21 September 2024
artist at work

ਲੜਾਈ ਝਗੜੇ ਤੋਂ ਬਚੋ—ਗੁਰਸ਼ਰਨ ਸਿੰਘ ਕੁਮਾਰ

ਪ੍ਰੇਰਨਾਦਾਇਕ ਲੇਖ:
ਲੜਾਈ ਝਗੜੇ ਤੋਂ ਬਚੋ
-ਗੁਰਸ਼ਰਨ ਸਿੰਘ ਕੁਮਾਰ-

ਜਦ ਦੋ ਧਿਰਾਂ ਜਾਂ ਦੋ ਬੰਦਿਆਂ ਦੇ ਵਿਚਾਰ ਆਪਸ ਵਿਚ ਨਹੀਂ ਮਿਲਦੇ ਅਤੇ ਦੋਵੇਂ ਆਪਣੇ ਵਿਚਾਰਾਂ ਤੇ ਡਟੇ ਰਹਿੰਦੇ ਹਨ ਅਤੇ ਦੂਜੇ ’ਤੇ ਆਪਣੇ ਵਿਚਾਰ ਠੋਸਣ ਦੀ ਕੋਸ਼ਿਸ਼ ਕਰਦੇ ਹਨ ਤਾਂ ਉਨ੍ਹਾਂ ਵਿਚ ਝਗੜਾ ਹੋ ਜਾਂਦਾ ਹੈ। ਜੇ ਉਹ ਆਪਸ ਵਿਚ ਮਿਲ ਬੈਠ ਕੇ ਸਮਝੋਤਾ ਨਾ ਕਰ ਲੈਣ ਤਾਂ ਇਹ ਝਗੜਾ ਲੜਾਈ ਵਿਚ ਬਦਲ ਜਾਂਦਾ ਹੈ ਅਤੇ ਵਿਕਰਾਲ ਰੂਪ ਧਾਰਨ ਕਰ ਲੈਂਦਾ ਹੈ ਜਿਸ ਵਿਚ ਦੋਹਾਂ ਧਿਰਾਂ ਦਾ ਨੁਕਸਾਨ ਹੁੰਦਾ ਹੈ। ਝਗੜੇ ਵਿਚ ਰਿਸ਼ਤਿਆਂ ਦਾ ਘਾਣ ਤਾਂ ਹੁੰਦਾ ਹੈ। ਇਸ ਵਿਚ ਬੇਇਜ਼ਤੀ, ਨਮੋਸ਼ੀ, ਆਤਮ ਗਿਲਾਨੀ ਅਤੇ ਧਨ ਮਾਲ ਦਾ ਨੁਕਸਾਨ ਤਾਂ ਹੁੰਦਾ ਹੀ ਹੈ ਅਤੇ ਕਈ ਵਾਰੀ ਕੀਮਤੀ ਜਾਨਾਂ ਵੀ ਚਲੇ ਜਾਂਦੀਆਂ ਹਨ। ਆਉਣ ਵਾਲੀਆਂ ਪੀੜ੍ਹੀਆਂ ਤੱਕ ਦੁਸ਼ਮਣੀ ਪੈ ਜਾਂਦੀ ਹੈ। ਦੋਹਾਂ ਧਿਰਾਂ ਦੇ ਜਖ਼ਮ ਹਰੇ ਰਹਿੰਦੇ ਹਨ। ਡਰ ਰਹਿੰਦਾ ਹੈ ਕਿ ਪਤਾ ਨਹੀਂ ਕਿ ਕਦੋਂ ਵਿਰੋਧੀ ਧਿਰ ਹਮਲਾ ਕਰ ਕੇ ਕਿਸੇ ਕਿਸਮ ਦਾ ਨੁਕਸਾਨ ਪਹੁੰਚਾ ਦੇਵੇ।

ਕਹਿੰਦੇ ਹਨ ਕਿ ਲੜਾਈ ਅਤੇ ਲੱਸੀ ਨੂੰ ਜਿੰਨਾ ਮਰਜ਼ੀ ਵਧਾ ਲਉ, ਵਧਦੀ ਹੀ ਜਾਵੇਗੀ। ਕਈ ਵਾਰੀ ਦੋ ਧਿਰਾਂ ਦੇ ਮਾਮਲੇ ਵਿਚ ਕਿਸੇ ਤੀਜੀ ਧਿਰ ਦਾ ਦਖਲ ਬਲਦੀ ਤੇ ਤੇਲ ਪਾਣ ਦਾ ਕੰਮ ਕਰਦਾ ਹੈ। ਕਈ ਲੋਕ ਨਹੀਂ ਚਾਹੁੰਦੇ ਕਿ ਤੁਹਾਡੇ ਵਿਚ ਆਪਸੀ ਇਤਫ਼ਾਕ ਹੋਵੇ ਅਤੇ ਤੁਸੀਂ ਮਿਲ ਜੁਲ ਕੇ ਰਹੋ। ਇਸ ਲਈ ਘਰ ਦੇ ਮਾਮਲੇ ਘਰ ਵਿਚ ਹੀ ਨਿਬੇੜ ਲੈਣੇ ਚਾਹੀਦੇ ਹਨ। ਜੇ ਘਰ ਦੇ ਝਗੜੇ ਘਰੋਂ ਬਾਹਰ ਆ ਜਾਣ ਤਾਂ ਫੈਸਲੇ ਵੀ ਦੂਜੇ ਲੋਕਾਂ ਦੇ ਹੱਥ ਆ ਜਾਂਦੇ ਹਨ।

ਝਗੜੇ ਦਾ ਮੁੱਖ ਕਾਰਨ ਕੋਈ ਵੀ ਹੋ ਸਕਦਾ ਹੈ। ਪਤੀ ਪਤਨੀ ਅਤੇ ਨੂੰਹ ਸੱਸ ਦੇ ਝਗੜੇ ਦਾ ਕਾਰਨ ਮੁੱਖ ਤੇ ਆਪਣਾ ਘਮੰਡ, ਈਰਖਾ, ਲਾਲਚ ਅਤੇ ਕੌੜੀ ਜੁਬਾਨ ਹੀ ਹੁੰਦਾ ਹੈ। ਇਸ ਤੋਂ ਇਲਾਵਾ ਲੜਾਈ ਝਗੜੇ ਦੇ ਹੋਰ ਵੀ ਕਈ ਕਾਰਨ ਹੋ ਸਕਦੇ ਹਨ ਜਿਵੇਂ ਜਾਇਦਾਦ ਦਾ ਝਗੜਾ ਪਿਉ ਪੁੱਤਰ, ਭਰਾ ਭਰਾ ਅਤੇ ਭੈੈੈੈੈੈਣ ਭਰਾਵਾਂ ਵਿਚ ਦੁਸ਼ਮਣੀ ਪੈਦਾ ਕਰ ਦਿੰਦਾ ਹੈ। ਗਵਾਂਢੀਆਂ ਵਿਚ ਕਈ ਵਾਰੀ ਬੱਚਿਆਂ ਦੀ ਛੋਟੀ ਛੋਟੀ ਗੱਲ ਤੋਂ ਹੀ ਲੜਾਈ ਹੋ ਜਾਂਦੀ ਹੈ। ਸਿਆਸਤ ਵਿਚ ਰਾਜਨੀਤਕ ਪਾਰਟੀਆਂ ਦੇ ਬੰਦੇ ਵੋਟ ਬੈਂਕ ਕਾਰਨ ਆਪਸ ਵਿਚ ਸਿਰ ਪੜਵਾ ਬੈਠਦੇ ਹਨ। ਧਾਰਮਿਕ ਨਫ਼ਰਤ ਵਿਚ ਤੇ ਸ਼ਰੇਆਮ ਭੀੜ ਦੁਆਰਾ ਬੰਦਿਆਂ ਨੂੰ ਸੜਕ ਤੇ ਹੀ ਕੁੱਟ ਕੁੱਟ ਕੇ ਮਾਰ ਦਿੱਤਾ ਜਾਂਦਾ ਹੈ। ਵੱਡਿਆਂ ਦੀ ਸਹਿਮਤੀ ਤੋਂ ਬਿਨਾਂ ਮੁੰਡੇ ਕੁੜੀ ਦੇ ਵਿਆਹ ਕਰਾਉਣ ਤੇ ਤਾਂ ਅਣਖ ਖਾਤਿਰ ਹੀ ਕਤਲ ਕਰ ਦਿੱਤੇ ਜਾਂਦੇ ਹਨ। ਦੋ ਮੁਲਕ ਆਪਣੀ ਸਰਦਾਰੀ ਦਿਖਾਉਣ ਲਈ ਦੂਸਰੇ ਮੁਲਕ ਦੇ ਉਤਪਾਦਨ ਦੇ ਸੋਮਿਆਂ ਤੇ ਕਬਜ਼ਾ ਕਰਨ ਲਈ ਹੀ ਯੁੱਧ ਛੇੜ ਲੈਂਦੇ ਹਨ।

ਕਈ ਵਾਰੀ ਜਨਮ ਦਿਨ, ਵਿਆਹ ਸ਼ਾਦੀ ਜਾਂ ਕਿਸੇ ਹੋਰ ਖ਼ੁਸ਼ੀ ਦੇ ਮੌਕੇ ਤੇ ਛੋਟੇ ਜਿਹੇ ਝਗੜੇ ਵਿਚ ਹੀ ਗੋਲੀਆਂ ਚੱਲ ਜਾਂਦੀਆਂ ਹਨ ਤੇ ਕਈ ਬੇਕਸੂਰੇ ਲੋਕ ਮਾਰੇ ਜਾਂਦੇ ਹਨ। ਛੋਟੇ ਛੋਟੇ ਝਗੜੇ ਹੀ ਲੜਾਈ ਦਾ ਰੂਪ ਧਾਰ ਲੈਂਦੇ ਹਨ ਜਿਸ ਦੇ ਬਹੁਤ ਭਿਆਨਕ ਸਿੱਟੇ ਨਿਕਲਦੇ ਹਨ। ਫਿਰ ਅਦਾਲਤਾਂ ਵਿਚ ਖੱਜਲ ਖੁਆਰੀ ਹੁੰਦੀ ਹੈ। ਸਾਲਾਂ ਬੱਧੀ ਕੇਸ ਲਟਕਦੇ ਰਹਿੰਦੇ ਹਨ। ਉੱਥੇ ਰਿਸ਼ਵਤਾਂ ਵੀ ਚੱਲਦੀਆਂ ਹਨ ਤੇ ਵਕੀਲ ਵੀ ਛਿੱਲ ਲਾਹੁੰਦੇ ਹਨ। ਘਰ ਕੰਗਾਲ ਹੋ ਜਾਂਦੇ ਹਨ।

ਸਾਡੇ ਵਿਚ ਸਹਿਣਸ਼ੀਲਤਾ ਦੀ ਘਾਟ ਹੈ। ਦੂਸਰੇ ਦੁਆਰਾ ਸਰਸਰੀ ਗੱਲ ਨੂੰ ਵੀ ਅਸੀਂ ਆਪਣੇ ਵੱਲ ਖਿਚ ਲੈਂਦੇ ਹਾਂ। ਅਸੀਂ ਸਮਝਦੇ ਹਾਂ ਕਿ ਦੂਸਰਾ ਸਾਡੀ ਇੱਜ਼ਤ ਤੇ ਹਮਲਾ ਕਰ ਰਿਹਾ ਹੈ ਜਾਂ ਸਾਨੂੰ ਨੀਵਾਂ ਦਿਖਾ ਰਿਹਾ ਹੈ। ਅਸੀਂ ਉਸੇ ਸਮੇਂ ਇੱਟ ਦਾ ਜਵਾਬ ਪੱਥਰ ਨਾਲ ਦੇਣ ਲਈ ਤਿਆਰ ਹੋ ਜਾਂਦੇ ਹਾਂ।

ਆਪਣੇ ਗੁੱਸੇ ਤੇ ਕਾਬੂ ਰੱਖੋ। ਗੁੱਸਾ ਚੰਡਾਲ ਹੁੰਦਾ ਹੈ। ਉਸ ਸਮੇਂ ਬੰਦੇ ਦਾ ਦਿਮਾਗ਼ ਕੰਮ ਨਹੀਂ ਕਰਦਾ। ਫਿਰ ਨਾ ਹੀ ਬੰਦਾ ਕਿਸੇ ਸਿਆਣੇ ਦੀ ਗੱਲ ਮੰਨਦਾ ਹੈ ਅਤੇ ਨਾ ਹੀ ਕਿਸੇ ਵੱਡੇ ਛੋਟੇ ਦਾ ਲਿਹਾਜ ਕਰਦਾ ਹੈ। ਜੇ ਸਾਰੇ ਬੰਦੇ ਰੱਬ ਦੇ ਬਣਾਏ ਗਏ ਹਨ ਤਾਂ ਫਿਰ ਅਸੀਂ ਕਿਉਂ ਦੂਜਿਆਂ ਨਾਲ ਚੰਗਾ ਵਿਉਹਾਰ ਨਹੀਂ ਕਰਦੇ? ਕਿਉਂ ਅਸੀਂ ਕਿਸੇ ਦਾ ਹੱਕ ਮਾਰਦੇ ਹਾਂ? ਕਿਉਂ ਅਸੀਂ ਦੂਜੇ ਨੂੰ ਜਲੀਲ ਕਰਦੇ ਹਾਂ? ਅਸੀਂ ਦੂਸਰੇ ਨੂੰ ਗੁਲਾਮ ਬਣਾ ਕੇ ਆਪਣੀ ਮਰਜ਼ੀ ਉਸ ਤੇ ਥੋਪਣਾ ਚਾਹੁੰਦੇ ਹਾਂ। ਅਸੀਂ ਕਿਉਂ ‘ਜੀਓ ਅਤੇ ਜਿਉਣ ਦਿਓ’ ਦੇ ਸਿਧਾਂਤ ਤੇ ਨਹੀਂ ਚੱਲਦੇ? ਦੂਸਰੇ ਦਾ ਅਪਮਾਨ ਕਰਨਾ ਆਪਣਾ ਸਨਮਾਨ ਘਟਾਉਣਾ ਹੈ। ਜੇ ਅਜਿਹੇ ਮੌਕੇ ਤੇ ਅਸੀਂ ਰਲ ਮਿਲ ਕੇ ਬੈਠ ਕੇ ਆਪਸ ਵਿਚ ਕੋਈ ਸੁਖਾਵਾਂ ਸਮਝੋਤਾ ਕਰ ਲਈਏ ਤਾਂ ਆਪਸੀ ਵੈਰ ਵਿਰੋਧ ਅਤੇ ਦੁਸ਼ਮਣੀ ਖ਼ਤਮ ਹੋ ਸਕਦੀ ਹੈ ਤੇ ਅਸੀਂ ਬਿਨਾ ਕਿਸੇ ਡਰ ਖੌਫ਼ ਤੋਂ ਆਪਣੀ ਜ਼ਿੰਦਗੀ ਬਸਰ ਕਰ ਸਕਦੇ ਹਾਂ।

ਕਈ ਵਾਰੀ ਅਸੀਂ ਸੋਚਦੇ ਹਾਂ ਕਿ ਇਹ ਦੁਨੀਆਂ ਬਹੁਤ ਬੁਰੀ ਹੈ। ਇੱਥੋਂ ਦੇ ਲੋਕ ਵੀ ਬਹੁਤ ਬੁਰੇ ਹਨ ਜੋ ਹਮੇਸ਼ਾਂ ਲੜਾਈ ਝਗੜੇ ਵਿਚ ਫਸ ਕੇ ਖ਼ੂਨ ਖਰਾਬਾ ਕਰਦੇ ਰਹਿੰਦੇ ਹਨ……ਇੱਥੇ ਰਹਿਣਾ ਦੁਭਰ ਹੋ ਗਿਆ ਹੈ। ਕੀ ਇਸ ਮਾਹੌਲ ਨੂੰ ਠੀਕ ਕਰਨ ਦੀ ਕੋਈ ਗੁੰਜਾਇਸ਼ ਨਹੀਂ? ਜ਼ਰਾ ਆਪਣੇ ਦਿਲ ਨੂੰ ਪੁੱਛ ਕੇ ਦੇਖੋ…….ਜੇ ਦੁਨੀਆਂ ਬੁਰੀ ਹੈ ਤਾਂ ਅਸੀਂ ਤਾਂ ਬੁਰੇ ਨਾ ਬਣੀਏ……ਅਸੀਂ ਖ਼ੁਦ ਤਾਂ ਸੁਧਰੀਏ…….ਜੇ ਐੈੈੈੈੈੈਸਾ ਹੋ ਗਿਆ ਤਾਂ ਇਸ ਬੁਰਿਆਂ ਵਿਚੋਂ ਇਕ ਬੁਰਾ ਤਾਂ ਘਟ ਹੀ ਜਾਵੇਗਾ। ਫਿਰ ਦੇਖਣਾ, ਹੋ ਸਕਦਾ ਹੈ ਸਾਡੇ ਨਾਲ ਕੁਝ ਹੋਰ ਲੋਕ ਵੀ ਆ ਕੇ ਜੁੜ ਜਾਣ……ਜੇ ਇਸ ਤਰ੍ਹਾਂ ਚੰਗੇ ਵਿਚਾਰਾਂ ਦੇ ਲੋਕ ਸਾਡੇ ਨਾਲ ਜੁੜਦੇ ਗਏ ਤਾਂ ਇਸ ਦੁਨੀਆਂ ਦਾ ਕੁਝ ਤਾਂ ਸੁਧਾਰ ਹੋ ਹੀ ਜਾਵੇਗਾ। ਧਰਤੀ ਧਰਮ ਦੇ ਸਹਾਰੇ ਹੀ ਖੜ੍ਹੀ ਹੈ……ਫਿਰ ਉੇਹ ਦਿਨ ਦੂਰ ਨਹੀਂ ਜਦ ਇਸ ਧਰਤੀ ਤੇ ਹੀ ਇਕ ਸਵਰਗ ਬਣ ਜਾਵੇਗਾ।

ਅੰਗਰੇਜ਼ੀ ਜੁਬਾਨ ਵਿਚ ਕੁਝ ਸ਼ਬਦ ਐੈੈੈੈਸੇ ਪਿਆਰੇ ਤੇ ਮਿੱਠੇ ਹਨ ਜਿਨ੍ਹਾਂ ਨੂੰ ਆਮ ਤੌਰ ਤੇ ਦੁਨੀਆਂ ਦੀਆਂ ਸਾਰੀਆਂ ਭਾਸ਼ਾਵਾਂ ਨੇ ਅਪਣਾ ਲਿਆ ਹੈ। ਜਿਵੇ ਸੌਰੀ (ਮੈਨੂੰ ਅਫ਼ਸੋਸ ਹੈ)। ਸਾਡੀ ਕਿਸੇ ਗ਼ਲਤੀ ਲਈ ਸੌਰੀ ਕਹਿਣ ਤੇ ਦੂਸਰੇ ਨੂੰ ਠੰਡ ਪੈ ਜਾਂਦੀ ਹੈ ਅਤੇ ਅਸੀਂ ਕਈ ਝਗੜਿਆਂ ਤੋਂ ਬਚ ਜਾਂਦੇ ਹਾਂ। ਇਸੇ ਤਰ੍ਹਾਂ ਥੈਂਕ ਯੂ (ਧੰਨਵਾਦ ਜਾਂ ਸ਼ੁਕਰੀਆ) ਕਹਿਣ ਨਾਲ ਦੂਸਰਾ ਬੰਦਾ ਆਪਣੀ ਵਡਿਆਈ ਸਮਝਦਾ ਹੈ। ਪਲੀਜ਼ (ਸ਼੍ਰੀ ਮਾਨ ਜੀ) ਅਤੇ ਕਾਇੰਡਲੀ (ਮੇਹਰਬਾਨੀ ਕਰ ਕੇ) ਕਹਿਣ ਤੇ ਦੂਸਰਾ ਬੰਦਾ ਆਪਣੇ ਆਪ ਨੂੰ ਦਿਆਲੂ ਸਮਝਦਾ ਹੈ ਤੇ ਸਾਡਾ ਕੰਮ ਆਸਾਨੀ ਨਾਲ ਕਰ ਦਿੰਦਾ ਹੈ। ਜੇ ਅਸੀਂ ਆਪਣੀ ਬੋਲ ਬਾਣੀ ਵਿਚ ਅਜਿਹੀ ਭਾਸ਼ਾ ਦਾ ਪ੍ਰਯੋਗ ਕਰਦੇ ਰਹਾਂਗੇ ਤਾਂ ਸਾਡੀ ਜ਼ਿੰਦਗੀ ਕਾਫ਼ੀ ਸੌਖੀ ਹੋ ਜਾਵੇਗੀ। ਸਾਡੇ ਆਪਸੀ ਸਬੰਧ ਵੀ ਸੁਖਾਵੇਂ ਹੋਣਗੇ ਅਤੇ ਅਸੀਂ ਕਈ ਝਗੜਿਆਂ ਤੋਂ ਵੀ ਬਚੇ ਰਹਾਂਗੇ। ਜਿੰਨੇ ਪੈਸੇ ਅਸੀਂ ਲੜਾਈ ਝਗੜਿਆਂ ਤੇ ਅਤੇ ਕੋਰਟ ਕਚਿਹਰੀਆਂ ਤੇ ਬਰਬਾਦ ਕਰਦੇ ਹਾਂ ਉਹ ਬੱਚਿਆਂ ਦੀ ਵਿਦਿਆ, ਖ਼ੁਰਾਕ ਅਤੇ ਵਿਕਾਸ ਤੇ ਲਾਈਏ ਤਾਂ ਦੇਸ਼ ਵਿਚ ਕੋਈ ਭੁੱਖਾ, ਅਣਪੜ੍ਹ ਜਾਂ ਬੇਘਰਾ ਨਹੀਂ ਰਹੇਗਾ। ਰਿਸ਼ਤਿਆਂ ਦਾ ਨਿੱਘ ਬਣਾਈ ਰੱਖਣ ਲਈ ਆਪਸੀ ਸਹਿਯੋਗ, ਸੇਵਾ ਅਤੇ ਸਮਰਪਣ ਦੀ ਲੋੜ ਹੈ। ਸਾਨੂੰ ਦੂਸਰੇ ਦੀਆਂ ਕੁਝ ਗੱਲਾਂ ਨਜ਼ਰ ਅੰਦਾਜ਼ ਵੀ ਕਰਨੀਆਂ ਚਾਹੀਦੀਆਂ ਹਨ ਕਿਉਂਕਿ ਅਸੀਂ ਖ਼ੁਦ ਕੋਈ ਸਰਬਗੁਣ ਸੰਪਨ ਨਹੀਂ ਹਾਂ। ਗ਼ਲਤੀ ਸਾਡੇ ਤੋਂ ਵੀ ਹੋ ਸਕਦੀ ਹੈ। ਇਸ ਲਈ ਸਾਨੂੰ ਸਮਝੌਤਾਵਾਦੀ ਦ੍ਰਿਸ਼ਟੀਕੋਣ ਅਪਣਾਉਣਾ ਚਾਹੀਦਾ ਹੈ
**

ਗੁਰਸ਼ਰਨ ਸਿੰਘ ਕੁਮਾਰ
# 1183, ਫੇਜ਼-10, ਮੁਹਾਲੀ
ਮੋਬਾਇਲ:-94631-89432
83608-42861

10 ਦਸੰਬਰ 2021

***
539
***

ਗੁਰਸ਼ਰਨ ਸਿੰਘ ਕੁਮਾਰ

ਗੁਰਸ਼ਰਨ ਸਿੰਘ ਕੁਮਾਰ

View all posts by ਗੁਰਸ਼ਰਨ ਸਿੰਘ ਕੁਮਾਰ →