ਨੋਟ: ਪੰਜਾਬੀ ਸਾਹਿਤ ਨੂੰ ਸਮਰਪਿਤ, ਵਿਗਿਆਨੀ, ਲੇਖਕ-ਕਵੀ ਅਤੇ ਜੀਵਨ ਦੇ ਬਹੁਪੱਖੀ ਅਨੁਭਵਾਂ ਦੇ ਧਾਰਨੀ ਡਾ. ਗੁਰਦੇਵ ਸਿੰਘ ਘਣਗਸ, ਕਿਸੇ ਰਸਮੀ ਜਾਣ-ਪਹਿਚਾਣ ਦੇ ਮੁਹਤਾਜ ਨਹੀਂ ਹੈ। 2005 ਵਿੱਚ ਆਪਣੀ ਪਹਿਲੀ ਕਾਵਿ-ਪੁਸਤਕ ‘ਸੱਠਾਂ ਤੋਂ ਬਾਅਦ’ ਦੀ ਪ੍ਰਕਾਸ਼ਨਾ ਮਗਰੋਂ ਉਸਨੇ ਫਿਰ ਪਿਛਾਂਹ ਮੁੜ ਕੇ ਨਹੀਂ ਦੇਖਿਆ। ‘ਸੱਠਾਂ ਤੋਂ ਬਾਅਦ’ ਉਸਨੇ, ਪੰਜਾਬੀ ਸਾਹਿਤਕ ਜਗਤ ਦੀ ਝੋਲੀ ਵਿੱਚ ਅਗ੍ਹਾਂ ਦਰਜ ਹੋਰ ਕਾਵਿ-ਸੰਗ੍ਰਹਿ/ਪੁਸਤਕਾਂ ਪਾਈਅਾਂ: ਤੁਰਦੇ ਭੁਰਦੇ ਜੁੜਦੇ ਰਿਸ਼ਤੇ(2006), ਕੁਝ ਆਰ ਦੀਅਾਂ ਕੁਝ ਪਾਰ ਦੀਅਾਂ (2008), ਧੁੱਖਦੇ ਅਹਿਸਾਸ( 2009), ਸੱਤਰ ਦੇ ਲਾਗ (2012) ਅਤੇ ਇਕ ਮੋੜ ਵਿਚਲਾ ਪੈਂਡਾ (2019)। ਡਾ. ਘਣਗਸ ਦੀਅਾਂ ਦੋ ਪੁਸਤਕਾਂ ਅੰਗਰੇਜ਼ੀ ਵਿੱਚ ਵੀ ਪ੍ਰਕਾਸ਼ਿਤ ਹੋਈਅਾਂ ਜਿਵੇਂ ਕਿ 1. In Search of Pathways—The Making and Breaking of A Scientist in the Modern World —(Memoir 2015) and 2. Journey Through aTurning Point—My Life During And After Leukemia —(Memoir-2019).
‘ਇਕ ਮੋੜ ਵਿਚਲਾ ਪੈਂਡਾ’ ਇਸ ਅੰਗਰੇਜ਼ੀ ਪੁਸਤਕ ‘Journey Through A Turning Point—My Life After Leukemia ਦਾ ਹੀ ਪੰਜਾਬੀ ਰੂਪ ਹੈ। ਇਹ ਸਵੈ-ਜੀਵਨੀ ਪੜ੍ਹਨ ਨਾਲ ਹੀ ਸੰਬੰਧ ਰੱਖਦੀ ਹੈ ਜਿਸ ਰਾਹੀਂ ਪਤਾ ਲੱਗਦਾ ਹੈ ਕਿ ਇਸ ਸਿਰੜ ਦੇ ਪੱਕੇ ਕਵੀ/ਲੇਖਕ ਨੇ ਕਿੰਨ੍ਹਾਂ ਗੰਭੀਰ ਹਾਲਤਾਂ ਵਿੱਚੋਂ ਲੰਘਦਿਆ ਆਪਣੇ ਜੀਵਨ ਦੇ ਇਸ ‘ਸਮੇਂ’ ਦਾ ਦਲੇਰੀ ਨਾਲ ਨਾ ਕੇਵਲ ਮੁਕਾਬਲਾ ਹੀ ਕੀਤਾ ਸਗੋਂ ਲੋੜੀਂਦੀ ਜਿੱਤ ਵੀ ਪਰਾਪਤ ਕੀਤੀ ਅਤੇ ਜੀਵਨ ਨੂੰ ਨਵੀਅਾਂ ਸੇਧਾਂ ਦੇ ਕੇ ਹਲਕੇ-ਫੁਲਕੇ ਰੁਝੇਵਿਅਾਂ ਨਾਲ ਸੁਖਾਵਾਂ ਬਣਾਇਆ। ਇਸ ਪ੍ਰੇਰਨਾ-ਸਰੋਤ ਪੁਸਤਕ ਦੇ ਪਠਨ ਨੇ ਨਿਰਸੰਦੇਹ ਮੈਂਨੂੰ ਝੰਝੋੜਿਆ, ਸੋਚ ਨੂੰ ਟੁੰਬਿਆ, ਢੇਰੀ ਢਾਉਣ ਤੋਂ ਵਰਜਿਆ ਅਤੇ ਬਲ ਬਖਸ਼ਿਆ। ਇਹ ਸਵੈ-ਜੀਵਨੀ ਪੜ੍ਹਨ ਯੋਗ, ਸੋਚ ਨੂੰ ਡਾਵਾਂ-ਡੋਲ ਹੋਣ ਤੋਂ ਬਚਾਉਣ ਵਾਲੀ ਅਤੇ ਪ੍ਰੇਰਨਾਦਾਇਕ ਹੋਣ ਕਾਰਨ ‘ਲਿਖਾਰੀ’ ਦੇ ਪਾਠਕਾਂ ਗੋਚਰੇ ਕਿਸ਼ਤਾਂ ਵਿੱਚ ਹਾਜ਼ਰ ਕੀਤੀ ਜਾ ਰਹੀ ਹੈ।—-ਲਿਖਾਰੀ ** ਮੁਢਲੇ ਸ਼ਬਦਕੈਂਸਰ ਸਰੀਰ ਵਿਚ ਭਿਆਨਕ ਸੈਲਾਂ ਦੀ ਉਪਜ ਦਾ ਗੱਚ ਭਰ ਦੇਣ ਵਾਲਾ ਵਿਸ਼ਾ ਹੈ। ਜਿਵੇਂ ਪੈਰਾਂ ਥੱਲੇ ਜ਼ਮੀਨ ਨਾ ਰਹੀ ਹੋਵੇ। ਹੁੰਗਾਰਾ ਭਰਨ ਵਾਲੇ ਵੀ ਅਕਸਰ ਭਾਵੁਕ ਹੋ ਜਾਂਦੇ ਹਨ। ਅਤੇ ਬਿਨਾਂ ਸੋਚੇ ਸਵਾਲ ਪੁੱਛਣ ਲੱਗ ਪੈਂਦੇ ਹਨ। ਸੱਥ ਵਿਚ ਬੈਠੇ ਹੋਣ ਤੇ ਕੋਈ, ਮੇਰੀ ਬਿਮਾਰੀ ਦਾ ਵਿਸ਼ਾ ਉਠਾਵੇ, ਮੈਂਨੂੰ ਪਸੰਦ ਨਹੀਂ। “ਕਿਹੜੇ ਹਸਪਤਾਲ ‘ਚ ਲਾਜ ਕਰਵਾਇਆ?” “ਡਾਕਟਰ ਅਤੇ ਨਰਸਾਂ ਚੰਗੀਆਂ ਸੀ?” “ਆਰਾਮ ਕਿਵੇਂ ਆਇਆ?” “ਕਿੰਨੇ ਪੈਸੇ ਲੱਗੇ?” “ਐਨੇ ਪੈਸੇ ਕਿਵੇਂ ਲਾਏ?” ਜੇ ਇਕ ਬਾਰ ਗੱਲ ਮੂੰਹੋਂ ਨਿਕਲ ਗਈ, ਫੇਰ ਤਾਂ ਬੱਸ ਚੱਲੋ ਚੱਲ। ਕੈਂਸਰ ਸਮੇਂ ਮੇਰਾ ਜੀਵਨ ਭੰਬਲਭੂਸਿਆਂ ਵਿਚ ਪਿਆ ਹੋਇਆ ਸੀ, ਹੋਸ਼ ਗੁੰਮ ਹੋ ਰਹੇ ਸਨ, ਯਾਦ ਸ਼ਕਤੀ ਕਮਜ਼ੋਰ ਹੋ ਚੱਲੀ ਸੀ। ਏਸ ਲਈ ਕੈਂਸਰ ਦੀ ਯਾਦਦਾਸ਼ਤ ਲਿਖਣਾ ਮੇਰੇ ਲਈ ਇਕ ਵੰਗਾਰ/ਲਲਕਾਰ ਬਣ ਚੁੱਕੀ ਸੀ। ਕੈਂਸਰ ਦੀ ਯਾਦਦਾਸ਼ਤ ਲਿਖਣਾ ਕੋਈ ਖਾਲਾ ਜੀ ਕਾ ਵਾੜਾ ਨਹੀਂ। ਮੈਂਨੂੰ ਲਗਦਾ ਸੀ ਕਿ ਸੁਰਿੰਦਰ, ਮੇਰੀ ਜੀਵਨ ਸਾਥਣ, ਜੋ ਉਸ ਸਮੇਂ ਮੇਰੀ ਦੇਖ-ਰੇਖ ਕਰਦੀ ਆ ਰਹੀ ਸੀ, ਮੇਰੇ ਬਾਰੇ ਅਤੇ ਮੇਰੀ ਕੈਂਸਰ ਬਾਰੇ ਸੌਖਿਆਂ ਲਿਖ ਸਕਦੀ ਸੀ। ਪਰ ਉਸਨੂੰ ਤਾਂ ਦੋ ਅੱਖਰ ਵੀ ਲਿਖਣੇ ਦੁੱਭਰ ਲਗਦੇ ਸਨ। ਅਸਲ ਵਿਚ ਉਹ ਤਾਂ ਇਸ ਬਾਰੇ ਸੋਚਣਾ ਵੀ ਨਹੀਂ ਸੀ ਚਾਹੁੰਦੀ, ਲਿਖਣਾ ਤਾਂ ਇਕ ਪਾਸੇ ਰਿਹਾ। ਉਹ ਤਾਂ ਇਸੇ ਨਾਲ ਹੀ ਸੰਤੁਸ਼ਟ ਸੀ ਕਿ ਪਿਛਲੇ ਪੰਦਰਾਂ ਸਾਲਾਂ ਵਿਚ ਮੇਰੇ ਲਹੂ ਵਿਚ ਕੈਂਸਰ ਦੇ ਕੋਈ ਲੱਛਣ ਨਹੀਂ ਦੇਖੇ ਗਏ। -ਗੁਰਦੇਵ ਸਿੰਘ ਘਣਗਸ
ਭਾਗ-1: ਲਹੂ ਕੈਂਸਰ ਅਧਿਆਇ 1 “ਮੈਂਨੂੰ ਡਰ ਹੈ ਕਿ ਤੁਹਾਨੂੰ ਲੀਊਕੀਮੀਆ ਹੈ,” ਹਮਦਰਦ ਭਰੇ ਅੰਦਾਜ਼ ਵਿਚ ਨਰਸ ਕਹਿਣ ਲੱਗੀ। ਉਹ ਅਮਰੀਕਾ ਦੀ ਯੂਨੀਵਰਸਿਟੀ ਦੇ ਉਸ ਹਾਲ ਵਿਚ ਕੰਮ ਕਰਦੀ ਸੀ ਜਿੱਥੇ ਯੂਨੀਵਰਸਿਟੀ ਦੇ ਲੋਕਾਂ ਨੂੰ ਝੱਟ ਦੇਖ ਲਿਆ ਜਾਂਦਾ ਹੈ। (Penn State University Ritenouer Health Center in State College, Pennsylvania). ਬਿਨਾਂ ਝਿਜਕਿਆਂ ਉਹਨੇ ਮੇਰੇ ਵਲ ਸ਼ਬਦ ਵਰ੍ਹਾ ਦਿੱਤੇ। ‘‘ਲੀਊਕੀਮੀਆ ਕੀ ਹੁੰਦਾ ਹੈ?’’ ਮੈਂ ਪੁਛਿਆ। ‘‘ਲਹੂ ਦੀ ਕੈਂਸਰ।’’ ਮੇਰੀ ਹਾਲਤ ਜੰਗਲ ਵਿਚ ਬਲਦੇ ਰੁੱਖ ਵਾਂਗ ਹੋ ਗਈ । ਇਹ ਤਾਂ ਨਰਸ ਹੀ ਹੈ। ਹੋ ਸਕਦਾ ਗਲਤ ਹੀ ਹੋਵੇ। ਲਹੂ ਤੇ ਪਿਸ਼ਾਬ ਟੈਸਟ ਕਰਨ ਨਾਲ ਕਿਵੇਂ ਪਤਾ ਲਾ ਲਿਆ? ਮੈਂਨੂੰ ਝਟਕੇ ਲੱਗ ਰਹੇ ਸਨ ਅਤੇ ਯਕੀਨ ਨਹੀਂ ਸੀ ਆ ਰਿਹਾ। ਤਰ੍ਹਾਂ ਤਰ੍ਹਾਂ ਦੇ ਖਿਆਲ ਸਿਰ ‘ਚ ਉਡਾਰੀਆਂ ਮਾਰਨ ਲੱਗੇ। ਨਰਸ ਨੂੰ ਇਹ ਵੀ ਤਾਂ ਪਤਾ ਸੀ ਕਿ ਮੈਂਨੂੰ ਬੁਖਾਰ ਸੀ, ਕਾਂਬਾ ਸੀ, ਥਕਾਵਟ ਸੀ। ਇਹ ਨਿਸ਼ਾਨੀਆਂ ਵੀ ਲਹੂ ਦੀ ਕੈਂਸਰ ਦੀਆਂ ਨਿਸ਼ਾਨੀਆਂ ਵਿਚ ਸ਼ਾਮਲ ਹਨ। ਹੋ ਸਕਦਾ ਹੈ ਕਿ ਉਹ ਡਾਕਟਰਾਂ ਨਾਲ ਵੀ ਸਲਾਹ-ਮਸ਼ਵਰਾ ਕਰਦੀ ਹੋਵੇ, ਜਿਨ੍ਹਾਂ ਨੂੰ ਮੈਂ ਅਜੇ ਮਿਲਿਆ ਨਹੀਂ ਸਾਂ। “ਹੋਰ ਪਰਖ ਲਈ ਤੈਂਨੂੰ, ਅਸੀਂ ਕੈਂਸਰ ਹਸਪਤਾਲ ਭੇਜਣ ਲੱਗੇ ਹਾਂ।” ਫੋਨ ਤਾਂ ਉਹ ਪਹਿਲਾਂ ਹੀ ਘੁਮਾਉਣ ਲੱਗ ਪਈ ਸੀ। ਪਰ, ਮੇਨੂੰ ਧਰਵਾਸ ਨਹੀਂ ਸੀ ਆ ਰਿਹਾ। ਡਰ ਨੇ ਮੇਰੇ ਅੰਦਰ ਘਰ ਪਾ ਲਿਆ ਸੀ, ਪਰ ਆਸ ਦੀ ਚਿਣਗ ਅਜੇ ਜਗ ਰਹੀ ਸੀ ਕਿ ਸ਼ਾਇਦ ਇਹ ਕੈਂਸਰ ਨਾ ਹੀ ਹੋਵੇ। ਨਵੇਂ ਹਸਪਤਾਲ ਵਿਚ (Center Community Hospital) ਮੈਂਨੂੰ ਡਾਕਟਰ ਡਿਕਸਨ, ਜੋ ਲਹੂ ਕੈਂਸਰ ਦਾ ਮਾਹਰ ਸੀ, ਦੇ ਸਪੁਰਦ ਕਰ ਦਿੱਤਾ ਗਿਆ। ਡਾਕਟਰ ਡਿਕਸਨ ਕੁਝ ਹੋਰ ਡਾਕਟਰਾਂ ਨਾਲ ਵੀ ਗਿਟਮਿਟ ਕਰਦਾ ਰਿਹਾ। ਏਦਾਂ ਲਗਦਾ ਸੀ ਜਿਵੇਂ ਉਹ ਮੈਂਨੂੰ ਹੋਰ ਨਿਰਾਸ਼ ਨਾ ਕਰਨਾ ਚਾਹੁੰਦੇ ਹੋਣ। ਨਰਸਾਂ ਨੇ ਮੇਰੀਆਂ ਨਾੜੀਆਂ ਦਾ ਖੂਨ ਕੱਢਣਾ ਸ਼ੁਰੂ ਕਰ ਦਿੱਤਾ ਅਤੇ ਪਰਖ ਲਈ ਕਿਸੇ ਹੋਰ ਹਸਪਤਾਲ ਨੂੰ ਘੱਲ ਦਿੱਤਾ। ਕਿਉਂਕਿ ਖੂਨ ਦੀ ਕੈਂਸਰ ਦੀਆਂ ਕਈ ਕਿਸਮਾਂ ਹਨ, ਇਹ ਪਤਾ ਲਾਉਣਾ ਜ਼ਰੂਰੀ ਸੀ ਕਿ ਮੇਰੀ ਕੈਂਸਰ ਕਿਸ ਕਿਸਮ ਦੀ ਹੈ। ਤਾਂ ਕਿ ਮੈਂਨੂੰ ਦਵਾਈਆਂ ਵੀ ਉਸੇ ਅਨੁਸਾਰ ਦਿੱਤੀਆਂ ਜਾਣ ਜਿਨ੍ਹਾਂ ਨਾਂਲ ਇਲਾਜ ਵੀ ਸਹੀ ਹੋ ਸਕੇ। ਉਹ ਸੋਚਦੇ ਸਨ ਕਿ ਮੇਰਾ ਇਲਾਜ ਵੀ ਨੇੜੇ ਦੇ ਹਸਪਤਾਲ (Penn State Hershey Medical Center in Hershey, Pennsylvania) ਵਿਚ ਹੋਵੇਗਾ। ਮੈਂ ਅਜੇ ਭੰਬਲਭੂਸਿਆਂ ਵਿਚ ਪਿਆ ਡੁਸਕ ਰਿਹਾ ਸਾਂ, ਜਦ ਸੁਰਿੰਦਰ ਦੋ ਸੌ ਮੀਲ ਦੂਰ ਸ਼ਹਿਰ ਇਥਕਾ (Ithaca) ਤੋਂ ਉਥੇ ਪਹੁੰਚ ਗਈ ਅਤੇ ਨਿਰਨਾ ਕਰ ਲਿਆ ਕਿ ਮੇਰਾ ਇਲਾਜ ਘਰ ਦੇ ਲਾਗੇ ਹੋਵੇ। ਹਸਪਤਾਲ ਤੋਂ ਮਨਜੂਰੀ ਲੈਣ ਅਤੇ ਲਿਖਤੀ ਕਾਗਜ਼ ਲੈਣ ਲਈ ਕਈ ਦਿਨ ਲੱਗ ਗਏ। ਉਦੋਂ ਤੱਕ ਮੇਰੀ ਹਾਲਤ ਹੋਰ ਵਿਗੜ ਚੁੱਕੀ ਸੀ। ਮੈਂਨੂੰ ਅਜੇ ਵੀ ਉਹ ਚੀਸਾਂ ਯਾਦ ਨੇ ਜਦੋਂ ਸੁਰਿੰਦਰ ਮੈਂਨੂੰ ਪੈਨਸਲਵਾਨੀਆ ਹਸਪਤਾਲ (Center Community Hospital in State College, Pennsylvania) ਤੋਂ ਕਾਰ ਵਿਚ ਬਿਠਾਕੇ ਆਪਣੇ ਇਥਕਾ ਘਰ ਦੇ ਲਾਗਲੇ ਹਸਪਤਾਲ (Cayuga Hospital in Ithaca) ਵੱਲ ਲਈ ਜਾ ਰਹੀ ਸੀ। ਜਦ ਮੈਂ ਆਪਣੀਆਂ ਪੀੜਾਂ ਦੇ ਰੋਣੇ ਬਾਅਦ ਚੁੱਪ ਹੋ ਜਾਂਦਾ, ਤਾਂ ਟੱਬਰ ਦੀ ਹਾਲਤ ਤੇ ਰੋਣ ਲੱਗ ਪੈਂਦਾ। ਘਰ ਦੇ ਨੇੜੇ ਆਕੇ ਕੁਝ ਧਰਵਾਸ ਹੋਇਆ। ਸਿਰਫ ਕੁਝ ਦਿਨ ਪਹਿਲਾਂ, ਮੈਂ ਆਪਣੀ ਖੋਜ ਪ੍ਰਯੋਗਸ਼ਾਲਾ ਸਥਾਪਤ ਕਰਨ ਦੇ ਸੁਪਨੇ ਲੈ ਰਿਹਾ ਸੀ ਅਤੇ ਕੁਝ ਖੋਜ ਕਰ ਵੀ ਰਿਹਾ ਸਾਂ। ਪਰ, ਕੀ ਪਤਾ ਸੀ ਕਿ ਮੇਰੇ ਸਾਰੇ ਸੁਪਨੇ ਇਸ ਤਰ੍ਹਾਂ ਭੁਰ ਜਾਣਗੇ ਜਿਵੇਂ ਝੱਖੜ ਝੁੱਲਿਆਂ ਵਿਚ ਦਰਿਆ ਕੰਢੇ-ਉਸਾਰੇ ਰੇਤ ਦੇ ਘਰ ਭੁਰਦੇ ਹੋਣ। ਸਾਡੇ ਤਿੰਨੋ ਬੱਚੇ, ਇਮਰੋਜ਼, ਪਰਮ ਅਤੇ ਰੂਪ, ਅਜੇ ਵੀ ਸਾਡੇ ਤੇ ਨਿਰਭਰ ਸਨ। ਇਮਰੋਜ਼ ਨੇ ਹੁਣੇ Penn State ਯੂਨੀਵਰਸਿਟੀ ਤੋਂ ਡਿਗਰੀ ਹਾਸਲ ਕੀਤੀ ਸੀ ਅਤੇ ਸਾਡੇ ਇਥਕਾ ਘਰ ਬੈਠਾ ਨੌਕਰੀ ਲਈ ਅਰਜੀਆਂ ਭੇਜ ਰਿਹਾ ਸੀ। ਪਰਮ ਅਤੇ ਰੂਪ ਦੂਜੇ ਸੂਬਿਆਂ (Ohio and Wisconsin) ਵਿਚ ਕਾਲਜਾਂ ਵਿਚ ਪੜ੍ਹ ਰਹੇ ਸਨ। ਮਾਪੇ ਹੋਣ ਦੇ ਨਾਤੇ ਅਸੀਂ ਦੋਨੋਂ, ਸੁਰਿੰਦਰ ਅਤੇ ਮੈਂ, ਬੱਚਿਆਂ ਦੀ ਪਾਲਣ ਪੋਸਣ ਅਪਣਾ ਸਰਵੋਤਮ ਫਰਜ ਸਮਝਦੇ ਸਾਂ। ਹੁਣ ਉਹ ਸਾਰਾ ਫਰਜ ਸੁਰਿਦਰ ਦੇ ਮੋਢਿਆਂ ਤੇ ਜਾ ਢੁਕਿਆ ਸੀ। ਦਿਲ ਵਿਚ ਤਰ੍ਹਾਂ ਤਰ੍ਹਾਂ ਦੇ ਵਲਬਲੇ ਉਠਦੇ, ਪਰ ਕਰਨ ਜੋਗਾ ਹੁਣ ਮੈਂ ਕੁਝ ਵੀ ਨਹੀ ਸੀ – – ਕੱਖ ਵੀ ਨਹੀਂ। ਡਰ ਦੇ ਮੁਢਲੇ ਝਟਕਿਆਂ ਤੋਂ ਬਾਅਦ, ਮਨ ਅਸਲੀਅਤ ਦੇ ਰਾਹ ਪੈ ਗਿਆ। ਮੇਰੇ ਕੋਲ ਜੀਵਨ ਭਰ ਦਾ ਤਜਰਬਾ ਸੀ, ਅਤੇ ਮੈਂਨੂੰ ਸਿੱਖੀ ਜੀਵਨ ਦੀ ਪੁੱਠ ਚੜ੍ਹੀ ਹੋਣ ਕਰਕੇ ਭਾਣਾ ਮੰਨਣਾ ਔਖਾ ਨਾ ਲੱਗਿਆ। ਭਾਣਾ ਮੰਨਣ ਤੋਂ ਸਿਵਾ ਹੋਰ ਕੋਈ ਚਾਰਾ ਵੀ ਨਹੀਂ ਸੀ। ਜਦ ਤੁਸੀਂ ਕੁਝ ਕਰਨ ਦੇ ਅਸਮਰਥ ਹੋਵੋਂ, ਭਾਣਾ ਇਸੇ ਨੂੰ ਕਿਹਾ ਜਾਂਦਾ ਹੈ। ਸੁਰਿੰਦਰ ਨੇ ਦੱਸਿਆ ਸੀ ਕਿ ਪਹਿਲੇ ਕੀਮੋ ਤੋਂ ਬਆਦ ਘਰ ਆਕੇ ਵਰਤਣ ਲਈ ਜੋ ਦਵਾਈਆਂ ਮੈਂਨੂੰ ਦਿੱਤੀਆਂ ਗਈਆਂ ਸਨ, ਉਨ੍ਹਾਂ ਕਰਕੇ ਮੈਂਨੂੰ ਸਟਰੋਕ ਹੋ ਗਿਆ ਸੀ। ਇਸ ਸੱਟ ਕਰਕੇ ਮੇਰੀ ਕੈਂਸਰ ਤੋਂ ਮੁਕਤੀ ਵੀ ਆਇਸਤਾ ਹੋ ਗਈ ਅਤੇ ਮੈਂ ਗੱਲਾਂ ਛੇਤੀ ਭੁੱਲ ਜਾਂਦਾ ਸੀ। ਅਜੇ ਮੈਂ ਕੁਝ ਲਿਖਦਾ ਵੀ ਨਹੀਂ ਸੀ। ਡਾਕਟਰਾਂ ਦੇ ਦਫਤਰਾਂ ਵਿਚ ਉਡੀਕ ਕਰਦੇ ਸਮੇਂ ਕਈ ਰਸਾਲੇ ਮਿਲ ਜਾਂਦੇ, ਮੈਂ ਕੈਂਸਰ ਬਾਰੇ ਪੜ੍ਹਨੇ ਸ਼ੁਰੂ ਕਰ ਦਿੱਤੇ। ਹਰ ਵਰਗ ਦੇ ਲੋਕਾਂ ਨੂੰ ਕੈਂਸਰ ਹੋ ਜਾਂਦੀ ਹੈ, ਕੋਈ ਵਰਗ ਵੀ ਵਾਂਝਾ ਨਹੀਂ ਰਹਿੰਦਾ। ਇਹ ਵੀ ਧਰਵਾਸ ਵਾਲੀ ਗੱਲ ਸੀ, ਭਾਵੇਂ ਖੁਸ਼ੀ ਵਾਲੀ ਨਹੀਂ। ਆਖਰਕਾਰ ਮੈਂ ਇਕੇਲਾ ਨਹੀਂ ਸਾਂ, ਅਤੇ ਨਾਂ ਹੀ ਇਸ ਵਿਚ ਮੇਰਾ ਕਸੂਰ ਸੀ। ਕੈਂਸਰ ਉਨ੍ਹਾਂ ਹੱਟੇ-ਕੱਟੇ ਲੋਕਾਂ ਨੂੰ ਵੀ ਹੋ ਜਾਂਦੀ ਹੈ ਜਿਨ੍ਹਾਂ ਬਾਰੇ ਕੋਈ ਸੋਚ ਵੀ ਨਾ ਸਕਦਾ ਹੋਵੇ। ਡਾਕਟਰਾਂ ਨੂੰ ਵੀ। ਕੈਂਸਰ ਬਹੁਤ ਭਿਆਨਕ ਬਿਮਾਰੀ ਹੈ। ** ਅਧਿਆਇ 2 ਵੇਰਵਾ ਜਦੋਂ ਕਾਰਨਲ ਯੂਨੀਵਰਸਿਟੀ (Cornell University) ਹੋਰ ਸੰਸਥਾਵਾਂ ਨੂੰ ਅਪਣੇ ਪੇਟੈਂਟ ਵਰਤਣ ਦੀ ਆਗਿਆ ਦਿੰਦੀ ਹੈ, ਇਸਦੇ ਬਦਲੇ ਯੂਨੀਵਰਸਿਟੀ ਨੂੰ ਬਹੁਤ ਸਾਰੀ ਰਕਮ ਕਈ ਸਾਲ ਮਿਲਦੀ ਰਹਿੰਦੀ ਹੈ। ਇਸ ਰਕਮ ਵਿਚੋਂ ਕੁਝ ਫੀ ਸਦੀ ਹਿੱਸਾ ਉਨ੍ਹਾਂ ਵਿਅਕਤੀਆਂ ਲਈ ਵੀ ਹੁੰਦਾ ਹੈ ਜਿਨ੍ਹਾਂ ਦੀਆਂ ਕਾਂਢਾ ਦੇ ਆਧਾਰ ਤੇ ਯੂਨੀਵਰਸਿਟੀ ਨੂੰ ਪੇਟੈਂਟ ਮਿਲਦੇ ਹਨ। ਸੰਨ 1999 ਦੇ ਵਿਚਕਾਰ, ਮੈਂਨੂੰ ਵੀ ਕੁਝ ਪੈਸੇ ਮਿਲੇ ਭਾਵੇਂ ਉਸ ਸਮੇਂ ਕਾਰਨੈਲ ਯੂਨੀਵਰਸਿਟੀ ਤੋਂ ਮੈਂ ਪੈਨਸਲਵੇਨੀਆ (Penn State University in State College, Pennsylvania) ਜਾ ਵਸਿਆ ਸੀ। ਇਹ ਰਕਮ ਮੈਂ ਆਪਣੇ ਰਿਹਾਇਸ਼ੀ ਕਮਰੇ ਲਈ ਕੰਮਪਿਊਟਰ ਖਰੀਦਣ ਲਈ ਭੇਜ ਦਿੱਤੀ। ਜਦੋਂ ਤੱਕ ਮੇਰਾ ਕੰਮਪਿਊਟਰ ਘਰ ਪਹੁੰਚਿਆ, ਮੈਂਨੂੰ ਸਖਤ ਜ਼ੁਕਾਮ, ਅਤੇ ਥਕੇਵਾਂ ਹੋ ਗਿਆ। ਸੁਰਿੰਦਰ ਇਥਕਾ ਤੋਂ ਓਹਾਇਓ ਨੂੰ ਕਿਸੇ ਕਾਨਫਰੰਸ ਤੇ ਜਾ ਰਹੀ ਸੀ ਜਿਥੇ ਸਾਡੀ ਬੇਟੀ, ਪਰਮ, ਯੂਨੀਵਰਸਿਟੀ (Ohio State University) ਵਿਚ ਪੜ੍ਹ ਵੀ ਰਹੀ ਸੀ। ਜਾਂਦੀ ਜਾਂਦੀ ਉਹ ਰਸਤੇ ਵਿਚ ਮੇਰਾ ਕੰਮਪਿਊਟਰ ਵੀ ਚਲਦਾ ਕਰ ਗਈ। ਬੇਟੀ ਨੂੰ ਮਿਲਕੇ ਸੁਰਿੰਦਰ ਜਦ ਇਥਕਾ ਪਹੁੰਚੀ ਮੇਰਾ ਜਿਸਮ ਬਹੁਤ ਢਿੱਲਾ ਹੋ ਚੁੱਕਿਆ ਸੀ। “ਐਥੇ ਕੋਈ ਡਾਕਟਰ ਨੀ ਮਿਲਦਾ?” ਸੁਰਿੰਦਰ ਕਹਿੰਦੀ। ‘‘ਆਪਣੀ ਕਾਰਨਲ ਯੂਨੀਵਰਸਿਟੀ ਇਨਸ਼ੂਰੈਂਸ ਬਥੇਰੀ ਆ।’’ ਉਹ ਸੋਚਦੀ ਸੀ ਕਿ ਸ਼ਾਇਦ ਪੈਨਸਲਵੇਨੀਆ ਵਿਚ ਡਾਕਟਰੀ ਬੀਮੇ ਦਾ ਕੋਈ ਪੁਆੜਾ ਹੋਵੇ। ਜਦ ਮੈ ਯੂਨੀਵਰਸਿਟੀ ਦੇ ਕਲਿਨਿਕ ਵਿਚ ਗਿਆ ਤਾਂ ਗਿਆਨ ਹੋਇਆ ਕਿ ਮੇਰਾ ਬੁਖਾਰ, ਤੇ ਥਕੇਵਾਂ ਸਭ ਕੁਝ ਲਹੂ ਦੀ ਕੈਂਸਰ ਕਰਕੇ ਹੈ, ਜਿਸਦਾ ਅੰਗਰੇਜ਼ੀ ਨਾਮ ਲੀਊਕੀਮੀਆ (Leukemia) ਹੈ। ਕਲਿਨਿਕ ਤੋਂ ਮੈਂਨੂੰ ਨੇੜੇ ਦੇ ਹਸਪਤਾਲ (Center Community Hospital, a local Hospital in State College, Pennsylvania) ਜਿਥੇ ਕੈਂਸਰ ਦਾ ਵਿਭਾਗ ਵੀ ਹੈ, ਭੇਜਿਆ ਗਿਆ। ਨਵੇਂ ਹਸਪਤਾਲ ਵਿਚ ਡਾਕਟਰਾਂ ਨੇ ਮੇਰੀ ਕੈਂਸਰ ਦੀ ਕਿਸਮ ਪਰਖ ਕੀਤੀ ਅਤੇ ਮੈਂਨੂੰ ਵੱਡੇ ਹਸਪਤਾਲ (Hershey, Pennsylvania) ਭੇਜਣ ਦੀਆਂ ਤਿਆਰੀਆਂ ਕਰਨ ਲੱਗੇ। ਇਤਨੇ ਨੂੰ ਇਥਕਾ ਤੋਂ ਸੁਰਿੰਦਰ ਪਹੁੰਚ ਗਈ ਤੇ ਸਭ ਤਜਵੀਜਾਂ ਬਦਲਕੇ ਪਹਿਲਾਂ ਮੈਂਨੂੰ ਇਥਕਾ ਤੇ ਫੇਰ ਰੌਚੇਸਟਰ ਸ਼ਹਿਰ ਦੇ ਮਸ਼ਹੂਰ ਹਸਪਤਾਲ (Strong Memorial Hospital in Rochester, New York ) ਵਿਚ ਦਾਖਲ ਕਰਵਾਇਆ ਗਿਆ। ਇਥਕਾ ਤੋਂ ਰੌਚੈਸਟਰ 90 ਮੀਲ ਹੈ। ਉਥੇ ਜਾਣ ਲਈ ਦੋ ਘੰਟੇ ਲੱਗ ਜਾਂਦੇ ਹਨ, ਮੈਂ ਇਹ ਰਸਤਾ ਬਹੁਤ ਵਾਰੀ ਤਹਿ ਕੀਤਾ ਹੈ। 1. ਮੇਰਾ ਪਹਿਲਾ ਕੀਮੋ ਨਵੰਬਰ 1, 1999 ਨੂੰ ਸ਼ੁਰੂ ਹੋਇਆ ਅਤੇ ਮੈਂਨੂੰ ਹਸਪਤਾਲ ਵਿਚ ਚਾਲੀ ਦਿਨ ਲੱਗ ਗਏ, ਦਸੰਬਰ 10 ਤੱਕ। 2. ਦੂਜਾ ਕੀਮੋ ਇਲਾਜ ਜਨਵਰੀ 17, 2000 ਨੂੰ ਸ਼ੁਰੂ ਹੋਇਆ — ਇੰਡੀਆ ਵਸਦੀ ਮੇਰੀ ਮਾਂ ਦੀ ਮੌਤ ਮਗਰੋਂ –, ਅਤੀ ਦੁਖਦਾਈ ਸਮਾਂ ਸੀ। 3. ਤੀਜਾ ਕੀਮੋ ਮਾਰਚ ਵਿਚ, ਚੌਥਾ ਅਪਰੈਲ 2000 ਵਿਚ ਖਤਮ ਹੋਇਆ। 4. ਅਕਤੂਬਰ-ਨਵੰਬਰ 2000 ਵਿਚ ਮੈਂ ਇਡੀਆ ਜਾਕੇ ਆਇਆ, ਮਾਂ ਦੇ ਵਿਛੋੜੇ ਦੇ ਅਫਸੋਸ ਵਿਚ। 5. ਦਸੰਬਰ 2000 ਵਿਚ ਮੇਰਾ ਪਿਤਾ ਵੀ ਚੱਲ ਵਸਿਆ। 6. ਫਰਵਰੀ 2001 ਵਿਚ ਪਿਤਾ ਜੀ ਦੇ ਅਫਸੋਸ ਵਿਚ ਇੰਡੀਆ ਗਿਆ ਤਾਂ ਰਸਤੇ ਵਿਚ ਹੀ ਬੁਖਾਰ ਹੋ ਗਿਆ। ਕੈਂਸਰ ਨੇ ਮੁੜ ਘੇਰਾ ਪਾ ਲਿਆ ਸੀ। (Relapse) 7. ਜੂਨ 2001 ਵਿਚ ਮੇਰਾ ਇਲਾਜ ਫੇਰ ਸਫਲ ਰਿਹਾ। ਇਸ ਵਾਰ ਕੀਮੋ, ਰੇਡੀਏਸ਼ਨ, ਅਤੇ ਸਟੈਮ ਸੈਲ ਵੀ ਦਿੱਤੇ ਗਏ। (Chemo+radiation+stem cell treatment). ਦਸੰਬਰ 2001 ਵਿਚ ਮੈਨੂੰ ਫੇਰ ਇੰਡੀਆ ਜਾਣਾ ਪਿਆ। ਮੈਂਨੂੰ ਹੈਰਾਨੀ ਸੀ, ਕਿ ਡਾਕਟਰਾਂ ਨੇ ਜਾਣ ਤੋਂ ਰੋਕਣਾ ਤਾਂ ਕੀ ਸੀ, ਸਗੋਂ ਖੁੱਲ੍ਹ ਦੇ ਦਿੱਤੀ। 8. ਅਕਤੂਬਰ 2003 ਵਿਚ ਡਾਕਟਰ ਤੋਂ ਮੇਰੇ ਗਾਲ-ਬਲੈਡਰ ਦੀ ਸਰਜਰੀ ਸਹੀ ਨਾ ਹੋ ਸਕੀ, ਜਿਸ ਕਰਕੇ ਮੈਂ ਮੌਤ ਦੇ ਬੂਹੇ ਤੇ ਜਾ ਪੁੱਜਿਆ। ਸਾਹ ਦੇਣ ਵਾਲੀ ਮਸ਼ੀਨ ਲਾਕੇ ਮੈਂਨੂੰ ਬਚਾਇਆ ਗਿਆ। ਡੇਢ-ਦੋ ਮਹੀਨੇ ਹਸਪਤਾਲ ਵਿਚ ਬੀਤੇ। ਆਰਾਮ ਆਉਣ ਨੂੰ ਬਹੁਤ ਸਮਾਂ ਬੀਤ ਗਿਆ, ਪਰ ਕੈਂਸਰ ਨੇ ਮੁੜ ਫੇਰਾ ਨਾ ਪਾਇਆ। ਇਹ ਸੀ ਇਕ ਚੰਗੀ ਕਿਸਮਤ। ਅਸਫਲ ਓਪਰੇਸ਼ਨ ਤੋਂ ਬਾਅਦ ਲੇਖਕ ਹਸਪਤਾਲ ਦੇ ਮੰਜੇ ਤੇ, 2003 *** |