ਜੇਕਰ ਮੱਛੀਆਂ ਨੂੰ ਦਰਖ਼ਤ ‘ਤੇ ਚੜ੍ਹਨ ਲਈ ਕਿਹਾ ਜਾਵੇ ਤਾਂ ਉਹ ਕਦੇ ਵੀ ਨਹੀਂ ਚੜ੍ਹ ਸਕਣਗੀਆਂ, ਪਰ ਆਪਣੇ ਬਹੁਤਾਤ ਲੋਕਾਂ ਦੀ ਸੋਚ ਮੱਛੀਆਂ ਨੂੰ ਦਰਖ਼ਤ ‘ਤੇ ਚੜ੍ਹਾਉਣ ਵਾਲੀ ਹੀ ਹੋ ਚੁੱਕੀ ਹੈ। ਨਿਆਣਾ ਅਜੇ ਚੰਗੀ ਤਰਾਂ ਜੰਮਿਆ ਵੀ ਨਹੀਂ ਹੁੰਦਾ ਕਿ ਮਾਪੇ ਉਸਦੀਆਂ ਪੜ੍ਹਾਈਆਂ ਤੇ ਕੈਰੀਅਰ ਦੇ ਸੁਪਨੇ ਤੱਕਣ ਲੱਗ ਪੈਂਦੇ ਹਨ। ਨਰਸਰੀਆਂ, ਕੇ.ਜੀਆਂ. ਵਿਚ ਨਿਆਣਾ ਦਾਖਲ ਕਰਾਉਣ ਲਈ ਸਕੂਲਾਂ ਵਾਲੇ ਮਾਪਿਆਂ ਦੀਆਂ ਘੀਸੀਆਂ ਕਰਵਾ ਦਿੰਦੇ ਹਨ। ਦਰਮਿਆਨੇ ਵਰਗ ਦੇ ਮਾਪੇ ਆਪਣੇ ਕੰਮਕਾਰ ਛੱਡ ਕੇ ਨੋਟਾਂ ਦੇ ਥੱਬੇ ਲਈ ਵੱਖ-ਵੱਖ ਮਾਡਲ ਸਕੂਲਾਂ ਦੇ ਵਿਹੜਿਆਂ ਵਿਚ ਚੱਕਰ ਮਾਰਦੇ ਹਨ। ਉਹ ਰੋਟੀ ਭਾਵੇਂ ਚੱਜ ਦੀ ਨਾ ਖਾਣ ਪਰ ਉਹਨਾਂ ਦਾ ਸੁਪਨਾ ਆਪਣੇ ਨਿਆਣੇ ਨੂੰ ਚੰਗੇਰੀ ਵਿੱਦਿਆ ਪ੍ਰਦਾਨ ਕਰਵਾਉਣਾ ਹੁੰਦਾ ਹੈ। ਉਹਨਾਂ ਦੇ ਇਹ ਯਤਨ ਇੰਝ ਮਾਲੂਮ ਹੁੰਦੇ ਹਨ, ਜਿਵੇਂ ਕਿ ਪ੍ਰੀ-ਨਰਸਰੀ ਵਿਚ ਦਾਖਲਾ ਮਿਲਣ ਨਾਲ ਹੀ ਨਿਆਣੇ ਦਾ ਭਵਿੱਖ ਸੁਨਿਸ਼ਚਿਤ ਹੋ ਜਾਵੇਗਾ, ਯਕੀਨਨ ਸੁਨਿਹਰਾ ਹੋ ਜਾਵੇਗਾ। ਅਜੇ ਬੱਚਾ ਆਪਣਾ ਹੱਗਣ-ਮੂਤਣ ਦੱਸਣ ਦੇ ਕਾਬਿਲ ਵੀ ਨਹੀਂ ਹੁੰਦਾ ਕਿ ਨਿੱਤ ਸਵੇਰੇ ਸਕੂਲ ਵਾਲੀ ਵੈਨ ਜਾਂ ਬੱਸ ਉਹਨਾਂ ਦੇ ਬੂਹੇ ਆ ਹਾਰਨ ਮਾਰਨਾ ਸ਼ੁਰੂ ਕਰ ਦਿੰਦੀ ਹੈ। ਰੋਂਦੇ ਕੁਰਲਾਉਂਦੇ ਮਾਸੂਮ ਬੱਚੇ ਬਾਹੋਂ ਫੜ-ਫੜ ਸਕੂਲੇ ਤੋਰੇ ਜਾਂਦੇ ਹਨ। ਵਧੇਰੇ ਕਰਕੇ ਮਾਪੇ ਹੀ ਬੱਚੇ ਦਾ ਭਵਿੱਖ ਤੈਅ ਕਰਦੇ ਹਨ, ਉਸਦੇ ਭਵਿੱਖ ਦੇ ਸੁਪਨੇ ਉਹ ਖ਼ੁਦ ਸਜਾਉਂਦੇ ਹਨ। ਚਾਹੇ ਕੋਈ ਮਾੜੀ ਮੋਟੀ ਦੁਕਾਨਦਾਰੀ ਕਰਦਾ ਹੋਵੇ, ਜਾਂ ਮੱਧਿਅਮ ਵਰਗ ਦੀ ਕਿਰਸਾਨੀ, ਹਰ ਕੋਈ ਆਪਣੇ ਘਰ ਵਿਚ ਅਫ਼ਸਰ ਜੰਮਿਆ ਹੀ ਮਹਿਸੂਸ ਕਰਦਾ ਹੈ। ਪਿਛਲੇ ਡੇਢ-ਦੋ ਦਹਾਕਿਆਂ ਤੋਂ ਹਾਲਾਤ ਹੋਰ ਨਿੱਘਰ ਗਏ ਹਨ, ਹਰ ਕੋਈ ਜਾਇਜ਼-ਨਜਾਇਜ਼ ਤਰੀਕੇ ਨਾਲ ਜਹਾਜ਼ ਦੇ ਹੂਟੇ ਲੈਣੇ ਚਾਹੁੰਦਾ ਹੈ। ਮੈਂ ਖ਼ੁਦਕਸ਼ੀ ਕਰਨ ਦੀਆਂ ਸਕੀਮਾਂ ਘੜਨ ਵਾਲੀ ਇੱਕ ਅਜਿਹੀ ਕੁੜੀ ਨੂੰ ਮਿਲ ਚੁੱਕਾ ਹਾਂ, ਜਿਸਦੇ ਪਿਓ ਨੇ ਉਸਨੂੰ ਦਿਲਚਸਪੀ ਨਾ ਹੋਣ ਦੇ ਬਾਵਜੂਦ ਇਸ ਲਈ ਆਸਟ੍ਰੇਲੀਆ ਭੇਜਿਆ ਕਿ ਉਹ ਖ਼ੁਦ ਬਾਹਰਲੇ ਮੁਲਕ ਦੀ ਸੈਰ ਕਰਨੀ ਚਾਹੁੰਦਾ ਸੀ। ਕੀ ਇਹ ਅਜੀਬ ਨਹੀਂ ਹੈ ਕਿ ਮਾਪੇ ਆਪਣੇ ਸੁਪਨੇ ਨਿਆਣਿਆਂ ਰਾਹੀਂ ਪੂਰੇ ਕਰਨੇ ਚਾਹੁੰਦੇ ਹਨ, ਬਿਨਾਂ ਇਹ ਜਾਣੇ ਕਿ ਸੰਬੰਧਿਤ ਵਿਸ਼ੇ ਜਾਂ ਕਾਰਜ ਖੇਤਰ ਵਿਚ ਬੱਚੇ ਦੀ ਦਿਲਚਸਪੀ ਹੈ ਵੀ ਜਾਂ ਨਹੀਂ। ਕੀ ਇਹ ਲਾਜ਼ਿਮੀ ਹੈ ਕਿ ਹਰ ਕਿਸੇ ਦੀ ਕਾਬਲੀਅਤ ਡਾਕਟਰ, ਇੰਜੀਨੀਅਰ ਜਾਂ ਅਫ਼ਸਰ ਬਣਨ ਦੀ ਹੋਵੇ? ਜੇਕਰ ਨਹੀਂ ਤਾਂ ਮਾਪੇ ਆਪਣੇ ਬੱਚਿਆਂ ਦੀ ਕਾਬਲੀਅਤ ਅਤੇ ਦਿਲਚਸਪੀ ਜਾਣੇ ਬਿਨਾਂ ਉਹਨਾਂ ‘ਤੇ ਅਣਚਾਹੀਆਂ ਕਿਤਾਬਾਂ ਦਾ ਇਤਨਾ ਬੋਝ ਕਿਉਂ ਪਾ ਦਿੰਦੇ ਹਨ, ਜੋ ਕਿ ਕੁਝ ਵਰਿੵਅਾਂ ਬਾਅਦ ਉਹਨਾਂ ਲਈ ਮਾਨਸਿਕ ਬੋਝ ਬਣ ਜਾਂਦਾ ਹੈ। ਫਿਰ ਅਜਿਹੇ ਮਾਪੇ ਇਹ ਵੀ ਬਰਦਾਸ਼ਤ ਨਹੀਂ ਕਰ ਸਕਦੇ ਕਿ ਉਹਨਾਂ ਦਾ ਬੱਚਾ ਆਪਣਾ ਕੋਈ ਸ਼ੌਂਕ ਪੂਰਾ ਕਰ ਸਕੇ। “ਬੱਸ ਬੇਟਾ! ਤੇਰੀ ਪੜ੍ਹਾਈ ਦਾ ਇਹ ਸਾਲ ਬਹੁਤ ਮਹੱਤਵਪੂਰਣ ਹੈ, ਇੱਕ ਵਾਰ ਪੜ੍ਹਾਈ ਪੂਰੀ ਕਰ ਲੈ, ਮੁੜ ਜੋ ਜੀਅ ਆਵੇ ਕਰੀਂ!” ਕੀ ਸੱਚਮੁੱਚ? ਜਦੋਂ ਉਸਦੀ ਪੜ੍ਹਾਈ ਪੂਰੀ ਹੋਣੀ ਹੈ, ਕੀ ਉਹ ਮਿੱਟੀ ਵਿਚ ਕੁਦਾੜੀਆਂ ਮਾਰ ਸਕੇਗਾ? ਕੀ ਉਹ ਮੰਜੇ ‘ਤੇ ਚੜ੍ਹ ਕੇ ਛਾਲਾਂ ਮਾਰ ਸਕੇਗਾ? ਕੀ ਉਹ ਆਪਣੇ ਹਾਣੀਆਂ ਨਾਲ ਜੂੰਡੋ-ਜੂੰਡੀ ਹੋ ਸਕੇਗਾ? ਯਕੀਨਨ ਨਹੀਂ! ਉਸਦਾ ਉਹ ਬਚਪਨ ਕਦੇ ਵੀ ਵਾਪਸ ਨਹੀਂ ਆਵੇਗਾ, ਜੋ ਬੀਤ ਚੁੱਕਿਆ ਹੈ। ਬਾਲੀਵੁੱਡ ਫਿਲਮ ‘ਏਕ ਫੂਲ ਦੋ ਮਾਲੀ’ ਦਾ ਗੀਤ “ਤੁਝੇ ਸੂਰਜ ਕਹੂੰ ਯਾ ਚੰਦਾ, ਤੁਝੇ ਦੀਪ ਕਹੂੰ ਯਾ ਤਾਰਾ, ਮੇਰਾ ਨਾਮ ਕਰੇਗਾ ਰੌਸ਼ਨ, ਜੱਗ ਮੇਂ ਮੇਰਾ ਰਾਜ ਦੁਲਾਰਾ” ਵੀ ਮੈਨੂੰ ਸਵਾਰਥ ਨਾਲ ਭਰਿਆ ਜਾਪਦਾ ਹੈ। ਜਾਪਦਾ ਹੈ ਕਿ ਸੰਬੰਧਿਤ ਵਿਅਕਤੀ ਨੇ ਮੁੰਡਾ ਜੰਮ ਕੇ ਇਸ ਤਰੀਕੇ ਦੀ ਵੀਹ ਸਾਲਾ ਯੋਜਨਾ ਬਣਾਈ ਹੈ ਕਿ ਮੁੰਡੇ ਦੇ ਸਕਾਰਤਮਕ ਕਾਰਜਾਂ ਕਰਕੇ ਉਸਦਾ ਨਾਮ ਰੌਸ਼ਨ ਹੋ ਜਾਵੇ ਅਤੇ ਪੁੱਤਰ ਬੁਢਾਪੇ ਵਿਚ ਉਸਦਾ ਸਹਾਰਾ ਬਣੇ। ਆਪਣੀ ਔਲਾਦ ਤੋਂ ਅਜਿਹੀਆਂ ਆਸਾਂ ਲਾਉਣੀਆਂ ਗ਼ਲਤ ਨਹੀਂ ਹਨ ਪਰ ਬੱਚੇ ਦੇ ਜਨਮ ਦੇ ਨਾਲ ਹੀ ਆਪਣੀਆਂ ਕਲਪਨਾਵਾਂ ਵਿਚ ਉਸ ‘ਤੇ ਵੱਖ-ਵੱਖ ਤਰਾਂ ਦੇ ਬੋਝ ਲੱਦ ਦੇਣੇ ਜਾਂ ਅਜਿਹੀਆਂ ਯੋਜਨਾਵਾਂ ਬਨਾਉਣੀਆਂ ਕਿਸੇ ਵੀ ਤਰੀਕੇ ਨਾਲ ਜਾਇਜ਼ ਨਹੀਂ ਕਹੀਆਂ ਜਾ ਸਕਦੀਆਂ। ਅਜਿਹੇ ਬਹੁਤ ਸਾਰੇ ਨਿਆਣੇ ਹੁੰਦੇ ਹਨ, ਜਿਹਨਾਂ ਨੂੰ ਮਾਪੇ ਕੁੱਟ-ਕੁੱਟ ਕੇ ਪੜ੍ਹਾਉਂਦੇ ਹਨ। ਅਧਿਆਪਕਾਂ ਕੋਲ ਸ਼ਿਕਾਇਤਾਂ ਵੀ ਲਾਉਂਦੇ ਹਨ ਅਤੇ ਪੈਸਾ ਵੀ ਪਾਣੀ ਵਾਂਗ ਰੋੜ੍ਹਦੇ ਹਨ। ਜੇਕਰ ਅਜਿਹੇ ਬੱਚੇ ਢੀਠ ਹੋ ਜਾਣ ਤਾਂ ਉਹਨਾਂ ਨੂੰ ਦੁਨੀਆ ਦੀ ਕੋਈ ਵੀ ਤਾਕਤ ਪੜ੍ਹਨੇ ਨਹੀਂ ਪਾ ਸਕਦੀ। ਬਚਪਨ ਵਿੱਚ ਹੋਈ ਗਿੱਦੜਕੁੱਟ ਉਹਨਾਂ ਨੂੰ ਅੰਦਰਖਾਤੇ ਬਾਗ਼ੀ ਬਣਨ ਲਈ ਉਤਸ਼ਾਹਿਤ ਕਰ ਸਕਦੀ ਹੈ ਅਤੇ ਉਹਨਾਂ ਨੂੰ ਗ਼ਲਤ ਰਾਹ ‘ਤੇ ਵੀ ਤੋਰ ਸਕਦੀ ਹੈ। ਇੱਥੇ ਬਹੁਤ ਸਾਰੇ ਪਾਠਕਾਂ ਨੂੰ ਆਪਣਾ ਬਚਪਨ ਯਾਦ ਆ ਸਕਦਾ ਹੈ ਜਿਹਨਾਂ ਦੇ ਹਾਲਾਤ ਅਜਿਹੇ ਰਹੇ ਹੋਣਗੇ ਪਰ ਵਰਤਮਾਨ ਵਿਚ ਉਹ ਸਫ਼ਲ ਵਿਅਕਤੀ ਹੋ ਸਕਦੇ ਹਨ। ਮੈਂ ਜ਼ਿੰਦਗੀ ਦੇ ਜਿਸ ਦੌਰ ਦੀ ਗੱਲ ਕਰ ਰਿਹਾ ਹਾਂ, ਉਹਨਾਂ ਦਾ ਉਹ ਸਮਾਂ ਬੀਤ ਚੁੱਕਾ ਹੈ ਅਤੇ ਉਦੋਂ ਦੀ ਸੋਚ ਵੀ ਸਮਾਂ ਵਿਹਾ ਚੁੱਕੀ ਹੈ। ਜੇਕਰ ਬੱਚੇ ਦੀ ਯੋਗਤਾ ਡਾਕਟਰੀ, ਇੰਜੀਅਰਿੰਗ, ਕੰਪਿਊਟਰ ਜਾਂ ਅਕਾਊਂਟਿੰਗ ਵਰਗੀਆਂ ਔਖੀਆਂ ਪੜ੍ਹਾਈਆਂ ਮੁਤਾਬਿਕ ਨਾ ਹੋਵੇ ਤਾਂ ਇਸ ਵਿਚ ਉਸ ਦਾ ਕੀ ਕਸੂਰ? ਬਹੁਤ ਸਾਰੇ ਬੱਚਿਆਂ ਦੀ ਦਿਲਚਸਪੀ ਰਚਨਾਤਮਕ ਕਾਰਜਾਂ ਜਾਂ ਇਸ ਨਾਲ ਸੰਬੰਧਿਤ ਪੜ੍ਹਾਈ ਵਿਚ ਹੁੰਦੀ ਹੈ ਪਰ ਮਾਪੇ ਉਹਨਾਂ ਅੱਗੇ ਮੈਡੀਕਲ ਜਾਂ ਨਾਨ-ਮੈਡੀਕਲ ਵਰਗੀਆਂ ਚੁਣੌਤੀਆਂ ਰੱਖ ਦਿੰਦੇ ਹਨ। ਬਹੁਤਾਤ ਲੋਕ ‘ਆਰਟਸ’ ਵਿਸ਼ੇ ਨੂੰ ਇੰਝ ਸਮਝਦੇ ਹਨ ਜਿਵੇਂ ਕਿ ਪੜ੍ਹਾਈ ਦੇ ਵਰਗੀਕਰਨ ਵਿਚ ਇਸਦਾ ਦਰਜਾ ਸਭ ਤੋਂ ਨੀਵਾਂ ਹੋਵੇ। ਮੁੱਖ ਤੌਰ ‘ਤੇ ਦਿਮਾਗ਼ ਦੇ ਦੋ ਭਾਗ ਹੁੰਦੇ ਹਨ, ਸੱਜਾ ਅਤੇ ਖੱਬਾ। ਜਿਹਨਾਂ ਵਿਅਕਤੀਆਂ ਦੇ ਦਿਮਾਗ਼ ਦਾ ਸੱਜਾ ਭਾਗ ਵਧੇਰੇ ਕਾਰਜਸ਼ੀਲ ਹੁੰਦਾ ਹੈ, ਉਹ ਵਧੇਰੇ ਭਾਵੁਕ ਹੁੰਦੇ ਹਨ, ਉਹਨਾਂ ਦੀ ਦਿਲਚਸਪੀ ਦਾ ਕੇਂਦਰ ਕਲਾ ਅਤੇ ਸਿਰਜਣਾ ਹੁੰਦਾ ਹੈ। ਦਿਮਾਗ਼ ਦੇ ਖੱਬੇ ਪਾਸੇ ਤੋਂ ਕੰਮ ਲੈਣ ਵਾਲੇ ਵਿਅਕਤੀ ਤਰਕ ਦੇ ਆਧਾਰ ‘ਤੇ ਕੰਮ ਕਰਦੇ ਹਨ। ਉਹਨਾਂ ਦੇ ਧਿਆਨ ਦਾ ਕੇਂਦਰ ਤੱਥ ਅਤੇ ਯੋਜਨਾਬੰਦੀ ਹੁੰਦਾ ਹੈ। ਹੁਣ ਜੇਕਰ ਕੁਦਰਤ ਨੇ ਕਿਸੇ ਬੱਚੇ ਦੇ ਦਿਮਾਗ਼ ਦਾ ਸੱਜਾ ਪਾਸਾ ਵਧੇਰੇ ਕਾਰਜਸ਼ੀਲ ਬਣਾਇਆ ਹੈ ਤਾਂ ਉਸ ਵਿਚ ਬੱਚੇ ਦਾ ਕੀ ਕਸੂਰ? ਉਹ ਕਿੱਥੋਂ ਲੋਕਾਂ ਨੂੰ ਟੂਟੀਆਂ ਲਾ-ਲਾ ਕੇ ਚੈੱਕ ਕਰੇਗਾ ਤੇ ਉਹਨਾਂ ਦੇ ਪੁੜੇ ਵਿਚ ਟੀਕੇ ਲਗਾਏਗਾ? ਪਰ, ਜੇਕਰ ਮਾਪਿਆਂ ਦੀਆਂ ਆਸਾਂ ਉਮੀਦਾਂ ਇਸ ਪੱਧਰ ਦੀਆਂ ਹੋਣ ਤਾਂ ਮੈਂ ਇਸ ਵਿਚ ਉਹਨਾਂ ਦਾ ਕਸੂਰ ਵੀ ਨਹੀਂ ਮੰਨਦਾ। ਆਪਣੇ ਵਤਨ ਵਿਚ ਕਿਹੜਾ ‘ਬੱਚਿਆਂ ਦੇ ਪਾਲਣ-ਪੋਸ਼ਣ’ ਦੀਆਂ ਕਲਾਸਾਂ ਲਗਾਉਣ ਦਾ ਚਲਨ ਹੈ? ਬਹੁਤਾਤ ਲੋਕ ਤਾਂ ਇਹ ਮੰਨ ਕੇ ਚੱਲਦੇ ਹਨ ਕਿ; • ਬੱਚੇ ਪ੍ਰਮਾਤਮਾ ਦੀ ਦੇਣ ਹਨ। • ਜੋ ਚੁੰਝ ਦਿੰਦਾ ਹੈ ਉਹ ਚੋਗ਼ਾ ਵੀ ਦੇਵੇਗਾ। • ਪ੍ਰਮਾਤਮਾ ਬੱਚੇ ਦੀ ਦਾਤ ਦੇ ਦੇਵੇ, ਉਹ ਆਪੇ ਹੀ ਪਲ ਜਾਵੇਗਾ। • ਹਰੇਕ ਆਪਣੀ ਕਿਸਮਤ ਲਿਖਾ ਕੇ ਨਾਲ ਲਿਆਉਂਦਾ ਹੈ। ਅਜਿਹੀ ਸੋਚ ਦੇ ਮਾਲਕਾਂ ਅੱਗੇ ‘ਬੱਚਿਆਂ ਦੇ ਪਾਲਣ-ਪੋਸ਼ਣ’ ਸੰਬੰਧੀ ਸਹੀ ਜਾਣਕਾਰੀ ਹੋਣ ਬਾਰੇ ਗੱਲ ਕਰਨਾ ਸ਼ਾਇਦ ਗ਼ਲਤ ਬੂਹਾ ਖੜਕਾਉਣ ਦੇ ਬਰਾਬਰ ਹੋਵੇਗਾ। ਬਹੁਤਾਤ ਜੋੜਿਆਂ ਦਾ ਵਾਹ-ਵਾਸਤਾ ‘ਫੈਮਿਲੀ ਪਲਾਨਿੰਗ’ ਵਰਗੇ ਸ਼ਬਦਾਂ ਨਾਲ ਵੀ ਨਹੀਂ ਪੈਂਦਾ। ਉਹਨਾਂ ਨੂੰ ਵਧ ਗਈ ਵੇਲ਼ ਦਾ ਉਦੋਂ ਪਤਾ ਲੱਗਦਾ ਹੈ, ਜਦੋਂ ਨਵ-ਵਿਆਹੀ ਨੂੰ ਅਚਾਨਕ ਉਲਟੀ ਆ ਜਾਂਦੀ ਹੈ, ਜਾਂ ਚਿੱਤ ਘਾਊਂ-ਮਾਊਂ ਹੋਣ ਕਰਕੇ ਉਹ ਮੂੰਹ ਸਿਰ ਲਪੇਟ ਸੂਰਜ ਸਿਰ ‘ਤੇ ਆਉਣ ਤੱਕ ਅੰਦਰ ਹੀ ਪਈ ਰਹਿੰਦੀ ਹੈ। ਬਹੁਤ ਹੀ ਸੰਵੇਦਨਸ਼ੀਲ ਵਿਅਕਤੀਤਵ ਦੇ ਮਾਲਕ ਬੱਚੇ ਆਪਣੇ ਮਾਪਿਆਂ ਦੀਆਂ ਖਵਾਹਿਸ਼ਾਂ ਨੂੰ ਪੂਰਾ ਕਰਨਾ ਚਾਹੁੰਦੇ ਹਨ। ਮਾਪਿਆਂ ਦੀਆਂ ਖਵਾਹਿਸ਼ਾਂ ਪੂਰੀਆਂ ਕਰਨਯੋਗ ਹੋਣ ਜਾਂ ਨਾ ਹੋਣ ਬਾਰੇ ਉਹ ਨਹੀਂ ਸੋਚਦੇ। ਕੀ ਇਹ ਲਾਜ਼ਿਮੀ ਹੈ ਕਿ ਜੇਕਰ ਮਾਪੇ ਆਪਣੇ ਬੱਚੇ ਨੂੰ ਡਾਕਟਰ ਬਣਿਆ ਵੇਖਣਾ ਚਾਹੁੰਦੇ ਹੋਣ ਤਾਂ ਬੱਚੇ ਦੀ ਦਿਲਚਸਪੀ ਵੀ ਮੈਡੀਕਲ ਸਾਇੰਸ ਵਿਚ ਹੋਵੇ? ਅਜਿਹੇ ਸੰਵੇਦਨਸ਼ੀਲ ਬੱਚੇ ਜਦੋਂ ਇਹ ਵੇਖਦੇ ਹਨ ਕਿ ਮਾਪੇ ਉਹਨਾਂ ਦੀ ਪੜ੍ਹਾਈ ਲਈ ਦਿਨ ਰਾਤ ਆਪਣੇ ਹੱਡ ਭੰਨਦੇ ਹਨ ਤਾਂ ਉਹ ਆਪਣੀਆਂ ਜ਼ਿੰਮੇਵਾਰੀਆਂ ਨੂੰ ਹੋਰ ਵੱਡਾ ਹੋਇਆ ਮਹਿਸੂਸ ਕਰਦੇ ਹਨ। ਆਸਾਂ ‘ਤੇ ਖਰਾ ਨਾ ਉਤਰ ਸਕਣ ਕਰਕੇ ਅਜਿਹੇ ਬੱਚਿਆਂ ਦੇ ਮਨਾਂ ਵਿਚ ਆਪਣੇ ਆਪ ਨੂੰ ਸਰੀਰਕ ਨੁਕਸਾਨ ਪਹੁੰਚਾਉਣ ਜਾਂ ਆਤਮਘਾਤ ਦੇ ਖਿਆਲ ਆਉਣਾ ਸੰਭਵ ਹੈ। ਉਹ ਦੋ-ਚਿੱਤੀ ਦੀ ਜ਼ਿੰਦਗੀ ਜਿਉਂਦੇ ਹਨ। ਆਪਣੇ ਆਪ, ਆਪਣੀ ਯੋਗਤਾ ਅਤੇ ਸੰਬੰਧਿਤ ਔਖੀ ਪੜ੍ਹਾਈ ਵਿਚ ਦਿਲਚਸਪੀ ਨਾ ਹੋਣ ਬਾਰੇ ਪਤਾ ਹੋਣ ਦੇ ਬਾਵਜੂਦ ਉਹ ਕਿਸੇ ਨਾਲ ਆਪਣੇ ਦਿਲ ਦੀ ਗੱਲ ਸਾਂਝੀ ਨਹੀਂ ਕਰ ਪਾਉਂਦੇ। ਕਿਉਂ? ਕਿਉਂ ਜੋ ਉਹ ਸਮਝਦੇ ਹਨ ਕਿ ਉਹਨਾਂ ਦੇ ਮਾਪਿਆਂ ਨੇ ਬਹੁਤ ਉਮੀਦਾਂ ਲਗਾਈਆਂ ਹਨ, ਵਿਤ ਤੋਂ ਵਧ ਕੇ ਖ਼ਰਚੇ ਕੀਤੇ ਹਨ, ਉਹ ਆਪਣੀਆਂ ਮਿਹਨਤਾਂ ਦਾ ਮੁੱਲ ਨਾ ਮਿਲਦਾ ਵੇਖ ਕੇ ਨਿਰਾਸ਼ ਹੋ ਜਾਣਗੇ। ਆਪਣੇ ਆਪ ਅਤੇ ਮਾਪਿਆਂ ਨੂੰ ਨਿਰਾਸ਼ਤਾ ਤੇ ਨਮੋਸ਼ੀ ਤੋਂ ਬਚਾਉਣ ਲਈ ਅਜਿਹੇ ਬੱਚੇ ਆਪਣੀ ਜ਼ਿੰਦਗੀ ਨੂੰ ਦਾਅ ‘ਤੇ ਲਗਾ ਸਕਦੇ ਹਨ। ਅਜਿਹੀ ਮਾਨਸਿਕ ਸਥਿਤੀ, ਤਣਾਅ ਅਤੇ ਡਿਪਰੈਸ਼ਨ ਦੇ ਸ਼ਿਕਾਰ ਅਜਿਹੇ ਵਿਦਿਆਰਥੀਆਂ ਨੂੰ ਮੈਂ ਖ਼ੁਦ ਮਿਲ ਚੁੱਕਾ ਹਾਂ, ਗੱਲਬਾਤ ਕਰ ਚੁੱਕਾ ਹਾਂ ਤੇ ਅਜਿਹੀ ਸਥਿਤੀ ਵਿਚੋਂ ਬਾਹਰ ਆਉਣ ਦੇ ਚਾਹਵਾਨਾਂ ਦਾ ਮਸਲਾ ਹੱਲ ਵੀ ਕਰ ਚੁੱਕਾ ਹਾਂ। ਆਪਾਂ ਅਖ਼ਬਾਰਾਂ ਤੇ ਟੈਲੀਵਿਜ਼ਨਾਂ ‘ਤੇ ਆਏ ਦਿਨ ਵਿਦਿਆਰਥੀਆਂ ਦੁਆਰਾ ਖ਼ੁਦਕਸ਼ੀ ਦੀਆਂ ਖ਼ਬਰਾਂ ਵੇਖਦੇ ਹਾਂ। ਸਮਾਜ, ਵਿੱਦਿਅਕ ਢਾਂਚਿਆਂ ਅਤੇ ਸਰਕਾਰਾਂ ਨੂੰ ਇਹਨਾਂ ਖ਼ੁਦਕਸ਼ੀਆਂ ਦੇ ਪਿਛਲੇ ਕਾਰਣਾਂ ਬਾਰੇ ਚਿੰਤਨ ਕਰਨ ਦੀ ਸਖ਼ਤ ਲੋੜ ਹੈ। ਬਹੁਤ ਸਾਰੇ ਮਾਪਿਆਂ ਨੂੰ ਲੋਕਾਂ ਦੀ ਲੋੜੋਂ ਵੱਧ ਪ੍ਰਵਾਹ ਹੁੰਦੀ ਹੈ। ਜੇਕਰ ਉਹਨਾਂ ਦਾ ਬੱਚਾ ਕਿਸੇ ‘ਜ਼ਿਕਰਯੋਗ’ ਵਿਸ਼ੇ ਦੀ ਪੜ੍ਹਾਈ ਨਾ ਕਰ ਸਕਿਆ ਤਾਂ ਗੁਆਂਢੀ, ਦੋਸਤ, ਰਿਸ਼ਤੇਦਾਰ ਜਾਂ ਹੋਰ ਲੋਕ ਉਹਨਾਂ ਨੂੰ ਕੀ ਕਹਿਣਗੇ? ਉਹ ਕਿਸੇ ਨੂੰ ਮੂੰਹ ਵਿਖਾਉਣ ਯੋਗ ਨਹੀਂ ਰਹਿਣਗੇ। ਅਜਿਹੀਆਂ ਸੋਚਾਂ ਤੋਂ ਖਹਿੜਾ ਛੁਡਾਉਣ ਦੀ ਬਹੁਤ ਸਖ਼ਤ ਲੋੜ ਹੈ। ਪਹਿਲੀ ਗੱਲ, ਕੋਈ ਕਿਸੇ ਨੂੰ ਕੁਝ ਕਹਿੰਦਾ ਹੀ ਨਹੀਂ, ਨਾ ਹੀ ਕਿਸੇ ਕੋਲ ਕਿਸੇ ਹੋਰ ਬਾਰੇ ਸੋਚਣ ਦਾ ਸਮਾਂ ਹੈ। ਦੂਜੀ ਗੱਲ, ਜੇਕਰ ਕੋਈ ਕੁਝ ਕਹਿੰਦਾ ਹੈ ਤਾਂ ਮਾਪਿਆਂ ਵਿਚ ਉਸਨੂੰ ਰੋਕਣ ਤੇ ਟੋਕਣ ਦੀ ਜੁਰਅਤ ਹੋਣੀ ਲਾਜ਼ਿਮੀ ਹੈ। ਆਪਣੇ ਬੱਚਿਆਂ ਦੀ ਧਿਰ ਬਣਨਾ ਜਰੂਰੀ ਹੈ। ਜੇਕਰ ਉਹ ਕਿਸੇ ਪਿੱਛੇ ਲੱਗ ਕੇ ਆਪਣੀ ਔਲਾਦ ਨੂੰ ਬੁਰਾ-ਭਲਾ ਕਹਿਣਗੇ, ਮਾਰਨ-ਕੁੱਟਣਗੇ, ਹੋਰਨਾਂ ਸਾਹਮਣੇ ਭੰਡਣਗੇ ਤਾਂ ਕਿਸੇ ਦਾ ਕੁਝ ਨਹੀਂ ਜਾਏਗਾ, ਅਜਿਹੇ ਮਾਪੇ ਆਪਣੀਆਂ ਜੜ੍ਹਾਂ ਵਿਚ ਖ਼ੁਦ ਹੀ ਤੇਲ ਦੇ ਰਹੇ ਹੁੰਦੇ ਹਨ। ਅਜਿਹੇ ਕਾਰਣਾਂ ਕਰਕੇ ਜੇਕਰ ਉਹਨਾਂ ਦੀ ਔਲਾਦ ਬਾਗ਼ੀ ਹੁੰਦੀ ਹੈ ਜਾਂ ਆਪਣੀ ਜ਼ਿੰਦਗੀ ਨਾਲ ਖੇਡਦੀ ਹੈ ਤਾਂ ਇਸਦੇ ਜ਼ਿੰਮੇਵਾਰ ਉਹ ਖ਼ੁਦ ਹੋਣਗੇ, ਅਜਿਹਾ ਮਾਪਿਆਂ ਨੂੰ ਸਪੱਸ਼ਟ ਪਤਾ ਹੋਣਾ ਚਾਹੀਦਾ ਹੈ। ਬਾਅਦ ਵਿਚ ਆਪਣੇ ਮਾੜੇ ਲੇਖਾਂ ਨੂੰ ਰੋਣਾ ਜਾਂ ਕੁਦਰਤ ਨੂੰ ਉਲਾਂਭਾ ਦੇਣਾ ਤਾਂ ਨਿਰਾ ਧੱਕਾ ਹੋਵੇਗਾ। ਚੰਗਾ ਹੋਵੇ ਜੇਕਰ ਵਰਤਮਾਨ ਨੂੰ ਸੰਭਾਲ ਲਿਆ ਜਾਵੇ ਅਤੇ ਆਪਣੀ ਔਲਾਦ ਦੇ ਭਵਿੱਖ ਦੀਆਂ ਯੋਜਨਾਵਾਂ ਤੈਅ ਕਰਦੇ ਸਮੇਂ ਉਹਨਾਂ ਦੇ ਸ਼ੌਂਕ, ਦਿਲਚਸਪੀ ਅਤੇ ਯੋਗਤਾ ਨੂੰ ਵੀ ਮਾਪਦੰਡ ਮੰਨ ਲਿਆ ਜਾਵੇ। |