4 December 2022

ਲੇਖਕ ਅਤੇ ਲਿਖਤ – (ਭਾਗ ਪਹਿਲਾ) – ਡਾ: ਗੁਰਦਿਆਲ ਸਿੰਘ ਰਾਏ

ਲੇਖਕ ਅਤੇ ਲਿਖਤ – ਭਾਗ ਪਹਿਲਾ

ਡਾ: ਗੁਰਦਿਆਲ ਸਿੰਘ ਰਾਏ

Bartanvi Punjabi Kalman
ਬਰਤਾਨਵੀ ਪੰਜਾਬੀ ਕਲਮਾਂ

ਲੇਖਕ ਇੱਕ ਬਹੁ-ਅਰਥ ਰੱਖਦਾ ਸ਼ਬਦ ਹੈ। ਪੰਜਾਬ ਯੂਨੀਵਰਸਿਟੀ ਦੇ ਸ਼ਬਦ-ਕੋਸ਼ ਦੇ ਪੰਨਾ 1029 ਅਨੁਸਾਰ, ਲੇਖਕ ਸ਼ਬਦ ਨਾਂਵ ਹੈ ਅਤੇ ਇਸਦਾ ਅਰਥ ਹੈ: ਕਿਸੇ ਵੀ ਲਿਖਤ ਦਾ ਕਰਤਾ, ਕਿਤਾਬ ਦਾ ਰਚਣਹਾਰ, ਗ੍ਰੰਥਕਾਰ, ਮੁਨਸ਼ੀ ਜਾਂ ਕਲਰਕ। *ਲੇਖਣੀ* ਦਾ ਅਰਥ ਹੈ: ਕਲਮ ਦਾ ਸਟਾਈਲ, ਲਿਖਣ ਦਾ ਸਾਧਨ। ਇਸਤੋਂ ਅੱਗੇ ਵਿਸਥਾਰਿਤ ਅਰਥਾਂ ਲਈ ਹੋਰ ਵਿਚਾਰ ਕਰਨੀ ਬਣਦੀ ਹੈ। ਪਰ ਹੱਥਲੇ ਮੰਤਵ ਲਈ ਅਸੀਂ *ਲੇਖਕ* ਸ਼ਬਦ ਦਾ ਅਰਥ ਕਿਸੇ ਵੀ ਲਿਖਤ ਦਾ ਕਰਤਾ, ਕਿਤਾਬ ਦਾ ਰਚਣਹਾਰ ਅਤੇ ਗ੍ਰੰਥਕਾਰ ਹੀ ਲਵਾਂਗੇ ਭਾਵੇਂ ਕਿ ਇਤਹਿਾਸ, ਭੂਗੋਲ, ਸਮਾਜ ਵਿਗਿਆਨ, ਅਰਥ-ਸ਼ਾਸ਼ਤਰ, ਰਾਜਨੀਤੀ ਆਦਿ ਵਿਸ਼ਿਆਂ ਦੇ ਲੇਖਕ ਵੀ ਇਹਨਾਂ ਅਰਥਾਂ ਅਧੀਨ ਹੀ ਆਉਂਦੇ ਹਨ। ਫਿਰ ਵੀ ਅਸੀਂ ਆਪਣੀ ਵਿਚਾਰ ਦਾ ਸਰੋਕਾਰ ਸਿਰਜਣਾਤਮਿਕ ਜਾਂ ਸਾਹਿਤਕ ਲਿਖਤਾਂ ਦੇ ਲੇਖਕਾਂ ਤੱਕ ਹੀ ਸੀਮਤ ਰਖਾਂਗੇ। ਉਂਝ ਅਸੀਂ ਇਸ ਗਲੋਂ ਸੁਚੇਤ ਹਾਂ ਕਿ ਸਿਰਜਣਾਤਮਿਕ ਲੇਖਕ ਵੀ ਆਪਣੇ *ਸਬਕੌਨਸ਼ਿਸ਼* ਵਿਚ ਆਪਣੇ ਆਲੇ ਦੁਆਲੇ ਦੇ ਹਰ ਇੱਕ ਵਿਸ਼ੇ ਨੂੰ ਕਿਸੇ ਨਾ ਕਿਸੇ ਰੂਪ ਵਿਚ ਸਮੋਈ ਰੱਖਦੇ ਹਨ ਅਤੇ ਆਪਣੀਆਂ ਲਿਖਤਾਂ ਵਿਚ ਸਹਿਜ-ਸੁਭਾ ਵਰਨਣ ਵੀ ਕਰਦੇ ਰਹਿੰਦੇ ਹਨ।

ਲੇਖਕ, ਲਿਖਣ ਕਾਰਣ ਹੀ ਲੇਖਕ ਹੁੰਦਾ ਹੈ। ਲਿਖਣਾ, ਲੇਖਕ ਦਾ ਇੱਕ ਜ਼ਰੂਰੀ ਕਰਮ ਹੈ। ਲਿਖਣਾ ਕੀ ਹੈ? ਸਭ ਤੋਂ ਪਹਿਲੀ ਗੱਲ: ਲਿਖਣਾ ਇੱਕ ਮਕਾਨਕੀ/ਮਸ਼ੀਨੀ (ਮਕੈਨੀਕਲ) ਕਲਾ ਹੈ। ਦੂਜੀ ਗੱਲ: ਮਕਾਨਕੀ ਲਿਖਣਾ (ਅੱਖਰਾਂ ਦੀ ਬਣਤਰ ਅਤੇ ਸ਼ਬਦ/ਵਾਕ ਲਿਖਣੇ ਆਉਣ ਉਪਰੰਤ) ਇਸ ਲਿਖਣ ਵਿਚ ਵਿਚਾਰ ਸਮਾੳਂਦੇ ਹਨ। ਵਿਚਾਰਾਂ ਦੀ ਪੇਸ਼ਕਾਰੀ ਲਿਖਣ ਕਲਾ ਦਾ ਇੱਕ ਅੰਗ ਹੈ। ਇੰਝ ਲਿਖਣਾ, *ਮਕੈਨੀਕਲ* ਅਤੇ ਵਿਚਾਰਾਂ ਨੂੰ ਵਿਅਕਤ ਕਰਨ ਦੀ ਕਲਾ ਹੈ। ਮਕਾਨਕੀ ਲਿਖਣਾ ਜਾਂ ਲਿਖਣਾ ਸਿੱਖਣਾ ਵੀ ਕਠਿਨ ਕਾਰਜ ਹੈ ਪਰ ਮੁੱਢਲਾ ਲਿਖਣਾ ਸਿੱਖਣ ਉਪਰੰਤ ਵਿਚਾਰਾਂ ਦੀ ਸਾਂਝ ਪਾਉਣ ਅਤੇ ਲਿਖਤ ਨੂੰ ਸਿਰਜਣਾ ਦਾ ਰੂਪ ਦੇਣਾ ਹੋਰ ਵੀ ਕਠਿਨ ਕਾਰਜ ਹੈ।

ਲਿਖਣ ਦੇ ਨਾਲ ਨਾਲ ਹੀ ਪੜ੍ਹਨ ਦਾ ਵੀ ਆਪਣਾ ਸਥਾਨ ਹੈ। ਉਂਝ ਤਾਂ ਲਿਖਣ ਦੇ ਨਾਲ ਨਾਲ ਹੀ ਪੜ੍ਹਨ ਦਾ ਕਾਰਜ ਵੀ ਚਲਦਾ ਹੀ ਰਹਿੰਦਾ ਹੈ ਪਰ ਲਿਖਣ ਦਾ ਕਾਰਜ, ਪੜ੍ਹਨ ਨਾਲੋਂ ਵੀ ਔਖਾ ਅਤੇ ਅਕਾਅ ਦੇਣ ਵਾਲਾ ਹੁੰਦਾ ਹੈ। ਲਿਖਣਾ ਅਤੇ ਪੜ੍ਹਨਾ ਇੱਕ ਦੂਜੇ ਦੇ ਪੂਰਕ ਹੀ ਹਨ। ਇਸ ਲਈ ਜੇਕਰ ਕੋਈ ਲੇਖਕ, ਪੜ੍ਹਨ ਦੇ ਨਾਲ ਨਾਲ ਲਿਖਣ ਦੀ ਪ੍ਰਕਿਰਿਆ ਨੂੰ ਵੀ ਸੁਚੱਜਤਾ ਨਾਲ ਸਪੰਨ ਕਰੇ ਤਾਂ ਉਸ ਲੇਖਕ ਦਾ ਲਿਖਣਾ ਸੁਆਦਲਾ, ਲਾਭਦਾਇਕ ਅਤੇ ਸਾਰਥਕ ਬਣਦਿਆਂ ਸਥਿਰ ਰਹਿਣਾ ਹੋ ਜਾਂਦਾ ਹੈ। ਉਂਝ ਲੇਖਕ ਦੀ ਇਹ ਥਾਂ ਸਹਿਜੇ ਹੀ ਨਹੀਂ ਬਣਦੀ। ਪਰ ਜੇਕਰ ਇੱਕ ਲੇਖਕ ‘ਮਕੈਨੀਕਲ’ ਤੌਰ ਤੇ ਕਲਮ ਫੜ ਕੇ ਆਪਣੀ ਮਾਨਸਿਕਤਾ ਨੂੰ ਲਿਖਣ ਲਈ ਤਿਆਰ ਕਰ ਲਵੇ ਤਾਂ ਸਮਝ ਲਿਆ ਜਾਣਾ ਚਾਹੀਦਾ ਹੈ ਕਿ ‘ਲੇਖਕ ਦੀ ਰਚਨਾ’ ਦੇ ਕਾਰਜ ਨੂੰ ਰਸਤਾ ਮਿਲ ਗਿਆ।

ਇੱਥੇ ਇਹ ਗੱਲ ਕਹਿਣੀ ਕੁਥਾਂਹ ਨਹੀਂ ਹੋਵੇਗੀ ਕਿ ‘ਮਕੈਨੀਕਲ’ ਲਿਖਣਾ ਆਉਣ ਉਪਰੰਤ, ਜਿਵੇਂ ਕਿ ਵਿਚਾਰ ਕੀਤੀ ਹੈ ਕਿ ਲਿਖਣਾ ਉਂਝ ਹੀ ਔਖਾ ਅਤੇ ਤਰੱਦਦ ਦਾ ਕੰਮ ਹੈ ਪਰ ਕਿਸੇ ਵੀ ਸਵੈ ਸਿਰਜੇ ਜਾਂ ਉਪਲੱਭਦ ਬੰਧਨ ਤੋਂ ਬਿਨਾਂ ਸੁਤੰਤਰਤਾ ਨਾਲ ਜੋ ਵੀ ਮਨ ਵਿਚ ਆਏ ਅਤੇ ਚੰਗਾ ਲੱਗੇ, ਅਜਿਹਾ, ਲਿਖਣਾ ਬਹੁਤ ਹੀ ਕਠਿਨ ਅਤੇ ਗੰਭੀਰ ਕਾਰਜ ਹੈ। ਸਾਡੇ ਮੂੰਹ ਆਏ ਬੋਲਾਂ ਉਤੇ ਲੱਗੇ ਨਿਅੰਤਰਣ ਵਾਂਗ ਹੀ ਲੇਖਕ ਦੀ ਲਿਖਤ ਉਤੇ ਵੀ ਕਈ ਤਰ੍ਹਾਂ ਦੀਆਂ ਰੋਕਾਂ-ਟੋਕਾਂ ਜਾਂ ਨਿਅੰਤਰਣ ਹੁੰਦੇ ਹਨ। ਇੱਥੋਂ ਤੱਕ ਕਿ ਨਿੱਜੀ ਅਤੇ ਆਪਣੇ ਸਾਕ-ਸੰਬੰਧੀਆਂ ਵਿਚਕਾਰ ਵਿਚਾਰ-ਵਟਾਂਦਰੇ (ਪੱਤਰ ਆਦਿ) ਲਈ ਵਰਤੀਆਂ ਜਾਂਦੀਆਂ ਲਿੱਖਤਾਂ ਵੀ ਅਕਸਰ ਬਹੁਤ ਧਿਆਨ ਮੰਗਦੀਆਂ ਹਨ ਅਤੇ ਲੇਖਕ *ਜੋ ਮਨ ਆਵੇ* ਨਹੀਂ ਲਿਖਦਾ ਭਾਵੇਂ ਕਿ ਉਸ ਉਤੇ ਕੋਈ ਰੋਕ ਵੀ ਨਾ ਲਗਾਈ ਗਈ ਹੋਵੇ। ਪਰ ਹੱਥਲੇ ਮੰਤਵ ਲਈ ਸਾਡਾ ਧਿਆਨ ਅਜਿਹੀਆਂ ਲਿੱਖਤਾਂ ਸੰਬੰਧੀ ਬਣਦਾ ਹੈ ਜਿਹਨਾਂ ਦੀ ਪਰਕਾਸ਼ਨਾ ਕਾਰਨ ‘ਲੇਖਕ’ ਆਪਣੀ ਲਿਖਤ ਲਈ ਉੱਤਰਦਾਈ ਹੁੰਦਾ ਹੈ।

ਅਸਲ ਵਿਚ ਇਸ ਗੱਲ ਨੂੰ ਚੰਗੀ ਤਰ੍ਹਾਂ ਲੜ ਬੰਨ੍ਹ ਲੈਣਾ ਚਾਹੀਦਾ ਹੈ ਕਿ ਜਦੋਂ ਤੱਕ ਇੱਕ ਲੇਖਕ ਨੇ ਕਲਮ ਨਾਲ ਕੁਝ ਨਹੀਂ ਲਿਖਿਆ, ਸਾਰੀ ਵਿਚਾਰ ਅਤੇ ਲਿਖਤ ਦੀ ਰੂਪ-ਰੇਖਾ ਉੁਸਦੇ ਦਿੱਲ-ਦਿਮਾਗ ਅੰਦਰ ਸਿਮਟੀ ਪਈ ਰਹੇਗੀ ਪਰ ਜਦੋਂ ਅਤੇ ਜਿਉਂ ਹੀ ਲੇਖਕ ਨੇ ਕਲਮ ਦੀ ਵਰਤੋਂ ਕਰ ਲਈ ਤਾਂ ਲੇਖਕ ਪਾਸ ‘ਲਿਖਤ ਦੀ ਪੂਰਤੀ’ ਦੀ ਤਸੱਲੀ ਤੋਂ ਬਿਨਾਂ ਕੁਝ ਵੀ ਬਾਕੀ ਨਹੀਂ ਬੱਚਦਾ ਅਤੇ ਇਸਤੋਂ ਵੀ ਅੱਗੇ ਜੇਕਰ ਲਿਖਣ ਉਪਰੰਤ ਲੇਖਕ ਨੂੰ ਤਸੱਲੀ ਨਾ ਹੋਈ ਅਤੇ ਬਦਕਿਸਮਤੀ ਨਾਲ ਲੇਖਕ ਦੀ ਲਿਖਤ ਛੱਂਪ ਗਈ ਤਾਂ ਫਿਰ ਲੇਖਕ ਵਲੋਂ ਲਿਖੇ ਗਏ ਹਰ ਇੱਕ ਅੱਖਰ-ਸ਼ਬਦ ਲਈ ਕੇਵਲ ‘ਲੇਖਕ’ ਹੀ ਜ਼ਿੰਮੇਵਾਰ ਹੁੰਦਾ ਹੈ, ਹੋਰ ਕੋਈ ਨਹੀਂ। ਪਾਠਕਾਂ ਦੀ ਕਚਹਿਰੀ ਵਿਚ ਫਿਰ ਲੇਖਕ ਦੀ ਕੋਈ ਵੀ ਵਕਾਲਤ ਨਹੀਂ ਕਰ ਸਕਦਾ।

ਇਸ ਲਈ ‘ਗੱਲ’ ਬਿਲਕੁਲ ਸੱਚ ਅਤੇ ਸਪਸ਼ਟ ਹੈ। ਜਿਤਨਾ ਚਿਰ ਗੱਲ ਤੁਹਾਡੇ-ਸਾਡੇ ਬੁਲ੍ਹਾਂ ਦੇ ਦਰਾਂ ਅੰਦਰ ਬੰਦ ਹੈ, ਗੱਲ ਸਾਡੀ ਹੈ, ਤੁਹਾਡੀ ਹੈ। ਪਰ ਜਦੋਂ ਅਤੇ ਜਿਵੇਂ ਹੀ ਬੁਲ੍ਹ ਖੁਲ੍ਹੇ, ਜੀਭ ਹਿੱਲੀ, ਗੱਲ ਮੂੰਹੋਂ ਤੀਰ ਵਾਂਗ ਨਿਕਲ ਗਈ ਤਾਂ ਗੱਲ ਸਾਡੀ ਜਾਂ ਤੁਹਾਡੀ ਨਾ ਰਹੀ। ਠੀਕ ਇਵੇਂ ਹੀ ਜਿਸ ਪੱਲ ਕਲਮ ਰੂਪੀ ਜੀਭ ਹਿੱਲੀ ਅਤੇ ਕਲਮ ਨੇ ਕਾਗਜ਼ ਉਤੇ ਗੱਲ ਉਗਲੀ ਤਾਂ ਇਹ ਗੱਲ (ਲਿਖਤ) ਲੇਖਕ ਦੀ ਨਾ ਬਣ ਕੇ ਪਾਠਕ ਦੀ ਬਣ ਜਾਂਦੀ ਹੈ। ਅਤੇ ਫਿਰ ਯਤਨ ਕਰਨ ਤੇ ਵੀ ਕਹੀ ਹੋਈ ਗੱਲ ਵਾਪਸ ਲੈਣੀ ਕਠਿਨ ਹੋ ਜਾਂਦੀ ਹੈ ਅਤੇ ਕਈ ਵਾਰ ਲੇਖਕ ਲਈ ਆਤਮਘਾਤੀ ਵੀ ਸਾਬਤ ਹੁੰਦੀ ਹੈ। ਨਿਸਚੈ ਹੀ ਲੇਖਕ ਅਤੇ ਉਸਦੀ ਲਿਖਤ ਉਤੇ ਬੜੀ ਵੱਡੀ ਜ਼ਿੰਮੇਵਾਰੀ ਆਉਂਦੀ ਹੈ। ਪਰ ਲੇਖਕ ਲਿਖਦਾ ਹੈ ਅਤੇ ਲਿਖਣਾ ਚਾਹੁੰਦਾ ਹੈ।

ਹਰ ਇੱਕ ਲੇਖਕ, ਲਿਖਣ ਉਪਰੰਤ ਛਪਣਾ ਲੋੜਦਾ ਹੈ ਅਤੇ ਛੱਪਦਾ ਵੀ ਹੈ। ਲੇਖਕ ਇਸ ਲਈ ਲਿਖਦਾ ਹੈ ਕਿ ਉਸ ਪਾਸ ਲਿਖਣ ਲਈ, ਕਹਿਣ ਲਈ ਕੁਝ ਨਾ ਕੁਝ ਹੁੰਦਾਾ ਹੈ। ਉਸਦੀ ਛਾਤੀ ਵਿਚ ਤਪਦਿੱਕ ਦੇ ਕੀਟਾਣੰੂਆਂ ਵਾਂਗ ਕੋਈ ‘ਕਹਿਣ ਜੋਗੀ ਗੱਲ’ ਕੁਰਬਲ ਕੁਰਬਲ ਕਰਦੀ ਤੰਗ ਕਰ ਰਹੀ ਹੁੰਦੀ ਹੈ। ਲੇਖਕ ਦਾ ਮਨ-ਦਿਮਾਗ ਅਸ਼ਾਂਤ ਹੁੰਦਾ ਹੈ। ਅਜਿਹੀ ਹਾਲਤ ਵਿਚ ਜੇਕਰ ਉਹ ਚਾਹੇ ਤਾਂ ਇਸ ਸਾਰੀ ਉੱਥਲ-ਪੁੱਥਲ ਨੂੰ ਝੱਟ-ਪੱਟ ਹੀ ਕਾਗਜ਼ ਉਤੇ ਉਤਾਰ ਸਕਦਾ ਹੈ। ਪਰ ਜੇਕਰ ਉਹ ਕੇਵਲ ਪੱਤਰਕਾਰ ਨਹੀਂ ਅਤੇ ਇੱਕ ਲੇਖਕ ਹੈ ਤਾਂ ਉਹ ਅਜਿਹਾ ਨਹੀਂ ਕਰੇਗਾ। ਉਸਨੂੰ ਆਪਣੇ ਦ੍ਰਿਸ਼ਟੀਕੋਣ, ਸਮਾਜ ਪ੍ਰਤੀ ਆਪਣੇ ਕਰਤੱਵ ਕਾਰਨ ਅਤੇ ਕਲਮ ਪ੍ਰਤੀ ਆਪਣੀ ਈਮਾਨਦਾਰੀ ਨੂੰ ਮੁੱਖ ਰੱਖਦਿਆਂ ਕੁਝ ਬੰਧਨਾਂ ਵਿਚ ਰਹਿੰਦਿਆਂ ਆਪਣੀ ਲਿਖਤ ਵਿਚ ਕਾਂਟ-ਛਾਂਟ, ਸੋਧ-ਸੁਧਾਈ, ਵਾਧੇ-ਘਾਟੇ ਕਰਨੇ ਪੈ ਸਕਦੇ ਹਨ। ਇਸਤੋਂ ਵੀ ਵੱਧ ਜੇਕਰ ਉਸਨੇ ਛੱਪਣਾ ਹੈ ਤਾਂ ਉਸਨੂੰ ਛੱਪਣ ਹਿੱਤ ਚੁਣੇ ਗਏ ਪਰਚਿਆਂ ਦੀਆਂ ਲੋੜਾਂ ਦਾ ਜਾਇਜ਼ਾ ਲੈ ਕੇ, ਨਿਯਮਾਂ-ਉਪਨਿਯਮਾਂ ਦੀ ਪਾਲਨਾ ਕਰਦਿਆਂ, ਕੁਝ ਬੰਧਨਾਂ ਵਿਚ ਬੱਝ੍ਹਦਿਆਂ ਆਪਣੀ ਲਿਖਤ ਨੂੰ ਕੱਟਣਾ, ਵਧਾਉਣਾ ਅਤੇ ਸੰਵਾਰਨਾ ਪਵੇਗਾ। ਕਈ ਵਾਰ ਇਹ ਕਾਂਟ-ਛਾਂਟ ਨਾ ਕੇਵਲ ਬਾਹਰੀ ਤੌਰ ਤੇ ਲਿਖੇ ਗਏ ਪੈਰਿਆਂ, ਵਾਕਾਂ ਜਾਂ ਸ਼ਬਦਾਂ ਦੀ ਹੀ ਹੋਵੇਗੀ ਸਗੋਂ ਕਈ ਵਾਰੀ ਲੇਖਕ ਦੇ ਵਿਚਾਰਾਂ ਦੀ ਦਿੱਖ ਨੂੰ ਵੀ ਵੱਧਣਾ-ਘੱਟਣਾ ਪਵੇਗਾ। ਉਂਝ ਇਸਦਾ ਇਹ ਅਰਥ ਹਰਗਿਜ਼ ਨਹੀਂ ਕਿ ਲੇਖਕ ਆਪਣੇ ਦਿੱਲ-ਦਿਮਾਗ ਦੀ ਈਮਾਨਦਾਰੀ ਤੋਂ ਮੁਨਕਰ ਹੋ ਕੇ ਆਪਣਾ ਸਹੀ ਮੰਤਵ ਲੁਕਾ ਕੇ ਝੂਠ ਬੋਲੇ। ਇਸਦੇ ਉਲਟ, ਸਗੋਂ ਉਹ ਅਜਿਹੇ ਯੋਗ ਸ਼ਬਦਾਂ ਦੀ ਚੋਣ ਕਰੇਗਾ ਜਿਹਨਾਂ ਰਾਹੀਂ ਉਹ ਬੇਬਾਕੀ ਨਾਲ ਆਪਣੀ ਛਾਤੀ ਠੋਕ ਕੇ ਆਪਣੀ ਵਿਚਾਰਧਾਰਾ ਪਾਠਕਾਂ ਦੇ ਰੂਬਰੂ ਪੇਸ਼ ਕਰ ਸਕੇ। ਇਹ ਸੰਭਾਵਨਾ ਵੀ ਹੋ ਸਕਦੀ ਹੈ ਕਿ ਛਾਪਣ ਵਾਲੇ ਪਰਚੇ ਦੀਆਂ ਨੀਅਤ ਹੱਦਾਂ-ਮੱਦਾਂ ਕਾਰਨ ਹਾਲਾਂ ਵੀ ਲੇਖਕ ਦੀ ਲਿਖਤ ਨਾ ਛੱਪ ਸਕੇ ਅਤੇ ਉਸਨੂੰ ਆਪਣੀ ਲਿਖਤ ਵਿਚ ਹੋਰ ਕਾਂਟ-ਛਾਂਟ ਕਰਨ ਲਈ ਮਜ਼ਬੂਰ ਹੋਣਾ ਪਵੇ। ਪੁਸਤਕ ਰੂਪ ਵਿਚ ਵੀ ਆਉਣ ਵਾਲੀ ਲਿਖਤ ਵਿਚ ਲੇਖਕ ਨੂੰ ਪਾਠਕਾਂ ਦੀ ਮਨੋਦਸ਼ਾ ਅਤੇ ਮਨੋ-ਦਿਸ਼ਾ ਦਾ ਗਿਆਨ ਹੋਣਾ ਲੋੜੀਂਦਾ ਹੈ। ਇੰਝ ਲੇਖਕ ਉਤੇ ਕਈ ਬੰਧਨ ਹਨ।

ਲੇਖਕ ਦੀ ਲਿਖਤ ਉਤੇ ਲੱਗਦੇ ਬੰਧਨਾਂ ਵਿਚ ‘ਕਲਾ ਕਲਾ ਲਈ’ ਅਤੇ ‘ਕਲਾ ਸਮਾਜ ਲਈ’ ਦੇ ਬੰਧਨ ਵੀ ਆਉਂਦੇ ਹਨ। ਇੱਥੇ ਬਹੁਤੇ ਵਿਸਥਾਰ ਦੀ ਗੁੰਜਾਇਸ਼ ਨਹੀਂ। ਕੇਵਲ ਇਹ ਕਹਿਣਾ ਚਾਹਾਂਗਾ ਕਿ ‘ਲੇਖਕ’ ਦੀ ‘ਲਿਖਤ ਕਲਾ’ ਨੇ ਕੇਵਲ ‘ਕਲਾ’ ਦਾ ਹੀ ਰੂਪ ਨਹੀਂ ਧਾਰਨ ਕਰਨਾ ਸਗੋਂ ਅਜਿਹੀ ‘ਕਲਾ’ ਦਾ ਰੂਪ ਧਾਰਨ ਕਰਨਾ ਹੈ ਜਿਹੜੀ ਸਮਾਜ ਲਈ ਹਿੱਤਕਾਰੀ ਹੋਵੇ। ਇਹ ਠੀਕ ਹੈ ਅਤੇ ਇਸ ਗੱਲ ਨਾਲ ਸਹਿਮਤ ਹੋਇਆ ਜਾ ਸਕਦਾ ਹੈ ਕਿ ‘ਲੇਖਕ’ ਆਪਣੇ ਨਿੱਜ ਦੇ ਆਨੰਦ ਅਤੇ ਸੰਤੁਸ਼ਟੀ ਲਈ ਲਿਖਦਾ ਹੈ ਅਤੇ ਪੜ੍ਹਦਾ ਹੈ। ਪਰ ਚੰਗੀ ਲਿਖਤ ਦਾ ਮੰਤਵ ਨਿੱਜ ਦੀ ਸੰਤੁਸ਼ਟੀ ਜਾਂ ਆਨੰਦ ਤੋਂ ਅੱਗੇ ਜਾਂਦਿਆਂ ਲੋਕਾਂ ਨਾਲ ਵੀ ਸੰਬੰਧਤ ਹੈ। ਲੇਖਕ ਉਤੇ ਇਹ ਬੰਧਨ, ਲੇਖਕ ਵਲੋਂ ਆਪਣੇ ਆਪ ਉਤੇ ਲਗਾਈਆਂ ਗਈਆਂ ਨਿਰਧਾਰਤ ਕੀਮਤਾਂ ਦਾ ਹੈ। ਲੇਖਕ ਲਈ ਇਹ ਗੱਲ ਧਿਆਨ ਰੱਖਣ ਵਾਲੀ ਹੈ ਕਿ ‘ਲਿਖਣ ਕਲਾ’ ਕੋਈ ‘ਆਚਾਰ’ ਨਹੀਂ ਹੈ। ਇਸ ਲਈ ਲਿਖਣ ਕਲਾ ਵਿਚ ਸਦਾਚਾਰ ਲੱਭਣ ਦੀ ਕੋਸ਼ਿਸ਼ ਕਰਨੀ ਠੀਕ ਉਵੇਂ ਹੀ ਹੈ ਜਿਵੇਂ ਕੋਈ ਹਿਸਾਬ ਵਿਚ ਸਦਾਚਾਰ ਲੱਭਣ ਦੀ ਕੋਸ਼ਿਸ਼ ਕਰੇ। ਇਸ ਤੱਥ ਉਤੇ ਕਈ ਕਿੰਤੂ-ਪਰੰਤੂ ਉਠਾਏ ਜਾ ਸਕਣ ਦੀ ਗੁੰਜਾਇਸ਼ ਹੈ। ਹਰਗਿਜ਼ ਇਹ ਅਰਥ ਨਹੀਂ ਕਿ ਲੇਖਕ ਸਦਾਚਾਰੀ ਨਹੀਂ ਹੁੰਦਾ ਜਾਂ ਉਸਨੂੰ ਸਦਾਚਾਰੀ ਨਹੀਂ ਹੋਣਾ ਚਾਹੀਦਾ। ਇਸਦਾ ਇਹ ਅਰਥ ਵੀ ਨਹੀਂ ਕਿ ਲੇਖਕ ਨੇ ਸਦਾਚਾਰ ਲਈ ਨਹੀਂ ਲਿਖਣਾ। ‘ਲੇਖਕ’ ਨੂੰ ਆਪਣੀ ਕਲਮ ਪ੍ਰਤੀ ਈਮਾਨਦਾਰੀ ਵਰਤਦਿਆਂ ਆਪਣੇ ਪਾਠਕਾਂ ਦੀ ਕਚਹਿਰੀ ਵਿਚ ਆਪਣਾ ਸਹੀ ਰੂਪ ਲੈ ਕੇ ਹੀ ਆਉਣਾ ਚਾਹੀਦਾ ਹੈ।

ਇੱਥੇ ਇੱਕ ਉਦਾਹਰਣ ਦੇ ਕੇ ਵਿਚਾਰ ਨੂੰ ਅੱਗੇ ਵਧਾਉਣ ਦਾ ਯਤਨ ਹੈ। ਭਾਰਤ ਵਿਚ ਵੱਸਦੇ ਲੋਕੀਂ ਆਮ ਕਰਕੇ ਅਤੇ ਵਿਦੇਸ਼ਾਂ ਵਿਚ ਵੱਸਦੇ ਪਰਵਾਸੀ ਵਿਸ਼ੇਸ਼ ਕਰਕੇ, ਵਿਆਹ-ਸ਼ਾਦੀਆਂ ਦੇ ਮੌਕਿਆਂ ਉਤੇ ਜਾਂ ਦੀਵਾਲੀ ਆਦਿ ਤਿਉਹਾਰਾਂ ਦੇ ਮੌਕਿਆਂ ਉਤੇ ਆਤਿਸ਼ਬਾਜ਼ੀ ਚਲਾਉਂਦੇ ਹਨ, ਪਟਾਕੇ ਵਜਾਉਂਦੇ ਹਨ ਅਤੇ ਫੁੱਲਝੜੀਆਂ ਖਿੜਾਉਂਦੇ ਹਨ। ਵਧਾਈ ਦੇ ਕਾਰਡ ਵੰਡੇ ਜਾਂਦੇ ਹਨ। ਵਿਆਹ ਦੇ ਮੌਕਿਆਂ ਤੇ ਹੁਣ ਤਾਂ ਵਲਾਇਤ ਵਿਚ ਵੀ ਬੈਂਡ-ਵਾਜੇ ਵਜਾਏ ਜਾਂਦੇ ਹਨ। ਕਾਰਾਂ ਦੇ ਹੁੰਦਿਆਂ ਸੁੰਦਿਆਂ ਲਾੜਿਆਂ ਨੂੰ ਘੋੜੀਆਂ ਉਤੇ ਚੜ੍ਹਾਇਆ ਜਾਂਦਾ ਹੈ ਅਤੇ ਫਿਰ ਵੱਡੇ ਵੱਡੇ ਹੋਟਲਾਂ/ਹਾਲਾਂ ਵਿਚ ਪ੍ਰੀਤੀ ਭੋਜਨ ਦਿੱਤੇ ਜਾਂਦੇ ਹਨ। ਇਸਦੇ ਨਾਲ ਹੀ ਭਾਂਤ ਭਾਂਤ ਦੇ ਡਿਸਕੋ-ਡਾਂਸ ਅਤੇ ਭੰਗੜਾ ਪਾਰਟੀਆਂ ਦਾ ਪਰਬੰਧ ਕੀਤਾ ਜਾਂਦਾ ਹੈ। ਮੁਰਗੇ ਭੁੰਨੇ ਜਾਂਦੇ ਹਨ ਅਤੇ ਸ਼ਰਾਬਾਂ ਉੱਡਦੀਆਂ ਹਨ। ਮਜ਼ੇਦਾਰ ਗੱਲ ਇਹ ਹੈ ਕਿ ਇਹ ਸਭ ਕਰਦਿਆਂ ਕੀ ਭਾਰਤ ਅਤੇ ਕੀ ਬਰਤਾਨੀਆਂ ਜਾਂ ਦੂਜੇ ਹੋਰ ਦੇਸ਼ਾਂ ਵਿਚ ਵੱਸਦੇ ਭਾਰਤੀ ਮੂਲ ਦੇ ਵਾਸੀ ‘ਇੱਕ ਖਾਸ ਕਿਸਮ ਦਾ ਆਨੰਦ ਜਾਂ ਸੰਤੁਸ਼ਟੀ’ ਪਰਾਪਤ ਕਰਦੇ ਹਨ। ਇਹ ਸੰਤੁਸ਼ਟੀ ਅਤੇ ਆਨੰਦ ਪਰਾਪਤ ਕਰਦਿਆਂ ਲੋਕੀਂ ਹਜ਼ਾਰਾਂ-ਲੱਖਾਂ ਰੁਪਏ (ਪੌਂਡ ਅਤੇ ਡਾਲਰ) ਕੁਝ ਘੰਟਿਆਂ ਵਿਚ ਹੀ ਬਰਬਾਦ ਕਰ ਦਿੰਦੇ ਹਨ। ਹੱਡ ਤੋੜਵੀਂ ਮਿਹਨਤ ਨਾਲ ਜਾਂ ਵਿਉਪਾਰ ਰਾਹੀਂ ਕਮਾਇਆ ਪੈਸਾ ਪੱਲ ਦੋ ਪੱਲ ਦੀ ਵਾਹ ਵਾਹ ਵਿਚ ਸੁਆਹ ਹੋ ਜਾਂਦਾ ਹੈ। ਇਤਨਾ ਪੈਸਾ ਬਰਬਾਦ ਕਰਦਿਆਂ ਲੋਕੀਂ ਆਨੰਦ ਲੈਂਦੇ ਹਨ ਪਰ ਕਿਸੇ ਦਾ ਹੌਸਲਾ ਨਹੀਂ ਪੈਂਦਾ ਕਿ ਕੋਈ ਕਿਸੇ ਨੂੰ ਮੂਰਖ ਕਹਿ ਸਕਣ ਦੀ ਹਿੰਮਤ ਕਰ ਸਕੇ ਅਤੇ ਆਖੇ ਕਿ ਇਹ ਪੈਸਾ ਕਿਸੇ ਲੋੜਵੰਦ ਲਈ ਵਰਤਿਆ ਜਾਵੇ ਤਾਂ ਕਿੰਨਾ ਚੰਗਾ ਹੋਵੇ। ਕਈ ਵਾਰ ਅਸੀਂ ਖੁੱਦ ਹੀ ਅਜਿਹੀ ਮੂਰਖਤਾ ਵਿਚ ਸ਼ਾਮਲ ਹੋ ਕੇ ਆਨੰਦ ਮਾਣਦੇ ਹਾਂ। ਭਲਾ ਕਿਉਂ?

ਅਜਿਹੀ ਮੂਰਖਤਾ ਵਿਚ ਅਸੀਂ ਖੁੱਦ ਵੀ ਅਤੇ ਦੂਜੇ ਲੋਕੀਂ ਵੀ ਇਸ ਲਈ ਸ਼ਾਮਲ ਹੁੰਦੇ ਹਾਂ ਕਿ ਆਨੰਦ ਦਾ, ਸੰਤੁਸ਼ਟੀ ਦਾ ਵੀ ਆਪਣਾ ਇੱਕ ਨਵੇਕਲਾ ਮਹੱਤਵ ਹੈ। ਇੰਝ ਹੀ ਲੇਖਕ ਦੀ ‘ਲਿਖਤ’ ਵਿਚੋਂ ਵੀ ਆਨੰਦ ਮਿਲ ਸਕਦਾ ਹੈ ਅਤੇ ਮਿਲਣਾ ਵੀ ਚਾਹੀਦਾ ਹੈ। ਕੋਈ ਵੀ ਲਿਖਤ ਜੇਕਰ ਆਪਣੀ ਹੋਂਦ ਕਾਰਨ ਸਾਡੇ ਮਨ ਨੂੰ ਭਾਅ ਜਾਵੇ ਜਾਂ ਆਨੰਦਿਤ ਕਰ ਜਾਵੇ ਤਾਂ ਭਾਵੇਂ ਉਹ ‘ਲਿਖਤ’ ਉਪਰ ਦਰਜ ਬਰਬਾਦੀ ਦੇ ਸਾਧਨਾਂ ਵਾਂਗ ਜੀਵਨ ਨੂੰ ਪਤਿਤ ਕਰਨ ਦੀ ਸਮਰਥਾ ਵੀ ਰੱਖੇ, ਤਾਂ ਵੀ ਉਸਦਾ ਆਪਣਾ ਮਹੱਤਵ ਹੈ। ਪਰ ਇਹ ਗੱਲ ਸੁਭਾਵਿਕਤਾ ਦੀ ਹੈ, ਲਗਾਤਾਰ ਨਿਯਮਬੱਧ ਲਿਖਤ ਦੀ ਨਹੀਂ। ਲੇਖਕ ਸਦਾ ਹੀ ਇੱਕ ਬੰਧਨ ਵਿਚ ਹੈ। ਲੇਖਕ ਨੂੰ ਸਦਾ ਹੀ ਇਸ ਬੰਧਨ ਵਿਚ ਰਹਿਣਾ ਚਾਹੀਦਾ ਹੈ ਕਿ ਉਸਦੀ ਲਿਖਤ ਨੇ ਸੁਭਾਵਿਕ ਹੁੰਦਿਆਂ ਹੋਇਆਂ ਵੀ ਲੋਕ ਕਲਿਆਣਕਾਰੀ ਹੋ ਕੇ ਆਾਪਣਾ ਸਦਾ-ਬਹਾਰ ਸਾਰਥਕ ਪ੍ਰਭਾਵ ਛੱਡਣਾ ਹੈ। ਇੱਕ ਹੋਰ ਤਰ੍ਹਾਂ ਵੀ ਵਿਚਾਰ ਕਰਨੀ ਬਣਦੀ ਹੈ।

ਅੱਜ ਕਲ ਕੇਵਲ ਭਾਰਤ ਵਿਚ ਹੀ ਨਹੀਂ ਸਗੋਂ ਸੰਸਾਰ ਦੇ ਹਰ ਇੱਕ ਦੇਸ਼ ਵਿਚ ਹੀ ਅਪਰਾਧਾਂ ਵਿਚ ਵਾਧਾ ਹੋ ਰਿਹਾ ਹੈ। ਅੱਜ ਚੋਰੀ, ਡਕੈਤੀ, ਕਤਲ, ਬਲਾਤਕਾਰ, ਜੂਆ, ਵੇਸਵਾ-ਗਮਨੀ, ਇਸਤਰੀਆਂ ਉਤੇ ਜ਼ੁਲਮ, ਹਾਈ ਜੈਕਿੰਗ, ਵੱਖ-ਵਾਦ, ਅੱਤਵਾਦ, ਨਸ਼ਿਆਂ ਦੀ ਦੁਰਵਰਤੋਂ ਅਤੇ ਧਰਮ ਦੇ ਨਾਂ ਉਤੇ ਠੱਗੀਆਂ-ਵਾਧੇ ਆਦਿ ਕੁਰੀਤੀਆਂ ਦਾ ਬੋਲ ਬਾਲਾ ਹੈ। ਇੱਕ ਲੇਖਕ ਟੀਵੀ, ਰੇਡੀਉ, ਅਖਬਾਰਾਂ ਆਦਿ ਰਾਹੀਂ ਪਰਾਪਤ ਉਪਰੋਕਤ ਦਿੱਤੀ ਜਾਣਕਾਰੀ ਦੇ ਪਰਭਾਵ ਤੋਂ ਕਿਵੇਂ ਵਾਂਝਿਆਂ ਰਹਿ ਸਕਦਾ ਹੈ? ਅਰਥਾਤ ਲੇਖਕ ਵਿਚ ਸੰਵੇਦਨਾ ਹੈ। ਇਸ ਲਈ ਇੱਕ ਲੇਖਕ ਆਪਣੀਆਂ ਲਿਖਤਾਂ ਵਿਚ ਇਹਨਾਂ ਸਭ ਭੈੜੀਆਂ ਹਰਕਤਾਂ ਦਾ ਵਰਨਣ ਤਾਂ ਕਰੇਗਾ ਪਰ ਉਹ ਕਿਸੇ ਹੀਲੇ ਵੀ ਇਹਨਾਂ ਦੀ ਪੁਸ਼ਟੀ ਨਹੀਂ ਕਰੇਗਾ। ਨਾਂਹ-ਵਾਚਕ ਅਤੇ ਢਾਹੂ ਗੱਲਾਂ ਲਈ ਉਹ ਕਦੇ ਵੀ ਹਾਮੀ ਨਹੀਂ ਭਰੇਗਾ। ਲੇਖਕ ਤਾਂ ਵਾਹ ਲੱਗਦੇ ਇਹਨਾਂ ਦੀ ਨਿੰਦਾ ਹੀ ਕਰੇਗਾ ਪਰ ਕਲਾਮਈ ਢੰਗ ਨਾਲ ਅਤੇ ਕਲਾ ਰਾਹੀਂ ਸੁਭਾਇਕੇ ਹੀ ਕੋਈ ਸੁਝਾ ਵੀ ਸ਼ਾਇਦ ਦੇ ਜਾਵੇਗਾ। ਪਰ ਇੱਕ ਲੇਖਕ, ਲੇਖਕ ਹੋਣ ਦੇ ਨਾਤੇ ਇਹਨਾਂ ਵਿਰੁੱਧ ਲੜਨ ਦੀ ਹਿਮਾਕਤ ਕਰਦਾ ਸ਼ੋਭਾ ਨਹੀਂ ਦੇਵੇਗਾ। ਹਾਂ, ਲੇਖਕ ਲਈ ਤਾਂ ਆਪਣਾ ਸੁਨੇਹਾ ਲੋੜੀਂਦੀ ਤਾਕਤ —- ਭਾਵੇਂ ਉਹ ਲੋਕ ਤਾਕਤ ਹੋਵੇ ਅਤੇ ਭਾਵੇਂ ਸੱਤਾ — ਤੱਕ ਪੁਚਾ ਦੇਣਾ ਬਣਦਾ ਹੈ। ਇਹ ਬੰਧਨ ਉਸਦੀ ਕਲਮ ਦੀ ਬੰਧੇਜ ਦਾ ਹੈ। ਇਸਦੇ ਉਲਟ, ਜੇਕਰ ਉਹ ਆਪਣੀ ਲਿਖਤ ਵਿਚ ਈਮਾਨਦਾਰੀ ਨਾਲ ਉਪਰੋਕਤ ਅਤੇ ਅਜਿਹੇ ਹੋਰ ਮਸਲਿਆਂ ਵਲ ਸੰਕੇਤ ਨਹੀਂ ਕਰਦਾ ਤਾਂ ਸਹੀ ਅਰਥਾਂ ਵਿਚ ਉਹ ਦੋਸ਼ੀ ਹੈ।

ਇਸ ਲਈ, ਲੇਖਕ ਲਈ ਜ਼ਰੂਰੀ ਹੈ ਕਿ ਉਹ ਲਿਖੇ ਉਹੀ ਜੋ ਉਸਦੀ ਆਤਮਾ ਪਰਵਾਨ ਕਰੇ ਪਰ ਲਿਖੇ ਸੋਚ ਸਮਝ ਨਾਲ ਅਤੇ ਪਾਠਕ ਦੇ ਆਨੰਦ ਅਤੇ ਹਿੱਤ ਨੂੰ ਸਦਾ ਸਾਹਮਣੇ ਰੱਖਦਿਆਂ ਹੀ। ਕੋਈ ਵੀ ਲੇਖਕ, ਲੋਕਾਂ ਦੇ ਸੰਮੂਹਕ ਹਿੱਤਾਂ ਤੋਂ ਬਾਹਰੀ ਗੱਲ ਕਰਕੇ ਬਹੁਤੀ ਦੇਰ ਲੇਖਕ ਨਹੀਂ ਰਹਿ ਸਕਦਾ। ਅਜਿਹੇ ਲੇਖਕ ਦਾ ਇੱਕ ਦਿਨ ਨੰਗੇ ਹੋਣਾ ਨਿਸਚਤ ਹੈ।
**
(1999 ਵਿੱਚ ਛਪੀ ਪੁਸਤਕ  “ਬਰਤਾਨਵੀ ਕਲਮਾਂ” ਵਿੱਚੋਂ)
**
ਦੂਜਾ ਭਾਗ ਅਗਲੀ ਵਾਰ

ਟਿੱਪਣੀ : ਇਹ ਰਚਨਾ ‘‘ਲਿਖਾਰੀ’ ਵੈਬਸਾਈਟ ਦੀਆਂ ਪੁਰਾਣੀਆਂ ਫਾਈਲਾਂ ਤੋਂ ਚੁੱਕ ਕੇ ਲੋੜੀਂਦੀ ਤਬਦੀਲੀ ਕਰਨ ਉਪਰੰਤ ’ਲਿਖਾਰੀ.ਨੈੱਟ ‘ਤੇ ਲਗਾਉਣ ਦੀ ਖੁਸ਼ੀ ਲੈ ਰਹੇ ਹਾਂ।—ਲਿਖਾਰੀ

(ਪਹਿਲੀ ਵਾਰ ਛਪਿਆ 2001)
(ਦੂਜੀ ਵਾਰ 14 ਮਾਰਚ 2022)

***
684
***

About the author

ਗੁਰਦਿਆਲ ਸਿੰਘ ਰਾਏ
+ ਲਿਖਾਰੀ ਵਿੱਚ ਛਪੀਆਂ ਰਚਨਾਵਾਂ ਦਾ ਵੇਰਵਾ