1. ਤੇਰੀ ਚੁੱਪੀ—ਰਮਿੰਦਰ ਰੰਮੀ
ਤੇਰੀ ਚੁੱਪੀ ‘ਚੋਂ
ਜੋ ਮੌਨ ਤਰੰਗਾਂ
ਨਿਕਲਦੀਆਂ ਨੇ
ਉਹ ਸਿੱਧਾ ਮੇਰੇ
ਦਿਲ ਤੱਕ ਪਹੁੰਚਦੀਆਂ ਨੇ
ਜਿਹਨਾਂ ਨੂੰ ਮੈਂ ਬਾਖ਼ੂਬੀ
ਪੜ੍ਹ ਲੈਂਦੀ ਹਾਂ
ਸੁਣ ਸਕਦੀ ਹਾਂ
ਮਹਿਸੂਸ ਕਰਦੀ ਹਾਂ
ਉਹ ਤੇਰੇ ਦਿਲ ਦਾ
ਸਾਰਾ ਹਾਲ ਬਿਆਂ
ਕਰ ਦਿੰਦੀਆਂ ਹਨ
ਮੇਰੀਆਂ ਨਜ਼ਮਾਂ
ਹੋਰ ਕੁਝ ਨਹੀਂ
ਤੇਰੀ ਚੁੱਪੀ ‘ਚੋਂ
ਨਿਕਲੀਆਂ ਮੌਨ ਤਰੰਗਾਂ
ਦਾ ਕਾਵਿਕ ਰੂਪ ਨੇ ।
*
2. “ਤੂੰ ਮੈਨੂੰ ਪੜ੍ਹਿਆ ਹੀ ਨਹੀਂ“
ਬਾਹਰੀ ਸੁੰਦਰਤਾ , ਸੁੰਦਰਤਾ ਨਹੀਂ ਹੁੰਦੀ
ਅਸਲੀ ਸੁੰਦਰਤਾ ਤੇ ਦਿਲ ਦੀ ਹੁੰਦੀ ਹੈ
ਜੋ ਕਿਸੇ ਨੂੰ ਉਦਾਸ ਦੇਖ
ਆਪ ਉਦਾਸ ਹੋ ਜਾਏ
ਕਿਸੇ ਦਾ ਦਰਦ ਦੇਖ ਆਪ
ਦਰਦ ਨਾਲ ਤੜਪ ਉੱਠੇ
ਤੂੰ ਉਸਦੇ ਪਲਕਾਂ ਪਿੱਛੇ ਹੰਝੂਆਂ ਨੂੰ
ਮਹਿਸੂਸ ਕੀਤਾ ਕਦੀ
ਉਸਨੂੰ ਦਰਦ ਵਿੱਚ ਦੇਖ
ਤੈਨੂੰ ਦਰਦ ਮਹਿਸੂਸ ਹੋਇਆ ਕਦੀ
ਤੂੰ ਉਸਦੀ ਖ਼ਾਮੋਸ਼ੀ ਤੇ ਉਦਾਸੀ ਨੂੰ
ਪੜ੍ਹਿਆ ਕਦੀ
ਤੂੰ ਉਸਦੀ ਦਰਦੀਲੀ ਮੁਸਕਰਾਹਟ ਨੂੰ
ਪਹਿਚਾਨਣ ਦਾ ਯਤਨ ਕੀਤਾ ਕਦੀ
ਤੂੰ ਉਸਦੇ ਹਾਰ ਸ਼ਿੰਗਾਰ ਪਿੱਛੇ
ਛੁਪੇ ਦਰਦ ਨੂੰ ਮਹਿਸੂਸ ਕੀਤਾ ਕਦੀ
ਨਾ ਜਾਣੈ ਆਪਣੇ ਮੇਕਪ ਦੀ ਤਹਿ ਨੀਚੇ
ਅਣਗਿਣਤ ਤਹਿਆਂ ਆਪਣੇ
ਦਰਦ ਦੀਆਂ ਛੁਪਾਈ ਬੈਠੀ ਹੈ ਉਹ
ਜੇ ਤੂੰ ਉਸਦਾ ਅੰਦਰਲਾ ਹੀ ਨਹੀਂ ਪੜ੍ਹਿਆ
ਤਾਂ ਕੀ ਜਾਣਦਾ ਹੈ ਉਸ ਬਾਰੇ
ਇਸੇ ਲਈ ਕਹਿੰਦੀ ਹਾਂ ਕਿ
ਤੂੰ ਮੈਨੂੰ ਪੜ੍ਹਿਆ ਹੀ ਨਹੀਂ
ਜੇ ਤੂੰ ਮੈਨੂੰ ਪੜ੍ਹਿਆ ਹੁੰਦਾ ਤੇ ਤੂੰ ਵੀ
ਗੁਆਚ ਨਾ ਗਿਆ ਹੁੰਦਾ ਕਿਤੇ
ਤੂੰ ਮੈਨੂੰ ਪੜ੍ਹਿਆ ਹੀ ਨਹੀਂ
ਹਾਂ ਤੂੰ ਮੈਨੂੰ ਪੜ੍ਹਿਆ ਹੀ ਨਹੀਂ ।
**
3. “ਤੇਰੀ ਉਦਾਸੀ“
ਮੁੱਦਤਾਂ ਬਾਦ ਅੱਜ
ਤੈਨੂੰ ਤੱਕਿਆ
ਤੇਰੇ ਚਿਹਰੇ ਤੇ ਦਿਖੀ
ਇਕ ਵੀਰਾਨਗੀ ਜਿਹੀ
ਕਿੰਨਾ ਕੁਝ ਪੜ੍ਹ ਲਿਆ
ਤੇਰੇ ਚਿਹਰੇ ਤੋਂ
ਦਰਦ , ਹੌਕੇ , ਹਾਵੇ
ਜਿਵੇਂ ਸਦੀਆਂ ਤੋਂ ਤੇਰੀ ਉਦਾਸੀ
ਤੇ ਇਹਨਾਂ ਦੀ ਪਰਤ
ਜੰਮ ਗਈ ਹੋਵੇ
ਮੁਰਝਾਇਆ , ਉਦਾਸਿਆ ਚਿਹਰਾ
ਤੇਰਾ ਹਾਸਾ , ਖੇੜਾ , ਮੁਸਕਾਨ
ਪਤਾ ਨਹੀਂ ਕਿੱਥੇ ਗਾਇਬ ਹੋ ਗਈ
ਕਹਿੰਦੇ ਹਨ ਦਿਲ ਦੀਆਂ ਵੀ
ਅੱਖਾਂ ਹੁੰਦੀਆਂ ਹਨ
ਜਿਹਨਾਂ ਨਾਲ ਅਸੀਂ
ਇੱਕ ਦੂਸਰੇ ਦੇ
ਆਰ ਪਾਰ ਦੇਖ ਸਕਦੇ ਹਾਂ
ਤੇ ਉਹਨਾਂ ਨਜ਼ਰਾਂ ਨਾਲ ਸਾਰਾ
ਪੜ੍ਹ ਲਿਆ ਅੱਜ ਮੈਂ ਤੈਨੂੰ
ਰੂਹਾਂ ਦੇ ਰਿਸ਼ਤੇ
ਇਹੀ ਤੇ ਹੁੰਦੇ ਹਨ
ਦਰਦ ਇੱਕ ਨੂੰ ਹੋਵੇ ਤੇ
ਤਕਲੀਫ਼ ਦੂਸਰੇ ਨੂੰ
ਮਹਿਸੂਸ ਹੋਏ
ਤੈਨੂੰ ਇਸ ਹਾਲ ਵਿੱਚ ਦੇਖ
ਤੜਪ ਉੱਠੀ ਮੈਂ ਦਰਦ ਨਾਲ
ਆਪਣਾ ਦਰਦ ਭੁਲਾ
ਤੇਰੇ ਦਰਦ ਵਿੱਚ
ਖੋ ਗਈ ਮੈਂ
ਜੀ ਕੀਤਾ ਹੁਣੇ ਤੈਨੂੰ ਮਿਲ
ਕਲਾਵੇ ਵਿੱਚ ਭਰ
ਗਲੇ ਲਗਾ ਲਵਾਂ
ਤੇ ਕਹਾਂ ਝੱਲੀਏ
ਹੁਣ ਤੂੰ ਕਦੀ ਉਦਾਸ
ਨਾ ਹੋਵੀਂ
ਮੈਂ ਹੂੰ ਨਾ
ਤੇਰੀ ਉਦਾਸੀ ਮੈਂ ਦੇਖ
ਨਹੀਂ ਸਕਦੀ
ਤੈਨੂੰ ਉਦਾਸ ਦੇਖ
ਕਿੰਨਾ ਕੁਝ ਟੁੱਟ ਭੱਜ
ਜਾਂਦਾ ਹੈ ਮੇਰੇ ਅੰਦਰ
ਤੇਰੀ ਉਦਾਸੀ ਫਿਰ
ਘੇਰਾ ਘੱਤ ਲੈਂਦੀ ਹੈ
ਮੇਰੇ ਆਲੇ ਦੁਆਲੇ ਤੇ
ਮੈਂ ਤੇਰੀ ਉਦਾਸੀ ਨੂੰ
ਆਪਣੇ ਗਲੇ ਲਗਾ ਲੈਂਦੀ ਹਾਂ
ਉਹਨਾਂ ਨਾਲ ਗੱਲਾਂ ਕਰ
ਤੇਰਾ ਹਾਲ ਚਾਲ ਪੁੱਛਦੀ
ਰਹਿੰਦੀ ਹਾਂ ਤੇ ਕਹਿੰਦੀ ਹਾਂ
ਹੁਣ ਤੂੰ ਕਦੀ ਉਦਾਸ ਨਾ ਹੋਵੀਂ ।
ਗੁਰਬਾਣੀ ਵਿੱਚ ਸ਼ਬਦ ਹੈ
ਉਸਨੂੰ ਹਮੇਸ਼ਾਂ ਯਾਦ ਰੱਖਣਾ ।
“ ਕਾਹੇ ਮਨ ਤੂ ਡੋਲਤਾ ਹਰਿ ਮਨਸਾ ਪੂਰਣਹਾਰੁ ।”
**
4. “ਸ਼ਾਇਦ ਮੈਂ ਬੁਰੀ ਔਰਤ ਹਾਂ“
ਸ਼ਾਇਦ ਮੈਂ ਬੁਰੀ ਔਰਤ ਹਾਂ
ਕਿਉਂਕਿ
ਕਿਸੇ ਮਰਦ ਦੀਆਂ ਅੱਖਾਂ ਵਿੱਚ
ਅੱਖਾਂ ਪਾ ਕੇ ਗੱਲ ਨਹੀਂ ਕਰਦੀ ਮੈਂ
ਮਰਦਾਂ ਨਾਲ ਹੱਥ ਮਿਲਾ ਕੇ ਜਾਂ
ਜੱਫੀ ਪਾ ਕੇ ਨਹੀਂ ਮਿਲਦੀ ਮੈਂ
ਮਰਦਾਂ ਦੇ ਅੱਗੇ ਹੋ ਹੋ ਕੇ
ਨੱਚਣਾ ਨਹੀਂ ਆਉਂਦਾ ਮੈਨੂੰ
ਮਹਿਫ਼ਲਾਂ ਵਿੱਚ ਮਰਦਾਂ ਨਾਲ
ਬਹਿ ਕੇ ਸ਼ਰਾਬਾਂ ਪੀਣਾ ਤੇ ਗਾਉਣਾ
ਨਹੀਂ ਆਉਂਦਾ ਮੈਨੂੰ ਇਸੇ ਲਈ
ਸ਼ਾਇਦ ਮੈਂ ਬੁਰੀ ਔਰਤ ਹਾਂ
ਸਮੇਂ ਦੀਆਂ ਠੋਕਰਾਂ ਨੇ ਸਿਖਾ ਦਿੱਤਾ ਹੈ
ਮੈਨੂੰ ਸੱਚ ਬੋਲਣਾ ਤੇ ਲਿੱਖਣਾ
ਲਫ਼ਜ਼ਾਂ ਨੂੰ ਚਾਸ਼ਨੀ ਵਿੱਚ ਡੁਬੋ ਕੇ
ਕਹਿਣਾ ਨਹੀਂ ਆਉਂਦਾ
ਚੁੱਪ ਰਹਿ ਕੇ ਬਹੁਤ
ਸਹਿਣ ਕਰ ਲਿਆ
ਉਮਰ ਦੇ ਇਸ ਮੋੜ ਤੇ
ਹੁਣ ਸਮਝ ਆਈ ਕਿ
ਦੱਬੇ ਹੋਏ ਇਨਸਾਨ ਨੂੰ
ਲੋਕ ਹੋਰ ਦਬਾਉਂਦੇ ਹਨ
ਸਿਰ ਕਫ਼ਨ ਬੰਨ ਸੱਚ
ਕਹਿਣਾ ਸਿਖ ਲਿਆ ਹੈ
ਇਸੇ ਲਈ
ਸ਼ਾਇਦ ਮੈਂ ਬੁਰੀ ਔਰਤ ਹਾਂ ।
**
5. ਦਰਦ ਵਿਛੋੜਾ
ਰਾਤ ਦਾ ਸੰਨਾਟਾ
ਬਹੁਤ ਗਹਿਰਾ ਹੁੰਦਾ ਹੈ
ਨੀਂਦ ਨਾ ਆਏ ਤੇ
ਸੰਨਾਟਾ ਹੋਰ ਗਹਿਰਾ
ਲੱਗਦਾ ਹੈ
ਇਨਸਾਨ ਸੋਚਾਂ ਵਿੱਚ
ਖੁੱਭ ਜਾਂਦਾ ਹੈ
ਟਿਕ ਟਿਕੀ ਲਗਾਏ
ਘੂਰ ਰਹੀ ਹੈ ਛੱਤ ਨੂੰ ਉਹ
ਅੰਦਰ ਹੀ ਅੰਦਰ ਉਹ
ਰੋਜ਼ ਮਰਦੀ ਹੈ ਖੱਪਦੀ ਹੈ
ਭੁਰਦੀ ਹੈ ਖੁਰਦੀ ਹੈ
ਅਹਿਸਾਸ ਮਰ ਗਏ ਨੇ
ਸੋਚ ਪੱਥਰਾ ਗਈ
ਜ਼ਿੰਦਾ ਲਾਸ਼ ਬਣੀ ਪਈ
ਇੰਤਜ਼ਾਰ ਕਰ ਰਹੀ ਹੈ
ਕਿਤੇ ਮੌਤ ਹੀ ਕਲਾਵੇ ਵਿੱਚ
ਲੈ ਲਏ ਸਹੀ
ਕੋਈ ਤਾਂ ਮਿਲੇ ਗਲੇ ਲਗਾਉਣ ਵਾਲਾ
ਹੰਝੂ ਤ੍ਰਿਪ ਤ੍ਰਿਪ ਚੋ
ਪਲਕਾਂ ‘ਚੋਂ ਬਾਹਰ
ਨਿਕਲ ਰਹੇ ਨੇ
ਆਪਣੇ ਟੁਕੜੇ ਟੁਕੜੇ ਹੋਏ
ਵਜੂਦ ਨੂੰ ਸੰਭਾਲਣ ਦੀ ਕੋਸ਼ਿਸ਼
ਕਰਦੀ ਹੈ ਪਰ
ਉਸਦੀ ਯਾਦ ਆਉਂਦੇ ਹੀ
ਸਾਰੀ ਦੀ ਸਾਰੀ ਖਿਲਰ ਪੁਲਰ
ਜਾਂਦੀ ਹੈ ਉਹ
ਪਰ ਉਸਦੀਆਂ ਯਾਦਾਂ ‘ਚੋਂ
ਉਹ ਬਾਹਰ ਨਹੀਂ
ਨਿਕਲ ਸਕੀ ਕਦੀ ਵੀ ਉਹ
ਜੋ ਰੂਹੇ ਰਵਾਂ ਸੀ ਉਸਦਾ
ਉਸਦੀ ਖ਼ੁਸ਼ੀ , ਉਸਦੀ ਧੜਕਣ
ਜ਼ਿੰਦਗੀ ਸੀ ਉਸਦੀ ਤੇ ਉਹ
ਸੋਚਦੀ ਆਪਣਿਆਂ ਦਾ ਦਿੱਤਾ ਦਰਦ
ਬਹੁਤ ਅਸਹਿ ਤੇ ਅਕਹਿ ਹੁੰਦਾ ਹੈ
ਇਹ ਦਰਦ ਅਵਲੜੇ ਨੇ
ਜ਼ਖ਼ਮ ਅਜੇ ਅੱਲੇ ਨੇ
ਦਰਦ ਲੁਕਾਉਂਦੀ ਫਿਰਦੀ ਹੈ
ਚੀਸਾਂ ਨੂੰ ਦਬਾਉਂਦੀ ਫਿਰਦੀ ਹੈ
ਸੱਭ ਤੋਂ ਨਜ਼ਰਾਂ ਚੁਰਾਉਂਦੀ ਹੈ
ਆਪਣਾ ਆਪ ਛੁਪਾਉਂਦੀ ਹੈ
ਤੂੰ ਬਦਲਿਆ ਅਚਾਨਕ ਤੇ
ਲਾਪਤਾ ਹੋ ਗਿਉਂ ਕਿਧਰੇ
ਜਾਂਦਾ ਹੋਇਆ ਲੈ ਗਿਉਂ
ਕੱਢ ਰੂਹ ਮੇਰੀ ਨੂੰ ਵੀ
ਦੇ ਗਿਉਂ ਡਾਢਾ ਗ਼ਮ
ਜੁਦਾਈ ਆਪਣੀ ਦਾ ਤੂੰ
ਤੇਰੀ ਮੁਹੱਬਤ ਤੇਰੇ ਅਹਿਸਾਸ
ਜ਼ਿੰਦਾ ਨੇ ਅੰਦਰ ਮੇਰੇ
ਜੋ ਜ਼ਿੰਦਾ ਰੱਖ ਰਹੇ ਨੇ ਮੈਨੂੰ
ਵਰਨਾ ਮੈਂ ਤੇ ਇੱਕ
ਚੱਲਦੀ ਫਿਰਦੀ ਲਾਸ਼ ਹਾਂ
**
6. ਖਤਰਨਾਕ ਔਰਤਾਂ
ਕੁਝ ਔਰਤਾਂ ਖ਼ਤਰਨਾਕ ਹੁੰਦੀਆਂ ਹਨ
ਜੋ ਮੂੰਹ ਦੀਆਂ ਮਿੱਠੀਆਂ
ਦਿਲ ਦੀਆਂ ਖੋਟੀਆਂ
ਤੇ ਜਿਹਨਾਂ ਦੇ ਅੰਦਰ ਜ਼ਹਿਰ
ਭਰਿਆ ਹੁੰਦਾ ਹੈ
ਉਹ ਔਰਤਾਂ ਖਤਰਨਾਕ
ਹੁੰਦੀਆਂ ਹਨ ।
ਕੁਝ ਔਰਤਾਂ ਜੋ ਉਪਰੋੰ ਉਪਰੋੰ
ਦੋਸਤਾਂ ਨਾਲ ਪਿਆਰ ਕਰਨ ਦਾ
ਦਿਖਾਵਾ ਕਰਦੀਆਂ ਹਨ
ਪਰ ਅੰਦਰੋਂ ਈਰਖਾ ਨਾਲ
ਭਰੀਆਂ ਹੁੰਦੀਆਂ ਹਨ
ਉਹ ਔਰਤਾਂ ਖ਼ਤਰਨਾਕ
ਹੁੰਦੀਆਂ ਹਨ ।
ਕੁਝ ਔਰਤਾਂ ਨੇ ਮੁਖੌਟੇ
ਪਾਏ ਹੁੰਦੇ ਹਨ
ਕਿਸੇ ਦੀ ਤਰੱਕੀ ਦੇਖ
ਬਰਦਾਸ਼ਤ ਨਹੀਂ ਹੁੰਦਾ
ਉਹਨਾਂ ਤੋਂ
ਹਰ ਕੋਸ਼ਿਸ਼ ਕਰਦੀਆਂ ਨੇ ਉਹ
ਇਸ ਨੂੰ ਕਿਵੇਂ ਨੀਚਾ ਦਿਖਾਇਆ ਜਾਏ
ਉਹ ਔਰਤਾਂ ਖ਼ਤਰਨਾਕ
ਹੁੰਦੀਆਂ ਹਨ ।
ਕੁਝ ਔਰਤਾਂ ਮਿੱਠੀਆਂ ਮਿੱਠੀਆਂ
ਪੋਲੀਆਂ ਪੋਲੀਆਂ ਗੱਲਾਂ ਕਰਕੇ
ਦੂਸਰਿਆਂ ਨੂੰ ਭਰਮਾਉਣ ਦੀ
ਕੋਸ਼ਿਸ਼ ਕਰਦੀਆਂ ਹਨ
ਸੱਚ ਜਾਨਣਾ
ਉਹ ਔਰਤਾਂ ਖ਼ਤਰਨਾਕ
ਹੁੰਦੀਆਂ ਹਨ ।
ਕੁਝ ਔਰਤਾਂ ਦਿਖਾਵਾ ਕਰਦੀਆਂ ਹਨ
ਕਿ ਅਸੀਂ ਰੱਬ ਦੇ ਬਹੁਤ ਨੇੜੇ ਹਾਂ
ਬਹੁਤ ਭਗਤੀ ਤੇ ਮੇਡੀਟੇਸ਼ਨ ਕਰਦੇ ਹਾਂ
ਪਰ ਕਿਸੇ ਦੂਸਰੇ ਦੀ ਗੱਲ
ਸੁਣਕੇ ਰਾਜ਼ੀ ਨਹੀਂ ਹੁੰਦੀਆਂ
ਸਹਿਨਸ਼ੀਲਤਾ ਨਾਮ ਦੀ ਚੀਜ਼
ਨਹੀਂ ਹੁੰਦੀ ਉਹਨਾਂ ਵਿੱਚ
ਉਹ ਔਰਤਾਂ ਖ਼ਤਰਨਾਕ
ਹੁੰਦੀਆਂ ਹਨ ।
ਕੁਝ ਔਰਤਾਂ ਤੋਂ ਬਰਦਾਸ਼ਤ ਨਹੀਂ ਹੁੰਦਾ
ਕਿਸੇ ਦੂਸਰੀ ਔਰਤ ਦੀ ਕਿਸੇ
ਨਾਲ ਦੋਸਤੀ ਹੋਣੀ
ਹਰ ਹੀਲਾ ਵਸੀਲਾ ਕਰਨਗੀਆਂ
ਕਿਵੇਂ ਇਹਨਾਂ ਨੂੰ ਅਲੱਗ ਕੀਤਾ ਜਾਏ
ਉਹ ਔਰਤਾਂ ਖ਼ਤਰਨਾਕ
ਹੁੰਦੀਆਂ ਹਨ ।
ਕੁਝ ਔਰਤਾਂ ਦੋਸਤੀ ਇਸੇ ਲਈ
ਕਰਦੀਆਂ ਹਨ ਕਿ ਕਿਵੇਂ
ਇਸਨੂੰ ਪੌੜੀ ਬਣਾ ਕੇ ਵਰਤਿਆ ਜਾਏ
ਮਤਲਬ ਨਿਕਲ ਜਾਣ ਤੇ
ਸੱਚਮੁੱਚ ਫਿਰ ਉਹ
ਕਿਨਾਰਾ ਕਰ ਜਾਂਦੀਆਂ ਹਨ
ਉਹ ਔਰਤਾਂ ਖ਼ਤਰਨਾਕ
ਹੁੰਦੀਆਂ ਹਨ ।
ਕੁਝ ਔਰਤਾਂ ਕਿਸੇ ਦਾ ਪ੍ਰੇਮ ਦੇਖ
ਖ਼ੁਸ਼ ਨਹੀਂ ਹੁੰਦੀਆਂ ਤੇ
ਉਹ ਇੱਕ ਦੂਸਰੇ ਖ਼ਿਲਾਫ਼
ਭੜਕਾਅ ਕੇ ਉਹਨਾਂ ਨੂੰ
ਅਲੱਗ ਕਰਕੇ ਹੀ ਸਾਹ ਲੈਂਦੀਆਂ ਹਨ
ਸੱਚ ਜਾਣਿਓ
ਉਹ ਔਰਤਾਂ ਖ਼ਤਰਨਾਕ
ਹੁੰਦੀਆਂ ਹਨ ।
****
7. ਉਹ ਦੋ ਪਲ
ਉਹ ਦੋ ਪਲ
ਦੋ ਪੱਲ ਦੀ ਉਹ ਮੁਲਾਕਾਤ
ਉਸ ਮੁਲਾਕਾਤ ਵਿੱਚ
ਕਿੰਨੇ ਹੀ ਜਨਮ ਮੈਂ
ਤੇਰੇ ਨਾਲ ਜੀ
ਲਏ
ਉਹ ਹੁਸੀਨ ਪਲ
ਉਹ ਯਾਦਾਂ
ਤੇਰੀ ਮੁਹੱਬਤ
ਤੇਰਾ ਮਿਲਣਾ
ਤੇਰਾ ਵਿੱਛੜਨਾ
ਮੇਰੀਆਂ ਰਗਾਂ ਵਿੱਚ
ਅਜੇ ਵੀ ਜ਼ਿੰਦਗੀ ਬਣ
ਧੜਕ ਰਹੇ ਨੇ
ਸੱਚ ਉਹਨਾਂ ਦੋ ਪਲਾਂ ਵਿੱਚ
ਮੈਂ ਕਿੰਨੇ ਹੀ ਜਨਮ
ਤੇਰੇ ਨਾਲ ਜੀ ਲਏ ਨੇ
ਉਹਨਾਂ ਦੋ ਪਲਾਂ ਨੂੰ ਕੋਈ
ਮੈਥੋਂ ਚੁਰਾ ਨਹੀਂ ਸਕੇਗਾ ਹੁਣ
ਉਹ ਪਲ ਮੇਰੀ ਜ਼ਿੰਦਗੀ ਦਾ
ਬੇਸ਼ਕੀਮਤੀ ਸਰਮਾਇਆ ਨੇ
ਜਿਹਨਾਂ ਨੂੰ ਮੈਂ ਬਹੁਤ
ਸਹੇਜ ਕੇ ਆਪਣੇ ਚੇਤਿਆਂ
ਵਿੱਚ ਰੱਖਿਆ ਹੋਇਆ ਹੈ
ਉਹ ਦੋ ਪਲ
ਜਿਹਨਾਂ ਵਿੱਚ ਮੇਰੀ
ਜ਼ਿੰਦਗੀ ਧੜਕਦੀ ਹੈ
ਤੇਰੇ ਆਸ ਪਾਸ ਹੋਣ ਦਾ
ਅਹਿਸਾਸ ਕਰਾਉਂਦੇ ਹਨ
ਸੱਚ ਉਹ ਦੋ ਪਲ
ਉਹਨਾਂ ਦੋ ਪਲਾਂ ਵਿੱਚ
ਕਿੰਨੇ ਹੀ ਜਨਮ ਮੈਂ
ਤੇਰੇ ਨਾਲ ਜੀ ਲਏ ਨੇ ।
***
8. ਹੁਣ ਜੱਦ ਵੀ ਤੂੰ ਮਿਲੀਂ
ਹੁਣ ਜੱਦ ਵੀ ਤੂੰ ਮਿਲੀਂ
ਅੱਧਾ ਅਧੂਰਾ ਜਾਂ ਟੁਕੜਿਆਂ
ਵਿੱਚ ਨਾ ਮਿਲੀਂ
ਮਿਲਣਾ, ਵਿਛੱੜਣਾ
ਵਿੱਛੜਣਾ, ਮਿਲਣਾ
ਇਸ ਨਾਲ ਮੇਰੇ ਵਜੂਦ ਦੇ
ਟੁਕੜੇ ਟੁਕੜੇ ਹੋ ਜਾਂਦੇ ਹਨ
ਉਹਨਾਂ ਖਿਲਰੇ ਟੁਕੜਿਆਂ ਨੂੰ
ਇਕੱਠਾ ਕਰ ਜੋੜਨਾ ਮੇਰੇ
ਵੱਸ ਵਿੱਚ ਨਹੀਂ ਹੈ
ਸਾਰੀ ਦੀ ਸਾਰੀ ਫਿਰ ਮੈਂ
ਟੁੱਟ ਕੇ ਖਿਲਰ ਪੁਲਰ ਜਾਂਦੀ ਹਾਂ
ਹੁਣ ਜੱਦ ਵੀ ਤੂੰ ਮਿਲੀਂ
ਅੱਧਾ ਅਧੂਰਾ ਜਾਂ ਟੁਕੜਿਆਂ
ਵਿੱਚ ਨਾ ਮਿਲੀਂ
ਸਾਰੇ ਦਾ ਸਾਰਾ ਤੂੰ ਮੈਨੂੰ
ਸਿਰਫ਼ ਮੇਰਾ ਹੋ ਕੇ ਮਿਲੀਂ
ਸ਼ਾਇਦ ਟੁਕੜੇ ਟੁਕੜੇ ਹੋਏ
ਆਪਣੇ ਵਜੂਦ ਦੇ ਟੁਕੜਿਆਂ ਨੂੰ
ਮੁੜ ਜੋੜ ਸਕਾਂ
ਜੋ ਤੇਰੇ ਜਾਣ ਦੇ ਬਾਦ
ਅਜੇ ਤੱਕ ਟੁੱਟੇ ਹੋਏ ਨੇ
ਹਰ ਪੱਲ ਹਰ ਘੜੀ ਹਰ ਸਾਹ
ਉਸ ਪੱਲ ਦਾ ਇੰਤਜ਼ਾਰ
ਕਰ ਰਹੀ ਹਾਂ ਮੈਂ
ਹੁਣ ਜੱਦ ਵੀ ਤੂੰ ਮਿਲੀਂ
ਅੱਧਾ ਅਧੂਰਾ ਜਾਂ ਟੁਕੜਿਆਂ
ਵਿੱਚ ਨਾ ਮਿਲੀਂ
ਸਾਰੇ ਦਾ ਸਾਰਾ ਤੂੰ ਮੈਨੂੰ
ਸਿਰਫ਼ ਮੇਰਾ ਹੋ ਕੇ ਮਿਲੀਂ
ਹੁਣ ਜੱਦ ਵੀ ਤੂੰ ਮਿਲੀਂ ।
**
9. ਮੈਨੂੰ ਪਤਾ ਹੈ
ਸੁਣ
ਮੈਨੂੰ ਪਤਾ ਹੈ
ਮੈਂ ਜਾਣਦੀ ਹਾਂ ਇਹ
ਕਿ ਮੈਨੂੰ ਉਦਾਸ ਦੇਖ ਕੇ
ਉਦਾਸ ਤੇ ਤੂੰ ਵੀ ਹੋਏਂਗਾ
ਤੇਰੀਆਂ ਯਾਦਾਂ ਮੈਨੂੰ
ਡੱਸਦੀਆਂ ਨੇ ਤੇ
ਮੇਰੀਆਂ ਯਾਦਾਂ ਵੀ ਤੈਨੂੰ
ਬੇਚੈਨ ਕਰਦੀਆਂ ਹੋਣਗੀਆਂ
ਤੇਰੀ ਚੁੱਪੀ ਚੋਂ ਨਿਕਲੀਆਂ
ਮੌਨ ਤਰੰਗਾਂ ਨੂੰ ਮਹਿਸੂਸ
ਕਰ ਸਕਦੀ ਹਾਂ ਮੈਂ ਤੇ
ਮੇਰੀ ਚੁੱਪੀ ਨੂੰ ਵੀ ਤੂੰ
ਪੜ੍ਹ ਲੈਂਦਾ ਹੋਏਂਗਾ
ਮੈਂ ਤਨਹਾਈ ਵਿੱਚ
ਯਾਦ ਕਰ ਤੈਨੂੰ
ਹੰਝੂ ਵਹਾਉਂਦੀ ਹਾਂ
ਤੇ ਖ਼ੁਸ਼ ਤੇ ਤੂੰ ਵੀ ਨਹੀਂ
ਰਹਿ ਪਾਉਂਦਾ ਹੋਣਾ
ਮੈਂ ਪੜ੍ਹਿਆ ਹੈ ਤੇਰਾ ਚਿਹਰਾ
ਰੂਹ ਦੇ ਰਿਸ਼ਤੇ
ਇਹੀ ਤੇ ਹੁੰਦੇ ਨੇ
ਤਕਲੀਫ਼ ਇਕ ਨੂੰ ਹੋਏ
ਦਰਦ ਦੂਸਰੇ ਨੂੰ ਮਹਿਸੂਸ ਹੋਏ
ਲਾਜ਼ਮੀ ਹੈ ਇਹ ਸੱਭ
ਤੂੰ ਮਹਿਸੂਸ ਤੇ ਕਰਦਾ ਹੋਏਂਗਾ
ਹੋਰ ਮੁਹੱਬਤ ਕੀ ਹੁੰਦੀ ਹੈ
ਦਿਲ ਤੋਂ ਇੱਕ ਦੂਸਰੇ ਨੂੰ
ਮਹਿਸੂਸ ਕਰਨ ਦਾ ਨਾਮ
ਹੀ ਤੇ ਮੁਹੱਬਤ ਹੈ ।
***
10. ਇਕੱਲੀ ਹੀ ਸਵਾ ਲੱਖ ਹਾਂ ਮੈਂ
ਔਰਤ ਹਾਂ
ਕਮਜ਼ੋਰ ਨਹੀਂ ਹਾਂ
ਸ਼ਕਤੀ ਦਾ ਨਾਮ ਹੈ ਔਰਤ ।
ਕਦੀ ਕਿਸੇ ਤੋਂ ਰਹਿਮ ਦੀ ਭੀਖ
ਨਹੀਂ ਹੈ ਮੰਗੀ ਮੈਂ ।
ਗਿੜਗਿੜਾਉਣਾ ਵੀ ਨਹੀਂ ਆਉਂਦਾ ਮੈਨੂੰ,
ਕਦੀ ਕਿਸੇ ਅੱਗੇ ।
ਕਦੀ ਕਿਸੇ ਨੂੰ ਪੌੜੀ ਬਣਾ
ਅੱਗੇ ਨਿਕਲਣ ਦੀ ਕੋਸ਼ਿਸ਼ ਨਹੀਂ ਕੀਤੀ ਮੈਂ ।
ਕਿਸੇ ਅੱਗੇ ਹੱਥ ਅੱਡਣਾ ਤੇ
ਕਿਸੇ ਅੱਗੇ ਝੁਕਣਾ ਵੀ ਨਹੀਂ ਆਉਂਦਾ ਮੈਨੂੰ ।
ਜੋ ਵੀ ਹਾਂ ਮੈਂ ,
ਆਪਣੇ ਬਲਬੂਤੇ ਤੇ ਹਾਂ ।
ਕੋਈ ਸਾਥ ਦਏ ਜਾਂ ਨਾਂ
ਮਿਹਨਤ ,ਲਗਨ ਤੇ ਸਿਰੜ
ਨਾਲ ਕੰਮ ਕਰਨਾ ਜਾਣਦੀ ਹਾਂ ਮੈਂ ।
ਇਕੱਲੀ ਜਾਂ ਕਮਜ਼ੋਰ ਨਾ ਸਮਝਣਾ
ਮੈਨੂੰ ,
ਮੈਂ ਸ਼ੀਹਣੀ ਹਾਂ ਪੰਜ ਦਰਿਆਵਾਂ ਦੀ ,
ਗੋਬਿੰਦ ਦੀ ਜਾਈ ਹਾਂ ਮੈਂ ।
ਇਕੱਲੀ ਹੀ ਸਵਾ ਲੱਖ ਹਾਂ ਮੈਂ ।
ਔਰਤ ਹਾਂ ,
ਕਮਜ਼ੋਰ ਨਹੀਂ ਹਾਂ ਮੈਂ ।
ਇਕੱਲੀ ਹੀ ਸਵਾ ਲੱਖ ਹਾਂ ਮੈਂ ।
**
11. ਉਸ ਪੁੱਛਿਆ
ਉਸ ਪੁੱਛਿਆ
ਮੁਹੱਬਤ ਕੀ ਹੁੰਦੀ ਹੈ
ਤੁਸੀਂ ਕਦੀ ਕਿਸੇ ਨੂੰ
ਮੁਹੱਬਤ ਕੀਤੀ ਹੈ
ਮੈਂ ਫਿੱਕਾ ਜਿਹਾ ਮੁਸਕਰਾਈ
ਤੇ ਕਿਹਾ ਨਹੀਂ
ਸ਼ਾਇਦ ਕੋਈ ਐਸਾ ਸ਼ਖ਼ਸ
ਕਦੀ ਮਿਲਿਆ ਹੀ ਨਹੀਂ
ਮੁਹੱਬਤ ਮੇਰੇ ਲਈ ਰੱਬ ਹੈ
ਜਾਂ ਰੱਬ ਮੇਰੀ ਮੁੱਹਬਤ ਹੈ
ਮੁਹੱਬਤ ਵਿੱਚ ਪਾਕੀਜ਼ਦਗੀ
ਹੋਣੀ ਚਾਹੀਦੀ ਹੈ
ਮੁਹੱਬਤ ਬੰਦਗੀ ਹੈ , ਇਬਾਦਤ ਹੈ
ਮੁਹੱਬਤ ਰੂਹਾਂ ਦਾ ਮਿਲਨ ਹੈ
ਮੁਹੱਬਤ ਅਹਿਸਾਸ ਦਾ ਨਾਮ ਹੈ
ਬਿਨਾਂ ਦੇਖੇ ਬਿਨਾਂ ਮਿਲੇ
ਕਦੀ ਵੀ ਕਿਸੇ ਵੀ ਉਮਰ
ਵਿੱਚ ਹੋ ਜਾਂਦੀ ਹੈ
ਮੁਹੱਬਤ ਵਿੱਚ ਇਨਸਾਨ
ਆਪਾ ਭੁੱਲ ਜਾਂਦਾ ਹੈ
ਜਾਤ ਪਾਤ ਰੰਗ ਰੂਪ
ਕੋਈ ਮਾਅਨੇ ਨਹੀਂ ਰੱਖਦੀ
ਮੁਹੱਬਤ ਸਰਹੱਦਾਂ ਦੀਆਂ ਦੀਵਾਰਾਂ
ਜਾਂ ਮਜ਼੍ਹਬਾਂ ਦੀਆਂ ਲਕੀਰਾਂ ਨਹੀਂ ਦੇਖਦੀ
ਮੁਹੱਬਤ ਪਾਉਣ ਦਾ ਨਾਮ ਨਹੀਂ
ਮੁਹੱਬਤ ਦੇਣ ਦਾ ਨਾਮ ਹੈ
ਮੁਹੱਬਤ ਕਬਜ਼ਾ ਨਹੀਂ ਪਹਿਚਾਣ ਹੈ
ਮੁਹੱਬਤ ਵਿੱਚ ਕਦੀ ਕਿਸੇ
ਲਈ ਨਫ਼ਰਤ ਨਹੀਂ ਹੁੰਦੀ
ਮੁਹੱਬਤ ਇਕ ਮਿੱਠਾ ਜ਼ਹਿਰ ਹੈ
ਜਿਸ ਵਿੱਚ ਇਨਸਾਨ
ਆਪਣੇ ਪਿਆਰੇ ਦੀ ਯਾਦ ਵਿੱਚ
ਹਰ ਪੱਲ ਹਰ ਘੜੀ
ਤਿਲ ਤਿਲ ਕਰ ਮਰਦਾ ਹੈ
ਦਰਦ , ਹੌਕੇ , ਜੁਦਾਈ ,ਤੜਪ ,
ਲਗਨ ,ਚਾਹਤ ,ਬੇਬਸੀ ,
ਇਹੀ ਸੱਭ ਸਹਿਣਾ ਪੈਂਦਾ ਹੈ
ਮੁਹੱਬਤ ਵਿੱਚ ਤੇ ਫਿਰ
ਆਪਣੇ ਪਿਆਰੇ ਨੂੰ ਯਾਦ ਕਰ
ਉਸ ਬਾਰੇ ਸੋਚਣਾ , ਮੁਸਕਰਾਉਣਾ ,
ਹੰਝੂ ਵਹਾਉਣੇ ਤੇ ਹੌਕੇ ਭਰ ਸੋ ਜਾਣਾ
ਮੁਹੱਬਤ ਕਰਨੀ ਕੋਈ ਗੁਨਾਹ ਨਹੀਂ
ਕੋਈ ਪਾਪ ਨਹੀਂ ਬਸ਼ਰਤੇ
ਮੁਹੱਬਤ ਰੂਹ ਤੋਂ ਹੋਵੇ
ਮੁਹੱਬਤ ਤੇ ਹਰ ਸਾਹ,ਹਰ ਰੋਮ ਰੋਮ ,
ਤੇ ਹਰ ਜ਼ਰੇ ਜ਼ਰੇ ਵਿੱਚ
ਮਹਿਸੂਸ ਹੁੰਦੀ ਹੈ ।
ਮੁਹੱਬਤ ਵਿੱਚ ਕੋਈ ਪਰਦੇਦਾਰੀ
ਨਹੀਂ ਹੁੰਦੀ
ਮੁਹੱਬਤ ਕਸਮਾਂ ਵਾਦਿਆ ਦੀ
ਮੁਥਾਜ ਨਹੀਂ ਹੁੰਦੀ
ਮੁਹੱਬਤ ਦੀ ਖੂਬਸੂਰਤੀ
ਇਸ ਗੱਲ ਵਿੱਚ ਹੈ ਕਿ
ਇਕ ਦੂਸਰੇ ਤੇ ਵਿਸ਼ਵਾਸ ਹੋਏ
ਮੁਹੱਬਤ ਨੂੰ ਸਬੂਤਾਂ ਦੀ
ਲੋੜ ਨਹੀਂ ਹੁੰਦੀ
ਬਿਨਾ ਬੋਲੇ ਬਿਨਾ ਕਹੇ
ਬਿਨਾ ਮੁਹੱਬਤ ਦਾ ਇਜ਼ਹਾਰ
ਕੀਤੇ ਇਕ ਦੂਸਰੇ ਨੂੰ ਸਮਝਣਾ
ਇਹੀ ਖ਼ੂਬਸੂਰਤੀ ਹੁੰਦੀ ਹੈ
ਇਸ ਰਿਸ਼ਤੇ ਦੀ
ਮੁਹੱਬਤ ਵਿੱਚ ਇਕ ਦੂਸਰੇ
ਲਈ ਪਿਆਰ ਸਤਿਕਾਰ ਹੋਣਾ
ਚਾਹੀਦਾ ਹੈ ਕਿਸੇ ਤੀਸਰੇ ਦੇ
ਦਖਲ ਨਾਲ ਦਰਾਰ ਨਹੀਂ
ਆਉਣੀ ਚਾਹੀਦੀ
ਮੁਹੱਬਤ ਉਹ ਜੋ ਆਪਣੇ
ਪਿਆਰੇ ਦੀ ਕਦੀ ਕਿਸੇ ਤੋਂ
ਬੁਰਾਈ ਨਾ ਸੁਣ ਸਕੇ
ਉਹ ਮੁਹੱਬਤ ਕੀ ਜਿੱਥੇ ਤੁਹਾਨੂੰ
ਉਸਦੀ ਪ੍ਰੀਖਿਆ ਦੇਣੀ ਪਏ
ਮੁਹੱਬਤ ਲਫ਼ਜ਼ਾਂ ਦੀ ਮੁਹਤਾਜ
ਨਹੀਂ ਹੁੰਦੀ
ਖ਼ਾਮੋਸ਼ੀ ਦਾ ਵੀ ਆਪਣਾ
ਰੁੱਤਬਾ ਹੁੰਦਾ ਹੈ
ਉਸ ਖ਼ਾਮੋਸ਼ੀ ਵਿੱਚ ਕਿੰਨੀ
ਮੁਹੱਬਤ ਛਿਪੀ ਹੈ ਕਦੀ
ਤੁਸੀਂ ਉਸਨੂੰ ਪੜ੍ਹ ਕੇ ਦੇਖੋ ਤੇ ਸਹੀ
ਉਸ ਪੁੱਛਿਆ
ਮੁਹੱਬਤ ਕੀ ਹੁੰਦੀ ਹੈ
ਮੈਂ ਹੱਸ ਕੇ ਕਿਹਾ
ਝੱਲੀਏ
ਇਹ ਮੁਹੱਬਤ ਹੈ
ਇਹ ਮੁਹੱਬਤ ਹੈ ॥
( ਜਿਨ ਪ੍ਰੇਮ ਕੀਓ ਤਿਨਿ ਹੀ ਪ੍ਰਭਿ ਪਾਇਓ )
*** |