ਸੁਨਹਿਰੀ ਯਾਦਾਂ ਪ੍ਰੀਤ ਨਗਰ ਦੀਆਂਰਮਿੰਦਰ ਰਮੀ |
ਮੈਂ ਇਕ ਆਰਟੀਕਲ ਲਿੱਖਿਆ ਹੋਇਆ ਹੈ ( ਯਾਦਾਂ ਦੇ ਝਰੋਖੇ ‘ਚੋਂ ) ਉਸ ਵਿੱਚ ਆਪਣੀਆਂ ਪ੍ਰੀਤ ਨਗਰ ਦੀਆਂ ਸੁਨਹਿਰੀ ਯਾਦਾਂ ਦਾ ਵੀ ਸੰਖੇਪ ਜਿਹਾ ਵਰਨਣ ਹੈ। – ਰਮਿੰਦਰ ਰਮੀ *** ਮੇਰੇ ਤੋਂ ਸੀਨੀਅਰ ਕਲਾਸ ਦੀ ਮੇਰੀ ਇਕ ਦੋਸਤ ਦਾ ਫ਼ੋਨ ਆਇਆ ਕਿ ਤੂੰ ਚੱਲਣਾ ਹੈ। ਮੈਂ ਮਨਾ ਕਰ ਦਿੱਤਾ। ..ਜਦ ਮੇਰੇ ਪਾਪਾ ਜੀ ਨੂੰ ਪਤਾ ਲਗਿਆ ਤੇ ਕਹਿਣ ਤੈਨੂੰ ਜਾਣਾ ਚਾਹੀਦਾ ਹੈ ..ਮੈਂ ਆਪਣੀ ਦੋਸਤ ਨੂੰ ਫ਼ੋਨ ਕਰ ਕੇ ਕਹਿ ਦਿੱਤਾ ਕਿ ਮੈਂ ਚਲਾਂਗੀ ਤੇਰੇ ਨਾਲ। ਮੇਰੀ ਦੋਸਤ ਪਰਮਜੀਤ ਕੌਰ ਵੀ ਮੇਰੇ ਕਾਲਜ ਹੀ ਪੜ੍ਹਦੀ ਸੀ ਤੇ ਉਸਦੀ ਇਕ ਦੋਸਤ ਰਸ਼ਮੀ ( ਜੋ ਕਿ ਡਾਂਸਰ ) ਸੀ , ਮਕਬੂਲ ਰੋਡ ਐਸ ਐਸ ਐਨ ਕਾਲਜ ਪੜ੍ਹਦੀ ਸੀ ਤੇ ਉਸਨੇ ਪਰਮਜੀਤ ( ਪਮੀ )ਨੂੰ ਕਿਹਾ ਸੀ ਕੈਂਪ ਤੇ ਜਾਣ ਲਈ ਤੇ ਪਮੀ ਨੇ ਮੈਨੂੰ ਕਿਹਾ। ਫਿਰ ਕੀ ਸੀ ਦੂਸਰੇ ਦਿਨ ਮਿੱਥੇ ਹੋਏ ਸਮੇਂ ਅਨੁਸਾਰ ਮੇਰੇ ਪਾਪਾ ਜੀ ਮੈਨੂੰ ਮੇਰੀ ਦੋਸਤ ਪਰਮਜੀਤ ਦੇ ਘਰ ਛੱਡ ਆਏ ਤੇ ਅਸੀਂ ਦੋਨੋ ਫਿਰ ਮਕਬੂਲ ਰੋਡ ਕਾਲਜ ਦੇ ਦੋਸਤਾਂ ਨਾਲ ਮੈਡਮ ਇੰਦਰਜੀਤ ਕੌਰ ਗਿੱਲ ਦੀ ਅਗਵਾਈ ਹੇਠ ਬੱਸ ਵਿੱਚ ਰਵਾਨਾ ਹੋ ਕੇ ਪ੍ਰੀਤ ਨਗਰ ਚਾਲੇ ਪਾ ਦਿੱਤੇ। ਪ੍ਰੀਤ ਨਗਰ ਵਿਖੇ ਇਕ ਕੋਠੀ ਵਿੱਚ ਕੋਈ ਫੋਰਿਸਟ ਆਫੀਸਰ ਤੇ ਉਹਨਾਂ ਦਾ ਪਰਿਵਾਰ ਰਹਿੰਦਾ ਸੀ। ਕਾਫ਼ੀ ਕਮਰੇ ਸੀ ਤੇ ਸਾਨੂੰ ਵੀ ਗਰੁਪ ਵਿੱਚ ਇਕ ਇਕ ਕਮਰਾ ਮਿਲ ਗਿਆ ਸੀ। ਖਾਣੇ ਲਈ ਰਸੋਈਏ ਦਾ ਪ੍ਰਬੰਧ ਸੀ ਤੇ ਬਲਰਾਜ ਸਾਹਨੀ ਜੀ ਦੀ ਕੋਠੀ ਸਾਡਾ ਮੈਸ ਸੀ। ਮੈਨੂੰ ਖਾਣਾ ਬਣਾਉਣ ਤੇ ਖਿਲਾਉਣ ਦਾ ਬੇਹੱਦ ਸ਼ੋਕ ਹੈ ਤੇ ਮੈਂ ਵੀ ਸਬਜ਼ੀ ਬਣਾਉਣ ਵਿੱਚ ਮਦਦ ਕਰ ਦਿੰਦੀ ਸੀ। ਸਰਦਾਰ ਗੁਰਬਖ਼ਸ਼ ਸਿੰਘ ਜੀ ਦੇ ਬੇਟੇ ਨਵਤੇਜ ਸਿੰਘ ਜੀ ਦੀ ਪਤਨੀ ਮਹਿੰਦਰ ਕੌਰ ਜੀ ਨੂੰ ਸਾਡੇ ਕੈਂਪ ਸੁਪਰਵਾਈਜ਼ਰ ਬਣਾਇਆ ਗਿਆ ਸੀ। ਉਹਨਾਂ ਦੇ ਪਰਿਵਾਰ ਨਾਲ ਸਾਡੀ ਕਾਫ਼ੀ ਨੇੜਤਾ ਰਹੀ ਹੈ। ਖਾਣਾ ਵੀ ਅਸੀਂ ਇੱਕਠੇ ਖਾਣਾ ਤੇ ਘੁੰਮਣ ਫਿਰਨ ਵੀ ਇੱਕਠੇ ਜਾਣਾ। ਸਰਦਾਰ ਗੁਰਬਖ਼ਸ਼ ਸਿੰਘ ਜੀ ਪ੍ਰੀਤ ਲੜੀ ਮੇਰੇ ਦਾਦਕੇ ਪਿੰਡ ਸਿਆਲਕੋਟ ਮੇਲੋਵਾਲ ਪਿੰਡ ਦੇ ਸੀ। ਸਾਡੀ ਹੀ ਬਰਾਦਰੀ ਆਹਲੂਵਾਲੀਆ ਦੇ ਵੀ ਸੀ। ਕੈਂਪ ਦੌਰਾਨ ਦੋ ਵਾਰ ਮੇਰੇ ਪਾਪਾ ਜੀ ਤੇ ਸਾਰਾ ਪਰਿਵਾਰ ਸਾਨੂੰ ਤੇ ਸਰਦਾਰ ਗੁਰਬਖ਼ਸ਼ ਸਿੰਘ ਜੀ ਹੋਰਾਂ ਨੂੰ ਮਿਲਣ ਲਈ ਪ੍ਰੀਤ ਨਗਰ ਵਿਖੇ ਆਏ ਸੀ। ਇਸ ਕਰਕੇ ਵੀ ਮੈਨੂੰ ਉਹ ਸੱਭ ਬਹੁਤ ਪਿਆਰ ਕਰਦੇ ਸੀ। ਸਰਦਾਰ ਗੁਰਬਖ਼ਸ਼ ਸਿੰਘ ਜੀ ਦੀ ਪਤਨੀ ਨੇ ਕਹਿਣਾ ਮੈਂ ਤੇਰੇ ਭੂਆ ਜੀ ਦੀ ਜਠਾਨੀ ਲਗਦੀ ਹਾਂ। ਗੁਰਬਖ਼ਸ਼ ਸਿੰਘ ਜੀ ਦੀ ਕੋਠੀ ਦਾ ਨਾਮ ( ਮਾਲਣੀ ) ਸੀ। ਪੁੱਛਣ ਤੇ ਪਤਾ ਲੱਗਿਆ ਕਿ ਉਹਨਾ ਦੇ ਮਾਤਾ ਜੀ ਦਾ ਇਹ ਨਾਮ ਸੀ। ਜਦ ਅਸੀਂ ਸੱਭ ਕੈਂਪ ਦੀਆਂ ਦੋਸਤ ਨੇ ਉਹਨਾਂ ਨੂੰ ਪਹਿਲੀ ਵਾਰ ਮਿਲਣਾ ਸੀ ਤੇ ਅਸੀਂ ਸੱਭ ਹੱਥ ਜੋੜ ਕੇ ਉਹਨਾਂ ਨੂੰ ਸਤਿ ਸ੍ਰੀ ਅਕਾਲ ਕਰ ਰਹੇ ਸੀ ਤੇ ਉਹ ਸੱਭ ਨਾਲ ਹੱਥ ਮਿਲਾ ਰਹੇ ਸੀ। ਉਹਨਾਂ ਦੀ ਛਵੀ ਇਸ ਤਰਾਂ ਲੱਗ ਰਹੀ ਸੀ ਜਿਵੇਂ ਕੋਈ ਫ਼ਰਿਸ਼ਤਾ ਹੋਣ। ਬੋਲਚਾਲ ਵਿੱਚ ਮਿਠਾਸ ,ਨਿਮਰਤਾ ਤੇ ਹਲੀਮੀ। ਮੈਂ ਅਵਾਕ ਦੇਖਦੀ ਰਹੀ ਓਸ ਫ਼ਰਿਸ਼ਤੇ ਨੂੰ। ਗੋਰਾ ਚਿੱਟਾ ਰੰਗ ,ਸਫ਼ੈਦ ਕੱਪੜੇ ਤੇ ਪਗੜੀ। ਉਹਨਾਂ ਨੂੰ ਦੇਖ ਕੇ ਮੈਨੂੰ ਡਾਕਟਰ ਦੀਵਾਨ ਸਿੰਘ ਜੀ ਕਾਲੇਪਾਣੀ ਜਿਹਨਾ ਨੇ ਆਪਣੀ ਕਿਤਾਬ ( ਇਕ ਸੁਨਹਿਰੀ ਦਿਲ ) ਵਿੱਚ ਗੁਰਬਖ਼ਸ਼ ਸਿੰਘ ਜੀ ਬਾਰੇ ਲਿਖਿਆ ਹੈ ਕਿ ਮੈਂ ਤੇ ਸੋਚਦਾ ਸੀ ਕਿ ਜਿਸ ਤਰਾਂ ਤੁਸੀਂ ਲਿਖਦੇ ਹੋ .ਸ਼ਾਇਦ ਦਿਓ ਜਿੱਡਾ ਤੁਹਾਡਾ ਕੱਦ ਹੋਵੇਗਾ ਤੇ ਹੋਰ ਬਹੁਤ ਕੁਝ ਲਿਖਿਆ ਸੀ ਕਹਿੰਦੇ ਜਦ ਮੈਂ ਉਹਨਾਂ ਨੂੰ ਮਿਲਿਆ ਤੇ ਦੇਖਿਆ ਕਿ ਆਹ ਛੋਟਾ ਜਿਹਾ ਕੱਦ। ਮੇਰੇ ਖਿਆਲਾਂ ਦੇ ਉਲਟ ਸੀ। ਸਚਮੁਚ ਬਹੁਤ ਵਧੀਆ ਸ਼ਖ਼ਸੀਅਤ ਸੀ ਉਹਨਾ ਦੀ ,ਚਿਹਰੇ ਤੇ ਇਕ ਨੂਰ ਸੀ। ਪਹਿਲੇ ਦਿਨ ਜਿਸ ਕਮਰੇ ਵਿੱਚ ਅਸੀਂ ਸੁੱਤੇ ਬਹੁਤ ਮੱਛਰ ਸੀ। ਸਾਰੀ ਰਾਤ ਕੋਈ ਵੀ ਨਹੀਂ ਸੁੱਤਾ। ਦੂਸਰੇ ਦਿਨ ਤੋਂ ਸੱਭ ਛੱਤ ਤੇ ਭੁੰਜੇ ਦਰੀ ਬਿਸਤਰਾ ਵਿਛਾ ਕੇ ਸੌਣ ਲੱਗ ਪਏ। ਸੱਚ ਜਾਨਣਾ ਨੀਚੇ ਤੋਂ ਫ਼ਰਸ਼ ਚੁਬਦਾ ਸੀ ਤੇ ਘਰ ਤੋਂ ਬਾਹਰ ਵੀ ਪਹਿਲੀ ਵਾਰ ਰਹੀ ਸੀ ਮੈਨੂੰ ਸਾਰੀ ਰਾਤ ਨੀਂਦ ਨਹੀਂ ਆਈ ਮੈਂ ਆਪਣੇ ਆਪ ਵਿੱਚ ਰੋਂਦੀ ਰਹੀ ਤੇ ਸੋਚਦੀ ਮੈਂ ਕਿੱਥੇ ਆ ਗਈ ਹਾਂ। ਹੌਲੀ ਹੌਲੀ ਦਿਲ ਲੱਗ ਗਿਆ ਸੀ ਤੇ ਆਦਤ ਵੀ ਬਣ ਗਈ ਸੀ। ਪ੍ਰੀਤ ਲੜੀ ਦਾ ਦਫਤਰ ਤੇ ਪ੍ਰਿੰਟਿੰਗ ਪ੍ਰੈਸ ਵੀ ਦੇਖੇ। ਨਾਨਕ ਸਿੰਘ ਨਾਵਲਿਸਟ ਦੀ ਸਮਾਧ ਵੀ ਦੇਖੀ ਤੇ ਉਹਨਾਂ ਦੇ ਘਰ ਵੀ ਗਏ ਤੇ ਉਹਨਾਂ ਦੇ ਬੇਟੇ ਤੇ ਪਰਿਵਾਰ ਨੂੰ ਵੀ ਮਿਲੇ। ਪ੍ਰੀਤ ਨਗਰ ਦਾ ਸ਼ਾਂਤਮਈ ਮਾਹੌਲ ਬਹੁਤ ਅੱਛਾ ਲੱਗਿਆ। ਨਵਤੇਜ ਸਿੰਘ ਜੀ ਦੇ ਨੇੜੇ ਹੀ ਉਹਨਾ ਦੇ ਬਹੁਤ ਖ਼ਾਸ ਦਰਸ਼ਨ ਸਿੰਘ ਜੀ ਤੇ ਉਹਨਾਂ ਦਾ ਪਰਿਵਾਰ ਵੀ ਸੀ। ਉਹਨਾ ਦੀਆਂ ਬੇਟੀਆਂ ਨਾਲ ਵੀ ਕਾਫ਼ੀ ਸਨੇਹ ਸੀ। ਪ੍ਰੀਤ ਨਗਰ ਵਿਖੇ ਪਹਿਲੀ ਵਾਰ ਚੁਬੱਚੇ ਤੇ ਬੰਬੀਆਂ ਦੇਖੀਆਂ ਸੀ। ਕੰਮ ਦੀ ਫੁਰਸਤ ਦੇ ਬਾਦ ਸੱਭ ਨੇ ਉੱਥੇ ਜਾ ਕੇ ਨਹਾਉਣਾ। ਬਹੁਤ ਮਜ਼ਾ ਆਉਂਦਾ ਸੀ ..ਸਾਈਕਲ ਤੇ ਪ੍ਰੀਤ ਨਗਰ ਦੇ ਸਹੇਲੀਆਂ ਨਾਲ ਚੱਕਰ ਲਗਾਉਣੇ। ਖਾਲ਼ੀ ਸਮੇਂ ਵਿੱਚ ਬਾਹਰ ਕਿਸੇ ਵਾਟ ਤੇ ਜਾ ਕੇ ਸ਼ਾਂਤਮਈ ਮਾਹੋਲ ਵਿੱਚ ਕਿਤਾਬਾਂ ਪੜ੍ਹਣ ਦਾ ਆਪਣਾ ਹੀ ਅਨੰਦ ਹੁੰਦਾ ਸੀ। ਬਾਹਰ ਤੋਂ ਵੀ ਕੋਈ ਨਾ ਕੋਈ ਕਿਸੇ ਨਾ ਕਿਸੇ ਦੋਸਤ ਦੇ ਘਰੋਂ ਕੋਈ ਮਿਲਣ ਲਈ ਆ ਜਾਂਦਾ ਸੀ। ਬਹੁਤ ਕੁਝ ਲਿਖਣ ਨੂੰ ਹੈ। ਦਿਮਾਗ ਵਿੱਚ ਉਹ ਯਾਦਾਂ ਅਜੇ ਵੀ ਤਰੋ-ਤਾਜ਼ਾ ਨੇ। ਇਕ ਦਿਨ ਅਸੀਂ ਸੱਭ ਤੇ ਨਵਤੇਜ ਅੰਕਲ ਜੀ ਦੀ ਫੈਮਿਲੀ ਮਿਲ ਕੇ ਸ਼ਾਮ ਦੇ ਬਾਦ ਟ੍ਰੈਕਟਰ ਟ੍ਰਾਲੀ ਵਿੱਚ ਬੈਠ ਕੇ ਵਾਹਗਾ ਬਾਡਰ ਦੇਖਣ ਗਏ ਸੀ। ਉਸ ਸਮੇਂ ਅੱਜ ਕਲ ਵਾਲਾ ਮਾਹੌਲ ਨਹੀ ਸੀ ਹੁੰਦਾ। ਕੈਂਪ ਖਤਮ ਹੋਣ ਤੇ ਭਰੇ ਹੋਏ ਮਨ ਨਾਲ ਬਹੁਤ ਯਾਦਾਂ ਲੈ ਕੇ ਅਸੀਂ ਵਾਪਸ ਅੰਮ੍ਰਿਤਸਰ ਆ ਗਏ। ਆਉਣ ਤੇ ਪਹਿਲਾਂ ਅਸੀਂ ਸੱਭ ਦੇ ਆਟੋਗ੍ਰਾਫ਼ਜ਼ ਲਏ ਤੇ ਪੂਨਮ ਸਿੰਘ ਪ੍ਰੀਤ ਲੜੀ ਜੀ ਦੇ ਪਤੀ ਸ਼ਮੀ ( ਸੁਮੀਤ ਸਿੰਘ ) ਵੀਰੇ ਨੇ ਡਾਇਰੀ ਦਿੱਤੀ ਸੀ ਆਟੇਗ੍ਰਾਫ਼ਜ਼ ਲੈਣ ਲਈ , ਜੋ ਮੇਰੇ ਕੋਲ ਅੱਜ ਵੀ ਹੈ। ਫਿਰ ਕਦੀ ਚਾਅ ਕੇ ਵੀ ਪ੍ਰੀਤ ਨਗਰ ਜਾਣਾ ਨਹੀਂ ਹੋਇਆ। ਇਕ ਵਾਰ ਮੈਂ ਆਪਣੀ ਦੋਸਤ ਨਾਲ ਸ੍ਰੀ ਹਰਿਮੰਦਰ ਸਾਹਿਬ ਵਿਖੇ ਜਾ ਰਹੀ ਸੀ। ਪਹਿਲਾਂ ਅਸੀਂ ਸਰਾਂ ਵਾਲੀ ਸਾਈਡ ਤੋਂ ਹੀ ਜਾਂਦੇ ਸੀ। ਅਚਾਨਕ ਮੇਰੇ ਪਿੱਛੇ ਕਿਸੇ ਨੇ ਮੋਢੇ ਤੇ ਹੱਥ ਰੱਖਿਆ। ਮੈਂ ਘਬਰਾ ਕੇ ਪਿੱਛੇ ਦੇਖਿਆ ਤੇ ਨਵਤੇਜ ਸਿੰਘ ਅੰਕਲ ਜੀ ਖੜੇ ਸੀ। ਉਹਨਾਂ ਨੂੰ ਦੇਖ ਕੇ ਖ਼ੁਸ਼ੀ ਦੀ ਕੋਈ ਹੱਦ ਨਾ ਰਹੀ। ਸੱਭ ਦਾ ਹਾਲ ਚਾਲ ਪੁੱਛਿਆ ਮੈਂ ਘਰ ਆਉਣ ਲਈ ਕਿਹਾ ਪਰ ਉਹ ਜਲਦੀ ਵਿੱਚ ਸੀ ਤੇ ਫਿਰ ਆਉਣ ਦਾ ਕਹਿ ਕੇ ਉਹ ਚਲੇ ਗਏ। ਇਹ ਮੇਰੀ ਉਹਨਾਂ ਨਾਲ ਅਖੀਰੀ ਮੁਲਾਕਾਤ ਸੀ। ਬਾਦ ਵਿੱਚ ਮੈਂ ਸ਼ਾਦੀ ਦੇ ਬਾਦ ਚੰਡੀਗੜ੍ਹ ਆ ਗਈ ਸੀ ਤੇ ਪੇਪਰ ਵਿੱਚ ਪੜ੍ਹਿਆ ਸੀ ਕਿ ਉਹ ਬੀਮਾਰ ਨੇ ਤੇ ਚੰਡੀਗੜ੍ਹ ਪੀ ਜੀ ਆਈ ਹਸਪਤਾਲ ਵਿਖੇ ਜੇਰੇ ਇਲਾਜ ਸੀ। ਉਹਨਾਂ ਦੇ ਤੁਰ ਜਾਣ ਦਾ ਪਤਾ ਲੱਗਿਆ ਤੇ ਮਨ ਬਹੁਤ ਦੁੱਖੀ ਹੋਇਆ। ਪ੍ਰੀਤ ਨਗਰ ਦੀਆਂ ਇਹ ਸੁਨਹਿਰੀ ਯਾਦਾਂ ਹਰ ਪੱਲ ਮੇਰੇ ਦਿਮਾਗ ਵਿੱਚ ਤਰੋ-ਤਾਜ਼ਾ ਨੇ। ਲੱਗਦਾ ਜਿਵੇਂ ਕੱਲ ਦੀ ਹੀ ਗੱਲ ਹੋਵੇ। ਬਹੁਤ ਖੂਬਸੁਰਤ ਪੱਲ ਤੇ ਸਮਾਂ ਸੀ ਉਹ ਮੇਰੀ ਜ਼ਿੰਦਗੀ ਦਾ ਖ਼ਾਸ ਹਿੱਸਾ ਨੇ ਉਹ ਸੁਨਹਿਰੀ ਯਾਦਾਂ। ਆਟੋਗ੍ਰਾਫ਼ਜ਼ ਦੀ ਡਾਈਰੀ ਤੇ ਅਜੇ ਵੀ ਮੈਂ ਬਹੁਤ ਸੰਭਾਲ ਕੇ ਰੱਖੀ ਹੋਈ ਹੈ ਪਰ ਫੋਟੋਗ੍ਰਾਫ਼ਸ ਪ੍ਰਾਪਤ ਨਹੀਂ ਕਰ ਸਕੀ ਹਾਲਾਂਕਿ ਤਸਵੀਰਾਂ ਲਈ ਫੋਟੋਗ੍ਰਾਫਰ ਨੂੰ ਐਡਵਾਂਸ ਪੈਸੇ ਵੀ ਦਿੱਤੇ ਹੋਏ ਸੀ। ਐਨੇ ਦਿਨ ਪ੍ਰੀਤ ਨਗਰ ਵਿੱਚ ਸਮਾਂ ਗੁਜ਼ਾਰਿਆ ਉਹਨਾਂ ਯਾਦਾਂ ਨੂੰ ਲਿੱਖਣ ਲੱਗੇ ਇਕ ਕਿਤਾਬ ਬਣ ਜਾਏ ਪਰ ਇਹ ਮੈਂ ਆਪਣੇ ਇਕ ਆਰਟੀਕਲ ( ਯਾਦਾਂ ਦੇ ਝਰੋਖੇ ‘ਚੋਂ )ਇਕ ਛੋਟੀ ਜਿਹੀ ਯਾਦ ਲਿਖ ਕੇ ਹੀ ਸਾਂਝੀ ਕੀਤੀ ਹੈ। ਮੇਰੀ ਜ਼ਿੰਦਗੀ ਦੀਆਂ |
(ਪਹਿਲੀ ਵਾਰ ਛਪਿਆ ਮਈ 2022)
*** **** |
ਜੀਵਨ ਬਿਉਰਾ:
ਪੂਰਾ ਨਾਮ:ਰਮਿੰਦਰ ਕੌਰ ਵਾਲੀਆ
ਕਲਮੀ ਨਾਮ: ਰਮਿੰਦਰ ਰਮੀ
ਪਿਤਾ ਦਾ ਨਾਮ: ਸ: ਇੰਦਰਜੀਤ ਸਿੰਘ ਆਹਲੂਵਾਲੀਆ
ਮਾਤਾ ਦਾ ਨਾਮ: ਸ੍ਰੀਮਤੀ ਰਜਿੰਦਰ ਕੌਰ ਆਹਲੂਵਾਲੀਆ
ਜਨਮ ਸਥਾਨ: ਜਲੰਧਰ
ਜਨਮ ਤਰੀਕ: 23 ਮਾਰਚ 1954
ਪਾਲਣਾ: ਅੰਮ੍ਰਿਤਸਰ, ਪੰਜਾਬ, ਭਾਰਤ
ਸਿਖਿਆ:ਬੀ. ਏ. , ਗੁਰੂ ਨਾਨਕ ਦੇਵ ਯੂਨਿਵਰਸਿਟੀ, ਪੰਜਾਬ
ਪੱਕਾ ਪਤਾ: 213 Vodden Street WestL6X 2W8,Ontario, Brampton
Mobile: +1 (647) 919-9023
E-mail: raminderwalia213@gmail.com
ਸ਼ੌਕ:ਲਿਖਣਾ ਪੜ੍ਹਣਾ ਤੇ ਗੁਰੂ ਘਰ ਨਾਲ ਪ੍ਰੀਤ, ਕੀਰਤਨ ਬੱਚਪਨ ਵਿੱਚ ਸਿੱਖਿਆ ਤੇ ਚੰਡੀਗੜ੍ਹ 23.24 ਸਾਲ ਬਾਦ ਫਿਰ ਸ਼ੁਰੂ ਕੀਤਾ ਸੀ ਜੋ ਕਿ ਕੈਨੇਡਾ ਆਉਣ ਦੇ ਬਾਦ ਵੀ ਅਜੇ ਸੈਕਟਰ 37 ਸੀ ਚੰਡੀਗੜ੍ਹ ਨਾਲ ਸਾਂਝ ਬਰਕਰਾਰ ਹੈ।
* ਚੰਡੀਗੜ੍ਹ ਦੇ ਸਮੂਹ ਇਸਤਰੀ ਸਤਿਸੰਗ ਦੀ ਸੈਕਟਰੀ ਜਨਰਲ ਤੇ ਸਿੱਖ ਨਾਰੀ ਮੰਚ ਦੀ ਸੀਨੀਅਰ ਵਾਈਸ ਪ੍ਰਧਾਨ ਵਜੋਂ ਸੇਵਾ ਨਿਭਾਈ।
* ਪੜ੍ਹਣ ਲਿਖਣ ਦਾ ਸ਼ੋਕ ਤਾਂਂ ਬਚਪਨ ਵਿਚ ਸੀ ਤੇ ਕਾਲਜ ਦੀ ਮੈਗਜ਼ੀਨ ਵਿਚ ਵੀ ਆਰਟੀਕਲ ਤੇ ਕਹਾਣੀ ਲਿਖ ਕੇ ਦਿੰਦੀ ਰਹੀ ਸੀ। ਸ: ਗੁਰਬਖ਼ਸ਼ ਸਿੰਘ ਪ੍ਰੀਤਲੜੀ ਤੇ ਸ: ਨਵਤੇਜ ਸਿੰਘ ਨੂੰ ਵੀ ਮਿਲਣ ਦਾ ਸੁਭਾਗ ਪ੍ਰਾਪਤ ਹੋਇਆ ।
* ਬਰੈਂਪਟਨ ਵਿਚ ਸੱਭ ਸਾਹਿਤਕ ਤੇ ਸਮਾਜਿਕ ਸੰਸਥਾਵਾਂ ਨਾਲ ਜੁੜੀ ਹੋਈ ਹਾਂ।
ਲਿਖਣ ਰੁਚੀ: ਹਰ ਵਿਸ਼ੇ ਤੇ ਲਿਖਣਾ,ਕਵਿਤਾ, ਲੇਖ, ਯਾਦਾਂ, ਰੀਪੋਰਟਿੰਗ ਆਦਿ
ਪ੍ਰਕਾਸ਼ਨਾ: ‘ਕਿਸ ਨੂੰ ਆਖਾਂ’ (ਕਾਵਿ ਸੰਗ੍ਰਹਿ), ਦੂਜੀ ਪੁਸਤਕ ਤਿਆਰੀ ਅਧੀਨ
ਹੋਰ ਸਰਗਰਮੀਅਾਂ ਬੇਅੰਤ ਜਿਵੇਂ ਕਿ ਫੇਸ ਬੁਕ, ਵਟਸਅਪ ਗਰੁੱਪ ਵਿਚ ਰਚਨਾਵਾਂ ਦੇਣੀਅਾਂ ਅਤੇ ਜੂਮ ਮੀਟਿੰਗਾਂ ਕਰਕੇ ਹੋਰ ਸਾਹਿਤਕਾਰਾਂ ਨਾਲ ਕਾਵਿ ਮਿਲਣੀਅਾਂ ਆਦਿ ਕਰਨਾ।
***