29 March 2024

‘ਤੱਤੀਆਂ ਠੰਢੀਆਂ ਛਾਵਾਂ’ ਸਵੈ-ਜੀਵਨੀ ਦਾ ਇੱਕ ਪੰਨਾ: ਗੁਰਮੁਖ ਸਿੰਘ ਦੀ ਗੁਰਮੁਖੀ—ਹਰਬਖ਼ਸ਼ ਸਿੰਘ ਮਕਸੂਦਪੁਰੀ

‘ਲਿਖਾਰੀ’ ਦੀ 2006 ਦੀ ਪੁਰਾਣੀ ਫਾਈਲ ਤੋਂ ‘ਤੱਤੀਅਾਂ ਠੰਡੀਅਾਂ ਛਾਵਾਂ’ ਪੁਸਤਕ ਦੇ ਪੰਂਨਾ 66 ਤੇ ਪ੍ਰਕਾਸ਼ਿਤ ਸਵੈ-ਜੀਵਨੀ ਦਾ ਪੰਨਾ ਮੁੜ ਹਾਜ਼ਰ ਕਰ ਰਿਹਾ ਹਾਂ:

ਗੁਰਮੁਖ ਸਿੰਘ ਦੀ ਗੁਰਮੁਖੀ

ਉਮਰ ਤੀਹ ਕੁ ਸਾਲ, ਚੱਪਾ ਚੱਪਾ ਦਾੜੀ, ਕੱਦ ਦਰਮਿਆਨਾ, ਸਿਰ ਤੇ ਪੀਲੀ ਪੋਚਵੀਂ ਪੱਗ, ਪੱਗ ਦੇ ਹੇਠਾਂ ਨੀਲੀ ਕੇਸਕੀ ਤੇ ਉੱਪਰ ਚੱਕਰ, ਨੀਲਾ ਕੁੜਤਾ, ਚਿੱਟਾ ਰੇਬ ਕਛਹਿਰਾ, ਗਲ਼ ਕਮਰ-ਕੱਸੇ ਵਿਚ ਵੱਧੀ ਤਿੰਨ ਫੁਟੀ ਕਿਰਪਾਨ ਤੇ ਹੱਥ ਵਿਚ ਬਰਛਾ, ਇਹੋ ਜੇਹੇ ਪਹਿਰਾਵੇ ਵਾਲਾ ਬੰਦਾ ਜੇ ਦੂਰੋਂ ਵੀ ਤੁਰਿਆ ਆਉਂਦਾ ਦਿਸ ਪਵੇ, ਤਾਂ ਵੀ ਪਿੰਡ ਦਾ ਹਰ ਬੰਦਾ ਜਾਣ ਲੈਂਦਾ ਸੀ ਕਿ ਇਹ ਭਾਈ ਗੁਰਮੁਖ ਸਿੰਘ ਹੈ।

ਸਾਡੇ ਘਰ ਦੇ ਸਾਹਮਣੇ ਪਿੰਡ ਸੂੰਢ ਦੀ ਜ਼ਮੀਨ ਵਿਚ ਬਣੇ ਰਾਮਗੜ੍ਹੀਆ ਗੁਰਦੁਆਰੇ ਵਿਚ ਭਾਈ ਗੁਰਮੁਖ ਸਿੰਘ ਨੂੰ ਆ ਕੇ ਟਿਕਿਆਂ ਹਾਲੀਂ ਬਹੁਤਾ ਚਿਰ ਨਹੀਂ ਹੋਇਆ ਸੀ। ਸੂੰਢ-ਮਕਸੂਦਪੁਰ ਦੇ ਹਿੰਦੂ ਸਿੱਖ ਵਸਨੀਕ ਇਸਨੂੰ ਆਪਣਾ ਸੁਭਾਗ ਹੀ ਸਮਝਦੇ ਸਨ ਕਿ ਇਹੋ ਜੇਹਾ ਸੱਚਾ ਸੁੱਚਾ ਗੁਰੂ ਦਾ ਤਿਆਰ-ਬਰ-ਤਿਆਰ ਸਿੰਘ ਰਾਮਗੜ੍ਹੀਆ ਗੁਰਦੁਆਰੇ ਨੂੰ ਗ੍ਰੰਥੀ ਨਸੀਬ ਹੋਇਆ ਹੈ। ਕੁੱਝ ਸਾਲ ਪਹਿਲਾਂ ਬਣੇ ਗੁਰਦੁਆਰੇ ਵਿਚ ਇਸਤੋਂ ਪਹਿਲਾਂ ਜਿਹੜਾ ਵੀ ਭਾਈ ਆਇਆ ਸੀ ਉਹ ਕੁੱਝ ਮਹੀਨਿਆਂ ਤੋਂ ਵੱਧ ਟਿਕ ਨਹੀਂ ਸਕਿਆ ਸੀ। ਕਾਰਨ ਇਹ ਸੀ ਕਿ ਇਸ ਨਵੇਂ ਬਣੇ ਗੁਰਦੁਆਰੇ ਨੂੰ ਚਲਾਉਣ ਲਈ ਕੁੱਝ ਪੜ੍ਹੇ ਲਿਖੇ ਤੇ ਨਵੇਂ ਨਵੇਂ ਸਜੇ ਰਾਮਗੜ੍ਹੀਆ ਸਿੱਖਾਂ ਦੀ ਇੱਕ ਕਮੇਟੀ ਬਣੀ ਹੋਈ ਸੀ, ਜਿਹੜੀ ਗੁਰਦੁਆਰੇ ਦੀ ਆਮਦਨੀ ਖ਼ਰਚ ਦਾ ਹਿਸਾਬ ਰੱਖਦੀ ਸੀ। ਆਖਰ ਭਾਈਆਂ ਨੂੰ ਵੀ ਤਾਂ ਢਿੱਡ ਲੱਗਾ ਹੋਇਆ ਹੁੰਦਾ ਹੈ ਤੇ ਉਨ੍ਹਾਂ ਦਾ ਜੇ ਆਪਣਾ ਟੱਬਰ ਟੀਹਰ ਨਾ ਵੀ ਹੋਵੇ ਤਾਂ ਭਰਾ ਭਾਈ, ਭਤੀਜੇ ਭਤੀਜੀਆਂ ਤਾਂ ਹੁੰਦੇ ਹੀ ਹਨ। ਭਾਈ ਗੁਰਮੁੱਖ ਸਿੰਘ ਦਾ ਨਾ ਆਪਣਾ ਟੱਬਰ ਸੀ ਨਾ ਕੋਈ ਭਰਾ ਭੈਣ ਜਾਂ ਭਤੀਜੇ ਭਤੀਜੀਆਂ। ਇਹੋ ਜੇਹਾ ਭਾਈ ਹੀ ਇਸ ਕਮੇਟੀ ਨੂੰ ਬਾਰਾ ਖਾਂਦਾ ਸੀ।

ਭਾਈ ਗੁਰਮੁਖ ਸਿੰਘ ਦਾ ਪਹਿਰਾਵਾ ਭਾਵੇਂ ਨਿਹੰਗਾਂ ਵਰਗਾ ਸੀ ਪਰ ਉਹ ਆਪ ਆਮ ਨਿਹੰਗਾਂ ਵਰਗਾ ਨਿਹੰਗ ਨਹੀਂ ਸੀ। ਨਾ ਉਹ ਸੁੱਖਾ ਛਕਦਾ ਸੀ ਨਾ ਕੋਈ ਹੋਰ ਨਸ਼ਾ, ਇੱਥੋਂ ਤੱਕ ਕਿ ਉਹ ਚਾਹ ਵੀ ਨਹੀਂ ਪੀਂਦਾ ਸੀ। ਇਸ ਕਰਕੇ ਉਹ ਆਮ ਨਿਹੰਗਾਂ ਨਾਲੋਂ ਵੱਖਰੀ ਕਿਸਮ ਦਾ ਨਿਹੰਗ ਸੀ। ਉਹ ਸੁੱਚਮ ਬਹੁਤ ਰੱਖਦਾ ਸੀ। ਆਪ ਹੀ ਸਰਬ-ਲੋਹ ਦੇ ਭਾਂਡਿਆਂ ਵਿਚ ਆਪਣਾ ਖਾਣਾ ਬਣਾਉਂਦਾ ਸੀ। ਕਿਸੇ ਦੇ ਘਰ ਉਹ ਆਮ ਤੌਰ ਤੇ ਖਾਂਦਾ ਨਹੀਂ ਸੀ। ਕੇਵਲ ਆਪਣੇ ਵਰਗੇ ਸੁੱਚਮੀ ਅੰਮ੍ਰਿਤਧਾਰੀ ਸਿੱਖ ਜਿਸਦੀ ਸਿੰਘਣੀ ਵੀ ਅੰਮ੍ਰਿਤਧਾਰੀ ਹੋਵੇ ਦੇ ਘਰ ਦਾ ਬਣਿਆ ਖਾਣਾ ਹੀ ਉਹ ਠੀਕ ਸਮਝਦਾ ਸੀ। ਇਹੋ ਜੇਹੇ ਘਰ ਇਸ ਪਿੰਡ ਵਿਚ ਲਭਣੇ ਮੁਸ਼ਕਲ ਸਨ।

  ਉਹ ਆਪਣੇ ਨਿਤ ਦੇ ਨੇਮਾਂ ‘ਤੇ ਸਖਤੀ ਨਾਲ ਚਲਦਾ ਸੀ। ਮੀਂਹ ਜਾਵੇ ਨ੍ਹੇਰੀ ਜਾਵੇ ਰੋਜ਼ ਤੜਕੇ ਚਾਰ ਵਜੇ ਉਠਦਾ ਸੀ ਤੇ ਆਪਣਾ ਪਾਣੀ ਵਾਲਾ ਡੋਲਾ ਚੁੱਕ ਕੇ ਜੰਗਲਪਾਣੀ ਲਈ ਤੁਰ ਜਾਂਦਾ ਸੀ। ਉਹ ਦਾਤਣ ਨਿਤ ਕਰਦਾ ਸੀ ਉਹ ਵੀ ਕਿੱਕਰ ਦੀ ਤਾਜ਼ਾ ਵੱਢ ਕੇ, ਇਸ ਪਿੱਛੋਂ ਇਸ਼ਨਾਨ ਕਰਦਾ ਸੀ ਤੇ ਨਾਲ ਦੀ ਨਾਲ ਪੰਜਾਂ ਬਾਣੀਆਂ ਦਾ ਜ਼ਬਾਨੀ ਪਾਠ। ਉਹ ਇਸ ਨਿਤਨੇਮ ਪਿੱਛੋਂ ਗੁਰੂ ਗਰੰਥ ਸਾਹਿਬ ਦਾ ਪ੍ਰਕਾਸ਼ ਕਰਦਾ ਤੇ ਫੇਰ ਹਰਮੋਨੀਅਮ ਲੈ ਕੇ ਆਸਾ ਦੀ ਵਾਰ ਦਾ ਗਾਇਣ ਸ਼ੁਰੂ ਕਰ ਦਿੰਦਾ। ਰਾਤ ਨੂੰ ਰਹਿਰਾਸ ਦਾ ਪੂਰਾ ਪਾਠ ਤੇ ਫੇਰ ਗਿਆਰਾਂ ਵਜੇ ਤੱਕ ਕੀਰਤਨ ਵੀ ਉਸ ਦੇ ਨਿਤਨੇਮ ਵਿਚ ਸ਼ਾਮਿਲ ਹੁੰਦਾ ਸੀ। ਨਵੇਂ ਨਵੇਂ ਸਜੇ ਸਿੰਘਾਂ ਵਾਂਗ ਉਸ ਵਿਚ ਸਿੱਖੀ ਦਾ ਜੋਸ਼ ਤੇ ਉਤਸ਼ਾਹ ਹੜ੍ਹ ਆਏ ਦਰਿਆ ਵਾਂਗ ਠਾਠਾਂ ਮਾਰਦਾ ਸੀ।

ਉਹ ਕਿਥੋਂ ਆਇਆ ਸੀ? ਕੌਣ ਸੀ? ਕਿਸੇ ਨੂੰ ਵੀ ਪੂਰਾ ਪਤਾ ਨਹੀਂ ਸੀ। ਉਂਝ ਦੰਦ ਕਥਾਵਾਂ ਤਾਂ ਕਈ ਪ੍ਰਚਲੱਤ ਸਨ। ਕੋਈ ਕਹਿੰਦਾ ਸੀ ਕਿ ਇਹ ਇਸ ਕਰ ਕੇ ਘਰੋਂ ਨੱਠ ਆਇਆ ਸੀ ਕਿ ਇਸਦੇ ਮਾਪੇ ਇਸਦਾ ਵਿਆਹ ਕਰਨਾ ਚਾਹੁੰਦੇ ਸਨ ਤੇ ਇਹ ਆਪਣਾ ਜੀਵਨ ਨਾਮ ਜਪਦਿਆਂ ਲੰਘਾਉਣ ਦਾ ਅਭਿਲਾਖੀ ਸੀ। ਕੋਈ ਇਹ ਵੀ ਕਹਿੰਦਾ ਸੀ ਕਿ ਇਹਨੇ ਆਪਣੇ ਇੱਕ ਹਾਣੀ ਨੂੰ ਖੂਹ ‘ਚ ਧੱਕਾ ਦੇ ਦਿੱਤਾ ਸੀ, ਫੇਰ ਡਰਦਾ ਘਰੋਂ ਦੌੜ ਆਇਆ ਸੀ ਤੇ ਮੁੜ ਕੇ ਘਰ ਨਹੀਂ ਗਿਆ ਸੀ। ਅਸਲ ਗੱਲ ਦਾ ਕਿਸੇ ਨੂੰ ਵੀ ਪਤਾ ਨਹੀਂ ਸੀ। ਇੰਨਾ ਅਵੱਸ਼ ਪਤਾ ਲਗਦਾ ਸੀ ਕਿ ਉਹ ਅਕਾਲਗੜ੍ਹ ਵਾਲੇ ਸੰਤ ਹਰਨਾਮ ਸਿੰਘ ਕੋਲ ਤੇਰਾਂ ਕੁ ਸਾਲ ਦੀ ਉਮਰ ਵਿਚ ਆ ਗਿਆ ਸੀ ਤੇ ਉਸ ਕੋਲ ਰਹਿੰਦਾ ਹੀ ਗੁਰਬਾਣੀ ਦਾ ਅਭਿਆਸੀ ਬਣਿਆ ਸੀ ਤੇ ਅੰਮ੍ਰਿਤ ਛਕ ਕੇ ਤਿਆਰ-ਬਰ-ਤਿਆਰ ਸਿੰਘ ਸਜਿਆ ਸੀ।

ਜੇ ਨਵੇਂ ਸਜੇ ਨੌਜਵਾਨ ਸਿੰਘ ਦੇ ਅੰਦਰ ਸਿੱਖੀ ਦੇ ਪਰਚਾਰ ਤੇ ਪਰਸਾਰ ਲਈ ਜੋਸ਼ ਤੇ ਉਤਸ਼ਾਹ ਨਾ ਹੋਵੇ, ਤਾਂ ਉਹਦੀ ਜਵਾਨੀ ਵਿਚ ਨੁਕਸ ਹੁੰਦਾ ਹੈ। ਗੁਰਮੁਖ ਸਿੰਘ ਪੂਰਾ ਗੁਰਮੁਖ ਵੀ ਸੀ ਤੇ ਜਵਾਨ ਵੀ। ਜੋਸ਼ ਤੇ ਉਤਸ਼ਾਹ ਉਹਦੇ ਅੰਦਰ ਠਾਠਾਂ ਮਾਰਦਾ ਸੀ। ਇਸ ਲਈ ਉਹਨੇ ਘਰ ਘਰ ਜਾ ਕੇ ਭੁਜੰਗੀਆਂ ਨੂੰ ਇਕੱਠੇ ਕਰ ਕੇ ਗੁਰਦੁਆਰੇ ਲਿਆ ਕੇ ਗੁਰਮੁਖੀ ਤੇ ਗੁਰਬਾਣੀ ਪੜ੍ਹਾਉਣ ਦਾ ਕੰਮ ਅਰੰਭ ਕਰ ਦਿੱਤਾ। ਪਿੰਡ ਦੇ ਸਿੱਖਾਂ ਦੇ ਤਾਂ ਜਾਣੋ ਸੁੱਤੇ ਭਾਗ ਜਾਗ ਪਏ। ਇਹੋ ਜੇਹਾ ਸੱਚਾ ਸੁੱਚਾ ਗੁਰੂ ਦਾ ਸਿੱਖ ਉਨ੍ਹਾਂ ਦੇ ਬੱਚਿਆਂ ਨੂੰ ਗੁਰੂ ਨਾਲ ਜੋੜੇ ਉਨ੍ਹਾਂ ਨੂੰ ਹੋਰ ਕੀ ਚਾਹੀਦਾ ਸੀ?

ਮੈਨੂੰ ਤੇ ਮੇਰੇ ਭਰਾ ਮਲਕੀਤ ਨੂੰ ਸਕੂਲ ਜਾਂਦਿਆਂ ਨੂੰ ਦੋ ਸਾਲ ਤੋਂ ਉਪਰ ਹੋ ਗਏ ਸਨ। ਪੜ੍ਹਾਈ ਵਿਚ ਅਸੀਂ ਦੋਵੇਂ ਹੀ ਕਿਸੇ ਤੋਂ ਪਿੱਛੇ ਨਹੀਂ ਸਾਂ। ਇਸ ਲਈ ਬਿਨਾਂ ਰੋਕ ਟੋਕ ਤੀਜੀ ਜਮਾਤ ਵਿਚ ਚੜ੍ਹ ਗਏ ਸਾਂ। ਪਰ ਮਾਂ ਗੁਰਸਿੱਖ ਤੇ ਗੁਰਬਾਣੀ ਪੜ੍ਹਨ ਸੁਣਨ ਵਾਲੀ ਸੀ। ਉਹਦਾ ਜੀਅ ਤਾਂ ਹੀ ਖ਼ੁਸ਼ ਹੋ ਸਕਦਾ ਸੀ ਜੇ ਅਸੀਂ ਗੁਰਮੁਖੀ ਤੇ ਗੁਰਬਾਣੀ ਵੀ ਪੜ੍ਹਦੇ। ਇਹ ਘਾਟਾ ਉਹ ਆਪ ਵੀ ਪੂਰਾ ਕਰਨ ਦਾ ਯਤਨ ਕਰਦੀ ਰਹੀ ਸੀ। ਉਰਦੂ ਦੀ ਰੇਲ-ਗੱਡੀ ਚਲਾਈ ਰੱਖਣ ਵਾਲੇ ਲਈ “ਊੜਾ ਐੜਾ” ਸਿੱਖ ਲੈਣਾ ਕੋਈ ਔਖਾ ਕੰਮ ਨਹੀਂ ਸੀ, ਪਰ ਮਾਂ ਨੇ ਜਪੁਜੀ ਸਾਹਿਬ ਦੀਆਂ ਪਉੜੀਆਂ ਵੀ ਕੰਠ ਕਰਨ ਦਾ ਹੁਕਮ ਚਾੜ੍ਹ ਦਿੱਤਾ। ਹੁਕਮ ਅਦੂਲੀ ਤਾਂ ਕੀਤੀ ਨਹੀਂ ਜਾ ਸਕਦੀ ਸੀ। ਗੁਰਮੁਖੀ ਪੜ੍ਹਨੀ ਹਾਲੀਂ ਆਈ ਨਹੀਂ ਸੀ, ਇਸ ਲਈ ਮਾਂ ਤੋਂ ਸੁਣੀ ਪਉੜੀ ਯਾਦ ਰੱਖਣੀ ਪੈਂਦੀ ਸੀ। ਤਾਂ ਵੀ ਔਖੇ ਸੁਖਾਲੇ ਜਪੁਜੀ ਦੀਆਂ ਪਉੜੀਆਂ ਵੀ ਚੜ੍ਹਨੀਆਂ ਅਰੰਭ ਕਰ ਦਿੱਤੀਆਂ ਸਨ। ਮੇਰੀ ਮਾਂ ਇਸ ਨਵੇਂ ਬਣੇ ਮੌਕੇ ਨੂੰ ਕਿਉਂ ਹੱਥੋਂ ਜਾਣ ਦਿੰਦੀ? ਉਹਨੇ ਇੱਕ ਦਿਨ ਮੈਨੂੰ ਤੇ ਮੇਰੇ ਭਰਾ ਮਲਕੀਤ ਦੋਹਾਂ ਨੂੰ ਕੰੰਨੋ ਫੜ ਕੇ ਨਿਹੰਗ ਗੁਰਮੁਖ ਸਿੰਘ ਦੇ ਹਵਾਲੇ ਕਰ ਦਿੱਤਾ।

ਗੁਰਸਿੱਖੀ ਦੀ ਪੂਰੀ ਮਰਯਾਦਾ ਦਾ ਅਭਿਆਸ ਕਰਾਉਣ ਲਈ ਨਿਹੰਗ ਗੁਰਮੁਖ ਸਿੰਘ ਨੇ ਮੁੰਡਿਆਂ ਨੂੰ ਰਾਤ ਵੀ ਆਪਣੇ ਕੋਲ ਹੀ ਰੱਖਣਾ ਸ਼ੁਰੂ ਕਰ ਦਿੱਤਾ। ਗੁਰਦੁਆਰੇ ਦੇ ਵਡੇ ਗੇਟ ਦੇ ਦੋਹੀਂ ਪਾਸੀਂ ਇੱਕ ਇੱਕ ਕੋਠੜੀ ਬਣੀ ਹੋਈ ਸੀ। ਇਨ੍ਹਾਂ ਕੋਠੜੀਆਂ ਵਿਚ ਪੰਦਰਾਂ ਕੁ ਮੁੰਡੇ ਸਹਿਜੇ ਹੀ ਸੌਂ ਸਕਦੇ ਸਨ। ਦਸ ਬਾਰਾਂ ਕੁ ਮੁੰਡੇ ਭਾਈ ਗੁਰਮੁਖ ਸਿੰਘ ਦੇ ਕੋਲ ਰਹਿਣ ਵੀ ਲੱਗ ਪਏ। ਭਾਵੇਂ ਸਾਡਾ ਘਰ ਗੁਰਦੁਆਰੇ ਤੋਂ ਮਸਾਂ ਪੰਦਰਾਂ ਕੁ ਗਜ ਦੀ ਵਿੱਥ ‘ਤੇ ਹੀ ਸੀ ਫੇਰ ਵੀ ਸਾਨੂੰ ਉਹਦੇ ਕੋਲ ਰਹਿਣ ਲਈ ਮਜ਼ਬੂਰ ਹੋਣਾ ਪੈ ਗਿਆ। ਆਖਰ ਪੂਰੀ ਮਰਯਾਦਾ ਤਾਂ ਇਸਤਰ੍ਹਾਂ ਹੀ ਸਿੱਖੀ ਜਾ ਸਕਦੀ ਸੀ।

ਬਸ ਫੇਰ ਕੀ ਸੀ? ਮਰਯਾਦਾ ਦਾ ਅਭਿਆਸ ਅਰੰਭ ਹੋ ਗਿਆ। ਤੜਕੇ ਸਵੇਰੇ ਸਾਰੇ ਚਾਰ ਵਜੇ ਉੱਠਦੇ। ਕਿਸੇ ਨੇ ਜ਼ਰਾ ਘੌਲ ਕੀਤੀ ਨਹੀਂ ਕਿ ਭਾਈ ਨੇ ਉਸ ਉੱਤੇ ਠਰੇ ਹੋਏ ਪਾਣੀ ਦਾ ਗੜਬਾ ਉਲਟਾਇਆ ਨਹੀਂ! ਪਰ ਇਸਦੀ ਲੋੜ ਘਟ ਹੀ ਪੈਂਦੀ ਸੀ, ਕਿਉਂਕਿ ਸਾਰੇ ਮੁੰਡੇ ਆਪ ਹੀ ਡਰਦੇ ਉਠ ਖਲੋਂਦੇ ਸਨ। ਮੁੰਡਿਆਂ ਨੂੰ ਐਨ ਉਸੇ ਤਰ੍ਹਾਂ ਕਰਨਾ ਪੈਂਦਾ, ਜਿਸ ਤਰ੍ਹਾਂ ਇਹ ਨਿਹੰਗ ਆਪ ਕਰਦਾ ਸੀ। ਅਸੀਂ ਜਦ ਸਾਰੇ ਨਿਤਨੇਮ ਤੇ ਫੇਰ ਆਸਾ ਦੀ ਵਾਰ ਦੇ ਕੀਰਤਨ ਤੋਂ ਵਿਹਲੇ ਹੁੰਦੇ ਸਾਂ, ਉਸ ਵੇਲ਼ੇ ਤੱਕ ਸਕੂਲ ਨੂੰ ਜਾਣ ਦਾ ਸਮਾਂ ਵੀ ਹੋ ਚੁੱਕਾ ਹੁੰਦਾ ਸੀ। ਘਰ ਪੁਜਦਿਆਂ ਹੀ ਛੇਤੀ ਛੇਤੀ ਰੋਟੀ ਨਿਗਲ ਕੇ ਸਕੂਲ ਲਈ ਤੁਰ ਪੈਂਦੇ ਸਾਂ। ਫੇਰ ਸਕੂਲ ਤੋਂ ਛੁੱਟੀ ਹੋਣ ‘ਤੇ ਪਹਿਲਾਂ ਤਾਂ ਖੂਹ ਤੇ ਮੱਝਾਂ ਦਾ ਪੇੜਾ ਛਡਣ ਜਾਣਾ ਤੇ ਪਸੂਆਂ ਲਈ ਪੱਠਾ ਦੱਥਾ ਵਢਣ/ਕੁਤਰਨ ਦੇ ਕੰਮ ਵਿਚ ਵੀ ਹੱਥ ਵਟਾਉਣਾ ਪੈਂਦਾ ਸੀ। ਫੇਰ ਵਿਹਲੇ ਹੋ ਕੇ ਸਕੂਲ ਦਾ ਦਿੱਤਾ ਕੰਮ ਕਰਨ ਪਿੱਛੋਂ ਰਾਤ ਦੀ ਰੋਟੀ ਦਾ ਕੰਮ ਨਿਬੇੜ ਕੇ ਗੁਰਦੁਆਰੇ ਜਾ ਪੁਜਦੇ ਸਾਂ। ਸ਼ਾਮ ਨੂੰ ਰਹਿਰਾਸ ਦਾ ਪਾਠ ਕਰਨਾ/ਸੁਣਨਾ ਤੇ ਫੇਰ ਕੁੱਝ ਚਿਰ ਸ਼ਬਦ ਕੀਰਤਨ ਵਿਚ ਹਿੱਸਾ ਲੈਣਾ ਹੁੰਦਾ ਸੀ। ਗਿਆਰਾਂ ਵਜੇ ਤੋਂ ਪਹਿਲਾਂ ਕਦੀਂ ਵੀ ਛੁਟਕਾਰਾ ਨਹੀਂ ਹੁੰਦਾ ਸੀ।

ਜਿਹੜਾ ਮੁੰਡਾ ਨਿਤਨੇਮ ਵਿਚ ਢਿਲਮੱਠ ਕਰਦਾ ਨਿਹੰਗ ਉਹਨੂੰ “ਤਨਖਾਹ” ਲਾ ਦਿੰਦਾ। ਤਨਖਾਹ ਵੀ ਏਹੋ ਜੇਹੀ ਜਿਹੜੀ ਸਖਤ ਜਾਨ ਵਾਲਿਆਂ ਦਾ ਵੀ ਅਰਾਟ ਕੱਢ ਦੇਵੇ। ਉਹ ਕਦੀਂ ਇਹ ਨਹੀਂ ਸੋਚਦਾ ਸੀ ਕਿ ਇੰਨੀ ਛੋਟੀ ਉਮਰ ਦੇ ਬੱਚੇ ਇਸ ਸਖਤੀ ਨੂੰ ਝਲ ਲੈਣ ਦੇ ਯੋਗ ਵੀ ਹਨ ਕਿ ਨਹੀਂ। ਇੱਕ ਵੇਰ ਮੇਰੀ ਛੋਟੀ ਜੇਹੀ ਕੁਤਾਹੀ ਦੀ ਮੈਨੂੰ ਇਹ ਤਨਖਾਹ ਲੱਗੀ ਕਿ ਮੈਂ ਇੱਕ ਮਹੀਨਾ ਖੂਹੀ ਵਿਚੋਂ ਹੱਥੀਂ ਡੋਲ ਖਿਚ ਖਿਚ ਕੇ ਸਾਰੇ ਭੁਜੰਗੀ ਦੱਲ ਨੂੰ ਇਸ਼ਨਾਨ ਕਰਾਵਾਂ। ਭਰ ਸਿਆਲ ਦੇ ਦਿਨ ਸਨ। ਗੁਰਦੁਆਰੇ ਦੀ ਖੂਹੀ ਤੇ ਲੱਜ ਵਾਲਾ ਡੋਲ ਨਹੀਂ ਸੀ, ਲੋਹੇ ਦੀ ਸੰਗਲੀ ਵਾਲਾ ਸੀ। ਲੋਹੇ ਦੀ ਠਰੀ ਹੋਈ ਸੰਗਲੀ ਮੇਰੇ ਹੱਥਾਂ ਨੂੰ ਬਰਫ ਬਣਾ ਦਿੰਦੀ। ਤੜਕੇ ਚਾਰ ਵਜੇ ਦੇ ਨੇੜੇ ਤੇੜੇ ਮੈਨੂੰ ਦੁਖ ਰਹੇ ਠੰਡੇ ਬਰਫ ਹੱਥਾਂ ਨਾਲ ਪਾਣੀ ਕੱਢ ਕੇ ਸਾਰਿਆਂ ਨੂੰ ਇਸ਼ਨਾਨ ਕਰਾਉਣਾ ਪੈਂਦਾ। ਮੈਂ ਨਾਲੇ ਰੋਈ ਜਾਣਾ ਨਾਲੇ ਡੋਲ ਕੱਢੀ ਜਾਣੇ। ਮੇਰੇ ਭਰਾ ਮਲਕੀਤ ਨੇ ਨਿਹੰਗ ਤੋਂ ਅੱਖ ਬਚਾ ਮੇਰੀ ਮਦਦ ਕਰ ਦੇਣੀ। ਤਰਸ ਨਾਉਂ ਦੀ ਵਸਤੂ ਤਾਂ ਗੁਰਮੁਖ਼ ਸਿੰਘ ਦੇ ਨੇੜਿਉਂ ਵੀ ਨਹੀਂ ਲੰਘੀ ਸੀ। ਰੋਂਦਿਆਂ ਕੁਰਲਾਂਦਿਆਂ ਤਨਖਾਹ ਪੂਰੀ ਕਰਨ ਪਿੱਛੋਂ ਹੀ ਮੇਰਾ ਛੁਟਕਾਰਾ ਹੋਇਆ।

ਭਾਈ ਗੁਰਮੁਖ ਸਿੰਘ ਨੇ ਥੋੜੇ ਚਿਰ ਪਿੱਛੋਂ ਹੀ ਆਪਣੇ ਚੇਲਿਆਂ ਲਈ ਖਾਲਸਈ ਪਹਿਰਾਵਾ ਲਾਗੂ ਕਰ ਦਿੱਤਾ। ਪੀਲੀ ਪੱਗ, ਨੀਲਾ ਝੱਗਾ, ਤੇੜ ਕਛਹਿਰਾ ਤੇ ਗਲ਼ ਕ੍ਰਿਪਾਨ ਹਰ ਇੱਕ ਲਈ ਲਾਜ਼ਮੀ ਸੀ। ਫੇਰ ਉਹਨੇ ਸਾਡੇ ਲਈ ਸਾਡੇ ਕੱਦ ਦੇ ਅਨੁਸਾਰ ਲੋਹੇ ਦੇ ਬਰਛੇ ਵੀ ਬਣਾ ਦਿੱਤੇ। ਇਸ ਤਰ੍ਹਾਂ ਖਾਲਸਾ ਦੱਲ ਦਾ ਇਕ ਜਥਾ ਸਮਝੋ ਤਿਆਰ ਹੋ ਗਿਆ। ਜਦੋਂ ਨਿਹੰਗ ਗੁਰਮੁਖ ਸਿੰਘ ਭੁਜੰਗੀ ਸਿੰਘਾਂ ਦਾ ਜਥਾ ਨਾਲ ਲੈ ਕੇ ਕਿੱਧਰੇ ਚੜ੍ਹਾਈ ਕਰਦਾ ਤਾਂ ਦੇਖਣ ਵਾਲਾ ਹੀ ਨਜ਼ਾਰਾ ਹੁੰਦਾ। ਅੱਗੇ ਅੱਗੇ ਬਰਛਾ ਮੋਢੇ ਤੇ ਰੱਖੀ ਨਿਹੰਗ ਸਿੰਘ ਆਪ ਤੇ ਪਿੱਛੇ ਪਿੱਛੇ ਛੋਟੇ ਛੋਟੇ ਬਰਛੇ ਚੁਕੀ ਉਸਦਾ ਭੁਜੰਗੀ ਦੱਲ ਮਾਰਚ ਕਰਦਾ।

ਅਸੀਂ ਸਾਰੇ ਮੁੰਡੇ ਨਿਹੰਗ ਗੁਰਮੁਖ ਸਿੰਘ ਨੂੰ ‘ਭਾਈ’ ਜੀ’ ਕਹਿੰਦੇ ਹੁੰਦੇ ਸਾਂ। ਭਾਈ ਸ਼ਬਦ ਉਸ ਵੇਲ਼ੇ ਆਮ ਤੌਰ ਤੇ ਗੁਰਦਵਾਰਿਆਂ ਦੇ ਗ੍ਰੰਥੀਆਂ ਲਈ ਵਰਤਿਆ ਜਾਂਦਾ ਸੀ। ਗੁਰੂ ਸਾਹਿਬਾਂ ਨੇ ਇਹ ਸ਼ਬਦ ਸਰਬ ਸਾਂਝਾ ਭਾਈਚਾਰਾ ਸਥਾਪਤ ਕਰਨ ਲਈ ਵਰਤਿਆ ਸੀ। ਸਿੱਖਾਂ ਵਿਚ ਇਹ ਸ਼ਬਦ ਕਿਸੇ ਸਮੇਂ ਸਤਿਕਾਰਯੋਗ ਵੀ ਬਹੁਤ ਸੀ, ਕਿਉਂਕਿ ਪੰਜਾਂ ਪਿਆਰਿਆਂ ਦੇ ਨਾਵਾਂ ਨਾਲ ਵੀ ਭਾਈ ਸ਼ਬਦ ਲਗਦਾ ਸੀ ਤੇ ਮਹਾਨ ਸਿੱਖ ਸ਼ਹੀਦਾਂ ਦੇ ਨਾਵਾਂ ਨਾਲ ਵੀ। ਪਤਾ ਨਹੀਂ ਨਿਹੰਗ ਗੁਰਮੁਖ ਸਿੰਘ ਨੂੰ ਇਹ ਸ਼ਬਦ ਕਿਉਂ ਚੰਗਾ ਨਹੀਂ ਲਗਦਾ ਸੀ? ਉਹਨੇ ਇੱਕ ਦਿਨ ਮੁੰਡਿਆਂ ਨੂੰ ਇਹ ਹੁਕਮ ਚਾੜ੍ਹ ਦਿਤਾ ਕਿ ਸਾਰੇ ਉਹਨੂੰ ‘ਬਾਬਾ ਜੀ’ ਕਹਿ ਕੇ ਬੁਲਾਇਆ ਕਰਨ। ਤੀਹ ਕੁ ਸਾਲ ਦੇ ਮੁੰਡੇ ਜੇਹੇ ਨਿਹੰਗ ਦੇ ਨਾਉਂ ਨਾਲ ਸ਼ਬਦ ‘ਬਾਬਾ ਜੀ’ ਭਾਵੇਂ ਬੜਾ ਓਪਰਾ ਜੇਹਾ ਲਗਦਾ ਸੀ ਤਾਂ ਵੀ ਅਸੀਂ ਉਸ ਦਿਨ ਤੋਂ ਉਹਨੂੰ ‘ਬਾਬਾ ਜੀ’ ਆਖਣ ਲੱਗ ਪਏ।

ਮੈਂ ਤੇ ਮੇਰਾ ਭਰਾ ਮਲਕੀਤ ਉੱਥੇ ਬਹੁਤਾ ਚਿਰ ਤਾਂ ਟਿਕੇ ਰਹਿਣ ਵਾਲੇ ਨਹੀਂ ਸਾਂ। ਫੇਰ ਵੀ ਧੂਹ ਘਸੀਟ ਕਰ ਕੇ ਚੌਥੀ ਜਮਾਤ ਪਾਸ ਕਰਨ ਤੱਕ ਤਾਂ ਗੁਰਦੁਆਰੇ ਜਾਂਦੇ ਰਹੇ। ਨਿਹੰਗ ਦਾ ਪਾਠ-ਕਰਮ ਇਸਤਰ੍ਹਾਂ ਸੀ: ਪਹਿਲੀ ਜਮਾਤ ਬਾਲ-ਉਪਦੇਸ਼, ਦੂਜੀ ਨਿਤਨੇਮ ਦਾ ਗੁਟਕਾ, ਤੀਜੀ ਪੰਜ ਗ੍ਰੰਥੀ, ਚੌਥੀ ਭਗਤ ਬਾਣੀ ਤੇ ਉਸਤੋਂ ਪਿੱਛੋਂ ਦਸਗ੍ਰੰਥੀ। ਉੁਹਦੇ ਕੋਲ ਪੜ੍ਹਨ ਵਾਲੇ ਬਹੁਤੇ ਮੁੰਡੇ ਤਾਂ ‘ਅ ਮੁਕਤਾ ਆ ਕੰਨਾ’ ਤੋਂ ਅੱਗੇ ਨਾ ਤੁਰਦੇ ਤੇ ਜਿਹੜੇ ਤੁਰਦੇ ਵੀ ਉਹ ਬਾਲ ਉਪਦੇਸ਼ ਵਿਚ ਹੀ ਫਸੇ ਰਹਿ ਜਾਂਦੇ। ਕੋਈ ਕਿਸਮਤ ਵਾਲਾ ਹੀ ਪੰਜਗ੍ਰੰਥੀ ਤੱਕ ਪੁੱਜਦਾ।

ਜਿਹੜਾ ਇੱਕ ਜ਼ੁਬਾਨ ਪੜ੍ਹ ਲਿਖ ਲੈਂਦਾ ਹੋਵੇ, ਉਸ ਲਈ ਹੋਰ ਜ਼ੁਬਾਨ ਸਿਖਣੀ ਔਖੀ ਨਹੀਂ ਹੁੰਦੀ। ਕੁੱਝ ਤਾਂ ਮੈਂ ਗੁਰਮੁਖੀ ਅੱਖਰਾਂ ਤੋਂ ਥੁਹੜਾ ਥੁਹੜਾ ਪਹਿਲਾਂ ਹੀ ਵਾਕਿਫ ਸਾਂ ਤੇ ਫੇਰ ਸਕੂਲ ਵਿੱਚ ਉਰਦੂ ਜ਼ੁਬਾਨ ਵੀ ਪੜ੍ਹ ਰਿਹਾ ਸਾਂ, ਚੇਤਾ ਵੀ ਆਮ ਨਾਲੋਂ ਕੁੱਝ ਵਧੇਰੇ ਤੇਜ਼ ਸੀ। ਗੁਰਮੁਖ ਸਿੰਘ ਦੀ ਗੁਰਮੁਖੀ ਦਾ ਬਾਲ ਉਪਦੇਸ਼ ਤਾਂ ਮੈਂ ਇੱਕ ਹਫਤੇ ਦੇ ਅੰਦਰ ਅੰਦਰ ਹੀ ਮੁਕਾ ਦਿੱਤਾ, ਨਿਤਨੇਮ ਵੀ ਮਹੀਨੇ ਕੁ ਵਿਚ ਹੀ ਮੁਕ ਗਿਆ। ਇਸਦੇ ਨਾਲ ਹੀ ਪੰਜ ਬਾਣੀਆਂ ਵੀ ਕੰਠ ਹੋ ਗਈਆਂ। ਇਹ ਦੇਖ ਕੇ ਗੁਰਮੁਖ ਸਿੰਘ ਕੁੱਝ ਵਧੇਰੇ ਹੀ ਦੁਖੀ ਹੋ ਗਿਆ, ਕਿਉਂਕਿ ਉਸਦੇ ਬਹੁਤ ਹੀ ਪਿਆਰੇ ਚੇਲੇ ਤਾਂ ਬਾਲ-ਉਪਦੇਸ਼ ਤੋਂ ਅੱਗੇ ਤੁਰਨ ਦਾ ਨਾਂ ਨਹੀਂ ਲੈਂਦੇ ਸਨ। ਉਹਨੇ ਨਿਤਨੇਮ ਦੇ ਗੁਟਕੇ ਤੋਂ ਪਿੱਛੋਂ ਦਸਗ੍ਰੰਥੀ ਪੜ੍ਹਨ ਦਾ ਹੁਕਮ ਦੇ ਦਿੱਤਾ। ਉਹਦਾ ਖਿਆਲ ਸੀ, ਦਸਗ੍ਰੰਥੀ ਦੀ ਬੋਲੀ ਔਖੀ ਹੈ ਤੇ ਉਸਦੇ ਛੰਦ ਵੀ ਵੰਨਸੁਵੰਨੇ ਹਨ ਮੇਰੀ ਗੱਡੀ ਨੂੰ ਉਸ ਨਾਲ ਬਰੇਕਾਂ ਲੱਗ ਜਾਣਗੀਆਂ। ਪਰ ਇਨ੍ਹਾਂ ਬ੍ਰੇਕਾਂ ਨੇ ਵੀ ਕੰਮ ਨਾ ਕੀਤਾ। ਦਸਗ੍ਰੰਥੀ ਵਿਚ ਦਸਵੇਂ ਗੁਰੂ ਦੀ ਬਾਣੀ ਸੀ, ਜਿਹੜੀ ਬੜੇ ਤੇਜ਼ ਚਾਲ ਛੰਦਾਂ ਵਿਚ ਲਿਖੀ ਹੋਈ ਸੀ। ਉਹ ਜਿਹੜੀ ਸੰਥਿਆ ਮਸਾਂ ਦੋ ਕੁ ਸਫੇ ਦੀ ਮੈਨੂੰ ਦਿੰਦਾ, ਉਹ ਮੈਨੂੰ ਦੋ ਚਾਰ ਵਾਰ ਦੁਹਰਾਉਣ ਨਾਲ ਜ਼ੁਬਾਨੀ ਯਾਦ ਹੋ ਜਾਂਦੀ ਤੇ ਮੈਂ ਛੰਦ ਦੀ ਤੇਜ਼ ਚਾਲ ਦਾ ਵੱਧਾ ਸੁਆਦ ਸੁਆਦ ਵਿਚ ਦੋ ਚਾਰ ਸਫੇ ਹੋਰ ਵੀ ਪੜ੍ਹ ਜਾਂਦਾ ਤੇ ਉਹ ਮੈਨੂੰ ਜ਼ੁਬਾਨੀ ਯਾਦ ਵੀ ਹੋ ਜਾਂਦੇ। ਜਦੋਂ ਮੈਂ ਰਾਤ ਨੂੰ ਉਨੀਦੇ ਦਾ ਮਾਰਿਆ ਉਘਲਾਂਦਾ ਹੋਇਆ ਭਾਈ ਜੀ ਨੂੰ ਸੰਥਿਆ ਸੁਣਾਉਂਦਾ ਤਾਂ ਮੈਂ ਕਈ ਵੇਰ ਖੁਲ੍ਹੇ ਸਫੇ ਤੋਂ ਵੀ ਅੱਗੇ ਸੁਣਾ ਰਿਹਾ ਹੁੰਦਾ। ਗੁਰਮੁਖ ਸਿੰਘ ਨੇ ਜਦੋਂ ਦੇਖਣਾ ਕਿ ਸਫਾ ਹੋਰ ਖੋਲ੍ਹਿਆ ਹੋਇਆ ਹੈ ਤੇ ਸੁਣਾ ਹੋਰ ਸਫੇ ਤੋਂ ਰਿਹਾ ਹੈ, ਤਾਂ ਉਹਨੇ ਘੁਮਾਕੇ ਸਰਬ ਲੋਹ ਦੇ ਮੋਟੇ ਕੜੇ ਵਾਲਾ ਹੱਥ ਮੇਰੀ ਗਰਦਣ ਤੇ ਠੋਕ ਦੇਣਾ ਤੇ ਕਹਿਣਾ, “ਪਿੱਛੇ ਹੱਟ ਹਾਂ।” ਸਰਬ ਲੋਹ ਦੇ ਕੜੇ ਦੀ ਮਾਰ ਨਾਲ ਨੀਂਦ ਤਾਂ ਉਡੰਤ ਹੋ ਜਾਣੀ। ਪਰ ਮੈਂ ਕਾਹਲੀ ਵਿਚ ਬਿਨਾਂ ਸਫੇ ਵਲ ਦੇਖਿਆਂ ਸ਼ੁਰੂ ਹੋ ਜਾਣਾ:-

ਨਿਰੰਕਾਰ ਨਿਰਬਿਕਾਰ ਨਿਤਯੰ ਨਿਰਾਲੰ
ਨਾ ਬ੍ਰਿਧੰ ਬਿਸੇਖੰ ਨਾ ਤਰੁਨੰ ਨਾ ਬਾਲੰ
ਨਾ ਰੰਕੰ ਨਾ ਰਾਯੰ ਨਾ ਰੂਪੰ ਨਾ ਰੇਖੰ
ਨਾ ਰੰਗੰ ਨਾ ਰਾਗੰ ਆਪਾਰੰ ਅਭੇਖੰ

ਜਦੋਂ ਭਾਈ ਜੀ ਨੇ ਦੇਖਣਾ ਕਿ ਜਿਹੜਾ ਸਫਾ ਖੁਲ੍ਹਾ ਹੈ, ਮੈਂ ਉਸਤੋਂ ਵੀ ਪਹਿਲੇ ਸਫੇ ਦੀ ਬਾਣੀ ਬੋਲੀ ਜਾ ਰਿਹਾ ਹਾਂ ਤਾਂ ਉਹਨੇ ਘੁਮਾ ਕੇ ਸਰਬ ਲੋਹ ਦੇ ਕੜੇ ਵਾਲਾ ਹੱਥ ਇੱਕ ਹੋਰ ਜੜ ਦੇਣਾਂ ਤੇ ਮੇਰੀਆਂ ਚੀਕਾਂ ਨਿਕਲ ਜਾਣੀਆ। ਮੈਂ ਦਸਗਰੰਥੀ ਸਣੇ ਰੀਲ ਉੱਥੇ ਹੀ ਛੱਡ ਕੇ ਸ਼ੂਟ ਵਟ ਕੇ ਘਰ ਜਾ ਵੜਨਾ। ਘਰ ਵੜਦਿਆਂ ਹੀ ਮਾਂ ਨੇ ਕੰਨਾਂ ਮੁੱਢ ਬਿਨਾ ਪੁੱਛਿਆਂ ਦੋ ਜੜ ਦੇਣੀਆਂ ਤੇ ਮੈਂ ਮੁੜ ਗੁਰਦੁਆਰੇ ਵਲ ਭੱਜ ਜਾਣਾ।

ਭਾਈ ਜੀ ਮੈਨੂੰ ਦਸਗ੍ਰੰਥੀ ਵਿਚ ਹੀ ਉਲਝਾਈ ਰਖਣਾ ਚਾਹੁੰਦੇ ਸਨ। ਮੈਂ ਆਪਣੇ ਆਪ ਹੀ ਦਸਗ੍ਰੰਥੀ ਦੀਆਂ ਸਾਰੀਆਂ ਬਾਣੀਆਂ; ਜਾਪੁ ਸਾਹਿਬ, ਸੁਧਾ ਸਵਈਏ, ਸ਼ਬਦ ਪਾਤਸ਼ਾਹੀ 10, ਅਕਾਲ ਉਸਤਤ, ਚੰਡੀ ਦੀ ਵਾਰ, ਚੰਡੀ ਚਰਿਤ੍ਰ, ਚੰਡੀ ਚਰਿਤ੍ਰ ਉਕਤ ਬਿਲਾਸ, ਬਚਿਤ੍ਰ ਨਾਟਕ ਤੇ ਗਿਆਨ ਪ੍ਰਬੋਧ ਚੰਗੀ ਤਰ੍ਹਾਂ ਪੜ੍ਹ ਹੀ ਨਹੀਂ ਲਈਆਂ ਸਨ ਸੱਗੋਂ ਇਨ੍ਹਾਂ ਵਿਚਲਾ ਬਹੁਤਾ ਕੁੱਝ ਮੈਨੂੰ ਜ਼ਬਾਨੀ ਯਾਦ ਵੀ ਹੋ ਗਿਆ ਸੀ। ਛੇਤੀ ਮੈਨੂੰ ਭਾਈ ਜੀ ਦੇ ਇਰਾਦੇ ਦਾ ਪਤਾ ਲੱਗ ਗਿਆ ਸੀ ਤੇ ਮੈਂ ਉਹਦੀ ਪੜ੍ਹਾਈ ਸੰਥਿਆ ਉਹਨੂੰ ਸੁਣਾ ਕੇ ਸੁਰਖਰੂ ਹੋ ਜਾਂਦਾ ਤੇ ਫੇਰ ਗਿਆਨ ਦੀ ਪ੍ਰਾਪਤੀ ਦੀ ਆਪਣੀ ਭੁੱਖ ਪੂਰੀ ਕਰਨ ਲਈ ਇੱਧਰ ਉੱਧਰ ਹੱਥ ਮਾਰਦਾ ਰਹਿੰਦਾ। ਭਾਈ ਜੀ ਨੂੰ ਇਸ ‘ਤੇ ਕੋਈ ਇਤਰਾਜ ਨਹੀਂ ਸੀ। ਉਨ੍ਹਾਂ ਦਿਨਾਂ ਵਿਚ ਮੈਂ ਗਿਆਨੀ ਕਰਤਾਰ ਸਿੰਘ ਕਲਾਸਵਾਲੀਏ ਦਾ ਛੰਦਾ ਬੰਦੀ ਵਿਚ ਲਿਖਿਆ ਸਾਰਾ ਸਿੱਖ ਇਤਿਹਾਸ ਪੜ੍ਹ ਲਿਆ ਤੇ ਇਸ ਦੇ ਨਾਲ ਹੀ ਭਾਈ ਵੀਰ ਸਿੰਘ ਦੇ ਲਿਖੇ ਨਾਵਲ ਸੁੰਦਰੀ, ਵਿਜੈ ਸਿੰਘ ਤੇ ਬਿਜਲਾ ਸਿੰਘ ਆਦਿ ਵੀ। ਉਦੋਂ ਨਾ ਮੈਨੂੰ ਇਸ ਗੱਲ ਦਾ ਪਤਾ ਸੀ ਕਿ ਨਾਵਲ ਵੀ ਕੋਈ ਚੀਜ਼ ਹੁੰਦੇ ਹਨ, ਨਾ ਭਾਈ ਜੀ ਨੂੰ ਪਤਾ ਸੀ। ਉਹ ਇਨ੍ਹਾਂ ਨੂੰ ਸਿੱਖ ਇਤਿਹਾਸ ਦੀਆਂ ਹੋਈਆਂ ਬੀਤੀਆਂ ਘਟਨਾਵਾਂ ਹੀ ਦਸਦਾ ਸੀ ਤੇ ਮੈਨੂੰ ਵੀ ਇਸ ਬਾਰੇ ਕੋਈ ਸ਼ਕ ਨਹੀਂ ਸੀ।

ਜਿਹੜੇ ਮੁੰਡੇ ਗੁਰਦੁਆਰੇ ਭਾਈ ਜੀ ਕੋਲ ਸੌਂਦੇ ਸਨ, ਉਹਨੇ ਉਨ੍ਹਾਂ ਦੀਆਂ ਦੋ ਟੋਲੀਆਂ ਬਣਾ ਲਈਆਂ, ਇੱਕ ਟੋਲੀ ਵਿਚ ਕੁਸੁਹਣੇ ਜੇਹੇ ਤੇ ਖਰੂਦੀ ਮੁੰਡੇ ਤੇ ਦੂਜੇ ਵਿਚ ਜ਼ਰਾ ਸੁਹਣੇ ਜੇਹੇ ਤੇ ਭਲੇਮਾਣਸ। ਪਹਿਲੇ ਟੋਲੀ ਵਿਚ ਮੈਂ ਤੇ ਮੇਰਾ ਭਰਾ ਮਲਕੀਤ ਵੀ ਆਉਂਦੇ ਸਾਂ। ਇਸ ਟੋਲੀ ਲਈ ਸੌਣ ਵਾਸਤੇ ਸੱਜੇ ਪਾਸੇ ਦੀ ਕੋਠੜੀ ਨੀਯਤ ਸੀ ਤੇ ਦੂਜੀ ਟੋਲੀ ਵਾਲਿਆਂ ਨੂੰ ਉਹ ਉਸੇ ਖੱਬੇ ਪਾਸੇ ਵਾਲੀ ਕੋਠੜੀ ਵਿਚ ਸੁਲਾਉਂਦਾ ਸੀ ਜਿਸ ਵਿਚ ਉਹ ਆਪ ਸੌਂਦਾ ਸੀ। ਸਾਨੂੰ ਉਸ ਵੇਲ਼ੇ ਪਤਾ ਨਹੀਂ ਸੀ ਕਿ ਭਾਈ ਜੀ ਨੇ ਮੁੰਡਿਆਂ ਨੂੰ ਇਸਤਰ੍ਹਾਂ ਦੋ ਟੋਲੀਆਂ ਵਿਚ ਕਿਉਂ ਵੰਡਿਆ ਹੈ, ਪਰ ਕੁੱਝ ਕੁੱਝ ਹੈਰਾਨੀ ਜ਼ਰੂਰ ਸੀ। ਦੂਜੀ ਟੋਲੀ ਦੇ ਮੁੰਡਿਆਂ ਵਿਚ ਇੱਕ ਬਹੁਤ ਸੁਹਣਾ ਜੇਹਾ ਮੁੰਡਾ ਹੁੰਦਾ ਸੀ, ਜਿਹਨੂੰ ਭਾਈ ਜੀ ਆਪਣੇ ਨਾਲੋਂ ਕਦੀਂ ਵੀ ਵੱਖ ਨਹੀਂ ਸੀ ਹੋਣ ਦਿੰਦਾ। ਉਹ ਸਕੂਲੇ ਤਾਂ ਜਾਂਦਾ ਨਹੀਂ ਸੀ, ਇਸ ਲਈ ਉਹਦੇ ਬਾਪ ਨੇ ਇਹ ਸੋਚ ਕੇ ਕਿ ਮੁੰਡਾ ਨਾਲੇ ਤਾਂ ਗੁਰਮੁਖੀ ਸਿੱਖ ਜਾਵੇਗਾ ਤੇ ਨਾਲੇ ਗੁਰਮੁਖ ਸਿੰਘ ਦੀ ਸੰਗਤ ਵਿਚ ਰਹਿ ਕੇ ਗੁਰਮੁਖ ਬਣ ਜਾਵੇਗਾ, ਉਸਨੂੰ ਪੂਰੀ ਤਰ੍ਹਾਂ ਗੁਰਮੁਖ ਸਿੰਘ ਦੇ ਹਵਾਲੇ ਕਰ ਦਿੱਤਾ। ਉਹ ਦਿਨ ਰਾਤ ਗੁਰਦੁਆਰੇ ਹੀ ਰਹਿੰਦਾ ਸੀ ਤੇ ਉੱਥੇ ਹੀ ਖਾਂਦਾ ਪੀਂਦਾ ਸੀ। ਨਿਹੰਗ ਗੁਰਮੁਖ ਸਿੰਘ ਉਹਨੂੰ ਬੜੀ ਰੀਝ ਨਾਲ ਸਜਾਉਂਦਾ/ਸੰਵਾਰਦਾ ਸੀ। ਜਿੱਥੇ ਬਾਕੀ ਮੁੰਡਿਆਂ ਨੂੰ ਖੱਦਰ ਦੇ ਕਪੜੇ ਮਸਾਂ ਨਸੀਬ ਹੁੰਦੇ ਸਨ, ਉਹਨੂੰ ਨਿਹੰਗ ਸਿੰਘ ਆਪਣੇ ਖਰਚ ਤੇ ਰੇਸ਼ਮੀ ਕਪੜੇ ਲੈ ਕੇ ਪਹਿਨਾਉਂਦਾ ਸੀ।

ਸਿਆਲ ਦੀਆਂ ਰਾਤਾਂ ਤਾਂ ਕੋਠੜੀਆਂ ਅੰਦਰ ਸੁਤਿਆਂ ਲੰਘ ਜਾਂਦੀਆਂ ਸਨ। ਪਰ ਗਰਮੀਆਂ ਵਿਚ ਰਾਤਾਂ ਨੂੰ ਬਾਹਰ ਖੁਲ੍ਹੇ ਵਿਹੜੇ ਵਿਚ ਸੌਣਾ ਹੁੰਦਾ ਸੀ। ਪਤਾ ਨਹੀਂ ਕਦੀਂ ਕਦੀਂ ਇਸ ਚੰਗੇ ਭਲੇ ਨਿਹੰਗ ਸਿੰਘ ਨੂੰ ਕੀ ਹੋ ਜਾਂਦਾ ਸੀ? ਪਰ ਜੋ ਕੁੱਝ ਵੀ ਹੁੰਦਾ ਸੀ ਉਹ ਉਸ ਸਮੇਂ ਸਾਡੀ ਸਮਝ ਤੋਂ ਬਾਹਰ ਦੀ ਗੱਲ ਸੀ। ਨਿਹੰਗ ਸਿੰਘ ਨੇ ਉਸ ਸੁਹਣੇ ਜੇਹੇ ਮੁੰਡੇ ਨੂੰ ਆਪਣੇ ਬਿਸਤਰੇ ਵਿਚ ਆਪਣੇ ਪੱਟਾਂ ਤੇ ਬਹਾਲ ਕੇ ਸਾਡੇ ਸਾਹਮਣੇ ਹੀ ਚੁੰਮਣ ਲੱਗ ਪੈਣਾ ਤੇ ਉਸਦੇ ਮੂੰਹ ਨਾਲ ਮੂੰਹ ਲਾ ਕੇ ਕਹਿਣਾ, “ਜੇ ਗੁਰਬਾਣੀ ਪੜ੍ਹਨ ਤੇ ਨਾਮ ਜਪਣ ਵਾਲਾ ਬੰਦਾ ਕਿਸੇ ਬੰਦੇ ਦੇ ਮੂੰਹ ਨਾਲ ਮੂੰਹ ਲਾ ਕੇ ਇਸਤਰ੍ਹਾਂ ਫੂਕ ਮਾਰੇ ਤਾਂ ਉਸਦੀ ਪੜ੍ਹੀ ਬਾਣੀ ਤੇ ਨਾਮ ਜਪੇ ਦਾ ਅੱਧ ਉਸ ਬੰਦੇ ਨੂੰ ਮਿਲ ਜਾਂਦਾ ਹੈ।” ਅਤਿ ਦੇ ਸ਼ਰਧਾਵਾਨ ਤੇ ਭੋਲੇ ਜੇਹੇ ਮੁੰਡਿਆਂ ਦੀ ਉਸ ਸਮੇਂ ਦੀ ਸੋਚ ਮੁਤਾਬਕ ਉਹ ਸੁਹਣਾ ਜੇਹਾ ਮੁੰਡਾ ਅਤਿ ਭਾਗਸ਼ਾਲੀ ਸੀ, ਜਿਸਨੂੰ ਬਾਣੀ ਤੇ ਨਾਮ ਦਾਨ ਦਾ ਗੱਫਾ ਬਿਨਾਂ ਯਤਨ ਕਰਨ ਦੇ ਮਿਲ ਜਾਂਦਾ ਸੀ। ਪਰ ਭਾਈ ਜੀ ਕੋਲ ਪੜ੍ਹਦੇ ਮੁੰਡੇ ਸਾਰੇ ਤਾਂ ਭੋਲੇ ਭਾਲੇ ਨਹੀਂ ਸਨ।

ਦੋ ਸਾਲ ਦੇ ਅੰਦਰ ਅੰਦਰ ਹੀ ਨਿਹੰਗ ਗੁਰਮੁਖ ਸਿੰਘ ਦਾ ਇਹ ਭੁਜੰਗੀ ਦੱਲ ਖੇਰੂੰ ਖੇਰੂੰ ਹੋ ਗਿਆ। ਬਸ ਦੋ ਕੁ ਮੁੰਡੇ ਹੀ ਉਸ ਕੋਲ ਰਹਿ ਗਏ। ਇੱਕ ਉਹ ਸੁਹਣਾ ਜੇਹਾ ਮੁੰਡਾ ਤੇ ਇੱਕ ਉਹਦੇ ਵਰਗਾ ਹੋਰ। ਅਸੀਂ ਦੋਵੇਂ ਭਰਾ ਵੀ ਚੌਥੀ ਜਮਾਤ ਪਾਸ ਕਰ ਗਏ ਸਾਂ। ਇਸ ਲਈ ਹੁਣ ਨੇੜੇ ਦੇ ਪਿੰਡ ਫਰਾਲੇ ਦੇ ਡੀ. ਬੀ. ਮਿਡਲ ਸਕੂਲ ਵਿਚ ਪੰਜਵੀ ਜਮਾਤ ਵਿਚ ਦਾਖਲ ਹੋ ਗਏ ਸਾਂ। ਮੇਰੇ ਭਰਾ ਮਲਕੀਤ ਸਿੰਘ ਨੇ ਤਾਂ ਗੁਰਦੁਆਰੇ ਜਾਣਾ ਬਿਲਕੁਲ ਛੱਡ ਦਿੱਤਾ ਸੀ। ਮੈਨੂੰ ਕਿਉਂਕਿ ਪੜ੍ਹਨ ਲਿਖਣ ਤੋਂ ਬਿਨਾ ਹੋਰ ਕੋਈ ਸ਼ੌਂਕ ਹੀ ਨਹੀਂ ਸੀ ਤੇ ਸੰਗਾਊ ਸੁਭਾ ਹੋਣ ਕਰਕੇ ਇਕੱਲ ਪਸੰਦ ਵੀ ਸਾਂ। ਇਸ ਲਈ ਭੀੜਾਂ ਤੋਂ ਬਚ ਕੇ ਰਹਿਣ ਦੀ ਆਦਤ ਬਣ ਚੁੱੱਕੀ ਸੀ। ਫੇਰ ਗਿਆਨ ਪ੍ਰਾਪਤੀ ਦੀ ਵੀ ਅਨੋਖੀ ਜੇਹੀ ਲਿਲ੍ਹ ਲੱਗੀ ਰਹਿੰਦੀ ਸੀ। ਨਿਹੰਗ ਗੁਰਮੁਖ ਸਿੰਘ ਕੋਲ ਅਜੇਹੀਆਂ ਅਨੇਕਾਂ ਪੁਸਤਕਾਂ ਸਨ ਜਿਨ੍ਹਾਂ ਤੋਂ ਮੈਂ ਲਾਭ ਪ੍ਰਾਪਤ ਕਰਨਾ ਚਾਹੁੰਦਾ ਸਾਂ। ਇਸ ਲਈ ਮੈਂ ਵਿਹਲ ਲੱਗਣ ਤੇ ਫੇਰ ਵੀ ਦਿਨੇ ਗੁਰਦੁਆਰੇ ਚਲਾ ਜਾਂਦਾ ਸਾਂ। ਉਨ੍ਹਾਂ ਦਿਨਾਂ ਵਿਚ ਹੀ ਮੈਂ ਪ੍ਰਾਚੀਨ ਪੰਥ ਪ੍ਰਕਾਸ਼, ਗੁਰਪਰਤਾਪ ਸੂਰਜ ਗਰੰਥ, ਭਾਈ ਬਾਲੇ ਵਾਲੀ ਜਨਮਸਾਖੀ ਆਦਿ ਨਾਲ ਵਾਕਫੀਅਤ ਗੰਢੀ ਸੀ। ਉਂਝ ਮੈਂ ਇਹ ਵੀ ਮਹਿਸੂਸ ਕਰਦਾ ਸਾਂ ਕਿ ਨਿਹੰਗ ਮੇਰੇ ਨਾਲ ਜ਼ਰਾ ਨਾਰਾਜ਼ ਜਿਹਾ ਰਹਿੰਦਾ ਸੀ। ਉਹਦੀ ਨਾਰਾਜ਼ਗੀ ਦਾ ਕਾਰਨ ਵੀ ਦਸਦਾ ਹਾਂ।

 ਜਦੋਂ ਅਸੀਂ ਦੋਵੇਂ ਭਰਾ ਪੰਜਵੀਂ ਜਮਾਤ ਵਿਚ ਪੜ੍ਹਨ ਲਈ ਫਰਾਲੇ ਜਾਣ ਲੱਗੇ ਤਾਂ ਉਸ ਸਮੇਂ ਤੱਕ ਅਸੀਂ ਹਾਲੀਂ ਨਿਹੰਗੀ ਪਹਿਰਾਵਾ ਨਹੀਂ ਤਿਆਗਿਆ ਸੀ। ਸਾਨੂੰ ਦੇਖ ਕੇ ਕੁੱਝ ਮੁੰਡਿਆਂ ਨੇ ਕਤਾਰ ਵਿਚ ਖੜ੍ਹ ਕੇ ਗਾਉਣ ਲੱਗ ਪੈਣਾ:-

“ਭਾਈ ਜੀ ਦੀ ਕਛਣੀ ‘ਚ ਗੋਹ ਵੜ ਗਈ,
ਇੱਕ ਨਿਕਲੀ ਦੂਜੀ ਹੋਰ ਵੜ ਗਈ”

ਦੋ ਕੁ ਦਿਨਾਂ ਵਿਚ ਹੀ ਅਸੀਂ ਇੰਨੇ ਤੰਗ ਹੋ ਗਏ ਕਿ ਇਸ ਪਹਿਰਾਵੇ ਨੂੰ ਸਦਾ ਲਈ ਤਿਆਗ ਦਿੱਤਾ। ਭਾਈ ਨੇ ਜਦੋਂ ਮੈਨੂੰ ਨਵੇਂ ਪਹਿਰਾਵੇ ਵਿਚ ਦੇਖਿਆ ਤਾਂ ਬੁਰੀ ਤਰ੍ਹਾਂ ਸੜ ਭੁੱਜ ਗਿਆ। ਉਸ ਵੇਲ਼ੇ ਤੱਕ ਮੇਰੇ ਵਿਚ ਵੀ ਉਹਦੇ ਲਈ ਪਹਿਲਾਂ ਵਾਲੀ ਸ਼ਰਧਾ ਨਹੀਂ ਰਹੀ ਸੀ। ਮੈਂ ਹੁਣ ਗੁਰਬਾਣੀ ਦੇ ਅਰਥ ਵੀ ਜਾਣ ਗਿਆ ਸਾਂ ਤੇ ਸਿੱਖ ਇਤਿਹਾਸ ਨਾਲ ਵੀ ਮੇਰੀ ਚੋਖੀ ਜਾਣ ਪਛਾਣ ਹੋ ਗਈ ਸੀ। ਮੈਂ ਜਦੋਂ ਉਸਤੋਂ ਗੁਰਬਾਣੀ ਦੇ ਕਿਸੇ ਸ਼ਬਦ ਜਾਂ ਸ਼ਲੋਕ ਦੇ ਅਰਥ ਪੁੱਛਦਾ ਤਾਂ ਮੈਨੂੰ ਮਹਿਸੂਸ ਹੁੰਦਾ ਕਿ ਉਹ ਗ਼ਲਤ ਅਰਥ ਕਰ ਰਿਹਾ ਹੈ ਤੇ ਸਿੱਖ ਇਤਿਹਾਸ ਨੂੰ ਵੀ ਤੋੜ ਮਰੋੜ ਕੇ ਪੇਸ਼ ਕਰ ਰਿਹਾ ਹੈ। ਉਹਦੇ ਖਿਆਲ ਅਨੁਸਾਰ ਗੁਰੂ ਸਾਹਿਬ ਵੀ ਵਿਸ਼ਨੂੰ ਭਗਵਾਨ ਦੇ ਅਵਤਾਰ ਸਨ। ਮੈਂ ਜਦੋਂ ਗੁਰੂ ਗੋਬਿੰਦ ਸਿੰਘ ਜੀ ਦੀ ਲਿਖੀ ਚੌਪਈ ਪੜ੍ਹਦਾ ਤਾਂ ਮੈਨੂੰ ਉਹਦੀ ਇਹ ਗੱਲ ਗ਼ਲਤ ਜਾਪਦੀ। ਇੱਕ ਦਿਨ ਮੈਂ ਉਹਨੂੰ ਪੁਛਿਆ, “ਬਾਬਾ ਜੀ! ਤੁਸੀਂ ਕਹਿੰਦੇ ਹੋ ਕਿ ਗੁਰੂ ਸਾਹਿਬ ਵਿਸ਼ਨੂੰ ਭਗਵਾਨ ਦੇ ਅਵਤਾਰ ਸਨ। ਪਰ ਗੁਰੂ ਸਾਹਿਬ ਨੇ ਤਾਂ ਚੌਪਈ ਵਿਚ ਲਿਖਿਆ ਹੈ, ‘ਮੈਂ ਨਾ ਗਣੇਸਹਿ ਪ੍ਰਥਮ ਮਨਾਊ, ਕਿਸਨ ਵਿਸਨ ਕਬਹੂੰ ਨਾ ਧਿਆਊ‘ । ਇਸ ਤੋਂ ਤਾਂ ਸਾਫ ਜ਼ਾਹਰ ਹੁੰਦਾ ਹੈ ਕਿ ਉਹ ਵਿਸ਼ਨੂੰ ਨੂੰ ਧਿਆਉਣ ਤੋਂ ਮਨਾਹ ਕਰਦੇ ਹਨ।” ਇਸ ਦੇ ਉੱਤਰ ਵਿਚ ਨਿਹੰਗ ਨੇ ਅਜੇਹੀ ਜੱਬਲ਼ੀ ਮਾਰ ਦਿੱਤੀ ਕਿ ਮੈਂ ਉਹਦੀ ਗੁਰਬਾਣੀ ਦੀ ਸਮਝ ਤੇ ਹੈਰਾਨ ਰਹਿ ਗਿਆ। ਉਹਨੇ ਕਿਹਾ, “ਗੁਰੂ ਸਾਹਿਬ ਸਨ ਤਾਂ ਵਿਸ਼ਨੂੰ ਦੇ ਅਵਤਾਰ ਹੀ, ਪਰ ਉਹ ਆਪਣਾ ਨਾਮ ਨਹੀਂ ਜਪਾਉਣਾ ਚਾਹੁੰਦੇ ਸਨ, ਇਸ ਲਈ ਉਨ੍ਹਾਂ ਨੇ ਇਹ ਕਿਹਾ ਹੈ।”

ਮੁਸਲਮਾਨਾਂ ਪ੍ਰਤੀ ਉਹਦੀ ਨਫ਼ਰਤ ਉਹਦੀ ਹਰ ਗੱਲ ‘ਚੋਂ ਝਾਕਦੀ ਸੀ। ਉਹਦੇ ਨਿਤ ਦੇ ਪਰਚਾਰ ਦਾ ਮੇਰੇ ‘ਤੇ ਵੀ ਅਸਰ ਹੋਇਆ, ਪਰ ਇਹ ਅਸਰ ਬਹੁਤਾ ਚਿਰ ਨਾ ਰਿਹਾ, ਕਿਉਂਕਿ ਜਿੰਨੀ ਗੁਰਬਾਣੀ ਤੇ ਸਿੱਖ ਇਤਿਹਾਸ ਮੈਂ ਪੜ੍ਹ ਲਏ ਸਨ, ਉਹ ਉਸਦੇ ਮੁਸਲਮਾਨਾਂ ਵਿਰੁਧ ਬੇਥੱਬੇ ਪਰਚਾਰ ਨੂੰ ਝੁਠਲਾਉਂਦੇ ਸਨ। ਇੱਕ ਦਿਨ ਅਚਾਨਕ ਮੇਰਾ ਧਿਆਨ ਭਗਤ ਨਾਮਦੇਵ ਦੇ ਸ਼ਬਦ ਦੀ ਇਸ ਤੁਕ ਵਲ ਚਲਾ ਗਿਆ:-

ਹਿੰਦੂ ਪੂਜੇ ਦੇਹੁਰਾ ਮੁਸਲਮਾਨ ਮਸੀਤ
ਨਾਮੇ ਸੇਈ ਸੇਵਿਆ ਜਾਂ ਦੇਹੁਰਾ ਨਾ ਮਸੀਤ।

ਮੈਂ ਇਹ ਤੁਕ ਭਾਈ ਜੀ ਨੂੰ ਸੁਣਾ ਕੇ ਇਸਦੇ ਅਰਥ ਪੁੱਛੇ ਤਾ ਜਿਹੜਾ ਜਵਾਬ ਭਾਈ ਜੀ ਨੇ ਦਿੱਤਾ ਉਸ ਨਾਲ ਉਹਦੀ ਅਕਲ ਤੇ ਈਮਾਨਦਾਰੀ ਦੋਹਾਂ ਦਾ ਜਲੂਸ ਨਿਕਲ ਗਿਆ। ਭਾਈ ਜੀ ਨੇ ਫੁਰਮਾਇਆ, “ਇਸਦਾ ਅਰਥ ਹੈ: ਨਾਮਦੇਵ ਉਹਨੂੰ ਸੇਵਦਾ ਹੈ ਜਿੱਥੇ ਦੇਹੁਰਾ ਤਾਂ ਹੋਵੇ ਪਰ ਮਸੀਤ ਨਾ ਹੋਵੇ।” ਉਸ ਦਿਨ ਤੋਂ ਭਾਈ ਜੀ ਲਈ ਜਿਹੜੀ ਮਾੜੀ ਮੋਟੀ ਸ਼ਰਧਾ ਤੇ ਇਜ਼ਤ ਮੇਰੇ ਦਿੱਲ ਵਿਚ ਰਹਿ ਗਈ ਸੀ, ਉਹ ਵੀ ਕਾਫੂਰ ਹੋ ਗਈ।

 ਉਸ ਸੁਹਣੇ ਜੇਹੇ ਮੁੰਡੇ ਨਾਲ ਕੀ ਬੀਤੀ? ਉਹ ਮੈਂ ਬਿਨਾ ਲੱਗ ਲਬੇੜ ਇੱਥੇ ਦੱਸ ਦਿੰਦਾ ਹਾਂ। ਉਹ ਇੱਕ ਦਿਨ ਅੱਖ ਬਚਾ ਕੇ ਗੁਰਦੁਆਰਿਓਂ ਭੱਜ ਕੇ ਘਰ ਜਾ ਵੜਿਆ ਤੇ ਜ਼ਿਦ ਫੜ ਲਈ ਕਿ ਮੈਂ ਗੁਰਦੁਆਰੇ ਨਹੀਂ ਜਾਣਾ। ਉਹਦੇ ਪਿਉ ਨੇ ਜੁੱਤੀ ਲਾਹ ਲਈ ਤੇ ਕਿਹਾ, “ਬੰਦੇ ਦਾ ਪੁੱਤ ਬਣ ਕੇ ਗੁਰਦੁਆਰੇ ਨੂੰ ਤੁਰ ਜਾ, ਨਹੀਂ ਤਾਂ ਉਹ ਚੰਡਾਈ ਕਰਾਂਗਾ ਕਿ ਸਾਰੀ ਉਮਰ ਨਹੀਂ ਭੁੱਲੇਂਗਾ। ਸਾਲਿਆ! ਗੁਰੂ ਤੋਂ ਬੇਮੁਖ ਹੋ ਕੇ ਕਿਉਂ ਨਰਕਾਂ ਨੂੰ ਜਾਣ ਦਾ ਪ੍ਰਬੰਧ ਕਰ ਰਿਹਾਂ। ਤੇਰੇ ਤਾਂ ਅਤਿ ਭਾਗ ਚੰਗੇ ਆ ਕਿ ਤੈਨੂੰ ਗੁਰਬਾਣੀ ਨਾਲ ਜੁੜਨ ਦਾ ਇਹੋ ਜੇਹਾ ਮੌਕਾ ਮਿਲਿਆ।” ਉਹਦੇ ਪਿਉ ਦੇ ਕੁੱਝ ਵੀ ਕਰਨ ਤੋਂ ਪਹਿਲਾਂ ਭਾਈ ਗੁਰਮੁਖ ਸਿੰਘ ਉੱਥੇ ਆ ਪੁੱਜਾ ਤੇ ਉਹਨੂੰ ਧੂਹ ਘੜੀਸ ਕੇ ਗੁਰਦੁਆਰੇ ਨੂੰ ਲੈ ਗਿਆ। ਦੂਜੇ ਦਿਨ ਉਹ ਫੇਰ ਗੁਰਦੁਆਰਿਓਂ ਦੌੜ ਆਇਆ। ਆਉਂਦੇ ਨੂੰ ਹੀ ਪਿਉ ਨੇ ਕੁਟਾਪਾ ਚਾੜ੍ਹਨਾ ਸ਼ੁਰੂ ਕਰ ਦਿੱਤਾ। ਉਹ ਕਹੇ, “ਭਾਵੇਂ ਕੁੱਝ ਵੀ ਹੋਵੇ ਮੈਂ ਗੁਰਦੁਆਰੇ ਨਹੀਂ ਜਾਣਾ।” ਪਿਉ ਕਹੇ, “ਤੂੰ ਤਾਂ ਕੀ ਤੇਰਾ ਪੇ ਵੀ ਜਾਵੇਗਾ।”

ਉਸ ਦਿਨ ਇਸ ਮੁੰਡੇ ਦੇ ਪਿਉ ਦੀ ਜਾਣ ਪਛਾਣ ਵਾਲਾ ਇੱਕ ਮੁਸਲਮਾਨ ਅਰਾਈਂ ਵੀ ਕੋਲ ਖੜ੍ਹਾ ਸੀ। ਮੁੰਡੇ ਦਾ ਕੁਟਾਪਾ ਹੁੰਦਾ ਦੇਖ ਕੇ ਉਹਨੂੰ ਤਰਸ ਆ ਗਿਆ। ਉਹਨੇ ਸੋਚਿਆ, ਕੋਈ ਗੱਲ ਤਾਂ ਹੋਵੇਗੀ ਜਿਹਦੇ ਕਰਕੇ ਮੁੰਡਾ ਗੁਰਦੁਆਰੇ ਨਹੀਂ ਜਾਣਾ ਚਾਹੁੰਦਾ। ਉਹਨੇ ਵਿਚ ਪੈ ਕੇ ਮੁੰਡੇ ਨੂੰ ਛੁਡਾਇਆ ਤੇ ਉਹਦੇ ਪਿਉ ਨੂੰ ਕਿਹਾ, “ਤੂੰ ਫਿਕਰ ਨਾ ਕਰ ਮੈਂ ਇਹਨੂੰ ਸਮਝਾਉਂਦਾ।” ਉਹਨੇ ਮੁੰਡੇ ਨੂੰ ਜ਼ਰਾ ਕੁ ਪਰੇ ਕਰ ਕੇ ਕਿਹਾ, “ਜੇ ਛੁਟਕਾਰਾ ਚਾਹੁੰਦਾ ਤਾਂ ਮੈਨੂੰ ਸੱਚੋ ਸੱਚ ਦਸ ਦੇ, ਤੂੰ ਕਿਉਂ ਗੁਰਦੁਆਰੇ ਨਹੀਂ ਜਾਣਾ ਚਾਹੁੰਦਾ?” ਮੁੰਡੇ ਨੇ ਉਹਨੂ ਸੱਚੋ ਸੱਚ ਦਸ ਦਿੱਤਾ। ਉਸ ਮੁਸਲਮਾਨ ਨੇ ਪਸੀਜ ਕੇ ਕਿਹਾ, “ਕਾਕਾ! ਇਸਤਰ੍ਹਾਂ ਤੇਰਾ ਛੁਟਕਾਰਾ ਨਹੀਂ ਹੋਣਾ। ਤੇਰੇ ਪਿਉ ਦੀਆਂ ਅੱਖਾਂ ‘ਤੇ ਅੰਨ੍ਹੀ ਮਜ਼ਹਬ ਪ੍ਰਸਤੀ ਦੇ ਖੋਪੇ ਚੜ੍ਹੇ ਹੋਏ ਆ ਤੇ ਨਿਹੰਗ ਨੇ ਤੇਰਾ ਖਹਿੜਾ ਛੱਡਣਾ ਨਹੀਂ। ਉਸ ਤੋਂ ਬਚਣ ਦਾ ਇੱਕੋ ਤਰੀਕਾ ਹੈ, ਤੂੰ ਨਾਈ ਦੇ ਜਾ ਕੇ ਵਾਲ ਮੁਨਾ ਕੇ ਘੋਨ ਮੋਨ ਹੋ ਜਾ, ਨਾ ਰਹੇਗਾ ਬਾਂਸ ਨਾ ਵੱਜੇਗੀ ਬਾਂਸੁਰੀ।” ਮੁੰਡਾ ਉਸੇ ਦਿਨ ਚੁੱਪ ਚੁਪੀਤਿਆਂ ਨਾਈ ਦੇ ਗਿਆ ਤੇ ਘੋਨ ਮੋਨ ਹੋ ਕੇ ਘਰ ਆ ਵੜਿਆ।

ਪਿਉ ਨੇ ਸਮਝ ਲਿਆ ਕਿ ਇਸ ਦੀ ਕਿਸਮਤ ਹੀ ਮਾੜੀ ਹੈ ਜਿਹੜਾ ਚੰਗਾ ਭਲਾ ਗੁਰਮੱਤ ਤੇ ਗੁਰਮੁਖੀ ਪੜ੍ਹਦਾ ਬੇਮੁਖ ਹੋ ਗਿਆ। ਦੂਜੇ ਦਿਨ ਇਹ ਮੁੰਡਾ ਵੀ ਆਪਣੇ ਬੜੇ ਭਰਾ ਨਾਲ ਰੋਟੀ ਦਾ ਡੱਬਾ ਚੁੱਕ ਕੇ ਤੁਰ ਪਿਆ ਤੇ ਬਹਿਰਾਮ ਬੇਲਣੇ ਤੇ ਮਸ਼ੀਨਾਂ ਦੀ ਢਲਾਈ ਕਰਨ ਵਾਲੀ ਫੌਂਡਰੀ ਵਿਚ ਕੰਮ ਤੇ ਲੱਗ ਗਿਆ।

***
189
***

(13 ਜੂਨ 2006)
ਮੁੜਕੇ ਫਿਰ: 21 ਮਈ 2021

About the author

ਹਰਬਖ਼ਸ਼ ਸਿੰਘ ਮਕਸੂਦਪੁਰੀ
ਹਰਬਖ਼ਸ਼ ਸਿੰਘ ਮਕਸੂਦਪੁਰੀ
+ ਲਿਖਾਰੀ ਵਿੱਚ ਛਪੀਆਂ ਰਚਨਾਵਾਂ ਦਾ ਵੇਰਵਾ

ਹਰਬਖ਼ਸ਼ ਸਿੰਘ ਮਕਸੂਦਪੁਰੀ

View all posts by ਹਰਬਖ਼ਸ਼ ਸਿੰਘ ਮਕਸੂਦਪੁਰੀ →