8 December 2024

ਪੱਚੀ ਸਾਲ ਬਾਅਦ—ਅਵਤਾਰ ਐਸ. ਸੰਘਾ

ਡਾ: ਮਲਿਕ ਪੱਚੀ ਸਾਲ ਪਹਿਲਾਂ ਆਪਣਾ ਕਾਲਜ ਛੱਡ ਕੇ ਸਿਡਨੀ ਚਲਾ ਗਿਆ ਸੀ। ਕਾਲਜ ਵਿੱਚ ਉਸਦਾ ਸਾਥੀ ਪ੍ਰੋਫੈਸਰ ਡਾ: ਮਾਥੁਰ ਉਸਤੋਂ ਦੋ ਕੁ ਸਾਲ ਬਾਅਦ ਵੈਨਕੂਵਰ ਚਲਾ ਗਿਆ। ਦੋਨੋ ਅੰਗਰੇਜ਼ੀ ਪੜ੍ਹਾਇਆ ਕਰਦੇ ਸਨ। ਕਾਲਜ ਵਿੱਚ ਉਹ ਇੱਕ ਦੂਜੇ ਦੇ ਰਕੀਬ ਵੱਧ ਸਨ, ਦੋਸਤ ਘੱਟ। ਇੱਕ ਹੀ ਵਿਭਾਗ ਵਿੱਚ ਕੰਮ ਕਰਨ ਕਰਕੇ ਤੇ ਇੱਕ ਹੀ ਮਜ਼ਮੂਨ ਪੜ੍ਹਾਉਣ ਕਰਕੇ ਉਹਨਾਂ ਵਿੱਚ ਆਪਸੀ ਵਾਕਫੀਅਤ ਹੋਣੀ ਤਾਂ ਕੁਦਰਤੀ ਸੀ ਪਰ ਇਸ ਵਾਕਫੀਅਤ ਦੇ ਨਾਲ-ਨਾਲ ਉਹਨਾਂ ਵਿੱਚ ਆਪਸ ਵਿੱਚ ਇੱਕ ਖਾਸ ਕਿਸਮ ਦੀ ਕਸ਼ਮਕਸ਼ ਵੀ ਅਕਸਰ ਰਹਿੰਦੀ ਹੀ ਸੀ। ਇਸ ਕਸ਼ਮਕਸ਼ ਦਾ ਮੁੱਖ ਕਾਰਨ ਇਹ ਸੀ ਕਿ ਦੋਨੋ ਸਾਹਿਤ ਰਚਣ ਦਾ ਵੀ ਥੋੜ੍ਹਾ-ਥੋੜ੍ਹਾ ਸ਼ੌਂਕ ਰੱਖਦੇ ਸਨ। ਜਦ ਇੱਕ ਦੀ ਲਿਖਤ ਕਿਸੇ ਅਖਬਾਰ ਵਿੱਚ ਛਪ ਜਾਣੀ ਤਾਂ ਉਹਨੇ ਹਵਾ ਵਿੱਚ ਉਡਾਰੀਆਂ ਮਾਰਨ ਲੱਗ ਜਾਣਾ। ਉਸਨੇ ਇੰਜ ਸਮਝਣਾ ਕਿ ਉਹ ਬਹੁਤ ਲਾਇਕ ਹੈ। ਜਦ ਦੂਜੇ ਦਾ ਕਿਤੇ ਕੁੱਝ ਛਪ ਜਾਣਾ ਤਾਂ ਉਸਨੇ ਸੋਚਣਾ ਕਿ ਉਹ ਆਪਣੇ ਸਾਥੀ ਤੋਂ ਉੱਪਰ ਹੈ। ਸੰਨ ’85 ‘ਚ ਚੰਡੀਗੜ੍ਹ ਤੋਂ ਛਪਣ ਵਾਲੇ ਇੱਕ ਮਸ਼ਹੂਰ ਅਖਬਾਰ ਨੇ ਡਾ: ਮਲਿਕ ਦਾ ਇੱਕ ਲੇਖ ਛਾਪ ਦਿੱਤਾ ਜਿਹਦੇ ਵਿੱਚ ਵਿਦਿਅਕ ਸੰਸਥਾਵਾਂ ਵਿੱਚ ਮਾੜੇ ਪ੍ਰਿੰਸੀਪਲਾਂ ਤੇ ਉਹਨਾਂ ਦੀ ਚਮਚਾਗਿਰੀ ਕਰਨ ਵਾਲੇ ਸਟਾਫ ਤੇ ਕਟਾਕਸ਼ ਕੀਤਾ ਹੋਇਆ ਸੀ। ਕਾਲਜ ਦਾ ਪ੍ਰਿੰਸੀਪਲ ਨਿਰਾ ਅਕਾਦਮਿਕ ਸਰਪੰਚ ਸੀ, ਲਾਈਲਗ ਸੀ, ਮਾੜਾ ਵਿਅਕਤੀ ਰਿਹਾ ਸੀ ਤੇ ਪਹਿਲਾਂ ਉਹ ਡਾ: ਮਲਿਕ ਦਾ ਕਿਸੇ ਵੇਲੇ ਅਧਿਆਪਕ ਵੀ ਰਿਹਾ ਸੀ। ਉਹ ਡੇਰਿਆਂ ਦੇ ਸਾਧਾਂ ਦਾ ਪੁਜਾਰੀ ਸੀ ਤੇ ਟੂਣੇ-ਟਮਾਣਿਅਾਂ ਵਿੱਚ ਵੀ ਵਿਸ਼ਵਾਸ਼ ਰੱਖਦਾ ਸੀ। ਜਦ ਉਹ ਪ੍ਰਿੰਸੀਪਲ ਦੀ ਪਦਵੀ ਲਈ ਚੁਣਿਆ ਗਿਆ ਸੀ ਤਾਂ ਉਸਨੇ ਸ਼ਹਿਰ ਦਾ ਇੱਕ ਪੁੱਛਾਂ ਦੇਣ ਵਾਲਾ ਬ੍ਰਾਹਮਣ ਬੁਲਾ ਕੇ ਕਾਲਜ ਦਾ ਚੌਹਾਂ ਪਾਸਿਆਂ ਤੋਂ ਬੰਨ੍ਹਣ ਵੀ ਕਰਵਾਇਆ ਸੀ ਤਾਂ ਕਿ ਮਾੜੀਆਂ ਸ਼ਕਤੀਆਂ ਤੇ ਭੂਤ-ਪ੍ਰੇਤ ਕਾਲਜ ਦੇ ਅੰਦਰ ਨਾ ਵੜ ਸਕਣ ਤੇ ਉਹ ਕਾਮਯਾਬ ਹੋਇਆ ਰਹੇ।

ਉਸਦੇ ਪ੍ਰਿੰਸੀਪਲ ਬਣਨ ਤੋਂ ਪਹਿਲਾਂ ਕਾਲਜ ਵਿੱਚ ਵਿਦਿਆਰਥੀਆਂ ਦੀ ਗਿਣਤੀ ਅੱਠ ਕੁ ਸੌ ਸੀ। ਜਦ ਉਸਨੂੰ ਪ੍ਰਿੰਸੀਪਲ ਬਣੇ ਨੂੰ ਪੰਜ ਕੁ ਸਾਲ ਹੋ ਗਏ ਤਾਂ ਇਹ ਨਫਰੀ ਘੱਟ ਕੇ ਸਿਰਫ ਢਾਈ ਸੌ ਵਿਦਿਆਰਥੀ ਹੀ ਰਹਿ ਗਈ ਸੀ। ਡਾ. ਮਲਿਕ ਵਿਦਿਆਰਥੀ ਹੁੰਦਾ ਹੋਇਆ ਹਮੇਸ਼ਾ ਉਹਦੇ ਖਿਲਾਫ ਹੀ ਰਿਹਾ ਸੀ। ਬਾਅਦ ਵਿੱਚ ਉਹ ਪ੍ਰਿੰਸੀਪਲ ਬਣ ਗਿਆ ਤੇ ਮਲਿਕ ਉੱਥੇ ਲੈਕਚਰਾਰ ਲੱਗਣ ਵਿੱਚ ਕਾਮਯਾਬ ਹੋ ਗਿਆ। ਪ੍ਰਿੰਸੀਪਲ ਬਣਕੇ ਮਲਿਕ ਦੇ ਖਿਲਾਫ ਬਦਲਾ ਲਊ ਭਾਵਨਾ ਉਸਦੇ ਮਨ ਤੇ ਹਮੇਸ਼ਾ ਹਾਵੀ ਰਹਿੰਦੀ ਸੀ। ਲੇਖ ਛਪਣ ਤੋਂ ਬਾਅਦ ਪ੍ਰਿੰਸੀਪਲ ਨੇ ਸੋਚਿਆ ਕਿ ਹੁਣ ਉਹ ਮਲਿਕ ਦੇ ਖਿਲਾਫ ਬਦਲਾ ਲੈ ਸਕਦਾ ਸੀ ਨਾਲ ਹੀ ਡਾ: ਮਾਥੁਰ ਸੋਚਦਾ ਸੀ ਕਿ ਉਹ ਵੀ ਪ੍ਰਿੰਸੀਪਲ ਨਾਲ ਮਿਲ ਕੇ ਹੁਣ ਮਲਿਕ ਜਿਹੇ ਸੱਪ ਦੀ ਸਿਰੀ ਫੇਂਹ ਸਕਦਾ ਸੀ। ਮਾਥੁਰ ਇੱਕ ਲਾਠੀ ਨਾਲ ਦੋ ਸ਼ਿਕਾਰ ਕਰਨੇ ਚਾਹੁੰਦਾ ਸੀ। ਮਲਿਕ ਦੀ ਨੌਕਰੀ ਲਈ ਖਤਰਾ ਤੇ ਪ੍ਰਿੰਸੀਪਲ ਤੋਂ ਅਖਬਾਰ ਨੂੰ ਖੱਤ ਪੁਆ ਕੇ ਮਲਿਕ ਦਾ ਅਖਬਾਰ ਵਿੱਚ ਸਾਹਿਤਕ ਬਿੰਬ ਖਰਾਬ ਕਰਨਾ। ਮਾਥੁਰ ਪ੍ਰਿੰਸੀਪਲ ਦਾ ਪੂਰਾ ਚਮਚਾ ਹੀ ਨਹੀਂ, ਬਲਕਿ ਕੜਛਾ ਸੀ। ਮਲਿਕ ਦਾ ਲੇਖ ਚਮਚਾਗਿਰੀ ਦੇ ਖਿਲਾਫ ਸੀ, ਇਸ ਲਈ ਮਾਥੁਰ ਨੇ ਕਾਲਜ ਦੇ ਦੋ ਕੁ ਲੈਕਚਰਾਰ ਹੋਰ ਨਾਲ ਲੈ ਲਏ ਤਾਂ ਕਿ ਕੇਸ ਨੂੰ ਵੱਧ ਵਜ਼ਨਦਾਰ ਬਣਾਇਆ ਜਾ ਸਕੇ। ਇੰਜ ਅਕਸਰ ਹੁੰਦਾ ਹੀ ਏ ਕਿ ਕਾਲਜਾਂ ਵਿੱਚ ਸਟਾਫ ਦਾ ਇੱਕ ਗੁੱਟ ਪ੍ਰਿੰਸੀਪਲ ਦੇ ਨਾਲ ਹੁੰਦਾ ਏ ਤੇ ਦੂਜਾ ਵਿਰੁੱਧ। ਪ੍ਰਿੰਸੀਪਲ ਗਰੁੱਪ ਦੇ ਦੋ ਲੈਕਚਰਾਰ ਡਾ. ਮਾਥੁਰ ਦੇ ਨਾਲ ਮਿਲ ਗਏ ਤੇ ਇਹਨਾਂ ਤਿੰਨਾਂ ਨਾਲ ਮਿਲ ਕੇ ਮਾਥੁਰ ਨੇ ਡਾ: ਮਲਿਕ ਨੂੰ ਕਾਰਨ ਦੱਸੋ ਨੋਟਿਸ ਦੁਆ ਦਿੱਤਾ ਤੇ ਇੱਕ ਖੱਤ ਅਖਬਾਰ ਦੇ ਸੰਪਾਦਕ ਨੂੰ ਉਹਦੇ ਖਿਲਾਫ ਕਢਵਾ ਦਿੱਤਾ। ਨੌਕਰੀ ਦੇ ਮਾਮਲੇ ਵਿੱਚ ਤਾਂ ਇਹ ਗੁੱਟ ਕੁਝ ਨਾ ਕਰ ਸਕਿਆ ਕਿਉਂਕਿ ਕਾਲਜ ਕਮੇਟੀ ਦਾ ਪ੍ਰਭਾਵਸ਼ਾਲੀ ਗੁੱਟ ਪ੍ਰਿੰਸੀਪਲ ਦੇ ਵਿਰੁੱਧ ਸੀ।

ਕਮੇਟੀ ਬੇਸਬਰੀ ਨਾਲ ਉਸਦੀ ਸੇਵਾ ਮੁਕਤੀ ਉਡੀਕ ਰਹੀ ਸੀ। ਹਾਂ, ਅਖਬਾਰ ਨੇ ਪ੍ਰਿੰਸੀਪਲ ਦੇ ਪੱਤਰ ਨੂੰ ਕੁੱਝ ਕੁ ਗੰਭੀਰਤਾ ਨਾਲ ਜ਼ਰੂਰ ਲਿਆ। ਅਖਬਾਰ ਨੇ ਉਸ ਨੂੰ ਛਾਪਣ ਲਈ ਦੋ ਕੁ ਸਾਲ ਦਾ ਪਾੜਾ ਪਾ ਦਿੱਤਾ। ਅਗਲਾ ਕੁੱਝ ਸਮਾ ਕਸ਼ਮਕਸ਼ ਚਲਦੀ ਰਹੀ। ਪ੍ਰਿੰਸੀਪਲ ਚਾਰ ਕੁ ਸਾਲ ਬਾਅਦ ਸੇਵਾ ਮੁਕਤ ਹੋ ਗਿਆ ਤੇ ਡਾ. ਮਾਥੁਰ ਕੈਨੇਡਾ ਚਲਾ ਗਿਆ। ਆਉਣ ਵਾਲੇ 25 ਕੁ ਸਾਲ ਕਿਸੇ ਨੂੰ ਕਿਸੇ ਬਾਰੇ ਕੁਝ ਵੀ ਪਤਾ ਨਾ ਲੱਗਾ। ਹਾਂ, ਇੰਨਾ ਜ਼ਰੂਰ ਪਤਾ ਲੱਗ ਗਿਆ ਸੀ ਕਿ ਪ੍ਰਿੰਸੀਪਲ ਦੀ ਦਸ ਕੁ ਸਾਲ ਬਾਅਦ ਮੌਤ ਹੋ ਗਈ ਸੀ। ਦੋ ਕੁ ਸਾਲਾਂ ਵਿੱਚ ਡਾ. ਮਲਿਕ ਵੀ ਸਿਡਨੀ ਚਲਾ ਗਿਆ ਕਿਉਂਕਿ ਮਾਥੁਰ ਤੇ ਮਲਿਕ ਵਿੱਚ ਇੱਕ ਦੂਜੇ ਤੋਂ ਅੱਗੇ ਲੰਘਣ ਦਾ ਸ਼ਰੀਕਪੁਣਾ ਚੱਲਦਾ ਹੀ ਰਹਿੰਦਾ ਸੀ। ਮਲਿਕ ਸਿਡਨੀ ਵਿੱਚ ਜਾ ਕੇ ਇੱਕ ਅਖਬਾਰ ਵਿੱਚ ਲਗਾਤਾਰ ਛਪਣ ਲੱਗ ਗਿਆ। ਉਹ ਇੱਕ ਨਿਰੰਤਰ ਕਾਲਮ ਨਵੀਸ ਬਣ ਗਿਆ। 5 ਸਾਲ ਗੁਜ਼ਰ ਗਏ, 10 ਸਾਲ ਗੁਜ਼ਰ ਗਏ, 15 ਸਾਲ ਗੁਜ਼ਰ ਗਏ। ਇੰਨੇ ਸਮੇਂ ਵਿੱਚ ਡਾ. ਮਲਿਕ ਦੀ ਇਹਨਾਂ ਲੇਖਾਂ ਦੇ ਆਧਾਰ ਤੇ ਮਾਰਕੀਟ ਵਿੱਚ ਇੱਕ ਪੁਸਤਕ ਵੀ ਆ ਗਈ। ਪੁਸਤਕ ਗੂਗਲ ਅਤੇ ਐਮਾਜ਼ੋਨ (amazon) ਤੇ ਦਿਖਣ ਲੱਗ ਪਈ। ਇਸਦੀ ਸੂਹ ਡਾ. ਮਾਥੁਰ ਲੈਂਦਾ ਹੀ ਰਿਹਾ। ਇੰਨੇ ਸਮੇਂ ਵਿੱਚ ਡਾ. ਮਲਿਕ ਨੇ ਆਪਣਾ ਅਖਬਾਰ ਸ਼ੁਰੂ ਕਰ ਦਿੱਤਾ। ਇਸ ਅਖਬਾਰ ਵਿੱਚ ਉਹ ਆਪਣੀ ਦੋਹਾਂ ਤਰ੍ਹਾਂ ਦੀ ਵਾਰਤਕ-ਕਹਾਣੀਆਂ ਤੇ ਲੇਖ ਛਾਪਦਾ ਗਿਆ। ਇਸ ਵਾਰਤਕ ਦੀਆਂ ਉਸਨੇ ਛੇ ਪੁਸਤਕਾਂ ਛਪਵਾ ਦਿੱਤੀਆਂ। ਡਾ. ਮਲਿਕ ਨੂੰ ਹੈਰਾਨੀ ਹੋਈ ਜਦ ਉਸਨੂੰ ਇੱਕ ਫੋਨ ਕਾਲ ਆਈ।

“ਸਰ, ਹੈਲੋ।”
“ਹੈਲੋ ਜੀ।”
“ਸਰ ਮੈਂ ਮੈਲਬੌਰਨ ਤੋਂ ਜਸਪਾਲ ਗਿੱਲ ਬੋਲ ਰਹੀ ਹਾਂ।”
“ਖੁਸ਼ੀ ਹੋਈ, ਬੋਲੋ ਜੀ।”
“ਸਰ, ਮੈਂ ਹਿਮਾਚਲ ‘ਚ ਬਣੀ ਇੱਕ ਨਵੀਂ ਯੂਨੀਵਰਸਿਟੀ ਵਿੱਚ ਪੰਜਾਬੀ ਦੀ ਪੀ ਐੱਚ ਡੀ ਕਰ ਰਹੀ ਹਾਂ। ਮੈਂ ਅਕਸਰ ਉੱਥੇ ਜਾਂਦੀ ਵੀ ਰਹਿੰਦੀ ਹਾਂ। ਵੈਸੇ ਪੱਕੇ ਤੌਰ ਤੇ ਮੈਂ ਮੈਲਬੌਰਨ ਰਹਿ ਰਹੀ ਹਾਂ।”
“ਚੰਗੀ ਗੱਲ ਏ, ਮੈਡਮ। ਤੁਹਾਡਾ ਵਿਸ਼ਾ ਕੀ ਏ?”
“ਜੀ, ਮੈਨੂੰ ਖੋਜ ਲਈ ਵਿਸ਼ਾ ਮਿਲਿਆ ਹੋਇਆ ਏ ‘ਆਸਟਰੇਲੀਆ ਵਿੱਚ ਪੰਜਾਬੀ ਸਾਹਿਤਕਾਰੀ।’ ਮੇਰੇ ਥੀਸਿਸ ਦਾ ਇੱਕ ਪੂਰਾ ਕਾਂਡ ਤੁਹਾਡੇ ਬਾਰੇ ਹੈ। ਸਰ ਜੀ।”

“ਰੀਅਲੀ ? ਮੈਂ ਤਾਂ ਇੰਜ ਕਦੀ ਸੋਚ ਵੀ ਨਹੀਂ ਸਕਦਾ। ਮੇਰੀਆਂ ਸਿਰਫ ਛੇ ਪੁਸਤਕਾਂ ਹਨ। ਮੈਂ ਇਹਨਾਂ ਨੂੰ ਉਸ ਦਰਜੇ ਦੀਆਂ ਨਹੀਂ ਸਮਝਦਾ ਜਿਸ ਦਰਜੇ ਦੀ ਸਮੱਗਰੀ ਪੀ ਐੱਚ ਡੀ ਵਾਸਤੇ ਹੁੰਦੀ ਏ। ਖੈਰ, ਯੂਨੀਵਰਸਿਟੀ ਦੀ ਮਰਜ਼ੀ। ਮੈਨੂੰ ਖੁਸ਼ੀ ਵੀ ਹੋਈ ਹੈ ਤੇ ਹੈਰਾਨੀ ਵੀ। ਮੈਂ ਤਹੁਾਡੀ ਕੀ ਮਦਦ ਕਰ ਸਕਦਾ ਹਾਂ?”

“ਮੇਰੇ ਪਾਸ ਤੁਹਾਡੀਆਂ ਚਾਰ ਪੁਸਤਕਾਂ ਹਨ, ਦੋ ਮੈਨੂੰ ਚਾਹੀਦੀਆਂ ਹਨ।”
“ਉਹ ਚਾਰ ਤਾਂ ਮੇਰੀ ਅਖਬਾਰ ਦੀ ਸਾਈਟ ਤੇ ਵੀ ਹਨ।”
“ਜਦ, ਸਰ, ਮੇਰੇ ਪਾਸ ਹਨ ਤਾਂ ਮੈਨੂੰ ਸਾਈਟ ਤੇ ਜਾਣ ਦੀ ਜ਼ਰੂਰਤ ਨਹੀਂ। ਕੀ ਤੁਸੀਂ ਮੈਨੂੰ ਹੁਣੇ ਹੁਣੇ ਛਪੀਆਂ ਦੋ ਭੇਜ ਸਕਦੇ ਹੋ?”
“ਮੈਡਮ, ਕੋਈ ਮਸਲਾ ਨਹੀ।”
“ਸਰ, ਕਿੰਨੇ ਪੈਸੇ ਭੇਜਾਂ?”
“ਤੁਸੀਂ ਸਿਰਫ ਡਾਕ ਖਰਚ ਲਗਾ ਲਿਓ। ਕੀਮਤ ਮੈਂ ਨਹੀਂ ਲੈਣੀ।”

ਡਾ. ਮਲਿਕ ਨੇ ਆਪਣੇ ਉਸ ਪੁਰਾਣੇ ਕੈਨੇਡਾ ਗਏ ਸਾਥੀ ਲੈਕਚਰਾਰ ਤੇ ਵੀ ਨਜ਼ਰ ਰੱਖਣੀ ਕਿ ਕੀ ਕਰਦਾ ਹੋਊ। ਉਸਨੇ ਉਸਦੀ ਕਿਤੇ ਕੋਈ ਕ੍ਰਿਤ ਪੜੀ ਹੀ ਨਹੀਂ ਸੀ। ਉਸਨੇ ਕੈਨੇਡਾ ਵਿੱਚ ਆਪਣੇ ਕਈ ਵਾਕਫਾਂ ਤੋਂ ਉਸਦੇ ਬਾਰੇ ਪੁੱਛ-ਗਿੱਛ ਕਰਨੀ। ਉਹਨਾਂ ਨੂੰ ਵੀ ਉਸਦੇ ਬਾਰੇ ਕੁੱਝ ਵੀ ਪਤਾ ਨਾ ਹੋਣਾ। ਪਿਛਲੇ ਐਤਵਾਰ ਦੀ ਗੱਲ ਹੈ ਕਿ ਡਾ. ਮਲਿਕ ਦੀ ਸੋਸ਼ਲ ਮੀਡੀਆ ਤੇ ਟਰਾਂਟੋ ਤੋਂ ਇੱਕ ਸਾਧਾਰਨ ਜਿਹੀ ਪੰਜਾਬੀ ਪਤ੍ਰਿਕਾ ਤੇ ਨਜ਼ਰ ਪਈ। ਜਦ ਦੇਖਿਆ ਤਾਂ ਇੱਕ ਕਹਾਣੀ ਡਾ. ਮਾਥੁਰ ਦੀ ਛਪੀ ਹੋਈ ਸੀ। ਉਪਰ ਉਸਦਾ ਫੋਨ ਨੰਬਰ ਵੀ ਸੀ ਤੇ ਤਸਵੀਰ ਵੀ। ਡਾ: ਮਲਿਕ ਨੂੰ ਬਹੁਤ ਹੈਰਾਨੀ ਹੋਈ ਸੀ। ਉਸਨੇ ਆਪਣਾ 25 ਸਾਲ ਪਹਿਲਾਂ ਵਾਲਾ ਰਕੀਬ ਐਡੀ ਵੱਡੀ ਦੁਨੀਆ ਵਿੱਚੋਂ ਵੀ ਲੱਭ ਲਿਆ ਸੀ। ਉਸਨੇ ਉਸਦੇ ਫੋਨ ਦੇ ਨੰਬਰ ਦੇ ਵੱਟਸਐਪ ਤੇ ਹੌਸਲਾ ਕਰਕੇ ਫੋਨ ਮਿਲਾ ਹੀ ਲਿਆ।
“ਹੈਲੋ।”
“ਹੈਲੋ ਜੀ।”
“ਬੌਸ, ਕੀ ਹਾਲ ਏ?”
“——“
“ਬੌਸ, ਆਵਾਜ ਪਛਾਣੋ।”
“——“
“ਤੁਸੀਂ ‘ਆਵਾਜ਼’ ਜਿਹੇ ਸ਼ਬਦਾਂ ਦੇ ਜਿੱਜੇ ਦੇ ਪੈਰ ‘ਚ ਬਿੰਦੀ ਦਾ ਧਿਆਨ ਰੱਖਦੇ ਹੋਏ ਸਹੀ ਉਚਾਰਣ ਕਰਦੇ ਹੁੰਦੇ ਸੀ।”
“ਜੀ, ਮੈਂ ਸਮਝਿਆ ਨਹੀਂ।”
“ਕਮਾਲ ਏ, ਯਾਰ।”
“ਇਹਦੇ ਵਿੱਚ ਕਮਾਲ ਦੀ ਕਿਹੜੀ ਗੱਲ ਏ? ਤੁਸੀਂ ਦੱਸ ਦਿਓ ਕਿ ਤੁਸੀਂ ਕੌਣ ਬੋਲ ਰਹੇ ਹੋ?”
“ਤੁਸੀਂ ਇੱਕ ਅੰਗਰੇਜ਼ੀ ਦਾ ਸ਼ਬਦ ‘synchronise’ ਵੀ ਅਕਸਰ ਬੋਲਦੇ ਹੁੰਦੇ ਸੀ। ਪਹਿਚਾਣੋ?”
“ਬਹੁਤ ਦੇਰ ਪਹਿਲਾਂ ਦੀਆਂ ਗੱਲਾਂ ਕਰਦੇ ਲੱਗਦੇ ਹੋ।”
“ਜੀ ਹਾਂ, ਡਾ: ਸਾਹਿਬ।”
“ਡਾ: ਸਾਹਿਬ, ਤੁਸੀਂ ਮੇਰੇ ਬਾਰੇ ਬਹੁਤ ਕੁੱਝ ਜਾਣਦੇ ਲਗਦੇ ਹੋ?”
“ਜੀ ਹਾਂ, ਸਾਹਿਤਕਾਰ ਸਾਹਿਬ।”
“ਕਯਾ ਬਾਤ ਹੈ। ਤੁਸੀਂ ਤਾਂ ਡਾ: ਮਲਿਕ ਹੋ।”
“ਹਾਂ, ਵੀਰ ਜੀ। ਮੈਂ ਮਲਿਕ ਹੀ ਬੋਲਦਾ ਹਾਂ।”
“ਹੋਰ ਸਿਹਤ ਕਿਵੇਂ ਹੈ?”
“ਰੱਬ ਦਾ ਸ਼ੁਕਰ ਹੈ। 70 ਦਾ ਹੋ ਗਿਆ ਹਾਂ। ਤੁਸੀਂ ਵੀ ਤਾਂ ਮੇਰੇ ਤੋਂ ਪੰਜ ਕੁ ਸਾਲ ਹੀ ਛੋਟੇ ਹੋ।”
“ਹਾਂ ਜੀ, ਮੈਂ 65 ਦਾ ਹੋ ਗਿਆ ਹਾਂ। ਕੀ ਕੁੱਝ ਕੀਤਾ ਸਿਡਨੀ ਵਿੱਚ?”
“ਕਈ ਕੰਮ ਕੀਤੇ ਜਿਵੇਂ ਪਰਵਾਸੀ ਅਕਸਰ ਕਰਦੇ ਹੀ ਨੇ।”
“ਲਿਖਣ ਪੜ੍ਹਨ ਬਾਰੇ?”
“ਤੁਸੀਂ ਸਭ ਜਾਣਦੇ ਹੋ। ਐਵੇ ਮੇਰੇ ਕੋਲੋਂ ਅਖਵਾਉਣਾ ਚਾਹੁੰਦੇ ਹੋ।”
“ਨਹੀਂ, ਸਰ ਮੈਂ ਬਹੁਤਾ ਨਹੀਂ ਜਾਣਦਾ। ਥੋੜ੍ਹਾ ਜਿਹਾ ਤਾਂ ਪਤਾ ਹੈ। ਤੁਹਾਡੀਆਂ ਦੋ ਪੁਸਤਕਾਂ ਬਾਰੇ ਸੁਣਿਆ ਸੀ।।”
“ਪੁਸਤਕਾਂ ਨੂੰ ਛੱਡੋ ਪਰਾਂ। ਹਾਲ ਚਾਲ ਦੀ ਗੱਲ ਕਰੋ?”
“ਮੈਂ ਕੋਈ ਖਾਸ ਸਾਹਿਤਕਾਰੀ ਨਹੀਂ ਕਰ ਸਕਿਆ। ਕਦੀ-ਕਦੀ ਸਥਾਨਕ ਪੰਜਾਬੀ ਪੇਪਰਾਂ ਬਾਰੇ ਕੁੱਝ ਲਿਖ ਲੈਂਦਾ ਹਾਂ।”
“ਤੁਸੀਂ ਤਾਂ ਅੰਗਰੇਜੀ ਵਿੱਚ ਅੱਗੇ ਵਧਣ ਲਈ ਯਤਨ ਕਰਦੇ ਹੁੰਦੇ ਸੀ?”

“ਇਹਨਾਂ ਦੇਸ਼ਾਂ ਵਿੱਚ ਆ ਕੇ ਲੱਗਣ ਲੱਗ ਪੈਂਦਾ ਹੈ ਕਿ ਸਾਨੂੰ ਅੰਗਰੇਜ਼ੀ ਦਾ ਉਹ ਕੁਝ ਵੀ ਨਹੀਂ ਆਉਂਦਾ ਜੋ ਇੱਥੋਂ ਦੇ ਘੱਟ ਪੜ੍ਹੇ ਲਿਖੇ ਜਾਣਦੇ ਹਨ। ਇੱਥੇ ਅੰਗਰੇਜ਼ੀ ਬੋਲੀ ਜਾਂਦੀ ਚੰਗੀ ਲਗਦੀ ਰਹਿੰਦੀ ਏ ਤੇ ਲਿਖੀ ਜਾਂਦੀ ਮਾੜੀ। ਚੰਗੀ ਅੰਗਰੇਜ਼ੀ ਲਿਖਣੀ ਇੱਥੇ ਵੀ ਥੋੜ੍ਹੇ ਬੰਦੇ ਹੀ ਜਾਣਦੇ ਹਨ। ਮੈਂ ਅੰਗਰੇਜ਼ੀ ਨਾਲ ਆਢਾ ਲੈਣ ਦੀ ਕੋਸ਼ਿਸ਼ ਕੀਤੀ ਪਰ ਕਾਮਯਾਬ ਨਹੀਂ ਹੋਇਆ। ਇੱਥੇ ਅੰਗਰੇਜ਼ੀ ਦੇ ਰਸਾਲੇ ਵੀ ਦੇਸੀ ਲੋਕਾਂ ਦੇ ਉਨੇ ਨਹੀਂ ਜਿੰਨੇ ਗੋਰਿਆ ਦੇ ਹਨ। ਗੋਰੇ ਸਾਨੂੰ ਛਾਪਦੇ ਨਹੀਂ। ਆਪਣੇ ਨੈਤਿਕਤਾ ਦੇ ਦੂਹਰੇ ਤੀਹਰੇ ਮਿਆਰਾਂ ਦੇ ਸ਼ਿਕਾਰ ਹਨ। ਹਿੱਪੋਕਰਾਈਟਸ!! ਤੁਸੀਂ ਕੀ ਕੁੱਝ ਲਿਖ ਮਾਰਿਆ? “

“ਬਹੁਤਾ ਨਹੀਂ। ਫਿਰ ਵੀ ਗੂਗਲ ਤੇ ਮੇਰੀ ਸਾਈਟ ਦੇਖ ਲਓ।”
“ਸਾਈਟ ਤੋਂ ਕੀ ਭਾਵ? ਕੀ ਸਾਈਟ ਹੈ ਤੁਹਾਡੀ?”
“ਡਾ: ਸਾਹਿਬ, ਮੇਰੀ ਅਖਬਾਰ ਦੀ ਸਾਈਟ ਏ।”
“ਅਖਬਾਰ ਦੀ? ਕੀ ਤੁਸੀਂ ਕੋਈ ਅਖਬਾਰ ਵੀ ਛਾਪਦੇ ਹੋ?”
“ਤੁਹਾਨੂੰ ਪਤਾ ਹੀ ਨਹੀਂ?”
“ਨੋ, ਨਾਟ ਐਟ ਆਲ।”

“ਮੈਂ ਪਿਛਲੇ 12 ਸਾਲਾਂ ਤੋਂ ਇੱਥੇ ਦੋ-ਭਾਸ਼ਾਈ ਨਿਊਜ਼ ਮੈਗਜ਼ੀਨ ਕੱਢਦਾ ਹਾਂ। ਮਹੀਨੇ ਵਿੱਚ ਇੱਕ ਵਾਰ 40 ਸਫੇ ਪੰਜਾਬੀ ਦੇ ਤੇ 12 ਸਫ਼ੇ ਅੰਗਰੇਜ਼ੀ ਦੇ।”

“ਵੰਡਰਫੁਲ!! ਐਡਾ ਵੱਡਾ ਕੰਮ! ਉਹ ਵੀ ਸਿਡਨੀ ਜਿਹੇ ਸ਼ਹਿਰ ਵਿੱਚ? ਕਮਾਲ ਕਰ ਤੀ, ਡਾ: ਸਾਹਿਬ।”

“ਮੈਂ ਜੋ ਛਾਪਿਆ ਉਹ ਪੁਸਤਕਾਂ ਦੇ ਰੂਪ ਵਿੱਚ ਬਜ਼ਾਰ ਵਿੱਚ ਆ ਗਿਆ। ਮੇਰੀਆਂ 8 ਪੁਸਤਕਾਂ ਪੰਜਾਬੀ ਦੀਆਂ ਹਨ ਤੇ ਇੱਕ ਅੰਗਰੇਜ਼ੀ ਕਹਾਣੀਆਂ ਦੀ। ਬਾਕੀ ਤੁਸੀਂ ਗੂਗਲ ਤੇ ਮੇਰਾ ਸਭ ਕੁੱਝ ਦੇਖ, ਪੜ੍ਹ ਤੇ ਸੁਣ ਸਕਦੇ ਹੋ। ਪੰਜ ਟੀ.ਵੀ. ਦੀਆਂ ਮੁਲਾਕਾਤਾਂ, ਪੰਜ ਹੀ ਰੇਡੀਓ ਤੇ ‘ਟਾਕਾਂ’ ਬਾਕੀ ਪੁਸਤਕਾਂ ਦੇ ਨਾਮ। ਮੈਨੂੰ ਤਾਂ ਹੈਰਾਨੀ ਹੋਈ ਕਿ ਕੋਈ ਲੜਕੀ ਹਿਮਾਚਲ ਦੀ ਕਿਸੇ ਯੂਨੀਵਰਸਿਟੀ ਤੋਂ ਮੇਰੇ ਤੇ ਖੋਜ ਵੀ ਕਰ ਰਹੀ ਏ।”

“ਡਾਕਟਰ ਸਾਹਿਬ, ਤੁਸੀਂ ਤਾਂ ਕਮਾਲ ਹੀ ਕਰ ਤੀ।”
“ਤੁਸੀਂ ਵੀ ਤਾਂ ਕੁਝ ਨਾ ਕੁਝ ਲਿਖਦੇ ਹੀ ਹੋ?”

ਜਦ ਤੱਕ ਬੰਦਾ ਛਪੇ ਨਾ ਉਦੋਂ ਤੱਕ ਉਸਦਾ ਹੋਰ ਲਿਖਣ ਨੂੰ ਦਿਲ ਨਹੀਂ ਕਰਦਾ। ਇੱਥੇ ਕੈਨੇਡਾ ਵਿੱਚ ਮਾੜੇ ਮੋਟੇ ਰਸਾਲੇ ਹਨ। ਇਹ ਕਦੀ ਕਦਾਈਂ ਕੁੱਝ ਛਾਪ ਦਿੰਦੇ ਹਨ। ਤੁਸੀਂ ਤਾਂ 20 ਤੋਂ ਵੀ ਵੱਧ ਸਾਲਾਂ ਤੋਂ ਲਗਾਤਾਰ ਛਪੇ ਹੋ। ਮੈਂ ਤੁਹਾਡੇ ਬਾਰੇ ਕਾਫੀ ਕੁਝ ਜਾਣ ਲਿਆ ਹੈ। ਆਪਣਾ ਮੈਗਜ਼ੀਨ ਕੱਢਣਾ ਹੋਰ ਵੀ ਵੱਡੀ ਉਪਲੱਭਧੀ ਏ। ਪੁਸਤਕਾਂ ਛਪਵਾਉਣ ਤੇ ਤਾਂ ਬਹੁਤੇ ਪੈਸੇ ਲਗਦੇ ਹਨ। ਨਵਿਆਂ ਲਿਖਾਰੀਆਂ ਨੂੰ ਤਾਂ ਪ੍ਰਕਾਸ਼ਕ ਲੁੱਟ ਲੈਂਦੇ ਹਨ। ਇਹ ਰਸਾਲਾ ਕਿਵੇਂ ਨਿਕਲਦਾ ਏ? ਕੀ ਇਹ ਤੁਹਾਡੇ ਦੇਸ਼ ਵਿੱਚ ਵਿਕਦਾ ਵੀ ਏ?

ਮਾਥੁਰ ਕਈ ਕੁੱਝ ਜਾਨਣ ਲਈ ਕਾਹਲਾ ਪੈ ਗਿਆ।

“ਮਾਥੁਰ ਸਾਹਿਬ, ਇਹ ਰਸਾਲੇ ਇਹਨਾ ਦੇਸ਼ਾਂ ਵਿੱਚ ਮੁਫ਼ਤ ਹੀ ਹਨ। ਇਹ ਸਮਾਜ ਸੇਵਾ ਵਿੱਚ ਆਉਂਦੇ ਹਨ। ਸਿਰਫ਼ ਇਸ਼ਤਿਹਾਰਾਂ ਦੇ ਸਿਰ ਤੇ ਹੀ ਚੱਲਦੇ ਹਨ।”
“ਇਸ਼ਤਿਹਾਰ ਵੀ ਤਾਂ ਕੋਈ ਕਾਰੋਬਾਰ ਤਾਂ ਹੀ ਦੇਊ ਜੇ ਅਖਬਾਰ ਤੇ ਰਸਾਲਾ ਮਸ਼ਹੂਰ ਹੋਊ ਤੇ ਉਸਦੀ ਸਰਕੂਲੇਸ਼ਨ ਵੱਧ ਹੋਊ।”

ਡਾ: ਮਾਥੁਰ ਪ੍ਰਭਾਵਤ ਹੁੰਦਾ ਗਿਆ। ਆਖਰ ਕਾਰ ਮੈਨੂੰ ਮਾੜਾ-ਮਾੜਾ ਇਵੇਂ ਮਹਿਸੂਸ ਹੋਣ ਲੱਗ ਪਿਆ ਜਿਵੇਂ ਉਹ ਮੇਰੇ ਅਖਬਾਰ ਵਿੱਚ ਛਪਣਾ ਚਾਹੁੰਦਾ ਹੋਵੇ।

ਮੇਰੇ ਮਨ ਵਿੱਚ ਅਜੀਬ ਅਜੀਬ ਖਿਆਲ ਆਉਣ ਲੱਗ ਪਏ। ਜੇ ਉਹ ਮੈਨੂੰ ਕਹਿ ਦੇਵੇ ਕਿ ਮੈਨੂੰ ਵੀ ਛਾਪ ਦਿਆ ਕਰੋ ਫਿਰ ਮੈਂ ਕੀ ਕਰਾਂਗਾ? ਮੈਂ ਜਵਾਬ ਕਿਵੇਂ ਦੇਵਾਂਗਾ? ਜੇ ਮੈਂ ਇਹ ਜਵਾਬ ਦੇਵਾਂ ਤੁਸੀਂ ਮੇਰੇ ਵਿਰੋਧੀ ਹੁੰਦੀ ਸੀ। ਤੁਸੀਂ ਮੇਰੇ ਨਾਲ ਇਹ ਕੀਤਾ ਸੀ, ਔਹ ਕੀਤਾ ਸੀ ਤਾਂ ਹੁਣ ਉਹ ਮੌਕਾ ਸਾਂਭ ਕੇ ਕਹੂ– ਕਾਰਲ ਮਾਰਸ ਕਹਿੰਦਾ ਹੈ ਕਿ ਵਿਕਾਸ ਹਮੇਸ਼ਾ ਵਿਰੋਧ ਵਿੱਚੋਂ ਹੀ ਨਿਕਲਦਾ ਹੈ। ਫਿਰ ਮੈਂ ਸੋਚੂੰ ਵਿਰੋਧ ਨਾਲ ਤਬਾਹੀ ਵੀ ਹੋ ਸਕਦੀ ਏ।

ਮੇਰਾ ਦਿਲ ਤਾਂ ਕਰਦਾ ਹੈ ਕਿ ਮੈਂ ਉਹਨੂੰ ਛਾਪਦਿਆ ਕਰਾਂ। ਉਹ ਤਾਂ ਖੁਦ ਟਾਈਪ ਕੀਤਾ ਮੈਟਰ ਵੀ ਵਰਡ ਫਾਈਲ ਵਿੱਚ ਦੇ ਸਕਦਾ ਏ—ਨਹੀਂ, ਮੈਨੂੰ ਚੁੱਪ ਹੋ ਜਾਣਾ ਚਾਹੀਦਾ ਏ—-ਮੈਨੂੰ ਵਾਕਫੀਅਤ ਹੋਰ ਨਹੀਂ ਵਧਾਉਣੀ ਚਾਹੀਦੀ—25 ਸਾਲ ਪਹਿਲਾਂ ਉਹ ਮੇਰੇ ਰਾਹ ਦਾ ਰੋੜਾ ਬਣਿਆ ਸੀ— ਉਸਨੇ ਘਟੀਆ ਪ੍ਰਿੰਸੀਪਲ ਦਾ ਪੱਖ ਪੂਰਿਆ ਸੀ—ਹੁਣ ਉਹਨੂੰ ਛਪਣ ਦੀ ਇੰਨੀ ਭੁੱਖ ਹੈ ਜਿੰਨੀ ਕਿਸੇ ਨੂੰ ਰੇਗਿਸਤਾਨ ਵਿੱਚ ਪਾਣੀ ਦੀ ਪਿਆਸ ਹੋਵੇ—ਕਈ ਹੁਨਰ ਛਪਣ ਪੱਖੋਂ ਪਾਠਕਾਂ ਤੱਕ ਨਹੀਂ ਪਹੁੰਚਦੇ—ਸਮਾਜ ਵਿੱਚ ਬਹੁਤ ਸਾਰੇ ਕਾਮਯਾਬ ਲਿਖਾਰੀ ਛਪਣ ਪੱਖੋਂ ਬਿਨ ਸ਼ਲਾਘਾ (unsung) ਹੀ ਮਰ ਜਾਂਦੇ ਹਨ—ਭਾਰਤ ਜਿਹੇ ਮਹਿੰਗਾਈ ਤੇ ਗਰੀਬੀ ਦੀ ਮਾਰ ਹੇਠ ਰੁਲ ਰਹੇ ਦੇਸ਼ਾਂ ਵਿੱਚ ਬਹੁਤ ਸਾਰੇ ਕਲਾਕਾਰ ਆਪਣੀ ਕਲਾ ਦਾ ਇਜ਼ਹਾਰ ਕਰਨ ਲਈ ਕਿਸੇ ਪਲੇਟਫਾਰਮ ਦੇ ਨਾ ਮਿਲਣ ਕਰਕੇ ਗੁੰਮ ਸੁੰਮ ਹੀ ਖਤਮ ਹੋ ਜਾਂਦੇ ਹਨ—ਥਾਮਸ ਗਰੇਅ ਦੀ ਐਲਜ਼ੀ (Elegy) ਵਿੱਚ ਵੀ ਇਸ ਪ੍ਰਕਾਰ ਦੇ ਅਣਗੌਲੇ ਹੁਨਰ ਦਾ ਜ਼ਿਕਰ ਹੈ—ਮੇਰੇ ਪਿੰਡ ਦਾ ਭਾਈਆ ਦਸੌਂਧਾ ਸਿੰਘ ਦੂਜਾ ਫੌਜਾ ਸਿੰਘ ਬਣ ਸਕਦਾ ਹੈ ਜੇ ਉਸਨੂੰ ਸੇਧ ਦਿਖਾਉਣ ਵਾਲਾ ਤੇ ਉਸਤੇ ਪੈਸੇ ਖਰਚਣ ਵਾਲਾ ਕੋਈ ਹੋਵੇ—ਕਾਸ਼! ਉਸਦੀ ਅਥਾਅ ਊਰਜਾ ਨੂੰ ਸਹੀ ਪਾਸੇ ਮੋੜਿਆ ਜਾਂਦਾ—ਮੇਰਾ ਮਾਮਾ ਪੋਸਤੀ ਨਾ ਬਣਦਾ ਜੇ ਉਸਦੀ ਜਵਾਨੀ ਵਾਲੀ ਪਹਿਲਵਾਨੀ ਨੂੰ ਸੰਭਾਲ ਲਿਆ ਜਾਂਦਾ—ਮੈਂ ਤਾਂ ਮਾੜਾ-ਮੋਟਾ ਹੀ ਮਸ਼ਹੂਰ ਹੋ ਸਕਿਆ ਹਾਂ—ਹੋ ਸਕਦਾ ਏ ਮੇਰਾ ਉਹ ਪੁਰਾਣਾ ਸਾਥੀ ਮੇਰੇ ਮੈਗਜ਼ੀਨ ਵਿੱਚ ਲਗਾਤਾਰ ਛਪ ਕੇ ਆਪਣੇ ਹੁਨਰ ਨੂੰ ਮਾਂਜ ਕੇ ਪੇਸ਼ ਕਰਨ ਦੇ ਯੋਗ ਹੋ ਜਾਵੇ—ਮੈਂ ਸੋਚਾਂ ਵਿੱਚ ਹਾਂ—ਪੁਰਾਣੀ ਦੁਸ਼ਮਣੀ ਨੂੰ ਭੁੱਲ ਜਾਵਾਂ ਜਾ ਨਾ—ਰਾਤ ਦੇ ਕੁਝ ਘੰਟੇ ਇਸ ਪ੍ਰਕਾਰ ਦੀਆਂ ਸੋਚਾਂ ਵਿੱਚ ਹੀ ਗੁਜ਼ਰੇ—ਜੇ ਹੋਰ ਕੁੱਝ ਨਹੀਂ ਤਾਂ ਉਸਦੀ ਛਪਣ ਦੀ ਹਸਰਤ ਤਾਂ ਪੂਰੀ ਹੋ ਹੀ ਸਕਦੀ ਏ—ਉਹ ਵੀ ਧਰਤੀ ਦੇ ਦੂਜੇ ਪਾਸੇ—ਨਹੀਂ ਮੈਨੂੰ ਇਵੇਂ ਉਹਦੇ ਨੇੜੇ ਨਹੀਂ ਹੋਣਾ ਚਾਹੀਦਾ—ਹੋਣਾ ਚਾਹੀਦਾ ਏ—ਨਹੀਂ ਹੋਣਾ ਚਾਹੀਦਾ ਏ—
Full many a gem of purest ray serene,
         The dark unfathom’d caves of ocean bear:
Full many a flow’r is born to blush unseen,
         And waste its sweetness on the desert air.

ਡਾ: ਮਲਿਕ ਇਸ ਪ੍ਰਕਾਰ ਦੀ ਸੋਚ ਵਿੱਚ ਪਿਆ ਹੋਇਆ ਉੱਚੀ ਉੱਚੀ ਬੁੜਬੁੜਾ ਰਿਹਾ ਸੀ। ਉਸਦੀ ਪਤਨੀ ਦੀ ਜਾਗ ਖੁੱਲ੍ਹ ਗਈ। ਉਹ ਉਸ ਦੀ ਬੁੜਬੁੜਾਹਟ ਸੁਣ ਰਹੀ ਸੀ।

“ਇਹ ਕੀ ਬੁੜਬੁੜਾ ਰਹੇ ਹੋ? ਪਿਛਲੇ ਦਸ ਮਿੰਟਾਂ ਤੋਂ ਮੈਂ ਤੁਹਾਨੂੰ ਦੇਖ ਤੇ ਸੁਣ ਰਹੀ ਹਾਂ। ਕਿਸੇ ਨੂੰ ਝਿੜਕਾਂ ਮਾਰਦੇ ਸੀ ਜਾ ਦਿਲਾਸਾ ਦਿੰਦੇ ਸੀ? ਕੋਈ ਸ਼ੇਕਸਪੀਅਰ ਦਾ ਭੂਤਾਂ ਪ੍ਰੇਤਾਂ ਵਾਲਾ ਦ੍ਰਿਸ਼ ਤਾਂ ਨਹੀਂ ਸੀ ਦੇਖ ਰਹੇ? ਦੱਸੋ ਕੀ ਹੋ ਰਿਹਾ ਸੀ?”

“ਨਾ ਪੁੱਛ”
“ਕਿਉਂ? ਕਦੀ ਰੋਣ ਨੂੰ ਕਰਦੇ ਸੀ ਕਦੀ ਕਿਸੇ ਤੇ ਤਰਸ ਕਰਦੇ ਲੱਗਦੇ ਸੀ। ਸੱਚੋ ਸੱਚ ਦੱਸੋ ਕੀ ਸੁਪਨਾ ਸੀ”, ਡਾ: ਮਲਿਕ ਦੀ ਪਤਨੀ ਡਾਢੀ ਹੋ ਕੇ ਬੋਲੀ।

ਡਾ: ਮਲਿਕ ਪੂਰਾ ਜਾਗ ਪਿਆ ਤੇ ਬੋਲਿਆ,
“ਉਹ 25 ਸਾਲ ਪਹਿਲਾਂ ਵਾਲਾ ਮੇਰਾ ਕੁਲੀਗ ਸੀ ਡਾ: ਮਾਥੁਰ। ਉਹ ਦਿਖ ਪਿਆ। ਪਿਛਲੇ ਹਫਤੇ ਮੈਂ ਕੈਨੇਡਾ ਦੇ ਇੱਕ ਰਸਾਲੇ ਵਿੱਚ ਉਸਦੀ ਸੋਸ਼ਲ ਮੀਡੀਆ ਤੇ ਇੱਕ ਕਹਾਣੀ ਪੜ੍ਹੀ ਸੀ। ਫਿਰ ਮੈਂ ਉਸਨੂੰ ਫੋਨ ਕਰ ਲਿਆ। ਉਹ ਆਪਣੇ ਰਸਾਲੇ ਤੇ ਬੜਾ ਹੈਰਾਨ ਸੀ। ਮੈਨੂੰ ਇਵੇਂ ਲੱਗਾ ਜਿਵੇਂ ਉਹ ਛਪਣ ਲਈ ਲੋਚ ਰਿਹਾ ਹੋਵੇ।”

“ਤੁਸੀਂ ਬਸ ਲਿਖਣ ਅਤੇ ਛਪਣ ਬਾਰੇ ਹੀ ਸੋਚੀ ਜਾਇਆ ਕਰੋ। ਤੁਹਾਨੂੰ ਹੋਰ ਕੋਈ ਕੰਮ ਹੀ ਨਹੀਂ। ਤੁਸੀਂ ਉਸਨੂੰ ਕੀ ਕਿਹਾ ਫਿਰ?”
“ਮੈਂ ਤਾਂ ਹਾਂ ਕਰਨ ਹੀ ਵਾਲਾ ਸੀ ਕਿ ਮੇਰੀ ਜਾਗ ਖੁੱਲ੍ਹ ਗਈ।”
“ਇਸ ਮਾਥੁਰ ਨੇ ਕਿਸੇ ਸਮੇਂ ਕਾਲਜ ਦੇ ਲਾਈਲਗ ਪ੍ਰਿੰਸੀਪਲ ਨਾਲ ਮਿਲ ਕੇ ਜੋ ਤੁਹਾਡੇ ਨਾਲ ਕੁੱਤੇਖਾਣੀ ਕਰਾਈ ਸੀ ਉਹ ਭੱਲ ਗਏ? ਮੈਂ ਤਾਂ ਇੱਦਾਂ ਦੇ ਨੂੰ ਕਦੀ ਵੀ ਪੱਠੇ ਨਾ ਪੁਆਉਣ ਦੇਵਾਂ।”

“ਸੱਚੀ?”
“ਹੋਰ ਤੁਸੀਂ ਅਸ਼ਟਾਮ ਤੇ ਲਿਖਵਾਉਣਾ ਹੈ? ਜੇ ਬਹੁਤ ਵੱਡੇ ਐਲ.ਬੀ.ਓ. ਹੋ ਤਾਂ ਜਾਓ ਆਪਣੀ ਚਾਹ ਆਪ ਬਣਾਓ।”
“ਐਲ.ਬੀ.ਓ.? ਉਹ ਕੀ ਹੁੰਦਾ ਏ?”
“ਲੋਕ ਭਲਾਈ ਅਫਸਰ। ਮੈਂ ਤਾਂ ਉਹ ਦਿਨ ਕਦੀ ਨਾ ਭੁੱਲਾਂ ਜਿਸ ਦਿਨ ਕਾਲਜ ਤੋਂ ਚਾਰਜ ਸ਼ੀਟ ਲੈ ਕੇ ਆਏ ਸੀ?”

ਨੇੜਿਓ ਮਲਿਕ ਦੀ ਜਵਾਨ ਧੀ ਵੀ ਬੋਲ ਪਈ, “ਡੈਡ, 85 ਭੁੱਲ ਗਏ?”
ਇਸ ਤੋਂ ਬਾਦ ਮਲਿਕ ਦੀਆਂ ਅੱਖਾਂ ਅੱਡੀਆ ਹੀ ਰਹਿ ਗਈਆਂ!!!!
***

*’ਲਿਖਾਰੀ’ ਵਿਚ ਪ੍ਰਕਾਸ਼ਿਤ ਹੋਣ ਵਾਲੀਆਂ ਸਾਰੀਆਂ ਹੀ ਰਚਨਾਵਾਂ ਵਿਚ ਪ੍ਰਗਟਾਏ ਵਿਚਾਰਾਂ ਨਾਲ ‘ਲਿਖਾਰੀ’ ਦਾ ਸਹਿਮਤ ਹੋਣਾ ਜ਼ਰੂਰੀ ਨਹੀਂ। ਹਰ ਲਿਖਤ ਵਿਚ ਪ੍ਰਗਟਾਏ ਵਿਚਾਰਾਂ ਦਾ ਜ਼ਿੰਮੇਵਾਰ ਕੇਵਲ ‘ਰਚਨਾ’ ਦਾ ਕਰਤਾ ਹੋਵੇਗਾ।
*
***
1055
***

+ ਲਿਖਾਰੀ ਵਿੱਚ ਛਪੀਆਂ ਰਚਨਾਵਾਂ ਦਾ ਵੇਰਵਾ

Dr. Avtar S. Sangha
BA ( Hons. English) MA English, Ph.D English--- Punjab
Graduate Dip In Education--- NSW ( Australia)
Lecturer in English in a college in Punjab for 25 years.
Teacher in Sydney--- 6 years
Now retired
Author of 8 books
**
sangha_avtar@hotmail.com

My latest book of short English fiction STORM IN A TEACUP AND OTHER STORIES can be seen on
DESIBUZZ CANADA
**
The Punjabi book of short stories edited by me and published by Azad Book Depot Amritsar 5 PARVAASI KAHANIKAAR is now available in the market.
**

ਅਵਤਾਰ ਐਸ ਸੰਘਾ

Dr. Avtar S. Sangha BA ( Hons. English)  MA English,  Ph.D English--- Punjab Graduate Dip In Education--- NSW ( Australia) Lecturer in English  in a college  in Punjab for 25 years. Teacher in Sydney--- 6 years Now retired Author of 8 books ** sangha_avtar@hotmail.com My latest book of short English fiction STORM IN A TEACUP AND OTHER STORIES can be seen on DESIBUZZ CANADA ** The Punjabi book of short stories  edited by me and published  by Azad Book Depot Amritsar  5 PARVAASI KAHANIKAAR  is now available in the market. **

View all posts by ਅਵਤਾਰ ਐਸ ਸੰਘਾ →