1. ਬਲਾਤਕਾਰ ਇਸ ਤਰਾਂ ਵੀ ਹੁੰਦਾ ਹੈ
ਇਹ ਜ਼ਰੂਰੀ ਤੇ ਨਹੀਂ
ਕਿ ਔਰਤ ਦੇ ਜਿਸਮ ਦਾ
ਸੋਸ਼ਣ ਕਰਨ ਨਾਲ ਹੀ
ਬਲਾਤਕਾਰ ਹੁੰਦਾ ਹੈ
ਔਰਤ ਜੱਦ ਕਿਸੇ ਤੇ
ਬਹੁਤ ਜ਼ਿਆਦਾ ਭਰੋਸਾ ਕਰਦੀ ਹੈ
ਕਿਸੇ ਨੂੰ ਬਹੁਤ ਮੁਹੱਬਤ ਕਰਦੀ ਹੈ
ਜ਼ਰੂਰੀ ਨਹੀਂ ਕਿ ਉਹ ਪ੍ਰੇਮੀ ਹੀ ਹੋਏ
ਕੋਈ ਵੀ ਰਿਸ਼ਤਾ ਹੋ ਸਕਦਾ ਹੈ
ਜੱਦ ਉਹ ਕਦਰ ਨਹੀਂ ਕਰਦੇ
ਔਰਤ ਦੇ ਭਰੋਸੇ ਨੂੰ , ਵਿਸ਼ਵਾਸ ਨੂੰ
ਕੋਈ ਠੇਸ ਪਹੁੰਚਾਉਂਦਾ ਹੈ
ਔਰਤ ਤੇ ਕੋਈ ਬਿਨਾ ਵਜ੍ਹਾ
ਸ਼ੱਕ ਕਰੇ , ਜੋ ਤੁਹਾਨੂੰ
ਬਹੁਤ ਪਿਆਰਦੀ ਤੇ ਸਤਿਕਾਰਦੀ ਹੈ
ਝੂਠੇ ਤੇ ਈਰਖਾ ਨਾਲ ਭਰੇ ਹੋਏ
ਲੋਕਾਂ ਦੇ ਬਹਿਕਾਵੇ ਵਿੱਚ ਆ
ਔਰਤ ਤੇ ਇਲਜ਼ਾਮ ਲਗਾਉਂਦੇ ਹੋ
ਇਸਤੋਂ ਵੱਡਾ ਬਲਾਤਕਾਰ
ਹੋਰ ਕੀ ਹੋਏਗਾ
ਉਸਦੇ ਵਜੂਦ ਨੂੰ ਡਾਢੀ
ਸੱਟ ਲੱਗਦੀ ਹੈ
ਅੰਦਰ ਹੀ ਅੰਦਰ ਉਹ
ਵਿਰਲਾਪ ਕਰਦੀ ਹੈ
ਯਾਦ ਰੱਖਣਾ
ਰਾਤ ਨੂੰ ਜੱਦ ਸੋਵੋਂਗੇ ਤੇ
ਉਸ ਔਰਤ ਦੀਆਂ ਮੋਨ ਚੀਕਾਂ ਸੁਣ
ਤੁਹਾਡੇ ਕੰਨਾਂ ਦੇ ਪਰਦੇ ਫੱਟ ਜਾਣਗੇ
ਉਸਦੇ ਸ਼ਬਦਾਂ ਦਾ ਰੁਦਨ
ਸਹਿ ਨਹੀਂ ਸਕੋਗੇ
ਤੁਹਾਡਾ ਦਿਮਾਗ਼ ਸੁੰਨ ਹੋ ਜਾਏਗਾ
ਉਸ ਦੀਆਂ ਹੰਝੂ ਭਰੀਆਂ ਅੱਖਾਂ ,
ਉਸਦੇ ਹੌਕੇ , ਸਿਸਕੀਆਂ ,
ਹਰ ਪੱਲ ਤੁਹਾਡਾ ਪਿੱਛਾ ਕਰਨ ਗੀਆਂ
ਇਹ ਜ਼ਰੂਰੀ ਤੇ ਨਹੀਂ
ਕਿ ਔਰਤ ਦੇ ਜਿਸਮ ਦਾ
ਸੋਸ਼ਣ ਕਰਨ ਨਾਲ ਹੀ
ਬਲਾਤਕਾਰ ਹੁੰਦਾ ਹੈ
ਔਰਤ ਦਾ ਮਾਨਸਿਕ ਸੋਸ਼ਨ
ਕਰਨਾ ਵੀ ਬਲਾਤਕਾਰ ਹੁੰਦਾ ਹੈ
ਹਾਂ ਬਲਾਤਕਾਰ ਇਸ ਤਰਾਂ ਵੀ ਹੁੰਦਾ ਹੈ ।
***
2. ਅੱਖਰਾਂ ਦੀ ਸਾਂਝ
ਉਸ ਦੱਸਿਆ
ਮੇਰੀ ਉਸਦੀ ਸਾਂਝ
ਅੱਖਰਾਂ ਦੀ ਸਾਂਝ ਸੀ
ਕੁਝ ਉਹ ਲਿਖ ਦਿੰਦਾ
ਕੁਝ ਮੈਂ ਲਿਖ ਦਿੰਦੀ
ਗੱਲ ਕਦੀ ਹੁੰਦੀ ਨਾ
ਦਿਲ ਤੇ ਬਹੁਤ ਕਰਦਾ
ਕਦੀ ਉਸਨੂੰ ਕੋਲ ਬਿਠਾ
ਢੇਰ ਸਾਰੀਆਂ ਗੱਲਾਂ ਕਰਾਂ
ਕੁਝ ਉਸਦੀਆਂ ਸੁਣਾਂ
ਕੁਝ ਆਪਣੀਆਂ ਕਹਾਂ
ਸਾਹਮਣੇ ਬਿਠਾ ਉਸਨੂੰ ਤੱਕਦੀ ਰਹਾਂ
ਸੁਣਦੀ ਰਹਾਂ , ਬੱਸ ਸੁਣਦੀ ਰਹਾਂ
ਬੇਪਨਾਹ ਮੁਹੱਬਤ ਸੀ ਦੋਹਾਂ ਨੂੰ
ਕਦੀ ਖੁੱਲ ਕੇ ਗੱਲਬਾਤ
ਨਹੀਂ ਹੋਈ ਦੋਹਾਂ ਵਿੱਚ
ਇਹ ਸਾਂਝ ਅੱਖਰਾਂ ਦੀ ਸਾਂਝ
ਨਹੀਂ ਹੈ ਸਾਡੇ ਦੋਹਾਂ ਵਿੱਚ ਸਿਰਫ਼
ਇਹ ਤੇ ਮੁਹੱਬਤੀ ਸਾਂਝ ਹੈ
ਰੂਹਾਂ ਦੀ ਸਾਂਝ ਤੇ
ਰੂਹ ਦੀ ਮੁਹੱਬਤ ਹੈ
ਜਿਸਦੀ ਕੋਈ ਸੀਮਾ ਨਹੀਂ
ਬੇਪਨਾਹ ਮੁਹੱਬਤ ਜਿਸਤੋਂ
ਦੁਨੀਆਂ ਜਹਾਨ ਦੀ ਹਰ ਖ਼ੁਸ਼ੀ
ਵਾਰ ਦੇਣਾ ਚਾਹੁੰਦੀ ਹਾਂ ਮੈਂ
ਇੱਕ ਪੱਲ ਲਈ ਵੀ ਉਸਤੋਂ
ਜੁਦਾ ਨਹੀਂ ਹੋਣਾ ਚਾਹੁੰਦੀ
ਉੱਠਦੇ , ਬਹਿੰਦੇ , ਸੌਂਦੇ , ਜਾਗਦੇ
ਹਰ ਪੱਲ , ਹਰ ਘੜੀ , ਹਰ ਸਾਹ
ਉਸਦੀਆਂ ਯਾਦਾਂ ਬੇਚੈਨ ਕਰਦੀਆਂ
ਹਾਏ ! ਕੈਸੀ ਮੁਹੱਬਤ ਹੈ
ਦੋਹਾਂ ਵਿੱਚ
ਲਾਚਾਰੀ , ਬੇਬਸੀ , ਤੜਪ
ਸ਼ਾਇਦ ਆਸ਼ਕਾਂ ਨੂੰ
ਇਹੀ ਹੰਡਾਉਣਾ ਪੈਂਦਾ ਹੈ
ਕਿਵੇਂ ਜੀ ਸਕਾਂਗੀ ਮੈਂ
ਉਸਦੇ ਬਗੈਰ
ਸ਼ਾਇਦ ਇਹ ਸੋਚ ਕੇ ਵੀ
ਘਬਰਾਹਟ ਹੋਣ ਲੱਗਦੀ ਹੈ
ਕੋਈ ਹੈ ਐਸੀ ਜੁਗਤ ਕਿ
ਕਦੀ ਜੁਦਾ ਨਾ ਹੋਈਏ
ਚੁੱਪ ਬੈਠੀ ਸੁਣ ਰਹੀ ਹਾਂ ਉਸਨੂੰ
ਬਿਨਾ ਸਾਹ ਲਏ ਬੋਲੀ ਜਾ ਰਹੀ ਹੈ
ਅੱਖਾਂ ਦੇ ਹੰਝੂ ਛੁਪਾਉਣ
ਦੀ ਕੋਸ਼ਿਸ਼ ਕਰਦੀ ਹੈ
ਵਿੱਚੋਂ ਟੋਕ ਮੈਂ ਬੋਲੀ ਕੀ
ਇਹ ਸੱਭ ਪਤਾ ਹੈ ਉਸਨੂੰ
ਕਿੰਨੀ ਸ਼ਿੱਦਤ ਨਾਲ
ਮੁਹੱਬਤ ਹੈ ਤੈਨੂੰ ਉਸ ਨਾਲ
ਅੱਖਰਾਂ ਦੀ ਸਾਂਝ ਵੀ
ਅਜੀਬ ਸ਼ੈਅ ਹੈ
ਆਪਣੇ ਅਹਿਸਾਸ , ਜ਼ਜ਼ਬਾਤ
ਸਾਂਝੇ ਕਰ ਲੈਂਦੇ ਹਾਂ
ਪਰ ਜ਼ਬਾਨ ਨਹੀਂ ਦੇ ਪਾਉਂਦੇ
ਲੰਬਾ ਹਉਕਾ ਭਰ ਫਿਰ ਬੋਲੀ
ਮੁਲਾਕਾਤ
ਪਤਾ ਨਹੀਂ ਇਸ ਜਨਮ ਹੋਏ
ਕਿ ਨਾ ਹੋਏ
ਉਸਨੂੰ ਯਾਦ ਕਰਦੇ
ਘੁੱਟ ਘੁੱਟ ਕੇ ਜਾਨ
ਹੀ ਤੇ ਨਿਕਲ ਜਾਏਗੀ
ਇੱਕ ਦਿਨ
ਅੱਖਾਂ ਵਿੱਚ ਡਲ੍ਹਕ ਆਏ ਹੰਝੂ
ਸਾਫ਼ ਕਰ ਵਿਦਾ ਲੈਂਦੀ ਹੈ ਮੈਥੋਂ
ਡੱਬਡਬਾਈਆਂ ਅੱਖਾਂ ਨਾਲ
ਜਾਂਦੇ ਹੋਏ ਵੇਖਦੀ ਹਾਂ ਉਸਨੂੰ
ਸੋਚਦੀ ਹਾਂ ਕਾਸ਼ ! ਮੈਂ
ਇਸ ਲਈ ਕੁਝ ਕਰ ਸਕਦੀ
ਮੈਂ ਦੋਹਾਂ ਪ੍ਰੇਮੀਆਂ ਨੂੰ ਮਿਲਾ ਸਕਦੀ
ਅੱਖਰਾਂ ਦੀ ਸਾਂਝ ‘ਚੋਂ
ਬਾਹਰ ਨਿਕਲ ਦੋਵੇਂ ਪ੍ਰੇਮੀ
ਇੱਕ ਹੋ ਸਕਣ ਮੁੜ
ਕਦੀ ਨਾ ਵਿੱਛੜਣ ।
***
3. ਸ਼ਬਦਾਂ ਦਾ ਸ਼ੋਰ
ਸ਼ਬਦਾਂ ਦਾ ਬਹੁਤ ਸ਼ੋਰ ਹੈ
ਉਸਦੇ ਅੰਦਰ
ਸ਼ਬਦਾਂ ਦਾ ਸ਼ੋਰ ਜੱਦ
ਜ਼ਿਆਦਾ ਵੱਧ ਜਾਂਦਾ ਹੈ
ਉਹ ਦਿਮਾਗ ਵਿੱਚ ਖੌਰੂ
ਬਹੁਤ ਮਚਾਉਂਦੇ ਹਨ
ਉਹਨਾਂ ਦੀਆਂ ਚੀਕਾਂ ਦੀ ਗੂੰਜ
ਸੁਣ ਕੰਨ ਫੱਟਣ ਲੱਗਦੇ ਹਨ
ਸਿਰ ਫੜ ਬੈਠ ਜਾਂਦੀ ਹੈ ਉਹ
ਆਪ ਮੁਹਾਰੇ ਹੰਝੂ ਵਹਿ ਤੁਰਦੇ ਹਨ
ਸ਼ਬਦ ਰੁਦਨ ਕਰਦੇ ਹਨ
ਸ਼ਬਦਾਂ ਦਾ ਸ਼ੋਰ ਵੱਧਦਾ ਜਾਂਦਾ ਹੈ
ਉਸ ਸ਼ੋਰ ਨੂੰ ਠੱਲ ਪਾਉਣ ਲਈ
ਉੱਠਦੀ ਹੈ ਉਹ ਤੇ
ਕਾਪੀ ਪੈਨ ਪਕੜ
ਉਹਨਾਂ ਸ਼ਬਦਾਂ ਨੂੰ
ਉਲੀਕ ਦਿੰਦੀ ਹੈ
ਕੋਈ ਕਵਿਤਾ ਲਿਖਕੇ
ਸ਼ਬਦਾਂ ਦਾ ਸ਼ੋਰ
ਕੁਝ ਘੱਟਦਾ ਹੈ
ਤੇ ਉਹ ਰਾਹਤ ਦੀ
ਸਾਹ ਲੈਂਦੀ ਹੈ
ਸੋਚਦੀ ਹੈ ਕਿ ਇਹ
ਸ਼ਬਦਾਂ ਦਾ ਸ਼ੋਰ ਵੀ ਅਜੀਬ ਸ਼ੈਅ ਹੈ
ਅਗਰ ਸਮੇਂ ਰਹਿੰਦੇ ਇਹਨਾਂ ਨੂੰ
ਕੰਟਰੋਲ ਨਾ ਕੀਤਾ ਜਾਏ
ਤਾਂ ਇਨਸਾਨ ਪਾਗਲ ਹੋ ਜਾਏ
ਇਸੇ ਲਈ ਉਹ ਸ਼ਬਦਾਂ ਨੂੰ
ਕਾਗਜ਼ਾਂ ਤੇ ਲਿਖਦੀ ਰਹਿੰਦੀ ਹੈ ।
***
4. ਅੱਧੀ ਰਾਤੀਂ
ਅੱਧੀ ਰਾਤੀਂ
ਅੱਭੜਵਾਹੇ
ਉੱਠ ਬਹਿੰਦੀ ਹਾਂ ਮੈਂ
ਡੋਰ ਭੋਰ ਹੋਏ
ਇੱਧਰ ਉੱਧਰ
ਤੱਕਦੀ ਰਹਿੰਦੀ ਹਾਂ ਮੈਂ
ਸਿਰ ਭਾਰੀ ਹੈ
ਅੱਖਾਂ ਵਿੱਚ ਨੀਂਦ ਨਹੀਂ
ਦਿਮਾਗ ਵਿੱਚ ਹਲਚਲ ਹੈ
ਕਵਿਤਾ ਲਿਖਣ ਲੱਗਦੀ ਹਾਂ
ਲਿਖੀ ਨਹੀਂ ਜਾਂਦੀ
ਲੱਗਦਾ ਜਿਵੇਂ ਸ਼ਬਦ ਕਿਤੇ
ਗੁੰਮ ਗਏ ਹੋਣ
ਸੋਚ ਪਥਰਾ ਗਈ ਹੋਵੇ
ਅੱਖਾਂ ਵਿੱਚ ਧੁੰਦਲਾਪਨ
ਆ ਗਿਆ ਹੋਏ
ਸੋਚਣ ਸ਼ਕਤੀ ਮੱਧਮ
ਪੈ ਗਈ ਹੋਏ
ਲੱਗਦਾ ਜਿਵੇਂ
ਹਾਰ ਗਈ ਅੱਜ
ਮੈਂ ਆਪਣਿਆਂ ਪਾਸੋਂ
ਜਿਹਨਾਂ ਨੂੰ ਬਹੁਤ
ਪਿਆਰਦੀ ਸੀ
ਜਿਹਨਾਂ ਦੇ ਸਾਹੀਂ
ਜੀਊਂਦੀ ਸੀ
ਮੇਰੇ ਆਪਣੇ ਹੀ ਅੱਜ
ਮੇਰੇ ਆਪਣੇ ਨਹੀਂ ਰਹੇ
ਭਰੋਸਾ ਟੁੱਟਦਾ ਹੈ ਤੇ
ਦਿਲ ਵੀ ਟੁੱਟਦਾ ਹੈ
ਦਿਲ ਟੁੱਟਦਾ ਹੈ ਤੇ
ਦੁੱਖ ਵੀ ਹੁੰਦਾ ਹੈ
ਇਨਸਾਨ ਨਾ ਜਿਊਂਦਿਆਂ
ਵਿੱਚ ਨਾ ਮਰਿਆਂ
ਵਿੱਚ ਹੁੰਦਾ ਹੈ
ਹੁਣ ਤੇ ਰੋਜ਼ ਹੀ
ਇਸ ਤਰਾਂ ਹੁੰਦਾ ਹੈ
ਅੱਧੀ ਰਾਤੀਂ
ਅੱਭੜਵਾਹੇ
ਉੱਠ ਬਹਿੰਦੀ ਹਾਂ ਮੈਂ
ਡੋਰ ਭੋਰ ਹੋਏ
ਇੱਧਰ ਉੱਧਰ
ਤੱਕਦੀ ਰਹਿੰਦੀ ਹਾਂ ਮੈਂ ।
***
5. ਅਹਿਮੀਅਤ
ਇਨਸਾਨ ਦੇ ਕੀਤੇ ਕੰਮਾਂ ਦੀ
ਕੋਈ ਅਹਿਮੀਅਤ ਨਹੀਂ ਹੈ
ਅਹਿਮੀਅਤ ਹੈ ਝੂਠ ਬੋਲਣ ਵਾਲਿਆਂ ਦੀ
ਚਾਪਲੂਸੀ ਕਰਨ ਵਾਲ਼ਿਆਂ ਦੀ
ਅਹਿਮੀਅਤ ਹੈ ਤੇ ਸਿਰਫ਼ ਪੈਸੇ ਦੀ
ਕਿਸੇ ਦੀ ਮਿਹਨਤ ਦੀ ਕੋਈ ਕਦਰ ਨਹੀਂ
ਕਦਰ ਹੈ ਪੈਸੇ ਦੇ ਕੇ ਅੋਹਦੇ
ਲੈਣ ਵਾਲਿਆਂ ਦੀ
ਪੈਸੇ ਦੇ ਕੇ ਮਾਣ ਸਨਮਾਨ
ਕਰਾਉਣ ਵਾਲਿਆਂ ਦੀ
ਚਮੜੀ ਦਾ ਕੋਈ ਮੁੱਲ ਨਹੀਂ
ਮੁੱਲ ਹੈ ਦਮੜੀ ਦਾ
ਤਾਂਹੀ ਸਿਆਣੇ ਕਹਿੰਦੇ ਨੇ
ਜਿਸਦੀ ਕੋਠੀ ਦਾਣੇ
ਉਸਦੇ ਕਮਲੇ ਵੀ ਸਿਆਣੇ
ਲੋਕ ਦੋਸਤੀਆਂ ਕਰਨਗੇ
ਮਤਲਬ ਨਿਕਲ ਜਾਣ ਤੇ
ਚਾਹ ਵਿੱਚ ਡਿੱਗੀ ਮੱਖੀ ਵਾਂਗ
ਬਾਹਰ ਨਿਕਾਲ ਦਿੰਦੇ ਨੇ
ਸਚਾਈ , ਈਮਾਨਦਾਰੀ , ਮਿਹਨਤ
ਇਹਨਾਂ ਦੀ ਕੋਈ ਅਹਿਮੀਅਤ ਨਹੀਂ
ਇਨਸਾਨ ਦੀ ਅਹਿਮੀਅਤ ਇਹੀ ਹੈ
ਯੂਜ਼ ਐਂਡ ਥਰੋ ।
***
6. ਤੇਰੀ ਤਲਾਸ਼
ਤਾਉਮਰ ਭੱਟਕਣ
ਵਿੱਚ ਨਿਕਲ ਗਈ
ਉਸ ਪਿਆਰੇ ਪ੍ਰੀਤਮ
ਨੂੰ ਭਾਲਦਿਆਂ
ਬਹੁਤ ਲੰਬਾ ਸਫ਼ਰ
ਤੈਅ ਕਰਨਾ ਪਿਆ
ਕਿੱਥੇ ਕਿੱਥੇ ਨਹੀਂ ਤਲਾਸ਼ਿਆ
ਉਸਨੂੰ
ਹਰ ਜ਼ਰੇ ਜ਼ਰੇ ਵਿੱਚ
ਉਸਦੀ ਤਲਾਸ਼ ਕਰਦੀ ਰਹੀ
ਜੰਗਲ , ਬੇਲੇ , ਨਦੀ – ਕਿਨਾਰੇ
ਮੰਦਰ , ਮਸਜਿਦ ਤੇ ਕਦੀ
ਗੁਰਦੁਆਰਿਆਂ ਵਿੱਚ .
ਕਦੀ ਕਿਤਾਬਾਂ ਤੇ ਗ੍ਰੰਥਾਂ ਵਿੱਚ
ਅਚਨਚੇਤ ਉਹ ਮਿਲ ਪਿਆ
ਜਿਸਨੂੰ ਮੁੱਦਤਾਂ ਤੋਂ ਰੂਹ
ਤਲਾਸ਼ ਕਰ ਰਹੀ ਸੀ
ਮਹਿਸੂਸ ਕੀਤਾ ਕਿ ਉਹ ਤਾਂ
ਮੇਰੇ ਆਪਣੇ ਅੰਦਰ ਹੀ ਸੀ
ਮੇਰੇ ਮਨ ਮੰਦਿਰ ਵਿੱਚ ਪਰ
ਮੈਂ ਪਹਿਚਾਣ ਨਾ ਸਕੀ ਉਸਨੂੰ
ਜਿਸ ਦਿਨ ਦਾ ਮੈਂ ਉਸਨੂੰ
ਆਪਣੇ ਅੰਦਰ ਤੋਂ ਖੋਜਿਆ
ਉਹ ਪ੍ਰੀਤਮ ਪਿਆਰਾ ਮਿਲਿਆ
ਭੱਟਕਣ ਖਤਮ ਹੋ ਗਈ
ਰੂਹ ਸਰਸ਼ਾਰ ਹੋ ਗਈ
ਮਨ ਵਿੱਚ ਅਦੁੱਤੀ ਖੇੜਾ ਹੈ
ਜਿਸਦੀ ਰੁਸ਼ਨਾਈ ਨੇ ਮੇਰੇ
ਰੋਮ ਰੋਮ ਨੂੰ ਮਹਿਕਾ ਦਿੱਤਾ ਹੈ
ਉਸਦੀ ਪੂਜਾ , ਉਸਦੀ ਬੰਦਗੀ
ਹੁਣ ਇਸ਼ਟ ਹੈ ਮੇਰਾ
ਉਸੇ ਦੀ ਯਾਦ ਵਿੱਚ
ਹਰ ਘੜੀ , ਹਰ ਪੱਲ
ਮਸ਼ਗੂਲ ਰਹਿੰਦੀ ਹਾਂ ਮੈਂ
ਕਿੰਨਾ ਪਿਆਰਾ ਅਹਿਸਾਸ ਹੈ
ਉਸ ਸੱਜਣ ਨੂੰ ਧਿਆਉਣਾ
ਹੋਂਠ ਫਰਕਦੇ ਨੇ , ਲਰਜ਼ਦੇ ਨੇ
ਅੱਖਾਂ ਮਦਹੋਸ਼ੀ ਦੇ ਆਲਮ ਵਿੱਚ
ਬੰਦ ਹੋ ਜਾਂਦੀਆਂ ਨੇ ਤੇ
ਮੈਂ ਉਸਦੀ ਬੰਦਗੀ ,
ਉਸਦੀ ਇਬਾਦਤ ਵਿੱਚ
ਮਸਤ ਹੋ , ਦੀਨ ਦੁਨੀਆਂ ਤੋਂ
ਬੇਖ਼ਬਰ ਗੁਣਗੁਣਾਉਂਦੀ ਹਾਂ
“ਮਿਲੁ ਮੇਰੇ ਪ੍ਰੀਤਮਾ ਜੀਉ
ਤੁਧੁ ਬਿਨੁ ਖਰੀ ਨਿਮਾਣੀ “
***
6. ਚੁੱਪ ਦਾ ਜ਼ਹਿਰ
ਚੁੱਪ ਦਾ ਜ਼ਹਿਰ
ਚੰਗਾ ਨਹੀਂ ਹੁੰਦਾ
ਇਹ ਰਿਸ਼ਤਿਆਂ ਨੂੰ ਅੰਦਰੋਂ ਅੰਦਰੀ
ਘੁਣ ਵਾਂਗ ਖਾ ਜਾਂਦਾ ਹੈ
ਤੁਸੀਂ ਆਪਣਾ ਗ਼ੁੱਸਾ ਚੁੱਪੀ ਵੱਟ
ਪੀਣਾ ਚਾਹੁੰਦੇ ਹੋ ਤੇ
ਖ਼ਾਮੋਸ਼ ਹੋ ਜਾਂਦੇ ਹੋ ਪਰ
ਬਹੁਤ ਲੰਬੀ ਚੁੱਪੀ
ਰਿਸ਼ਤਿਆਂ ਵਿੱਚ ਦਰਾਰ
ਪੈਦਾ ਕਰ ਦਿੰਦੀ ਹੈ
ਰਿਸ਼ਤਿਆਂ ਵਿੱਚ ਕੁੜਤੱਣ
ਪੈਦਾ ਹੋ ਜਾਂਦੀ ਹੈ
ਜ਼ਿਆਦਾ ਲੰਬੀ ਚੁੱਪ ਨਾਲ
ਤੁਸੀਂ ਇਕ ਦੂਸਰੇ ਤੋਂ
ਦੂਰ ਹੋ ਜਾਂਦੇ ਹੋ ਤੇ
ਰਿਸ਼ਤਾ ਸਦਾ ਲਈ ਖ਼ਤਮ ਹੋ ਜਾਂਦਾ ਹੈ
ਦੋਸਤੋ ਸਮਾਂ ਰਹਿੰਦੇ ਇਹ
ਦੂਰੀਆਂ ਖ਼ਤਮ ਕਰ ਲੈਣੀਆਂ
ਚਾਹੀਦੀਆਂ ਹਨ
ਇਹ ਨਾ ਹੋਵੇ ਤੁਹਾਡੀ
ਚੁੱਪ ਦਾ ਜ਼ਹਿਰ
ਦੂਸਰੇ ਦੀ ਜ਼ਿੰਦਗੀ ਨੂੰ
ਖੋਖਲੇ ਕਰ ਦੇਵੇ
ਉਹ ਅੰਦਰ ਹੀ ਅੰਦਰ
ਖ਼ਤਮ ਹੋ ਜਾਏ ਤੇ
ਤੁਹਾਡੇ ਬਿਨਾਂ ਜੀਣ ਦੀ
ਉਸਨੂੰ ਆਦਤ ਹੋ ਜਾਏ
ਤੁਹਾਡੇ ਚੁੱਪ ਦੇ ਜ਼ਹਿਰ ਨਾਲ
ਰਿਸ਼ਤੇ ਵਿੱਚ ਪਿਆਰ ਦੀ ਜਗਹ
ਖਟਾਸ ਪੈਦਾ ਹੋ ਜਾਏ
ਪਤਾ ਨਹੀਂ ਉਹ ਪਹਿਲਾਂ ਹੀ
ਕਿੰਨੇ ਦਰਦ ਲੈ ਕੇ ਜੀ
ਰਿਹਾ ਹੁੰਦਾ ਹੈ
ਆਉ ਸਮਾਂ ਰਹਿੰਦੇ
ਇਸ ਚੁੱਪ ਦੇ ਜ਼ਹਿਰ ਨੂੰ
ਫੈਲਣ ਤੋਂ ਰੋਕਣ ਲਈ
ਗਿੱਲੇ ਸ਼ਿਕਵੇ ਭੁਲਾ
ਪਿਆਰ ਨਾਲ ਇਕ ਦੂਸਰੇ ਨੂੰ
ਗਲੇ ਲਗਾ ਲਈਏ ।।
7. ਤੇ ਹੁਣ ਉਹ ਚੁੱਪ ਰਹਿੰਦੀ ਹੈ
ਤੇ ਹੁਣ ਉਹ
ਚੁੱਪ ਰਹਿੰਦੀ ਹੈ
ਨਾ ਹੱਸਦੀ ਹੈ ਨਾ ਮੁਸਕਰਾਉਂਦੀ ਹੈ
ਨਾ ਬੋਲਦੀ ਹੈ ਨਾ ਚੀਕਦੀ ਹੈ
ਕਿਸੇ ਨਾਲ ਗੱਲ ਕਰਨ ਤੇ
ਦਿਲ ਨਹੀਂ ਕਰਦਾ ਹੁਣ ਉਸਦਾ
ਟਿਕ – ਟਿਕੀ ਲਗਾਏ ਇੱਧਰ ਉਧਰ
ਦੇਖਦੀ ਰਹਿੰਦੀ ਹੈ ਤੇ ਸੋਚਦੀ ਰਹਿੰਦੀ ਹੈ
ਕੌਣ ਬਣਿਆ ਮੇਰਾ ਕੋਈ ਵੀ ਤੇ
ਨਹੀਂ ਬਣਿਆ ਮੇਰਾ ਆਪਣਾ
ਕੌਣ ਆਪਣਾ ਕੌਣ ਪਰਾਇਆ
ਯਕੀਨ ਨਹੀਂ ਰਿਹਾ ਹੁਣ ਕਿਸੇ ਤੇ
ਜਿਸਨੂੰ ਮਾਣ ਨਾਲ ਕਹਾਂ
ਉਹ ਹੈ ਮੇਰਾ ਆਪਣਾ
ਜਿਸ ਨਾਲ ਰੂਹ ਦਾ ਰਿਸ਼ਤਾ ਹੋਏ
ਤੇ ਜੋ ਸਾਡਾ ਚਿਹਰਾ
ਦੇਖਕੇ ਸਾਡੀ ਖ਼ੁਸ਼ੀ ਗ਼ਮੀ
ਦਾ ਅੰਦਾਜ਼ਾ ਲਗਾ ਸਕੇ
ਦੋਸਤ , ਸੰਬੰਧੀ , ਬੱਚੇ
ਕਿਉਂ ਬਦਲ ਜਾਂਦੇ ਨੇ ਸੱਭ
ਜਿਹਨਾਂ ਨੂੰ ਅਸੀਂ ਬਹੁਤ ਮੁਹੱਬਤ
ਕਰਦੇ ਹਾਂ ਉਹ ਸਾਡੇ ਆਪਣੇ ਹੀ
ਆਪਣੇ ਕਿਉਂ ਨਹੀਂ ਰਹਿੰਦੇ
ਕੀ ਗੁਨਾਹ ਕੀਤਾ ਇਹੀ ਕਿ
ਸੱਭਨੂੰ ਮੁਹੱਬਤ ਕੀਤੀ
ਉਹਨਾਂ ਨੂੰ ਸਾਡੇ ਦੁਖੀ ਹੋਣ ਨਾਲ
ਬੀਮਾਰ ਹੋਣ ਨਾਲ , ਸਾਡੇ ਹੰਝੂੰਆਂ ਨਾਲ
ਸਾਡੇ ਹੌਕੇ ਤੇ ਸਿਸਕੀਆਂ ਭਰਨ
ਨਾਲ ਕੋਈ ਫ਼ਰਕ ਨਹੀਂ ਪੈਂਦਾ
ਫ਼ਰਕ ਪੈਂਦਾ ਹੋਏ ਤੇ ਸਾਡੇ ਨਾਲ
ਬੇਰੁਖ਼ੀ ਨਾਲ ਗੱਲ ਨਾ ਕਰਨ
ਸਾਡੇ ਦੁੱਖ ਵਿੱਚ ਦੁਖੀ ਹੋਣ
ਆਪਣਾ ਸਮਝ ਦਰਦ ਵੰਡਾਉਣ
ਹੰਝੂ ਪੂੰਝ ਗੱਲ ਨਾਲ ਲਗਾਉਣ
ਪਰ ਨਹੀਂ ਜੋ ਵੀ ਮਿਲਦਾ ਹੈ
ਨਵਾਂ ਦਰਦ ਦੇ ਕੇ ਚਲੇ ਜਾਂਦਾ ਹੈ
ਮੰਨਿਆ ਕਿ ਮਜ਼ਬੂਤ ਹਾਂ
ਪਰ ਪੱਥਰ ਤੇ ਨਹੀਂ
ਛੱਡ ਦਿੱਤਾ ਸੱਭ ਨਾਲ ਗੱਲ ਕਰਨਾ
ਜੱਦ ਕੋਈ ਆਪਣਾ ਸਮਝਦਾ ਹੀ ਨਹੀਂ
ਦਿਲ ਨਹੀਂ ਕਰਦਾ ਹੁਣ
ਕਿਸੇ ਨਾਲ ਗੱਲ ਕਰਨ ਤੇ
ਸਲਾਹਾਂ ਤੇ ਸੱਭ ਦੇਣਗੇ ਪਰ
ਸਾਥ ਕੋਈ ਨਹੀਂ ਦਿੰਦਾ
ਆਪਣੇ ਦੁੱਖਾਂ ਦਰਦਾਂ ਹੌਕਿਆਂ
ਹੰਝੂਆਂ ਨਾਲ ਖ਼ੁਸ਼ ਹਾਂ
ਉਹ ਤੇ ਮੇਰਾ ਸਾਥ ਦੇ ਰਹੇ ਨੇ
ਉਹਨਾਂ ਮੇਰਾ ਦਾਮਨ ਨਹੀਂ ਛੱਡਿਆ
ਇਸੇ ਲਈ ਹੁਣ ਉਹ
ਚੁੱਪ ਰਹਿੰਦੀ ਹੈ
ਨਾ ਹੱਸਦੀ ਹੈ ਨਾ ਮੁਸਕਰਾਉਂਦੀ ਹੈ
ਤੇ ਹੁਣ ਉਹ ਚੁੱਪ ਰਹਿੰਦੀ ਹੈ
ਕਿਉਂਕਿ ਜ਼ਿੰਦਾ ਲਾਸ਼ਾਂ
ਬੋਲਦੀਆਂ ਨਹੀਂ ਹੁੰਦੀਆਂ
ਤੇ ਹੁਣ ਉਹ ਚੁੱਪ ਰਹਿੰਦੀ ਹੈ ।
ਤੇ ਹੁਣ ਉਹ ਚੁੱਪ ਰਹਿੰਦੀ ਹੈ ॥
***
8. ਕੋਈ ਐਸਾ ਸ਼ਖ਼ਸ ਮਿਲੇ
ਜੀ ਕਰਦੇ
ਕੋਈ ਐਸਾ ਸ਼ਖ਼ਸ ਮਿਲੇ
ਜੋ ਰੂਹ ਦਾ ਹਾਣੀ ਹੋਏ
ਜ਼ਰੂਰੀ ਤੇ ਨਹੀਂ ਇਹ
ਕਿ ਉਹ ਕੋਈ ਪ੍ਰੇਮੀ ਹੀ ਹੋਏ
ਰਿਸ਼ਤਾ ਚਾਹੇ ਕੋਈ ਵੀ ਹੋਵੇ
ਦੋਸਤ , ਭੈਣ , ਭਰਾ ਟੀਚਰ
ਧੀ ਹੋਏ ਜਾਂ ਪੁੱਤਰ
ਰੂਹ ਦਾ ਰਿਸ਼ਤਾ ਹੋਏ
ਦਰਦ ਹੋਵੇ ਮੈਨੂੰ
ਪੀੜ ਮਹਿਸੂਸ ਹੋਵੇ ਉਸਨੂੰ ਜੋ
ਸੁੰਨੀਆਂ ਅੱਖਾਂ ਪਿੱਛੇ ਛਿਪੀ ਉਦਾਸੀ
ਤੇ ਚਿਹਰੇ ਦੀ ਖ਼ਾਮੋਸ਼ੀ ਪੜ੍ਹ ਸਕੇ
ਜੀ ਕਰਦੇ
ਕੋਈ ਐਸਾ ਸ਼ਖ਼ਸ ਮਿਲੇ
ਕੁਝ ਦਰਦ ਤੇ ਰਾਜ਼ ਐਸੇ ਹੁੰਦੇ ਨੇ
ਜੋ ਰੂਹ ਦੇ ਹਾਣੀ ਨੂੰ ਹੀ ਕਹਿ ਸਕਦੇ ਹਾਂ
ਜੋ ਅੱਖਾਂ ਵਿੱਚ ਡਲ੍ਹਕੇ ਹੰਝੂ ਦੇਖ
ਅੱਖਾਂ ਪੂੰਝ ਕਹੇ ਦੇਖੀਂ ਜੇ
ਮੁੜ ਕਦੀ ਤੇਰੀ ਅੱਖ ਵੀ
ਗਿੱਲੀ ਹੋਈ ਤੇ
ਮਰਨ ਦੀ ਗੱਲ ਕੀਤੀ ਤੇ
ਇਹ ਸੁਣ ਪਹਿਲਾਂ ਹੀ
ਉਸਦੀ ਜਾਨ ਨਿਕਲ ਜਾਏ ਤੇ
ਕਹੇ ਝੱਲੀਏ
ਇਸ ਤਰਾਂ ਨਹੀਂ ਕਹਿੰਦੇ
ਮੈਂ ਹੂੰ ਨਾ
ਮਰਨ ਤੇਰੇ ਦੁਸ਼ਮਣ
ਇਹ ਕਹਿ ਕਲਾਵੇ ਵਿੱਚ ਭਰ
ਗੱਲ ਨਾਲ ਲਾ ਲਏ
ਕੋਈ ਐਸਾ ਸ਼ਖ਼ਸ ਮਿਲੇ
ਜੀ ਕਰਦੇ
ਕੋਈ ਐਸਾ ਸ਼ਖ਼ਸ ਮਿਲੇ
ਕੋਈ ਐਸਾ ਸ਼ਖ਼ਸ ਮਿਲੇ ।
***
9. ਤੇ ਉਹ ਮੁਕਤ ਹੋਣਾ ਲੋਚਦੀ ਹੈ ਹੁਣ
ਤੇ ਉਹ ਮੁਕਤ ਹੋਣਾ ਲੋਚਦੀ ਹੈ ਹੁਣ
ਉਹਨਾਂ ਝੂਠੇ ਰੀਤੀ ਰਿਵਾਜ਼ਾਂ ਤੋਂ
ਖੋਖਲੇ ਰਿਸ਼ਤੇ ਨਾਤੇ ਤੋਂ
ਜਿਹਨਾਂ ਨੂੰ ਨਿਭਾਉਂਦੇ ਤਾਉਮਰ ਬੀਤ ਗਈ
ਕੀ ਮਿਲਿਆ ਉਮਰ ਭਰ ਦਾ ਦਰਦ
ਗਾਲਾਂ , ਤਿਰਸਕਾਰ , ਬੇਜ਼ਤੀ
ਮਿਹਨੇ , ਤਾਹਨੇ , ਮਾਰ ਕੁਟਾਈ
ਕੀ ਇਹ ਹੁੰਦਾ ਸ਼ਾਦੀ ਦਾ ਬੰਧਨ
ਐਨੀ ਵੱਡੀ ਸਜ਼ਾ ਉਹਨਾਂ ਰਸਮਾਂ ਦੀ
ਲਾਵਾਂ ਲੈਣ ਨਾਲ ਬੱਝ ਗਏ
ਇਕ ਝੂਠੇ ਬੰਧਨ ਵਿੱਚ
ਔਰਤ ਦਾ ਇਹ ਬਨਵਾਸ , ਉਮਰ ਕੈਦ
ਕਦੀ ਖਤਮ ਹੋਣ ਵਿੱਚ ਨਹੀਂ ਆਉਂਦੀ
ਜਿੱਥੇ ਮਰਦ ਵੱਲੋਂ ਤਾਹਨੇ ਦਿੱਤੇ ਜਾਂਦੇ ਨੇ
ਇਹ ਤੇਰੇ ਪਿਉ ਦਾ ਘਰ ਹੈ
ਪਾਗਲ , ਕਲਹਿਨੀ , ਨੌਕਰਾਨੀ
ਦੀਆਂ ਡਿਗਰੀਆਂ ਦਿੰਦੇ ਨੇ
ਪੈਸਾ ਧੇਲਾ ਕੀ ਦੇਣਾ ਹੈ
ਉਸਦੀ ਰੋਟੀਆਂ ਦੀ ਵੀ ਬੰਦਾ ਗਿਣਤੀ ਕਰੇ
ਸਾਰੀ ਉਮਰ ਖਾਂਦੀ ਆਈ ਕੀ ਦੇਣਾ
ਦੱਸੋ ਇਹ ਹੁੰਦਾ ਹੈ ਰਿਸ਼ਤਾ
ਪਤੀ ਪਤਨੀ ਦਾ
ਜਿਸਨੇ ਜਵਾਨੀ ਬਰਬਾਦ ਕਰ ਦਿੱਤੀ
ਘਰ ਨੂੰ ਬਣਾਉਂਦੇ , ਸੰਵਾਰਦੇ ਤੇ
ਰਿਸ਼ਤੇ ਨਿਭਾਉਂਦੇ ਹੋਏ
ਕੀ ਮਿਲਿਆ ਉਸਨੂੰ ਕੁਝ ਨਹੀਂ
ਨਾ ਉਸਦਾ ਕੋਈ ਘਰ , ਨਾ ਤਨਖਾਹ
ਲਾਲ ਚੂੜੇ ਤੇ ਲਾਵਾਂ ਦੀ ਐਨੀ ਵੱਡੀ ਸਜ਼ਾ
ਆਪਣੀਆਂ ਬਾਹਵਾਂ ਦੇਖਦੀ ਲੱਗਦਾ
ਅਜੇ ਵੀ ਲਾਲ ਚੂੜੇ ਦਾ ਰਕਤ ਚੋਅ
ਉਸਦੀ ਰੱਗ ਰੱਗ ਵਿੱਚ ਦੌੜ ਰਿਹਾ ਹੈ
ਲਾਲ ਚੂੜੇ ਦੇ ਜ਼ਖ਼ਮਾਂ ਨਾਲ
ਉਹ ਅਜੇ ਵੀ ਲਹੂ ਲੁਹਾਨ ਹੈ
ਜਿਸਮ ਵੱਲ ਦੇਖਦੀ , ਵੱਸਤਰਾਂ ਵੱਲ ਦੇਖਦੀ
ਨਫ਼ਰਤ ਨਾਲ ਭਰ ਜਾਂਦੀ
ਐਨੀ ਵੱਡੀ ਸਜ਼ਾ
ਕਿਉਂ ਨਹੀਂ ਮੁਕਤ ਕਰ ਸਕੀ
ਆਪਣੇ ਆਪ ਨੂੰ ਇਹਨਾਂ ਖੋਖਲੇ
ਰਸਮਾਂ ਰਿਵਾਜਾਂ ਤੋਂ
ਕਿਸਨੇ ਸਾਥ ਦਿੱਤਾ ਉਸਦਾ
ਕੌਣ ਬਣਿਆ ਉਸਦਾ ਆਪਣਾ
ਕੋਈ ਵੀ ਤੇ ਨਹੀਂ
ਹਰ ਔਰਤ ਇਕ ਮਾਂ ਹੈ , ਧੀ ਹੈ ,
ਭੈਣ ਹੈ , ਪਤਨੀ ਹੈ ਸੋਚੋ ਜ਼ਰਾ
ਕਿਸੇ ਨਾਲ ਵੀ ਇਸ ਤਰਾਂ ਹੋ ਸਕਦਾ ਹੈ
ਇਕ ਉਮਰ ਹੁੰਦੀ ਸਹਿਣ ਕਰਨ ਦੀ
ਜੱਦ ਸੱਭ ਜ਼ਿੰਮੇਵਾਰੀਆਂ ਨਿਭਾ ਚੁੱਕੀ ਹੈ
ਤੋੜ ਦੇਣਾ ਚਾਹੁੰਦੀ ਹੈ ਹੁਣ ਉਹ
ਇਹਨਾਂ ਝੂਠੇ ਰਸਮਾਂ ਰਿਵਾਜਾਂ ਨੂੰ ਤੇ ਹੁਣ
ਉਹ ਮੁਕਤ ਹੋਣਾ ਲੋਚਦੀ
ਤੇ ਉਹ ਮੁਕਤ ਹੋਣਾ ਲੋਚਦੀ ।
***
( ਰਮਿੰਦਰ ਰੰਮੀ ) |