23 May 2024

ਟਾਇਰਾਂ ਤੇ ਪੈਰਾਂ ਦਾ ਵੈਰੀ ਸਾਹਿਤਕਾਰ: ਗੁਲਜ਼ਾਰ ਸਿੰਘ ਸ਼ੌਂਕੀ – – – ਉਜਾਗਰ ਸਿੰਘ

ਗੁਲਜ਼ਾਰ ਸਿੰਘ ਸ਼ੌਂਕੀ ਦਿਨ ਵੇਲੇ ਕਦੀਂ ਵੀ ਧੂਰੀ ਆਪਣੇ ਘਰ ਨਹੀਂ ਮਿਲੇਗਾ। ਇਊਂ ਮਹਿਸੂਸ ਹੁੰਦਾ ਜਿਵੇਂ ਉਸ ਦੇ ਪੈਰਾਂ ਹੇਠ ਕੋਈ ਪਹੀਆ ਲੱਗਿਆ ਹੋਇਆ ਹੈ, ਜਿਹੜਾ ਉਸ ਨੂੰ ਟਿਕਣ ਨਹੀਂ ਦਿੰਦਾ। ਆਪਣੇ ਘਰ ਤਾਂ ਉਹ ਬਿਮਾਰੀ ਠਮਾਰੀ ਨੂੰ ਹੀ ਮਿਲਦਾ ਹੈ। ਜੇਕਰ ਉਸ ਨੂੰ ਪਤਾ ਲੱਗ ਜਾਵੇ ਕਿ ਕੋਈ ਗਾਇਕ/ਰਾਗੀ/ਢਾਡੀ/ਸੰਗੀਤਕਾਰ ਪ੍ਰੋਗਰਾਮ ਦੇਣ ਲਈ ਆਇਆ ਹੈ/ਕਿਸੇ ਸਾਹਿਤ ਸਭਾ ਦੀ ਮੀਟਿੰਗ ਹੈ/ਕੋਈ ਪੁਸਤਕ ਲੋਕ ਅਰਪਨ ਹੋ ਰਹੀ ਹੈ/ਕੋਈ ਵੀ ਸਾਹਿਤਕ ਪ੍ਰੋਗਰਾਮ ਹੈ/ਮੁਲਾਜ਼ਮ ਸੰਘਰਸ਼ ਹੋਵੇ/ਕਵੀ ਦਰਬਾਰ ਹੋਵੇ/ਜਲਸਾ ਜਲੂਸ ਹੋਵੇ/ਧਾਰਮਿਕ ਦੀਵਾਨ ਹੋਵੇ ਤਾਂ ਉਸ ਨੇ ਤੁਰੰਤ ਆਪਣਾ ਸਾਈਕਲ ਚੁੱਕ ਕੇ ਤੁਰ ਪੈਣਾ ਹੈ। ਜੇ ਸਮਾਗਮ ਦੂਰ ਹੋਵੇ ਤਾਂ ਬੱਸ ਚੜ੍ਹਕੇ ਪਹੁੰਚ ਜਾਣਾ ਹੈ। ਪਹੁੰਚਣਾ ਹਰ ਹਾਲਤ ਵਿੱਚ ਹੈ, ਭਾਵੇਂ ਪਰਿਵਾਰ ਵਿੱਚ ਕਿਤਨਾ ਹੀ ਜ਼ਰੂਰੀ ਕੰਮ ਹੋਵੇ।

ਵੇਖਣ ਵਾਲੇ ਨੂੰ ਉਹ ਧਾਰਮਿਕ ਪ੍ਰਚਾਰਕ ਲੱਗਦਾ ਹੈ। ਉਸ ਦੇ ਹੱਥ ਵਿੱਚ ਕਾਪੀ ਪੈਨ ਜ਼ਰੂਰ ਹੋਵੇਗਾ। ਜੇਕਰ ਸ਼ੌਂਕੀ ਨੂੰ ਲੱਭਣਾ ਹੋਵੇ ਤਾਂ ਉਪਰੋਕਤ ਸਮਾਗਮਾਂ ਵਿੱਚੋਂ ਲੱਭਿਆ ਜਾ ਸਕਦਾ ਹੈ। ਆਪਣੇ ਘਰ ਉਹ ਰਾਤ ਕੱਟਣ ਹੀ ਆਉਂਦਾ ਹੈ। ਪ੍ਰੋਗਰਾਮਾ ‘ਤੇ ਦਲੀਲ ਨਾਲ ਬਹਿਸ ਵੀ ਕਰਦਾ ਹੈ। ਇਹ ਉਸ ਦਾ ਸ਼ੌਕ ਹੈ। ਸ਼ੌਕ ਦਾ ਕੋਈ ਮੁੱਲ ਨਹੀਂ ਹੁੰਦਾ। ਸ਼ੌਕ ਦੀ ਪੂਰਤੀ ਲਈ ਕਈ ਵਾਰ ਘਰ ਫ਼ੂਕ ਤਮਾਸ਼ਾ ਵੇਖਣ ਵਾਲੀ ਗੱਲ ਹੁੰਦੀ ਹੈ। ਉਹ ਇਹੋ ਕੰਮ ਕਰਦਾ ਹੈ। ਸ਼ੌਕ ਇਨਸਾਨ ਨੂੰ ਕਦੇ ਟਿਕ ਕੇ ਬੈਠਣ ਨਹੀਂ ਦਿੰਦਾ। ਅਜਿਹਾ ਹੀ ਇਕ ਵਿਅਕਤੀ ਗੁਲਜ਼ਾਰ ਸਿੰਘ ਸ਼ੌਂਕੀ ਹੈ, ਜਿਸ ਨੂੰ ਗੀਤਕਾਰਾਂ ਅਤੇ ਗਾਇਕਾਂ ਨਾਲ ਲਾਊਡ ਸਪੀਕਰ ਲਗਾਉਂਦਿਆਂ ਮਿਲਣ ਦੇ ਮੌਕੇ ਮਿਲਦੇ ਰਹੇ ਅਤੇ ਗੀਤ ਲਿਖਣ ਦੀ ਚੇਟਕ ਲੱਗ ਗਈ।

ਉਹ ਇਨ੍ਹਾਂ ਗਾਇਕਾਂ ਅਤੇ ਗੀਤਕਾਰਾਂ ਦੇ ਗੀਤ ਸੁਣਨ ਲਈ ਬੱਸਾਂ ‘ਤੇ ਚੜ੍ਹਕੇ ਰਾਤ ਬਰਾਤੇ 70-80 ਮੀਲ ਦਾ ਸਫਰ ਤਹਿ ਕਰਕੇ ਪਹੁੰਚਦਾ ਰਿਹਾ ਅਤੇ ਫਿਰ ਵਾਪਸ ਮੁੜਕੇ ਰੋਜ਼ੀ ਰੋਟੀ ਲਈ ਕੰਮ ਕਰਦਾ ਸੀ। ਉਹ ਭੰਬੀਰੀ ਵਾਂਗੂੰ ਭੱਜਿਆ ਫਿਰਦਾ ਰਹਿੰਦਾ ਹੈ। ਉਹ ਇਕ ਸਾਧਾਰਣ ਮਜ਼ਦੂਰ ਪਰਿਵਾਰ ਨਾਲ ਸੰਬੰਧ ਰੱਖਦਾ ਹੈ। ਇਕ ਸਾਧਾਰਣ ਕਰਮਚਾਰੀ ਹੁੰਦਿਆਂ ਤੇ ਪਰਿਵਾਰਿਕ ਜ਼ਿੰਮੇਵਾਰੀਆਂ ਨਿਭਾਉਂਦਾ ਵੀ ਉਹ ਕਲਮ ਦਾ ਸਾਥ ਨਹੀਂ ਛੱਡਦਾ। ਉਸ ਨੇ ਸਾਹਿਤਕ ਖੇਤਰ ਵਿੱਚ ਆਪਣੀ ਪਛਾਣ ਬਣਾ ਲਈ ਹੈ। ਉਸ ਦੀ ਦੋਸਤੀ ਦਾ ਘੇਰਾ ਵੀ ਵਿਸ਼ਾਲ ਹੈ। ਵਿਦਵਾਨਾਂ ਤੋਂ ਲੈ ਕੇ ਆਮ ਪਾਠਕ ਤੇ ਸਰੋਤੇ ਨਾਲ ਬਾਵਾਸਤਾ ਰਹਿੰਦਾ ਹੈ।

ਪਿਤਾ ਭਗਵਾਨ ਸਿੰਘ ਗੁਰੂ ਦੇ ਸੱਪ ਲੜਨ ਕਰਕੇ ਅਪਾਹਜ ਹੋਣ ਤੋਂ ਬਾਅਦ ਪਰਿਵਾਰ ਦਾ ਗੁਜ਼ਾਰਾ ਤੋਰਨ ਲਈ ਉਹ 13 ਸਾਲ ਦੀ ਛੋਟੀ ਉਮਰ ਵਿੱਚ ਹੀ ਕਾਰਜ਼ਸ਼ੀਲ ਹੋ ਗਿਆ ਸੀ। ਉਹ ਧੂਰੀ ਮਿਲ ਵਿੱਚ ਦਿਹਾੜੀਦਾਰੀ, ਪੀ.ਡਬਲੀਊ ਵਿੱਚ ਮੇਟੀ, ਬਿਜਲੀ ਬੋਰਡ ਵਿੱਚ ਬਿਜਲੀ ਦੇ ਖੰਬੇ ਗੱਡਣ, ਕੱਪੜਾ ਬੁਣਨ, ਮਜ਼ਦੂਰੀ, ਬੇਲਦਾਰੀ ਅਤੇ ਪੱਲੇਦਾਰੀ ਕਰਦਾ ਰਿਹਾ। ਪ੍ਰੰਤੂ ਗੀਤਾਂ ਦੀ ਚੇਟਕ ਉਸ ਨੂੰ ਸਤਾਉਂਦੀ ਰਹੀ, ਜਿਸ ਕਰਕੇ ਆਪਣਾ ਗਾਇਕੀ ਦਾ ਮਸ ਪੂਰਾ ਕਰਨ ਲਈ ਉਸ ਨੇ ਇੱਕ ਕਵੀਸ਼ਰੀ ਜੱਥਾ ਬਣਾ ਲਿਆ। ਕੁਝ ਸਮਾਂ ਉਹ ਕਵੀਸ਼ਰੀ ਵੀ ਕਰਦਾ ਰਿਹਾ।

12 ਸਾਲ ਦੀ ਉਮਰ ਵਿੱਚ 1960 ਵਿੱਚ ਇੱਕ ‘ਲਾਊਡ ਸਪੀਕਰ’ ਵਾਲੇ ਨੇ ਪੱਕੇ ਤੌਰ ‘ਤੇ 30 ਰੁਪਏ ਮਹੀਨਾ ਨੌਕਰੀ ‘ਤੇ ਰੱਖ ਲਿਆ। ਇਸ ਸਮੇਂ ਦੌਰਾਨ ਉਸ ਦਾ ਸੰਪਰਕ ਗਾਇਕਾਂ ਅਤੇ ਗੀਤਕਾਰਾਂ ਨਾਲ ਵੱਧ ਗਿਆ। ਗਾਇਕਾਂ ਅਤੇ ਗੀਤਕਾਰਾਂ ਦੇ ਮੇਲ ਮਿਲਾਪ ਨੇ ਉਸ ਵਿੱਚ ਗੀਤਕਾਰ ਤੇ ਵਾਰਤਕਕਾਰ ਬਣਨ ਦਾ ਅਜਿਹਾ ਸ਼ੌਕ ਪੈਦਾ ਕਰ ਦਿੱਤਾ ਕਿ ਮੁੜ ਕੇ ਉਸ ਨੇ ਪਿੱਛੇ ਨਹੀਂ ਵੇਖਿਆ। ਸਭ ਤੋਂ ਪਹਿਲਾਂ ਉਸ ਦਾ ਮੇਲ ਪ੍ਰਸਿੱਧ ਗੀਤਕਾਰ ਮਰਹੂਮ ਗੁਰਦੇਵ ਸਿੰਘ ਮਾਨ ਨਾਲ ਹੋਇਆ ਸੀ, ਜਿਹੜਾ ਜਿਲ੍ਹਾ ਲੋਕ ਸੰਪਰਕ ਦਫ਼ਤਰ ਸੰਗਰੂਰ ਵਿੱਚ ਡਰਾਮਾ ਇਨਸਪੈਕਟਰ ਲੱਗਿਆ ਹੋਇਆ ਸੀ। ਗੀਤਕਾਰ ਗੁਰਦੇਵ ਸਿੰਘ ਮਾਨ ਨੂੰ ਉਸ ਨੇ ਗੁਰੂ ਧਾਰ ਲਿਆ। ਗੁਰਦੇਵ ਸਿੰਘ ਮਾਨ ਮਾਲੇਰਕੋਟਲਾ ਅਤੇ ਸ਼ੌਕੀ ਧੂਰੀ ਰਹਿੰਦਾ ਸੀ। ਫਿਰ ਗੁਲਜ਼ਾਰ ਸਿੰਘ ਸ਼ੌਂਕੀ ਦਾ ਡੇਰਾ ਗੁਰਦੇਵ ਸਿੰਘ ਮਾਨ ਦੇ ਘਰ ਮਾਲੇਰਕੋਟਲਾ ਵਿਖੇ ਲੱਗ ਗਿਆ। ਹਰ ਰੋਜ਼ ਬਿਨਾ ਨਾਗਾ ਰਾਤ ਨੂੰ ਮਾਲੇਰਕੋਟਲਾ ਤੇ ਸਵੇਰ ਵਾਪਸ ਆ ਕੇ ਕੰਮ ਕਾਰ ਲੱਗ ਜਾਂਦਾ ਸੀ। ਗੁਰਦੇਵ ਸਿੰਘ ਮਾਨ ਦੀਆਂ ਜਿਹੜੀਆਂ ਪੁਸਤਕਾਂ ਪ੍ਰਕਾਸ਼ਤ ਹੁੰਦੀਆਂ ਸਨ, ਉਨ੍ਹਾਂ ਦੇ ਪ੍ਰੂਫ਼ ਪੜ੍ਹਨ ਦਾ ਮੌਕਾ ਮਿਲਦਾ ਰਿਹਾ। ਫਿਰ ਉਸ ਦੀ ਦਿਲਚਸਪੀ ਸਾਹਿਤਕਾਰ ਬਣਨ ਦੀ ਵੱਧਦੀ ਗਈ।

ਉਸ ਨੇ ਸੱਥਾਂ ਵਿੱਚ ਗਾਉਣਾ ਸ਼ੁਰੂ ਕੀਤਾ, ਜਿਥੋਂ ਉਸ ਨੂੰ ਇਨਾਮ ਮਿਲਣ ਲੱਗੇ। ਸ਼ੁਰੂ ਵਿੱਚ ਉਹ ਧਾਰਮਿਕ ਗੀਤ ਲਿਖਦਾ ਸੀ। ਲਾਊਡ ਸਪੀਕਰ ਲਾਉਣ ਤੋਂ ਜਦੋਂ ਵਿਹਲਾ ਹੁੰਦਾ ਸੀ ਉਦੋਂ ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਰੌਲ ਵੀ ਲਾਉਂਦਾ ਸੀ ਕਿਉਂਕਿ ਪਰਿਵਾਰ ਦਾ ਵੱਡਾ ਪੁਤਰ ਹੋਣ ਕਰਕੇ ਗੁਜ਼ਾਰਾ ਉਸ ਉਪਰ ਹੀ ਨਿਰਭਰ ਸੀ। ਗੁਰਦੇਵ ਸਿੰਘ ਮਾਨ ਨਾਲ ਉਹ ਕਵੀ ਦਰਬਾਰਾਂ ਵਿੱਚ ਜਾਣ ਲੱਗ ਪਿਆ, ਜਿਥੋਂ ਉਸ ਨੂੰ ਉਤਸ਼ਾਹ ਮਿਲਿਆ। ਪਹਿਲਾਂ ਉਹ ਆਪਣੇ ਨਾਮ ਨਾਲ ਰਾਹੀ ਲਿਖਦਾ ਸੀ ਜੋ ਉਸ ਤੇ ਬਹੁਤ ਢੁਕਦਾ ਸੀ ਕਿਉਂਕਿ ਬਹੁਤਾ ਸਮਾਂ ਉਹ ਰਾਹਾਂ ਵਿੱਚ ਹੀ ਗੁਜ਼ਾਰਦਾ ਸੀ। ਪ੍ਰੰਤੂ ਗੁਰਦੇਵ ਸਿੰਘ ਮਾਨ ਨੇ ਉਸ ਦੇ ਸ਼ੌਕ ਨੂੰ ਮੁੱਖ ਰੱਖਦਿਆਂ ਉਸ ਨੂੰ ਸ਼ੌਂਕੀ ਬਣਾ ਦਿੱਤਾ। ਉਸ ਤੋਂ ਬਾਅਦ ਸੰਗੀਤਕਾਰ ਜਸਵੰਤ ਸਿੰਘ ਭੰਵਰਾ, ਹਰਚਰਨ ਗਰੇਵਾਲ ਅਤੇ ਕਰਨੈਲ ਗਿੱਲ ਨਾਲ ਦੋਸਤੀ ਅਜਿਹੀ ਪਈ ਜਿਸ ਨੇ ਉਸ ਨੂੰ ਜੀਵਨੀਕਾਰ, ਕਵੀ, ਗ਼ਜ਼ਲਗੋ, ਨਾਟਕਕਾਰ, ਗੀਤਕਾਰ ਅਤੇ ਵਾਰਤਕਕਾਰ ਬਣਾ ਦਿੱਤਾ। ਇਸ ਸਮੇਂ ਦੌਰਾਨ ਹੀ ਉਸ ਦੀ ਨੌਕਰੀ ਅਕਤੂਬਰ 1975 ਵਿੱਚ ਸਿਖਿਆ ਵਿਭਾਗ ਵਿੱਚ ਸੇਵਾਦਾਰ ਕਮ ਚੌਕੀਦਾਰ ਦੀ ਲੱਗ ਗਈ। ਨੌਕਰੀ ਦੌਰਾਨ ਹੀ ਉਸ ਨੇ 1985 ਵਿੱਚ ਪ੍ਰਾਈਵੇਟਲੀ ਦਸਵੀਂ ਪਾਸ ਕਰ ਲਈ।

ਉਸ ਦਾ ਤਾਲਮੇਲ ਸੁਪ੍ਰਸਿੱਧ ਵਿਦਵਾਨ ਡਾ.ਤੇਜਵੰਤ ਮਾਨ ਨਾਲ ਹੋ ਗਿਆ। ਡਾ. ਤੇਜਵੰਤ ਮਾਨ ਦੀ ਹੱਲਾਸ਼ੇਰੀ ਨਾਲ ਉਸ ਨੇ ਸਾਹਿਤ ਸਭਾਵਾਂ ਵਿੱਚ ਹਿੱਸਾ ਲੈਣਾ ਸ਼ੁਰੂ ਕਰ ਦਿੱਤਾ, ਉਥੇ ਆਪਣੇ ਗੀਤ ਅਤੇ ਕਵਿਤਾਵਾਂ ਸੁਣਾਉਣ ਦਾ ਮੌਕਾ ਮਿਲਣ ਲੱਗ ਪਿਆ। ਇਸ ਸਮੇਂ ਉਸ ਦੀਆਂ ਕਵਿਤਾ, ਨਾਵਲ, ਓਪੇਰਾ, ਜੀਵਨੀ ਅਤੇ ਵਾਰਤਕ ਦੀਆਂ 36 ਪੁਸਤਕਾਂ ਪ੍ਰਕਾਸ਼ਤ ਹੋ ਚੁੱਕੀਆਂ ਹਨ, ਜਿਨ੍ਹਾਂ ਵਿੱਚ 20 ਮੌਲਿਕ ਅਤੇ 16 ਸੰਪਾਦਨਾ ਦੀਆਂ ਹਨ। 5 ਹੋਰ ਪੁਸਤਕਾਂ ਪ੍ਰਕਾਸ਼ਤ ਹੋਣ ਲਈ ਪ੍ਰੈਸਾਂ ਵਿੱਚ ਗਈਆਂ ਹੋਈਆਂ ਹਨ। ਉਸ ਨੇ ਗੀਤਕਾਰ ਗੁਰਦੇਵ ਸਿੰਘ ਮਾਨ, ਹਰਚਰਨ ਗਰੇਵਾਲ, ਕਰਨੈਲ ਗਿੱਲ, ਕੇਸਰ ਸਿੰਘ ਨਰੂਲਾ ਅਤੇ ਮੁਹੰਮਦ ਸਦੀਕ  ਦੀਆਂ ਜੀਵਨੀਆਂ ਵੀ ਲਿਖੀਆਂ ਹਨ। ਉਹ ਚੋਟੀ ਦੇ ਗੀਤਕਾਰਾਂ, ਗਾਇਕਾਂ ਅਤੇ ਸੰਗੀਤਕਾਰਾਂ ਨੂੰ ਮਿਲਦਾ ਰਿਹਾ ਹੈ, ਜਿਨ੍ਹਾਂ ਵਿੱਚ ਗੁਰਦੇਵ ਸਿੰਘ ਮਾਨ, ਹਰਚਰਨ ਗਰੇਵਾਲ, ਸੁਰਿੰਦਰ ਕੌਰ, ਨਰਿੰਦਰ ਬੀਬਾ, ਕਰਨੈਲ ਗਿੱਲ, ਜਸਵੰਤ ਸਿੰਘ ਭੰਵਰਾ, ਚਰਨਜੀਤ ਆਹੂਜਾ, ਸਚਿਨ ਆਹੂਜਾ ਅਤੇ ਦੇਵ ਥਰੀਕਿਆਂ ਵਾਲਾ ਆਦਿ।

ਉਸ ਦੀ ਬੋਲੀ ਤੇ ਸ਼ੈਲੀ ਸਰਲ ਲੋਕ ਭਾਸ਼ਾ ਹੈ। ਇਸ ਸ਼ੌਕ ਦੀ ਪੂਰਤੀ ਲਈ ਉਸ ਨੂੰ ਆਰਥਿਕ ਮਜ਼ਬੂਰੀਆਂ ਨੇ ਵੀ ਘੇਰਿਆ ਪ੍ਰੰਤੂ ਉਹ ਆਪਣੇ ਸ਼ੌਕ ਦੀ ਪੂਰਤੀ ਲਈ ਡੱਟਿਆ ਰਿਹਾ। ਕਰਮਜੀਤ ਸਿੰਘ ਧੂਰੀ ਨੇ ਉਸ ਦੇ 8 ਗੀਤ ਰਿਕਾਰਡ ਕਰਵਾਏ ਹਨ। ਉਸ ਦੇ ਗੀਤ ਸੁਰਿੰਦਰ ਕੌਰ, ਰਣਜੀਤ ਗਿੱਲ ਅਤੇ ਪਰਮਜੀਤ ਪੰਮੀ ਬਾਈ ਨੇ ਵੀ ਗਾਏ ਹਨ। ਉਸ ਦੀ ਗ਼ਜ਼ਲ ਜਿਹੜੀ ਗ਼ਰੀਬ ਅਮੀਰ ਦੇ ਪਾੜੇ ਦਾ ਪ੍ਰਗਟਾਵਾ ਕਰਦੀ ਹੈ, ਉਸ ਦੇ ਸ਼ੇਅਰ ਇਸ ਪ੍ਰਕਾਰ ਹਨ:

ਰੱਜ ਕਮਾਈਆਂ ਕਰਦੇ ਲੋਕ, ਤਾਂ ਵੀ ਭੁੱਖੇ ਮਰਦੇ ਲੋਕ।
ਦੂਜੇ ਦਾ ਹੱਕ ਦੱਬ ਲੈਂਦੇ ਨੇ, ਇਹ ਨਾ ਭੋਰਾ ਡਰਦੇ ਲੋਕ।
ਟੱਬਰ ਪਾਲਣਾ ਔਖਾ ਹੋਇਆ, ਮਹਿੰਗਾਈ ਤੋਂ ਹਰਦੇ ਲੋਕ।
ਪਾਪਾਂ ਦੇ ਨਾਲ ਮਾਇਆ ਜੋੜਨ, ਠੰਡੇ ਹੌਕੇ ਭਰਦੇ ਲੋਕ।

ਗੁਲਜ਼ਾਰ ਸਿੰਘ ਸ਼ੌਂਕੀ ਨੂੰ ਪੰਜਾਬ ਕਲਾ ਪ੍ਰੀਸ਼ਦ ਅਤੇ ਪੰਜਾਬ ਸਰਕਾਰ ਵੱਲੋਂ ਉਮਰ ਭਰ ਦੀਆਂ ਪ੍ਰਾਪਤੀਆਂ ਲਈ ਪੁਰਸਕਾਰ ਦੇ ਕੇ ਸਨਮਾਨਤ ਕੀਤਾ ਗਿਆ ਹੈ। ਇਸ ਤੋਂ ਇਲਾਵਾ ਡੇਢ ਦਰਜਨ ਤੋਂ ਵੱਧ ਸਾਹਿਤਕ ਸੰਸਥਾਵਾਂ ਨੇ ਸਨਮਾਨਤ ਕੀਤਾ ਹੈ। ਉਹ ਕੇਂਦਰੀ ਪੰਜਾਬੀ ਲੇਖਕ ਸਭਾ ਸੇਖ਼ੋਂ ਦਾ ਸਕੱਤਰ ਅਤੇ ਧੂਰੀ ਸਾਹਿਤ ਸਭਾ ਦਾ ਜਨਰਲ ਸਕੱਤਰ ਹੈ।

ਉਸ ਦਾ ਜਨਮ 5 ਦਸੰਬਰ 1948 ਨੂੰ ਪਿਤਾ ਭਗਵਾਨ ਸਿੰਘ ਗੁਰੂ ਅਤੇ ਮਾਤਾ ਹਰਪਾਲ ਕੌਰ ਦੇ ਘਰ ਦੌਲਤਪੁਰ ਜਿਲ੍ਹਾ ਸੰਗਰੂਰ ਵਿੱਚ ਹੋਇਆ। 1956 ਵਿੱਚ ਉਹ ਧੂਰੀ ਆ ਗਏ। ਉਸ ਦਾ ਵਿਆਹ ਬੀਬੀ ਅਮਰਜੀਤ ਕੌਰ ਚੀਮਾ ਨਾਲ ਹੋਇਆ।
***
ਸਾਬਕਾ ਜਿਲ੍ਹਾ ਲੋਕ ਸੰਪਰਕ ਅਧਿਕਾਰੀ
ਮੋਬਾਈਲ-94178 13072
ujagarsingh48@yahoo.com

*’ਲਿਖਾਰੀ’ ਵਿਚ ਪ੍ਰਕਾਸ਼ਿਤ ਹੋਣ ਵਾਲੀਆਂ ਸਾਰੀਆਂ ਹੀ ਰਚਨਾਵਾਂ ਵਿਚ ਪ੍ਰਗਟਾਏ ਵਿਚਾਰਾਂ ਨਾਲ ‘ਲਿਖਾਰੀ’ ਦਾ ਸਹਿਮਤ ਹੋਣਾ ਜ਼ਰੂਰੀ ਨਹੀਂ। ਹਰ ਲਿਖਤ ਵਿਚ ਪ੍ਰਗਟਾਏ ਵਿਚਾਰਾਂ ਦਾ ਜ਼ਿੰਮੇਵਾਰ ਕੇਵਲ ‘ਰਚਨਾ’ ਦਾ ਕਰਤਾ ਹੋਵੇਗਾ।
*
***
1057
***

About the author

ੳੁਜਾਗਰ ਸਿੰਘ
ਉਜਾਗਰ ਸਿੰਘ
ਸਾਬਕਾ ਜਿਲ੍ਹਾ ਲੋਕ ਸੰਪਰਕ ਅਧਿਕਾਰੀ | + ਲਿਖਾਰੀ ਵਿੱਚ ਛਪੀਆਂ ਰਚਨਾਵਾਂ ਦਾ ਵੇਰਵਾ