ਕਿਹਾ ਜਾਂਦਾ ਹੈ ਕਿ “ਦੋਸਤਾਂ ਦੀ ਚੋਣ ਹੋ ਸਕਦੀ ਹੈ, ਪਰਿਵਾਰ ਦੀ ਨਹੀਂ!” ਹੁਣ ਇੱਕ ਹੋਰ ਕਹਾਵਤ ਵੱਲ ਵੀ ਧਿਆਨ ਦੇਈਏ, “ਖੂਨ ਹਮੇਸ਼ਾ ਪਾਣੀ ਨਾਲੋਂ ਗਾੜ੍ਹਾ ਹੁੰਦਾ ਹੈ!” ਇਸਦਾ ਭਾਵ ਸਪੱਸ਼ਟ ਹੈ ਕਿ ਪਰਿਵਾਰ ਹਮੇਸ਼ਾ ਨਾਲ ਖੜ੍ਹਦਾ ਹੈ, ਜਦੋਂ ਕਿ ਹੋਰ ਲੋਕ ਆਉਂਦੇ ਜਾਂਦੇ ਰਹਿੰਦੇ ਹਨ। ਪਰਿਵਾਰ ਅਤੇ ਦੋਸਤਾਂ ਨਾਲ ਮਜਬੂਤ ਰਿਸ਼ਤਿਆਂ ਦਾ ਹੋਣਾ ਇਨਸਾਨ ਲਈ ਖੁਸ਼ੀਆਂ-ਖੇੜਿਆਂ ਵਿਚ ਵਾਧਾ ਕਰਦਾ ਹੈ। ਸਿਹਤਮੰਦ ਰਿਸ਼ਤੇ ਹਮੇਸ਼ਾ ਹੀ ਕੁਝ ਚੰਗਾ ਸਿਰਜਦੇ ਹਨ, ਭਾਵੇਂ ਉਹ ਸਮਾਜ ਨਾਲ ਸੰਬੰਧਿਤ ਹੋਵੇ ਜਾਂ ਨਿੱਜ ਨਾਲ।
ਹਰੇਕ ਦੀ ਜ਼ਿੰਦਗੀ ਵਿਚ ਦੋਸਤਾਂ ਅਤੇ ਪਰਿਵਾਰ ਦੀ ਆਪਣੀ ਵੱਖਰੀ ਮਹੱਤਤਾ ਹੁੰਦੀ ਹੈ। ਇਹਨਾਂ ਦੀ ਤੁਲਨਾ ਕਰਨੀ ਵੀ ਸਹੀ ਨਹੀਂ ਹੋਵੇਗੀ। ਜੇਕਰ ਪਰਿਵਾਰ ਜਾਂ ਦੋਸਤਾਂ ਵਿਚੋਂ ਕੋਈ ਇੱਕ ਚੁਣਨ ਲਈ ਮਜਬੂਰ ਹੀ ਕਰ ਦਿੱਤਾ ਜਾਵੇ ਤਾਂ ਮਿਸ਼ੀਗਨ ਸਟੇਟ ਯੂਨੀਵਰਸਿਟੀ ਦੁਆਰਾ ਕੀਤੇ ਗਏ ਅਧਿਐਨ ਮੁਤਾਬਿਕ ਦੋਸਤੀ ਪਰਿਵਾਰ ਤੋਂ ਵਧੇਰੇ ਮਹੱਤਵਪੂਰਣ ਹੁੰਦੀ ਹੈ। ਉਹਨਾਂ ਮੁਤਾਬਿਕ ਦੋਸਤੀ ਦੀ ਮਹੱਤਤਾ ਉਮਰ ਦੇ ਨਾਲ ਨਾਲ ਵਧਦੀ ਹੈ ਅਤੇ ਕੁਝ ਚੰਗੇ ਦੋਸਤ ਇਨਸਾਨੀ ਸਿਹਤ ਅਤੇ ਜਿਉਣ ਲਈ ਜ਼ਿੰਦਗੀ ਦੇ ਮਾਇਣੇ ਬਦਲਣ ਦੀ ਸਮਰੱਥਾ ਵੀ ਰੱਖਦੇ ਹਨ। ਮਾਹਿਰਾਂ ਨੇ ਇਸਦੇ ਕਈ ਕਾਰਣ ਦੱਸੇ, ਜਿਵੇਂ ਕਿ ਲੋਕ ਆਪਣੇ ਆਪ ਨੂੰ ਖੁਸ਼ ਰੱਖਣ ਲਈ ਦੋਸਤੀ ਰੱਖ ਸਕਦੇ ਹਨ। ਜੇਕਰ ਉਹ ਆਪਣੇ ਮੰਤਵ ਵਿਚ ਕਾਮਯਾਬ ਨਹੀਂ ਹੁੰਦੇ ਤਾਂ ਉਹਨਾਂ ਨੂੰ ਛੱਡ ਕੇ ਅਗਾਂਹ ਤੁਰ ਸਕਦੇ ਹਨ, ਜਦ ਕਿ ਪਰਿਵਾਰਕ ਮੈਂਬਰਾਂ ਦੇ ਮਾਮਲੇ ਵਿਚ ਅਜਿਹਾ ਨਹੀਂ ਹੁੰਦਾ। ਉਹ ਹਮੇਸ਼ਾ ਨਾਲ ਹੀ ਰਹਿੰਦੇ ਹਨ। ਉਹ ਮੱਦਦਗਾਰ ਸਾਬਤ ਹੋ ਸਕਦੇ ਹਨ ਪਰ ਨਾਲ ਹੀ ਸਮੱਸਿਆਵਾਂ ਵੀ ਖੜ੍ਹੀਆਂ ਕਰ ਸਕਦੇ ਹਨ। ਕਿਉਂ ਜੋ ਇਹ ਅਧਿਐਨ ਪੱਛਮੀ ਸਮਾਜ ਵਿਚ ਕੀਤਾ ਗਿਆ ਅਤੇ ਵੇਖਣ ਵਿਚ ਇਹ ਆਉਂਦਾ ਹੈ ਕਿ ਪੱਛਮੀ ਲੋਕਾਂ ਵਿਚ ਸੰਯੁਕਤ ਪਰਿਵਾਰ ਵਰਗੀ ਕੋਈ ਚੀਜ਼ ਨਹੀਂ ਹੁੰਦੀ। ਇਹ ਵੀ ਹਰ ਪੱਛਮੀ ਪਰਿਵਾਰ ਵਿਚ ਹੁੰਦਾ ਹੈ ਕਿ ਉਹ ਸਾਥੀ ਜਾਂ ਜੀਵਨਸਾਥੀ ਦੀ ਚੋਣ ਤੋਂ ਪਿੱਛੋਂ ਜਾਂ ਬਹੁਤ ਵਾਰੀ ਪਹਿਲਾਂ ਹੀ ਘਰ ਛੱਡ ਦਿੰਦੇ ਹਨ। ਚਾਹੇ ਉਹ ਇਕੱਲੇ ਰਹਿਣ, ਦੋਸਤਾਂ ਨਾਲ ਜਾਂ ਸਾਂਝਾ ਘਰ ਲੈ ਕੇ, ਉਹਨਾਂ ਦਾ ਆਪਣੇ ਘਰ ਆਉਣ ਜਾਣ ਮਹਿਮਾਨਾਂ ਵਰਗਾ ਹੁੰਦਾ ਹੈ। ਮੁੜ ਜਦੋਂ ਉਹਨਾਂ ਦੇ ਬੱਚੇ ਵੱਡੇ ਹੋ ਕੇ ਉਸੇ ਉਮਰ ਵਰਗ ਵਿਚ ਪਹੁੰਚਦੇ ਹਨ ਤਾਂ ਇਹੀ ਸਭ ਕੁਝ ਦੋਬਾਰਾ ਵਾਪਰਦਾ ਹੈ ਅਤੇ ਸਦੀਆਂ ਤੋਂ ਇੰਝ ਹੀ ਚੱਲਦਾ ਆ ਰਿਹਾ ਹੈ। ਇਸ ਲਈ ਉਹਨਾਂ ਨੂੰ ਅਜਿਹਾ ਵਰਤਾਰਾ ਅਜੀਬ ਤੇ ਦੁੱਖਦਾਈ ਨਹੀਂ ਜਾਪਦਾ। ਉਪਰੋਕਤ ਅਧਿਐਨ ਮੁਤਾਬਿਕ ਦਾਅਵੇ ਤਾਂ ਇਹ ਕੀਤੇ ਗਏ ਹਨ ਕਿ ਵਡੇਰੀ ਉਮਰ ਲਈ ਦੋਸਤੀਆਂ ਬਹੁਤ ਮਾਇਣੇ ਰੱਖਦੀਆਂ ਹਨ ਪਰ ਹਕੀਕਤ ਵਿਚ ਬਹੁਤ ਸਾਰੇ ਬਜ਼ੁਰਗ ਗੱਲ ਕਰਨ ਲਈ ਵੀ ਤਰਸੇ ਪਏ ਹੁੰਦੇ ਹਨ। ਜਿਹੜੀਆਂ ਦੋਸਤੀਆਂ ਦੇ ਦਾਅਵੇ ਕੀਤੇ ਜਾਂਦੇ ਹਨ, ਉਹ ਓਨਾ ਚਿਰ ਹੀ ਨਿਭਦੀਆਂ ਹਨ ਜਿਨਾ ਚਿਰ ਹੱਡ-ਗੋਡੇ ਚੱਲਦੇ ਹਨ। ਜੇਕਰ ਕੋਈ ਬਜ਼ੁਰਗ ਆਪਣੇ ਆਪ ਜੋਗਾ ਹੁੰਦਾ ਹੈ, ਕਿਤੇ ਆ ਜਾ ਸਕਦਾ ਹੈ, ਕਿਸੇ ਸੰਸਥਾ ਨਾਲ ਵਾਲੰਟੀਅਰ ਦੇ ਤੌਰ ‘ਤੇ ਕੰਮ ਕਰ ਸਕਦਾ ਹੈ ਤਾਂ ਉਸਨੂੰ ਪੁੱਛਣ ਜਾਂ ਗੱਲਬਾਤ ਕਰਨ ਵਾਲੇ ਵੀ ਮਿਲ ਜਾਂਦੇ ਹਨ। ਬਿਰਧ ਆਸ਼ਰਮਾਂ ਵਿਚ ਰਹਿੰਦੇ ਬਹੁਤੇ ਬਜ਼ੁਰਗਾਂ ਦਾ ਹਾਲ ਮਾੜਾ ਹੀ ਹੈ। ਕਈ ਬਜ਼ੁਰਗ ਜੋ ਕਿ ਆਪਣੇ ਪਰਿਵਾਰ ਨੂੰ ਮਿਲਣ ਜਾ ਰਹੇ ਹੁੰਦੇ ਹਨ, ਉਹਨਾਂ ਦਾ ਚਾਅ ਹੀ ਨਹੀਂ ਚੁੱਕਿਆ ਜਾਂਦਾ। ਉਹਨਾਂ ਲਈ ਮਦਰ/ਫਾਦਰ ਡੇ ਦੇ ਫੁੱਲ, ਤੋਹਫ਼ੇ ਜਾਂ ਪਰਿਵਾਰ ਨਾਲ ਲੰਚ/ਡਿਨਰ ਹੀ ਬਹੁਤ ਵੱਡੀ ਗੱਲ ਹੁੰਦੀ ਹੈ। ਬੇਸ਼ੱਕ ਪੱਛਮੀ ਸਮਾਜ ਦੇ ਬਜ਼ੁਰਗ ਆਪਣੇ ਆਪ ਨੂੰ ਬਹੁਤ ਮਜਬੂਤ ਦਰਸਾਉਣ ਜਾਂ ਦਿਖਾਉਣ ਦੀ ਕੋਸ਼ਿਸ਼ ਕਰਦੇ ਹਨ, ਪਰ ਇਕੱਲਾਪਣ ਉਹਨਾਂ ਨੂੰ ਵੀ ਭੈੜੀ ਮਾਰ ਕਰਦਾ ਹੈ। ਪ੍ਰਸ਼ਨ ਪੈਦਾ ਹੁੰਦਾ ਹੈ ਕਿ ਇਸ ਸਭ ਦਾ ਜ਼ਿੰਮੇਵਾਰ ਕੌਣ ਹੈ? ਪੱਛਮੀ ਸਮਾਜ ਦੇ ਲੋਕ ਸਵੈ ਲਈ ਜਿਉਂਦੇ ਹਨ, ਸਾਰੀ ਉਮਰ ਐਸ਼ਾਂ ਕਰਦੇ ਹਨ। ਪੂਰਬੀ ਸਮਾਜ ਦੇ ਲੋਕਾਂ ਵਿਚ ਤਕਰੀਬਨ ਹਰ ਕੋਈ ਆਪਣੇ ਬੱਚਿਆਂ ਲਈ ਮਿਹਨਤ ਕਰਨ ਬਾਰੇ ਕਹਿੰਦਾ ਹੈ। ਜੇਕਰ ਉਸਦੀ ਔਲਾਦ ਵੱਡੀ ਹੋ ਕੇ ਆਪਣੇ ਫੈਸਲੇ ਖ਼ੁਦ ਕਰਨ ਲੱਗੇ ਅਤੇ ਆਪਣੇ ਬਾਰੇ ਸੋਚੇ ਤਾਂ ਉਹ ਵਿਅਕਤੀ ਮਾਨਸਿਕ ਨਰਕ ਭੋਗਦਾ ਹੈ। ਕੀ ਜਵਾਨੀ ਦੀ ਅਵਸਥਾ ਵਿਚ ਬੱਚਿਆਂ ਲਈ ਟੱਕਰਾਂ ਮਾਰਨ ਦੀ ਮਾਨਸਿਕਤਾ ਪਿੱਛੇ ਆਪਣੀ ਬਿਰਧ ਅਵਸਥਾ ਵਿਚ ਹੋ ਸਕਣ ਵਾਲੀ ਖੱਜਲ-ਖੁਆਰੀ ਦਾ ਡਰ ਹੁੰਦਾ ਹੈ, ਜਾਂ ਇਹ ਆਪਣਾ ਸਮਾਜਿਕ ਢਾਂਚਾ ਹੀ ਹੈ, ਜੋ ਅਜਿਹਾ ਕਰਨ ਲਈ ਮਜਬੂਰ ਕਰਦਾ ਹੈ? ਸੁਆਲ ਇਹ ਵੀ ਪੈਦਾ ਹੁੰਦਾ ਹੈ ਕਿ ਜੇਕਰ ਹਰੇਕ ਪੀੜ੍ਹੀ ਆਪਣੇ ਬੱਚਿਆਂ ਲਈ ਹੀ ਹੱਡ-ਭੰਨਵੀਂ ਮਿਹਨਤ ਕਰਦੀ ਹੈ ਤਾਂ ਜ਼ਿੰਦਗੀ ਵਿਚ ਸੁੱਖ ਕੌਣ ਭੋਗਦਾ ਹੈ? ਆਪਣੇ ਭਾਈਚਾਰੇ ਦੇ ਤਕਰੀਬਨ ਹਰ ਘਰ ਵਿਚ ਤਿੰਨ ਪੀੜ੍ਹੀਆਂ ਬਰਾਬਰ ਚੱਲਦੀਆਂ ਹਨ। ਜੇਕਰ ਘਰ ਦੇ ਬਜ਼ੁਰਗ ਭਾਵ ਮੌਜੂਦਾ ਦਾਦੇ ਨੇ ਆਪਣੇ ਪੁੱਤਰ ਦੇ ਸੁਖੀ ਜੀਵਨ ਲਈ ਮਿਹਨਤ ਕੀਤੀ, ਖ਼ੁਦ ਰੁੱਖੀ-ਮਿੱਸੀ ਖਾ ਕੇ ਗੁਜ਼ਾਰਾ ਕੀਤਾ, ਆਪਣੀਆਂ ਲੋੜਾਂ ਨੂੰ ਬਹੁਤ ਜਿਆਦਾ ਸੀਮਿਤ ਕਰਕੇ ਜੀਵਿਆ ਤਾਂ ਕੀ ਉਸਦੇ ਪੁੱਤਰ ਨੇ ਜ਼ਿੰਦਗੀ ਭਰ ਸੁੱਖ ਭੋਗਿਆ? ਜਦੋਂ ਉਹ ਪਿਉ ਬਣਿਆ ਉਸਦੀ ਜ਼ੁਬਾਨੀ ਵੀ ਤਾਂ ਇਹੀ ਸੀ ਕਿ ਉਹ ਆਪਣੇ ਬੱਚਿਆਂ ਦੀ ਖਾਤਰ ਮਿਹਨਤ ਕਰਦਾ ਹੈ। ਅੱਗੋਂ ਤੀਜੀ ਪੀੜ੍ਹੀ ਨੂੰ ਵੀ ਤਾਂ ਵਿਰਾਸਤ ਵਿਚ ਇਹੀ ਸਿੱਖਿਆ ਮਿਲੀ, ਜਦੋਂ ਉਹ ਕੰਮ ਕਰੇਗਾ ਤਾਂ ਉਸਦੀ ਸ਼ਬਦਾਵਲੀ ਵੀ ਇਹੀ ਹੋਵੇਗੀ। ਪਰ ਜੇਕਰ ਤੀਜੀ ਪੀੜ੍ਹੀ ਐਸ਼ੋ-ਆਰਾਮ ਦੀ ਜ਼ਿੰਦਗੀ ਬਤੀਤ ਕਰਨ ਲੱਗ ਜਾਵੇ ਤਾਂ ਉਸਨੂੰ ਕੋਈ ਵੀ ਚੰਗਾ ਨਹੀਂ ਸਮਝੇਗਾ। ਇੱਥੋਂ ਤੱਕ ਕਿ ਜਿਸ ਪਿਓ-ਦਾਦੇ ਨੇ ਬੱਚਿਆਂ ਲਈ ਮਿਹਨਤਾਂ ਕਰਨ ਦੇ ਦਾਅਵੇ ਕੀਤੇ, ਉਹ ਵੀ ਆਪਣੇ ਬਿਆਨਾਂ ਤੋਂ ਮੁੱਕਰ ਜਾਣਗੇ। ਇਹ ਹਰ ਦਰਮਿਆਨੇ ਪਰਿਵਾਰ ਦੀ ਕਹਾਣੀ ਹੈ। ਕਈ ਵਾਰ ਅਜਿਹਾ ਵੀ ਵੇਖਣ ਵਿਚ ਆਉਂਦਾ ਹੈ ਕਿ ਜੋ ਵਿਅਕਤੀ ਸਾਰੀ ਉਮਰ ਟੱਕਰਾਂ ਮਾਰ ਕੇ ਕੁਝ ਬਣਾਉਂਦਾ ਹੈ, ਸਰੀਰ ਵਿਚ ਹਿੰਮਤ ਨਾ ਰਹਿਣ ‘ਤੇ ਆਪਣੀ ਜਾਇਦਾਦ ਦੀ ਮਲਕੀਅਤ ਅਤੇ ਕਮਾਈ ਮਰਜੀ ਨਾਲ ਵਰਤਣ ਦਾ ਹੱਕ ਵੀ ਗੁਆ ਬੈਠਦਾ ਹੈ। ਉਸ ਵੇਲੇ ਸਮਾਜ ਦੇ ਮੋਹਤਬਰ ਬੰਦੇ ਵੀ ਮੌਜੂਦਾ ਤਾਕਤਵਰ ਧਿਰ ਵੱਲ ਵੋਟ ਭੁਗਤਾਉਂਦੇ ਹਨ। ਬਜ਼ੁਰਗ ਨੂੰ ਹੀ ਸਮਝਾਉਂਦੇ ਹਨ ਕਿ ਉਸ ਕੋਲ ਹੁਣ ਸਿਰਫ਼ ਦੋ ਰੋਟੀਆਂ ਦਾ ਸੁਆਲ ਹੈ, ਵੰਡ-ਵੰਡਈਆ ਕਰਕੇ ਰੱਬ ਵੱਲ ਧਿਆਨ ਕਰੇ। ਇਸ ਦੇ ਉਲਟ ਪੱਛਮੀ ਸਮਾਜ ਦੇ ਲੋਕ ਜੇਕਰ ਜਵਾਨੀ ਵੇਲੇ ਕਿਸੇ ਦੀ ਪ੍ਰਵਾਹ ਨਹੀਂ ਕਰਦੇ, ਤਾਂ ਬੁਢਾਪੇ ਵਿਚ ਕਿਸੇ ਨੂੰ ਦੋਸ਼ ਵੀ ਨਹੀਂ ਦਿੰਦੇ ਕਿ ਮੁੰਡੇ ਕੁੜੀਆਂ ਪੁੱਛਦੇ ਨਹੀਂ। ਹਾਲਾਂਕਿ ਹੁਣ ਆਪਣੇ ਸਮਾਜ ਵਿਚ ਵੀ ਇਹ ਅਕਸਰ ਹੀ ਸੁਣਿਆ ਜਾਂਦਾ ਹੈ ਕਿ ਲੋੜ ਵੇਲੇ ਪਰਿਵਾਰ ਜਾਂ ਰਿਸ਼ਤੇਦਾਰਾਂ ਨਾਲੋਂ ਦੋਸਤ ਹੀ ਵਧੇਰੇ ਕੰਮ ਆਉਂਦੇ ਹਨ। ਇਹ ਕਹਿਣ ਵਾਲਾ ਤਾਂ ਬਹੁਤ ਆਸਾਨੀ ਨਾਲ ਕਹਿ ਦਿੰਦਾ ਹੈ ਪਰ ਉਹ ਇਹ ਚੇਤੇ ਨਹੀਂ ਰੱਖਦਾ ਕਿ ਜਦੋਂ ਹੋਰ ਕੋਈ (ਰਿਸ਼ਤੇਦਾਰ) ਅਜਿਹੀ ਗੱਲ ਕਹਿੰਦਾ ਹੈ ਤਾਂ ਉਹ ਖ਼ੁਦ ਵੀ ਇਸੇ ਘੇਰੇ ਵਿਚ ਆ ਜਾਂਦਾ ਹੈ। ਉਦਾਹਰਣ ਦੇ ਤੌਰ ‘ਤੇ ਰਾਮ, ਸ਼ਾਮ, ਮੋਹਨ, ਸੀਤਾ ਤੇ ਗੀਤਾ ਰਿਸ਼ਤੇਦਾਰ ਹਨ। ਰਾਮ ਕਹਿੰਦਾ ਹੈ ਕਿ “ਮੇਰੀ ਲੋੜ ਵੇਲੇ ਕੋਈ ਰਿਸ਼ਤੇਦਾਰ ਕੰਮ ਨਹੀਂ ਆਇਆ, ਮੇਰੇ ਦੋਸਤਾਂ ਨੇ ਮੱਦਦ ਕੀਤੀ!” ਰਾਮ ਨੇ ਕਹਿਣ ਵੇਲੇ ਇਹ ਨਹੀਂ ਵਿਚਾਰਿਆ ਕਿ ਜਦੋਂ ਸ਼ਾਮ, ਮੋਹਨ, ਸੀਤਾ ਜਾਂ ਗੀਤਾ ਨੂੰ ਜ਼ਿੰਦਗੀ ਵਿਚ ਕਦੇ ਮੱਦਦ ਦੀ ਲੋੜ ਸੀ ਤਾਂ ਉਹ ਆਪ ਉਹਨਾਂ ਨਾਲ ਕਿੰਨਾ ਕੁ ਖੜ੍ਹਿਆ? ਦੋਸਤੀ ਦੇ ਮਾਮਲੇ ਵਿਚ ਇੱਕ ਆਸਾਨੀ ਤਾਂ ਹੁੰਦੀ ਹੈ ਕਿ ਉਹ ਇੱਕ ਦੂਜੇ ਨੂੰ ਹਰ ਗੱਲ ਕਹਿਣ ਲਈ ਆਜ਼ਾਦ ਹੁੰਦੇ ਹਨ। ਰਿਸ਼ਤੇਦਾਰੀ ਤੇ ਪਰਿਵਾਰ ਦੇ ਮਾਮਲੇ ਵਿਚ ਅਜਿਹਾ ਨਹੀਂ ਹੁੰਦਾ। ਕਈ ਵਾਰ ਅਗਲਾ ਪੀੜ੍ਹੀਆਂ ਦੀ ਰਿਸ਼ਤੇਦਾਰੀ ਦੀ ਸ਼ਰਮ ਮੰਨ ਕੇ ਚੁੱਪ ਕਰ ਜਾਂਦਾ ਹੈ। ਬਹੁਤੀ ਵਾਰ ਮਸਲੇ ਆਰਥਿਕ ਲੋੜਾਂ ਨੂੰ ਲੈ ਕੇ ਖੜ੍ਹੇ ਹੁੰਦੇ ਹਨ। ਜੇਕਰ ਦੋਸਤ ਮੱਦਦ ਕਰਨ ਤੋਂ ਇਨਕਾਰ ਕਰ ਦੇਵੇ ਤਾਂ ਵੀ ਅਕਸਰ ਲੋੜਵੰਦ ਬਹੁਤਾ ਬੁਰਾ ਨਹੀਂ ਮਨਾਉਂਦਾ, ਕਿਉਂ ਜੋ ਉਥੇ ਅਧਿਕਾਰਾਂ ਦੀ ਇੱਕ ਸੀਮਾ ਹੁੰਦੀ ਹੈ। ਉਹੀ ਲੋੜਵੰਦ ਰਿਸ਼ਤੇਦਾਰੀ ਜਾਂ ਪਰਿਵਾਰ ਵੱਲੋਂ ਇਨਕਾਰ ਕਰਨ ‘ਤੇ ਮੂੰਹ ਮੋਟਾ ਕਰ ਲੈਂਦਾ ਹੈ, ਕਿਉਂ ਜੋ ਉਸਨੇ ਅਧਿਕਾਰ ਸਮਝ ਕੇ ਜਾਂ ਬਜ਼ੁਰਗਾਂ ਦੇ ਪੁਰਾਣੇ ਲੈਣ-ਦੇਣ ਨੂੰ ਸਾਹਮਣੇ ਰੱਖ ਕੇ ਗੱਲ ਕੀਤੀ ਹੁੰਦੀ ਹੈ। ਬਹੁਤੀ ਵਾਰ ਲੋਕ ਦੋਸਤਾਂ ਸਾਹਮਣੇ ਕਿਸੇ ਵੀ ਵਿਸ਼ੇ ‘ਤੇ ਗੱਲਬਾਤ ਕਰ ਲੈਂਦੇ ਹਨ, ਕਿਉਂ ਜੋ ਉਹ ਸਭ ਇੱਕੋ ਜਿਹੇ ਹੁੰਦੇ ਹਨ ਪਰ ਰਿਸ਼ਤੇਦਾਰੀ ਵਿਚ ਗੱਲ ਘਰਦਿਆਂ ਕੋਲ ਪਹੁੰਚ ਜਾਣ ਦਾ ਡਰ ਮੰਨਦੇ ਹਨ। ਮੁੱਕਦੀ ਗੱਲ ਇਹ ਹੈ ਕਿ ਪਰਿਵਾਰ ਅਤੇ ਦੋਸਤੀ ਦਾ ਆਪਣਾ-ਆਪਣਾ ਦਾਇਰਾ ਹੁੰਦਾ ਹੈ। ਹਰੇਕ ਰਿਸ਼ਤੇ ਦੀ ਆਪਣੀ ਮਰਿਆਦਾ ਹੁੰਦੀ ਹੈ, ਜੋ ਕਿ ਆਪਣੇ ਸੱਭਿਆਚਾਰ ਅਨੁਸਾਰ ਕਾਇਮ ਰੱਖਣੀ ਲਾਜ਼ਿਮੀ ਮੰਨੀ ਜਾਂਦੀ ਹੈ। ਰਿਸ਼ਤਾ ਭਾਵੇਂ ਦੋਸਤੀ ਦਾ ਹੋਵੇ ਜਾਂ ਪਰਿਵਾਰਿਕ, ਕੋਈ ਕਿੰਨੀ ਕੁ ਕਦਰ ਕਰਦਾ ਹੈ, ਇਹ ਹਰੇਕ ‘ਤੇ ਨਿੱਜੀ ਤੌਰ ‘ਤੇ ਨਿਰਭਰ ਕਰਦਾ ਹੈ। ਕਿਸੇ ਵੀ ਇੱਕ ਰਿਸ਼ਤੇ ਨੂੰ ਦੂਜੇ ਨਾਲ ਤੋਲਿਆ ਨਹੀਂ ਜਾ ਸਕਦਾ ਤੇ ਨਾ ਹੀ ਤੁਲਨਾ ਕਰਨੀ ਚਾਹੀਦੀ ਹੈ। ਅਸਲ ਰਿਸ਼ਤਾ ਉਹ, ਜੋ ਨਿਭ ਜਾਵੇ। ਬਾਕੀ ਅਜੋਕੇ ਰਿਸ਼ਤਿਆਂ ਵਿਚ ਕੁਝ ਦਹਾਕੇ ਪਹਿਲਾਂ ਵਾਲੀ ਗਰਮਾਹਟ ਹੁਣ ਗਾਇਬ ਹੋ ਚੁੱਕੀ ਹੈ। ਰਿਸ਼ਤੇ ਪੈਸੇ ਨਾਲ ਤੋਲੇ ਜਾਣ ਲੱਗ ਪਏ ਹਨ। ਜੇਕਰ ਕਿਸੇ ਦੇ ਘਰ ਵਿਆਹ ਦੇ ਚਾਰ ਕਾਰਡ ਆ ਜਾਣ ਤਾਂ ਉਸਨੂੰ ਆਪਣਾ ਬਜਟ ਹਿੱਲ ਗਿਆ ਜਾਪਦਾ ਹੈ। ਵਿਖਾਵਾ ਵਧ ਗਿਆ ਅਤੇ ਦਿਲੀ ਪਿਆਰ ਘਟ ਗਿਆ ਹੈ। ਬਹੁਤੇ ਰਿਸ਼ਤੇ ਡਿਜੀਟਲ ਹੋ ਚੁੱਕੇ ਹਨ। ਸੋਸ਼ਲ ਮੀਡੀਆ ਦੀਆਂ ਯਾਰੀਆਂ ਵਿਚ ਬਿਨਾ ਇੱਕ ਦੂਜੇ ਨੂੰ ਜਾਣਦਿਆਂ ਆਪੋ ਵਿਚ ਯੁੱਧ ਲੱਗੇ ਰਹਿੰਦੇ ਹਨ। ਇਸ ਦਾ ਇਨਸਾਨੀ ਜ਼ਿੰਦਗੀ ‘ਤੇ ਕੋਈ ਬਹੁਤਾ ਚੰਗਾ ਪ੍ਰਭਾਵ ਨਹੀਂ ਪੈ ਰਿਹਾ। ਸੋਸ਼ਲ ਮੀਡੀਆ ਦਾ ਇਨਸਾਨੀ ਮਾਨਸਿਕਤਾ ‘ਤੇ ਨਕਾਰਤਮਕ ਪ੍ਰਭਾਵ ਉਸਦੀ ਨਿੱਜੀ ਜ਼ਿੰਦਗੀ ਨੂੰ ਬਹੁਤ ਪ੍ਰਭਾਵਿਤ ਕਰਦਾ ਹੈ। ਇਸ ਅਵਸਥਾ ਵਿਚ ਵਿਅਕਤੀ ਕਿਸੇ ਨੂੰ ਵੀ ਕੁਝ ਵੀ ਕਹਿ ਜਾਂਦਾ ਹੈ ਪਰ ਰਿਸ਼ਤਾ ਕੋਈ ਵੀ ਹੋਵੇ, ਚੰਗਾ ਹੋਵੇ ਜੇਕਰ ਇਹਨਾਂ ਰਿਸ਼ਤਿਆਂ ਨੂੰ ਬਚਾਉਣ ਦਾ ਯਤਨ ਕੀਤਾ ਜਾਵੇ। ਰਹੀ ਗੱਲ ਪਰਿਵਾਰ ਜਾਂ ਦੋਸਤਾਂ ਵਿਚੋਂ ਕੋਈ ਇੱਕ ਚੁਣਨ ਦੀ, ਜੇਕਰ ਇਹ ਸੁਆਲ ਕੀਤਾ ਜਾਵੇ ਕਿ ਹੱਥਾਂ, ਪੈਰਾਂ, ਲੱਤਾਂ, ਬਾਹਾਂ ਆਦਿ ਵਿਚੋਂ ਕਿਸੇ ਇੱਕ ਅੰਗ ਦੀ ਚੋਣ ਕਰੋ ਤਾਂ ਜੁਆਬ ਕੀ ਹੋਵੇਗਾ? ਯਕੀਨਨ ਸਾਰੇ ਰਿਸ਼ਤੇ ਹੀ ਪਿਆਰੇ ਹਨ ਤੇ ਸਤਿਕਾਰ ਦੇ ਪਾਤਰ ਹਨ। |
*** 713 |