25 April 2024

ਰਾਜੀਵ ਸੇਠ ਦੀਆਂ ਬਹੁ-ਪਰਤੀ ਕਵਿਤਾਵਾਂ : ਗੱਡੀ ਨਿਕਲ ਜਾਏਗੀ – ਰਵਿੰਦਰ ਸਿੰਘ ਸੋਢੀ

ਰਾਜੀਵ ਸੇਠ ਦੀਆਂ ਬਹੁ-ਪਰਤੀ ਕਵਿਤਾਵਾਂ : ਗੱਡੀ ਨਿਕਲ ਜਾਏਗੀ

ਰਵਿੰਦਰ ਸਿੰਘ ਸੋਢੀ

ਕਵਿਤਾ ਪੜ੍ਹਨਾ ਬਹੁਤ ਵਧੀਆ ਲੱਗਦਾ ਹੈ, ਪਰ ਕਵਿਤਾ ਦੀ ਤਹਿ ਤੱਕ ਪਹੁੰਚਣਾ ਮੁਸ਼ਕਲ ਹੁੰਦਾ ਹੈ। ਕਵਿਤਾ ਸੰਬੰਧੀ ਲਿਖਣਾ ਸਭ ਤੋਂ ਜਿਆਦਾ ਮੁਸ਼ਕਲ ਹੈ, ਵਿਸ਼ੇਸ਼ ਤੌਰ ਤੇ ਉਹ ਕਵਿਤਾ ਜਿਸ ਵਿਚ ਕਵੀ ਸ਼ਬਦਾਂ ਦੀ ਵਰਤੋਂ ਹੀ ਬੜੇ ਸੰਕੋਚ ਨਾਲ ਕਰਦਾ ਹੈ। ਅਜਿਹੀ ਕਵਿਤਾ ਵਿਚ ਕਿਹਾ ਘੱਟ ਜਾਂਦਾ ਹੈ, ਪਾਠਕਾਂ ਦੇ ਸਮਝਣ ਨੂੰ ਜਿਆਦਾ ਛੱਡ ਦਿੱਤਾ ਜਾਂਦਾ ਹੈ।

ਇਸ ਦਾ ਇਕ ਹੋਰ ਪੱਖ ਵੀ ਹੈ ਕਿ ਕਵੀ ਇਕੋ ਚੀਜ਼ ਨੂੰ ਵੱਖ-ਵੱਖ ਪਹਿਲੂਆਂ ਤੋਂ ਨਿਹਾਰਦਾ ਹੈ, ਇਸ ਲਈ ਪਾਠਕ ਲਈ ਇਹ ਜ਼ਰੂਰੀ ਹੋ ਜਾਂਦਾ ਹੈ ਕਿ ਉਸ ਦੀ ਕਲਪਨਾ ਸ਼ਕਤੀ ਵੀ ਕਵੀ ਦੀ ਕਲਪਨਾ ਦੇ ਬਰਾਬਰ ਹੀ ਉਡਾਨ ਭਰੇ। ਇਹ ਕਾਰਜ ਅਸਾਨ ਨਹੀਂ। ਕਈ ਕਵੀ ਆਪਣੇ ਕਾਵਿ ਲੋਕ ਵਿਚ ‘ਸਵੈ’ ਦੇ ਪ੍ਰਗਟਾਵੇ ਵੱਲ ਹੀ ਜਿਆਦਾ ਧਿਆਨ ਦਿੰਦੇ ਹਨ। ਉਹ ‘ਪਰ’ ਦੀ ਗੱਲ ਨਹੀਂ ਕਰਦੇ। ਅਜਿਹੀ ਕਵਿਤਾ ਆਮ ਪਾਠਕਾਂ ਨੂੰ ਨਿਰਾਸ਼ ਕਰਦੀ ਹੀ ਹੈ, ਆਲੋਚਨਾਤਮਕ ਪੱਖੋਂ ਵੀ ਮਾਰ ਖਾ ਜਾਂਦੀ ਹੈ।

ਪਿਛਲੇ ਕੁਝ ਸਾਲਾਂ ਤੋਂ ਪਾਠਕਾਂ ਅਤੇ ਪੰਜਾਬੀ ਕਵਿਤਾ ਦੀ ਪਰਸਪਰ ਦੂਰੀ ਬਣਨ ਦਾ ਮੁੱਖ ਕਾਰਨ ਵੀ ਇਹੋ ਹੈ ਕਿ ਕਵਿਤਾ ਉਹਨਾਂ ਦੇ ਸਿਰ ਤੋਂ ਉੱਪਰ ਦੀ ਲੰਘ ਰਹੀ ਹੈ। ‘ਖੁਲ੍ਹੀ ਕਵਿਤਾ’ ਵਿਚ ਪੁਰਾਤਨ ਕਾਵਿ ਸ਼ੈਲੀ ਨੂੰ ਤਿਲਾਂਜਲੀ ਦਿੱਤੀ ਗਈ ਹੈ, ਪਰ ਇਸ ਦਾ ਭਾਵ ਇਹ ਨਹੀਂ ਕਿ ‘ਕਾਵਿਕਤਾ’ ਨੂੰ ਵੀ ਕਵਿਤਾ ਵਿਚੋਂ ਮਨਫੀ ਕਰ ਦਿੱਤਾ ਜਾਵੇ। ਕਾਵਿਕਤਾ ਤਾਂ ਅਸਲੀ ਅਰਥਾਂ ਵਿਚ ਕਵਿਤਾ ਦੀ ਆਤਮਾ ਹੈ।

ਜਿਹੜੇ ਪੰਜਾਬੀ ਕਵੀਆਂ ਨੇ ਆਪਣੇ ਕਾਵਿ-ਲੋਕ ਵਿਚ ਚੌਗਿਰਦੇ ਦੇ ਵਰਤਾਰਿਆਂ ਨੂੰ ਚਿਤਰਿਆ ਹੈ, ਕਾਵਿਕਤਾ ਨੂੰ ਬਣਾਈ ਰੱਖਿਆ ਹੈ, ਆਪਣੀ ਨਵੇਕਲੀ ਕਾਵਿ ਸ਼ੈਲੀ ਨੂੰ ਸਥਾਪਿਤ ਕੀਤਾ ਹੈ, ਕਵਿਤਾ ਨੂੰ ਅੰਤਰਮੁਖੀ ਦੇ ਨਾਲ-ਨਾਲ ਬਾਹਰਮੁਖੀ ਵੀ ਬਣਾਇਆ ਹੈ, ਜਿੰਨਾਂ ਦੀ ਕਵਿਤਾ ਨੂੰ ਪਾਠਕ ਪੜ੍ਹਦਾ ਹੀ ਨਹੀਂ ਬਲਕਿ ਮਾਣਦਾ ਵੀ ਹੈ, ਉਹ ਕਵਿਤਾ ਅੱਜ ਵੀ ਪੜ੍ਹੀ ਹੀ ਨਹੀਂ ਜਾ ਰਹੀ ਸਗੋਂ ਉਸ ਦੀ ਚਰਚਾ ਵੀ ਹੋਈ ਰਹੀ ਹੈ।

ਰਾਜੀਵ ਸੇਠ ਇਕ ਅਜਿਹਾ ਹੀ ਕਵੀ ਹੈ ਜਿਸ ਦਾ ਦੂਜਾ ਕਾਵਿ ਸੰਗ੍ਰਿਹ ‘ਗੱਡੀ ਨਿਕਲ ਜਾਏ ਗੀ’ ਹੁਣੇ ਹੀ ਪ੍ਰਕਾਸ਼ਿਤ ਹੋਇਆ ਹੈ। ਉਸ ਦੀ ਪਹਿਲੀ ਕਾਵਿ ਪੁਸਤਕ ‘ਆਟੇ ਨਾਲ ਜੋੜਿਆ ਖ਼ਤ’ ਵੀ ਪਾਠਕਾਂ ਦੀ ਲੋਕ ਕਚਿਹਰੀ ਅਤੇ ਆਲੋਚਕਾਂ ਦੀ ਦ੍ਰਿਸ਼ਟੀ ਵਿਚ ਪ੍ਰਵਾਨ ਚੜ੍ਹੀ ਸੀ।

ਵਿਚਾਰ ਅਧੀਨ ਕਾਵਿ ਸੰਗ੍ਰਿਹ ਦੀਆਂ ਬਹੁਤੀਆਂ ਕਵਿਤਾ ਬਹੁ ਪਰਤੀ ਹੀ ਨਹੀਂ ਸਗੋਂ ਦਾਰਸ਼ਨਿਕ ਵਿਚਾਰਾਂ ਵਾਲੀਆਂ ਵੀ ਹਨ ਅਤੇ ਇਹਨਾਂ ਦੀ ਖੂਬੀ ਇਹ ਹੈ ਕਿ ਰਾਜੀਵ ਨੇ ਥੋੜ੍ਹੇ ਸ਼ਬਦਾਂ ਰਾਹੀਂ ਹੀ ਬਹੁਤ ਕੁਝ ਕਹਿ ਦਿੱਤਾ ਹੈ। ‘ਗ਼ੁਲਸਤਾਨ’ ਕਵਿਤਾ ਕੇਵਲ ਪੰਦਰਾਂ ਸਤਰਾਂ ਦੀ ਹੈ। ਇਸ ਵਿਚ ਇਤਿਹਾਸਕ ਪਰਿਪੇਖ ਨੂੰ ਕਲਾਮਈ ਢੰਗ ਨਾਲ ਪੇਸ਼ ਹੀ ਨਹੀਂ ਕੀਤਾ ਬਲਕਿ ਸਾਡੇ ਦੇਸ਼ ਦੇ ਅਜੋਕੇ ਗੰਧਲੇ ਰਾਜਸੀ ਪਸਾਰੇ ਦੀ ਭੇਂਟ ਚੜ੍ਹ ਚੁੱਕੀ ਸਾਡੇ ਆਮ ਲੋਕਾਂ ਦੀ ਇਕ ਪਾਸੜ ਸੋਚ ਨੂੰ ਵੀ ਚਿਤਰਿਤ ਕੀਤਾ ਹੈ। ਕਵੀ ਨੇ ਪਾਠਕਾਂ ਦੀ ਸੋਚ ਨੂੰ ਵੀ ਟੁੰਬਿਆ ਹੈ ਅਤੇ ਉਹਨਾਂ ਨੂੰ ਕੁਝ ਸੋਚਣ ਲਈ ਮਜਬੂਰ ਵੀ ਕੀਤਾ ਹੈ।

ਕਵਿਤਾ ਦੀਆਂ ਪਹਿਲੀਆਂ ਤਿੰਨ ਸਤਰਾਂ–ਕਵੀ ਨਾਮ ਦੀ ਬੁਲਬੁਲ/ਨਿਕਲੀ ਹੈ ਗ਼ੁਲਸਤਾਨ ਵਿਚ, /ਭਾਲਦੇ, ਫੁੱਲਾਂ ਜਿਹੇ ਸ਼ਬਦ। ਇਹ ਪਾਠਕ ਦੀ ਕਲਪਨਾ ਸ਼ਕਤੀ ਤੇ ਨਿਰਭਰ ਕਰਦਾ ਹੈ ਕਿ ਉਹ ਬੁਲਬੁਲ, ਗ਼ੁਲਸਤਾਨ, ਫੁੱਲਾਂ ਜਿਹੇ ਸ਼ਬਦਾਂ ਨੂੰ ਸ਼ਬਦੀ ਅਰਥਾਂ ਵਿਚ ਲੈਂਦਾ ਹੈ ਜਾਂ ਇਹਨਾਂ ਪਿਛੇ ਛੁਪੇ ਗਹਿਰੇ ਅਰਥਾਂ ਨੂੰ ਭਾਲਦਾ ਹੈ। ‘ਉਬਲਦੀ ਦੇਗ, ਚੱਲ ਰਿਹਾ ਆਰਾ, ਤੱਤੀ ਤਵੀ, ਲਹੂ ਨ੍ਹਾਤਾ ਮਿੱਤਰ ਪਿਆਰਾ’ ਵਰਗੇ ਸੰਕੇਤਕ ਸ਼ਬਦਾਂ ਰਾਹੀਂ ਉਸ ਨੇ ਸਿੱਖ ਇਤਿਹਾਸ ਦੇ ਨਾ ਭੁੱਲਣ ਯੋਗ ਪੰਨਿਆਂ ਨੂੰ ਸਾਕਾਰ ਕਰ ਦਿੱਤਾ ਹੈ। ਇਸ ਤੋਂ ਬਾਅਦ ਦੀਆਂ ਸਤਰਾਂ- ਜਿਸਮ ਨੂੰ ਥਾਂ ਥਾਂ /ਵਿੰਨ ਰਹੇ ਕੰਡੇ, ਸਯਾਦ ਦਾ ਗੁੱਝਾ ਇਸ਼ਾਰਾ, ਅੱਕ ਚਬੱਦੀ ਬੁਲਬੁਲ, ਬਾਗ ‘ਜਹਾਨੋਂ ਅੱਛਾ’ ਪ੍ਰਤੀਕ ਆਤਮਕ ਸ਼ਬਦ ਹਨ ਜਿੰਨਾਂ ਦਾ ਸੰਬੰਧ ਸਾਡੇ ਦੇਸ਼ ਦੇ ਮੌਜੂਦਾ ਹਾਲਾਤ ਨਾਲ ਜਾ ਜੁੜਦਾ ਹੈ। ਅਜਿਹੀ ਕਵਿਤਾ ਨਿਸ਼ਚੇ ਹੀ ਕਿਸੇ ਵੀ ਕਵੀ ਦੇ ਸਾਹਿਤਕ ਕੱਦ ਦਾ ਪੈਮਾਨਾ ਹੁੰਦੀ ਹੈ।

ਇਸੇ ਤਰਾਂ ‘ਅਸ਼ਵ-ਮੇਧ’ ਕਵਿਤਾ ਵਿਚ ਉਸ ਅਸ਼ਵ ਮੇਧ ਯੱਗ ਵੱਲ ਇਸ਼ਾਰਾ ਕੀਤਾ ਗਿਆ ਹੈ ਜਿਸ ਵਿਚ ਰਾਜਾ ਰਾਮ ਚੰਦਰ ਨੇ ਆਪਣੇ ਆਪ ਨੂੰ ਮਹਾਨ ਰਾਜਾ ਘੋਸ਼ਿਤ ਕਰਨ ਲਈ ਅਸ਼ਵ-ਮੇਧ ਯੱਗ ਕਰਕੇ ਆਪਣਾ ਘੋੜਾ ਛੱਡਿਆ ਸੀ, ਇਹ ਦਰਸਾਉਣ ਲਈ ਕਿ ਇਸ ਨੂੰ ਕੋਈ ਹੋਰ ਰਾਜਾ ਫੜ ਨਹੀਂ ਸਕਦਾ ਅਤੇ ਜੇ ਫੜਨ ਦੀ ਹਮਾਕਤ ਕਰੇ ਗਾ ਤਾਂ ਉਸ ਨੂੰ ਯੁੱਧ ਲਈ ਤਿਆਰ ਰਹਿਣਾ ਪਵੇ ਗਾ। ਉਸ ਘੋੜੇ ਦੇ ਪੈੜਾਂ ਜੀ ਧਮਕ, ਹਵਾ ਵਿਚ ਹਿਣਕ, ਲਤਾੜੇ ਫੁੱਲ, ਸੜੀ ਬਲੀ ਘਾਹ, ਮੋਹ, ਅੱਧ ਮੋਏ ਜੀਵ ਦੀ ਗੱਲ ਵੀ ਕੀਤੀ ਹੈ ਤਾਂ ਜੋ ਪਤਾ ਲੱਗ ਸਕੇ ਕਿ ਸ਼ਾਸਕਾਂ ਦੀ ਹਊਮੈ ਦੇ ਪਿਛੋਕੜ ਵਿਚ ਹੋਇਆ ਘਾਣ ਵੀ ਭੁੱਲਣ ਯੋਗ ਨਹੀਂ ਹੁੰਦਾ। ‘ਘੋੜੇ ਦੀ ਸ਼ਾਨਾਂ ਮੱਤੀ ਅੱਖ’ ਪਿਛੇ ਵੀ ਹਾਕਮਾਂ ਵੱਲੋਂ ਸਵੈ ਦੀ ਜੈ ਜੈ ਕਾਰ ਕਰਵਾਉਣ ਦੀ ਲਾਲਸਾ ਹੀ ਭਰੀ ਹੁੰਦੀ ਹੈ।

ਇਸ ਤੋਂ ਅਗਲੀ ਕਵਿਤਾ ‘ਅੰਨ੍ਹੀ ਗਲੀ’ ਵੀ ਜ਼ਿਕਰ ਯੋਗ ਕਾਵਿ ਰਚਨਾ ਹੈ, ਜਿਸ ਵਿਚ ਵਰਤੇ ਪ੍ਰਤੀਕ ‘ਪਲਾਸਟਿਕ ਦੀ ਔਰਤ, ਸਟੀਲ ਦੇ ਮਰਦ, ਕੱਚ ਰਿਸ਼ਤੇ, ਬਿਜਲਈ ਖਿਡੌਣੇ, ਪੱਥਰਾਏ ਬਾਲ, ਭੂਤਰੇ ਨੌਜਵਾਨ, ਮੈਦਾ-ਪਕਵਾਨ ਚੰਮ-ਇਨਸਾਨ ਆਦਿ ਸ਼ਬਦ ਡੂੰਘੇ ਅਰਥਾਂ ਵਾਲੇ ਹੀ ਨਹੀਂ ਸਗੋਂ ਅਜੋਕੇ ਵਿਗਿਆਨਕ ਦੌਰ ਦੀਆਂ ਅਜਿਹੀਆਂ ਕਾਢਾਂ ਵੱਲ ਇਸ਼ਾਰਾ ਹੈ ਜਿਸ ਨਾਲ ਸਾਡੀ ਜ਼ਿੰਦਗੀ ਖੰਡਿਤ ਹੋ ਰਹੀ ਹੈ,ਅਸੀਂ ਯਥਾਰਥ ਨਾਲੋਂ ਤਿਲਸਮੀ ਜ਼ਿੰਦਗੀ ਜਿਆਦਾ ਜਿਊਂ ਰਹੇ ਹਾਂ।

‘ਵਿਸਿਮਰਤੀ’ ਕਵਿਤਾ ਵਿਚ ਕਵੀ ਨੇ ਪੁਰਾਣੇ ਸਮੇਂ ਵਿਚ ਰੋਂਦੇ ਬੱਚਿਆਂ ਨੂੰ ਚੁੱਪ ਕਰਵਾਉਣ ਲਈ ਵਰਤੇ ਜਾਂਦੇ ਵਾਕ ‘ਕੀੜੀ ਦਾ ਆਟਾ ਡੁੱਲ੍ਹ ਗਿਆ’ ਨੂੰ ਅਧਾਰ ਬਣਾ ਕੇ ਇਹ ਦੱਸਣ ਦਾ ਯਤਨ ਕੀਤਾ ਹੈ ਕਿ ਵਰਤਮਾਨ ਸਮੇਂ ਵਿਚ ਤਾਂ ‘ਅਚਾਨਕ ਪ੍ਰਗਟ ਹੁੰਦੇ ਕਾਵਾਂ, ਕੁੱਤਿਆਂ ਦੇ ਟੋਲੇ ਪਲਾਂ ਛਿਣਾਂ ਵਿਚ ਹੀ ਲੱਖਾਂ ਕਰੋੜਾਂ ਕੀੜੀਆਂ ਲਈ ਖਿਲਾਰਿਆ ਆਟਾ ਹੜੱਪ ਜਾਂਦੇ ਹਨ।’ ਅਸਲ ਵਿਚ ਕਵੀ ਅਜੋਕੇ ਸਮੇਂ ਵਿਚ ਗਰੀਬਾਂ ਦੀ ਤ੍ਰਾਸਦੀ ਪੇਸ਼ ਕਰਨਾ ਚਾਹੁੰਦਾ ਹੈ ਕਿ ਉਹਨਾ ਦੇ ਹੱਕ ਜੋਰਾਵਰ ਖੋਹ ਕੇ ਲੈ ਜਾਂਦੇ ਹਨ ਅਤੇ ਗਰੀਬ ਆਪਣਾ ਅਤੇ ਆਪਣੇ ਬੱਚਿਆਂ ਦਾ ਢਿੱਡ ਭਰਨ ਲਈ ਕੋਹਲੂ ਦੇ ਬੈਲ ਵਾਂਗ ਕੰਮ ਹੀ ਕਰਦੇ ਰਹਿੰਦੇ ਹਨ। ਇਹੋ ਨਹੀਂ, ਅੱਜ ਦਾ ਸ਼ਾਤਰ ਹਾਕਮ ਆਮ ਲੋਕਾਂ ਨਾਲ ਸੰਬੰਧਤ ਪੁਰਾਣੀਆਂ ਰੀਤਾਂ ਦਾ ਨਾਮੋ ਨਿਸ਼ਾਨ ਮਿਟਾਉਣ ਲਈ ਜੋਰ ਲਾ ਰਿਹਾ ਹੈ ਕਿ ਕਿਰਤੀ ਵਰਗ ਨੂੰ ਮਿਹਨਤ ਮੁਸ਼ੱਕਤ ਤੋਂ ਬਾਅਦ ਵੀ ਦੋ ਵਕਤ ਦੀ ਰੋਟੀ ਨਸੀਬ ਨਾ ਹੋਵੇ ਅਤੇ ਸ਼ਾਸਕਾਂ ਦੇ ਪਾਲਤੂਆਂ ਦਾ ਹਲਵਾ ਮਾਂਡਾ ਚਲਦਾ ਰਹੇ।

ਇਹ ਕਹਿਣ ਵਿਚ ਕੋਈ ਸੰਕੋਚ ਨਹੀਂ ਕਿ ਰਾਜੀਵ ਸੁਖਮ ਦ੍ਰਿਸ਼ਟੀ ਵਾਲਾ ਕਵੀ ਹੈ ਅਤੇ ਉਸ ਕੋਲ ਅਸਲੀਅਤ ਪਹਿਚਾਨਣ ਦੀ ਸੋਝੀ ਵੀ ਹੈ ਅਤੇ ਪ੍ਰਗਟਾਉਣ ਦੀ ਦਲੇਰੀ ਵੀ। ਨਵੀਂ ਦੁਨੀਆਂ, ਦਰਸ਼ਨ, ਪਿਆਰ ਕਵਿਤਾ, ਜਾਲ, ਬਜ਼ਾਰ, ਰੋਗ, ਸੰਵਾਦ, ਨੀਲਾ ਤਾਰਾ ਆਦਿ ਕਵਿਤਾਵਾਂ ਇਸੇ ਸ਼੍ਰੇਣੀ ਦੀਆਂ ਕਵਿਤਾਵਾਂ ਹੀ ਹਨ।ਕਵੀ ਨੇ ਵਿਅੰਗਮਈ ਸ਼ੈਲੀ ਦੀ ਵਰਤੋਂ ਕਰ ਕੇ ਆਪਣੀਆਂ ਕਾਵਿ ਰਚਨਾਵਾਂ ਦਾ ਪ੍ਰਭਾਵ ਤੀਖਣ ਕਰਨ ਦਾ ਸਫਲ ਯਤਨ ਵੀ ਕੀਤਾ ਹੈ ਜਿਸ ਕਾਰਨ ਉਸ ਦੀਆਂ ਕਵਿਤਾਵਾਂ ਵਿਚ ਪਾਠਕਾਂ ਨੂੰ ਪ੍ਰੇਰਿਤ ਕਰਨ ਦੀ ਸਮਰਥਾ ਵਧੀ ਹੈ।

‘ਨਵੀਂ ਕਵਿਤਾ’ ਕਵਿਤਾ ਇਸ ਦੀ ਸੁੰਦਰ ਉਦਾਹਰਨ ਹੈ। ਕਵੀ ਦਾ ਕਥਨ ਹੈ ਕਿ ਸਕੂਲ ਦੀ ਜਮਾਤ ਵਿਚ ਪਿਆ ਅਖਬਾਰ ਨਫਰਤ, ਹਿੰਸਾ, ਫਸਾਦ, ਲੁੱਟ ਖੋਹ, ਬਲਾਤਕਾਰ, ਹੱਤਿਆ ਵਰਗੀਆਂ ਖਬਰਾਂ ਨਾਲ ਭਰਿਆ ਪਿਆ ਹੈ। ਸਕੂਲੀ ਬੱਚੇ ਅਜਿਹੀਆਂ ਖਬਰਾਂ ਦੀਆਂ ਹੀ ਲਿਖਾਈਆਂ ਲਿਖ ਰਹੇ ਹਨ ਭਾਵ ਉਹਨਾਂ ਦੇ ਅਭੋਲ ਮਨ ਵਿਚ ਉਹੀ ਕੁਝ ਉਕਰਿਆ ਜਾ ਰਿਹਾ ਹੈ। ਕਵਿਤਾ ਵਿਚ ‘ਢਾਈ ਅੱਖਰ’ ਸ਼ਬਦ ਬੜੇ ਹੀ ਪ੍ਰਤੀਕ ਆਤਮਕ ਢੰਗ ਨਾਲ ਵਰਤਿਆ ਗਿਆ ਹੈ। ਹਿੰਦੀ ਦੀ ਪੁਰਾਤਨ ਕਹਾਵਤ ‘ਢਾਈ ਅਖਸ਼ਰ ਪਿਆਰ ਕੇ ਪੜ੍ਹੇ ਸੋ ਮੀਰਾ ਹੋਏ’ ਵੱਲ ਇਸ਼ਾਰਾ ਕਰਕੇ ਇਹ ਵਿਅੰਗ ਕੱਸਿਆ ਹੈ ਕਿ ਅੱਜ ਦੀ ਪੀੜ੍ਹੀ ਕਿਹੋ ਜਿਹੀ ਵਿਦਿਆ ਗ੍ਰਹਿਣ ਕਰ ਰਹੀ ਹੈ?

‘ਈਵੈਂਟ ਮੈਨੇਜਮੈਂਟ’ ਕਵਿਤਾ ਵਿਚ ਵੀ ਜਦੋਂ ਕਵੀ ‘ਲੋਕ ਰਾਇ’ ਦੇ ਸੰਦਰਭ ਵਿਚ ਲਿਖਦਾ ਹੈ -‘ਸਭ ਤੋਂ ਉੱਚੀ ਬੋਲੀ /ਲਾਅਉਣ ਵਾਲਾ ਖਰੀਦ/ਚੁੱਕਾ ਹੈ, ਸਮਾਂ— ਤਾਂ ਉਹ ਸਾਡੇ ਲੋਕ ਰਾਜ ਵਿਚ ‘ਲੋਕ ਰਾਇ’ ਦੀ ਉੱਚੀ ਬੋਲੀ ਲਾ ਕੇ ਖਰੀਦਣ ਦੀ ਚੱਲ ਰਹੀ ਦੂਸ਼ਿਤ ਪ੍ਰਕ੍ਰਿਆ ਤੇ ਵਿਅੰਗ ਕਰਦਾ ਹੈ, ਕਿਉਂ ਜੋ ਅੱਜ ਕੱਲ੍ਹ ਲੋਕ ਰਾਇ ਆਪ ਮੁਹਾਰਾ ਵੇਗ ਨਾ ਰਹਿ ਕੇ ਖਰੀਦਣ ਵਾਲੀ ਵਸਤੂ ਦਾ ਰੂਪ ਧਾਰਨ ਕਰ ਚੁੱਕੀ ਹੈ। ਇਸੇ ਤਰਾਂ ਕਵੀ ਨੇ ਇਸ ਵਰਤਾਰੇ ਤੇ ਵੀ ਚੋਟ ਕੀਤੀ ਹੈ ਕਿ ‘ਹੱਕ, ਸੱਚ, ਨਿਆਂ’ ਨਿਰੋਲ ਸ਼ਬਦ ਬਣ ਕੇ ਰਹਿ ਗਏ ਹਨ, ਜੋ ਆਪਣੇ ਅਸਲੀ ਅਰਥ ਤਾਂ ਗੁਆ ਹੀ ਚੁੱਕੇ ਹਨ। ਜਦੋਂ ਕਵੀ ਲਿਖਦਾ ਹੈ, “ਪਹੁੰਚੇਗਾ ਨਹੀਂ ਹੁਣ ਕੋਈ/ਅਸਲੀ ਖਬਰ ਤੀਕਣ——” ਅਤੇ ਕਵਿਤਾ ਦੀ ਆਖਰੀ ਸਤਰ “ਪਿੰਜਰੇ ਅੰਦਰ ਪੂਰਾ ਅਜ਼ਾਦ ਹੈ ਹਰ ਪੰਛੀ—।” ਤਾਂ ਇਹ ਵਿਅੰਗਮਈ ਸ਼ੈਲੀ ਦਾ ਸਿਖਰ ਹੈ। ‘ਰੋਗ’ ਕਵਿਤਾ ਵੀ ਇਸ ਦੀ ਵਧੀਆ ਉਦਾਹਰਨ ਹੈ।

‘ਗੱਡੀ ਨਿਕਲ ਜਾਏਗੀ’ ਕਾਵਿ ਸੰਗ੍ਰਿਹ ਦੀਆਂ ਕਈ ਕਵਿਤਾਵਾਂ ਦੀ ਕਾਵਿਕਤਾ ਪਾਠਕਾਂ ਨੂੰ ਆਪਣੇ ਵਹਾ ਵਿਚ ਹੀ ਵਹਾ ਕੇ ਲੈ ਜਾਂਦੀ ਹੈ। ਕੁਝ ਉਦਾਹਰਣਾ ਹਨ: ਕਿਤੇ ਰੱਖ ਭੁੱਲ ਬੈਠੀ—/ਚੇਤਿਆਂ ਦੀ ਚੰਗੇਰ ‘ਚੋਂ/ਭਾਲਦੀ ਸਲਾਈਆਂ—।( ਪੰਨਾ 29), ਮੰਨਿਆ ਤੂੰ ਮੰਦਾ ਨਹੀਂ ਕਹਿੰਦਾ/ਪਾਣੀ ਭਰਨ ਤਾਂ ਜਾਂਦਾ ਨਹੀਂ/ਏਸੇ ਹੀ ਔਖਿਆਈ, ਰਾਜੇ/ਭੰਨਣੀ ਤੇਰੀ ਅੜਬ ਹੀ ਏ (ਪੰਨਾਂ 76), ਅਗਨ ਗੀਤ ਨਾਅਰੇ ਬਣ ਜਾਵਣ/ ਸਾਗਰ ਨੂੰ ਜਾ ਦੇਣ ਉਛਾਲੇ/ਗਜਬ, ਹੰਸ ਖ਼ਬਰੇ ਬਣ ਜਾਵਣ।(ਪੰਨਾਂ 77), ਕਦੇ ਹੀ/ਫੜ ਹੁੰਦੀ ਰਮਜ਼/ਉਤਰ ਹੁੰਦਾ ਡੂੰਘੇ ਪਾਣੀ/ਛੋਟੀ ਜਾਂਦੀ ਦੌਮੇਲ/ਹੁੰਦੀ ਆਮਦ,/ਉਤਰਦੇ ਛਿਣ/ਇਲਹਾਮ ਦੇ (ਪੰਨਾਂ 29), ਵੰਝਲੀ/ਅੰਦਰ ਪੌਣ,/ਹੂਕ ਸੁਣੇ/ਜੰਗਲ ਦੀ (ਪੰਨਾਂ51), ਸੈਆਂ ਵਰ੍ਹੇ ਪਹਿਲਾਂ/ਇੱਲਾਂ ਬਾਜਾਂ ਸੰਗ ਜਾ ਭਿੜੀ ਸੀ/ਆਪਣੇ ਹਿੱਸੇ ਦੇ ਅਸਮਾਨ ਲਈ। (ਪੰਨਾਂ 67), ਮਨ, ਸਰੀਰ ਫ਼ਰੋਲਿਆਂ/ਕੀ ਮਿਲਣਾ ਹੈ/ਪੁਤਰ,/ਮਰਜ਼ ਕਿਤੇ ਹੋਰ ਹੈ—-। (ਪੰਨਾਂ 71) ਆਦਿ।

ਕੁਝ ਹੋਰ ਕਵਿਤਾਵਾਂ ਦੀਆਂ ਸਤਰਾਂ ਵਿਅੰਗ, ਠੋਸ ਸਚਾਈ, ਦਾਰਸ਼ਨਿਕ ਵਿਚਾਰਾਂ ਜਾਂ ਕੁਝ ਹੋਰ ਕਾਰਨਾਂ ਕਰਕੇ ਵੀ ਲੰਬੇ ਸਮੇਂ ਤੱਕ ਯਾਦ ਰਹਿਣ ਵਾਲੀਆਂ ਹਨ, ਜਿਵੇਂ:- ਦੋ ਬੂੰਦਾ—/ਸ਼ਾਂਤੀ, ਸਕੂਨ/ਸਬਰ, ਸੰਤੋਖ ਦੀਆਂ—-ਅਤੇ ਮੰਗ ਰਿਹਾਂ/ ‘ਚਹੁੰ ਗਿਰਦ ਰਾਮ ਕਾਰ(ਦੋ ਬੂੰਦਾਂ), ਮੈਂ/ਇਸ ਵੱਛੇ ਤੋਂ/ਜੀਵਨ ਦਾ ਸਲੀਕਾ/ਸਿੱਖਣਾ ਹੈ—(ਦਰਸ਼ਨ), ਇਹ/ਦਵਾ ਦਾ/ ਦੁਆਰਾ/ਆਪਣਾ/ਧਰਮ ਨਿਭਾਏਗੀ(ਕਵਿਤਾ), ਕਦੇ ਹੀ /ਫੜ ਹੁੰਦੀ ਰਮਜ਼—-, ਕਦੇ ਕਦੇ ਹੀ ਹੀਰ/”ਮਿਹਰਬਾਨ “/ਹੁੰਦੀ–,ਉਂਝ/ਸਾਰੇ/ਲਿਖਦੇ ਹੀ /ਰਹਿੰਦੇ ਹਾਂ/ ਕਵਿਤਾ ਜਿਹਾ/ਬਹੁਤ ਕੁਝ(ਆਮਦ), ਮਿਲਦੀ ਨਹੀਂ ਮਿੱਟੀ/ਅੱਜ ਵੀ ਉਸ ਘਰ ਦੀ/ਜਿਥੇ ਕੋਈ ਕਦੇ/ਮੋਇਆ ਨਹੀਂ(ਰਹਾਓ), ਚੰਗੇ ਹੋਣਾ/’ਚੰਗਾ’ਹੁੰਦਾ ਹੈ—/ਬਹੁਤ ਚੰਗੇ ਹੋਣਾ/ਚੰਗਾ ਨਹੀਂ ਹੁੰਦਾ, ਪਰ/ਬੁਰਾ ਹੋਣਾ/ਚੰਗਾ ਨਹੀਂ ਹੁੰਦਾ, ਯਕੀਨਨ/ਪਰ ਬਹੁਤ ਬੁਰੇ ਹੋਣਾ/ਬਹੁਤ ਚੰਗੇ ਹੋਣਾ/ ਹੋ ਜਾਂਦਾ ਹੈ ਅੱਜ ਕਲ(ਅੱਜ-ਕੱਲ), ਪਰ ਪਸ਼ਮੀਨਿਆਂ ‘ਤੇ ਵੀ/ ਜਲ ਗਏ/ਘੁੱਗੀਆਂ ਕਬੂਤਰ/ਕੋਇਲਾਂ ਮੋਰ(ਹਨੇਰ) ਆਦਿ।

ਡਾ. ਦਵਿੰਦਰ ਕੌਰ (ਯੂ ਕੇ) ਨੇ ਇਸ ਕਾਵਿ ਸੰਗ੍ਰਿਹ ਦੇ ਮੁੱਖ ਬੰਦ ਵਿਚ ਰਾਜੀਵ ਸੇਠ ਦੀ ਕਵਿਤਾ ਨੂੰ ‘ਠਹਿਰਾਉ’ ਦੀ ਕਵਿਤਾ ਕਿਹਾ ਹੈ ਕਿਉਂ ਕਿ ਕਵੀ ਗੱਲ ਕਹਿਣ ਲਈ ਸ਼ਬਦਾਂ ਦੇ ਠਹਿਰਾਉ ਨੂੰ ਕਾਵਿ-ਵਿਧੀ ਵਜੋਂ ਅਪਣਾਉਂਦਾ ਹੈ,।” ਉਹਨਾਂ ਅਨੁਸਾਰ ਕਵੀ ਮਨੁੱਖ ਨੂੰ ਕੁਦਰਤ ਨਾਲ ਜੋੜਨਾ ਚਾਹੁੰਦਾ ਹੈ। ਪੁਸਤਕ ਦੀ ਅਖੀਰ ਵਿਚ ਪੰਜਾਬੀ ਸਾਹਿਤ ਦੀ ਨਾਮਵਰ ਸਖਸ਼ੀਅਤ ਰਵਿੰਦਰ ਰਵੀ ਨੇ ਪ੍ਰਸਤੁਤ ਕਾਵਿ ਸੰਗ੍ਰਿਹ ਸੰਬੰਧੀ ਇਕ ਬਹੁਤ ਹੀ ਭਾਵਪੂਰਤ ਟਿਪਣੀ ਕੀਤੀ ਹੈ, “ਇਹ ਕਵਿਤਾ ਆਪਣੀਆਂ ਹੀ ਟੁਕੜੀਆਂ ਵਿਚ ਆਪਣਾ ਸੁਤੰਤਰ ਸੰਸਾਰ ਸਿਰਜਦੀ ਹੋਈ, ਅੱਜ ਦੇ ਮਾਨਵ ਦਾ ਮਹਾਂ ਕਾਵਿ ਹੈ।”

ਸਮੁੱਚੇ ਰੂਪ ਵਿਚ ਕਿਹਾ ਜਾ ਸਕਦਾ ਹੈ ਕਿ ਰਾਜੀਵ ਸੇਠ ਕੋਲ ਕਾਵਿ ਕੁਸ਼ਲਤਾ ਹੈ, ਉਸ ਨੂੰ ਪਤਾ ਹੈ ਕਿ ਥੋੜ੍ਹੇ ਸ਼ਬਦਾਂ ਨੂੰ ਅਰਥਾਂ ਦੀ ਵਿਸ਼ਾਲਤਾ ਕਿਵੇਂ ਪ੍ਰਦਾਨ ਕਰਨੀ ਹੈ, ਕਾਵਿਕ ਮੁਹਾਵਰਾ ਕਿਵੇਂ ਸਿਰਜਨਾ ਹੈ, ਲੋੜ ਪੈਣ ਤੇ ਵਿਅੰਗ ਬਾਣ ਕਿਵੇਂ ਚਲਾਉਣੇ ਹਨ, ਆਪਣੇ ਚੌਗਿਰਦੇ ਫੈਲੀਆਂ ਆਮ ਜਿਹੀਆਂ ਚੀਜ਼ਾਂ ਨੂੰ ਵੀ ਕਿਵੇਂ ਕਵਿਤਾ ਵਿਚ ਪੇਸ਼ ਕਰਨਾ ਹੈ ਅਤੇ ਸਭ ਤੋਂ ਵੱਡੀ ਗੱਲ ਕਿ ਆਪਣੀ ਕਾਵਿ ਸਿਰਜਨਾ ਵਿਚ ਕਾਵਿਕਤਾ ਕਿਵੇਂ ਪੇਸ਼ ਕਰਨੀ ਹੈ। ਉਸ ਤੋਂ ਇਹ ਆਸ ਸੁਭਾਵਿਕ ਹੀ ਹੈ ਕਿ ਉਸ ਦੀ ਕਵਿਤਾ ਆਲੋਚਕਾਂ ਦੇ ਨਾਲ-ਨਾਲ ਆਮ ਪਾਠਕਾਂ ਦੀ ਲੋਕ ਕਚਿਹਰੀ ਵਿਚ ਵੀ ਪ੍ਰਵਾਨ ਚੜ੍ਹੇ ਗੀ।

ਰਵਿੰਦਰ ਸਿੰਘ ਸੋਢੀ
ਰਿਚਮੰਡ, ਕੈਨੇਡਾ।

001-604-369-2371

***
792***

About the author

ਰਵਿੰਦਰ ਸਿੰਘ ਸੋਢੀ
+ ਲਿਖਾਰੀ ਵਿੱਚ ਛਪੀਆਂ ਰਚਨਾਵਾਂ ਦਾ ਵੇਰਵਾ