19 June 2024

ਕਵਿਤਾ ਤਾਂ ਹਾਜ਼ਰ-ਨਾਜ਼ਰ ਹੈ—ਡਾ. ਗੁਰਬਖਸ਼ ਸਿੰਘ ਭੰਡਾਲ

ਕਵਿਤਾ ਕੀ ਹੈ? ਕੀ ਇਹ ਸਿਰਫ਼ ਸ਼ਬਦਾਂ ਦੀ ਵਿਊਂਤਬੰਦੀ ਹੈ ਜਾਂ ਸਾਡੇ ਭਾਵਾਂ ਦੀ ਤਰਜ਼ਮਾਨੀ? ਕੀ ਇਹ ਸ਼ਬਦਾਂ ਨੂੰ ਕਿਸੇ ਖਾਸ ਜੁਗਤ ਵਿਚ ਵਰਤਣ ਅਤੇ ਵਿਸ਼ੇਸ਼ ਰੰਗਤ ਦੇਣਾ ਹੁੰਦੀ? ——

ਕਵਿਤਾ ਸਾਡੇ ਆਲੇ-ਦੁਆਲੇ। ਚੌਗਿਰਦੇ ਵਿਚ ਹਾਜ਼ਰ-ਨਾਜ਼ਰ। ਇਸ ਦੀਆਂ ਤਰੰਗਾਂ ਸਾਡੇ ਮਨ-ਮਸਤਕ ‘ਤੇ ਹਰਦਮ ਦਸਤਕ ਦਿੰਦੀਆਂ। ਪਰ ਅਸੀਂ ਇਸ ਨੂੰ ਸੁਣਦੇ ਹਾਂ ਜਾਂ ਅਣਗੌਲਿਆਂ ਕਰਦੇ, ਇਹ ਸਾਡੇ ‘ਤੇ ਨਿਰਭਰ।
ਕਵਿਤਾ ਸਾਡੀ ਰੂਹ ਨਾਲ ਸੰਵਾਦ ਰਚਾਉਂਦੀ, ਸੂਖ਼ਮ ਭਾਵਨਾਵਾਂ ਨੂੰ ਪ੍ਰਗਟਾਉਂਦੀ। ਸਾਡੀ ਹੀ ਔਕਾਤ ਦੇ ਰੂਬਰੂ ਕਰਦੀ, ਸਾਡਾ ਸਮੁੱਚ ਦਿਖਾਉਂਦੀ। ਪਰ ਅਸੀਂ ਦੇਖਣ ਤੋਂ ਨਾਬਰ।

ਕਵਿਤਾ ਨੂੰ ਕਿਹੜੇ ਰੂਪ ਵਿਚ ਦੇਖਣਾ? ਇਸ ਦੇ ਕਿਹੜੇ ਅਰਥਾਂ ਨੂੰ ਆਪਣੀ ਚੇਤਨਾ ਦਾ ਹਿੱਸਾ ਬਣਾਉਣਾ? ਇਸ ਦੇ ਕਿਸ ਰੂਪ ਨੂੰ ਆਪਣੀ ਸੋਚ-ਸ਼ੈਲੀ ਵਿਚ ਅਪਨਾਉਣਾ? ਇਹ ਮਨੁੱਖੀ ਬਿਰਤੀ ‘ਤੇ ਨਿਰਭਰ।

ਕਵਿਤਾ ਕੀ ਹੈ? ਕੀ ਇਹ ਸਿਰਫ਼ ਸ਼ਬਦਾਂ ਦੀ ਵਿਊਂਤਬੰਦੀ ਹੈ ਜਾਂ ਸਾਡੇ ਭਾਵਾਂ ਦੀ ਤਰਜ਼ਮਾਨੀ? ਕੀ ਇਹ ਸ਼ਬਦਾਂ ਨੂੰ ਕਿਸੇ ਖਾਸ ਜੁਗਤ ਵਿਚ ਵਰਤਣ ਅਤੇ ਵਿਸ਼ੇਸ਼ ਰੰਗਤ ਦੇਣਾ ਹੁੰਦੀ? ਕੀ ਇਹ ਸਿਰਫ਼ ਕੋਈ ਸੁਨੇਹਾ ਹੁੰਦੀ? ਜਾਂ ਇਹ ਅਹਿਸਾਸਾਂ ਵਿਚ ਪਰੋਈ ਵਾਕ-ਬਣਤਰ ਹੈ, ਜਿਸ ਨੂੰ ਸੂਖਮ, ਸੁਹਜ ਤੇ ਸਹਿਜ ਨਾਲ ਓਤਪੋਤ ਹੁੰਦੀ?

ਇਉਂ ਲੱਗਦਾ ਹੈ ਕਿ ਕਵਿਤਾ ਕਦੇ ਯੋਜਨਾਬੰਦੀ ਨਹੀਂ ਅਤੇ ਨਾ ਹੀ ਇਸਨੂੰ ਕਿਸੇ ਵਿਧਾ ਰਾਹੀਂ ਸਿੱਖਿਆ ਜਾਂ ਸਿਖਾਇਆ ਜਾ ਸਕਦਾ। ਇਹ ਤਾਂ ਕੁਦਰਤ ਦੀ ਦਾਤ। ਵਿਦਿਆ ਦੀ ਗੁਲਾਮ ਨਹੀਂ ਅਤੇ ਨਾ ਹੀ ਉਚੇ ਰੁਤਬਿਆਂ ਦੀ ਬਾਂਦੀ। ਕਵਿਤਾ ਤਾਂ ਆਵੇਸ਼ ਹੈ। ਤੁਹਾਡੇ ਮਨ ਵਿਚ ਉਠੇ ਉਬਾਲ ਦਾ ਬਿਰਤਾਂਤ। ਤੁਹਾਡੀਆਂ ਭਾਵਨਾਵਾਂ ਦਾ ਭਾਵਨਾਤਮਿਕ ਵਿਸ਼ਲੇਸ਼ਣ। ਤੁਹਾਡੀ ਰੂਹ-ਰੰਗਤਾ ਦੀ ਨਿਆਜ਼। ਦਿਲਦਾਰੀ ਵਿਚ ਉਗੇ ਹੋਏ ਰੰਗਾਂ ਦੀ ਕਲਾਕਾਰੀ ਹੁੰਦੀ ਹੈ ਕਵਿਤਾ। ਕਵਿਤਾ ਆਪਣਾ ਰੂਪ ਆਪ ਲੈ ਕੇ ਆਉਂਦੀ। ਹਰ ਕਵਿਤਾ ਹੀ ਵਿਸ਼ੇਸ਼ ਤੇ ਵਿਲੱਖਣ। ਪਰ ਅਕਵਿਤਾ ਨੂੰ ਕਵਿਤਾ ਦਾ ਨਾਮ ਦੇਣਾ ਹੀ ਸਭ ਤੋਂ ਵੱਡੀ ਮਨੁੱਖੀ ਖੂਨਾਮੀ। ਅਸੀਂ ਸਾਰੇ ਹੀ ਇਸ ਖੂਨਾਮੀ ਦਾ ਸਿ਼ਕਾਰ। ਸਾਰੇ ਹੀ ਕਸੂਰਵਾਰ।

ਕਵਿਤਾ ਸਿਰਫ਼ ਕਵਿਤਾ ਹੁੰਦੀ ਜੋ ਪਾਠਕ ਦੇ ਮਨ ਵਿਚ ਬਹੁਤ ਸਾਰੇ ਪ੍ਰਸ਼ਨ ਪੈਦਾ ਕਰਦੀ। ਇਨ੍ਹਾਂ ਪ੍ਰਸ਼ਨਾਂ ਦਾ ਜਵਾਬ ਲੱਭਣ ਲਈ ਮਨ ਵਿਚ ਹਲਚਲ ਪੈਦਾ ਕਰਦੀ। ਇਹ ਕਵਿਤਾ ਸਾਡੇ ਆਲੇ-ਦੁਆਲੇ ਹੁੰਦੀ। ਕੁਝ ਹੀ ਲੋਕ ਹੁੰਦੇ ਜੋ ਚੁਫੇਰੇ ਮੰਡਰਾਉਂਦੀ ਕਵਿਤਾ ਨੂੰ ਸੁਣਦੇ, ਪੜ੍ਹਦੇ ਤੇ ਇਸ ਦਾ ਪਿੱਛਾ ਕਰਦੇ। ਆਪਣੀ ਰੂਹ-ਰੰਗਤਾ ਦਾ ਹਿੱਸਾ ਬਣਾਉਂਦੇ। ਫਿਰ ਇਹੀ ਕਵਿਤਾ ਕਿਸੇ ਹੋਰ ਰੂਪ ਵਿਚ ਵਿਲੱਖਣਤਾ ਸੰਗ ਕੋਰੇ ਵਰਕਿਆਂ ਤੇ ਫੈਲ਼ ਜਾਂਦੀ।

ਕਮਰੇ ਵਿਚ ਬੈਠਾ ਹਾਂ। ਮੇਰੇ ਆਲੇ-ਦੁਆਲੇ ਝੁਰਮਟ ਪਾਈਆਂ ਕਿਤਾਬਾਂ ਵਿਚੋਂ ਤਰੰਗਾਂ ਛੇੜ ਰਹੀ ਕਵਿਤਾ ਮੇਰੀ ਆਤਮਾ ਵਿਚ ਨਾਦ ਪੈਦਾ ਕਰ ਰਹੀ ਹੈ। ਮੈਨੂੰ ਆਪਣੇ ਨਾਲ ਜੁੜਨ ਦਾ ਸੁਖਦ ਸੁਨੇਹੇ ਦਿੰਦੀ। ਇਨ੍ਹਾਂ ਕਿਤਾਬਾਂ ਦੇ ਆਰ-ਪਾਰ ਦੇਖਣ ਅਤੇ ਇਨ੍ਹਾਂ ਵਿਚੋਂ ਲਿਲਕੜੀਆਂ ਲੈਂਦੀ ਕਵਿਤਾ ਦਾ ਹੁੰਗਾਰਾ ਭਰਨ ਲਈ ਤਰਲੇ ਲੈਂਦੀ ਹੈ। ਜਦ ਮੈਂ ਇਸ ਕਵਿਤਾ ਨੂੰ ਪੜ੍ਹਦਿਆਂ, ਖ਼ੁਦ ਨੂੰ ਕਵਿਤਾ-ਕਵਿਤਾ ਕਰਦਾ ਹਾਂ ਤਾਂ ਇਹ ਕਿਤਾਬਾਂ ਵੀ ਖੁਸ਼ ਹੋ ਜਾਂਦੀਆਂ। ਇਨ੍ਹਾਂ ‘ਚੋਂ ਹੁੰਦੀ ਹੁਲਾਸੀ ਬਾਰਸ਼ ਵਿਚ ਖੁਦ ਨੂੰ ਭਿਉਂਦਾ, ਇਸਦੇ ਅਰਥਾਂ ਦੀ ਲੋਅ ਨਾਲ ਅੰਦਰ ਨੂੰ ਰੌਸ਼ਨ ਕਰਦਾ ਹਾਂ। ਇਹ ਲੋਅ ਹੀ ਹੁੰਦੀ ਜਿਸਦੀ ਭਾਲ ਵਿਚ ਮਨੁੱਖ ਕਦੇ ਜੰਗਲਾਂ ਵਿਚ ਜਾਂਦਾ, ਕਦੇ ਇਕਾਂਤ ਭਾਲਦਾ ਅਤੇ ਕਦੇ ਆਪਣੇ ਆਪ ਤੋਂ ਹੀ ਦੂਰ ਜਾਣਾ ਲੋਚਦਾ ਹੈ।

ਇਹ ਅਨਾਦੀ ਕਵਿਤਾ ਹੀ ਹੁੰਦੀ ਜੋ ਬਜ਼ੁਰਗਾਂ ਦੀਆਂ ਅਸੀਸਾਂ ਦੇ ਰੂਪ ਵਿਚ ਸਾਡੀਆਂ ਬਲਾਵਾਂ ਉਤਾਰਦੀ। ਦੁਆਵਾਂ ਨਾਲ ਨਿਹਾਰਦੀ ਅਤੇ ਸਾਡਾ ਉਹ ਰੂਪ ਨਿਖਾਰਦੀ ਜਿਸ ਤੋਂ ਅਸੀਂ ਅਵੇਸਲੇ ਹੁੰਦੇ। ਕਮਰੇ ਵਿਚ ਹੀ ਕੰਧ ‘ਤੇ ਲਟਕਦੀ ਤਸਵੀਰ ਵਿਚ ਜਦ ਮੈਂ ਆਪਣੇ ਬਾਪ ਦੇ ਨੈਣਾਂ ਵਿਚ ਦੇਖਦਾ ਹਾਂ ਤਾਂ ਉਨ੍ਹਾਂ ਦੇ ਦੀਦਿਆਂ ਵਿਚ ਜੀਵਨ-ਮੂਲਕ ਕਵਿਤਾ ਦੀ ਦਸਤਕ ਸੁਣਦਾ ਹਾਂ। ਇਹ ਮੇਰੀਆਂ ਸੋਚਾਂ ਵਿਚ ਉਤਰ ਕੇ ਮੇਰੀਆਂ ਸਾਰੀਆਂ ਚਿੰਤਾਵਾਂ ਨੂੰ ਖ਼ਤਮ ਕਰਦੀ, ਮੇਰੀਆਂ ਮੁਸ਼ਕਲਾਂ ਦਾ ਹੱਲ ਕਰਦੀ, ਮੇਰੇ ਲਈ ਜਿਊਣ ਦਾ ਆਹਰ ਬਣ ਜਾਂਦੀ। ਬਾਪ ਵਰਗੀ ਕਵਿਤਾ ਨੂੰ ਪੜ੍ਹਨਾ ਬਹੁਤ ਸੌਖਾ ਵੀ ਹੁੰਦਾ ਜਦ ਤੁਸੀਂ ਬਾਪ ਨਾਲ ਇਕਸੁਰ ਹੁੰਦੇ ਪਰ ਔਖਾ ਵੀ ਬਹੁਤ ਹੁੰਦਾ ਜਦ ਤੁਸੀਂ ਬਾਪ ਤੋਂ ਦੂਰੀ ਮਿੱਥ ਲੈਂਦੇ। ਬਾਪ ਦੀ ਇਹ ਕਵਿਤਾ ਸਾਨੂੰ ਸੁਪਨੇ ਦਿੰਦੀ, ਇਨ੍ਹਾਂ ਦਾ ਤਰਜੀਹੀਕਰਨ ਕਰਦੀ ਅਤੇ ਇਨ੍ਹਾਂ ਦੀ ਪੂਰਤੀ ਦਾ ਸਬੱਬ ਬਣ, ਸਾਡੇ ਨਾਵੇਂ ਸਫਲ਼ਤਾਵਾਂ ਦਾ ਸਿਰਲੇਖ ਬਣਦੀ। ਸਾਡੇ ਜੀਵਨ-ਸਫ਼ਰ ਨੂੰ ਤੈਅ ਕਰਦੀ। ਬਾਪ ਦੇ ਨੈਣਾਂ ਵਿਚ ਤੈਰਦੀ ਇਸ ਕਵਿਤਾ ਨੂੰ ਪੜ੍ਹਨ ਤੋਂ ਕਦੇ ਬੇਮੁੱਖ ਨਾ ਹੋਇਓ। ਵਰਨਾ ਜਿ਼ੰਦਗੀ ਤੁਹਾਥੋਂ ਬੇਮੁੱਖ ਹੋਣ ਲੱਗਿਆਂ ਦੇਰ ਨਹੀਂ ਕਰੇਗੀ।

ਕਦੇ ਰਾਤ ਨੂੰ ਛੱਤ ‘ਤੇ ਸੌਣ ਲੱਗਿਆਂ ਅੰਬਰ ਤੋਂ ਉਤਰਦੀ ਕਵਿਤਾ ਨੂੰ ਮੁਖ਼ਾਤਬ ਹੋਣਾ। ਇਸਦੀ ਚਾਨਣਧਾਰਾ ਵਿਚ ਖੁਦ ਨੂੰ ਰੌਸ਼ਨ ਕਰਨਾ। ਪਤਾ ਲੱਗੇਗਾ ਕਿ ਅੰਬਰ ਤੋਂ ਆ ਰਹੀ ਤਾਰੇ-ਰੰਗੀ ਕਵਿਤਾ ਰਾਤ ਦੇ ਕੰਨ ਵਿਚ ਕੀ ਕਹਿੰਦੀ ਏ? ਤੁਹਾਡੀ ਨੀਂਦ ਨੂੰ ਚਾਨਣ-ਰੰਗੇ ਸੁਪਨੇ ਦਿੰਦੀ, ਤੁਹਾਡੇ ਅਵਚੇਤਨ ਵਿਚ ਚਾਨਣ ਦਾ ਜਾਗ ਲਾ ਜਾਂਦੀ। ਇਹ ਜਾਗ ਹੀ ਹੁੰਦਾ ਜੋ ਤੁਹਾਨੂੰ ਨਵੇਂ ਫੁਰਨਿਆਂ ਅਤੇ ਸੂਖ਼ਮ ਸੁਨੇਹਿਆਂ ਦੇ ਰੂਪ ਵਿਚ ਕਈ ਵਾਰ ਅਜਿਹੇ ਅਚੇਤ ਸੁਨੇਹੇ ਦੇ ਜਾਂਦਾ ਜੋ ਤੁਹਾਡਾ ਜੀਵਨ ਹੀ ਬਦਲ ਦਿੰਦੇ। ਰਾਤ ਦੀ ਚੁੱਪ ਵਿਚ ਇਸ ਕਵਿਤਾ ਦੀ ਸੁੰਨ-ਸੰਗੀਤਕਾ ਨੂੰ ਸਾਹਾਂ ਦੀ ਸੰਗੀਤਕਤਾ ਵਿਚ ਬਦਲ ਕੇ ਜਿ਼ੰਦਗੀ ਹੀ ਬਦਲ ਜਾਂਦੀ। ਵਰਨਾ ਅਸੀਂ ਬਹੁਤੀ ਵਾਰ ਰਾਤ ਨੂੰ ਸੌਣ ਲੱਗਿਆਂ ਹੌਕਿਆਂ ਦਾ ਹੀ ਭਾਰ ਢੋਣ ਜੋਗੇ ਹੁੰਦੇ। ਇਸ ਕਵਿਤਾ ਦੀ ਬੇਮੁੱਖਤਾ ਕਾਰਨ ਹੀ ਅਸੀਂ ਬਹੁਤੀ ਵਾਰ ਨੀਂਦ ਤੋਂ ਉਚਾਟ ਹੋਏ ਸਿਰਫ਼ ਨੀਂਦ ਦੀਆ ਗੋਲੀਆਂ ਨਾਲ ਸੌਣ ਦੇ ਸੁਖਨ ਨੂੰ ਭਾਲਣ ਜੋਗੇ ਹੀ ਰਹਿ ਗਏ ਹਾਂ।

ਕਵਿਤਾ ਨੂੰ ਸੁਣਨਾ, ਹਰ ਕਿਸੇ ਦੇ ਵੱਸ ਨਹੀਂ ਅਤੇ ਨਾ ਹੀ ਇਸਨੂੰ ਸੁਣਨ ਦੇ ਚਾਹਵਾਨ। ਇਹ ਤਾਂ ਵਿਰਲਿਆਂ ਦਾ ਨਸੀਬ। ਕਵਿਤਾ ਤਾਂ ਰੂਹ ਦੀ ਪ੍ਰਵਾਜ਼, ਸੋਚਾਂ ਦੀ ਆਵੇਸ਼ੀ ਪ੍ਰਵਾਜ਼, ਵਿਕਲੋਤਰਾ ਜਿਹਾ ਸ਼ਬਦ-ਅੰਦਾਜ਼ ਜਿਸ ਵਿਚ ਧੜਕਦਾ ਜੀਵਨ-ਸਾਜ਼ ਹੀ ਜੀਵਨ-ਸ਼ੈਲੀ ਦਾ ਰੂਹ-ਰੱਤਾ ਨਾਦ ਬਣਦਾ। ਜੇਕਰ ਕਵਿਤਾ ਨੂੰ ਆਪਣੇ ਅੰਤਰੀਵ ਵਿਚ ਉਤਾਰਨਾ ਹੈ ਤਾਂ ਸਭ ਤੋਂ ਪਹਿਲਾਂ ਆਪਣੇ ਆਪ ਨੂੰ ਅਕਵਿਤਾ ਤੋਂ ਕਵਿਤਾ ਦੇ ਮਾਰਗ ਤੋਰਨਾ ਪਵੇਗਾ। ਇਹ ਅਕਵਿਤਾ ਵਰਗੇ ਲੋਕ ਹੀ ਹਨ ਜਿਨ੍ਹਾਂ ਨੇ ਸਮੁੱਚੇ ਸਮਾਜ ਨੂੰ ਆਪਣੀ ਜਕੜ ਵਿਚ ਲੈ ਕੇ ਕਵਿਤਾ ਨੂੰ ਦੇਸ਼ ਨਿਕਾਲਾ ਦੇ ਦਿੱਤਾ ਹੈ। ਯਾਦ ਰੱਖਣਾ! ਕਵਿਤਾ ਕਿਧਰੇ ਨਹੀਂ ਜਾਂਦੀ ਸਗੋਂ ਹੋਰ ਜੋ਼ਰਦਾਰ ਆਵੇਸ਼ ਵਿਚ ਸਾਡੀਆਂ ਹੀ ਬਰੂਹਾਂ ‘ਤੇ ਦਸਤਕ ਦਿੰਦੀ ਹੈ।

ਕਦੇ ਕਦਾਈਂ ਸਰਘੀ ਵੇਲੇ ਪੂਰਬ ਦੀ ਲਾਲੀ ਵਿਚੋਂ ਸੂਹੀ ਕਵਿਤਾ ਨੂੰ ਪ੍ਰਣਾਮ ਕਰਨਾ, ਅਤੇ ਆਰਤੀ ਉਤਾਰਨਾ, ਤੁਹਾਨੂੰ ਅਹਿਸਾਸ ਹੋਵੇਗਾ ਕਿ ਇਹ ਸਰਘੀ ਦੀ ਕਿਰਨ ਹੀ ਹੁੰਦੀ ਹੈ ਜੋ ਹਰ ਸਾਹ ਦੇ ਸ਼ਗਨ ਉਤਾਰਦੀ। ਹਰ ਦਿਨ ਨੂੰ ਜੀ ਆਇਆਂ ਕਹਿੰਦੀ। ਕਵਿਤਾ ਨੂੰ ਪਤਾ ਹੈ ਕਿ ਇਹ ਦਿਨ ਦਾ ਉਜਾਲਾ ਹੀ ਹੁੰਦਾ ਜਿਸ ਨੇ ਜਿ਼ੰਦਗੀ ਨੂੰ ਧੜਕਣ ਦੇਣੀ ਹੁੰਦੀ, ਕੁਦਰਤ ਨੂੰ ਉਨੀਂਦਰੇ ਵਿਚੋਂ ਜਗਾਉਣਾ ਹੁੰਦਾ, ਪੰਛੀਆਂ ਨੂੰ ਆਪੋ-ਆਪਣੀਆਂ ਉਡਾਣਾਂ ਦੇ ਰਾਹ ਪਾਉਣਾ ਹੁੰਦਾ। ਇਹ ਕਵਿਤਾ ਪੰਛੀਆਂ ਦੀ ਚਹਿਕਣੀ ਤੇ ਬੋਟਾਂ ਦੀ ਚੀਂ-ਚੀਂ ਬਣਦੀ, ਅੰਬਰ ਨੂੰ ਸੋਨਰੰਗਾ ਕਰਦੀ, ਰੰਗਾਂ ਦੀ ਕਲਾਕਾਰੀ ਕਰਨ ਵਿਚ ਰੁਚਿਤ ਹੋ ਜਾਂਦੀ। ਇਸ ਕਵਿਤਾ ਕਰਕੇ ਹੀ ਮਨੁੱਖ ਕੁਦਰਤ ਦੀ ਸੰਗਤ ਮਾਣਦਾ। ਕੁਦਰਤੀ ਕਵਿਤਾ ਨੂੰ ਅੰਦਰ ਉਤਾਰਦਾ, ਖੁਦ ਨੂੰ ਕਵਿਤਾ ਨਾਲ ਇਕਸੁਰ ਕਰਦਾ। ਇਸ ਇਕਸੁਰਤਾ ਵਿਚੋਂ ਹੀ ਨਵੀਂ ਕਵਿਤਾ ਜਨਮ ਲੈਂਦੀ। ਕੋਰੇ ਵਰਕਿਆਂ ‘ਤੇ ਫੈਲ ਕੇ ਸ਼ਬਦਾਂ ਦੀ ਸੁਗਾਤ ਅਤੇ ਅਰਥਾਂ ਦੀ ਨਿਆਮਤ ਬਖਸ਼ਦੀ।

ਜੇ ਕਦੇ ਸਮਾਂ ਮਿਲੇ ਤਾਂ ਝੀਲ ਦੇ ਕੰਢੇ ਬੈਠ ਕੇ ਇਸ ਦੇ ਸ਼ਾਂਤ ਪਾਣੀ ਨੂੰ ਨਿਹਾਰਨਾ। ਪਾਣੀ ਵਿਚ ਤਰਦੇ ਪ੍ਰਛਾਵਿਆਂ ਨੂੰ ਦੇਖਣਾ। ਰੁਮਕਦੀ ਹਵਾ ਨਾਲ ਤਲ ‘ਤੇ ਪੈਦਾ ਹੋ ਰਹੀਆਂ ਲਹਿਰਾਂ ਨਾਲ ਉਗਮ ਰਹੀ ਕਵਿਤਾ ਨੂੰ ਰੂਹ ਵਿਚ ਉਤਾਰਨਾ। ਇਹ ਕਵਿਤਾ ਝੀਲ ਦੇ ਜੀਵੰਤ ਹੋਣ ਦੀ ਨਿਸ਼ਾਨੀ। ਇਸਦੇ ਅੰਦਰ ਵੱਸਦੇ ਸਮੁੱਚੇ ਜੀਵਾਂ ਦੀ ਧੜਕਣ। ਲਹਿਰਾਂ ਨਾਲ ਰਚਾਏ ਮੂਕ ਸੰਵਾਦ ਦਾ ਹੀ ਪ੍ਰਤਾਪ ਹੁੰਦਾ ਕਿ ਬੰਦਾ ਲਹਿਰਾਂ ਸੰਗ ਜਿ਼ੰਦਗੀ ਦੀ ਲਹਿਰ ਜਾਂਦਾ। ਜੇਕਰ ਯਲੇ ਸੂਰਜ ਤੋਂ ਇਸਦੇ ਪਾਣੀ ਵਿਚ ਚੰਦਰਮਾ ਵੀ ਝਾਤੀਆਂ ਮਾਰਦਾ ਦਿਸ ਪਵੇ ਤਾਂ ਇਸਦੇ ਬਿੰਬ ਵਿਚੋਂ ਉਗਦੀ ਕਵਿਤਾ ਨੂੰ ਜ਼ਰੂਰ ਪੜ੍ਹਨਾ। ਚੰਦਰਮਾ ਅਤੇ ਝੀਲ ਪਾਕੀਜ਼ਗੀ ਦੇ ਲਖਾਇਕ। ਦੋਹਾਂ ਦਾ ਸੰਗਮ ਇਕ ਅਕਹਿ ਤੇ ਸੁੰਦਰ ਦ੍ਰਿਸ਼ ਪੈਦਾ ਕਰਦਾ ਜਿਸ ਨਾਲ ਕਵਿਤਾ ਦਾ ਅਕਹਿ ਰੂਪ ਦ੍ਰਿਸ਼ਮਾਨ ਹੁੰਦਾ। ਇਸ ਨਾਲ ਪਤਾ ਲੱਗਦਾ ਕਿ ਸੁੰਦਰਤਾ ਕੀ ਹੁੰਦੀ, ਇਸਦੀ ਕਿਹੜੀ ਪਰਤ ਵਿਚੋਂ ਸੁੰਦਰਤਾ ਦੇ ਕਿਸ ਪੱਖ ਨੂੰ ਵਿਚਾਰਿਆ ਅਤੇ ਵਿਸਥਾਰਿਆ ਜਾ ਸਕਦਾ।

ਕਵਿਤਾ ਬਹੁਤ ਅਵਾਜ਼ਾਰ ਹੋ ਜਾਂਦੀ ਜਦ ਅਸੀਂ ਇਸ ਤੋਂ ਬਮੁੱਖ ਹੋ ਜਾਂਦੇ। ਇਹ ਬੇਰੁਖੀ ਦਾ ਸਿ਼ਕਾਰ ਹੋ, ਖੁਦਕੁਸ਼ੀ ਦੇ ਰਾਹ ਤੁਰ ਪੈਂਦੀ। ਇਸਨੂੰ ਮੋੜਨ ਦਾ ਤਰੱਦਦ ਕਰਨ ਤੇ ਅਸੀਂ ਖੁਦ ਹੀ ਤ੍ਰਿਹਨ ਲੱਗਦੇ। ਪਰ ਕਵਿਤਾ ਨੂੰ ਕਦੇ ਵੀ ਮਰਨ ਨਾ ਦਿਓ। ਜਦ ਵੀ ਇਹ ਤੁਹਾਡੇ ਦਰਾਂ ‘ਤੇ ਆਵੇ, ਇਸਨੂੰ ਖੁਸ਼ਆਮਦੀਦ ਕਹੋ।

ਸਭ ਤੋਂ ਪਿਆਰੀ ਅਤੇ ਨਿਆਰੀ ਕਵਿਤਾ ਉਹ ਹੁੰਦੀ ਜੋ ਤੁਹਾਡੇ ਨਾਲ ਸੰਵਾਦ ਰਚਾਉਂਦੀ ਜਦ ਤੁਸੀਂ ਇਕੱਲਤਾ ਮਾਣ ਰਹੇ ਹੁੰਦੇ। ਇਕੱਲ ਨਾਲ ਸੰਵਾਦ ਰਚਾਉਣਾ, ਇਸਨੂੰ ਹਰਫ਼ਾਂ ਦੀ ਜੂਨੇ ਪਾਉਣਾ ਅਤੇ ਆਪਣੇ ਆਪ ਨੂੰ ਉਲਥਾਉਣਾ, ਖੂਬਸੂਰਤ ਨਜ਼ਮ ਹੁੰਦੀ।

ਕਦੇ ਉਸ ਕਵਿਤਾ ਨੂੰ ਪੜ੍ਹਨ ਤੇ ਸਮਝਣ ਦੀ ਕੋਸਿ਼ਸ਼ ਕਰਨਾ ਜਿਹੜੀ ਕਵਿਤਾ ਟਾਹਣੀ ਦੀ ਹਲਚਲ ਵਿਚੋਂ ਪੈਦਾ ਹੁੰਦੀ ਜਦ ਕੋਈ ਪਰਿੰਦਾ ਇਸ ਦੀ ਸ਼ਾਖ ‘ਤੇ ਕੁਝ ਪਲ ਬਿਤਾ, ਅਗਲੇ ਪੜਾਅ ਵੱਲ ਜਾਣ ਲਈ ਉਡਾਣ ਭਰਦਾ। ਇਹ ਕਵਿਤਾ ਹਵਾ ਦੀ ਰੁਮਕਣੀ ਅਤੇ ਪੱਤਿਆਂ ਦੀ ਖੜਖੜ ਵਿਚ ਪੈਦਾ ਹੁੰਦੀ ਜੋ ਜਾਣ ਵਾਲੇ ਲਈ ਬਿਰਖ਼ ਦੀਆਂ ਦੁਆਵਾਂ ਵੀ ਹੁੰਦੀ ਅਤੇ ਟਾਹਣੀ ‘ਤੇ ਧਰੀ ਉਡੀਕ ਲਈ ਔਸੀਆਂ ਦਾ ਆਹਰ ਵੀ ਹੁੰਦੀ। ਜਾਣ ਵਾਲਾ ਇਕ ਤੜਫਣੀ ਪਿੱਛੇ ਛੱਡ ਜਾਂਦਾ ਹੈ ਜੋ ਬਿਰਖ਼ ਤੇ ਇਸਦੇ ਚੌਗਿਰਦੇ ਵਿਚ ਭਾਵੁਕ ਕੰਬਣੀ ਛੇੜਦੀ। ਪਰਿੰਦੇ ਦੇ ਵਾਪਸ ਪਰਤਣ ਦੀ ਉਡੀਕ ਬਣਦੀ। ਪਰਿੰਦੇ ਅਤੇ ਬਿਰਖ਼ ਦੇ ਪੱਤਿਆਂ ਦਾ ਸੁਰਤਾਲ ਹੀ ਬਿਰਖ਼ ਨੂੰ ਜਿਊਣਜੋਗਾ ਕਰਦਾ। ਅਜਿਹੀ ਫਿ਼ਜ਼ਾ ਵਿਚ ਪੈਦਾ ਹੋਈ ਕਵਿਤਾ ਬਹੁਤੇ ਲੋਕਾਂ ਨੂੰ ਜੀਵਨ-ਦਾਨ ਅਤੇ ਸੁਪਨ ਸੰਧਾਰਾ ਅਰਪਦੀ।

ਸਮਾਂ ਮਿਲੇ ਤਾਂ ਉਸ ਕਵਿਤਾ ਨੂੰ ਜ਼ਰੂਰ ਸੁਣਨਾ ਜਿਹੜੀ ਮਾਂ ਦੇ ਹੋਠਾਂ ‘ਤੇ ਗੁਣਗੁਣਾਉਂਦੀ ਹੈ ਜਦ ਉਹ ਆਪਣੀ ਕੁੱਖ ਵਿਚ ਪਲ ਰਹੇ ਬੱਚੇ ਦੀਆਂ ਸੁੱਖਾਂ ਸੁੱਖਦੀ, ਉਸ ਨਾਲ ਨਿੱਕੀਆਂ ਨਿੱਕੀਆਂ ਗੱਲਾਂ ਕਰਦੀ, ਕਹਾਣੀਆਂ ਸੁਣਾਉਂਦੀ ਅਤੇ ਬੱਚੇ ਲਈ ਵੱਡੇ ਸੁਪਨੇ ਉਣਦੀ। ਮਾਂ ਬੱਚਿਆਂ ਲਈ ਸੁੱਚਾ ਸੁਪਨੇ ਹੀ ਹੁੰਦੀ। ਮਾਂ ਲਈ ਬੱਚੇ ਅਤੇ ਬੱਚਿਆਂ ਲਈ ਮਾਂ ਦੇ ਮੋਹਵੰਤੇ ਸੰਬੰਧਾਂ ਵਿਚੋਂ ਉਗੀ ਕਵਿਤਾ, ਦਰਅਸਲ ਮਨੁੱਖੀ ਵਿਕਾਸ ਦਾ ਮੂਲ-ਮੰਤਰ ਅਤੇ ਮਾਨਵਤਾ ਦਾ ਆਦਿ ਤੇ ਅੰਤ ਹੈ।

ਅਗਰ ਤੁਸੀਂ ਕਵਿਤਾ ਦੀ ਆਤਮਿਕਤਾ ਨੂੰ ਸਮਝਣਾ ਹੈ ਤਾਂ ਇਕ ਅਜਿਹੀ ਕਵਿਤਾ ਨੂੰ ਅਵਚੇਤਨ ਵਿਚ ਜ਼ਰੂਰ ਉਤਾਰਨਾ ਜਦ ਇਕ ਹਮਰਾਜ਼ ਆਪਣੇ ਰੂਹ ਦੇ ਹਾਣੀ ਕੋਲੋਂ ਵਿਛੜਦਾ ਹੈ। ਮੋਹ-ਰੱਤੇ ਅਤੇ ਪਿਆਰੇ ਜਿਹੇ ਪਲ ਬਿਤਾਉਣ ਤੋਂ ਬਾਅਦ ਨਵੇਂ ਦਿਸਹੱਦਿਆਂ ਦੀ ਤਲਾਸ਼ ਵਿਚ ਅਗਲੇਰੀ ਪ੍ਰਵਾਜ਼ ਭਰਦਾ ਹੈ। ਪਿੱਛੇ ਨਿੱਘੀਆਂ ਨਿੱਘੀਆਂ ਯਾਦਾਂ ਦਾ ਜਖ਼ੀਰਾ ਛੱਡ ਜਾਂਦਾ ਹੈ ਜਿਸਦੀ ਫਰੋਲਾ-ਫਰਾਲੀ ਵਿਚ ਹੀ ਵਿੱਛੜੇ ਸਾਥੀ ਨੂੰ ਜਿਊਣ ਦਾ ਵਿਸਮਾਦ ਮਿਲਣਾ ਨਿਰੰਤਰ ਜਾਰੀ ਰਹਿੰਦਾ। ਇਹ ਯਾਦਾਂ ਰੂਹ-ਰੰਗੀ ਕਵਿਤਾ ਬਣ ਕੇ ਤੁਹਾਡੇ ਸਮੁੱਚ ਵਿਚ ਫੈਲ ਜਾਂਦੀ।
ਤੁਸੀਂ ਉਸ ਕਵਿਤਾ ਨੂੰ ਜਾਗਦੇ, ਸੌਂਦੇ, ਤੁਰਦੇ, ਖੜ੍ਹਦੇ ਅਤੇ ਦੁਨਿਆਵੀ ਕਾਰਜ ਕਰਦੇ ਇਕ ਲੋਰ ਵਿਚ ਰਹਿੰਦੇ। ਅਜਿਹੀ ਕਵਿਤਾ ਤੁਹਾਡੇ ਦਿਲ ਦੇ ਬਹੁਤ ਕਰੀਬ ਕਿਉਂਕਿ ਇਹੀ ਕਵਿਤਾ ਤਾਂ ਤੁਹਾਡੀ ਜਿ਼ੰਦਗੀ ਹੁੰਦੀ।
ਯਾਦ ਰਹਿਣਾ ਚਾਹੀਦਾ:

ਕਵਿਤਾ ਵਿਚੋਂ ਕਵਿਤਾ ਉਗਦੀ ਅਤੇ ਕਵਿਤਾ ਵਿਚੋਂ ਸਾਹ।
ਕਵਿਤਾ ਵਿਚੋਂ ਮੰਜ਼ਲ ਦਿਸਦੀ ਹੈ ਤੇ ਕਵਿਤਾ ਬਣਦੀ ਰਾਹ।
ਕਵਿਤਾ ਕਦੇ ਨਾ ਹਉਕਾ ਬਣੇ, ਨਾ ਹੀ ਹਿਚਕੀ ਆਹ।
ਕਵਿਤਾ ਹੋਵੇ ਸੁੱਚਾ ਸੁਪਨਾ ਅਤੇ ਅਣਛੋਹੇ ਜਿਹੇ ਚਾਅ।
ਜਿਸ ‘ਚੋਂ ਸਦਾ ਹੀ ਜਿੰ਼ਦਗੀ ਝਾਕੇ ਲੈ ਕੇ ਨਵੀਂ ਅਦਾਅ।
ਅਤੇ ਇਸ ਦੇ ਰੰਗ ‘ਚ ਸਾਡਾ ਆਪਾ ਬਣ ਜੇ ਲੋਅ-ਫਿਜ਼ਾ।

ਕਦੇ ਕਦਾਈਂ ਉਸ ਕਵਿਤਾ ਨੂੰ ਕਿਆਸਣਾ ਜਿਹੜੀ ਦੋ ਪ੍ਰੇਮੀਆਂ ਦੀ ਗੁਫ਼ਤਗੂ ਵਿਚੋਂ ਉਗਦੀ। ਜੋ ਇਕ ਦੂਜੇ ਦੇ ਨੈਣਾਂ ਵਿਚ ਤਾਰੀ ਹੁੰਦੀ। ਜਿਹੜੀ ਇਕ ਦੂਜੇ ਵਿਚ ਤੜਫੜਾਹਟ ਪੈਦਾ ਕਰਦੀ। ਜੋ ਮੂਕ ਰਹਿ ਕੇ ਬਹੁਤ ਕੁਝ ਕਹਿਣ ਅਤੇ ਆਖਣ ਦਾ ਗੁਰ ਸਿਖਾਉਂਦੀ। ਜਿਹੜੀ ਸਮੇਂ ਨੂੰ ਰੁਕ ਜਾਣ ਦਾ ਨਿਰਦੇਸ਼ ਵੀ ਹੁੰਦੀ। ਹਰ ਪਲ ਨੂੰ ਮਾਨਣ ਦਾ ਆਦੇਸ਼ ਵੀ ਹੁੰਦੀ। ਅੰਤਰੀਵ ਵਿਚ ਵੱਸਦਾ ਦਰਵੇਸ਼ ਵੀ ਹੁੰਦੀ। ਇਕ ਦੂਜੇ ਵਿਚ ਹੋ ਰਿਹਾ ਪ੍ਰਵੇਸ਼ ਵੀ ਹੁੰਦੀ। ਭਾਵਨਾਵਾਂ ਦਾ ਅਨਾਦੀ ਆਵੇਸ਼ ਵੀ ਹੁੰਦੀ ਅਤੇ ਆਪਣੇ ਹਿੱਸੇ ਦੀ ਵਰੇਸ ਵੀ ਹੁੰਦੀ।

ਕਵਿਤਾ ਤਾਂ ਧਰਤੀ ਦੇ ਪਿੰਡੇ ਵਿਚ ਉਸ ਵੇਲੇ ਵੀ ਫੁੱਟਦੀ ਹੈ ਜਦ ਇਕ ਬੀਜ ਪੁੰਘਰਦਾ। ਇਸਨੂੰ ਪੱਤੀਆਂ ਅਤੇ ਟਾਹਣੀਆਂ ਦਾ ਵਰਦਾਨ ਮਿਲਦਾ। ਫੁੱਲ ਅਤੇ ਫਲ ਕੁਦਰਤ ਦੀ ਕਾਇਨਾਤ ਨੂੰ ਵੰਡਦੀ। ਇਹ ਕਵਿਤਾ ਦਾ ਅਗਾਮੀ ਰੂਪ। ਧਰਤ ਦੇ ਪਿੰਡੇ ‘ਤੇ ਲਿਖੀ ਹੋਈ ਕਵਿਤਾ ਹੀ ਕੁਦਰਤ ਦੇ ਸਮੁੱਚ ਦਾ ਅਧਾਰ। ਇਸਦੀ ਹੋਂਦ ਵਿਚ ਜੀਵ-ਜੰਤੂ ਅਤੇ ਮਨੁੱਖਤਾ ਮੌਲਦੀ। ਮਨੁੱਖ ਨੂੰ ਧਰਤ ਵਾਂਗ ਬਣਨ ਦਾ ਅਚੇਤ ਸੁਨੇਹਾ ਵੀ ਮਿਲਦਾ ਕਿ ਬੰਦਿਆ ਕਦੇ ਤਾਂ ਧਰਤ ਵਰਗਾ ਬਣਨ ਦਾ ਅਹਿਦ ਕਰ ਅਤੇ ਮਰ ਕੇ ਵੀ ਜਿਉਂਦੇ ਰਹਿਣ ਦਾ ਦਮ ਭਰ।

ਕਵਿਤਾ ਤਾਂ ਕਵਿਤਾ ਵਿਚੋਂ ਪੈਦਾ ਹੁੰਦੀ ਹੈ ਜੋ ਸਾਡੇ ਆਲੇ-ਦੁਆਲੇ ਫੈਲੀ ਸਾਡੇ ਹੁੰਗਾਰੇ ਦੀ ਤਲਾਸ਼ ਵਿਚ ਰਹਿੰਦੀ। ਪਰ ਅਸੀਂ ਹੀ ਕਵਿਤਾ ਦੀ ਮੁਨਕਰੀ ਨੂੰ ਆਪਣੀ ਜੀਵਨ-ਜਾਚ ਬਣਾ ਲਿਆ। ਕਵਿਤਾ ਨੂੰ ਜ਼ਰੂਰ ਸੁਣੋ ਤੇ ਮਾਣੋ ਕਿਉਂਕਿ ਕਵਿਤਾ ਤੁਹਾਡਾ ਸਾਥ ਲੋਚਦੀ। ਕਾਹਤੋਂ ਬੇਮੁੱਖ ਹੁੰਦੇ ਹੋ? ਕਵਿਤਾ ਜਿਊਣ ਦਾ ਸਭ ਤੋਂ ਉਤਮ ਸਰੋਕਾਰ। ਇਹ ਕਵਿਤਾ ਸੜਕਾਂ, ਪਗਡੰਡੀਆਂ, ਪਹਿਆਂ, ਪਹੀਆਂ ਅਤੇ ਵੱਟਾਂ ‘ਤੇ ਵੀ ਨੰਗੇ ਪੈਰਾਂ ਨਾਲ ਲਿਖੀ ਜਾਂਦੀ ਹੈ। ਨੰਗੇ ਪਿੰਡਿਆਂ ‘ਤੇ ਤਿਖੇਰੀ ਧੁੱਪ ਵੀ ਕਵਿਤਾ ਲਿਖਦੀ। ਮਾਰੂਥਲ ਵਿਚ ਭਟਕਦੇ ਰਾਹੀ ਦੇ ਹੋਠਾਂ ‘ਤੇ ਤੜਫਦੀ ਪਿਆਸ ਰੂਪੀ ਕਵਿਤਾ ਨੂੰ ਪੜ੍ਹਨਾ ਬਹੁਤ ਔਖਾ ਹੁੰਦਾ। ਅਜਿਹੀ ਕਵਿਤਾ ਸਾਡੇ ਆਪਣੇ ਹੀ ਸਾਡੇ ਲਈ ਲਿਖਦੇ ਅਤੇ ਜਦ ਆਪਣੇ ਹੀ ਆਪਣਿਆਂ ਦੀ ਅਜਿਹੀ ਕਵਿਤਾ ਨਹੀਂ ਪੜ੍ਹਨਗੇ ਤਾਂ ਕੌਣ ਪੜ੍ਹੇਗਾ ਅਜਿਹੀ ਕਵਿਤਾ? ਸੋ ਲੋੜ ਹੈ ਕਿ ਮਨੁੱਖੀ ਮਾਨਕਿਸਤਾ ਨੂੰ ਸੂਰਜ ਵਰਗੀ ਰੰਗਤਾ ਬਖਸ਼ਣ ਲਈ ਅਜਿਹੀ ਕਵਿਤਾ ਨੂੰ ਪੜ੍ਹਨ ਦੀ ਆਦਤ ਪਾਈਏ। ਇਹ ਕਵਿਤਾ ਜਦ ਅੰਦਰ ਨੂੰ ਤੁਰਦੀ ਤਾਂ ਫਿਰ ਅਸੀਂ ਖੁਦ ਦੇ ਰੂਬਰੂ ਹੁੰਦੇ। ਆਂਤਰੀੜ ਵਿਚ ਉਤਰੀ ਕਵਿਤਾ ਨੂੰ ਮਾਨਣ ਦਾ ਹੁਨਰ ਆਉਂਦਾ ਹੈ ਕਿਉਂਕਿ ਇਹ ਕਵਿਤਾ ਅਸੀਂ ਖੁਦ ਹੀ ਲਿਖਦੇ ਅਤੇ ਖੁਦ ਹੀ ਪੜ੍ਹਦੇ ਹਾਂ। ਅਜਿਹੀ ਕਵਿਤਾ ਹੀ ਜਿ਼ੰਦਗੀ ਦਾ ਹਾਸਲ ਬਣਦੀ ਜਿਸਨੂੰ ਅਸੀਂ ਤਾਅ ਉਮਰ ਲੋਚਦੇ ਹਾਂ।
***
ਡਾ. ਗੁਰਬਖਸ਼ ਸਿੰਘ ਭੰਡਾਲ
ਫੋਨ: 216-556-2080

*’ਲਿਖਾਰੀ’ ਵਿਚ ਪ੍ਰਕਾਸ਼ਿਤ ਹੋਣ ਵਾਲੀਆਂ ਸਾਰੀਆਂ ਹੀ ਰਚਨਾਵਾਂ ਵਿਚ ਪ੍ਰਗਟਾਏ ਵਿਚਾਰਾਂ ਨਾਲ ‘ਲਿਖਾਰੀ’ ਦਾ ਸਹਿਮਤ ਹੋਣਾ ਜ਼ਰੂਰੀ ਨਹੀਂ। ਹਰ ਲਿਖਤ ਵਿਚ ਪ੍ਰਗਟਾਏ ਵਿਚਾਰਾਂ ਦਾ ਜ਼ਿੰਮੇਵਾਰ ਕੇਵਲ ‘ਰਚਨਾ’ ਦਾ ਕਰਤਾ ਹੋਵੇਗਾ।*
***
902
***

About the author

ਡਾ. ਗੁਰਬਖਸ਼ ਸਿੰਘ ਭੰਡਾਲ

ਡਾ. ਗੁਰਬਖਸ਼ ਸਿੰਘ ਭੰਡਾਲ

View all posts by ਡਾ. ਗੁਰਬਖਸ਼ ਸਿੰਘ ਭੰਡਾਲ →