਦਵਾਨਾਂ ਅਨੁਸਾਰ ਨੌਂ) ਵੱਖਰੀਆਂ ਹਨ। ਇਸ ਵਿਸ਼ੇ ਤੇ ਹੋਰ ਬਹਿਸ ਨੂੰ ਵਿਦਵਾਨਾਂ ਲਈ ਛਡਦੇ ਹੋਏ ਅਸੀਂ ਕੁਝ ਵਿਵਹਾਰਿਕ ਸਮੱਸਿਆਵਾਂ ਵੱਲ ਪਰਤਦੇ ਹਾਂ ।

ਮੇਰੇ ਅਨੁਭਵ ਅਨੁਸਾਰ ਪੰਜਾਬੀ ਵਿਚ ਸ਼ਬਦ-ਜੋੜਾਂ ਦੀਆਂ ਸਭ ਤੋਂ ਵੱਧ ਗਲਤੀਆਂ ਪੈਰ ਬਿੰਦੀ ਵਾਲੇ ਅੱਖਰਾਂ, ਮੁਕਤੇ ਅੱਖਰਾਂ, ਅੱਧਕ ਵਾਲੇ ਸ਼ਬਦਾਂ ਅਤੇ ਨ, ਣ ਦੀ ਵਰਤੋਂ ਵਾਲੇ ਸ਼ਬਦਾਂ ਵਿਚ ਹੁੰਦੀਆਂ ਹਨ। ਉਦਾਹਰਣ ਵਜੋਂ ਮੂਲ ਸ਼ਬਦ ਸ਼ਖ਼ਸ ਹੈ ਜਿਸ ਦਾ ਭਾਵਵਾਚਕ ਨਾਂਵ ਸ਼ਖ਼ਸੀਅਤ ਬਣਦਾ ਹੈ ਪਰ ਇਸ ਵਿਚ ਬਿੰਦੀ ਜਾਂ ਤਾਂ ਦੂਜੇ ‘ਸ‘ ਦੇ ਪੈਰ ਵਿਚ ਲਗਾ ਦਿੱਤੀ ਜਾਂਦੀ ਹੈ ਜਾਂ ਫਿਰ ਦੋਨੋਂ ਸੱਸਿਆਂ ਦੇ ਪੈਰ ਵਿਚ ਜੋ ਸਰਾਸਰ ਗਲਤ ਹੈ। ਇਸੇ ਤਰ੍ਹਾਂ ਸ਼ਾਸਨ, ਸ਼ਾਸਕ, ਸ਼ਸਤਰ (ਹਥਿਆਰ), ਸ਼ਾਸਤਰ, ਸੁਸ਼ੀਲ, ਸ਼ਿਸ਼ਟ, ਸ਼ੋਸ਼ਣ, ਸ੍ਰੇਸ਼ਟ, ਸ੍ਰਿਸ਼ਟੀ, ਸ਼੍ਰੇਣੀ, ਸ਼ਰਮਸਾਰ, ਸਾਜਿਸ਼, ਪ੍ਰਸ਼ਾਸਕ, ਪ੍ਰਸ਼ਾਸਨ, ਪ੍ਰਸ਼ੰਸਾ, ਪ੍ਰਕਾਸ਼, ਪਸ਼ੂ, ਵਿਸ਼ਵਾਸ, ਕਿਸ਼ਤੀ, ਕੋਸ਼ਿਸ਼, ਨਿਸ਼ਚਾ, ਰਿਸ਼ਤਾ, ਮਾਲਿਸ਼, ਆਦੇਸ਼, ਆਦਿ ਸ਼ਬਦਾਂ ਵਿਚੋਂ ਜੇਕਰ ਪੈਰ ਬਿੰਦੀ ਹਟਾ ਦਿੱਤੀ ਜਾਵੇ ਜਾਂ ਕਿਸੇ ਹੋਰ ਥਾਂ ਤੇ ਲਗਾ ਦਿੱਤੀ ਜਾਵੇ ਤਾਂ ਉਹ ਗਲਤ ਹੋਵੇਗੀ। ਸ੍ਰੀ ਅਤੇ ਸ਼੍ਰੀ ਦੋਨੋਂ ਹੀ ਆਦਰ ਬੋਧਕ ਸ਼ਬਦ ਹਨ। ਸ੍ਰੀ ਦੀ ਵਰਤੋਂ ਆਮ ਤੌਰ ਤੇ ਗੁਰੂਆਂ-ਪੀਰਾਂ, ਸੰਤਾਂ-ਮਹੰਤਾਂ, ਰਾਜਿਆਂ-ਮਹਾਰਾਜਿਆਂ, ਤੀਰਥ-ਅਸਥਾਨਾਂ, ਧਰਮ-ਗ੍ਰੰਥਾਂ, ਜਾਂ ਅਧਿਆਪਕਾਂ ਦੇ ਨਾਵਾਂ ਅੱਗੇ ਕੀਤੀ ਜਾਂਦੀ ਹੈ। ਭਾਈ ਕਾਹਨ ਸਿੰਘ ਨਾਭਾ ਅਨੁਸਾਰ ਸ੍ਰੀ ਦਾ ਇੱਕ ਅਰਥ ਲੱਛਮੀ ਹੈ ਅਤੇ ਜਦ ਅਸੀਂ ਤਲਵਾਰ ਜਾਂ ਖੜਗ ਨੂੰ ਸ੍ਰੀ ਸਾਹਿਬ ਕਹਿੰਦੇ ਹਾਂ ਤਾਂ ਸਾਡਾ ਭਾਵ ਸ੍ਰੀ ਦਾ ਸਾਹਿਬ ਅਰਥਾਤ ਲੱਛਮੀ ਦਾ ਪਤੀ ਹੁੰਦਾ ਹੈ। ਸ੍ਰਦਾ ਸ਼ਾਬਦਿਕ ਅਰਥ ਸ਼ੋਭਾ ਵਾਲਾ, ਉØੱਚੀ ਪਦਵੀ ਵਾਲਾਂ ਜਾਂ ਧਨ ਵਾਲਾ ਆਦਿ ਹੁੰਦਾ ਹੈ। ਇਸ ਦਾ ਭਾਵ ਹੈ ਕਿ ਸ਼੍ਰੀ ਕੇਵਲ ਆਦਰ ਸੂਚਕ ਸ਼ਬਦ ਹੈ ਜਦ ਕਿ ਸ੍ਰੀ ਆਦਰ ਦੇ ਨਾਲ-ਨਾਲ ਮਹਾਨਤਾ ਵੱਲ ਵੀ ਸੰਕੇਤ ਕਰਦਾ ਹੈ। ਇਸ ਲਈ ਛਜਗ ਅਤੇ ਝ ਲਈ ਸ਼੍ਰੀਮਾਨ ਅਤੇ ਸ਼੍ਰੀਮਤੀ ਸ਼ਬਦਾਂ ਦੀ ਵਰਤੋਂ ਕੀਤੀ ਜਾਂਦੀ ਹੈ, ਸ੍ਰੀਮਾਨ ਅਤੇ ਸ੍ਰੀਮਤੀ ਦੀ ਨਹੀਂ। ਰਿਸ਼ਤੇ ਨੂੰ ਵਧੇਰੇ ਆਦਰਯੋਗ ਢੰਗ ਨਾਲ ਪ੍ਰਗਟ ਕਰਨ ਲਈ ਉਸ ਦੇ ਪਿੱਛੇ ਸ਼੍ਰੀ ਲਗਾਇਆ ਜਾ ਸਕਦਾ ਹੈ ਜਿਵੇਂ ਮਾਤਾ ਸ਼੍ਰੀ, ਪਿਤਾ ਸ਼੍ਰੀ, ਭਰਾਤਾ ਸ਼੍ਰੀ ਅਤੇ ਭਾਬੀ ਸ਼੍ਰੀ ਆਦਿ। ਜੇਕਰ ਕਿਸੇ ਮਹਾਨ ਹਸਤੀ ਦੇ ਨਾਮ ਅੱਗੇ ਸ੍ਰੀ 108 ਲਿਖਿਆ ਹੈ ਤਾਂ ਇਸ ਦਾ ਭਾਵ ਹੈ ਕਿ ਉਸ ਦੇ ਨਾਮ ਅੱਗੇ ਸ੍ਰੀ ਸ਼ਬਦ ਦੀ 108 ਵਾਰ ਵਰਤੋਂ ਕੀਤੀ ਜਾਣੀ ਚਾਹੀਦੀ ਹੈ।

ਇਸੇ ਤਰ੍ਹਾਂ ਜ਼ਿਆਦਾ, ਜ਼ਾਹਰ, ਜ਼ਾਬਤਾ, ਜ਼ੁਬਾਨ, ਜ਼ੋਰ, ਜ਼ਿੱਦ, ਜਾਇਜ਼, ਜ਼ਿੰਦਾ, ਜ਼ਮੀਨ, ਜਹਾਜ਼, ਜ਼ਿਲ੍ਹਾ, ਜ਼ਮਾਨਤ, ਤਾਜ਼ਾ, ਤਮੀਜ਼, ਬਾਜ਼ੀ, ਰਜ਼ਾ, ਰੋਜ਼, ਰੋਜ਼ੀ, ਸਬਜ਼ੀ, ਨਾਜ਼, ਲਾਜ਼, ਨਜ਼ਰ, ਗਜ਼ਬ, ਗਜ਼ਲ, ਗੁਜ਼ਾਰਾ, ਗੁਰੇਜ਼, ਬਜ਼ੁਰਗ, ਚੀਜ਼, ਮਜ਼ਦੂਰ, ਮਜ਼ਬੂਤ, ਮੁਲਾਜ਼ਿਮ, ਮੁਜ਼ਾਰਾ, ਅੰਦਾਜ਼ਾ, ਆਵਾਜ਼, ਹਾਜ਼ਰ, ਹਜ਼ਾਰ, ਫਜ਼ੂਲ, ਇਤਰਾਜ਼, ਇਜਾਜ਼ਤ ਆਦਿ ਸ਼ਬਦਾਂ ਵਿਚ ‘ਜ‘ ਦੇ ਪੈਰ ਬਿੰਦੀ ਦਾ ਲੱਗਣਾ ਜਰੂਰੀ ਹੈ। ਜਜ਼ਬਾਤ ਵਿਚ ਕੇਵਲ ਦੂਜੇ ‘ਜ‘ ਦੇ ਪੈਰ ਵਿਚ ਬਿੰਦੀ ਲੱਗੇਗੀ। ਰਾਜ ਦਾ ਭਾਵ ਸੂਬਾ ਜਾਂ ਸਟੇਟ ਹੁੰਦਾ ਹੈ ਪਰ ਜਦ ਇਸ ਵਿਚਲੇ ‘ਜ‘ ਦੇ ਪੈਰ ਬਿੰਦੀ ਲਾ ਦੇਈਏ ਤਾਂ ਇਹ ਰਾਜ਼ ਬਣ ਜਾਵੇਗਾ ਜਿਸ ਦਾ ਅਰਥ ਭੇਤ ਹੁੰਦਾ ਹੈ । ਇਸੇ ਤਰ੍ਹਾਂ ‘ਘਰ ਨੂੰ ਸਜਾ ਦੇਵੋ‘ ਅਤੇ ‘ਦੋਸ਼ੀ ਨੂੰ ਸਜ਼ਾ ਦੇਵੋ‘ ਵਾਕਾਂ ਵਿਚ ਜ ਪੈਰ ਬਿੰਦੀ ਲਗਾਉਣ ਜਾਂ ਹਟਾਉਣ ਨਾਲ ਸ਼ਬਦ ਦੇ ਅਰਥ ਪੂਰੀ ਤਰ੍ਹਾਂ ਬਦਲ ਜਾਂਦੇ ਹਨ। ਪਰ ਅਸੀਂ ਦਹੇਜ, ਸਿਆਹੀ, ਸੰਜਮ, ਸਰੀਰ, ਬੀਜ, ਜਰੂਰੀ, ਮਜਬੂਰ, ਅਜਿਹਾ, ਜੇਲ੍ਹ, ਫੌਜੀ, ਤਜਰਬਾ ਅਤੇ ਪੰਜਾਬ ਆਦਿ ਸ਼ਬਦਾਂ ਵਿਚ ਪੈਰ ਬਿੰਦੀ ਦੀ ਵਰਤੋਂ ਨਹੀਂ ਕਰ ਸਕਦੇ। ਜਾਤੀ ਅਤੇ ਜ਼ਾਤੀ ਦੋ ਅਲੱਗ-ਅਲੱਗ ਸ਼ਬਦ ਹਨ। ਉਦਾਹਰਣ ਵਜੋਂ ਅਸੀਂ ਕਹਾਂਗੇ : ਸਾਨੂੰ ਜਾਤੀ-ਸੂਚਕ ਸ਼ਬਦਾਂ ਦੀ ਵਰਤੋਂ ਨਹੀਂ ਕਰਨੀ ਚਾਹੀਦੀ ਅਤੇ ਮੈਂ ਉਸ ਨੂੰ ਜ਼ਾਤੀ ਤੌਰ ਤੇ ਜਾਣਦਾ ਹਾਂ ਜਾਂ ਇਹ ਸਾਡਾ ਜ਼ਾਤੀ ਮਸਲਾ ਹੈ । ਜਾਤ ਦਾ ਭਾਵ ਵਰਣ (ਙ ਹੁੰਦਾ ਹੈ ਜਦ ਕਿ ਜ਼ਾਤ ਤੋਂ ਨਿੱਜ ਦਾ ਭਾਵ ਲਿਆ ਜਾਂਦਾ ਹੈ।

ਜਿਥੋਂ ਤਕ ‘ਨ‘ ਅਤੇ ‘ਣ‘ ਦੀ ਵਰਤੋਂ ਦਾ ਸਬੰਧ ਹੈ, ਇਸ ਵਿਚ ਵੀ ਬਹੁਤ ਸਾਵਧਾਨੀ ਵਰਤਣ ਦੀ ਲੋੜ ਹੈ । ਸਾਨੂੰ ਅਕਸਰ ਹੀ ਪਹਿਚਾਨਣਾ, ਸਿਆਨਣਾ, ਅਪਨਾਉਣਾ, ਗਿਨਣਾ, ਮਿਨਣਾ, ਸੁਨਣਾ, ਸੁਨਾਉਣਾ, ਬੁਨਣਾ, ਜਾਨਣਾ, ਮਾਨਣਾ ਆਦਿ ਸ਼ਬਦ ਲਿਖੇ ਮਿਲਦੇ ਹਨ ਜੋ ਬਿਲਕੁਲ ਗਲਤ ਹਨ। ਇਹਨਾਂ ਦੇ ਸਹੀ ਰੂਪ ਪਹਿਚਾਣ ਤੋਂ ਪਹਿਚਾਣਨਾ, ਸਿਆਣ ਤੋਂ ਸਿਆਣਨਾ, ਅਪਣਾਉਣ ਤੋਂ ਅਪਣਾਉਣਾ, ਗਿਣਨ ਤੋਂ ਗਿਣਨਾ, ਮਿਣਨ ਤੋਂ ਮਿਣਨਾ, ਸੁਣਨ ਤੋਂ ਸੁਣਨਾ ਅਤੇ ਸੁਣਾਉਣਾ, ਬੁਣਨ ਤੋਂ ਬੁਣਨਾ, ਜਾਣ ਤੋਂ ਜਾਣਨਾ, ਮਾਣ ਤੋਂ ਮਾਣਨਾ ਆਦਿ ਹੋਣੇ ਚਾਹੀਦੇ ਹਨ । ਇਸੇ ਤਰ੍ਹਾਂ ਨਾਲ ਭਾਸ਼ਨ ਨਾਲੋਂ ਭਾਸ਼ਣ, ਸ਼ੋਸ਼ਨ ਨਾਲੋਂ ਸ਼ੋਸ਼ਣ, ਪੋਸ਼ਨ ਨਾਲੋਂ ਪੋਸ਼ਣ, ਉਦਾਹਰਨ ਨਾਲੋਂ ਉਦਾਹਰਣ, ਅਨਜਾਣ ਨਾਲੋਂ ਅਣਜਾਣ, ਅਨਪੜ੍ਹ ਨਾਲੋਂ ਅਣਪੜ੍ਹ, ਰੈਨ ਨਾਲੋਂ ਰੈਣ, ਘੋਸ਼ਨਾ ਨਾਲੋਂ ਘੋਸ਼ਣਾ, ਉਚਾਰਨ ਨਾਲੋਂ ਉਚਾਰਣ, ਅਰਪਨ ਨਾਲੋਂ ਅਰਪਣ, ਸਮਰਪਨ ਨਾਲੋਂ ਸਮਰਪਣ, ਸਿਰਜਨਾ ਨਾਲੋਂ ਸਿਰਜਣਾ, ਸੱਜਨ ਨਾਲੋਂ ਸੱਜਣ, ਵਿਆਕਰਨ ਨਾਲੋਂ ਵਿਆਕਰਣ, ਚਾਸ਼ਨੀ ਨਾਲੋਂ ਚਾਸ਼ਣੀ ਅਤੇ ਕਾਰਨ ਨਾਲੋਂ ਕਾਰਣ ਵਧੇਰੇ ਸਹੀ ਰੂਪ ਹਨ ਜਦ ਕਿ ਵਰਤੇ ਅਤੇ ਸਵੀਕਾਰੇ ਦੋਨੋਂ ਹੀ ਜਾ ਰਹੇ ਹਨ। ਕਈ ਵਾਰ ‘ਨ‘ ਅਤੇ ‘ਣ‘ ਦੇ ਬਦਲਣ ਨਾਲ ਸ਼ਬਦਾਂ ਦੇ ਅਰਥ ਵੀ ਬਦਲ ਜਾਂਦੇ ਹਨ ਜਿਵੇਂ ਘਿਰਨਾ ਦਾ ਅਰਥ ਹੈ ਘਿਰ ਜਾਣਾ ਜਦ ਕਿ ਘ੍ਰਿਣਾ ਜਾਂ ਘਿਰਣਾ ਦਾ ਅਰਥ ਹੈ ਨਫ਼ਰਤ। ਇਸੇ ਤਰ੍ਹਾਂ ਰਚਨਾ ਅਤੇ ਰਚਣਾ, ਨਿਰਨਾ ਅਤੇ ਨਿਰਣਾ, ਦਰਜਨ ਅਤੇ ਦਰਜਣ ਆਦਿ ਵੱਖੋ-ਵੱਖਰੇ ਅਰਥਾਂ ਵਾਲੇ ਸ਼ਬਦ ਹਨ। ਸੋ ਵਰਨਣ, ਜਨਣ, ਚੁਨਣ, ਸੁਨਣ, ਗਿਨਣ ਅਤੇ ਨਨਾਣ ਗਲਤ ਸ਼ਬਦ-ਜੋੜ ਹਨ ਅਤੇ ਇਹਨਾਂ ਸਾਰੇ ਸ਼ਬਦਾਂ ਵਿਚ ‘ਣ‘ ਪਹਿਲਾਂ ਅਤੇ ‘ਨ‘ ਬਾਅਦ ਵਿਚ ਆਉਣਾ ਚਾਹੀਦਾ ਹੈ । ਸਾਨੂੰ ਵੱਡਿਆਂ ਦਾ ਮਾਨ ਕਰਨਾ ਚਾਹੀਦਾ ਹੈ ਅਤੇ ਉਹਨਾਂ ਦੀਆਂ ਪ੍ਰਾਪਤੀਆਂ ਤੇ ਮਾਣ ਕਰਨਾ ਚਾਹੀਦਾ ਹੈ। ਸਾਡੇ ਅਧਿਆਪਕ ਹਮੇਸ਼ਾ ਹੀ ਮਾਨਯੋਗ ਹੁੰਦੇ ਹਨ ਅਤੇ ਉਹਨਾਂ ਦਾ ਮਾਨ (ਸਤਿਕਾਰ, ਸਨਮਾਨ) ਕਰਨਾ ਸਾਡਾ ਫਰਜ਼ ਹੁੰਦਾ ਹੈ ਕਿਉਂਕਿ ਉਹਨਾਂ ਦੀ ਬਦੌਲਤ ਹੀ ਅਸੀਂ ਜੀਵਨ ਵਿਚ ਮਾਣ-ਯੋਗ (ਜਿਹਨਾਂ ਤੇ ਮਾਣ ਕਰ ਸਕੀਏ) ਪ੍ਰਾਪਤੀਆਂ ਕਰ ਸਕਦੇ ਹਾਂ । ਅਭਾਵ ਜਾਂ ਨਿਖੇਧੀ ਦੇ ਅਰਥ ਦੇਣ ਲਈ ਅਗੇਤਰ ਵਜੋਂ ‘ਅਨ‘ ਦੀ ਨਹੀਂ ਸਗੋਂ ‘ਅਣ‘ ਦੀ ਵਰਤੋਂ ਕੀਤੀ ਜਾਣੀ ਚਾਹੀਦੀ ਹੈ ਤੇ ਸਹੀ ਸ਼ਬਦ-ਜੋੜ ਅਣਪੜ੍ਹ, ਅਣਜਾਣ, ਅਣਮੋਲ, ਅਣਬਣ ਅਤੇ ਅਣਭਿੱਜ ਆਦਿ ਹੋਣੇ ਚਾਹੀਦੇ ਹਨ। ਵੈਸੇ ਪੰਜਾਬੀ ਵਿੱਚ ਇਹ ਨਿਯਮ ਘੜਿਆ ਗਿਆ ਹੈ ਕਿ ਰ, ਲ਼, ੜ ਅਤੇ ਣ ਧੁਨੀਆਂ ਤੋਂ ਪਿੱਛੋਂ ਜੇਕਰ ਨਾਸਿਕੀ ਧੁਨੀ ਆਉਂਦੀ ਹੋਵੇ ਤਾਂ ਨ ਦੀ ਵਰਤੋਂ ਹੋਵੇਗੀ, ਣ ਦੀ ਨਹੀਂ ਪਰ ਇਹ ਨਿਯਮ ਸਰਬ-ਪ੍ਰਵਾਨਿਤ ਨਹੀਂ ਹੈ।

ਅੱਧਕ ਦੀ ਵਰਤੋਂ ਸਬੰਧੀ ਵੀ ਅਕਸਰ ਹੀ ਭੁਲੇਖਾ ਲੱਗ ਜਾਂਦਾ ਹੈ । ਸਾਨੂੰ ਇਹ ਸਮਝਣ ਦੀ ਲੋੜ ਹੈ ਕਿ ਜੱਗ ਅਤੇ ਜਗ, ਤੱਕ ਅਤੇ ਤਕ, ਹੱਲ ਅਤੇ ਹਲ, ਚੱਲ ਅਤੇ ਚਲ, ਗੱਲ ਅਤੇ ਗਲ, ਮੱਲ ਅਤੇ ਮਲ, ਮੱਤ ਅਤੇ ਮਤ, ਪੱਗ ਅਤੇ ਪਗ, ਪੱਤ ਅਤੇ ਪਤ ਤੇ ਕੱਦ ਅਤੇ ਕਦ ਆਦਿ ਵੱਖ-ਵੱਖ ਸ਼ਬਦ ਹਨ ਜਿਹਨਾਂ ਦੇ ਅਰਥ ਵੀ ਵੱਖ-ਵੱਖ ਹਨ । ਬਹੁਤ ਸਾਰੇ ਸ਼ਬਦਾਂ ਦੇ ਇਕ ਰੂਪ ਵਿਚ ਅੱਧਕ ਦੀ ਵਰਤੋਂ ਹੁੰਦੀ ਹੈ ਪਰ ਦੂਜੇ ਰੂਪ ਵਿਚ ਨਹੀਂ ਜਿਵੇਂ ਕਿ ਭੱਜਣਾ-ਭਜਦਾ, ਹੱਸਣਾ-ਹਸਦਾ, ਰੱਜਣਾ-ਰਜਦਾ, ਗੱਜਣਾ-ਗਜਦਾ, ਲੱਗਣਾ-ਲਗਦਾ, ਡਿੱਗਣਾ-ਡਿਗਦਾ, ਭਿੱਜਣਾ-ਭਿਜਦਾ, ਲੱਭਣਾ-ਲਭਦਾ ਅਤੇ ਚੱਲਣਾ-ਚਲਦਾ ਆਦਿ ਵਿਚ । ‘ਇਕ‘ ਅਤੇ ‘ਵਿਚ‘ ਭਾਵੇਂ ਅੱਧਕ ਨਾਲ ਵੀ ਲਿਖੇ ਅਤੇ ਠੀਕ ਮੰਨੇਂ ਜਾਂਦੇ ਹਨ ਪਰ ਅੱਜ-ਕੱਲ੍ਹ ਇਹਨਾਂ ਨੂੰ ਆਮ ਤੌਰ ਤੇ ਬਿਨਾਂ ਅੱਧਕ ਤੋਂ ਹੀ ਲਿਖਿਆ ਜਾਣ ਲੱਗ ਪਿਆ ਹੈ । ਇਧਰ, ਉਧਰ, ਜਿਧਰ, ਕਿਧਰ, ਲਗਭਗ, ਲਥਪਥ, ਤਤਫਟ, ਝਟਪਟ, ਕਰਵਟ, ਹਰਦਮ, ਰਲਗਡ ਆਦਿ ਸ਼ਬਦ ਬਿਨਾਂ ਅੱਧਕ ਤੋਂ ਹੀ ਲਿਖੇ ਜਾਣੇ ਚਾਹੀਦੇ ਹਨ।

ਸ਼ਬਦ-ਜੋੜਾਂ ਦਾ ਅਧਿਐਨ ਕਰਦੇ ਸਮੇਂ ਸਾਨੂੰ ਪੈਰ ਵਿਚ ਲੱਗਣ ਵਾਲੇ ਰਾਰੇ ਅਤੇ ਹਾਹੇ ਬਾਰੇ ਵੀ ਵਿਸ਼ੇਸ਼ ਧਿਆਨ ਰੱਖਣਾ ਚਾਹੀਦਾ ਹੈ । ਉਦਾਹਰਣ ਵਜੋਂ ਹੇਠ ਲਿਖੇ ਸ਼ਬਦ ਪੈਰ ਵਾਲੇ ‘ਰ‘ ਨਾਲ ਹੀ ਲਿਖੇ ਜਾਣੇ ਚਾਹੀਦੇ ਹਨ : ਪ੍ਰਭੂ, ਪ੍ਰਣਾਮ, ਪ੍ਰਣ, ਪ੍ਰੇਮ, ਪ੍ਰਚਲਿਤ, ਪ੍ਰੋਢ, ਪ੍ਰੰਪਰਾ, ਪ੍ਰਗਤੀ, ਪ੍ਰਾਪਤੀ, ਪ੍ਰੋਫੈਸਰ, ਪ੍ਰਤੀਕ, ਪ੍ਰਕਾਰ, ਪ੍ਰਗਟ, ਪ੍ਰਸਤਾਵ, ਪ੍ਰਯੋਗ, ਪ੍ਰਕਿਰਤੀ, ਪ੍ਰੈੱਸ, ਪ੍ਰਣਾਲੀ ਸੰਪ੍ਰਦਾਇਕ, ਗ੍ਰਹਿ, ਭ੍ਰਿਸ਼ਟ, ਅੰਮ੍ਰਿਤ ਅਤੇ ਦ੍ਰਿਸ਼ ਆਦਿ । ਪਰ ਚਰਿੱਤਰ, ਬਚਿੱਤਰ, ਪਰਮਾਤਮਾ, ਧਰਮਤਾਮਾ, ਕਿਰਿਆ, ਪਰਉਪਕਾਰ, ਪਰਿਭਾਸ਼ਾ ਆਦਿ ਸ਼ਬਦ ਪੂਰੇ ‘ਰ‘ ਨਾਲ ਲਿਖੇ ਜਾਣੇ ਹੀ ਠੀਕ ਹਨ । ਅੰਗ੍ਰੇਜ਼ੀ ਨੂੰ ਪੂਰੇ ‘ਰ‘ ਨਾਲ ਵੀ ਲਿਖਿਆ ਜਾ ਸਕਦਾ ਹੈ । ਪਰਵਾਹ ਅਤੇ ਪ੍ਰਵਾਹ ਦੋਨੋਂ ਹੀ ਸਹੀ ਸ਼ਬਦ ਜੋੜ ਹਨ ਪਰ ਇਹਨਾਂ ਦੇ ਅਰਥ ਵੱਖਰੇ-ਵੱਖਰੇ ਹਨ। ਅਸੀਂ ਕਹਿ ਸਕਦੇ ਹਾਂ ਕਿ ਸਾਨੂੰ ਕਿਸੇ ਦੀ ਪਰਵਾਹ ਨਹੀਂ ਜਾਂ ਫਿਰ ਮਹਾਨ ਵਿਅਕਤੀ ਬੇਪਰਵਾਹ ਤਾਂ ਹੁੰਦੇ ਹਨ ਪਰ ਲਾਪਰਵਾਹ ਨਹੀਂ ਹੁੰਦੇ। ਦੂਜੇ ਪਾਸੇ, ਅਸੀਂ ਅਸਥੀਆਂ ਨੂੰ ਜਲ ਪ੍ਰਵਾਹ ਕਰਦੇ ਹਾਂ, ਕੀਰਤਨ ਦਾ ਪ੍ਰਵਾਹ ਚੱਲਦਾ ਰਹਿੰਦਾ ਹੈ ਅਤੇ ਪਾਣੀ ਦੇ ਪ੍ਰਵਾਹ ਨੂੰ ਰੋਕਣਾ ਸੰਭਵ ਨਹੀਂ ਹੁੰਦਾ।

ਇਸੇ ਤਰ੍ਹਾਂ ਅੱਗੇ ਆ ਰਹੇ ਸ਼ਬਦਾਂ ਵਿਚ ਪੈਰ ਵਾਲੇ ‘ਹ‘ ਦੀ ਵਰਤੋਂ ਜਰੂਰੀ ਸਮਝੀ ਜਾਂਦੀ ਹੈ : ਖੜ੍ਹਨਾ, ਹੜ੍ਹਨਾ, ਕੜ੍ਹਨਾ, ਚੜ੍ਹਨਾ, ਰੜ੍ਹਨਾ, ਕੁੜ੍ਹਨਾ, ਰੁੜ੍ਹਨਾ, ਰਿੰਨ੍ਹਣਾ, ਗੁੰਨ੍ਹਣਾ, ਪੜ੍ਹਾਈ, ਚੜ੍ਹਾਈ, ਦ੍ਰਿੜ੍ਹ, ਚਿੰਨ੍ਹ, ਵਿੰਨ੍ਹ, ਮੜ੍ਹੀ, ਕੜ੍ਹੀ, ਮੂੜ੍ਹਾ, ਗੂੜ੍ਹਾ, ਖੁੱਲ੍ਹ, ਪੈਰ੍ਹਾ ਆਦਿ । ਇਹਨਾਂ, ਉਹਨਾਂ, ਕਿਹਨਾਂ, ਜਿਹਨਾਂ ਆਦਿ ਸ਼ਬਦਾਂ ਨੂੰ ਇਨ੍ਹਾਂ, ਉਨ੍ਹਾਂ, ਕਿਨ੍ਹਾਂ, ਜਿਨ੍ਹਾਂ ਦੇ ਰੂਪ ਵਿਚ ਵੀ ਵਰਤਿਆ ਜਾਂਦਾ ਹੈ ਅਤੇ ਇਹ ਦੋਨੋਂ ਬਿਲਕੁਲ ਠੀਕ ਮੰਨੇਂ ਜਾਂਦੇ ਹਨ । ਸਨ, ਸੰਨ ਅਤੇ ਸੰਨ੍ਹ ਵੱਖੋ-ਵੱਖਰੇ ਅਰਥਾਂ ਵਾਲੇ ਸ਼ਬਦ ਹਨ । ਇਤਫ਼ਾਕ ਵੱਸ ਇਥੇ ਇਹ ਵੀ ਦੱਸਿਆ ਜਾਂਦਾ ਹੈ ਕਿ ਇਤਨਾ, ਉਤਨਾ, ਜਿਤਨਾ ਅਤੇ ਕਿਤਨਾ ਆਦਿ ਸ਼ਬਦ ਭਾਵੇਂ ਬੁਨਿਆਦੀ ਤੌਰ ਤੇ ਹਿੰਦੀ ਦੇ ਸ਼ਬਦ ਹਨ ਅਤੇ ਪੰਜਾਬੀ ਵਿਚ ਇਹਨਾਂ ਦੇ ਸਮਾਨਅਰਥਕ ਸ਼ਬਦ ਇੰਨਾ (ਏਨਾ), ਉਨਾ, ਜਿੰਨਾ ਅਤੇ ਕਿੰਨਾ ਉਪਲਬਧ ਹਨ ਪਰ ਇਹਨਾਂ ਦੋਹਾਂ ਰੂਪਾਂ ਦੀ ਵਰਤੋਂ ਸਮਾਨ ਰੂਪ ਵਿਚ ਹੀ ਕੀਤੀ ਅਤੇ ਸਵੀਕਾਰੀ ਜਾਂਦੀ ਹੈ । ਪੈਰ ਵਾਲੇ ‘ਵ‘ ਦੀ ਥਾਂ ਹੁਣ ਆਮ ਤੌਰ ਤੇ ਪੂਰੇ ‘ਵ‘ ਦੀ ਵਰਤੋਂ ਹੀ ਹੋਣ ਲੱਗ ਪਈ ਹੈ । ਖ਼ਬਰ, ਖ਼ਰਗੋਸ਼, ਖ਼ਤਰਾ, ਖ਼ਬਤ, ਖ਼ਤ, ਖ਼ਲਕਤ, ਖ਼ਫਾ ਆਦਿ ਸ਼ਬਦ ਪੈਰ ਬਿੰਦੀ ਵਾਲੇ ਖ (ਖ਼) ਨਾਲ, ਗ਼ੁਬਾਰਾ, ਗ਼ਮ, ਗ਼ਦਾਰ, ਗ਼ਜ਼ਲ, ਗ਼ਨੀਮਤ, ਗ਼ਬਨ ਆਦਿ ਸ਼ਬਦ ਪੈਰ ਬਿੰਦ ਵਾਲੇ ਗ (ਗ਼) ਨਾਲ ਅਤੇ ਫ਼ਕੀਰ, ਫ਼ਜ਼ੂਲ, ਫ਼ਰਕ, ਫ਼ਰਜ਼, ਫ਼ਰਿਆਦ, ਫ਼ਰਿਸ਼ਤਾ ਆਦਿ ਸ਼ਬਦ ਪੈਰ ਬਿੰਦੀ ਵਾਲੇ ਫ (ਫ਼) ਨਾਲ ਲਿਖੇ ਜਾਣੇ ਚਾਹੀਦੇ ਹਨ । ਪਰ ਇੱਥੇ ਮੈਂ ਇਹ ਦੱਸਣਾ ਵੀ ਜਰੂਰੀ ਸਮਝਦਾ ਹਾਂ ਕਿ ਅਰਬੀ-ਫਾਰਸੀ ਮੂਲ ਦੇ ਇਹਨਾਂ ਸ਼ਬਦਾਂ ਨੂੰ ਬਹੁਗਿਣਤੀ ਲੋਕ ਬਿਨਾਂ ਬਿੰਦੀ ਤੋਂ ਹੀ ਬੋਲ ਅਤੇ ਲਿਖ ਰਹੇ ਹਨ ਅਤੇ ਇਹਨਾਂ ਨੂੰ ਇਸ ਤਰ੍ਹਾਂ ਹੀ ਸਵੀਕਾਰਿਆ ਜਾਣ ਲੱਗ ਪਿਆ ਹੈ ਅਤੇ ਮੇਰੀ ਤੁੱਛ ਬੁੱਧੀ ਅਨੁਸਾਰ ਇਸ ਨਾਲ ਭਾਸ਼ਾ ਦਾ ਸਰਲੀਕਰਣ ਹੋ ਰਿਹਾ ਹੈ ਜੋ ਇਕ ਸਵਾਗਤ ਯੋਗ ਕਦਮ ਹੈ । ਜੇਕਰ ਅਸੀਂ ਸ ਜਾਂ ਜ ਦੇ ਪੈਰੋਂ ਬਿੰਦੀ ਹਟਾ ਦੇਈਏ ਤਾਂ ਉਹਨਾਂ ਦੇ ਅਰਥ ਅਕਸਰ ਹੀ ਬਦਲ ਜਾਂਦੇ ਹਨ ਜਿਵੇਂ ਕਿ ਸਾਹ ਅਤੇ ਸ਼ਾਹ, ਸੱਕ ਅਤੇ ਸ਼ੱਕ, ਸਾਲ ਅਤੇ ਸ਼ਾਲ ਵੱਖੋ-ਵੱਖਰੇ ਅਰਥਾਂ ਵਾਲੇ ਸ਼ਬਦ ਹਨ। ਇਸੇ ਤਰ੍ਹਾਂ ਜਿੰ(ਜੀਵਤ) ਜਿੰਦਾ (ਤਾਲਾ), ਜੰਗ (ਯੁੱਧ ਜਾਂ ਲੜਾਈ) ਅਤੇ ਜੰ(ਲੋਹੇ ਨੂੰ ਲੱਗਣ ਵਾਲੀ ਜੰਗਾਲ ਜਾਂ ਜਰ, ਪਰ ਜ਼ਰ ਨਹੀਂ ਕਿਉਂਕਿ ਜ਼ਰ ਦਾ ਅਰਥ ਧਨ-ਮਾਲ ਹੁੰਦਾ ਹੈ) ਵੱਖੋ-ਵੱਖਰੇ ਅਰਥਾਂ ਵਾਲੇ ਸ਼ਬਦ ਹਨ ਪਰ ਜੇ ਅਸੀਂ ਗ, ਫ ਜਾਂ ਖ ਦੇ ਪੈਰ ਬਿੰਦੀ ਨਾ ਲਗਾਈਏ ਤਾਂ ਉਹਨਾਂ ਦਾ ਉਚਾਰਣ ਤਾਂ ਜਰੂਰ ਵਿਗੜਦਾ ਹੈ ਪਰ ਉਹਨਾਂ ਦੇ ਅਰਥਾਂ ਵਿੱਚ ਕੋਈ ਫਰਕ ਨਹੀਂ ਪੈਂਦਾ। ਅਮਰੀਕਾ ਵਾਲਿਆਂ ਨੇ ਅੰਗ੍ਰੇਜ਼ੀ ਦੇ ਬਹੁਤ ਸਾਰੇ ਸ਼ਬਦ-ਜੋੜਾਂ ਦਾ ਸਰਲੀਕਰਣ ਕੀਤਾ ਹੈ- ਕੀ ਅਸੀਂ ਵੀ ਅਜਿਹਾ ਨਹੀਂ ਕਰ ਸਕਦੇ ? ਅੰਤਿਮ ਫੈਸਲਾ ਵਿਦਵਾਨਾਂ ਨੇ ਕਰਨਾ ਹੈ।

ਖੁੱਲ੍ਹੇ ਮੂੰਹ ਵਾਲੇ ‘ਓ‘ ਅਤੇ ਬੰਦ ਮੂੰਹ ਵਾਲੇ ‘ੳ‘ ਦੀ ਵਰਤੋਂ ਵੀ ਕਾਫ਼ੀ ਧਿਆਨ ਦੀ ਮੰਗ ਕਰਦੀ ਹੈ । ਬਣਾਓ, ਚਲਾਓ, ਵਜਾਓ, ਦਿਖਾਓ, ਲਿਖਾਓ, ਵਰਸਾਓ, ਨਹਾਓ ਆਦਿ ਇਹਨਾਂ ਸ਼ਬਦਾਂ ਦੇ ਕ੍ਰਿਆ ਰੂਪ ਹਨ ਅਤੇ ਇਹ ਕੁਝ ਕਰਨ ਦਾ ਆਦੇਸ਼ ਜਾਂ ਸੁਝਾਅ ਦਿੰਦੇ ਹਨ । ਬੰਦ ਮੂੰਹ ਵਾਲੇ ‘ੳ‘ ਦੀ ਵਰਤੋਂ ਨਾਲ ਅਕਸਰ ਸ਼ਬਦ ਦਾ ਅਰਥ ਬਦਲ ਜਾਂਦਾ ਹੈ ਜਿਵੇਂ ਵਰਤਾਓ ਦਾ ਭਾਵ ਹੈ ਵਰਤਾ ਦੇਵੋ ਜਦ ਕਿ ਵਰਤਾਉ ਦਾ ਭਾਵ ਹੈ ਵਰਤਾਵ ਜਾਂ ਵਿਵਹਾਰ; ਦਿਓ ਦਾ ਅਰਥ ਹੈ ਦੈਂਤ ਜਾਂ ਦੈਂਤ ਵਰਗਾ ਮਨੁੱਖ ਜਦ ਕਿ ਦਿਉ ਦਾ ਭਾਵ ਹੈ ਦੇ ਦੇਵੋ। ਭਉ ਦਾ ਅਰਥ ਡਰ ਜਾਂ ਭੈਅ ਹੁੰਦਾ ਹੈ ਜਦ ਕਿ ਭਾਉ ਨੂੰ ਮੁੱਲ, ਨਿਰਖ ਜਾਂ ਪ੍ਰੇਮ ਅਤੇ ਪਿਆਰ ਦੇ ਅਰਥਾਂ ਵਿੱਚ ਵਰਤਿਆ ਜਾਂਦਾ ਹੈ। ਇਸੇ ਤਰ੍ਹਾਂ ਸਹੀ ਸ਼ਬਦ ਜੋੜ ਰੋਸ਼ਨੀ ਹੈ, ਰੌਸ਼ਨੀ ਨਹੀਂ, ਪੜੋਸੀ ਹੈ, ਪੜੌਸੀ ਨਹੀਂ, ਭਾਵੇਂ ਵਰਤੇ ਦੋਨੋਂ ਹੀ ਰੂਪ ਜਾ ਰਹੇ ਹਨ। ਅੱਜ ਕਿੰਨੇਂ ਹੀ ਬੱਚੇ-ਬੱਚੀਆਂ ਪੌੜੀ ਨੂੰ ਪੋੜੀ, ਕੌਲੀ ਨੂੰ ਕੋਲੀ, ਚੌਲ ਨੂੰ ਚੋਲ, ਲੌਕ ਨੂੰ ਲੋਕ, ਤੌਲੀਏ ਨੂੰ ਤੋਲੀਆ, ਔਰਤ ਨੂੰ ਓਰਤ ਅਤੇ ਹੌਲੀ ਨੂੰ ਹੋਲੀ ਕਹਿੰਦੇ ਹੋਏ ਸੁਣੇ ਜਾ ਸਕਦੇ ਹਨ । ਉਹਨਾਂ ਵਿਚਾਰਿਆਂ ਨੂੰ ਹੋੜੇ ਅਤੇ ਕਨੌੜੇ ਦੀਆਂ ਧੁਨੀਆਂ ਦੇ ਅੰਤਰ ਦੀ ਸਮਝ ਹੀ ਨਹੀਂ ਹੈ ।

ਕੁਝ ਸ਼ਬਦਾਂ ਦੇ ਅੰਤ ਤੇ ਮੁਕਤੇ ‘ਅ‘ ਦਾ ਲੱਗਣਾ ਜਰੂਰੀ ਹੁੰਦਾ ਹੈ ਜਿਵੇਂ ਕਿ ਸੁਝਾਅ, ਸੁਭਾਅ, ਉਤਰਾਅ, ਚੜ੍ਹਾਅ, ਫੈਲਾਅ, ਦਬਾਅ, ਨਿਭਾਅ, ਟਕਰਾਅ, ਚਾਅ, ਬਦਲਾਅ, ਹਲਕਾਅ, ਭੈਅ ਅਤੇ ਸ਼ੈਅ ਆਦਿ । ਇਥੇ ਮੈਂ ਇਹ ਦੱਸਣਾ ਵੀ ਜਰੂਰੀ ਸਮਝਦਾ ਹਾਂ ਕਿ ਅੰਗ੍ਰੇਜ਼ੀ ਵਿਚ ਲਿਖੇ ਜਾਂਦੇ ਸ਼ਬਦਾਂ ਞ ਞ ਾਂਗਜਤੀਅ ਭਨਚਦਦੀ ਂਤੀਰਾ ਞ ਝਅਤੇ ਢਰਪਨੂੰ ਰਾਮਾ, ਰਾਵਨਾ, ਕ੍ਰਿਸ਼ਨਾ, ਗੌਤਮਾ ਬੁੱਧਾ, ਅਸ਼ੋਕਾ, ਰਾਮਾਇਣਾ, ਮਹਾਭਾਰਤਾ ਅਤੇ ਯੋਗਾ ਪੜ੍ਹਨਾ ਬਿਲਕੁਲ ਗਲਤ ਹੈ । ਇਹਨਾਂ ਦੇ ਅੰਤ ਤੇ ਵਰਤਿਆ ਗਿਆ ੋਮੁਕਤੇ ‘ਅ‘ ਦੇ ਬਰਾਬਰ ਹੈ । ਇਹਨਾਂ ਸ਼ਬਦਾਂ ਦਾ ਸਹੀ ਉਚਾਰਣ ਰਾਮ, ਰਾਵਣ, ਕ੍ਰਿਸ਼ਨ, ਗੌਤਮ ਬੁੱਧ, ਅਸ਼ੋਕ, ਰਾਮਾਇਣ, ਮਹਾਭਾਰਤ ਅਤੇ ਯੋਗ ਹੈ । ਅੱਜ-ਕੱਲ੍ਹ ਯੋਗ+ਅ ਨੂੰ ਬਹੁ-ਗਿਣਤੀ ਲੋਕ ਯੋਗਾ ਹੀ ਕਹਿਣ ਲੱਗ ਪਏ ਹਨ ਅਤੇ ਸਮੇਂ ਦੇ ਬੀਤਣ ਨਾਲ ਇਹ ਸ਼ਬਦ ਇਸ ਤਰ੍ਹਾਂ ਹੀ ਸਵੀਕਾਰਿਆ ਜਾਣ ਲੱਗ ਪਿਆ ਹੈ ।

ਸਾਨੂੰ ਬਿੰਦੀ ਅਤੇ ਟਿੱਪੀ ਦੀ ਵਰਤੋਂ ਸਬੰਧੀ ਵੀ ਬਹੁਤ ਸੁਚੇਤ ਹੋਣ ਦੀ ਲੋੜ ਹੈ । ਅੱਜ ਕਿੰਨੇਂ ਹੀ ਲੋਕ ਜੀਵਨ-ਜਾਚ ਨੂੰ ਜੀਵਨ-ਜਾਂਚ ਲਿਖਦੇ ਦੇਖੇ ਜਾ ਸਕਦੇ ਹਨ । ਉਹ ਇਸ ਗੱਲ ਵੱਲ ਧਿਆਨ ਹੀ ਨਹੀਂ ਦਿੰਦੇ ਕਿ ਜਾਚ ਦਾ ਭਾਵ ਢੰਗ ਜਾਂ ਤਰੀਕਾ ਹੈ ਜਦ ਕਿ ਜਾਂਚ ਦਾ ਅਰਥ ਹੁੰਦਾ ਹੈ ਪੜਤਾਲ । ਸੋ ਸਾਨੂੰ ਜੀਵਨ-ਜਾਚ ਲਿਖਣਾ ਚਾਹੀਦਾ ਹੈ ਨਾ ਕਿ ਜੀਵਨ-ਜਾਂਚ । ਇਸੇ ਤਰ੍ਹਾਂ ਜ਼ਮਾਨਾ, ਖਜ਼ਾਨਾ, ਰੋਜ਼ਾਨਾ, ਪੈਮਾਨਾ, ਯੋਜਨਾ, ਬੀਮਾ, ਹਮੇਸ਼ਾ, ਹੌਸਲਾ, ਫੈਸਲਾ, ਭੇਟ, ਹੳਮੈ, ਜਿੰਮੇਵਾਰ ਅਤੇ ਐਤਵਾਰ ਆਦਿ ਸ਼ਬਦ ਬਿੰਦੀ ਤੋਂ ਬਗੈਰ ਹੀ ਸ਼ੁੱਧ ਹਨ।

ਅਜਿਹੇ ਸ਼ਬਦਾਂ ਦੀ ਸੂਚੀ ਬਹੁਤ ਲੰਮੀ ਹੈ ਅਤੇ ਉਹਨਾਂ ਸਭ ਦਾ ਇਥੇ ਜ਼ਿਕਰ ਕਰਨਾ ਸੰਭਵ ਨਹੀਂ ਹੈ । ਮੈਂ ਇਹ ਵੀ ਨਹੀਂ ਕਹਿ ਸਕਦਾ ਕਿ ਜੋ ਕੁਝ ਮੈਂ ਕਹਿ ਰਿਹਾ ਹਾਂ ਉਹ ਕੋਈ ਅੰਤਿਮ ਸ਼ਬਦ ਹੈ। ਮੈਂ ਤਾਂ ਕੇਵਲ ਇਹ ਸੁਝਾਅ ਦੇਣਾ ਚਾਹੁੰਦਾ ਹਾਂ ਕਿ ਸਾਨੂੰ ਇਸ ਪਾਸੇ ਵੱਲ ਤੁਰਨਾ ਚਾਹੀਦਾ ਹੈ। ਮੈਂ ਭਾਸ਼ਾ ਦੀ ਸ਼ੁੱਧਤਾ ਦਾ ਮੁਦੱਈ ਨਹੀਂ ਹਾਂ ਅਤੇ ਇਹ ਧਾਰਨਾ ਆਪਣਾ ਸਮਾਂ ਵਿਹਾ ਚੁੱਕੀ ਹੈ । ਮੈਂ ਕੇਵਲ ਇਹ ਚਾਹੁੰਦਾ ਹਾਂ ਕਿ ਅਸੀਂ ਜੋ ਲਿਖੀਏ ਉਹ ਸ਼ਬਦ-ਜੋੜਾਂ ਅਤੇ ਵਿਆਕਰਣ ਦੇ ਪੱਖ ਤੋਂ ਸਹੀ ਹੋਵੇ, ਉਸ ਵਿਚ ਵਿਸ਼ਰਾਮ ਚਿੰਨ੍ਹਾਂ ਦੀ ਸਹੀ ਵਰਤੋਂ ਕੀਤੀ ਗਈ ਹੋਵੇ ਅਤੇ ਉਸ ਦਾ ਠੀਕ ਉਚਾਰਣ ਜਾਣਦੇ ਹੋਈਏ ।

ਇਸ ਮਸਲੇ ਨੂੰ ਹੱਲ ਕਰਨ ਲਈ ਪੰਜਾਬੀ ਅਧਿਆਪਕਾਂ, ਵਿਦਵਾਨਾਂ ਅਤੇ ਲੇਖਕਾਂ ਨੂੰ ਮਿਲ ਕੇ ਅੱਗੇ ਆਉਣ ਦੀ ਲੋੜ ਹੈ । ਇਕ ਪਾਸੇ ਉਹਨਾਂ ਨੂੰ ਸ਼ਬਦ-ਜੋੜਾਂ ਦੇ ਮਿਆਰੀਕਰਨ ਵੱਲ ਧਿਆਨ ਦੇਣਾ ਚਾਹੀਦਾ ਹੈ ਅਤੇ ਦੂਜੇ ਪਾਸੇ ਇਹਨਾਂ ਦੀ ਸਹੀ ਵਰਤੋਂ ਤੇ ਜ਼ੋਰ ਦੇਣਾ ਚਾਹੀਦਾ ਹੈ । ਜਿੱਥੇ ਇਕ ਤੋਂ ਵੱਧ ਸ਼ਬਦ-ਜੋੜ ਸਹੀ ਜਾਪਦੇ ਹਨ ਉਥੇ ਉਹਨਾਂ ਸਭ ਨੂੰ ਸਹੀ ਕਰਾਰ ਦਿੱਤਾ ਜਾਣਾ ਚਾਹੀਦਾ ਹੈ । ਸੂਚਨਾ-ਤਕਨਾਲੋਜੀ ਦੇ ਖੇਤਰ ਵਿਚ ਹੋ ਰਹੇ ਵਿਕਾਸ ਦੇ ਹਾਣੀ ਬਣਨ ਲਈ ਇਹ ਉਪਰਾਲਾ ਜਿੰਨਾਂ ਜਲਦੀ ਕੀਤਾ ਜਾਵੇ ਉਨਾਂ ਹੀ ਚੰਗਾ ਹੋਵੇਗਾ । ਇਸ ਮਸਲੇ ਦੇ ਹੱਲ ਲਈ ਸਕੂਲ-ਪੱਧਰ ਤੇ ਤਾਂ ਬਹੁਤ ਹੀ ਵਿਸ਼ੇਸ਼ ਯਤਨ ਕੀਤੇ ਜਾਣ ਦੀ ਲੋੜ ਹੈ ।

ਇਸ ਸਮੱਸਿਆ ਨੂੰ ਹੱਲ ਕਰਨ ਲਈ ਸਮੁੱਚੀ ਪੰਜਾਬੀ ਪ੍ਰੈØੱਸ ਬਹੁਤ ਹੀ ਅਹਿਮ ਯੋਗਦਾਨ ਪਾ ਸਕਦੀ ਹੈ ਕਿਉਂਕਿ ਲੋਕਾਂ ਤਕ ਜਿੰਨੀਂ ਪਹੁੰਚ ਅਤੇ ਰਸਾਈ ਅਖ਼ਬਾਰਾਂ-ਰਸਾਲਿਆਂ ਦੀ ਹੈ ਉਨੀਂ ਟੈਲੀਵਿਯਨ ਨੂੰ ਛੱਡ ਕੇ ਕਿਸੇ ਵੀ ਹੋਰ ਸਾਧਨ ਦੀ ਨਹੀਂ ਹੈ । ਜੇਕਰ ਸਾਰੀ ਪ੍ਰੈØੱਸ ਮਿਲ ਕੇ ਇਹ ਫ਼ੈਸਲਾ ਕਰ ਲੈਂਦੀ ਹੈ ਕਿ ਉਹ ਇਸ ਸਮੱਸਿਆ ਦੇ ਹੱਲ ਲਈ ਸੁਹਿਰਦ ਯਤਨ ਕਰਨਗੇ ਤਾਂ ਕੋਈ ਕਾਰਣ ਨਹੀਂ ਕਿ ਇਹ ਸਮੱਸਿਆ ਹੱਲ ਨਾ ਹੋ ਸਕੇ । ਉਹਨਾਂ ਨੂੰ ਇਹ ਗੱਲ ਯਕੀਨੀ ਬਣਾਉਣੀ ਚਾਹੀਦੀ ਹੈ ਕਿ ਉਹਨਾਂ ਦੇ ਪਰਚਿਆਂ ਅਥਵਾ ਅਖ਼ਬਾਰਾਂ ਵਿਚ ਇਕ ਵੀ ਸ਼ਬਦ-ਜੋੜ ਗਲਤ ਨਾ ਹੋਵੇ ਭਾਵੇਂ ਇਹ ਸ਼ਬਦ ਕਿਸੇ ਸਰਕਾਰੀ ਜਾਂ ਗੈਰ-ਸਰਕਾਰੀ ਇਸ਼ਤਿਹਾਰ ਵਿਚ ਆਇਆ ਹੋਵੇ ਅਤੇ ਭਾਵੇਂ ਕਿਸੇ ਹੋਰ ਰੂਪ ਵਿਚ । ਕੀ ਇਹ ਸੰਭਵ ਨਹੀਂ ਕਿ ਭੁਲੇਖਾ-ਪਾਊ ਅਤੇ ਵਿਵਾਦ-ਗ੍ਰਸਤ ਸ਼ਬਦ-ਜੋੜਾਂ ਸਬੰਧੀ ਵਿਚਾਰ-ਵਟਾਂਦਰਾ ਕਰਕੇ ਉਨ੍ਹਾਂ ਦੇ ਸਹੀ ਰੂਪਾਂ ਬਾਰੇ ਨਿਰਣਾ ਕੀਤਾ ਜਾਵੇ ਅਤੇ ਫਿਰ ਸਾਰੀ ਦੀ ਸਾਰੀ ਪੰਜਾਬੀ ਪ੍ਰੈੱਸ ਉਨ੍ਹਾਂ ਹੀ ਰੂਪਾਂ ਦੀ ਵਰਤੋਂ ਕਰੇ ? ਅਜਿਹੇ ਸ਼ਬਦਾਂ ਦੀ ਗਿਣਤੀ ਬਹੁਤ ਜ਼ਿਆਦਾ ਨਹੀਂ ਹੈ ਅਤੇ ਉਨ੍ਹਾਂ ਦੀ ਪਹਿਚਾਣ ਕਰਨੀ ਵੀ ਔਖੀ ਨਹੀਂ ਹੋਵੇਗੀ। ਇਹ ਕਾਰਜ ਸਾਡਾ ਭਾਸ਼ਾ ਵਿਭਾਗ ਜਾਂ ਸਾਡੀਆਂ ਯੂਨੀਵਰਸਿਟੀਆਂ ਦੇ ਪੰਜਾਬੀ ਵਿਭਾਗ ਵੀ ਸਹਿਜੇ ਹੀ ਕਰ ਸਕਦੇ ਹਨ। ਕੀ ਇਹ ਨਹੀਂ ਹੋ ਸਕਦਾ ਕਿ ਪੰਜਾਬੀ ਪਾਠਕਾਂ ਨੂੰ ਸ਼ੁੱਧ ਪੰਜਾਬੀ ਸਿਖਾਉਣ ਲਈ ਹਰ ਅਖਬਾਰ ਇੱਕ ਸਥਾਈ ਕਾਲਮ ਸ਼ੁਰੂ ਕਰੇ ਜਿਸ ਵਿੱਚ ਵਿਦਵਾਨ ਆਪੋ ਆਪਣੇ ਮਤ ਪੇਸ਼ ਕਰਦੇ ਰਹਿਣ?

ਸੜਕਾਂ ਕਿਨਾਰੇ ਜਾਂ ਜਨਤਕ ਥਾਵਾਂ ਤੇ ਲੱਗੇ ਬੋਰਡਾਂ ਜਾਂ ਪੋਸਟਰਾਂ ਵਿਚ, ਟੈਲੀਵਿਯਨ ਤੇ ਦਿਖਾਏ ਜਾਂਦੇ ਇਸ਼ਤਿਹਾਰਾਂ ਵਿਚ ਅਤੇ ਵਿਦਿਆਰਥੀਆਂ ਦੀਆਂ ਲਿਖਤਾਂ ਵਿੱਚ ਪੰਜਾਬੀ ਸ਼ਬਦ-ਜੋੜਾਂ ਦੀਆਂ ਅਥਾਹ ਗਲਤੀਆਂ ਹੁੰਦੀਆਂ ਹਨ ਅਤੇ ਉਹਨਾਂ ਦੁਆਰਾ ਅਰਥਾਂ ਦੇ ਕੀਤੇ ਜਾ ਰਹੇ ਅਨਰਥ ਦੇਖ ਕੇ ਮਨ ਨੂੰ ਬਹੁਤ ਦੁੱਖ ਪਹੁੰਚਦਾ ਹੈ । ਸਾਡੀ ਪ੍ਰੈੱਸ ਅਤੇ ਸਮੁੱਚੇ ਪੰਜਾਬੀ ਪ੍ਰੇਮੀਆਂ ਦਾ ਇਹ ਫ਼ਰਜ਼ ਬਣਦਾ ਹੈ ਕਿ ਉਹ ਅਜਿਹੀਆਂ ਗਲਤੀਆਂ ਨੂੰ ਦਰੁਸਤ ਕਰਨ/ਕਰਵਾਉਣ ਲਈ ਸੁਹਿਰਦ ਉਪਰਾਲੇ ਕਰਨ । ਜੇਕਰ ਯਤਨ ਆਰੰਭ ਦੇਵਾਂਗੇ ਤਾਂ ਸਫ਼ਲਤਾ ਅਵੱਸ਼ ਮਿਲੇਗੀ।
***
304
***

(ਪਹਿਲੀ ਵਾਰ: 26 ਅਕਤੂਬਰ 2007)
(ਦੂਜੀ ਵਾਰ: 31 ਅਗਸਤ 2021)

*** 

ਪ੍ਰੋ. ਅੱਛਰੂ ਸਿੰਘ
(ਸਾਬਕਾ ਮੁਖੀ, ਅੰਗ੍ਰੇਜ਼ੀ ਵਿਭਾਗ, ਨਹਿਰੂ ਮੈਮੋਰੀਅਲ ਸਰਕਾਰੀ ਕਾਲਜ, ਮਾਨਸਾ)
ਰਿਹਾ : ਹੰਸ ਨਿਵਾਸ, ਲੱਲੂਆਣਾ ਰੋਡ, ਮਾਨਸਾ
ਮੋਬ: 98155-01381

About the author

ਪ੍ਰੋ. ਅੱਛਰੂ ਸਿੰਘ
+ ਲਿਖਾਰੀ ਵਿੱਚ ਛਪੀਆਂ ਰਚਨਾਵਾਂ ਦਾ ਵੇਰਵਾ

ਪ੍ਰੋ. ਅੱਛਰੂ ਸਿੰਘ
(ਸਾਬਕਾ ਮੁਖੀ, ਅੰਗ੍ਰੇਜ਼ੀ ਵਿਭਾਗ, ਨਹਿਰੂ ਮੈਮੋਰੀਅਲ ਸਰਕਾਰੀ ਕਾਲਜ, ਮਾਨਸਾ)
ਰਿਹਾ : ਹੰਸ ਨਿਵਾਸ, ਲੱਲੂਆਣਾ ਰੋਡ, ਮਾਨਸਾ
ਮੋਬ: 98155-01381

ਪ੍ਰੋ. ਅੱਛਰੂ ਸਿੰਘ

ਪ੍ਰੋ. ਅੱਛਰੂ ਸਿੰਘ (ਸਾਬਕਾ ਮੁਖੀ, ਅੰਗ੍ਰੇਜ਼ੀ ਵਿਭਾਗ, ਨਹਿਰੂ ਮੈਮੋਰੀਅਲ ਸਰਕਾਰੀ ਕਾਲਜ, ਮਾਨਸਾ) ਰਿਹਾ : ਹੰਸ ਨਿਵਾਸ, ਲੱਲੂਆਣਾ ਰੋਡ, ਮਾਨਸਾ ਮੋਬ: 98155-01381

View all posts by ਪ੍ਰੋ. ਅੱਛਰੂ ਸਿੰਘ →