13 November 2024

ਰੀਆ ਜੱਟੀ (ਰਵੀ) ਦੇ ਲਿੰਗ ਬਦਲਾਅ ਸੰਬੰਧੀ ਆਪ੍ਰੇਸ਼ਨ?—ਰਿਸ਼ੀ ਗੁਲਾਟੀ

Rich Gulatiਪਿਛਲੇ ਹਫ਼ਤੇ ਤੋਂ ਅਮ੍ਰਿਤਸਰ ਸਾਹਿਬ ਤੋਂ ਮੁੰਡੇ ਤੋਂ ਕੁੜੀ ਬਣੀ ਰੀਆ ਜੱਟੀ (ਰਵੀ) ਵੱਲੋਂ ਇੱਕ ਮੁੰਡੇ ਅਰਜਨ ਦੇ ਕਹਿਣ ‘ਤੇ ਆਪਣਾ ਲਿੰਗ ਬਦਲਾਅ ਕਰਵਾਉਣ ਸੰਬੰਧੀ ਖ਼ਬਰਾਂ ਆ ਰਹੀਆਂ ਹਨ। ਵੱਖ-ਵੱਖ ਚੈਨਲਾਂ ਨੂੰ ਦਿੱਤੀਆਂ ਇੰਟਰਵਿਊਆਂ ਵਿਚ ਦੋਹੇਂ ਜਣੇ ਇੱਕ ਦੂਜੇ ‘ਤੇ ਤੁਹਮਤਾਂ ਤੇ ਇਲਜ਼ਾਮ ਲਗਾ ਰਹੇ ਹਨ ਅਤੇ ਕਾਨੂੰਨੀ ਕਾਰਵਾਈ ਦੀ ਮੰਗ ਕਰ ਰਹੇ ਹਨ। ਜੇਕਰ ਵੱਖ-ਵੱਖ ਚੈਨਲਾਂ ‘ਤੇ ਚੱਲ ਰਹੀਆਂ ਵੀਡੀਓਜ਼ ਬਾਰੇ ਗੱਲ ਕਰਾਂ ਤਾਂ ਦੋਹਾਂ ਦੇ ਹੀ ਬਿਆਨ ਬਹੁਤ ਬਚਕਾਨੇ ਅਤੇ ਹੂੜ-ਮੱਤ ਵਾਲੇ ਹਨ। ਦੋਹਾਂ ਦੇ ਬਿਆਨਾਂ ਵਿਚ ਇੱਕ ਦੂਜੇ ਦੀ ਖੇਹ ਪੱਟਣ ਤੋਂ ਇਲਾਵਾ ਕੋਈ ਵੀ ਢੰਗ ਸਿਰ ਦੀ ਜਾਂ ਸਾਰਥਕ ਗੱਲਬਾਤ ਨਹੀਂ ਕੀਤੀ ਗਈ।

ਪਿਛਲੇ ਕਰੀਬ ਇੱਕ ਸਾਲ ਤੋਂ ਮੇਰੀ ਤੀਜੀ ਕਿਤਾਬ “ਅਰਧਨਾਰੀ” ਦਾ ਲੇਖਣ ਕਾਰਜ ਚੱਲ ਰਿਹਾ ਹੈ। ਇਸ ਦੌਰਾਨ ਇਸ ਵਿਸ਼ੇ ‘ਤੇ ਮੈਂ ਬਹੁਤ ਖੋਜ ਕਾਰਜ ਕੀਤਾ ਹੈ, ਅਤੇ ਵਿਸ਼ੇ ਨੂੰ ਗਹਿਰਾਈ ਨਾਲ ਸਮਝਣ ਲਈ ਸੰਬੰਧਿਤ ਕੋਰਸ ਵੀ ਕੀਤੇ ਹਨ। ਹੁਣ ਤੱਕ ਕਿਤਾਬ ਦੇ ਕਰੀਬ ਢਾਈ ਸੌ ਪੰਨੇ ਲਿਖੇ ਜਾ ਚੁੱਕੇ ਹਨ ਅਤੇ ਲਿੰਗ ਬਦਲਾਅ ਦੇ ਵਿਸ਼ੇ ‘ਤੇ ਮੇਰਾ ਖੋਜਕਾਰਜ ਤੇ ਲੇਖਣੀ ਪੂਰੀ ਹੋ ਚੁੱਕੀ ਹੈ। ਜੇਕਰ ਮੈਂ ਆਪਣੇ ਖੋਜਕਾਰਜ ਅਤੇ “ਅਰਧਨਾਰੀ” ਦੇ ਹਵਾਲੇ ਨਾਲ ਗੱਲ ਕਰਾਂ ਤਾਂ ਇਸ ਕੇਸ ਵਿਚ ਅਜਿਹਾ ਕਾਫ਼ੀ ਕੁਝ ਹੈ, ਜਿਸ ਪਾਸੇ ਵੱਲ ਕਿਸੇ ਪੱਤਰਕਾਰ ਜਾਂ ਸੰਬੰਧਿਤ ਦਾ ਧਿਆਨ ਨਹੀਂ ਗਿਆ, ਅਤੇ ਬਹੁਤ ਕੁਝ ਸ਼ੱਕੀ ਜਾਪਦਾ ਹੈ। ਇਹਨਾਂ ਸਭ ਧਿਰਾਂ ਦੁਆਰਾ ਕੀਤੀਆਂ ਟਿੱਪਣੀਆਂ, ਬਿਆਨਾਂ ਜਾਂ ਪ੍ਰਸ਼ਨ-ਉਤਰਾਂ ਦੇ ਹਵਾਲੇ ਨਾ ਦੇ ਕੇ ਮੈਂ ਸਿੱਧੀ ਆਪਣੀ ਗੱਲ ਕਹਿਣੀ ਵਧੇਰੇ ਪਸੰਦ ਕਰਾਂਗਾ।

ਜੇਕਰ ਕੋਈ ਆਪਣੇ ਲਿੰਗ ਬਦਲਾਅ (Gender-reassignment Surgery) ਵੱਲ ਜਾਣਾ ਚਾਹੁੰਦਾ ਹੈ ਤਾਂ ਇਹ ਫੈਸਲਾ ਲੈਣਾ ਅਤੇ ਆਪ੍ਰੇਸ਼ਨ ਕਰਵਾਉਣਾ ਏਨਾ ਵੀ ਆਸਾਨ ਨਹੀਂ ਹੈ, ਜਿਵੇਂ ਕਿ ਸਰੀਰ ਦੇ ਕਿਸੇ ਹੋਰ ਅੰਗ ਭਾਵ ਨੱਕ, ਕੰਨ ਜਾਂ ਇੱਥੋਂ ਤੱਕ ਕਿ ਦਿਲ ਦੇ ਆਪ੍ਰੇਸ਼ਨ ਦਾ ਫੈਸਲਾ ਲਿਆ ਜਾਂਦਾ ਹੈ। ਅੱਗੇ ਵਧਣ ਤੋਂ ਪਹਿਲਾਂ ਪਾਠਕਾਂ ਨੂੰ ਜੈਵਿਕ ਲਿੰਗ ਭਾਵ Bilogocal Sex ਅਤੇ ਲਿੰਗ ਪਛਾਣ ਭਾਵ Gender Identity ਵਿਚ ਫ਼ਰਕ ਸਮਝਣਾ ਪਵੇਗਾ। ਜੈਵਿਕ ਲਿੰਗ ਉਹ ਹੁੰਦਾ ਹੈ, ਜੋ ਕਿ ਡਾਕਟਰ ਬੱਚੇ ਦੇ ਜਨਮ ਸਮੇਂ ਉਸਦੇ ਜਣਨ-ਅੰਗਾਂ ਮੁਤਾਬਿਕ ਸੁਨਿਸ਼ਚਿਤ ਕਰਦੇ ਹਨ। ਬੱਚੇ ਦੇ ਜਨਮ ਸਮੇਂ ਦੇ ਜੈਵਿਕ ਲਿੰਗ ਮੁਤਾਬਿਕ ਉਸਦੀ ਲਿੰਗ ਪਛਾਣ ਉਹੀ ਮੰਨ ਲਈ ਜਾਂਦੀ ਹੈ ਪਰ ਇਹ ਲਾਜ਼ਿਮੀ ਨਹੀਂ ਹੈ ਕਿ ਕਿਸੇ ਦੀ ਲਿੰਗ ਪਛਾਣ ਉਸਦੇ ਜੈਵਿਕ ਲਿੰਗ ਦੇ ਮੁਤਾਬਿਕ ਹੋਵੇ। ਲਿੰਗ ਪਛਾਣ ਕਿਸੇ ਵਿਅਕਤੀ ਦੁਆਰਾ ਅੰਦਰੂਨੀ ਤੌਰ ‘ਤੇ ਆਪਣੇ ਆਪ ਬਾਰੇ ਮਹਿਸੂਸ ਕਰਨ ਅਤੇ ਆਪਣੀ ਦਿੱਖ ਨੂੰ ਪ੍ਰਦਰਸ਼ਿਤ ਕਰਨ ਸੰਬੰਧੀ ਹੁੰਦੀ ਹੈ।  

‘ਜੈਂਡਰ ਡਿਸਫ਼ੋਰੀਆ’ ਨੂੰ ਜੈਂਡਰ ਆਈਡੈਂਟਟੀ ਡਿਸਆਰਡਰ ਦੇ ਨਾਮ ਨਾਲ ਵੀ ਜਾਣਿਆ ਜਾਂਦਾ ਰਿਹਾ ਹੈ। ਵਰਲਡ ਹੈਲਥ ਆਰਗੇਨਾਈਜੇਸ਼ਨ ਨੇ 2019 ਵਿਚ ਇਸਨੂੰ ਮਾਨਸਿਕ ਵਿਕਾਰਾਂ ‘ਚੋਂ ਹਟਾ ਕੇ ਯੌਨ ਸਿਹਤ ਨਾਲ ਸੰਬੰਧਿਤ ਸਥਿਤੀ ਦੇ ਤੌਰ ‘ਤੇ ਵਰਗੀਕ੍ਰਿਤ ਕੀਤਾ ਹੈ। ਸ਼ਬਦ ‘ਟਰਾਂਸਜੈਂਡਰ’ ਇੱਕ ਅਜਿਹੇ ਵਿਅਕਤੀ ਵੱਲ ਸੰਕੇਤ ਕਰਦਾ ਹੈ, ਜਿਸਦੀ ਲਿੰਗ ਪਛਾਣ ਉਸਦੇ ਜਨਮ ਸਮੇਂ ਦੀ ਲਿੰਗ ਪਛਾਣ ਨਾਲ ਮੇਲ ਨਹੀਂ ਖਾਂਦੀ। ਕਿਸੇ ਵਿਅਕਤੀ (ਆਦਮੀ ਜਾਂ ਔਰਤ) ਨੂੰ ਜੈਂਡਰ ਡਿਸਫ਼ੋਰੀਆ ਉਦੋਂ ਹੁੰਦਾ ਹੈ, ਜਦੋਂ ਇੱਕ ਟਰਾਂਸਜੈਂਡਰ ਆਪਣੇ ਨਿਰਧਾਰਤ ਲਿੰਗ ਅਤੇ ਆਪਣੀ ਲਿੰਗ ਪਛਾਣ ਵਿਚ ਮੇਲ ਨਾ ਹੋਣ ਕਾਰਣ ਮਨੋਵਿਗਿਆਨਕ ਪ੍ਰੇਸ਼ਾਨੀਆਂ ਵਿਚ ਘਿਰ ਜਾਂਦਾ ਹੈ। ਵਧੇਰੇ ਕਰਕੇ ਇਸਦਾ ਅਹਿਸਾਸ ਬਚਪਨ ਵਿਚ ਹੀ ਜਾਂਦਾ ਹੈ, ਜੇਕਰ ਕਿਸ਼ੋਰ ਅਵਸਥਾ ਜਾਂ ਇਸ ਤੋਂ ਬਾਅਦ ਅਹਿਸਾਸ ਹੋਵੇ ਤਾਂ ਇਸਨੂੰ ‘ਬਾਲਗ਼ ਜੈਂਡਰ ਡਿਸਫ਼ੋਰੀਆ’ ਕਿਹਾ ਜਾਂਦਾ ਹੈ। ਇਹ ਇੱਕ ਗੰਭੀਰ ਤੇ ਸਥਾਈ ਅਵਸਥਾ ਹੁੰਦੀ ਹੈ, ਜੋ ਕਿ ਬਚਪਨ ਜਾਂ ਕਿਸ਼ੋਰ ਅਵਸਥਾ ਵਿਚ ਹੋਣ ਵਾਲੀਆਂ ਹੋਰ ਮਨੋਵਿਗਿਆਨਕ ਸਮੱਸਿਆਵਾਂ ਜਾਂ ਵਿਕਾਰਾਂ ਤੋਂ ਵੱਖਰੀ ਹੁੰਦੀ ਹੈ।

ਜੇਕਰ ਕੋਈ ਆਪਣੇ ਆਪ ਵਿਚ ਜੈਂਡਰ ਡਿਸਫ਼ੋਰੀਆ ਮਹਿਸੂਸ ਕਰਦਾ ਹੈ ਤਾਂ ਉਸਨੂੰ ਆਪਣੇ ਡਾਕਟਰ ਨੂੰ ਮਿਲਣਾ ਚਾਹੀਦਾ ਹੈ। ਇਸ ਲਈ ਡਾਕਟਰ ਕੋਲ ਜਾ ਕੇ ਸਿੱਧਾ ਇਹ ਨਹੀਂ ਕਿਹਾ ਜਾ ਸਕਦਾ ਕਿ “ਮੈਨੂੰ ਜੈਂਡਰ ਡਿਸਫ਼ੋਰੀਆ ਹੈ!” ਡਾਕਟਰ ਉਸਨੂੰ ਲੋੜ ਮੁਤਾਬਿਕ ਮਨੋਵਿਗਿਆਨੀ ਜਾਂ ਮਾਨਸਿਕ ਰੋਗਾਂ ਦੇ ਮਾਹਿਰ ਕੋਲ ਭੇਜੇਗਾ। ਡਾ. ਫਰਾਂਸਿਸਕੋ ਜੇ. ਸੈਂਚੇਜ਼ ਅਨੁਸਾਰ ਇਸ ਲਈ ਨਿਰਧਾਰਤ ਮਾਪਦੰਡਾਂ ਅਨੁਸਾਰ ਉਸ ਵਿਅਕਤੀ ਦੀ ਸਮੀਖਿਆ ਕੀਤੀ ਜਾਂਦੀ ਹੈ। ਜੇਕਰ ਉਹ, ਉਹਨਾਂ ਮਾਪਦੰਡਾਂ ‘ਤੇ ਖਰਾ ਉਤਰਦਾ ਹੈ ਤਾਂ ਜੈਂਡਰ ਡਿਸਫ਼ੋਰੀਆ ਦਾ ਪਤਾ ਲਗਾਉਣ ਦੀ ਕਾਰਜਵਿਧੀ ਨੂੰ ਅਪਣਾਇਆ ਜਾਂਦਾ ਹੈ।

ਅਮਰੀਕਨ ਸਾਈਕ੍ਰੈਟਿਕ ਐਸੋਸੀਏਸ਼ਨ ਦੇ ਮਾਨਸਿਕ ਵਿਕਾਰਾਂ ਸੰਬੰਧੀ ਦਿਸ਼ਾ ਨਿਰਦੇਸ਼ (DSM-5) ਅਨੁਸਾਰ ਜੈਂਡਰ ਡਿਸਫ਼ੋਰੀਆ ਦੇ ਮਾਪਦੰਡਾਂ ਵਿਚ ਸੰਬੰਧਿਤ ਵਿਅਕਤੀ ਦੁਆਰਾ ਮੌਜੂਦਾ ਜਣਨ-ਅੰਗਾਂ ਅਤੇ ਲਿੰਗ ਵਿਸ਼ੇਸ਼ਤਾਵਾਂ (ਜਿਵੇਂ ਕਿ ਆਦਮੀਆਂ ਦੇ ਚਿਹਰੇ ਅਤੇ ਛਾਤੀ ਦੇ ਵਾਲ ਜਾਂ ਔਰਤ ਦੀਆਂ ਛਾਤੀਆਂ) ਨੂੰ ਬਦਲਣ ਅਤੇ ਵਿਰੋਧੀ ਲਿੰਗ ਦੇ ਜਣਨ-ਅੰਗਾਂ ਤੇ ਵਿਸ਼ੇਸ਼ਤਾਵਾਂ ਨੂੰ ਅਪਨਾਉਣ ਦੀ ਇੱਛਾ ਸ਼ਾਮਲ ਹੈ। ਉਹਨਾਂ ਦੀ ਇੱਛਾ ਵਿਰੋਧੀ ਲਿੰਗ ਦੇ ਰੂਪ ਵਿਚ ਰਹਿਣ ਦੀ ਹੋ ਸਕਦੀ ਹੈ। ਇਸ ਵਿਚ ਉਸ ਲਿੰਗ ਦੀ ਪੁਸ਼ਟੀ ਲਈ ਹੋਰ ਨਾਮ ਨਾਲ ਪੁਕਾਰੇ ਜਾਣ ਦੀ ਇੱਛਾ ਵੀ ਸ਼ਾਮਲ ਹੈ। ਉਦਾਹਰਣ ਲਈ ‘ਦੀਪਕ’ ਨਾਮ ਦਾ ਆਦਮੀ ‘ਦੀਪਿਕਾ’ ਕਹਾਉਣ ਦਾ ਚਾਹਵਾਨ ਹੋ ਸਕਦਾ ਹੈ। ‘ਵਿਜੇਤਾ’ ਨਾਮ ਦੀ ਕੁੜੀ ‘ਵਿਜੇ’ ਵਜੋਂ ਪਹਿਚਾਣ ਦੀ ਇੱਛੁਕ ਹੋ ਸਕਦੀ ਹੈ। 

ਜੈਂਡਰ ਡਿਸਫ਼ੋਰੀਆ ਕੋਈ ਅਜਿਹੀ ਸੋਚ, ਮਾਨਸਿਕ ਜਾਂ ਸਰੀਰਕ ਅਵਸਥਾ ਨਹੀਂ ਹੈ, ਜੋ ਕਿ ਆਉਂਦੀ ਜਾਂਦੀ ਰਹੇ। ਹਾਲਾਂਕਿ ਅਜਿਹੇ ਅਨੁਭਵ ਕਰਨ ਵਾਲੇ ਸਾਰੇ ਬੱਚੇ ਵੱਡੇ ਹੋ ਕੇ ਟਰਾਂਸਜੈਂਡਰ ਬਾਲਗ਼ ਨਹੀਂ ਬਣਦੇ ਅਤੇ ਕਿਸੇ ਵੀ ਵਿਅਕਤੀ ਦੀ ਬਾਲਗ਼ ਅਵਸਥਾ ਬਾਰੇ ਉਸਦੇ ਬਚਪਨ ਵਿਚ ਹੀ ਕਿਸੇ ਸਿੱਟੇ ‘ਤੇ ਪਹੁੰਚਣਾ ਬਹੁਤ ਜਲਦੀ ਹੋਵੇਗੀ, ਪਰ ਜੇਕਰ ਘੱਟੋ-ਘੱਟ ਛੇ ਮਹੀਨਿਆਂ ਲਈ ਇਹ ਲੱਛਣ ਮੌਜੂਦ ਅਤੇ ਸਥਿਰ ਰਹਿਣ ਤਾਂ ਬੱਚੇ ਨੂੰ ਜੈਂਡਰ ਡਿਸਫ਼ੋਰੀਆ ਹੋਣ ਦੀ ਸੰਭਾਵਨਾ ਤੋਂ ਇਨਕਾਰ ਨਹੀਂ ਕੀਤਾ ਜਾ ਸਕਦਾ। 

ਜੈਂਡਰ ਡਿਸਫ਼ੋਰੀਆ ਨਾਲ ਨਜਿੱਠਣਾ ਬੱਚਿਆਂ ਅਤੇ ਮਾਪਿਆਂ ਦੋਹਾਂ ਲਈ ਮੁਸ਼ਕਿਲ ਪ੍ਰਕਿਰਿਆ ਹੈ। ਇਸ ਨਾਲ ਭਾਰੀ ਪ੍ਰੇਸ਼ਾਨੀ ਦਾ ਸਾਹਮਣਾ ਕਰਨਾ ਪੈ ਸਕਦਾ ਹੈ ਪਰ ਵਿਲੱਖਣ ਚੁਣੌਤੀਆਂ ਦੇ ਬਾਵਜੂਦ ਉਹਨਾਂ ਬੱਚਿਆਂ ਨੂੰ ਪਿਆਰ, ਸਹਾਇਤਾ ਅਤੇ ਸਮਝੇ ਜਾਣ ਦੀ ਲੋੜ ਹੁੰਦੀ ਹੈ। ਜੈਂਡਰ ਡਿਸਫ਼ੋਰੀਆ ਨਾਲ ਜੂਝ ਰਹੇ ਬੱਚਿਆਂ ਦੀ ਕੁੱਟਮਾਰ, ਬੇਇੱਜ਼ਤੀ, ਤਾਅਨੇ-ਮਿਹਣੇ, ਪੜ੍ਹਾਈ ਜਾਂ ਆਉਣ ਜਾਣ ‘ਤੇ ਰੋਕ ਲਗਾਉਣਾ, ਉਹਨਾਂ ਨੂੰ ਜਾਂ ਆਪਣੇ ਆਪ ਨੂੰ ਕੋਸਣਾ, ਦੋਸ਼ ਦੇਣਾ, ਆਪਣੇ ਆਪ ਨੂੰ ਸਰੀਰਕ ਨੁਕਸਾਨ ਪਹੁੰਚਾਉਣਾ, ਵਸਤੂਆਂ ਦੀ ਤੋੜ-ਫੋੜ ਕਰਨਾ ਜਾਂ ਅਜਿਹੀ ਹੋਰ ਕੋਈ ਗਤੀਵਿਧੀ ਕਿਸੇ ਸਮੱਸਿਆ ਦਾ ਹੱਲ ਨਹੀਂ ਹੋਵੇਗੀ। ਉਹ ਤਾਂ ਮਾਸੂਮ ਹਨ, ਉਹਨਾਂ ਨੂੰ ਮਰਦ ਤੇ ਔਰਤ, ਸਰੀਰਕ/ਯੌਨ ਅੰਗਾਂ ਜਾਂ ਯੌਨ ਸੰਬੰਧਾਂ ਬਾਰੇ ਕੀ ਪਤਾ? ਸਮਝਣਾ ਪਵੇਗਾ ਕਿ ਉਹਨਾਂ ਦੁਆਰਾ ਕੀਤੇ ਜਾਣ ਵਾਲੇ ਕਾਰਜ, ਗਤੀਵਿਧੀਆਂ ਜਾਂ ਵਿਹਾਰ ਉਹਨਾਂ ਦੇ ਵੱਸ ‘ਚ ਨਹੀਂ ਹਨ। ਜੋ ਫ਼ਰਕ ਉਹਨਾਂ ਦੀ ਸਰੀਰਕ ਤੇ ਮਾਨਸਿਕ ਅਵਸਥਾ ਦਾ ਹੈ, ਉਸ ਵਿਚ ਉਹਨਾਂ ਦਾ ਕੋਈ ਦੋਸ਼ ਨਹੀਂ ਹੈ।

ਬਹੁਤ ਸਾਰੇ ਲੋਕ ਇਹ ਵੀ ਮੰਨਦੇ ਹਨ ਕਿ ਉਹਨਾਂ ਦੀ ਸਮੱਸਿਆ ਭਾਵ ਜੈਂਡਰ ਡਿਸਫ਼ੋਰੀਆ ਨੂੰ ਦੂਰ ਕਰਨ ਲਈ ਉਹਨਾਂ ਦਾ ਲਿੰਗ ਬਦਲਾਅ ਆਪ੍ਰੇਸ਼ਨ ਕੀਤਾ ਜਾਣਾ ਜਰੂਰੀ ਹੈ। ਇਸ ਲਈ ‘ਵਰਲਡ ਪ੍ਰੋਫ਼ੈਸ਼ਨਲ ਐਸੋਸੀਏਸ਼ਨ ਫ਼ਾਰ ਟਰਾਂਸਜੈਂਡਰ ਹੈਲਥ’ ਵੱਲੋਂ ਹਾਰਮੋਨਜ਼ ਥੈਰੇਪੀ ਅਤੇ ਸਰਜੀਕਲ ਇਲਾਜ  ਲਈ ਮਾਪਦੰਡ ਨਿਰਧਾਰਤ ਕੀਤਾ ਗਿਆ ਹੈ। ਇਸ ਇਲਾਜ ਤੋਂ ਪਹਿਲਾਂ ਨਿਰਧਾਰਤ ਮਾਪਦੰਡਾਂ ਮੁਤਾਬਿਕ ਡਾਕਟਰ ਵੱਲੋਂ ਸੰਬੰਧਿਤ ਵਿਅਕਤੀ (ਆਦਮੀ ਜਾਂ ਔਰਤ) ਦਾ ਮੁਲਅੰਕਣ ਕੀਤਾ ਜਾਂਦਾ ਹੈ। ਲਿੰਗ ਬਦਲਾਅ ਦੇ ਆਪ੍ਰੇਸ਼ਨ (Gender-reassignment Surgery) ਦੀ ਪ੍ਰਕਿਰਿਆ ਲੰਬੀ ਹੈ ਅਤੇ ਦੋ ਭਾਗਾਂ ‘ਚ ਪੂਰੀ ਹੁੰਦੀ ਹੈ। ਡਾਕਟਰਾਂ ਦੇ ਨਾਲ ਸਾਈਕਲੋਜਿਸਟ ਨੂੰ ਮਿਲ ਕੇ ਲੋੜੀਂਦੀ ਕਾਰਵਾਈ ਕਰਨ ਉਪਰੰਤ ਉਹਨਾਂ ਤੋਂ ‘ਜੈਂਡਰ ਡਿਸਫ਼ੋਰੀਆ’ ਦਾ ਸਰਟੀਫ਼ਿਕੇਟ ਪ੍ਰਾਪਤ ਕੀਤਾ ਜਾਂਦਾ ਹੈ। ਤਕਰੀਬਨ ਡੇਢ ਸਾਲ ਤੱਕ ਦਵਾਈਆਂ ਤੇ ਟੀਕਿਆਂ ਦੇ ਜ਼ਰੀਏ ਲੋੜੀਂਦੇ ਹਾਰਮੋਨਜ਼ ਦਿੰਤੇ ਜਾਂਦੇ ਹਨ। ਜਿਵੇਂ ਕਿ ਸਰੀਰਕ ਰੂਪ ਵਿਚ ਜਿਹਨਾਂ ਮੁੰਡਿਆਂ ਦੀ ਮਾਨਸਿਕਤਾ ਤੇ ਲਿੰਗਕਤਾ (Sexuality) ਕੁੜੀਆਂ ਵਾਲੀ ਹੁੰਦੀ ਹੈ ਉਹ ਕੁੜੀਆਂ ਵਰਗਾ ਸਰੀਰ ਪ੍ਰਾਪਤ ਕਰਨਾ ਚਾਹੁੰਦੇ ਹਨ ਅਤੇ ਜਿਹੜੀਆਂ ਕੁੜੀਆਂ ਦੀ ਮਾਨਸਿਕਤਾ ਤੇ ਲਿੰਗਕਤਾ ਮੁੰਡਿਆਂ ਵਾਲੀ ਹੁੰਦੀ ਹੈ ਉਹ ਮੁੰਡੇ ਬਣਨਾ ਚਾਹੁੰਦੇ ਹਨ।

ਇਹ ਸਾਰੀ ਪ੍ਰਕਿਰਿਆ ਲੰਬਾ ਸਮਾਂ ਚੱਲਦੀ ਹੈ ਅਤੇ ਇਸ ਲਈ ਬਹੁਤ ਸੰਜਮ ਅਤੇ ਲਚਕਤਾ ਦੀ ਲੋੜ ਹੁੰਦੀ ਹੈ। ਆਦਮੀ ਤੋਂ ਔਰਤ ਜਾਂ ਔਰਤ ਤੋਂ ਆਦਮੀ ਬਣਨ ਦੇ ਆਪ੍ਰੇਸ਼ਨ ਲਈ ‘ਵਰਲਡ ਪ੍ਰੋਫ਼ੈਸ਼ਨਲ ਐਸੋਸੀਏਸ਼ਨ ਆਫ਼ ਟਰਾਂਸਜੈਂਡਰ ਹੈਲਥ’ ਵੱਲੋ ਸੁਨਿਸ਼ਚਿਤ ਕੀਤੀਆਂ ਗਈਆਂ ਕੁਝ ਬੁਨਿਆਦੀ ਸ਼ਰਤਾਂ ਇਸ ਪ੍ਰਕਾਰ ਹਨ:

• ਸੰਬੰਧਿਤ ਦੀ ਉਮਰ ਘੱਟੋ-ਘੱਟ ਵੀਹ ਸਾਲ ਹੋਵੇ। ਜੇਕਰ ਉਸਦੀ ਉਮਰ ਅਠਾਰਾਂ ਤੋਂ ਵੀਹ ਸਾਲ ਦੀ ਹੋਵੇ ਤਾਂ ਉਸ ਕੋਲ ਮਾਪਿਆਂ ਜਾਂ ਕਾਨੂੰਨੀ ਸਰਪ੍ਰਸਤ ਵੱਲੋਂ ਲਿਖਤ ਸਹਿਮਤੀ ਹੋਣੀ ਲਾਜ਼ਿਮੀ ਹੈ। ਬਹੁਤ ਸਾਰੇ ਡਾਕਟਰ ਪੈਂਹਟ ਸਾਲ ਤੋਂ ਉਪਰਲੇ ਵਿਅਕਤੀਆਂ ਦਾ ਇਹ ਆਪ੍ਰੇਸ਼ਨ ਨਹੀਂ ਕਰਦੇ।

• ਉਹ ਘੱਟੋ-ਘੱਟ ਬਾਰਾਂ ਮਹੀਨੇ ਲਗਾਤਾਰ ਇੱਛਿਤ ਰੂਪ (ਔਰਤ ਜਾਂ ਆਦਮੀ) ਦੇ ਰੂਪ ਵਿਚ ਰਿਹਾ ਹੋਵੇ। ਇਹ ਸਮਾਂ ਉਸਦੇ ਅਸਲ ਜੀਵਨ ਦਾ ਅਨੁਭਵ ਹੋਣਾ ਚਾਹੀਦਾ ਹੈ।

• ਔਰਤ ਦੇ ਰੂਪ ਵਿਚ ਆਉਣ ਦੇ ਚਾਹਵਾਨ ਆਦਮੀਆਂ ਨੇ ਘੱਟੋ-ਘੱਟ ਬਾਰਾਂ ਮਹੀਨੇ ਨਿਰੰਤਰ ਐਸਟ੍ਰੋਜੈਨ ਹਾਰਮੋਨਜ਼ ਥੈਰੇਪੀ ਅਤੇ ਆਦਮੀ ਦੇ ਰੂਪ ਵਿਚ ਆਉਣ ਵਾਲੀਆਂ ਔਰਤਾਂ ਨੇ ਟੈਸਟੋਸਟੀਰੌਨ ਹਾਰਮੋਨਜ਼ ਥੈਰੇਪੀ ਲਈ ਹੋਵੇ।

• ਉਸਨੇ ਆਪਣੀ ਮਨੋਦਸ਼ਾ ਸੰਬੰਧੀ ਆਪਣੇ ਦੇਸ਼ ਵਿਚ ਮਨੋਵਿਗਿਆਨਕ ਨਾਲ ਸਲਾਹ ਮਸ਼ਵਰਾ ਕੀਤਾ ਹੋਵੇ। ਉਸਨੂੰ ਇਹ ਸਾਰੀ ਸਲਾਹ ਅਤੇ ਗੱਲਬਾਤ ਆਪ੍ਰੇਸ਼ਨ ਤੋਂ ਪਹਿਲਾਂ ਵੀ ਕਰਨੀ ਪਵੇਗੀ।

• ਜੈਂਡਰ ਡਿਸਫ਼ੋਰੀਆ ਦੀ ਮੌਜੂਦਗੀ ਬਾਰੇ ਦਸਤਾਵੇਜ਼ੀ ਸਬੂਤ।

• ਉਹ ਸਰੀਰਕ ਤੌਰ ‘ਤੇ ਆਪ੍ਰੇਸ਼ਨ ਲਈ ਤੰਦਰੁਸਤ ਹੋਵੇ।

ਲੋੜ ਮੁਤਾਬਿਕ ਉਹਨਾਂ ਨੂੰ ਮੇਲ ਜਾਂ ਫੀਮੇਲ ਹਾਰਮੋਨਜ਼ ਦਿੱਤੇ ਜਾਂਦੇ ਹਨ। ਇਸ ਨਾਲ ਮੁੰਡਿਆਂ ਦੀ ਆਵਾਜ਼ ਪਤਲੀ ਹੋਣੀ ਸ਼ੁਰੂ ਹੋ ਜਾਂਦੀ ਹੈ ਅਤੇ ਛਾਤੀਆਂ ਦਾ ਅਕਾਰ ਵਧਣ ਲੱਗ ਪੈਂਦਾ ਹੈ। ਕੁੜੀਆਂ ਦੀ ਆਵਾਜ਼ ਮੋਟੀ ਹੋਣੀ ਸ਼ੁਰੂ ਹੋ ਜਾਂਦੀ ਹੈ। ਕਰੀਬ ਡੇਢ ਸਾਲ ਦੇ ਹਾਰਮੋਨਜ਼ ਇਲਾਜ ਤੋਂ ਬਾਅਦ ਆਪ੍ਰੇਸ਼ਨ ਨਾਲ ਉਹਨਾਂ ਦੇ ਸਰੀਰ ਦੇ ਅੰਤਿਮ ਬਦਲਾਅ ਕੀਤੇ ਜਾਂਦੇ ਹਨ। ਕੁਝ ਕੁ ਮਹੀਨੇ ਉਹਨਾਂ ਨੂੰ ਸੰਪੂਰਣ ਆਰਾਮ ਕਰਨਾ ਪੈਂਦਾ ਹੈ, ਅਤੇ ਠੀਕ ਹੋਣ ਤੋਂ ਬਾਅਦ ਉਹਨਾਂ ਕੋਲ ਉਹੀ ਸਰੀਰ ਹੁੰਦਾ ਹੈ, ਜਿਹੋ ਜਿਹਾ ਉਹ ਖ਼ੁਦ ਨੂੰ ਮਹਿਸੂਸ ਕਰਦੇ ਹਨ। ਚੇਤੇ ਰਹੇ ਕਿ ਇਸ ਆਪ੍ਰੇਸ਼ਨ ਨਾਲ ਕੇਵਲ ਬਾਹਰੀ ਸਰੀਰਕ ਅੰਗਾਂ ਨੂੰ ਹੀ ਬਦਲਿਆ ਜਾ ਸਕਦਾ ਹੈ, ਅੰਦਰੂਨੀ ਅੰਗਾਂ ਨੂੰ ਨਹੀਂ। ਇਸ ਲਈ ਅਜਿਹੀਆਂ ਆਦਮੀਆਂ ਤੋਂ ਆਪ੍ਰੇਸ਼ਨ ਜਰੀਏ ਬਣੀਆਂ ਔਰਤਾਂ (Trans Women) ਨੂੰ ਮਾਹਵਾਰੀ ਦੇ ਹੋਣ ਬਾਰੇ ਕੋਈ ਆਸ ਨਹੀਂ ਕਰਨੀ ਚਾਹੀਦੀ।

ਹਾਰਮੋਨਜ਼ ਬਦਲਾਅ ਦੇ ਕੁਝ ਸਾਈਡ ਇਫ਼ੈਕਟ ਵੀ ਹੁੰਦੇ ਹਨ। ਇਸਦਾ ਅਸਰ ਮਨ ਅਤੇ ਭਾਵਨਾਵਾਂ ‘ਤੇ ਪੈਂਦਾ ਹੈ। ਇਲਾਜ ਦੌਰਾਨ ਵੀ ਲਗਾਤਾਰ ਮਨ ਬਦਲਦਾ (Mood Swing) ਰਹਿੰਦਾ ਹੈ। ਮਨ ਕਦੇ ਉਦਾਸ ਅਤੇ ਕਦੇ ਬੇਵਜ੍ਹਾ ਬਹੁਤ ਜਿਆਦਾ ਖੁਸ਼ ਹੋ ਜਾਂਦਾ ਹੈ। ਆਪ੍ਰੇਸ਼ਨ ਦੀ ਇਹ ਪ੍ਰਕਿਰਿਆ ਕਰੀਬ ਦੋ ਸਾਲ ਤੱਕ ਚੱਲਦੀ ਹੈ। ਸਮਾਂ ਲੱਗਦਾ ਹੈ ਪਰ ਉਹਨਾਂ ਦੇ ਅੰਦਰੂਨੀ ਮਨ ਤੇ ਬਾਹਰੀ ਸਰੀਰ ਵਿਚ ਤਾਲਮੇਲ ਬੈਠਣ ਲੱਗ ਜਾਂਦਾ ਹੈ। 

ਇਸ ਸਭ ਤੋਂ ਬਾਅਦ ਲਿੰਗ ਬਦਲਾਅ ਲਈ ਆਪ੍ਰੇਸ਼ਨਾਂ ਦੀ ਅਸਲ ਪ੍ਰਕਿਰਿਆ ਸ਼ੁਰੂ ਹੁੰਦੀ ਹੈ। ਇਹ ਪੜਾਅ ਲਿੰਗ ਬਦਲਾਅ ਲਈ ਲੋੜੀਂਦਾ ਆਪ੍ਰੇਸ਼ਨ (External and Internal Genitalia) ਕਰਨ ਦਾ ਹੈ। ਇਹ ਲਾਜ਼ਿਮੀ ਯਾਦ ਰੱਖਣਾ ਬਣਦਾ ਹੈ ਕਿ ਇਹ ਆਪ੍ਰੇਸ਼ਨ ਕਰਵਾਉਣ ਤੋਂ ਬਾਅਦ ਜੇਕਰ ਵਿਅਕਤੀ ਦਾ ਮਨ ਬਦਲ ਜਾਵੇ ਤਾਂ ਉਸਦਾ ਕੋਈ ਹੱਲ ਨਹੀਂ ਹੁੰਦਾ। ਇਹ ਆਪ੍ਰੇਸ਼ਨ ਸਥਾਈ ਹੁੰਦਾ ਹੈ, ਅਤੇ ਬਦਲਾਅ ਕੀਤੇ ਗਏ ਅੰਗ ਵਾਪਸ ਪਹਿਲੀ  ਅਵਸਥਾ ਵਿਚ ਨਹੀਂ ਲਿਆਂਦੇ ਜਾ ਸਕਦੇ। ਇਹ ਉਹਨਾਂ ਦਾ ਨਿੱਜੀ ਫੈਸਲਾ ਹੁੰਦਾ ਹੈ ਅਤੇ ਕੁਝ ਫਾਇਦਿਆਂ ਲਈ ਉਹ ਲਿੰਗ ਬਦਲਾਅ ਵਾਸਤੇ ਆਪ੍ਰੇਸ਼ਨ ਕਰਵਾਉਣਾ ਚਾਹੁੰਦੇ ਹਨ, ਜਿਵੇਂ ਕਿ ਉਹਨਾਂ ਦੀ ਮਾਨਸਿਕ ਸਿਹਤ ਵਿਚ ਸਕਾਰਤਮਕ ਬਦਲਾਅ, ਜੈਂਡਰ ਡਿਸਫ਼ੋਰੀਆ ਦਾ ਹੱਲ ਕਰਨਾ, ਆਤਮਵਿਸ਼ਵਾਸ ‘ਚ ਵਾਧਾ ਕਰਨਾ, ਆਤਮ-ਸੰਤੁਸ਼ਟੀ ਦਾ ਅਹਿਸਾਸ, ਮਾਨਸਿਕਤਾ ਦੇ ਹਿਸਾਬ ਨਾਲ ਸਰੀਰ ਹਾਸਲ ਕਰਨਾ ਅਤੇ ਗ਼ਲਤ ਸਰੀਰ ਵਿਚ ਜਨਮ ਲੈਣ ਦੇ ਅਹਿਸਾਸ ਤੋਂ ਮੁਕਤੀ ਪ੍ਰਾਪਤ ਕਰਨਾ ਆਦਿ।

ਰੀਆ ਜੱਟੀ ਦੇ ਲਿੰਗ ਬਦਲਾਅ ਸੰਬੰਧੀ ਆਪ੍ਰੇਸ਼ਨ ਦੇ ਦਾਵਿਆਂ ਵਿਚ ਕਾਫ਼ੀ ਕੁਝ ਅਸਪੱਸ਼ਟ ਹੈ। ਉਪਰੋਕਤ ਜਾਣਕਾਰੀ ਮੁਤਾਬਿਕ ਇਸ ਆਪ੍ਰੇਸ਼ਨ ਤੋਂ ਪਹਿਲਾਂ ਮਾਨਸਿਕ ਸਿਹਤ ਮਾਹਿਰ ਵੱਲੋਂ ਜੈਂਡਰ ਡਿਸਫ਼ੋਰੀਆ ਦਾ ਸਰਟੀਫ਼ਿਕੇਟ ਹਾਸਲ ਕਰਨਾ ਲਾਜ਼ਿਮੀ ਹੈ, ਅਤੇ ਕਰੀਬ ਇੱਕ ਤੋਂ ਡੇਢ ਸਾਲ ਸੰਬੰਧਿਤ ਦੀ ਹਾਰਮੋਨਜ਼ ਥੈਰੇਪੀ ਵੀ ਚੱਲਦੀ ਹੈ। ਜੇਕਰ ਉਹਨਾਂ ਦਾ ਰਿਸ਼ਤਾ ਤਿੰਨਾਂ ਸਾਲਾਂ ਦਾ ਹੈ ਅਤੇ ਉਹਨਾਂ ਨੇ ਆਪ੍ਰੇਸ਼ਨ ਦਾ ਫੈਸਲਾ ਕੀਤਾ ਤਾਂ ਟਾਈਮ ਲਾਈਨ ਦੇ ਮੱਦੇ ਨਜ਼ਰ ਸ਼ੰਕਾਵਾਂ ਦਾ ਪੈਦਾ ਹੋਣਾ ਸੁਭਾਵਿਕ ਹੈ। ਬਦਲਾਅ ਦੀ ਇਹ ਪ੍ਰਕਿਰਿਆ ਬਹੁਤ ਮਹਿੰਗੀ ਹੈ, ਇਜ਼ਰਾਈਲੀ ਜੋੜੇ ਬੇਨੀ ਤੇ ਯੇਲ ਗੈਂਗਿਅਨ ਨੇ 2015 ਵਿਚ ਆਪਣੇ ਅਠਾਰਾਂ ਸਾਲਾਂ ਦੇ ਟਰਾਂਸਜੈਂਡਰ ਪੁੱਤਰ ਈਮੀ ਦੇ ਥਾਈਲੈਂਡ ਦੇ ਇੱਕ ਹਸਪਤਾਲ ਵਿਚ ਲਿੰਗ ਬਦਲਾਅ ਲਈ ਤੀਹ ਹਜ਼ਾਰ ਅਮਰੀਕਨ ਡਾਲਰ ਤੋਂ ਵਧੇਰੇ ਖ਼ਰਚ ਕੀਤਾ। ਇਸ ਲਈ ਉਹਨਾਂ ਨੇ ਆਪਣੀ ਉਮਰ ਭਰ ਦੀ ਬੱਚਤ ਤੋਂ ਇਲਾਵਾ ਬੈਂਕ ਤੋਂ ਕਰਜ਼ਾ ਲਿਆ ਅਤੇ ਉਹਨਾਂ ਦੇ ਦੋਸਤਾਂ ਨੇ ਵੀ ਆਰਥਿਕ ਮੱਦਦ ਕੀਤੀ। ਵੀਡੀਓਜ਼ ਵਿਚ ਰੀਆ ਅਤੇ ਅਰਜਨ ਦੇ ਪ੍ਰਗਟਾਅ ਮੁਤਾਬਿਕ ਦੋਹਾਂ ਦੇ ਆਰਥਿਕ ਹਾਲਾਤ ਇੰਨਾ ਮਹਿੰਗਾ ਇਲਾਜ ਕਰਵਾਉਣ ਵਾਲੇ ਨਹੀਂ ਜਾਪਦੇ। ਜੇਕਰ ਹਸਪਤਾਲ ਵਾਲਿਆਂ ਕੇਵਲ ਉਹਨਾਂ ਦੇ ਕਹਿਣ ‘ਤੇ ਹੀ ਲਿੰਗ ਬਦਲਾਅ ਆਪ੍ਰੇਸ਼ਨ ਕਰ ਦਿੱਤਾ ਹੈ ਤਾਂ ਉਹਨਾਂ ਦੀ ਭੂਮਿਕਾ ਵੀ ਸ਼ੱਕੀ ਹੋ ਸਕਦੀ ਹੈ।

***
725
Rich Gulati
+61 433 422 722 | Website | + ਲਿਖਾਰੀ ਵਿੱਚ ਛਪੀਆਂ ਰਚਨਾਵਾਂ ਦਾ ਵੇਰਵਾ

ਰਿਸ਼ੀ ਗੁਲਾਟੀ, ਐਡੀਲੇਡ (ਆਸਟ੍ਰੇਲੀਆ)

View all posts by ਰਿਸ਼ੀ ਗੁਲਾਟੀ, ਐਡੀਲੇਡ (ਆਸਟ੍ਰੇਲੀਆ) →