ਕਿੱਥੇ ਅਸੀਂ ਪਿੰਡਾਂ ਆਲ਼ੇ ਚਾਹ ਪੀ ਕੇ ਬਾਟੀ ਦਾ ਥੱਲਾ ਨੰਗਾ ਕਰਨ ਵਾਲ਼ੇ ਤੇ ਕਿੱਥੇ ਤੁਸੀਂ ਕੋਕ ਪੀਂਦਿਆਂ ਦੋ ਘੁੱਟਾਂ ਕੱਚ ਦੇ ਗਲਾਸ ‘ਚ ਛੱਡਣ ਵਾਲ਼ੇ….ਆਪਣੇ ਮੇਲ਼ ਨੀਂ ਹੋਣੇ…. ਤੁਸੀਂ ਸਟੇਟਸ ਦੇ ਨਾਂ ‘ਤੇ ਅਨਾਜ ਦੀ ਖੇਹ-ਖ਼ਰਾਬੀ ਕਰਨ ਵਾਲ਼ੇ ਤੇ ਅਸੀਂ ਅੰਨ ਉਗਾਉਣ ਵਾਲ਼ੇ ਦਾਲ਼ ਆਲ਼ੀ ਕੌਲੀ ਨੂੰ ਉਂਗਲ ਨਾਲ਼ ਚੱਟ ਕੇ ਆਖ਼ਰੀ ਕਿਣਕੇ ਨੂੰ ਵੀ ਲੇਖੇ ਲਾਉਣ ਵਾਲ਼ੇ… ਆਪਣੇ ਮੇਲ਼ ਨੀਂ ਹੋਣੇ…
ਬੀਬੀ ਗੋਭੀ ਦਾ ਟੰਢਲ ਵੀ ਬਿਰਥਾ ਨੀਂ ਜਾਣ ਦਿੰਦੀ ਸੀ, ਆਲੂਆਂ ਨਾਲ਼ ਦੋ-ਤਿੰਨ ਗੋਭੀ ਦੇ ਫੁੱਲ ਨਸੀਬ ਹੋ ਜਾਣੇ ਤਾਂ ਚਾਅ ਚੜ੍ਹ ਜਾਂਦਾ ਸੀ, ਆਲੂ-ਮਟਰਾਂ ‘ਚ ਚੁੱਭੀ ਮਾਰਕੇ ਮਟਰ ਲੱਭਣਾ ਪੈਂਦਾ ਸੀ, ਦਵਾਲ਼ੀ ਤੋਂ ਅਗਲੇ ਦਿਨ ਹੀ ਗੋਭੀ ਬੇਸੁਆਦੀ ਹੋ ਜਾਂਦੀ ਸੀ, ਇਹੋ ਹਾਲ ਲੋਹੜੀ ਬਾਅਦ ਮੂੰਗਫਲੀ ਦਾ ਹੁੰਦਾ ਸੀ। ਚਾਚਾ ਅਰਜਨ, ਸਾਢੇ ਛੇ ਫੁੱਟ ਕੱਦ, ਵੱਡੇ ਚਾਚੇ ਨੰਜਣ ਦੇ ਸਹੁਰੀਂ ਕੋਈ ਸੱਦਾ-ਪੱਤਰ ਦੇਣ ਗਿਆ। ਉਹ ਪੱਠਿਆਂ ਆਲ਼ੀ ਗੱਡੀ ਗੇਟ ‘ਚ ਲਾ ਦਿੰਦੇ ਸੀ, ਚਾਚਾ ਗੇਟ ਤੋਂ ਗਿੱਠ ਉੱਚਾ, ਕਹਿੰਦੇ,”ਆਹ, ਗੱਡੀ ‘ਤੇ ਕੌਣ ਚੜ੍ਹਿਆ ਫਿਰਦਾ?” ਪ੍ਰਾਹੁਣੇ ਦੇ ਭਾਈ ਨੂੰ ਬੈਠਕ ‘ਚ ਬੈਠਾਕੇ ਚਾਹ-ਪਾਣੀ ਪਿਉਂਦਿਆਂ ਉਹਨਾਂ ਨੇ ਬਰਫ਼ੀ, ਬਿਸਕੁਟ, ਮਟਰੀ ਆਦਿ ਮੂਹਰੇ ਧਰਿਆ, ਚਾਚਾ ਸਭ ਕੁਝ ਸਮੇਟ ਕੇ ਪਲੇਟ ‘ਚ ਬਚੇ ਭੋਰ-ਚੋਰ ਦਾ ਵੀ ਫੱਕਾ ਮਾਰ ਗਿਆ! ਆਨੇ ਅੱਡੇ ਰਹਿਗੇ ਸ਼ਹਿਰ ਆਲ਼ਿਆਂ ਦੇ, ਊਠਾਂ ਆਲ਼ਿਆਂ ਨਾਲ਼ ਯਾਰੀ ਤੇ ਦਰਵਾਜੇ ਨੀਵੇਂ, ਇਹ ਨੀਂ ਗੱਲ ਚੱਲਣੀ ! ਫੇਰ ਕੀ ਏ ਜੇ ਅਸੀਂ ਤੋਰੀਆਂ ਦੀ ਸਬਜੀ ਨੂੰ ਕਈ ਵਾਰ ਦਾਲ਼ ਵੀ ਆਖ ਦਿੰਦੇ ਵਾਂ ਤੇ ਮਸ਼ੀਨ ਨੂੰ ਕਈ ਵਾਰ ਮਸੀਨ ਵੀ ਕਹਿ ਦਿੰਦੇ ਆਂ, ਅਸੀਂ ਪ੍ਰਾਹੁਣਿਆਂ ਦੇ ਆਉਣ ‘ਤੇ ਪ੍ਰੇਸ਼ਾਨੀ ਨੀਂ ਮੰਨਦੇ, ਮਰਨੀ ਮਰ ਜਾਈਏ ਪਰ ਸੇਵਾ ‘ਚ ਕੋਈ ਕਸਰ ਨੀਂ ਛੱਡਦੇ ? ਜਲੰਧਰੀਏ ਯਾਰ ਨੇ ਕਦੇ ਗਜ਼ਾ ਕਰਕੇ ਲਿਆਂਦੀ ਸੱਤ-ਭਾਂਤੀ ਸਬਜ਼ੀ ਨੀਂ ਖਾਧੀ ਸੀ, ਕੇਰਾਂ ਛਕ ਕੇ ਪੁੱਛਣ ਲੱਗਿਆ,”ਏਨੀ ਸਵਾਦ! ਇਹਦੀ ਰੈਸਪੀ ਕੀ ਆ?” ਮਖਿਆ,”ਬਗਲੀ ਗਲ ‘ਚ ਪਾ ਕੇ ਦਰ-ਦਰ ਭਉਣਾ ਪੈਂਦੈ!” ਜੇ ਸਾਰੇ ਟੱਬਰ ਨੇ ਵਿਆਹ ‘ਤੇ ਜਾਣਾ ਹੋਵੇ ਤਾਂ ਅਸੀਂ ਗੁਆਂਢੀਆਂ ਨੂੰ ਘਰ ਸੰਭਾਂ ਜਾਂਦੇ ਆਂ, ਮਗਰੋਂ ਉਹੀ ਮੱਝਾਂ ਨੂੰ ਪੱਠੇ ਪਾਉਂਦੇ, ਧਾਰਾਂ ਚੋਂਦੇ ਆ। ਰੋਜ਼ ਦੇ ਗਿੱਝੇ, ਨੇਮ ਦੇ ਪੱਕੇ ਸਾਡੇ ਬਲਦ ਆਪੇ ਘਰੋਂ ਖੇਤ ਤੇ ਖੇਤੋਂ ਘਰ ਆ ਜਾਂਦੇ ਆ, ਹੱਕਣ ਦੀ ਤੇ ਤੱਤਾ-ਤੱਤਾ, ਹਾਹਾ-ਹਾਹਾ ਕਰਨ ਦੀ ਲੋੜ ਈ ਨੀਂ ਪੈਂਦੀ। ਜਿੰਨ੍ਹਾਂ ਨੇ ਹੱਥੀਂ ਕੜਬ ਕੁਤਰੀ ਹੋਵੇ, ਬਰਸੀਮ ਵੇਲ਼ੇ ਉਹ ਅਨੰਦ ਲੈਂਦੇ ਨੇ ! ਭਗਤ ਰਾਜਗੁਰੂ ਸੁਖਦੇਵ ਸਾਡੇ ਲਈ ਇੱਕ ਨਾਂ ਏ ਅਸੀਂ ਇਹਨੂੰ ਕਦੇ ਧਰਮਾਂ, ਜਾਤਾਂ, ਮਜਹਬਾਂ ਦੇ ਨਾਂ ‘ਤੇ ਵੰਡ ਕੇ ਨੀਂ ਦੇਖਿਆ। ਜਾਹ, ਆਪਣੇ ਮੇਲ ਨੀਂ ਹੋਣੇ! ਕੋਈ ਹੋਰ ਲੱਭ ਆਪਣੀ ਸੋਚ ਵਾਲ਼ਾ! |
Smalsar, Moga, Punjab, India