27 July 2024

ਸ਼ਹੀਦੀ ਦਿਹਾੜੇ ਤੇ ਵਿਸ਼ੇਸ਼: ਸ਼ਹੀਦ ਨੂੰ ਅਵਾਜ਼/ਅਜ਼ਾਦੀ ਘੁਲਾਟੀਏ/ਗੀਤ-ਕਵਿਤਾ—ਨਛੱਤਰ ਸਿੰਘ ਭੋਗਲ “ਭਾਖੜੀਆਣਾ” (U.K)

“ਸ਼ਹੀਦ ਨੂੰ ਅਵਾਜ਼”
ਸ਼ੇਅਰ
ਦੇਸ਼-ਪਿਆਰ ਅਨੋਖਾ ਡਿੱਠਾ,ਭਗਤ ਸਿੰਘ ਇਨਕਲਾਬੀ ਦਾ,
ਰਿਹਾ ਮੌਤ ਨਾਲ ਟਕਰਾਉਂਦਾ,ਵੇਖਣ ਲਈ ਮੂੰਹ ਅਜ਼ਾਦੀ ਦਾ,
ਗੁੜ੍ਹਤੀ ਮਿਲੀ ਬਜ਼ੁਰਗਾਂ ਤੋਂ,ਤਾਂ ਹੀ ਮੱਲਿਆ ਰਾਹ ਬਰਬਾਦੀ ਦਾ,
ਹੱਸ,ਰੱਸਾ ਚੁੰਮਿਆ ਫਾਂਸੀ ਦਾ,ਦਿੱਲ’ਚ ਜਜ਼ਬਾ ਸੀ ਅਜ਼ਾਦੀ ਦਾ।
—-:—-
ਸੁੱਤਾ ਪਿਆ ਤੇਰਾ ਦੇਸ਼
ਭਗਤ ਸਿਆਂ ਕਿਵੇਂ ਜਗਾਵੇਂਗਾ।ਮਰੀ ਹੋਈ ਜ਼ਮੀਰ ਜਵਾਨੀ ਦੀ,
ਨਹੀਂ ਕਦਰ ਤੇਰੀ ਕੁਰਬਾਨੀ ਦੀ
ਜੰਗਾਲ਼ੀ ਹੋਈ ਸ਼ਮਸ਼ੀਰ ਨੂੰ ਦੱਸ
ਕਿਹੜੀ ਸਾਣ ਤੇ ਲਾਵੇਂਗਾ।
ਸੁੱਤਾ ਪਿਆ ਤੇਰਾ ਦੇਸ਼
ਭਗਤ ਸਿਆਂ ਕਿਵੇਂ ਜਗਾਵੇਂਗਾ।।ਗੱਭਰੂ ਮੋਇਆਂ ਜਿਹੇ ਹੋ ਚੁੱਕੇ ਨੇ,
ਲੱਗੇ ਹੋਏ ਨਸ਼ਿਆਂ ਉਤੇ ਨੇ,
ਕੁੰਭਕਰਨ ਦੀ ਨੀਂਦਰ ਸੁੱਤਿਆਂ ਨੂੰ,
ਕਿਵੇਂ ਝੰਬ-ਝੰਜੋੜ ਜਗਾਵੇਂਗਾ।
ਸੁੱਤਾ ਪਿਆ ਤੇਰਾ ਦੇਸ਼
ਭਗਤ ਸਿਆਂ ਕਿਵੇਂ ਜਗਾਵੇਂਗਾ।।ਗੋਰਿਆਂ ਨੂੰ ਮਾਰ ਭਜਾਇਆ ਤੂੰ,
ਭਾਰਤ ਦੇਸ਼ ਅਜ਼ਾਦ ਕਰਾਇਆ ਤੂੰ,
ਕਾਲ੍ਹੇ ਅੰਗਰੇਜ਼ਾਂ ਕੋਲੋਂ ਅੱਜ
ਵਤਨ ਨੂੰ ਕਿਵੇਂ ਬਚਾਵੇਂਗਾ।
ਸੁੱਤਾ ਪਿਆ ਤੇਰਾ ਦੇਸ਼
ਭਗਤ ਸਿਆਂ ਕਿਵੇਂ ਜਗਾਵੇਂਗਾ।।

ਪੜ੍ਹਿਆ ਲਿਖਿਆ ਵਿਦਵਾਨ ਸੀ ਤੂੰ,
ਸੱਚਾ ਦੇਸ਼ ਭਗਤ ਇਨਸਾਨ ਸੀ ਤੂੰ,
“ਰੰਗਦੇ ਬਸੰਤੀ ਚੋਲ੍ਹੇ”ਵਾਲਾ
ਗੀਤ ਕਿਸ ਤਾਈਂ ਸੁਣਾਵੇਂਗਾ।
ਸੁੱਤਾ ਪਿਆ ਤੇਰਾ ਦੇਸ਼
ਭਗਤ ਸਿਆਂ ਕਿਵੇਂ ਜਗਾਵੇਂਗਾ।।

ਤੂੰ ਬੰਦੂਕਾਂ ਦੀ ਖੇਤੀ ਕੀਤੀ ਸੀ,
ਤੇਰੀ ਸਾਫ਼ ਤੇ ਸੱਚੀ ਨੀਤੀ ਸੀ,
ਫਾਹੇ ਲੱਗਦੇ ਹੋਏ ਕਿਸਾਨਾਂ ਨੂੰ
ਕਿੰਝ ਕਰਜ਼ਾ ਮੁੱਕਤ ਕਰਾਵੇਂਗਾ।
ਸੁੱਤਾ ਪਿਆ ਤੇਰਾ ਦੇਸ਼
ਭਗਤ ਸਿਆਂ ਕਿਵੇਂ ਜਗਾਵੇਂਗਾ।।

ਇਨਕਲਾਬ ਦੀ ਰਮਜ਼ ਪਹਿਚਾਣੀ ਤੂੰ,
“ਲੈਨਿਨ” ਦੀ ਸੋਚ ਦਾ ਹਾਣੀਂ ਤੂੰ,
ਮਾਰਕਸ ਦਾ ਲਾਲ ਗਰੰਥ ਸੀ ਜੋ
ਕਿਹੜੇ “ਸਾਥੀਆ”ਤਾਈਂ ਪੜ੍ਹਾਵੇਂਗਾ।
ਸੁੱਤਾ ਪਿਆ ਤੇਰਾ ਦੇਸ਼
ਭਗਤ ਸਿਆਂ ਕਿਵੇਂ ਜਗਾਵੇਂਗਾ।।

ਫੁੱਟ ਪੈ ਗਈ ਧਰਮ ਇਮਾਨਾਂ ਵਿੱਚ,
ਹਿੰਦੂ,ਸਿੱਖ ਤੇ ਮੁਸਲਮਾਨਾਂ ਵਿੱਚ,
ਇਹਨਾਂ ਮਾਨਸਿਕ ਰੋਗੀ ਹੋਇਆਂ ਨੂੰ
ਕਿਵੇਂ ਅੱਣਖ ਦੇ ਟੀਕੇ ਲਾਵੇਂਗਾ।
ਸੁੱਤਾ ਪਿਆ ਤੇਰਾ ਦੇਸ਼
ਭਗਤ ਸਿਆਂ ਕਿਵੇਂ ਜਗਾਵੇਂਗਾ।।

ਕਨੂੰਨ ਗੁੰਗਾ ਵਾਂਗ ਸ਼ੈਤਾਨਾਂ ਦੇ,
ਕੱਠਪੁਤਲੀ ਹੱਥ ਧੰਨਵਾਨਾ ਦੇ,
ਕੰਨ ਬੋਲ੍ਹੇ ਹੋਏ ਖੋਲਣ ਲਈ
ਕਿਹੜੀ ਅਸੰਬਲੀ ਬੰਬ ਚਲਾਵੇਂਗਾ।
ਸੁੱਤਾ ਪਿਆ ਤੇਰਾ ਦੇਸ਼
ਭਗਤ ਸਿਆਂ ਕਿਵੇਂ ਜਗਾਵੇਂਗਾ।।

ਨੇਤਾ ਤੇਰੀ ਮੱੜ੍ਹੀ ਤੇ ਆਉਂਦੇ ਨੇ,
ਤੇਰੇ ਬੁੱਤ ਨੂੰ ਫੁੱਲ ਚੜ੍ਹਾਉਂਦੇ ਨੇਂ,
ਰਾਜਨੀਤੀ ਦਿਆਂ ਪਖੰਡਾਂ ਤੋਂ
ਦੱਸ ਮੁਕਤੀ ਕਿੰਝ ਦੁਆਵੇਂਗਾ।
ਸੁੱਤਾ ਪਿਆ ਤੇਰਾ ਦੇਸ਼
ਭਗਤ ਸਿਆਂ ਕਿਵੇਂ ਜਗਾਵੇਂਗਾ।।

ਇਕ ਵਾਰੀ ਮੁੜਕੇ ਆਉਣਾ ਪਊ,
ਤੈਨੂੰ ਭਾਰਤ ਵਰਸ਼ ਬਚਾਉਣਾ ਪਊ,
“ਨਛੱਤਰ ਭੋਗਲ”ਦੀਆਂ ਇਹਨਾਂ ਰੀਝਾਂ ਨੂੰ
ਜਿਊਂਦੇ ਜੀ ਕਦੋਂ ਪੁੱਗਾਵੇਂਗਾ।
ਸੁੱਤਾ ਪਿਆ ਤੇਰਾ ਦੇਸ਼
ਭਗਤ ਸਿਆਂ ਕਿਵੇਂ ਜਗਾਵੇਂਗਾ।

“ਅਜ਼ਾਦੀ ਘੁਲਾਟੀਏ”

ਦੇਸ਼ ਭਗਤੀ ਦਾ ਸਿਰੜ ਨਿਭਾਉਣਾ ਹੈ,
ਨਾਹਰਾ ਇਨਕਲਾਬ ਦਾ ਲਾਉਣਾ ਹੈ,
ਲਾਹੁਣਾ ਗਲ਼ੋਂ ਗੁਲਾਮੀ ਦਾ ਜੂਲ਼ਾ
ਅਸੀਂ ਦੇਸ਼ ਅਜ਼ਾਦ ਕਰਾਉਣਾ ਹੈ।
ਨਾਹਰਾ ਇਨਕਲਾਬ ਦਾ ਲਾਉਣਾ ਹੈ।।

ਜਿੰਦ ਜਾਨ ਨਹੀਂ ਪ੍ਰਵਾਹ ਸਾਨੂੰ,
ਸਾਹਾਂ ਦਾ ਨਹੀਂ ਵਿਸਾਹ ਸਾਨੂੰ,
ਹਰ ਤਸ਼ੱਦਦ ਹੱਸ ਕੇ ਜਰ ਲਾਂਗੇ
ਅਸੀਂ ਆਪਾ ਘੋਲ਼ ਘੁਮਾਉਣਾ ਹੈ।
ਨਾਹਰਾ ਇਨਕਲਾਬ ਦਾ ਲਾਉਣਾ ਹੈ।।

ਭਾਰਤੀ ਜਨਤਾ ਭੋਲ਼ੀ ਭਾਲ਼ੀ ਹੈ,
ਅਸੀਂ ਸ਼ਮਾਂ ਅਣਖ ਦੀ ਬਾਲ਼ੀ ਹੈ,
ਘੂਕ ਸੁੱਤੀ ਪਈ ਜਵਾਨੀ ਨੂੰ
ਗ਼ੈਰਤ ਦਾ ਟੀਕਾ ਲਾਉਣਾ ਹੈ।
ਨਾਹਰਾ ਇਨਕਲਾਬ ਦਾ ਲਾਉਣਾ ਹੈ।।

ਫ਼ਰੰਗੀ ਥਰ ਥਰ ਡਰਦੇ ਕੰਬਣਗੇ,
ਭੀਖ ਆਪਣੀ ਜਾਨ ਦੀ ਮੰਗਣਗੇ,
ਸਰਕਾਰ ਬੋਲ਼ੀ ਦੇ ਕੰਨ ਖੋਲ੍ਹਣ ਲਈ
ਅਸੰਬਲੀ ਵਿੱਚ ਬੰਬ ਚਲਾਉਣਾ ਹੈ।
ਨਾਹਰਾ ਇਨਕਲਾਬ ਦਾ ਲਾਉਣਾ ਹੈ।।

ਅਸੀਂ ਖੂਨ ਨਾ ਸਿਹਰੇ ਰੰਗਣੇ ਨੇ,
ਮੌਤ ਹੂਰ ਨਾ ਹੋਏ ਮੰਗਣੇ ਨੇ,
ਅਜ਼ਾਦੀ ਸਾਡੀ ਬਣੀ ਵਿਚੋਲਣ ਹੈ
ਲਾੜੀ ਮੌਤ ਨੂੰ ਅਸੀਂ ਵਿਆਹੁਣਾ ਹੈ।
ਨਾਹਰਾ ਇਨਕਲਾਬ ਦਾ ਲਾਉਣਾ ਹੈ।।

ਉਮਰ ਕੈਦ, ਜੇਲ੍ਹ ਦੀਆਂ ਕੋਠੜੀਆਂ,
ਪੈਰੀਂ ਬੇੜੀਆਂ, ਹੱਥੀਂ ਹੱਥ ਕੜੀਆਂ,
ਹੱਸ ਹੱਸ ਕੇ ਮੌਤ ਕਬੂਲਾਂਗੇ
ਨਹੀਂ ਡਰਨਾ ‘ਤੇ ਘਬਰਾਉਣਾ ਹੈ।
ਨਾਹਰਾ ਇਨਕਲਾਬ ਦਾ ਲਾਉਣਾ ਹੈ।।

ਇੱਕੀਆਂ ਦੇ ਇਕੱਤੀ ਪਾਵਾਂਗੇ,
ਸਾਮਰਾਜ ਦੇ ‘ਨਾ ਟਕਰਾਵਾਂਗੇ,
ਅਸੀਂ ਮਰਦ ਅਗੰਮੜੇ ਦੇ ਚੇਲੇ
ਆਪਣਾ ਕੱਫਣ ਆਪ ਸੁਆਉਣਾ ਹੈ।
ਨਾਹਰਾ ਇਨਕਲਾਬ ਦਾ ਲਾਉਣਾ ਹੈ।।

ਦਿਲ ਉੱਤੇ ਦਰਦ ਸਹਾਰਿਆ ਸੀ,
ਸਿਪਾਹੀ “ਚੰਨਣ” ਨੂੰ ਜਦ ਮਾਰਿਆ ਸੀ,
ਇਹ ਡਾਢਾ ਭਾਰ ਨੇ ਧਰਤੀ ਤੇ
ਗਦਾਰਾਂ ਨੂੰ ਸੋਧਾ ਲਾਉਣਾ ਹੈ।
ਨਾਹਰਾ ਇਨਕਲਾਬ ਦਾ ਲਾਉਣਾ ਹੈ।।

ਮੇਰਾ ਰੰਗ ਦੇ ਬਸੰਤੀ ਚੋਲ਼ਾ ਮਾਂ,
ਰੱਬ ਤੋਂ ਹੈ ਤੇਰੀ ਉੱਚੀ ਥਾਂਹ,
ਸਾਨੂੰ ਗੁੜ੍ਹਤੀ ਮਿਲ਼ੀ ਹੈ ਪੁਰਖਿਆਂ ਤੋਂ
ਅਸੀਂ ਮੌਤ ਨੂੰ ਗਲ਼ੇ ਲਗਾਉਣਾ ਹੈ।
ਨਾਹਰਾ ਇਨਕਲਾਬ ਦਾ ਲਾਉਣਾ ਹੈ।।

ਅੱਜ ਸਾਡੇ ਸੁਪਨੇ ਰੁਲ਼ ਗਏ ਨੇ,
ਕੁਰਬਾਨੀਆਂ ਨੂੰ ਲੋਕੀ ਭੁੱਲ ਗਏ ਨੇ,
ਮਤਲਬ-ਖੋਰੇ ਕਾਬਜ਼ ਕੁਰਸੀ ਤੇ
ਇਹਨਾ ਕੋਲ਼ੋਂ ਦੇਸ਼ ਬਚਾਉਣਾ ਹੈ।
ਨਾਹਰਾ ਇਨਕਲਾਬ ਦਾ ਲਾਉਣਾ ਹੈ।।

ਬੱਬਰਾਂ ਦਾ ਨਾ ਚਮਕਾਉਣਾ ਹੈ,
ਫਰੰਗੀਆਂ ਨੂੰ ਮਾਰ ਭਜਾਉਣਾ ਹੈ,
ਨਛੱਤਰ ਭੋਗਲ ਕੋਲੋਂ ਗੀਤ ਲਿਖਾ
ਰਲ਼ ਮਿਲ਼ ਕੇ ਕੱਠਿਆਂ ਗਾਉਣਾ ਹੈ।
ਨਾਹਰਾ ਇਨਕਲਾਬ ਦਾ ਲਾਉਣਾ ਹੈ।

“ਗੀਤ-ਕਵਿਤਾ”

ਗੀਤ ਮੇਰੇ ਯਾਰ-ਬੇਲੀ
ਮਹਿਫ਼ਲਾਂ ‘ਚ ਗਾਉਣਗੇ,
ਦੁੱਲਾ-ਢੋਲਾ, ਜੱਗਾ ਗਾਕੇ
ਮਸਤੀ ‘ਚ ਆਉਣਗੇ।

ਧਰਤੀ ਨਾ ਪੱਬ ਲੱਗੂ
ਫੁੱਲਾਂ ਉੱਤੇ ਖੇਡੂ ਕਾਟੋ,
ਢੋਲ ਦੀ ਧਮਾਲ ਉੱਤੇ
ਭੰਗੜੇ ਵੀ ਪਾਉਣਗੇ।

ਨਿਹੱਥਿਆਂ ਲਈ ਢਾਲ਼ ਬਣੂ
ਜਾਬਰ ਲਈ ਤਿੱਖੀ ਤੇਗ,
ਘੇਰ ਅਬਦਾਲੀ ਨੂੰ ਉਹ
ਢੱਕਾਂ ਵੀ ਛਡਾਉਣਗੇ।

ਸਾਹਿਤ ਜਗਾਉਂਦਾ ਸਦਾ
ਸੁੱਤੀਆਂ ਜ਼ਮੀਰਾਂ ਤਾਂਈਂ,
ਅੱਖਰਾਂ ਦਾ ਚਰਖਾ ਡਾਹ
ਤੰਦ ਸ਼ਬਦਾਂ ਦੇ ਪਾਉਣਗੇ।

ਤੀਰ ਵਾਂਗ ਨੋਕ ਤਿੱਖੀ
ਤੱਕਲ਼ੇ ਦੇ ਵਾਂਗ ਸਿੱਧੇ,
ਸਰਲ ਭਾਸ਼ਾ, ਸ਼ਾਦੀ ਬੋਲੀ
ਮਾਂ-ਬੋਲੀ ਨੂੰ ਧਿਆਉਣਗੇ।

ਮਲੂਕ ਤੇ ਸੰਜੀਦਗੀ ਦੀ
ਟੱਪਣ ਨਾ ਹੱਦ ਕਦੇ,
ਕੋਮਲ ਸੁਭਾਅ ਦੇ ਗੀਤ
ਲੱਚਰਤਾ ਨਾ ਗਾਉਣਗੇ।

ਅਜ਼ਾਦੀ ਦੇ ਘੁਲਾਟੀਏ
ਜੋ ਹੱਸ ਚੱੜ੍ਹੇ ਫਾਂਸੀ ਤੇ,
ਉੱਚੀਆਂ ਸੁਰਾਂ ‘ਚ
ਵਾਰ ਯੋਧਿਆਂ ਦੀ ਗਾਉਣਗੇ।

ਜੁੱਗ ਪਲਟਾਉਣਾ ਉਹਨਾਂ
ਫੜ ਕੇ ਮਸ਼ਾਲਾਂ ਹੱਥੀਂ,
ਅਜ਼ਲਾਂ ਤੋਂ ਸੁੱਤੇ ਲੋਕੀ
ਪਲਾਂ ‘ਚ ਜਗਾਉਣਗੇ।

ਚੱੜ੍ਹਦੀ ਜਵਾਨੀ ਵਿੱਚ
ਮੁੱਛ ਉੱਤੇ ਟਿਕੇ ਨਿੰਬੂ,
ਕੁੱੜਤੇ ਨੂੰ ਬੀੜੇ ਲਾਕੇ
ਪੱਗ-ਤੁਰਲਾ ਸਜਾਉਣਗੇ।

ਹੱਕ-ਅਧਿਕਾਰ ਭੁੱਲ
ਵੇਚ ਘੋੜੇ ਸੌਂਅ ਗਏ ਜੋ,
ਲੀਹੋਂ ਲੱਥੀ ਸੋਚ ਨੂੰ ਉਹ
ਲੀਹ ਤੇ ਲਿਆਉਣਗੇ।

ਢੱਡ ਤੇ ਸਾਰੰਗੀ ਸਾਜ਼
ਰੂਹ ਦੀ ਖ਼ੁਰਾਕ ਮੇਰੀ,
ਅਲਜੋਗਿਆਂ ਦੀ ਤਰਜ਼ ਨੂੰ
ਇਹ ਚਾਰ-ਚੰਨ ਲਾਉਣਗੇ।

ਸ਼ਾਂਤਮਈ ਸੰਗੀਤ ਬੱਜੇ
ਸਿਹਤਮੰਦ ਤਰਜ਼ਾਂ ਤੇ,
ਨਛੱਤਰ ਭੋਗਲ ਗਾਇਕ ਵੀਰ
ਹੇਕਾਂ ਲਾ-ਲਾ ਗਾਉਣਗੇ।
***
ਨਛੱਤਰ ਸਿੰਘ ਭੋਗਲ
“ਭਾਖੜੀਆਣਾ” (U.K)
***
700

Nachhatar Singh Bhopal

ਨਛੱਤਰ ਸਿੰਘ ਭੋਗਲ, ਭਾਖੜੀਆਣਾ

View all posts by ਨਛੱਤਰ ਸਿੰਘ ਭੋਗਲ, ਭਾਖੜੀਆਣਾ →