ਪਰਵਾਸੀ ਪੰਜਾਬੀ ਸਾਹਿਤ ਜਗਤ ਵਿਚ ਗੁਰਸ਼ਰਨ ਸਿੰਘ “ਅਜੀਬ” ਦਾ ਨਾਂ ਕਿਸੇ ਵੀ ਜਾਣ-ਪਛਾਣ ਦਾ ਮੁਥਾਜ ਨਹੀਂ ਹੈ। ਹਥਲੇ ਗ਼ਜ਼ਲ ਸੰਗ੍ਰਹਿ “ਬੰਦਗੀ” ਤੋਂ ਪਹਿਲਾਂ ਉਹ ਆਪਣੇ ਚਾਰ ਗ਼ਜ਼ਲ-ਸੰਗ੍ਰਹਿ :“ਕੂੰਜਾਂਵਲੀ” (2008 ਵਿਚ), ”ਪੁਸ਼ਪਾਂਜਲੀ” (2014 ਵਿਚ), “ਗ਼ਜ਼ਲਾਂਜਲੀ” (2018 ਵਿਚ) ਅਤੇ “ਰਮਜ਼ਾਂਵਲੀ” (2022 ਵਿਚ) ਪਾਠਕਾਂ ਦੀ ਝੋਲ਼ੀ ਵਿਚ ਪਾ ਚੁੱਕਿਆ ਹੈ। ਉਸਤਾਦ ਗ਼ਜ਼ਲਕਾਰਾਂ, ਵਿਦਵਾਨਾਂ, ਆਲੋਚਕਾਂ ਤੇ ਪਾਠਕਾਂ ਵਲੋਂ ਉਸ ਦੀ ਸ਼ਾਇਰੀ ਨੂੰ ਹੁੰਗਾਰਾ ਮਿਲ ਰਿਹਾ ਹੈ। ਫਲਸਰੂਪ ਹੁਣ ਉਹ ਪੰਜਵੇਂ ਗ਼ਜ਼ਲ-ਸੰਗ੍ਰਹਿ “ਬੰਦਗੀ” ਨਾਲ਼ ਪਾਠਕਾਂ ਦੀ ਕਚਹਿਰੀ ਵਿਚ ਪੇਸ਼ ਹੋਇਆ ਹੈ। “ਬੰਦਗੀ” ਗ਼ਜ਼ਲ-ਸੰਗ੍ਰਹਿ ਵਿਚ 176 ਗ਼ਜ਼ਲਾਂ ਦਰਜ ਹਨ।ਇਹਨਾਂ ਗ਼ਜ਼ਲਾਂ ‘ਤੇ ਪੰਛੀ-ਝਾਤ ਪਾਉਣ ਨਾਲ਼ ਤਾਂ ਇਸ ਤਰ੍ਹਾਂ ਲਗਦਾ ਹੈ ਕਿ ਜਿਵੇਂ “ਬੰਦਗੀ ਵਿਚਲੀਆਂ ਸਾਰੀਆਂ ਗ਼ਜ਼ਲਾਂ ਪਿਆਰ ਅਨੁਭਵਾਂ ਦੀ ਚਾਸ਼ਣੀ ਨਾਲ਼ ਲਬਰੇਜ਼ ਹੋਣ ਪਰ ਜਦੋਂ ਜਦੋਂ ਇਸ ਗ਼ਜ਼ਲ-ਸੰਗ੍ਰਹਿ ਨੂੰ ਘੋਖਵੀਂ ਨਜ਼ਰ ਤਹਿਤ ਨਿੱਠ ਕੇ ਪਡ਼੍ਹਦੇ, ਸੂਝ-ਸਮਝ ਨਾਲ਼ ਵਾਚਦੇ ਤੇ ਪਰਖਦੇ ਹਾਂ ਤਾਂ ਇਸ ਗ਼ਜ਼ਲ-ਸੰਗ੍ਰਹਿ ਵਿਚ ਪਿਆਰ ਮੁਹੱਬਤ ਅਨੁਭਵਾਂ ਦੀਆਂ ਅਨੇਕਾਂ ਪਰਤਾਂ ਮਿਲਦੀਆਂ ਹਨ ਅਤੇ ਇਹਨਾਂ ਪਰਤਾਂ ਦੇ ਪਾਸਾਰ ਵੀ ਵੱਖ-ਵੱਖ ਦਿਸਦੇ ਹਨ। “ਬੰਦਗੀ” ਗ਼ਜ਼ਲ-ਸੰਗ੍ਰਹਿ ਵਿਚਲੀ ਸਮੁੱਚੀ ਸ਼ਾਇਰੀ ‘ਔਰ ਭੀ ਗ਼ਮ ਹੈਂ ਜ਼ਮਾਨੇ ਕੇ, ਮੁਹੱਬਤ ਕੇ ਸਿਵਾ’ ਸ਼ਿਅਰ ‘ਤੇ ਪੂਰੀ ਤਰ੍ਹਾਂ ਅਮਲ ਕਰਦੀ ਹੋਈ ਸਿਰਫ਼ ‘ਮੁਹੱਬਤ ਦੀ ਸਰਸ਼ਾਰੀ ਤੋਂ ਲੈ ਕੇ ਮੁਹੱਬਤ ਦੀ ਲਾਚਾਰੀ ਤਕ’ ਹੀ ਸੀਮਤ ਨਹੀਂ ਰਹਿੰਦੀ ਬਲਕਿ ਉਸ ਦੀ ਸ਼ਾਇਰੀ ਆਤਮ-ਜਗਤ ਵਿਚ ਵੱਸਦੀ ਮੁਹੱਬਤ ਨੂੰ ਅਨਾਤਮ-ਜਗਤ ਨਾਲ਼ ਜੋਡ਼ਦੀ ਹੋਈ ਵਿਸ਼ਵ-ਵਿਆਪੀ ਸਮਾਜਿਕ, ਆਰਥਿਕ, ਰਾਜਨੀਤਕ, ਧਾਰਮਿਕ ਤੇ ਸਭਿਆਚਾਰਕ ਸਰੋਕਾਰਾਂ ਨੂੰ ਵੀ ਆਪਣੇ ਕਲੇਵਰ ਵਿਚ ਲੈਂਦੀ ਹੈ। ਆਤਮ-ਜਗਤ ਦੀ ਮੁਹੱਬਤ ਦਾ ਆਸ਼ਕਾਨਾ ਰੰਗ ਸ਼ਾਇਰ ਲਈ ਆਪਣੀ ਜਨਮ-ਭੂਮੀ ਪ੍ਰਤੀ ਅੰਤਾਂ ਦਾ ਮੋਹ ਬਣ ਜਾਂਦਾ ਹੈ। ਸਾਲ 1969 ਤੋਂ ਯੂ.ਕੇ. ਵਿਖੇ ਪਰਵਾਸ ਹੰਢਾ ਰਿਹਾ ਸ਼ਾਇਰ ਗੁਰਸ਼ਰਨ ਸਿੰਘ ‘ਅਜੀਬ’ ਇਸ ਤਲਖ਼ ਹਕੀਕਤ ਨੂੰ ਬਾਖ਼ੂਬੀ ਜਾਣਦਾ ਹੈ ਕਿ ਵਿਦੇਸ਼ਾਂ ਵਿਚ ਜਾ ਕੇ ਰੋਟੀ-ਰੋਜ਼ੀ ਕਮਾਉਣ ਲਈ ਬਹੁਤ ਸੰਘਰਸ਼ ਕਰਨਾ ਪੈਂਦਾ ਹੈ। ਪਤੀ-ਪਤਨੀ ਨੂੰ ਰਾਤ-ਦਿਨ ਸ਼ਿਫ਼ਟਾਂ ਵਿਚ ਕੰਮ ਕਰਦੇ ਹੋਏ ਅਕਸਰ ਦੇਖਿਆ ਜਾਂਦਾ ਹੈ। ਅਜਿਹੀ ਸੰਘਰਸ਼-ਮਈ ਸਥਿਤੀ ਨੂੰ ਸ਼ਾਇਰ ਗੁਰਸ਼ਰਨ ਸਿੰਘ ‘ਅਜੀਬ’ ਬਹੁਤ ਹੀ ਖ਼ੂਬਸੂਰਤੀ ਨਾਲ਼ ਆਪਣੇ ਸ਼ਿਅਰਾਂ ਵਿਚ ਇਉਂ ਬਿਆਨ ਕਰਦਾ ਹੈ: ਆਇਆ ਸਨਮ ਹੈ ਕੰਮ ਤੋਂ, ਮੈਂ ਕੰਮ ਤੇ ਜਾ ਰਿਹਾ ਹਾਂ। ਹੁੰਦਾ ਹੈ ਮੇਲ ਸਾਡਾ ਅਕਸਰ ਹੀ ਹਾਡ਼੍ਹੀ ਸਾਉਣੀ, ਸੂਝਵਾਨ ਸ਼ਾਇਰ ਗੁਰਸ਼ਰਨ ਸਿੰਘ ‘ਅਜੀਬ’ ਇਸ ਸਚਾਈ ਨੂੰ ਵੀ ਬਾਖ਼ੂਬੀ ਜਾਣਦਾ ਹੈ ਕਿ ਪਰਦੇਸਾਂ ਵਿਚ ਜਾ ਕੇ ਵੱਧ ਤੋਂ ਵੱਧ ਡਾਲਰ/ਪੌਂਡ ਆਦਿ ਇਕੱਠੇ ਕਰਨ ਦੀ ਲਾਲਸਾ ਹਮੇਸ਼ਾਂ ਬਣੀ ਰਹਿੰਦੀ ਹੈ। ਲੱਖਾਂ ਮਿਲੀਅਨ ਡਾਲਰ/ਪੌਂਡ ਆਦਿ ਕਮਾਉਣ ਦੇ ਬਾਵਜੂਦ ਵੀ ਇਹ ਲਾਲਚ-ਰੂਪੀ ਪਿਆਸ ਛੇਤੀ ਕੀਤੇ ਨਹੀਂ ਬੁੱਝਦੀ। ਇਸ ਸੰਦਰਭ ਵਿਚ ਉਸ ਦੇ ਸ਼ਿਅਰ ਵੇਖੋ: ਸਮੁੰਦਰ ਕੋਲ ਆ ਕੇ ਵੀ ਬੁਝੀ ਨਾ ਪਿਆਸ ਬਾਕੀ ਹੈ। ਲਿਆ ਜੀਵਨ ਬਿਤਾ ਆਪਾਂ ਜਿਵੇਂ ਲਿਖਿਆ ਬਿਤਾਉਣਾ ਸੀ, ਆਪਣੇ ਵਤਨ ਤੋਂ ਸੱਤ ਸਮੁੰਦਰ ਪਾਰ ਬੈਠਾ ਸ਼ਾਇਰ ਗੁਰਸ਼ਰਨ ਸਿੰਘ ‘ਅਜੀਬ’ ਆਪਣੇ ਵਤਨ ਚੋਂ ਹਰ ਦੁਖਾਂਤ ਨੂੰ ਆਪਣੇ ਪਿੰਡੇ ‘ਤੇ ਹੰਢਾਉਂਦਾ ਮਹਿਸੂਸ ਕਰਦਾ ਹੈ। ਉਹ ਇਸ ਕੋਝੇ ਵਰਤਾਰੇ ਤੋਂ ਵੀ ਭਲ਼ੀ-ਭਾਂਤੀ ਵਾਕਿਫ਼ ਹੈ ਕਿ ਸਾਡੇ ਦੇਸ਼ ਦੇ ਲੋਕਤੰਤਰ ‘ਤੇ ਨਿਰੰਤਰ ਹਮਲੇ ਹੋ ਰਹੇ ਹਨ। ਸਾਡੇ ਖਾਣ-ਪੀਣ,ਪਹਿਨਣ, ਉੱਠਣ-ਬਹਿਣ ਤੇ ਬੋਲਣ ਆਦਿ ‘ਤੇ ਪਾਬੰਦੀਆਂ ਲਗ ਰਹੀਆਂ ਹਨ। ਉਹ ਇਸ ਦੁਖਾਂਤ ਨੂੰ ਸ਼ਬਦਾਂ ਦਾ ਜਾਮਾ ਪਹਿਨਾਉਂਦਾ ਹੋਇਆ ਇਸ ਤਰ੍ਹਾਂ ਲਿਖਦਾ ਹੈ: ਤੇਰੇ ਆਖੇ ਉੱਠਾਂ ਬੈਠਾਂ ਉੱਡਾਂ ਨਿਸ ਦਿਨ, ਸ਼ਾਇਰ ਗੁਸ਼ਰਨ ਸਿੰਘ ‘ਅਜੀਬ’ ਗ਼ਜ਼ਲ ਦੀ ਏਸੇ ਜ਼ਮੀਨ ਨੂੰ ਲੈ ਕੇ ਦਿਨ ਪ੍ਰਤੀ ਦਿਨ ਵਧ ਰਹੇ ਪ੍ਰਦੂਸ਼ਣ ਬਾਰੇ ਸ਼ਿਅਰ ਲਿਖਦਾ ਹੈ ਕਿਉਂਕਿ ਸ਼ਾਇਰ ਚੰਗੀ ਤਰ੍ਹਾਂ ਜਾਣਦਾ ਹੈ ਕਿ ਕਾਰਖ਼ਾਨਿਆਂ ਦੀਆਂ ਚਿਮਨੀਆਂ ਰਾਹੀਂ ਨਿਕਲਦਾ ਧੂੰਆਂ ਜਿੱਥੇ ਹਵਾ ਨੂੰ ਪ੍ਰਦੂਸ਼ਤ ਕਰਦਾ ਹੈ ਓਥੇ ਉਸ ਧੂੰਏਂ ਦੀ ਗਹਿਰ ਅਸਮਾਨ ਨੂੰ ਵੀ ਆਪਣੀ ਬੁਕਲ ਵਿੱਚ ਛੁਪਾ ਲੈਂਦੀ ਹੈ। ਇਸ ਸੰਦਰਭ ਵਿਚ ਦੋ ਭਾਵ ਪੂਰਤ ਸ਼ਿਅਰ ਪਡ਼੍ਹੋ: ਚਾਰੇ ਪਾਸੇ ਪ੍ਰਦੂਸ਼ਣ ਪ੍ਰਦੂਸ਼ਣ ਦਿੱਸੇ, ਕਿੰਨਾ ਦੂਰ ਗਗਨ ਤੇ ਕਿੰਨੀ ਦੂਰ ਹੈ ਮੰਜ਼ਿਲ, ਸਾਂਝੀਵਾਲਤਾ ਦਾ ਮੁਦੱਈ ਸ਼ਾਇਰ ਗੁਰਸ਼ਰਨ ਸਿੰਘ ‘ਅਜੀਬ’ ਉਨ੍ਹਾਂ ਹੁਕਮਰਾਨਾਂ ਨੂੰ ਬਿਲਕੁਲ ਪਸੰਦ ਨਹੀਂ ਕਰਦਾ ਜੋ ਅੰਗਰੇਜ਼ਾਂ ਦੀ ਕੋਝੀ ਨੀਤੀ “ਪਾਡ਼ੋ ਤੇ ਰਾਜ ਕਰੋ” ਤਹਿਤ ਅੱਜ ਵੀ ਲੋਕਾਂ ਨੂੰ ਧਰਮਾਂ ਦੇ ਨਾਂ ‘ਤੇ ਲਡ਼ਾਉਂਦੇ ਅਤੇ ਵੰਡੀਆਂ ਪਾਉਂਦੇ ਰਹਿੰਦੇ ਹਨ। ਇਸ ਸੰਦਰਭ ਵਿਚ ਸ਼ਾਇਰ ਦਾ ਇਕ ਸ਼ਿਅਰ ਪਡ਼੍ਹੋ: ਧਰਮਾਂ ਦੇ ਵਿਚ ਪਾ ਕੇ ਵੰਡੀਆਂ, ਵੰਡਣ ਜਿਹਡ਼ੇ, ਸੂਝਵਾਨ ਸ਼ਾਇਰ ਗੁਰਸ਼ਰਨ ਸਿੰਘ ‘ਅਜੀਬ’ ਉੱਚੀ-ਸੁਚੀ ਸੋਚ “ਸੱਭੇ ਸਾਂਝੀਵਾਲ ਸਦਾਇਣ ਕੋਈ ਨਾ ਦਿੱਸੇ ਬਾਹਰਾ ਜੀਓ” ਤੇ ਅਮਲ ਕਰਦਾ ਹੋਇਆ ਬਾਕਮਾਲ ਸ਼ਿਅਰ ਸਿਰਜਦਾ ਹੈ। ਮੈਂ ਦੋ ਸ਼ਿਅਰਤੁਹਾਡੇ ਨਾਲ਼ ਸਾਂਝੇ ਕਰ ਰਹੀ ਹਾਂ: ਸੱਚੀਆਂ–ਸੁੱਚੀਆਂ ਸਾਂਝਾਂ ਦੇ ਵਿਚ ਧਰਮ ਅਡ਼ਿੱਕਾ ਹੋਵੋ ਕਿਉਂ?, ਲੋਕਾਂ ਖ਼ਾਤਰ ਜੀਂਦਾ ਹਾਂ ਮੈਂ ਲੋਕਾਂ ਖ਼ਾਤਰ ਲਿਖਦਾ ਹਾਂ, ਜ਼ਿੰਦਗੀ ਵਿੱਚੋਂ ਮਾਨਵੀ ਕਦਰਾਂ ਕੀਮਤਾਂ ਦਾ ਖੁਰਨਾਂ, ਨੈਤਿਕਤਾ ਦਾ ਚੀਰ-ਹਰਨ ਹੋਣਾ, ਪਿਆਰ ਦਾ ਵਪਾਰ ਵਿਚ ਤਬਦੀਲ ਹੋਣਾ, ਸੰਵੇਦਨਸ਼ੀਲਤਾ ਦਾ ਮਨਫ਼ੀ ਹੋਣਾ, ਦਿਖਾਵਿਆਂ ਦਾ ਬੋਲ਼-ਬਾਲ਼ਾ ਹੋਣਾ, ਆਪਣਿਆਂ ਹੱਥੋਂ ਆਪਣਿਆਂ ਦਾ ਲੁੱਟਿਆ ਜਾਣਾ, ਨਿਆਣਿਆਂ ਵਲੋਂ ਬੁਜ਼ੁਰਗਾਂ ਦਾ ਹੋ ਰਿਹਾ ਨਿਰਾਦਰ, ਨੌਜਵਾਨੀ ਦਾ ਨਸ਼ਿਆਂ ਪ੍ਰਤੀ ਵੱਧਦਾ ਰੁਝਾਨ, ਔਰਤ ਪ੍ਰਤੀ ਵੱਧ ਰਹੇ ਜੁਰਮ ਵਰਗੇ ਗੰਭੀਰ ਤੇ ਸੰਜੀਦਾ ਵਿਸ਼ੇ ਵੀ ਸ਼ਾਇਰ ਦੀ ਕਲਮ ਦੀ ਨੋਕ ਹੇਠ ਆਏ ਹਨ। ਮੈਂ ਸਿਰਫ਼ ਤਿੰਨ ਸ਼ਿਅਰ ਤੁਹਾਡੇ ਨਾਲ਼ ਸਾਂਝੇ ਕਰ ਰਹੀ ਹਾਂ: ਜਦ ਮੁਹੱਬਤ ਜਾਨ ਸੀ, ਈਮਾਨ ਸੀ, ਉਹ ਦਿਨ ਗਏ, ਅਪਣੀ ਮੌਜ ‘ਚ ਰਹਿੰਦੇ ਅੱਜਕਲ੍ਹ, ਦੁਨੀਆ ਦੇ ਇਨਸਾਨ। ਲਗਦੈ ਇਹ ਖ਼ੂਨ ਮੇਰਾ, ਹੈ ਸਾਰਿਆਂ ਤੋਂ ਮਿੱਠਾ, ਗੁਰਸ਼ਰਨ ਸਿੰਘ ‘ਅਜੀਬ’ ਗ਼ਜ਼ਲ ਨੂੰ ਪੰਜਾਬਣ ਹੋਣ ਦਾ ਦਰਜਾ ਦਿੰਦਾ ਹੈ। ਉਹ ਸਵੈ-ਮਾਣ ਤਹਿਤ ਅਪਣੀ ਗ਼ਜ਼ਲ ਨੂੰ ਵਡਿਆਉਂਦਾਹੋਇਆ ਕਈ ਸ਼ਿਅਰ ਸਿਰਜਦਾ ਹੈ। ਉਦਾਹਰਣ ਵਜੋਂ ਦੋ ਸ਼ਿਅਰ ਪਡ਼੍ਹੋ: ਕਿਹਡ਼ੀ ਜਗ੍ਹਾ ‘ਤੇ ਹੈ ਨਹੀਂ ਮੇਰੀ ਗ਼ਜ਼ਲ ਦੀ ਚਰਚਾ? ਹੁਣ ਪਾ ਲਿਆ ਹੈ ਇਸ ਨੇ ਦੇਸੀ ਲਿਬਾਸ ਯਾਰੋ, ਅਦੀਬਾਂ ਦੇ ਕਾਰ-ਵਿਹਾਰ ਵਿਚ ਸ਼ਾਮਲ ਹੋ ਚੁਕੀ ਸਿਆਸਤ ਤੇ ਵੀ ਸ਼ਾਇਰ ਗੁਰਸ਼ਰਨ ਸਿੰਘ ‘ਅਜੀਬ’ ਤਿੱਖੇ ਵਿਅੰਗ ਕਰਦਾ ਹੈ। ਇਸ ਹਕੀਕਤ ਨੂੰ ਬਿਆਨ ਕਰਦਾ ਇਹ ਸ਼ਿਅਰ: ਰਹੀਂ ਤੂੰ ਦੂਰ ‘ਗੁਰਸ਼ਰਨਾ‘ ਸਿਆਸੀ ਰਹਿਬਰਾਂ ਤੋਂ, ਵਿਸ਼ਾ ਸਮੱਗਰੀ ਪੱਖੋਂ ਆਪਣੀ ਗੱਲਬਾਤ ਨੂੰ ਏਥੇ ਸਮੇਟਦੀ ਹੋਈ ਰੂਪਕ ਪੱਖ ਬਾਰੇ ਇਹ ਕਹਿਣਾ ਚਾਹੁੰਦੀ ਹਾਂ ਕਿ ਗ਼ਜ਼ਲ-ਵਿਧਾਨ ਬਾਰੇ ਪੂਰੀ ਜਾਣਕਾਰੀ ਰੱਖਣ ਵਾਲੇ ਸ਼ਾਇਰ ਗੁਰਸ਼ਰਨ ਸਿੰਘ ‘ਅਜੀਬ’ ਨੇ “ਬੰਦਗੀ” ਗ਼ਜ਼ਲ-ਸੰਗ੍ਰਹਿ ਵਿਚ ਹਜ਼ਜ਼, ਰਜ਼ਜ਼, ਰਮਲ, ਮੁਜਾਰਿਆ, ਮੁਤਦਾਰਿਕ, ਮੁਤਕਾਰਿਬ ਆਦਿ ਬਹਿਰਾਂ ਦੀ ਸਹੀ ਵਰਤੋਂ ਕੀਤੀ ਹੈ। ਹਰ ਗ਼ਜ਼ਲ ਉਪਰ ਬਹਿਰ ਦੇ ਨਾਂ ਦੇ ਨਾਲ਼ ਨਾਲ਼ ਅਰਕਾਨ/ਰੁਕਨ ਦਾ ਜ਼ਿਕਰ ਕੀਤਾ ਹੈ। ਸ਼ਾਇਰ ਨੇ ਇੱਕ-ਇੱਕ ਵਿਸ਼ੇ ਨੂੰ ਲੈ ਕੇ ਮੁਸਲਸਲ ਗ਼ਜ਼ਲਾਂ ਵੀ ਕਹੀਆਂ ਹਨ ਜੋ ਵਿਸ਼ੇ ਨੂੰ ਹੋਰ ਵੀ ਗਹਿਰਾਈ ਨਾਲ਼ ਸਮਝਣ ਵਿਚ ਮਦਦ ਕਰਦੀਆਂ ਹਨ। ਸ਼ਾਇਰ ਗੁਰਸ਼ਰਨ ਸਿੰਘ ‘ਅਜੀਬ’ ਨੇ ਆਪਣੀਆਂ ਗ਼ਜ਼ਲਾਂ ਵਿਚ ਲੋਡ਼ ਅਨੁਸਾਰ ਢੁਕਵੇਂ ਅਲੰਕਾਰਾਂ ਦੀ ਵਰਤੋਂ ਵੀ ਕੀਤੀ ਹੈ। ਉਦਾਹਰਣ ਵਜੋਂ ਜਦੋਂ ਇਕ ਹੀ ਖਾਸੇ ਨਾਲ਼ ਸੰਬੰਧਤ ਨਾਵਾਂ ਨੂੰ ਇਕੱਠਾ ਕਰਕੇ ਮਿਸਰੇ ਵਿਚ ਲਿਖਿਆ ਜਾਂਦਾ ਹੈ ਤਾਂ ਉਹ ਜਮ੍ਹਾਂ ਜਾਂ ਜੋਡ਼ ਅਲੰਕਾਰ ਬਣ ਕੇ ਸ਼ਿਅਰ ਦੀ ਖ਼ੂਬਸੂਰਤੀ ਵਧਾਉਂਦਾ ਹੈ। ਮੇਰੀ ਗਲ ਦੀ ਤਰਜਮਾਨੀ ਕਰਦਾ, ਇਹ ਸ਼ਿਅਰ ਦੇਖੋ: ਤਿਰੀ ਝਾਂਜਰ, ਤਿਰੀ ਪਾਇਲ, ਤਿਰੀ ਪੰਜੇਬ ਦੇ ਸਦਕੇ, ਇਸੇ ਤਰ੍ਹਾਂ ਹੀ ਜਦੋਂ ਸ਼ਾਇਰ ਕੁਝ ਹਾਵਾਂ-ਭਾਵਾਂ ਨੂੰ ਟੁਕਡ਼ੀਆਂ ਵਿਚ ਵੰਡ ਕੇ ਮਿਸਰਿਆਂ ਵਿਚ ਸ਼ਾਮਲ ਕਰਦਾ ਹੈ ਤਾਂ ਉਸ ਨੂੰ ਤਕਸੀਮ-ਅਲੰਕਾਰ ਦਾ ਨਾਂ ਦਿਤਾ ਜਾਂਦਾ ਹੈ, ਉਦਾਹਰਣ ਦੇ ਤੌਰ ਤੇ ਇਹ ਸ਼ਿਅਰ ਵੇਖੋ: ਮਿਰਾ ਚੁੰਮਣਾ, ਮਿਰੀ ਸ਼ਰਧਾ, ਮਿਰੀ ਖ਼ਾਇਸ਼, ਲਗਨ ਵੇਖੋ, ਸ਼ਾਇਰ ਨੇ ਸ਼ਿਅਰਾਂ ਦੀ ਖ਼ੂਬਸੂਰਤੀ ਵਧਾਉਣ ਲਈ ਵਿਰੋਧਾ-ਭਾਸ ਅਲੰਕਾਰ ਤਹਿਤ ਵਿਰੋਧੀ ਜੁੱਟ ਜਿਵੇਂ ਸੱਚ/ਝੂਠ,ਦਿਨ/ਰਾਤ, ਛੋਟਾ/ਵੱਡਾ, ਜਿੱਤ/ਹਾਰ, ਧੁੱਪਾਂ/ਛਾਂਵਾਂ, ਆਦਿ ਦੀ ਸੁਚੱਜੀ ਵਰਤੋਂ ਕੀਤੀ ਹੈ। ਮੇਰੇ ਵਿਚਾਰਾਂ ਦੀ ਸ਼ਾਹਦੀ ਭਰਦਾ ਇਹ ਸ਼ਿਅਰ ਪਡ਼੍ਹੋ: ਮਿਰਾ ਚੁੰਮਣਾ ‘ਅਜੀਬਾ‘ ਹੈ ਅਨੋਖਾ ਜੱਗ ਸਾਰੇ ਤੋਂ, “ਬੰਦਗੀ” ਵਿਚਲੀਆਂ ਗ਼ਜ਼ਲਾਂ ਦੀ ਸ਼ਬਦਾਵਲੀ ਵਿਚ ਸਰਲਤਾ, ਤਰਲਤਾ, ਸਪੱਸ਼ਟਤਾ, ਸੁਹਿਰਦਤਾ ਅਤੇ ਸਹਿਜਤਾ ਵਰਗੇ ਮੀਰੀ-ਗੁਣ ਮੌਜੂਦ ਹਨ। ਲੋਡ਼ ਅਨੁਸਾਰ ਮੁਹਾਵਰਿਆਂ ਦੀ ਵੀ ਢੁਕਵੀਂ ਵਰਤੋਂ ਕੀਤੀ ਗਈ ਹੈ। ਸ਼ਾਇਰ ਗੁਰਸ਼ਰਨ ਸਿੰਘ ‘ਅਜੀਬ’ ਲੋਕ-ਪੱਖੀ ਤੇ ਕਲਿਆਣਕਾਰੀ ਸਮਾਜ ਦੀ ਸਿਰਜਣਾ ਕਰਨੀ ਲੋਚਦਾ ਹੈ। ਆਪਣੀ ਚਾਹਤ ਦੀ ਪੂਰਤੀ ਲਈ ਉਹ ਗ਼ਜ਼ਲਾਂ ਰਾਹੀਂ ਅੱਖਰਾਂ ਦੀ ਨਿਰੰਤਰ ਬੰਦਗੀ ਕਰਦਾ ਹੋਇਆ ਗ਼ਜ਼ਲ-ਸਾਹਿਤ ਵਿਚ ਵੱਡਾ ਯੋਗਦਾਨ ਪਾ ਰਿਹਾ ਹੈ। ਗ਼ਜ਼ਲ ਲਿਖਣਾ, ਪਡ਼੍ਹਨਾ, ਸੁਣਨਾ ਉਸ ਦੀ ਜ਼ਿੰਦਗੀ, ਉਸ ਦਾ ਇਸ਼ਕ ਅਤੇ ਭਗਤੀ ਬਣ ਚੁਕਿਆ ਹੈ। ਉਸ ਨੇ ਆਪਣੇ ਹਥਲੇ ਗ਼ਜ਼ਲ-ਸੰਗ੍ਰਹਿ ਦਾ ਨਾਂ ਅਜਿਹੀਆਂ ਸੂਖ਼ਮ ਭਾਵਨਾਵਾਂ ਤਹਿਤ ਹੀ ਰੱਖਿਆ ਹੈ। ਇਸ ਹਕੀਕਤ ਦੇ ਗਵਾਹ ਬਣਦੇ ਹਨ ਉਸ ਦੇ ਕਈ ਸ਼ਿਅਰ। ਉਦਾਹਰਣ ਦੇ ਤੌਰ ‘ਤੇ ਇਹ ਦੋ ਸ਼ਿਅਰ ਪੜ੍ਹੋ: ਇਬਾਦਤ ਦੇ ਸਮੇਂ ਹਰ ਪਹਿਰ ਕਰਦਾ ਹਾਂ ਗ਼ਜ਼ਲ–ਭਗਤੀ। ਗ਼ਜ਼ਲ ਦਾ ਭਗਤ ਹਾਂ ਯਾਰੋ, ਧਿਆਵਾਂ ਹਰ ਸਮੇਂ ਇਸ ਨੂੰ, ਗ਼ਜ਼ਲਾਂ ਦੇ ਰੂਪ ਵਿਚ ਅੱਖਰਾਂ ਦੀ ਨਿਰੰਤਰ ਬੰਦਗੀ ਕਰਨ ਵਾਲੇ ਸ਼ਾਇਰ ਗੁਰਸ਼ਰਨ ਸਿੰਘ ‘ਅਜੀਬ’ ਨੂੰ “ਬੰਦਗੀ” ਗ਼ਜ਼ਲ-ਸੰਗ੍ਰਹਿ ਦੀ ਆਮਦ ਤੇ ਮੈਂ ਦਿਲ ਦੀਆਂ ਅਥਾਹ ਗਹਿਰਾਈਆਂ ਤੋਂ ਬਹੁਤ ਬਹੁਤ ਮੁਬਾਰਕਾਂ ਦਿੰਦੀ ਹਾਂ ਅਤੇ ਦੁਆ ਕਰਦੀ ਹਾਂ ਕਿ ਸ਼ਾਇਰ ਦੀ ਤੰਦਰੁਸਤੀ ਭਰਪੂਰ ਲੰਮੀ ਉਮਰ ਹੋਵੇ ਅਤੇ ਉਹ ਹੋਰ ਵੀ ਮੁੱਲਵਾਨ ਕਿਰਤਾਂ ਨਾਲ਼ ਪੰਜਾਬੀ ਗ਼ਜ਼ਲ-ਸਾਹਿਤ ਨੂੰ ਭਰਪੂਰ ਤੇ ਅਮੀਰ ਕਰੇ। ਆਮੀਨ! |
*’ਲਿਖਾਰੀ’ ਵਿਚ ਪ੍ਰਕਾਸ਼ਿਤ ਹੋਣ ਵਾਲੀਆਂ ਸਾਰੀਆਂ ਹੀ ਰਚਨਾਵਾਂ ਵਿਚ ਪ੍ਰਗਟਾਏ ਵਿਚਾਰਾਂ ਨਾਲ ‘ਲਿਖਾਰੀ’ ਦਾ ਸਹਿਮਤ ਹੋਣਾ ਜ਼ਰੂਰੀ ਨਹੀਂ। ਹਰ ਲਿਖਤ ਵਿਚ ਪ੍ਰਗਟਾਏ ਵਿਚਾਰਾਂ ਦਾ ਜ਼ਿੰਮੇਵਾਰ ਕੇਵਲ ‘ਰਚਨਾ’ ਦਾ ਕਰਤਾ ਹੋਵੇਗਾ। |
ਡਾ. ਗੁਰਚਰਨ ਕੌਰ ਕੋਚਰ
ਸੀਨੀਅਰ ਉਪ-ਪ੍ਰਧਾਨ
ਕੇਂਦਰੀਪੰਜਾਬੀ ਲੇਖਕ ਸਭਾ (ਸੇਖੋਂ )
ਸਕੱਤਰ: ਪੰਜਾਬੀ ਸਾਹਿਤ ਅਕਾਦਮੀ, ਲੁਧਿਆਣਾ
ਪੰਜਾਬ,ਭਾਰਤ।
ਮੋਬਾਇਲ: 91-94170-31464