27 April 2024

ਕੀ ਕਰੀਏ ਜੇਕਰ ਕੋਈ ਪਿਆਰਾ ਦੁਨੀਆ ਤੋਂ ਚਲਾ ਜਾਵੇ?—ਰਿਸ਼ੀ ਗੁਲਾਟੀ (ਐਡੀਲੇਡ) ਆਸਟ੍ਰੇਲੀ

ਤਕਰੀਬਨ ਹਰ ਵਿਅਕਤੀ ਇਹ ਜਾਣਦਾ ਹੈ ਕਿ ਦੁਨੀਆ ‘ਤੇ ਜੋ ਵੀ ਆਇਆ ਹੈ, ਉਸਨੇ ਇੱਕ ਨਾ ਇੱਕ ਦਿਨ ਸਦਾ ਲਈ ਇੱਥੋਂ ਚਲੇ ਜਾਣਾ ਹੈ। ਇਹ ਕੌੜਾ ਸੱਚ ਜਾਣਦਿਆਂ ਹੋਇਆਂ ਵੀ ਕਿਸੇ ਦਾ ਵੀ ਏਨਾ ਹੌਸਲਾ ਨਹੀਂ ਹੁੰਦਾ ਕਿ ਉਹ ਆਪਣੇ ਪਿਆਰਿਆਂ ਨੂੰ ਸੌਖਿਆਂ ਹੀ ਵਿਦਾਈ ਦੇ ਸਕੇ। ਜਾਣ ਵਾਲਿਆਂ ਵਿਚੋਂ ਬਹੁਤ ਸਾਰੇ ਲੋਕ ਅਜਿਹੇ ਵੀ ਹੁੰਦੇ ਹਨ, ਜੋ ਕਿ ਜਿਉਂਦੇ ਜੀਅ ਬਹੁਤ ਦੁੱਖ ਭੋਗ ਰਹੇ ਹੁੰਦੇ ਹਨ। ਇਹ ਦੁੱਖ ਸਰੀਰਕ ਪੀੜ, ਬਿਮਾਰੀ, ਪਾਗਲਪਨ, ਇਕੱਲਾਪਣ ਜਾਂ ਅਪੰਗਤਾ ਦੇ ਰੂਪ ਵਿਚ ਹੋ ਸਕਦੇ ਹਨ। ਬਹੁਤ ਸਾਰੇ ਅਜਿਹੇ ਬਜ਼ੁਰਗ ਪਰਿਵਾਰਕ ਮੈਂਬਰ ਹੁੰਦੇ ਹਨ, ਜਿਹਨਾਂ ਲਈ ਡਾਕਟਰ ਕਹਿ ਦਿੰਦੇ ਹਨ ਕਿ ਇਹ ਕੇਵਲ ਕੁਝ ਮਹੀਨਿਆਂ, ਕੁਝ ਹਫ਼ਤਿਆਂ ਜਾਂ ਕੁਝ ਦਿਨਾਂ ਦੇ ਮਹਿਮਾਨ ਹਨ। ਜਿੰਨੀ ਹੁੰਦੀ ਹੈ, ਇਹਨਾਂ ਦੀ ਸੇਵਾ ਕਰ ਲਓ, ਇਹਨਾਂ ਹੱਥੋਂ ਦਾਨ-ਪੁੰਨ ਕਰਵਾ ਦਿਓ। ਅਜਿਹੀ ਹਾਲਤ ਵਿਚ ਵੀ ਪਰਿਵਾਰ ਕਿਸੇ ਚਮਤਕਾਰ ਦੀ ਆਸ ਵਿਚ ਅੰਤਿਮ ਛਿਣਾਂ ਤੱਕ ਉਸਦਾ ਇਲਾਜ ਜਾਰੀ ਰੱਖਣਾ ਚਾਹੁੰਦਾ ਹੈ। ਬਹੁਤ ਸਾਰੇ ਲੋਕ ਅਜਿਹੇ ਵੀ ਹੁੰਦੇ ਹਨ ਜੋ ਕਿ ਜ਼ਿੰਦਗੀ ਦੀਆਂ ਚੁਣੌਤੀਆਂ ਦਾ ਸਾਹਮਣਾ ਨਹੀਂ ਕਰ ਸਕਦੇ ਅਤੇ ਵਕਤ ਦੇ ਸਾਹਮਣੇ ਗੋਡੇ ਟੇਕ ਦਿੰਦੇ ਹਨ। ਉਹ ਭਰੀ ਜਵਾਨੀ ਵਿਚ ਹੀ ਸਭ ਨੂੰ ਛੱਡ ਲੰਮੇ ਸਫ਼ਰ ‘ਤੇ ਤੁਰ ਜਾਂਦੇ ਹਨ। ਬਹੁਤ ਸਾਰੇ ਅਜਿਹੇ ਵੀ ਹੁੰਦੇ ਹਨ, ਜਿਹਨਾਂ ਦੀ ਜਾਨ ਕੋਈ ਹੋਰ ਲੈ ਲੈਂਦਾ ਹੈ। ਕਾਰਣ ਕੁਝ ਵੀ ਹੋਵੇ, ਸੱਚਾਈ ਤਾਂ ਇਹ ਹੈ ਕਿ ਅੱਜ ਨਹੀਂ ਤਾਂ ਕੱਲ, ਸਭ ਨੇ ਇਸ ਰੰਗਲੀ ਦੁਨੀਆ ਤੋਂ ਵਿਦਾਈ ਲੈਣੀ ਹੀ ਹੈ। ਇਸਨੂੰ ਆਪਾਂ ਇਹ ਵੀ ਕਹਿੰਦੇ ਹਾਂ ਕਿ ਬੱਸ ਬਹਾਨਾ ਬਣ ਗਿਆ, ਉਸਦੀ ਕਿਹੜਾ ਅਜੇ ਜਾਣ ਦੀ ਉਮਰ ਸੀ! ਸਿਆਣੇ ਕਹਿੰਦੇ ਹਨ ਕਿ ਜੇਕਰ ਤਿੰਨ ਸੱਸੇ ਪੂਰੇ ਜਾਣ ਤਾਂ ਇਨਸਾਨ ਨੂੰ ਦੁਨੀਆ ਤੋਂ ਵਿਦਾ ਹੋਣਾ ਪੈਂਦਾ ਹੈ, ਸ-ਸਮਾਂ, ਸ-ਸਥਾਨ ਅਤੇ ਸ-ਸੁਆਸ…

ਇਸ ਗੱਲ ਦੀ ਸਭ ਨੂੰ ਚੰਗੀ ਤਰਾਂ ਸਮਝ ਹੈ ਕਿ ਜਾਣ ਵਾਲੇ ਨੂੰ ਕੋਈ ਘੜੀ-ਪਲ ਲਈ ਵੀ ਨਹੀਂ ਰੋਕ ਸਕਦਾ, ਫਿਰ ਵੀ ਹਰੇਕ ਲਈ ਆਪਣੇ ਪਿਆਰਿਆਂ ਦੀ ਵਿਦਾਈ ਬਰਦਾਸ਼ਤ ਕਰਨੀ ਔਖੀ ਹੋ ਜਾਂਦੀ ਹੈ। ਸੁਆਲ ਇਹ ਪੈਦਾ ਹੁੰਦਾ ਹੈ ਕਿ ਕੀ ਜਾਣ ਵਾਲੇ ਦੇ ਵਿਯੋਗ ਵਿਚ ਬਾਕੀ ਜਿਉਂਦਿਆਂ ਦੀ ਪ੍ਰਵਾਹ ਨਾ ਕਰ ਆਪਣੀਆਂ ਭਾਵਨਾਵਾਂ ਦੇ ਗ਼ੁਲਾਮ ਹੋ ਜਾਈਏ ਜਾਂ ਅਜਿਹਾ ਕੋਈ ਰਸਤਾ ਹੋਵੇ, ਕੋਈ ਸੁਝਾਅ ਹੋਵੇ ਜਿਸਦੀ ਮੱਦਦ ਨਾਲ ਇਹ ਭਾਣਾ ਮੰਨਣ ਦਾ ਬਲ ਮਿਲੇ। ਇਹ ਵੀ ਅਕਸਰ ਸੁਣਨ ਨੂੰ ਮਿਲਦਾ ਹੈ ਕਿ ਸਮਾਂ ਸਭ ਤੋਂ ਚੰਗੀ ਮੱਲ੍ਹਮ ਹੈ, ਜੋ ਕਿ ਵੱਡੇ-ਵੱਡੇ ਜ਼ਖ਼ਮ ਸੁਕਾ ਦਿੰਦਾ ਹੈ। ਸ਼ਾਇਦ ਇਹ ਕਿਤੇ ਨਾ ਕਿਤੇ ਸਹੀ ਨਹੀਂ ਹੈ, ਬਹੁਤ ਸਾਰੇ ਅਜਿਹੇ ਜ਼ਖ਼ਮ ਹੁੰਦੇ ਹਨ ਜੋ ਤਾ-ਉਮਰ ਰਿਸਦੇ ਰਹਿੰਦੇ ਹਨ। ਹੋਰ ਨੁਕਸਾਨ ਤੋਂ ਬਚਾਉਣ ਲਈ ਅਜਿਹੇ ਕੇਸਾਂ ਵਿਚ ਸੁਚੇਤ ਰੂਪ ਵਿਚ ਕਾਰਜ ਕਰਨ ਦੀ ਲੋੜ ਹੁੰਦੀ ਹੈ।

ਮੈਂ “ਸਵੀਕਾਰ ਕਰਨ” ‘ਤੇ ਅਕਸਰ ਹੀ ਗੱਲ ਕਰਦਾ ਹਾਂ। ਦੁੱਖ ਜਾਂ ਗ਼ਮ ਭਾਵੇਂ ਕਿੰਨਾ ਵੀ ਵੱਡਾ ਕਿਉਂ ਨਾ ਹੋਵੇ, ਸਾਨੂੰ ਸਵੀਕਾਰ ਕਰਨਾ ਆਉਣਾ ਚਾਹੀਦਾ ਹੈ। ਬਹੁਤ ਸਾਰੇ ਲੋਕਾਂ ਦਾ ਸੁਆਲ ਹੁੰਦਾ ਹੈ ਕਿ;

• ਮੇਰੇ ਨਾਲ ਹੀ ਕਿਉਂ ਅਜਿਹਾ ਹੋਇਆ?

• ਸਭ ਕੁਝ ਮੇਰੇ ਨਾਲ ਹੀ ਮਾੜਾ ਕਿਉਂ ਹੁੰਦਾ ਹੈ?

• ਪ੍ਰਮਾਤਮਾ ਮੇਰੇ ਪਿੱਛੇ ਹੱਥ ਧੋ ਕੇ ਕਿਉਂ ਪਿਆ ਹੋਇਆ ਹੈ?

• ਮੇਰੀ ਕਿਸਮਤ ਹੀ ਏਨੀ ਮਾੜੀ ਕਿਉਂ ਹੈ?

ਇਹ ਸੋਚ ਸਹੀ ਨਹੀਂ ਹੈ। ਦੁਨੀਆ ‘ਤੇ ਕੋਈ ਵੀ ਅਜਿਹਾ ਪਰਿਵਾਰ ਨਹੀਂ ਜਿਹਨਾਂ ਦੇ ਘਰ ਵਿਚ ਮੌਤ ਨਾ ਹੋਈ ਹੋਵੇ। ਹਾਂ, ਏਨਾ ਫ਼ਰਕ ਲਾਜ਼ਿਮੀ ਹੁੰਦਾ ਹੈ ਕਿ ਕਿਸੇ ਦਾ ਸਮੇਂ ਤੋਂ ਪਹਿਲਾਂ (ਜਵਾਨੀ ਵਿਚ) ਚਲਾ ਜਾਂਦਾ ਹੈ ਤਾਂ ਉਸਦਾ ਦੁੱਖ ਬਹੁਤ ਵੱਡਾ ਹੁੰਦਾ ਹੈ। ਜੇਕਰ ਬੰਦਾ ਉਮਰ ਭੋਗ ਕੇ ਜਾਵੇ ਤਾਂ ਬਰਦਾਸ਼ਤ ਕਰਨਾ ਥੋੜ੍ਹਾ ਸੌਖਾਲਾ ਹੁੰਦਾ ਹੈ। ਇਨਸਾਨ ਬੇਸ਼ੱਕ ਕਿਸੇ ਵੀ ਉਮਰ ਵਿਚ ਵਿਦਾ ਹੋਵੇ, ਸਵੀਕਾਰ ਕਰਨਾ ਹੀ ਪਵੇਗਾ। ਸਾਨੂੰ ਇਹ ਸਮਝਣ ਦੀ ਲੋੜ ਹੈ ਕਿ ਜੇਕਰ ਸਵੀਕਾਰ ਨਹੀਂ ਕਰਾਂਗੇ ਤਾਂ ਹੋਰ ਕੀ ਕਰਾਂਗੇ? ਸਵੀਕਾਰ ਕਰਨ ਤੋਂ ਇਲਾਵਾ ਜੋ ਵੀ ਕਰਾਂਗੇ, ਉਸ ਨਾਲ ਸਮੱਸਿਆਵਾਂ ਤੇ ਦੁੱਖ ਵਧਣਾ ਹੀ ਹੈ, ਘਟਣਾ ਨਹੀਂ। ਜੇਕਰ ਜਾਣ ਵਾਲੇ ਦੀਆਂ ਅੰਤਿਮ ਰਸਮਾਂ ਵਿਚ ਭਾਗ ਲਿਆ ਜਾਵੇ ਤਾਂ ਇਹ ਸਭ ਸਵੀਕਾਰ ਕਰਨ ਵਿਚ ਮੱਦਦ ਕਰਦਾ ਹੈ।

ਬਹੁਤ ਸਾਰੇ ਪ੍ਰਦੇਸੀ ਆਪਣੇ ਪਿਆਰਿਆਂ ਨੂੰ ਵਿਦਾਈ ਵੀ ਨਹੀਂ ਦੇ ਸਕਦੇ। ਉਹਨਾਂ ਨੇ ਕਈ ਸਾਲ ਪਹਿਲਾਂ ਉਹਨਾਂ ਨੂੰ ਪ੍ਰਤੱਖ ਰੂਪ ਵਿਚ ਵੇਖਿਆ ਹੁੰਦਾ ਹੈ, ਛੂਹਿਆ ਹੁੰਦਾ ਹੈ। ਕਈ ਵਾਰ ਉਹ ਜਾਣ ਵਾਲੇ ਦੀਆਂ ਅੰਤਿਮ ਰਸਮਾਂ ਵਿਚ ਭਾਗ ਨਹੀਂ ਲੈ ਸਕਦੇ, ਇਸ ਕਰਕੇ ਉਹ ਨਾ ਤਾਂ ਜਾਣ ਵਾਲੇ ਦਾ ਭਰੋਸਾ ਕਰ ਸਕਦੇ ਹਨ ਤੇ ਨਾ ਹੀ ਆਪਣੇ ਆਪ ਨੂੰ ਵਿਦਾਈ ਨਾ ਦੇ ਸਕਣ ਕਰਕੇ ਦੋਸ਼-ਮੁਕਤ ਕਰ ਸਕਦੇ ਹਨ। ਉਹਨਾਂ ਨੂੰ ਸਵੀਕਾਰ ਕਰਨਾ ਪਵੇਗਾ ਕਿ ਜੇਕਰ ਉਹ ਸਮੇਂ ਸਿਰ ਨਹੀਂ ਪਹੁੰਚ ਸਕੇ ਤਾਂ ਇਸ ਪਿੱਛੇ ਅੱਖੋਂ-ਪਰੋਖੇ ਨਾ ਕੀਤੇ ਜਾ ਸਕਣ ਵਾਲੇ ਕਾਰਣ ਸਨ। ਨਾ ਪਹੁੰਚ ਸਕਣ ਵਿਚ ਉਹਨਾਂ ਦਾ ਕੋਈ ਦੋਸ਼ ਨਹੀਂ ਹੈ। ਕਈ ਵਾਰ ਵਿਅਕਤੀ ਭਾਵਨਾਵਾਂ ਦੇ ਵੱਸ ਹੋ ਕੇ ਇਹੀ ਕਹਿੰਦਾ ਹੈ ਕਿ “ਨਹੀਂ! ਇਹ ਕਾਰਣ ਏਨੇ ਵੀ ਮਜਬੂਰੀ ਭਰੇ ਨਹੀਂ ਸਨ ਕਿ ਜਾ ਨਾ ਸਕਦਾ!” ਚੇਤੇ ਰਹੇ ਅਜਿਹੀ ਸਟੇਟਮੈਂਟ ਬਾਅਦ ਵਿਚ ਦਿੱਤੀ ਜਾਂਦੀ ਹੈ। ਜੋ ਪਹੁੰਚ ਨਾ ਸਕਣ ਦੇ ਕਾਰਣਾਂ ਦਾ ਸਮਾਂ ਹੁੰਦਾ ਹੈ, ਉਹ ਕੁਝ ਦਿਨ, ਹਫ਼ਤੇ ਜਾਂ ਮਹੀਨੇ ਪਹਿਲਾਂ ਦਾ ਹੁੰਦਾ ਹੈ।

ਕਈ ਵਾਰ ਲੋਕ ਆਪਣੇ ਆਪ ਨੂੰ ਮਜ਼ਬੂਤ ਵਿਖਾਉਣ ਦੇ ਚੱਕਰ ਵਿਚ ਆਪਣੀਆਂ ਭਾਵਨਾਵਾਂ ਨੂੰ ਦਬਾਅ ਕੇ ਰੱਖਦੇ ਹਨ, ਜੋ ਕਿ ਉਹਨਾਂ ਦੀ ਮਾਨਸਿਕ ਸਥਿਤੀ ਵਿਚ ਵਿਕਾਰ ਪੈਦਾ ਕਰਨ ਦਾ ਕਾਰਣ ਬਣਦਾ ਹੈ। ਬਹੁਤ ਸਾਰੇ ਲੋਕ ਖ਼ੁਦ ਨੂੰ ਸੰਭਾਲਣ ਲਈ ਇਹ ਤਰਕ ਦਿੰਦੇ ਹਨ ਕਿ “ਜੇਕਰ ਤੇਰਾ ਇਹ ਹਾਲ ਹੋਵੇਗਾ ਤਾਂ ਪਰਿਵਾਰ, ਮਾਂ, ਭੈਣਾਂ, ਬੱਚਿਆਂ ਨੂੰ ਕੌਣ ਸੰਭਾਲੇਗਾ?” ਅਜਿਹੀਆਂ ਗੱਲਾਂ ਉਸ ਵਿਅਕਤੀ ਦੀ ਮਾਨਸਿਕਤਾ ਨੂੰ ਹੋਰ ਵਧੇਰੇ ਪ੍ਰਭਾਵਿਤ ਕਰਦੀਆਂ ਹਨ। ਉਸ ਵੇਲੇ ਉਸਦੇ ਮਨ ਵਿਚ ਕੇਵਲ ਜਾਣ ਵਾਲੇ ਦਾ ਦੁੱਖ ਹੁੰਦਾ ਹੈ, ਪਰ ਉਸਦੇ ਜਾਣ ਨਾਲ ਪੈਦਾ ਹੋਏ ਖ਼ਲਾਅ ਦਾ ਅਹਿਸਾਸ ਲੋਕ ਜਾਣੇ-ਅਣਜਾਣੇ ਕਰਵਾ ਦਿੰਦੇ ਹਨ। ਇੱਕ ਦੁਖੀ ਹਿਰਦਾ ਏਨਾ ਬੋਝ ਸਹਾਰਨ ਦੇ ਸਮਰੱਥ ਕਿੱਥੇ ਹੁੰਦਾ ਹੈ? ਲੋੜ ਹੁੰਦੀ ਹੈ ਕਿ ਆਪਣੀਆਂ ਭਾਵਨਾਵਾਂ ਨੂੰ ਨਾ ਦਬਾਇਆ ਜਾਵੇ ਅਤੇ ਖੁੱਲ ਕੇ ਰੋਇਆ ਜਾਵੇ। ਬਹੁਤ ਸਾਰੀਆਂ ਔਰਤਾਂ ਦੂਜੀਆਂ ਨੂੰ ਕਹਿੰਦੀਆਂ ਹਨ ਕਿ “ਭੈਣ ਜੀ! ਏਹਨੂੰ ਰੋ ਲੈਣ ਦਿਓ!” ਦੁਖੀ ਹਿਰਦੇ ਨੂੰ ਇੱਕੋ ਵੇਲੇ ਦੋ-ਦੋ ਹਿਦਾਇਤਾਂ ਮਿਲ ਰਹੀਆਂ ਹੁੰਦੀਆਂ ਹਨ, ਕੁਝ ਲੋਕ ਰੋਣ ਤੋਂ ਰੋਕਦੇ ਹਨ ਤੇ ਕੁਝ ਰੋਣ ਲਈ ਕਹਿੰਦੇ ਹਨ। ਅਜਿਹੇ ਵੇਲੇ ਜੇਕਰ ਉਸਨੂੰ ਆਪਣੀਆਂ ਭਾਵਨਾਵਾਂ ਨਾਲ ਹੀ ਚੱਲਣ ਦਿੱਤਾ ਜਾਵੇ ਤਾਂ ਇਹ ਆਉਣ ਵਾਲੇ ਸਮੇਂ ਵਿਚ ਉਸ ਲਈ ਮੱਦਦਗਾਰ ਸਾਬਿਤ ਹੋਵੇਗਾ।

ਜਾਣ ਵਾਲੇ ਦੀਆਂ ਯਾਦਾਂ ਤਾਜ਼ਾ ਕਰਨ ਨਾਲ ਮਨ ਦਾ ਦੁੱਖ ਵੀ ਬਾਹਰ ਨਿੱਕਲਦਾ ਹੈ। ਦਿਲ ਦਾ ਦਰਦ ਸ਼ਬਦ ਬਣ ਕੇ ਜ਼ੁਬਾਨ ਤੋਂ ਬਾਹਰ ਨਿੱਕਲਣ ਨਾਲ ਦਿਲ ਦਾ ਬੋਝ ਹਲਕਾ ਹੁੰਦਾ ਹੈ। ਆਪਣੀ ਪ੍ਰੈਕਟਿਸ ਵਿਚ ਮੈਂ ਬਹੁਤ ਸਾਰੇ ਲੋਕਾਂ ਨੂੰ ਇਹ ਸਲਾਹ ਦਿੰਦਾ ਹਾਂ ਕਿ ਉਹ ਆਪਣੀਆਂ ਭਾਵਨਾਵਾਂ ਇਕੱਲੇ ਵਿਚ ਬੋਲ ਕੇ ਜਾਂ ਲਿਖ ਕੇ ਕੱਢ ਦੇਣ। ਕਈ ਵਾਰ ਕੋਈ ਬੋਲਣਾ ਨਹੀਂ ਚਾਹੁੰਦਾ, ਉਸਦੀਆਂ ਭਾਵਨਾਵਾਂ ਦੀ ਕਦਰ ਕਰਨੀ ਵੀ ਲਾਜ਼ਿਮੀ ਹੁੰਦੀ ਹੈ। ਕਿਸੇ ਨੂੰ ਆਪਣਾ ਦਰਦ ਵੰਡਾਉਣ ਲਈ ਮਜ਼ਬੂਰ ਨਾ ਕੀਤਾ ਜਾਵੇ। ਕਈ ਵਾਰ ਕਿਸੇ ਦਾ ਆਪਣਾ ਦਰਦ ਹਲਕਾ ਕਰਨ ਦਾ ਉਸਦਾ ਆਪਣਾ ਤਰੀਕਾ ਹੁੰਦਾ ਹੈ, ਜਿਵੇਂ ਕਿ ਉਹ ਦਰਦ ਭਰੇ ਗੀਤ ਸੁਣਨੇ ਚਾਹੁੰਦਾ ਹੈ, ਉਹ ਸੋਸ਼ਲ ਮੀਡੀਆ ‘ਤੇ ਆਪਣਾ ਦਰਦ ਸਾਂਝਾ ਕਰਨਾ ਚਾਹੁੰਦਾ ਹੈ, ਉਸਦੀ ਯਾਦ ਵਿਚ ਦਾਨ ਦੇਣਾ ਚਾਹੁੰਦਾ ਹੈ ਜਾਂ ਕੁਝ ਹੋਰ। ਚੇਤੇ ਰਹੇ ਹੋ ਸਕਦਾ ਹੈ ਕਿ ਤੁਹਾਡੇ ਲਈ ਉਹ ਤਰੀਕੇ ਸਹੀ ਨਾ ਹੋਣ ਪਰ ਸੰਬੰਧਿਤ ਵਿਅਕਤੀ ਲਈ ਉਹ ਤਰੀਕੇ ਸਹੀ ਤੇ ਕਾਰਗਰ ਸਾਬਤ ਹੋ ਸਕਦੇ ਹਨ।
ਆਪਣੇ ਆਪ ਦੀ ਭਾਵਨਾਤਮਕ ਤੌਰ ‘ਤੇ ਮੱਦਦ ਕਰਨ ਦਾ ਬਹਾਨਾ ਲੱਭਿਆ ਜਾਵੇ। ਇੰਝ ਨਾ ਹੋਵੇ ਕਿ ਨਹਾਉਣਾ, ਕੱਪੜੇ ਬਦਲਣਾ, ਰੋਟੀ ਖਾਣਾ ਆਦਿ ਛੱਡ ਕੇ ਹਮੇਸ਼ਾ ਵੈਰਾਗ਼ ਵਿਚ ਹੀ ਰਹਿਆ ਜਾਵੇ। ਚੇਤੇ ਰਹੇ ਜਾਣ ਵਾਲੇ ਦਾ ਦੁੱਖ ਤੇ ਪਿਆਰ ਤੁਹਾਡੇ ਹਿਰਦੇ ਵਿਚ ਹੈ ਅਤੇ ਸਦਾ ਸਲਾਮਤ ਹੈ। ਆਪਣੀ ਸਰੀਰਕ ਦੇਖਭਾਲ ਨਾ ਕਰਕੇ ਕੋਈ ਹੋਰ ਦੁੱਖ ਨਵਾਂ ਲੱਗਣ ਦੇ ਚਾਂਸ ਤਾਂ ਹਨ, ਪਰ ਭਲਾਈ ਕੋਈ ਨਹੀਂ ਹੋਵੇਗੀ। ਨਹਾਉਣ ਧੋਣ ਨਾਲ, ਧੋਤੇ ਹੋਏ ਕੱਪੜੇ ਪਾਉਣ ਨਾਲ ਵਿਅਕਤੀ ਵਿਚ ਚੁਸਤੀ ਫੁਰਤੀ ਆਉਂਦੀ ਹੈ ਅਤੇ ਉਸਦੇ ਆਤਮਵਿਸ਼ਵਾਸ ਵਿਚ ਵਾਧਾ ਹੁੰਦਾ ਹੈ।

ਜਾਣ ਵਾਲੇ ਦੀ ਯਾਦ ਵਿਚ ਦਰੱਖ਼ਤ ਲਗਾ ਕੇ ਜਾਂ ਲੋਕ ਭਲਾਈ ਦਾ ਕੋਈ ਕਾਰਜ ਵਿੱਢਿਆ ਜਾ ਸਕਦਾ ਹੈ ਜਾਂ ਲੋਕ ਭਲਾਈ ਦੇ ਕਿਸੇ ਚੱਲਦੇ ਕਾਰਜ ਵਿਚ ਵੀ ਭਾਗ ਲਿਆ ਜਾ ਸਕਦਾ ਹੈ। ਜਿਸ ਕੰਮ ਵਿਚ ਜਾਣ ਵਾਲੇ ਦੀ ਦਿਲਚਸਪੀ ਜਾਂ ਉਸਦਾ ਕੋਈ ਨਿਸ਼ਾਨਾ ਹੋਵੇ, ਉਸਨੂੰ ਸਿਰੇ ਚੜਾਇਆ ਜਾ ਸਕਦਾ ਹੈ। ਜੇਕਰ ਜਾਣ ਵਾਲਾ ਕਿਸੇ ਬਿਮਾਰੀ ਨਾਲ ਗਿਆ ਹੋਵੇ ਤਾਂ ਉਸ ਵਰਗੇ ਹੋਰ ਮਰੀਜ਼ਾਂ ਦੀ ਭਲਾਈ ਲਈ ਕਾਰਜ ਜਾਂ ਸੇਵਾ ਕੀਤੀ ਜਾ ਸਕਦੀ ਹੈ।

ਲਾਜ਼ਿਮੀ ਹੈ ਕਿ ਆਪਣੇ ਆਪ ਨੂੰ ਜਬਰਦਸਤੀ ਬੀਤੇ ਸਮੇਂ ਵਿਚ ਅਟਕਾਇਆ ਨਾ ਜਾਵੇ। ਮੈਂ ਅਜਿਹੇ ਬਹੁਤ ਸਾਰੇ ਲੋਕਾਂ ਨੂੰ ਮਿਲ ਚੁੱਕਾ ਹਾਂ, ਜੋ ਕਹਿੰਦੇ ਹਨ ਕਿ ਫਲਾਣੀ ਗੱਲ ਨੂੰ ਮੇਰਾ ਜੀਅ ਨਹੀਂ ਕਰਦਾ ਜਾਂ ਮੈਂ ਉਸੇ ਦੀਆਂ ਯਾਦਾਂ ਵਿਚ ਹੀ ਜਿਉਣਾ ਚਾਹੁੰਦਾ(ਦੀ) ਹਾਂ। ਇਹ ਸਭ ਵਕਤੀ ਭਾਵਨਾਵਾਂ ਹੁੰਦੀਆਂ ਹਨ, ਪਰ ਜੇਕਰ ਕੋਈ ਇੱਥੇ ਹੀ ਅਟਕ ਜਾਵੇ ਤਾਂ ਇਹ ਚਿੰਤਾ ਦਾ ਵਿਸ਼ਾ ਹੁੰਦਾ ਹੈ।

ਕਿਸੇ ਦੀ ਜੁਦਾਈ ਦੇ ਦੁੱਖ ਸੰਬੰਧੀ ਭਰਮ ਭੁਲੇਖੇ ਵੀ ਇਨਸਾਨੀ ਮਨ ਵਿਚ ਨਹੀਂ ਹੋਣੇ ਚਾਹੀਦੇ ਜਿਵੇਂ ਕਿ;

• ਜੇਕਰ ਦੁੱਖ ਨੂੰ ਅੱਖੋਂ-ਪਰੋਖੇ ਕਰਾਂਗੇ ਤਾਂ ਇਹ ਛੇਤੀ ਘਟ ਜਾਵੇਗਾ।

• ਦੁੱਖ ਦਾ ਪ੍ਰਗਟਾਵਾ ਕਰਨ ਦੀ ਬਜਾਏ ਮਜ਼ਬੂਤ ਬਣਨ ਦੀ ਕੋਸ਼ਿਸ਼ ਕਰਨਾ।

• ਜੇਕਰ ਤੁਸੀਂ ਰੋਵੋਗੇ ਨਹੀਂ ਤਾਂ ਇਸਦਾ ਮਤਲਬ ਤੁਹਾਨੂੰ ਦੁੱਖ ਨਹੀਂ ਹੈ।

• ਜੇਕਰ ਕੋਈ ਵਿਦਾ ਹੋ ਗਿਆ ਤਾਂ ਇੱਕ ਸਾਲ ਵੈਰਾਗ਼ ਵਿਚ ਹੀ ਰਹਿਣਾ ਹੈ, ਕੋਈ ਖੁਸ਼ੀ ਵਾਲੀ ਗੱਲ ਕਰਨਾ ਉਸਦੀ ਬੇਕਦਰੀ ਹੋਵੇਗੀ।

• ਜੇਕਰ ਤੁਸੀਂ ਜ਼ਿੰਦਗੀ ਵਿਚ ਅੱਗੇ ਵਧਣਾ ਚਾਹਿਆ ਤਾਂ ਇਸਦਾ ਭਾਵ ਕਿ ਤੁਸੀਂ ਆਪਣੇ ਪਿਆਰੇ ਨੂੰ ਭੁੱਲ ਗਏ ਹੋ।

ਅੰਤਿਮ ਰਸਮਾਂ ਹੋਣ ਤੋਂ ਬਾਅਦ ਸਭਨੇ ਆਪਣੇ ਘਰਾਂ ਨੂੰ ਚਲੇ ਜਾਣਾ ਹੁੰਦਾ ਹੈ। ਇਸ ਲਈ ਰਸਮਾਂ ਦੇ ਦਿਨਾਂ ਦੌਰਾਨ ਆਉਣ ਵਾਲੀਆਂ ਚੁਣੌਤੀਆਂ ਲਈ ਆਪਣੇ ਆਪ ਨੂੰ ਮਾਨਸਿਕ ਰੂਪ ਵਿਚ ਤਿਆਰ ਕਰ ਲੈਣਾ ਲਾਹੇਵੰਦ ਹੋਵੇਗਾ। ਜਾਣ ਵਾਲੇ ਦੀ ਘਾਟ ਤਾਂ ਪੂਰੀ ਨਹੀਂ ਹੋ ਸਕਦੀ ਪਰ ਬਾਕੀਆਂ ਨੂੰ ਸੰਭਾਲ ਲੈਣ ਵਿਚ ਹੀ ਤੁਹਾਡੀ ਜਿੱਤ ਹੋਵੇਗੀ। ਚੰਗਾ ਹੋਵੇ ਜੇਕਰ ਜਿਉਂਦੀਆਂ ਜਿੰਦਾਂ ਵਿਚੋਂ ਹੀ ਖੁਸ਼ੀਆਂ ਤਲਾਸ਼ਣ ਦਾ ਯਤਨ ਕਰੋ। ਇਹ ਸਭ ਔਖਾ ਸਕਦਾ ਹੈ ਪਰ ਨਾਮੁਮਕਿਨ ਨਹੀਂ। ਕੋਸ਼ਿਸ਼ ਕਰਕੇ ਵੇਖੋ, ਜ਼ਿੰਦਗੀ ਤੁਹਾਡੇ ਨੇੜੇ ਹੀ ਧੜਕਦੀ ਮਿਲੇਗੀ, ਬੱਸ ਥੋੜੀ ਜਿਹੀ ਕੋਸ਼ਿਸ਼ ਕਰਨ ਦੀ ਲੋੜ ਹੈ।

ਆਖਰੀ ਗੱਲ ਮੈਂ ਆਪਣੀ ਮੋਬਾਇਲ ਐਪ ‘ਰਿਲੈਕਸੋ ਹਿਪਨੋਸਿਸ’ ਦੀ ਕਰਨੀ ਚਾਹਾਂਗਾ। ਇਸ ਤਕਨੀਕ ਨਾਲ ਮੈਂ ਅਜਿਹੇ ਕਈ ਹਾਲਾਤ ਕੰਟਰੌਲ ਵਿਚ ਕੀਤੇ ਹਨ, ਜਦੋਂ ਕਿ ਕਿਸੇ ਦਾ ਕੋਈ ਪਿਆਰਾ ਦੁਨੀਆ ਤੋਂ ਵਿਦਾ ਹੋ ਗਿਆ ਸੀ। ਬੇਸ਼ੱਕ ਕੋਈ ਵੀ ਮਾਨਸਿਕ ਚਿੰਤਾ ਜਾਂ ਤਣਾਅ ਹੋਵੇ, ਕੋਈ ਵੀ ਉਸਦਾ ਕਾਰਣ ਹੋਵੇ, ਰਿਲੈਕਸੋ ਹਿਪਨੋਸਿਸ ਵਿਚੋਂ ਸੈਸ਼ਨ ‘ਪ੍ਰੋਗਰੈਸਿਵ ਮਸਲ ਰਿਲੈਕਸੇਸ਼ਨ’ ਲੈ ਲਵੋ। ਜੇਕਰ ਕੋਈ ਉਸ ਵਿਚ ਦਿੱਤੀਆਂ ਹਿਦਾਇਤਾਂ ਦੀ ਪਾਲਣਾ ਕਰਦਾ ਹੈ ਤਾਂ ਅਜਿਹਾ ਕੋਈ ਕਾਰਣ ਹੈ ਹੀ ਨਹੀਂ ਕਿ ਪੈਂਤੀ ਚਾਲੀ ਮਿੰਟਾਂ ਵਿਚ ਉਸਦਾ ਮਨ ਹਲਕਾ ਨਾ ਹੋਵੇ। ਐਪ ਡਾਊਨਲੋਡ ਕਰਨ ਲਈ ਐਪ ਸਟੋਰ ਜਾਂ ਗੂਗਲ ਪਲੇ ਵਿਚ RELAXO HYPNOSIS ਲਿਖ ਕੇ ਸਰਚ ਕਰ ਲਵੋ।

***
582
***

About the author

Rich Gulati
ਰਿਸ਼ੀ ਗੁਲਾਟੀ, ਐਡੀਲੇਡ (ਆਸਟ੍ਰੇਲੀਆ)
+61 433 422 722 | Website | + ਲਿਖਾਰੀ ਵਿੱਚ ਛਪੀਆਂ ਰਚਨਾਵਾਂ ਦਾ ਵੇਰਵਾ

ਰਿਸ਼ੀ ਗੁਲਾਟੀ, ਐਡੀਲੇਡ (ਆਸਟ੍ਰੇਲੀਆ)

View all posts by ਰਿਸ਼ੀ ਗੁਲਾਟੀ, ਐਡੀਲੇਡ (ਆਸਟ੍ਰੇਲੀਆ) →