ਉੱਘੇ ਸਾਹਿਤਕਾਰ, ਆਲੋਚਕ ਅਤੇ ‘ਸਾਹਿਤ ਸਭਾ ਜਲੰਧਰ’ ਦੇ ਪ੍ਰਧਾਨ ਸ: ਹਰਮੀਤ ਸਿੰਘ ਅਟਵਾਲ ਜੀ ਦੇ ‘ਪੰਜਾਬੀ ਜਾਗਰਣ’ ਅਖਬਾਰ ਵਿੱਚ ਛਪਦੇ ਹਫਤਾਵਾਰੀ ਕਾਲਮ “ਅਦੀਬ ਸਮੁੰਦਰੋਂ ਪਾਰ ਦੇ” ਦੀ (10 ਅਕਤੂਬਰ 2021 ਨੂੰ) 57ਵੀਂ ਕਿਸ਼ਤ ਛਪੀ ਹੈ ਜਿਸ ਵਿੱਚ ‘ਮਾਨਵਵਾਦੀ ਸਾਹਿਤਕਾਰ ਪਿਆਰਾ ਸਿੰਘ ਕੁੱਦੋਵਾਲ’ ਬਾਰੇ ਲਿਖਿਆ ਗਿਆ ਹੈ। ਇਹ ਲਿਖਤ ਜਿੱਥੇ ‘ਸਾਹਿਤਕਾਰ ਪਿਆਰਾ ਸਿੰਘ ਕੁੱਦੋਵਾਲ’ ਦੇ ਸਮੁੱਚੇ ਰਚਨਾ ਸੰਸਾਰ ਦੇ ਰੂ-ਬ-ਰੂ ਕਰਦੀ ਹੈ ਉਥੇ ਹੀ ਸਾਹਿਤਕਾਰ/ਆਲੋਚਕ ਅਟਵਾਲ ਜੀ ਦੀ ਨਿਵੇਕਲੀ ਕਲਮ-ਪ੍ਰਤਿਭਾ ਦੇ ਦਰਸ਼ਣ ਵੀ ਕਰਾਉਂਦੀ ਹੈ। ‘ਲਿਖਾਰੀ’ ਦੇ ਪਾਠਕਾਂ ਦੀ ਨਜ਼ਰ-ਭੇਂਟ ਕਰਦਿਅਾਂ ਖੁਸ਼ੀ ਦਾ ਅਨੁਭਵ ਹੋ ਰਿਹਾ ਹੈ।—ਲਿਖਾਰੀ |
ਪੰਜਾਬੀਆਂ ਦੀ ਸੰਘਣੀ ਵੱਸੋਂ ਵਾਲੇ ਕੈਨੇਡਾ ਦੇ ਸ਼ਹਿਰ ਬਰੈਂਪਟਨ ਵਿਚ ਪੰਜਾਬੀ ਸਾਹਿਤਕਾਰੀ ਨਾਲ ਜੁੜੀ ਇਕ ਬਹੁਤ ਪਿਆਰੀ ਅਦਬੀ ਸ਼ਖ਼ਸੀਅਤ ਪਰਿਵਾਰ ਸਮੇਤ ਘੁੱਗ ਵੱਸਦੀ ਹੈ ਜਿਸ ਦਾ ਨਾਂ ਹੈ ਪਿਆਰਾ ਸਿੰਘ ਕੁੱਦੋਵਾਲ। ਪਿਆਰਾ ਸਿੰਘ ਕੁੱਦੋਵਾਲ ਦੀ ਸਾਹਿਤਕਾਰੀ ਵਾਂਗ ਉਸ ਦੀ ਸਾਧਾਰਨ ਗੱਲਬਾਤ ਵਿੱਚੋਂ ਵੀ ਪਰਪੱਕਤਾ, ਫ਼ਰਜ਼ਾਨਗੀ, ਜਦੀਦੀਅਤ, ਹਲੀਫ਼ੀਅਤ, ਹਲਾਵਤ, ਨਿਹਚਲਤਾ, ਗੁਸ਼ਾਦੀ, ਗੁਰਾਜੀ, ਰਫ਼ੀਕੀ ਤੇ ਦਲਕਪੋਸ਼ਾਂ ਵਾਲੀ ਦਰਿਆ ਦਿਲੀ ਸਹਿਜ ਰੂਪ ਵਿਚ ਹੀ ਝਲਕਦੀ ਹੈ। ਸਦਾ ਫੁੱਲ ਵਾਂਗ ਖਿੜੇ ਰਹਿਣਾ ਉਸ ਦੀ ਤਬੀਅਤ ਦਾ ਆਧਾਰਭੂਤਕ ਨੁਕਤਾ ਹੈ। ਉਂਝ ਵੀ ਸਿਆਣੇ ਕਹਿੰਦੇ ਨੇ ਫੁੱਲ ਖਿੜਿਓ ਹੀ ਚੰਗੇ ਲਗਦੇ ਨੇ। ਪਾਣੀ ਵਗਦੇ ਹੀ ਤਰਲਤਾ ਦੀ ਭਾਵਪੂਰਤ ਤੇ ਭਾਵਆਤਮਿਕ ਤਸਵੀਰ ਦੇ ਵਾਚਕ ਹੁੰਦੇ ਨੇ। ਪੰਛੀ ਚਹਿਚਹਾਉਂਦੇ, ਫ਼ਸਲਾਂ ਲਹਿਰਾਉਦੀਆਂ, ਹਵਾ ਨਾਲ ਝੂਮਦੇ ਰੁੱਖ, ਚੜ੍ਹੀਓ ਗੱੁਡੀ ਤੇ ਚੜ੍ਹਿਆ ਚੰਦ ਆਦਿ ਹੋਰ ਕਈ ਕੁਝ ਅਜਿਹਾ ਚੰਗਾ ਲਗਦਾ ਹੈ ਜਿਹੜਾ ਮਨੁੱਖ ਦੇ ਮਨ ਨੂੰ ਭਾਉਦਾ ਹੈ। ਜੇ ਇਸ ਗੱਲ ਨੂੰ ਲੇਖਕਾਂ ਵੱਲ ਲੈ ਆਈਏ ਤਾਂ ਲੇਖਕ ਵੀ ਲਿਖਦੇ ਹੀ ਚੰਗੇ ਲਗਦੇ ਹਨ। ਸਾਰੀ ਗੱਲ ਦਾ ਭਾਵਅਰਥ ਇਕ ਸੁਹਿਰਦ ਨਿਰੰਤਰਤਾ ਵਿਚ ਨਿਹਿੱਤ ਹੈ। ਇਹੀ ਨਿਰੰਤਰਤਾ ਸਹੀ ਮਾਅਨਿਆਂ ਵਿਚ ਮਾਨਵ ਦੇ ਇਸ ਦਿਸਦੇ ਸੰਸਾਰ ਨੂੰ ਸੰਜੀਵਨੀ ਸੰਪੰਨ ਗਤੀਸ਼ੀਲਤਾ ਬਖ਼ਸ਼ਦੀ ਹੈ, ਮਾਨਵ ਦੀ ਮਾਨਵਤਾ ਨੂੰ ਮਹੱਤਤਾ ਦਿੰਦੀ ਹੈ। ਜਦੋਂ ਇਸ ਮਹੱਤਤਾ ਵਿਚ ਕੋਈ ਸਾਹਿਤਕਾਰ ਆਪਣੇ ਹਿੱਸੇ ਦਾ ਯੋਗਦਾਨ ਆਪਣੀਆਂ ਲਿਖਤਾਂ ਰਾਹੀਂ ਪਾਉਦਾ ਹੈ ਤਾਂ ਉਹ ਮਾਨਵਵਾਦੀ ਸਾਹਿਤਕਾਰ ਅਖਵਾਉਣ ਦਾ ਹੱਕਦਾਰ ਹੋ ਨਿਬੜਦਾ ਹੈ। ਪਿਆਰਾ ਸਿੰਘ ਕੁੱਦੋਵਾਲ ਮਾਨਵਵਾਦੀ ਸਾਹਿਤਕਾਰ ਹੈ ਜਿਸ ਨੂੰ ਮਾਨਵਤਾ ਨਾਲ ਅੰਤਾਂ ਦਾ ਪਿਆਰ ਹੈ, ਜਿਹੜਾ ਮਾਨਵਤਾ ਦੀ ਸਦਾ ਸੁੱਖ ਮੰਗਦਾ ਹੈ ਤੇ ਜਿਹੜਾ ਸਰਬੱਤ ਦੇ ਭਲੇ ਦੀ ਧੁਰ ਅੰਦਰੋਂ ਕਾਮਨ ਕਰਦਾ ਹੋਇਆ ਕੁਲ ਆਲਮ ਨੂੰ ਸੁਰੱਖਿਅਤ, ਸੁੰਦਰ, ਸਹਿਜ ਤੇ ਸਰਬਉੱਤਮ ਦੇਖਣ ਦਾ ਚਾਹਵਾਨ ਹੈ।
ਯੂਨੀਵਰਸਿਟੀ ਪਟਿਆਲਾ ਦੇ ਨਾਮਵਰ ਵਿਦਵਾਨ ਡਾ. ਸੁਰਜੀਤ ਸਿੰਘ ਭੱਟੀ ਦੇ ਪਿਆਰਾ ਸਿੰਘ ਕੁੱਦੋਵਾਲ ਦੀ ਰਚਨਾਕਾਰੀ ਬਾਰੇ ਲਿਖੇ ਇਹ ਸ਼ਬਦ ਵੀ ਇਥੇ ਗੌਰਤਲਬ ਹਨ :- * ‘‘ਪਿਆਰਾ ਸਿੰਘ ਕੁੱਦੋਵਾਲ ਇਕ ਵਿਸ਼ਾਲ ਦਿ੍ਰਸ਼ਟੀਵਾਲਾ, ਸਰਬੱਤ ਦਾ ਭਲਾ ਚਾਹੁਣ ਵਾਲਾ, ਮਨੁੱਖ ਦੀ ਸੁਤੰਤਰਤਾ ਨੂੰ ਪਿਆਰ ਕਰਨ ਵਾਲਾ, ਬਹੁ-ਦੇਸ਼ੀ, ਬਹੁ-ਪਰਤੀ, ਬਹੁ-ਸੱਭਿਆਚਾਰੀ ਅਨੁਭਵ ਨੂੰ ਆਤਮਸਾਤ ਅਤੇ ਪੇਸ਼ ਕਰਨ ਵਾਲਾ ਸ਼ਾਇਰ ਹੈ। ਉਸ ਦੀ ਕਵਿਤਾ ਦੀ ਭਾਸ਼ਾ ਅਤੇ ਇਸ ਨੂੰ ਪੇਸ਼ ਕਰਨ ਵਾਲਾ ਮੁਹਾਵਰਾ ਉਸ ਦੀ ਨਵੀਨਤਾ ਨੂੰ ਦਿ੍ਰਸ਼ਟੀਗੋਚਰ ਕਰਦਾ ਹੈ।’’ ਪਿਆਰਾ ਸਿੰਘ ਕੁੱਦੋਵਾਲ ਦਾ ਜਨਮ 15 ਅਪ੍ਰੈਲ 1954 ਨੂੰ ਪਿਤਾ ਲੱਖਾ ਸਿੰਘ ਠੇਕੇਦਾਰ ਤੇ ਮਾਤਾ ਅਮਰ ਕੌਰ ਦੇ ਘਰ ਪਿੰਡ ਕੁੱਦੋਵਾਲ (ਜਲੰਧਰ) ਵਿਖੇ ਹੋਇਆ। ਪਿਆਰਾ ਸਿੰਘ ਨੇ ਪੜ੍ਹਨ ਤੇ ਪੜ੍ਹਾਉਣ ਦਾ ਹੁਣ ਤਕ ਕਾਫ਼ੀ ਕਾਰਜ ਕੀਤਾ ਹੈ। ਉਸ ਨੇ ਐੱਮਏ ਕਰਨ ਉਪਰੰਤ ‘ਸਾਹਿਤਯ ਰਤਨ’ ਹਿੰਦੀ ਵਿਸ਼ਵ ਵਿੱਦਿਆਲਯ ਪਰਾਗ ਤੋਂ ਕੀਤੀ। ਉਹ ਆਪਣੇ ਸਮੇਂ ਦਾ ਬੈਸਟ ਐਥਲੀਟ ਤੇ ਬੈਸਟ ਸਿੰਗਰ ਵੀ ਰਿਹਾ ਹੈ। ਉਨ੍ਹਾਂ ਵੇਲਿਆਂ ਵਿਚ ਪਿਆਰਾ ਸਿੰਘ ਦੀ ਗਾਈ ਹੀਰ ਬੜੀ ਮਸ਼ਹੂਰ ਹੁੰਦੀ ਸੀ। ਉਸ ਨੇ ਪਹਿਲਾਂ ਡੇਢ ਸਾਲ ਕਰਤਾਰਪੁਰ ਦੇ ਇਕ ਕਾਲਜ ਵਿਚ ਪੜ੍ਹਾਇਆ, ਫਿਰ 6 ਸਾਲ ਮਸੂਰੀ ਦੇ ਇਕ ਸਕੂਲ ਵਿਚ ਪੜ੍ਹਾਇਆ। 1985 ਤੋਂ 1995 ਤਕ ਥਾਈ ਸਿੱਖ ਇੰਟਰਨੈਸ਼ਨਲ ਸਕੂਲ ਬੈਂਕੌਕ (ਥਾਈਲੈਂਡ) ਵਿਚ ਪਹਿਲਾਂ ਅਧਿਆਪਕ ਤੇ ਫਿਰ ਪਿ੍ਰੰਸੀਪਲ ਵੱਜੋਂ ਸੇਵਾ ਨਿਭਾਈ। 1995 ਤੋਂ 2007 ਤਕ ਕੈਲੇਫੋਰਨੀਆ (ਅਮਰੀਕਾ) ਵਿਚ ਖ਼ਾਲਸਾ ਸਕੂਲ ਫਰੀਮੌਂਟ ਵਿਚ ਪੰਜਾਬੀ ਪੜ੍ਹਾਈ। 2007 ਵਿਚ ਪਿਆਰਾ ਸਿੰਘ ਕੁੱਦੋਵਾਲ ਪਰਿਵਾਰ ਸਮੇਤ ਟੋਰਾਂਟੋ (ਕੈਨੇਡਾ) ਆ ਪੁੱਜਿਆ। ਇਥੇ ਕਲਮ ਫਾਊਂਡੇਸ਼ਨ ਦਾ ਫਾਊਂਡਰ ਪ੍ਰੈਜੀਡੈਂਟ ਬਣਿਆ। ਇਸੇ ਕਲਮ ਫਾਊਂਡੇਸ਼ਨ ਨੇ 2009 ਵਿਚ ਅੰਤਰ-ਰਾਸ਼ਟਰੀ ਪੰਜਾਬੀ ਕਾਨਫਰੰਸਾਂ ਕਰਾਉਣ ਦਾ ਸਿਲਸਿਲਾ ਸ਼ੁਰੂ ਕੀਤਾ ਸੀ। ‘ਸਮਿਆਂ ਤੋਂ ਪਾਰ’ (2009), ‘ਸੂਰਜ ਨਹੀਂ ਮੋਇਆ’ (2015) ਤੇ ‘ਸਰਹੰਦ ਫ਼ਤਹਿ’ (2016), ਪਿਆਰਾ ਸਿੰਘ ਕੁੱਦੋਵਾਲ ਦੀਆਂ ਇਹ ਤਿੰਨ ਪੁਸਤਕਾਂ ਸਾਡੇ ਅਧਿਐਨ ਦਾ ਵਿਸ਼ਾ ਬਣੀਆਂ ਹਨ। ਕ੍ਰਮਵਾਰ ਗੱਲ ਕਰੀਏ ਤਾਂ ‘ਸਮਿਆਂ ਤੋਂ ਪਾਰ’, ਕੁਲ 88 ਪੰਨਿਆਂ ਦੀ ਪੁਸਤਕ ਹੈ ਜਿਸ ਵਿਚ 66 ਕਾਵਿ-ਰਚਨਾਵਾਂ ਹਨ। ਆਪਣੇ ਮਾਨਵਵਾਦੀ ਸੁਭਾਅ ਸਦਕਾ ਸ਼ਾਇਰ ਗਲੋਬਲ ਏਕਤਾ ਦਾ ਹਾਮੀ ਹੈ। ਉਹ ਆਮ ਆਦਮੀ ਨੂੰ ਬਹੁਤ ਅਹਿਮੀਅਤ ਦਿੰਦਾ ਹੈ। ਉਸ ਦਾ ਆਖਣਾ ਹੈ ਕਿ ਆਮ ਮਾਨਵ ਦੀ ਦਿ੍ਰੜ੍ਹਤਾ, ਨਿਸ਼ਠਾ ਤੇ ਹਿੰਮਤ ਹੀ ਮੇਰੀਆਂ ਨਜ਼ਮਾਂ ਦਾ ਆਧਾਰ ਹੈ। ਚਾਹੇ ਮੈਂ ਜੰਗ ਦਾ ਜ਼ਿਕਰ ਕਰਾਂ ਅੱਤਵਾਦ ਦਾ, ਕਿਸਾਨਾਂ ਜਾਂ ਫ਼ੌਜੀਆਂ ਦਾ, ਲੋਕ ਨਾਇਕਾਂ ਜਾਂ ਮੁਹੱਬਤ ਦਾ, ਗੱਲ ਆਮ ਮਨੁੱਖ ਦੀ ਹੀ ਹੈ। ਨਿਰਸੰਦੇਹ ਮਾਨਵ ਹਿਤੈਸ਼ੀ ਮਨੁੱਖ ਆਮ ਆਦਮੀ ਦਾ ਵੱਧ ਕਦਰਦਾਨ ਹੁੰਦਾ ਹੈ ਕਿਉਕਿ ਖ਼ਾਸ ਆਦਮੀ ਤਾਂ ਕਦੇ ਕਦਾਈਂ ਮਾਨਵਤਾ ਵੱਲ ਪਿੱਠ ਵੀ ਕਰ ਸਕਦਾ ਹੈ। ‘ਸਮਿਆਂ ਤੋਂ ਪਾਰ’ ਦੇ ਪੰਨਾ ਨੰ : 44 ਉੱਪਰ ਸ਼ਾਇਰ ਦੇ ਬੋਲ ਹਨ ਜਿਨ੍ਹਾਂ ਦਾ ਨਾਂ ‘ਮਾਨਵਤਾ ਦਾ ਰਾਗ’ ਰੱਖਿਆ ਗਿਆ ਹੈ। ਕੁਝ ਅੰਸ਼ ਹਾਜ਼ਰ ਹਨ:- ਯਾਰੋ ਮੇਰੇ ਦਿਲ ਵਿਚ ਹੋਇਆ ਰੌਸ਼ਨ ਇਕ ਚਿਰਾਗ਼ ਸਾਂਝਾਂ ਦਿਲ ਦੀਆਂ ਪਾ ਕੇ ਆਪਾਂ ਰੌਸ਼ਨ ਕਰਨੀ ਦੁਨੀਆ ਗੀਤਾਂ ਤੇ ਨਜ਼ਮਾਂ ਨਾਲ ਸ਼ਿੰਗਾਰੀ 128 ਪੰਨਿਆਂ ਦੀ ਪੁਸਤਕ ‘ਸੂਰਜ ਨਹੀਂ ਮੋਇਆ’ ’ਚ ਕੁਲ 56 ਕਾਵਿ-ਰਚਨਾਵਾਂ ਹਨ ਜਿਨ੍ਹਾਂ ਦਾ ਕੇਂਦਰ ਬਿੰਦੂ ਸ਼ਾਇਰ ਨੂੰ ਇਕ ਪ੍ਰਤੀਬੱਧ, ਪ੍ਰਗਤੀਵਾਦੀ, ਆਸ਼ਾਵਾਦੀ ਤੇ ਮਾਨਵਵਾਦੀ ਸ਼ਾਇਰ ਸਾਬਤ ਕਰਦਾ ਹੈ। ਪੰਨਾ ਨੰਬਰ 110 ’ਤੇ ‘ਸ਼ਾਇਰ’ ਨਾਂ ਦੀ ਕਾਵਿ-ਰਚਨਾ ਦਾ ਪਹਿਲਾ ਬੰਦ ਹੀ ਉਪਰੋਕਤ ਵਿਚਾਰਾਂ ਦੀ ਪੁਸ਼ਟੀ ਕਰਦਾ ਹੈ। ਬੰਦ ਹੈ:- ਮੈਂ ਤਾਂ ਸ਼ਾਇਰ ਹਾਂ, ਕੋਮਲ ਬੋਲਾਂ ਦਾ ਸ਼ਾਇਰ ਜੋ ਸੱਚ ਲਈ ਉੱਠੇ ਉਸ ਤਲਵਾਰ ਦਾ ਸ਼ਾਇਰ ਘਰਾਂ ’ਚੋਂ ਨਿਕਲ ਦੇਸ ਪ੍ਰਦੇਸ ਤੱਕ ਫੈਲੀ 70 ਪੰਨਿਆਂ ਦੀ 14 ਰੰਗਦਾਰ ਫੋਟੋਆਂ ਸੰਪੰਨ ‘ਸਰਹਿੰਦ ਫ਼ਤਹਿ’ (ਨਾਟਕ) ਪਿਆਰਾ ਸਿੰਘ ਕੁੱਦੋਵਾਲ ਦੀ ਤੀਜੀ ਪੁਸਤਕ ਹੈ। ਇਹ ਨਾਟਕ ਬਾਬਾ ਬੰਦਾ ਸਿੰਘ ਬਹਾਦਰ ਦਾ ਲੋਕਾਂ ਲਈ ਕੀਤੇ ਕੰਮਾਂ ਅਤੇ ਉਨ੍ਹਾਂ ਪਿੱਛੇ ਛੁਪੀ ਨਿਰਪੱਖਤਾ, ਨਿਰਭੈਤਾ ਤੇ ਨਿਰਵੈਰਤਾ ਵਾਲੀ ਭਾਵਨਾ ਦਾ ਪ੍ਰਗਟਾਅ ਹੈ। ਇਹ ਨਾਟਕ ਬਾਬਾ ਬੰਦਾ ਸਿੰਘ ਬਹਾਦਰ ਵੱਲੋਂ ਸਰਹਿੰਦ ਨੂੰ ਫ਼ਤਹਿ ਕਰਨ ਤਕ ਦਾ ਨਾਟਕੀ ਪ੍ਰਕਰਣ ਹੈ। ਇਹ ਨਾਟਕ ਸਟੇਜਾਂ ’ਤੇ ਵੀ ਕਈ ਵਾਰ ਖੇਡਿਆ ਗਿਆ ਹੈ ਜਿਸ ਵਿਚ ਪਿਆਰਾ ਸਿੰਘ ਕੁੱਦੋਵਾਲ ਦੀ ਮਕਬੂਲ ਸ਼ਾਇਰ ਪਤਨੀ ਸੁਰਜੀਤ ਨੇ ਵੀ ਇਕ ਸਾਧੂ ਦਾ ਕਿਰਦਾਰ ਬਾਖ਼ੂਬੀ ਨਿਭਾਇਆ ਹੈ ਤੇ ਉਨ੍ਹਾਂ ਦੇ ਸਪੁੱਤਰ ਫ਼ਤਹਿਜੀਤ ਨੇ ਬੈਕਗਰਾਊਂਡ ਮਿਊਜ਼ਿਕ ਦਿੱਤਾ ਹੈ। ਪਿਆਰਾ ਸਿੰਘ ਕੁੱਦੋਵਾਲ ਨਾਲ ਹੋਏ ਬਹੁਪੱਖੀ ਵਿਚਾਰ ਵਟਾਂਦਰੇ ’ਚੋਂ ਉਸ ਵੱਲੋਂ ਕੁਝ ਅੰਸ਼ ਵੀ ਇਥੇ ਲਿਖੇ ਜਾਂਦੇ ਹਨ :- * ਭਾਵੁਕ ਸ਼ਾਇਰੀ ਛੋਟੀ ਉਮਰੇ ਸ਼ੁਰੂ ਹੋ ਗਈ ਸੀ। ਸਟੂਡੈਂਟ ਯੂਨੀਅਨ ਦੇ ਅਸਰ ਹੇਠ ਢੇਰ ਕਿਤਾਬਾਂ ਪੜ੍ਹਨ, ਪ੍ਰੋਫੈਸਰਾਂ ਦੇ ਲੈਕਚਰਾਂ ਨਾਲ ਰੂਸੀ ਸਾਹਿਤ ਤੇ ਮੈਗਜ਼ੀਨ ਕਰਕੇ ਵਿਚਾਰ ਬਦਲੇ ਤਾਂ ਮੇਰਿਆਂ ਗੀਤਾਂ-ਕਵਿਤਾਵਾਂ ਦੇ ਰੰਗ ਵੀ ਬਦਲੇ/ਬੱਚਿਆਂ ਵਾਸਤੇ ਬਾਲ ਗੀਤ ਵੀ ਲਿਖੇ। * ਦੇਸ਼ ਦੇ ਦੂਜਿਆਂ ਪ੍ਰਾਂਤਾਂ ਤੇ ਫਿਰ ਵਿਦੇਸ਼ਾਂ ਵਿਚ ਭ੍ਰਮਣ ਕਰਦਿਆਂ ਮੇਰੇ ਵਿਚਾਰ ਵਧੇਰੇ ਮਾਨਵਵਾਦੀ ਹੋ ਗਏ ਹਨ। * ਮੈਨੂੰ ਛੰਦ-ਬੱਧ ਕਵਿਤਾ ਕਹਿਣੀ ਬੇਹੱਦ ਪਸੰਦ ਹੈ। ਆਪਣੀਆਂ ਛੰਦ-ਬੱਧ ਰਚਨਾਵਾਂ (ਗ਼ਜ਼ਲਾਂ ਤੇ ਗੀਤ) ਗਾ ਕੇ ਲਿਖਦਾ ਹਾਂ। ਮੇਰੀ ਗਾਉਣ ਵਿਧੀ ਨੂੰ ਸਰੋਤਿਆਂ ਦਾ ਵੀ ਭਰਪੂਰ ਹੁੰਗਾਰਾ ਮਿਲਦਾ ਹੈ। * ਮੇਰਾ ਨੁਕਤਾ ਨਿਗਾਹ ਮਾਨਵਵਾਦੀ ਹੈ। ਮੇਰੀ ਕਵਿਤਾ ਹਾਸ਼ੀਏ ’ਤੇ ਬੈਠੇ ਲੋਕਾਂ ਬਾਰੇ, ਦੇਸ਼ ਵਿਦੇਸ਼ ਵਿਚ ਵੱਸ ਰਹੀ ਘੱਟ ਗਿਣਤੀ ਬਾਰੇ, ਸਮਾਜਿਕ ਕਾਣੀ ਵੰਡ, ਰਾਜਨੀਤਕ ਧੌਂਸ ਤੇ ਮਾਂ ਬੋਲੀ ਬਾਰੇ, ਪ੍ਰਕਿਰਤੀ ਬਾਰੇ ਤੇ ਪਾਰ ਸੱਭਿਆਚਾਰ ਦੀ ਗੱਲ ਕਰਦੀ ਹੈ। * ਆਲੋਚਨਾ ਲੇਖਕ ਦੀ ਤਾਕਤ ਬਣ ਸਕਦੀ ਹੈ ਜੇ ਉਸ ਨੂੰ ਉਸਾਰੂ ਸਮਝ ਕੇ ਅੱਗੇ ਵਧਿਆ ਜਾਵੇ। * ਕੈਨੇਡਾ ਵਿਚ ਕੁਝ ਨਾਟਕਕਾਰ ਆਪਣੀਆਂ ਸੰਸਥਾਵਾਂ ਰਾਹੀਂ ਨਾਟਕ ਅਕਸਰ ਖੇਡਦੇ ਹਨ ਜਿਨ੍ਹਾਂ ਨੂੰ ਸਾਡਾ ਪੰਜਾਬੀ ਭਾਈਚਾਰਾ ਟਿਕਟ ਖ਼ਰਚਕੇ ਵੇਖਣ ਜਾਂਦਾ ਹੈ ਜੋ ਕਿ ਇਕ ਚੰਗਾ ਰੁਝਾਨ ਹੈ। * ਕੈਨੇਡਾ ਵਿਚ ਬਹੁ-ਵੰਨਗੀ ਤੇ ਬਹੁ-ਵਿਧਾਵੀ ਕਵਿਤਾ ਲਿਖੀ ਜਾ ਰਹੀ ਹੈ। ਬਹੁ-ਗਿਣਤੀ ਲੇਖਕ ਸੋਸ਼ਲ ਮੀਡੀਆ ’ਤੇ ਐਕਟਿਵ ਹਨ ਤੇ ਸਾਰੇ ਹੀ ਆਪਣੇ ਆਪ ਨੂੰ ਵੱਡਾ ਲੇਖਕ ਸਮਝਦੇ ਹਨ। ਇਸ ਦੌਰ ਵਿਚ ਛੋਟੇ ਵੱਡੇ ਨਵੇਂ ਜਾਂ ਪੁਰਾਣੇ ਲੇਖਕ ਦਾ ਕੋਈ ਮਾਪਦੰਡ ਨਹੀਂ ਰਿਹਾ ਤੇ ਨਾ ਹੀ ਲਿਹਾਜ਼। ਪਰ ਆਖ਼ਰ ਵਿਚ ਫ਼ੈਸਲਾ ਤਾਂ ਵਕਤ ਨੇ ਹੀ ਕਰਨਾ ਹੈ। * ਮੀਡੀਆ ਭਾਵੇਂ ਸਾਰਾ ਪੰਜਾਬੀ ਵਿਚ ਹੀ ਹੈ ਪਰ ਉਹ ਸਾਹਿਤ ਬਾਰੇ ਘੱਟ ਤੇ ਪੰਜਾਬ ਦੀ ਰਾਜਨੀਤੀ ਦੁਆਲੇ ਜ਼ਿਆਦਾ ਘੁੰਮਦਾ ਹੈ। * ਲੇਖਕ ਨੂੰ 85 ਪ੍ਰਤੀਸ਼ਤ ਪੜ੍ਹਨਾ ਤੇ 15 ਪ੍ਰਤੀਸ਼ਤ ਲਿਖਣਾ ਚਾਹੀਦਾ ਹੈ। * ਅੱਜਕਲ੍ਹ ਤਾਂ ਆਮ ਕਿਤਾਬਾਂ ਦੇ ਮੁੱਖ ਬੰਦ ਵੱਡੇ ਲੇਖਕ ਲਿਖ ਦਿੰਦੇ ਹਨ। ਕਿਤਾਬ ਵਿਚ ਕਵਿਤਾਵਾਂ ਘੱਟ ਤੇ ਮੁੱਖ ਬੰਦ ਜ਼ਿਆਦਾ ਹੁੰਦੇ ਹਨ। ਜਿਵੇਂ ਪੁਰਾਣੇ ਸਮਿਆਂ ਵਿਚ ਘੱਟ ਦਾਜ ਜਾਂ ਨਾਨਕੀ ਸ਼ੱਕ ਨੂੰ ਖ਼ਿਲਾਰ ਕੇ ਦਿਖਾਇਆ ਜਾਂਦਾ ਸੀ। ਨਿਰਸੰਦੇਹ ਪਿਆਰ ਸਿੰਘ ਕੁੱਦੋਵਾਲ ਦੀ ਹਰ ਗੱਲ ਇਕਾਗਰਤਾ ਸਹਿਤ ਵਿਚਾਰੇ ਜਾਣ ਦੀ ਮੰਗ ਕਰਦੀ ਹੈ। ਉਸ ਦੀ ਬਹੁ-ਪੱਖੀ ਸਾਹਿਤਕ ਪ੍ਰਤਿਭਾ ਵਾਲੀ ਕਾਬਲ ਕਲਮ ਨੂੰ ਸਾਡਾ ਤਹਿ ਦਿਲੋਂ ਸਲਾਮ। |
*** 424 *** |