ਨੋਟ: ਪੰਜਾਬੀ ਸਾਹਿਤ ਨੂੰ ਸਮਰਪਿਤ, ਵਿਗਿਆਨੀ, ਲੇਖਕ-ਕਵੀ ਅਤੇ ਜੀਵਨ ਦੇ ਬਹੁਪੱਖੀ ਅਨੁਭਵਾਂ ਦੇ ਧਾਰਨੀ ਡਾ. ਗੁਰਦੇਵ ਸਿੰਘ ਘਣਗਸ, ਕਿਸੇ ਰਸਮੀ ਜਾਣ-ਪਹਿਚਾਣ ਦੇ ਮੁਹਤਾਜ ਨਹੀਂ ਹੈ। 2005 ਵਿੱਚ ਆਪਣੀ ਪਹਿਲੀ ਕਾਵਿ-ਪੁਸਤਕ ‘ਸੱਠਾਂ ਤੋਂ ਬਾਅਦ’ ਦੀ ਪ੍ਰਕਾਸ਼ਨਾ ਮਗਰੋਂ ਉਸਨੇ ਫਿਰ ਪਿਛਾਂਹ ਮੁੜ ਕੇ ਨਹੀਂ ਦੇਖਿਆ। ‘ਸੱਠਾਂ ਤੋਂ ਬਾਅਦ’ ਉਸਨੇ, ਪੰਜਾਬੀ ਸਾਹਿਤਕ ਜਗਤ ਦੀ ਝੋਲੀ ਵਿੱਚ ਅਗ੍ਹਾਂ ਦਰਜ ਹੋਰ ਕਾਵਿ-ਸੰਗ੍ਰਹਿ/ਪੁਸਤਕਾਂ ਪਾਈਅਾਂ: ਤੁਰਦੇ ਭੁਰਦੇ ਜੁੜਦੇ ਰਿਸ਼ਤੇ(2006), ਕੁਝ ਆਰ ਦੀਅਾਂ ਕੁਝ ਪਾਰ ਦੀਅਾਂ (2008), ਧੁੱਖਦੇ ਅਹਿਸਾਸ( 2009), ਸੱਤਰ ਦੇ ਲਾਗ (2012) ਅਤੇ ਇਕ ਮੋੜ ਵਿਚਲਾ ਪੈਂਡਾ (2019)। ਡਾ. ਘਣਗਸ ਦੀਅਾਂ ਦੋ ਪੁਸਤਕਾਂ ਅੰਗਰੇਜ਼ੀ ਵਿੱਚ ਵੀ ਪ੍ਰਕਾਸ਼ਿਤ ਹੋਈਅਾਂ ਜਿਵੇਂ ਕਿ 1. In Search of Pathways—The Making and Breaking of A Scientist in the Modern World —(Memoir 2015) and 2. Journey Through aTurning Point—My Life During And After Leukemia —(Memoir-2019). ‘ਇਕ ਮੋੜ ਵਿਚਲਾ ਪੈਂਡਾ’ ਇਸ ਅੰਗਰੇਜ਼ੀ ਪੁਸਤਕ ‘Journey Through A Turning Point—My Life After Leukemia ਦਾ ਹੀ ਪੰਜਾਬੀ ਰੂਪ ਹੈ। ਇਹ ਸਵੈ-ਜੀਵਨੀ ਪੜ੍ਹਨ ਨਾਲ ਹੀ ਸੰਬੰਧ ਰੱਖਦੀ ਹੈ ਜਿਸ ਰਾਹੀਂ ਪਤਾ ਲੱਗਦਾ ਹੈ ਕਿ ਇਸ ਸਿਰੜ ਦੇ ਪੱਕੇ ਕਵੀ/ਲੇਖਕ ਨੇ ਕਿੰਨ੍ਹਾਂ ਗੰਭੀਰ ਹਾਲਤਾਂ ਵਿੱਚੋਂ ਲੰਘਦਿਆ ਆਪਣੇ ਜੀਵਨ ਦੇ ਇਸ ‘ਸਮੇਂ’ ਦਾ ਦਲੇਰੀ ਨਾਲ ਨਾ ਕੇਵਲ ਮੁਕਾਬਲਾ ਹੀ ਕੀਤਾ ਸਗੋਂ ਲੋੜੀਂਦੀ ਜਿੱਤ ਵੀ ਪਰਾਪਤ ਕੀਤੀ ਅਤੇ ਜੀਵਨ ਨੂੰ ਨਵੀਅਾਂ ਸੇਧਾਂ ਦੇ ਕੇ ਹਲਕੇ-ਫੁਲਕੇ ਰੁਝੇਵਿਅਾਂ ਨਾਲ ਸੁਖਾਵਾਂ ਬਣਾਇਆ। ਇਸ ਪ੍ਰੇਰਨਾ-ਸਰੋਤ ਪੁਸਤਕ ਦੇ ਪਠਨ ਨੇ ਨਿਰਸੰਦੇਹ ਮੈਂਨੂੰ ਝੰਝੋੜਿਆ, ਸੋਚ ਨੂੰ ਟੁੰਬਿਆ, ਢੇਰੀ ਢਾਉਣ ਤੋਂ ਵਰਜਿਆ ਅਤੇ ਬਲ ਬਖਸ਼ਿਆ। ਇਹ ਸਵੈ-ਜੀਵਨੀ ਪੜ੍ਹਨ ਯੋਗ, ਸੋਚ ਨੂੰ ਡਾਵਾਂ-ਡੋਲ ਹੋਣ ਤੋਂ ਬਚਾਉਣ ਵਾਲੀ ਅਤੇ ਪ੍ਰੇਰਨਾਦਾਇਕ ਹੋਣ ਕਾਰਨ ‘ਲਿਖਾਰੀ’ ਦੇ ਪਾਠਕਾਂ ਗੋਚਰੇ ਕਿਸ਼ਤਾਂ ਵਿੱਚ ਹਾਜ਼ਰ ਕੀਤੀ ਜਾ ਰਹੀ ਹੈ।—-ਲਿਖਾਰੀ *** ਕਿਸ਼ਤ: 7 ਪੂਰਬੀ ਤੱਟ ਨੂੰ 2010 ਵਿਚ ਅਲਵਿਦਾ ਕਹਿਕੇ, ਸੁਰਿੰਦਰ ਅਤੇ ਮੈਂ ਸੈਕਰਾਮੈਂਟੋ ਇਲਾਕੇ ਵਿਚ ਡੇਰਾ ਲਾ ਲਿਆ। ਸੱਤ ਸਾਲ ਬੀਤ ਗਏ, ਪਰ ਆਸ ਪਾਸ ਦੇ ਇਲਾਕੇ ਦੇਖਣ ਦੇ ਸਬੱਬ ਨਾ ਬਣੇ। ਇਕ ਸਮੱਸਿਆ ਇਹ ਸੀ ਕਿ ਸਾਨੂੰ ਕਈ ਦੇਖਣ ਵਾਲੀਆਂ ਥਾਵਾਂ ਬਾਰੇ ਜਾਂਣਕਾਰੀ ਨਹੀਂ ਸੀ। ‘ਸਿਆਰਾ ਕਾਲਜ’ ਵੱਲੋਂ ਇਤਿਹਾਸਕ ਥਾਵਾਂ ਦੇ ਦਰਸ਼ਨ ਕਰਨ ਲਈ ਇਕ ਕਾਰਜ਼ ਚਲਾਇਆ ਹੋਇਆ ਸੀ। ਜਦ ਸਾਨੂੰ ਪਤਾ ਚੱਲਿਆ ਅਸੀਂ ਉਸਦਾ ਲਾਭ ਉਠਾਉਣਾ ਸ਼ੁਰੂ ਕਰ ਦਿੱਤਾ। 22 ਮਾਰਚ, 2017 ਵਾਲੇ ਦਿਨ ਅਸੀਂ ਸਿਆਰਾ ਕਾਲਜ ਤੋਂ ਸਵੇਰੇ 9:15 ਵਜੇ ਬੱਸ ਫੜੀ ਅਤੇ ਚੱਲ ਪਏ। ਸੈਕਰਾਮੈਂਟੋ ਵਿਚਦੀ ਲੰਘਦੀ ਬੱਸ ਸੈਕਰਾਮੈਂਟੋ ਨਦੀ ਦੇ ਕੰਢੇ ਤੇ ਜਾ ਖਲੋਈ। ਸਾਡੇ ਨਾਲ 50 ਬੰਦੇ ਹੋਰ ਸਨ, ਜਿਨ੍ਹਾਂ ਵਿਚ ਕਈ ਮੇਰੀ ਲਿੰਕਨ ਸ਼ਹਿਰ ਵਿਚ ਪੜ੍ਹਾਈ ਜਾਂਦੀ ਯਾਦ-ਦਾਸ਼ਤ ਕਲਾਸ ਦੇ ਸਨ। ਸੈਕਰਾਮੈਂਟੋ ਦੇ ਇਤਿਹਾਸ ਦਾ ਅਜਾਇਬ ਘਰ ਦੇਖਣ ਜਾਂਦਿਆਂ ਸਾਰੇ ਰਸਤੇ ਮੀਂਹ ਵਰ੍ਹਦਾ ਰਿਹਾ। ਇਹ ਵੀ ਇਕ ਚੰਗੀ ਸ਼ੁਰੂਆਤ ਸੀ ਕਿਉਂਕਿ ਅਜਾਇਬ ਘਰ ਦਾ ਇਤਿਹਾਸ ਵਰਖਾ, ਨਦੀਆਂ, ਅਤੇ ਕੈਲੇਫੋਰਨੀਆ ਦੀ ਸੋਨਾ-ਦੌੜ ਨਾਲ ਸੰਬੰਧਤ ਹੈ। ਅਜਾਇਬ ਘਰ ਤੋਂ ਕੁਝ ਮੀਲ ਉੱਪਰ ਵੱਲ ਇਕ ਨਦੀ (American River) ਹੈ ਜੋ ਦੂਜੀ ਨਦੀ (Sacramento River) ਵਿਚ ਜਾ ਮਿਲਦੀ ਹੈ। ਸੈਕਰਾਮੈਂਟੋ ਦਾ ਸ਼ਹਿਰ ਇਸ ਥਾਂ ਦੇ ਇਰਦ ਗਿਰਦ ਹੀ ਆਰੰਭ ਹੋਇਆ ਸੀ। ਸੈਕਰਾਮੈਂਟੋ ਦੇ ਉੱਤਰੀ ਇਲਾਕਿਆਂ ਵਿਚ ਸੰਨ-2017 ਦੇ ਹੜ੍ਹ ਇਸ ਗੱਲ ਦੀ ਗਵਾਹੀ ਭਰਦੇ ਹਨ ਕਿ ਪਾਣੀ ਬੇਅੰਤ ਲੋਕਾਂ, ਘਰਾਂ, ਅਤੇ ਪਸ਼ੂਆਂ ਦਾ ਨਾਸ਼ ਕਰ ਸਕਦਾ ਹੈ। ਇਸੇ ਤਰ੍ਹਾਂ ਦੇ ਨੁਕਸਾਨ ਇੱਥੇ 1850 ਦੇ ਲਾਗੇ ਵੀ ਹੁੰਦੇ ਰਹੇ ਸਨ। ਤਕਰੀਬਨ 175 ਸਾਲ ਪਹਿਲਾਂ ਦੇ ਸਮੇਂ ਨੂੰ ਸੋਨਾ ਦੌੜ (Gold Rush) ਦਾ ਸਮਾਂ ਵੀ ਆਖਿਆ ਜਾਂਦਾ ਹੈ। ਲੋਕਾਂ ਨੂੰ ਭੁਲੇਖਾ ਹੋ ਗਿਆ ਸੀ ਕਿ ਕੈਲੇਫੋਰਨੀਆ ਵਿਚ ਜਿਵੇਂ ਦਰਖਤਾਂ ਦੇ ਪੱਤੇ ਸੋਨੇ ਦੇ ਬਣੇ ਹੋਣ। ਉਹ ਸੈਕਰਾਮੈਂਟੋ ਵੱਲ ਪੈਦਲ,ਬੱਘੀਆਂ (ਘੋੜਾ ਗੱਡੀਆਂ) ਤੇ ਆਏ, ਅਤੇ ਸਾਨ ਫਰਾਂਸਿਸਕੋ ਨੂੰ ਦੁਨੀਆ ਭਰ ਤੋਂ ਕਿਸ਼ਤੀਆਂ ਰਾਹੀਂ, ਸੋਨੇ ਦੀ ਖਿੱਚ ਨੇ ਨਵੇਂ ਵਿਓਪਾਰੀ ਵੀ ਲਿਆਂਦੇ, ਜੀਹਨਾਂ ਨੇ ਸੈਕਰਾਮੈਂਟੋ ਨਦੀ ਦੇ ਆਸ-ਪਾਸ ਜ਼ਮੀਨਾਂ ਖਰੀਦ ਲਈਆਂ। ਜਿੱਥੇ ਜਿੱਥੇ ਸੋਨੇ ਦੀਆਂ ਖਾਨਾਂ ਦੀ ਸੂਹ ਮਿਲੀ, ਉਥੇ ਉਥੇ ਸੋਨਾ-ਦੌੜ ਨਗਰ ਉਸਰਦੇ ਗਏ। ਇਹ ਸੋਨਾ-ਨਗਰ ਹੁਣ ਹਾਈਵੇ 49 ਦੇ ਇਰਦ ਗਿਰਦ ਮਿਲਦੇ ਹਨ, ਜਿੱਥੇ ਸਭ ਤੋਂ ਪਹਿਲਾਂ ਸੋਨਾ ਮਿਲਿਆ ਸੀ। ਸੈਕਰਾਮੈਂਟੋ ਨਦੀ ਦੇ ਕੰਢੇ ਤੇ ਉਸਾਰੇ ਨਵੇਂ ਘਰ ਉਨ੍ਹਾਂ ਲੋਕਾਂ ਦੀ ਲੋੜ ਪੂਰੀ ਕਰਦੇ ਸਨ ਜੋ ਸੋਨਾ-ਦੌੜ ਸਮੇਂ ਦੂਰ ਨੇੜੇ ਦੇ ਨਗਰਾਂ ਵੱਲ ਪਸਰ ਰਹੇ ਸਨ। ਪਹਿਲੇ ਘਰਾਂ ਦੀ ਉਸਾਰੀ ਲਈ ਟੁੱਟੀਆਂ-ਭੱਜੀਆਂ ਕਿਸ਼ਤੀਆਂ ਵੀ ਵਰਤੀਆਂ ਜਾਂਦੀਆਂ ਸਨ। ਉਸ ਸਮੇਂ ਦੇ ਸੈਕਰਮੈਂਟੋ ਦੇ ਵਪਾਰੀਆਂ ਵਿਚ ‘ਜੋਹਨ ਸਟਰ’ ਨਾਂ ਦਾ ਵਿਅਕਤੀ ਮਸ਼ਹੂਰ ਸੀ। ਮੇਰੀ ਸਮਝੇ ਜੋਹਨ ਸਟਰ (1803-1880), ਜਰਮਨੀ-ਸਵਿਟਜ਼ਰਲੈਂਡ ਤੋਂ ਆਕੇ ਇੱਥੇ ਵਸਿਆ ਸੀ ਜਦੋਂ ਕੈਲੇਫੋਰਨੀਆ ਮੈਕਸੀਕੋ ਦਾ ਭਾਗ ਹੁੰਦਾ ਸੀ। ਉਸਦੀ ਵਸਾਈ ਕਲੋਨੀ ਦਾ ਨਾਂ ਬਾਅਦ ਵਿਚ ਸੈਕਰਾਮੈਂਟੋ ਸ਼ਹਿਰ ਹੋ ਗਿਆ। ਸਟਰ ਨੇ ਵਪਾਰੀਆਂ, ਲੁਟੇਰਿਆਂ, ਅਤੇ ਆਵਾਸੀਆਂ ਲਈ ਘਰ ਬਣਾਏ। ਇਤਿਹਾਸ ਗਵਾਹ ਹੈ ਕਿ ਸਟਰ ਨੇ ਆਦਿਵਾਸੀਆਂ ਦੀ ਮਿਹਨਤ ਦਾ ਨਜਾਇਜ਼ ਫਾਇਦਾ ਵੀ ਲਿਆ। ਸਟਰ ਨੇ ਮੈਕਸੀਕਨ ਗਵਰਨਰ ਨਾਲ ਗਿਟ-ਮਿਟ ਕਰਕੇ ਆਪਣੇ ਨਾਂ ਤੇ ਸੈਕਰਾਮੈਂਟੋ ਨਦੀ ਲਾਗੇ ਜ਼ਮੀਨਾਂ ਲਵਾ ਲਈਆਂ। ਇਕ ਜ਼ਮੀਨ ਟੁਕੜੇ ਵਿਚੋਂ ਕੁਝ ਸੋਨੇ ਦੀਆਂ ਟੁਕੜੀਆਂ ਦੀ ਸ਼ਨਾਖਤ ਕੀਤੀ ਗਈ। ਇਹ ਵੀ ਕਿਹਾ ਮਿਲਦਾ ਹੈ ਕਿ ਇਸ ਸੋਨੇ ਕਾਰਨ ਹੀ ਉਸਦਾ ਨਿਘਾਰ ਹੋਇਆ। ਸਭ ਤੋਂ ਪਹਿਲਾਂ ਸੋਨੇ ਦੀ ਸ਼ਨਾਖਤ ਸੈਕਰਾਮੈਂਟੋ ਵਿਚ ਹੋਈ ਜਿੱਥੇ ਸਟਰ ਦਾ ਵਾਸਾ ਸੀ। ਉਥੇ ਉਦੋਂ ਘੋੜਿਆਂ ਦੀ ਲਿੱਦ ਤੋਂ ਪਾਥੀਆਂ ਵੀ ਬਣਦੀਆਂ ਸਨ। ਇਹ ਇਤਿਹਾਸਕ ਜਗ੍ਹਾ ਮੇਰੇ ਘਰ ਤੋਂ ਵੀਹ ਮੀਲ ਦੀ ਵਿੱਥ ਤੇ ਹੈ। । ਸੈਕਰਾਮੈਂਟੋ ਦੇ ਲੋਕਾਂ ਨੇ ਭਰਤ ਪਾਕੇ ਜ਼ਮੀਨ ਨੂੰ ਨੌਂ ਫੁੱਟ ਉੱਚੀ ਕਰਨ ਦਾ ਫੈਸਲਾ ਕਰ ਲਿਆ। ਅਸੀਂ ਉਨ੍ਹਾਂ ਥਾਵਾਂ ਵਿਚ ਦੀ ਲੰਘੇ ਜੋ ਇਸ ਅਜਾਇਬ ਘਰ ਦੇ ਨਾਲ ਲਗਦੀਆਂ ਹਨ। ਥਾਵਾਂ ਉੱਚੀਆਂ ਕਰਨ ਦਾ ਕਾਰਨ ਸਮਝਣਾ ਤਾਂ ਸੌਖਾ ਸੀ। ਦਿਲਚਸਪ ਅਤੇ ਹੈਰਾਨ ਕਰਨ ਵਾਲੀ ਗੱਲ ਤਾਂ ਇਹ ਸੀ ਕਿ ਹੜ੍ਹਾਂ ਕਾਰਨ ਮਿੱਟੀ ਵਿੱਚ ਦੱਬੇ ਮਕਾਨਾਂ ਨੂੰ ਵੀ ਨੌਂ ਫੁੱਟ ਉੱਚੇ ਚੱਕ ਦਿੱਤਾ ਗਿਆ। ਇਹ ਗੱਲਾਂ ਸੰਨ 1900 ਤੋਂ ਕੁਝ ਸਮਾਂ ਪਹਿਲਾਂ ਦੀਆਂ ਹਨ। ਨਮੂਨੇ ਵੱਜੋਂ ਕੁਝ ਮਕਾਨ ਓਵੇਂ ਦੇ ਓਵੇਂ ਦੱਬੇ ਰਹੇ। ਅਜਾਇਬ ਘਰ ਨੇ ਖੁਦਾਈ ਕਰਵਾਕੇ ਇਨ੍ਹਾਂ ਨੂੰ ਪਰਦਰਸ਼ਨੀ ਦਾ ਲਾਜਵਾਬ ਨਮੂਨਾ ਬਣਾ ਲਿਆ ਹੈ। ਅਸੀਂ ਪੁਰਾਣੇ ਘਰਾਂ ‘ਚ ਘੁੰਮ ਘੁੰਮ ਮਾਲਕਾਂ ਦੀਆਂ ਦੱਬੀਆਂ ਵਸਤਾਂ, ਉਨ੍ਹਾਂ ਦੇ ਜੀਵਨ ਢੰਗ ਬਾਰੇ ਜਾਣ ਸਕੇ। ਇਹ ਜਾਣਕਾਰੀ ਪੋਥੀਆਂ ਪੜ੍ਹਕੇ ਨਹੀਂ ਮਿਲ ਸਕਦੀ। ਅਜਾਇਬ ਘਰ ਵਿਚ ਉਸ ਸਮੇਂ ਵਿਚ ਸ਼ੁਰੂ ਹੋਏ ਅਖਬਾਰ ਸੈਕਰਾਮੈਂਟੋ ਬੀਅ (The Sacramento Bee) ਦਾ ਇਤਿਹਾਸ ਵੀ ਪਿਆ ਹੈ। ਇਸ ਇਮਾਰਤ ਵਿਚ ਸਿਰਫ ਹੜ੍ਹਾਂ ਅਤੇ ਸੋਨੇ ਦੇ ਅੰਕੜੇ ਹੀ ਨਹੀਂ ਹਨ, ਇਥੇ ਲੋਕਾਂ ਦੀ ਗਾਥਾ ਵੀ ਹੈ। ਇੱਥੇ ਪੁਰਾਣੇ ਟੁਕੜੇ, ਮਸ਼ੀਨਾਂ, ਲੀੜੇ ਅਤੇ ਖਾਣੇ ਪਏ ਹਨ ਜੋ ਉਸ ਸਮੇਂ ਦੇ ਲੋਕਾਂ ਦੇ ਜੀਵਨ ਦੀ ਬਾਤ ਪਾਉਂਦੇ ਹਨ। ‘ਸੈਕਰਾਮੈਂਟੋ ਇਤਿਹਾਸ ਅਜਾਇਬ ਘਰ’ ਦਾ ਸਾਡੇ ਤੇ ਇਤਨਾ ਪਰਭਾਵ ਪਿਆ ਕਿ ਘਰ ਜਾਕੇ ਅਸੀਂ ਲਾਗੇ-ਲਗਦਾ ਰੇਲ਼-ਪੱਟੀ ਯਾਦਗਾਰ ਦੇਖਣ ਲਈ ਨਾਮ ਲਿਖਾ ਦਿੱਤੇ। ਸਫ਼ਰਨਾਮੇ – ਨੇੜੇ ਦੇ ਇਤਿਹਾਸਕ ਅਜਾਇਬ ਘਰ ਦੀ ਯਾਤਰਾ ਤੋਂ ਵਾਪਸ ਆਕੇ, ਸੁਰਿੰਦਰ ਅਤੇ ਮੈਂ ਸੈਕਰਾਮੈਂਟੋ ਦੇ ਰੇਲ-ਮਾਰਗ ਅਜਾਇਬ ਘਰ ਜਾਣ ਦੀ ਤਰੀਕ ਉਡੀਕਦੇ ਰਹੇ। ਦੋਨੋਂ ਅਜਾਇਬ ਘਰ ਸੈਕਰਾਮੈਂਟੋ ਨਦੀ ਦੇ ਉੱਤਰੀ ਕੰਢੇ ਤੇ ਸਥਾਪਤ ਇਕ-ਦੂਜੇ ਦੇ ਗੁਆਂਢੀ ਹਨ। ਅਰਜੀਆਂ ਭਰਨ ਤੋਂ ਬਾਅਦ ਸਾਨੂੰ ਸਿਆਰਾ ਕਾਲਜ ਤੋਂ ਸੂਚਨਾ ਪੱਤਰ ਆਇਆ ਜਿਸ ਵਿਚ ਲਿਖਿਆ ਸੀ ਕਿ ਸੈਕਰਾਮੈਂਟੋ ਰੇਲ-ਮਾਰਗ ਅਜਾਇਬ ਘਰ ਦੀ ਯਾਤਰਾ, 7 ਅਪਰੈਲ, 2017 ਦਿਨ ਸ਼ੁਕਰਵਾਰ ਨੂੰ ਸ਼ੁਰੂ ਹੋਵੇਗੀ। ਬੱਸ ਨੇ ਸਿਆਰਾ ਕਾਲਜ ਤੋਂ ਸਵੇਰੇ 9:15 ਤੇ ਚੱਲਣਾ ਸੀ। ਯਾਤਰਾ ਵਾਲੇ ਦਿਨ ਅਸੀਂ ਘਰੋਂ ਸਵਖਤੇ ਚੱਲ ਪਏ, ਅਤੇ ਬਾਕੀਆਂ ਵਾਂਗ, ਦੁਪਹਿਰੇ ਖਾਣ ਲਈ ਨਿੱਕ-ਸੁੱਕ ਦੇ ਨਾਲ ਪਾਣੀ ਦੀਆਂ ਬੋਤਲਾਂ ਲੈ ਲਈਆਂ। ਸਾਡੇ ਨਿੱਕ-ਸੁੱਕ ਵਿਚ ਘਰ ਬਣਾਏ ਪਰੌਠਿਆਂ ਵਿਚ ਸੁੱਕੀ ਸਬਜ਼ੀ ਲਪੇਟੀ ਹੋਈ ਸੀ।. ਇਸ ਵਾਰ ਫੇਰ, ਬਾਰਸ਼ ਸਵੇਰੇ ਸਵੇਰੇ ਸ਼ੁਰੂ ਹੋ ਗਈ। ਤਕਰੀਬਨ 17 ਜਣੇ ਬੱਸ ਵਿਚ ਚੜ੍ਹਨ ਲਈ ਕਿਤਾਰ ਵਿਚ ਲੱਗ ਗਏ। ਬੱਸ ਚੰਦ ਕੁ ਮਿੰਟ ਪਛੜਕੇ ਆਈ। ਬੱਸ-ਡਰਾਈਵਰ ਸਿਰੇ ਦਾ ਬੰਦਾ ਸੀ। ਅਸੀਂ ਵੀ ਝੱਟ ਬੱਸ ਵਿਚ ਚੜ੍ਹ ਗਏ ਅਤੇ ਭਰੇ ਹੋਏ ਕਾਗਜ਼ ਅਸੀਂ ਸ਼ੈਰੀ ਨੂੰ ਸੌਂਪ ਦਿੱਤੇ ਜੋ ਇਸ ਯਾਤਰਾ ਦੀ ਪ੍ਰਬੰਧਕ ਸੀ। ‘‘ਆਸ ਹੈ ਕਿ ਤੁਸੀਂ ਇਕ ਭੰਗੜੇ ਵਰਗੇ ਦਿਨ ਲਈ ਤਿਆਰ ਹੋ,’’ ਉਹ ਕਹਿੰਦੀ। ਇਸ ਵਾਕ ਦੇ ਖਤਮ ਹੁੰਦਿਆਂ ਅਸੀਂ ਕੈਲੇਫੋਨੀਆ ਦੇ ਇਤਿਹਾਸ ਦੀ ਅਗਲੀ ਯਾਤਰਾ ਸ਼ੁਰੂ ਕਰ ਲਈ ਸੀ। ਯਾਤਰਾ ਦੇ ਸਾਰੇ ਪ੍ਰਬੰਧ, ਸ਼ੈਰੀ ਅਤੇ ਉਸਦੀ ਸਹਾਇਕ, ਮੈਡੀਸਨ, ਨੇ ਕੀਤੇ ਸਨ। ਸਿਆਰਾ ਕਾਲਿਜ ਨਾਲ ਜੁੜੇ ਓਸ਼ਰ ਲਾਈਫ ਲੌਗ ਇਨਸਟੀਟਿਊਟ ਪ੍ਰੋਗਰਾਮ (Osher Life Long Institute (OLLI) program) ਨੂੰ ਸੈਕਰਾਮੈਂਟੋ ਦੇ ਇਲਾਕੇ ਵਿਚ ਇਹ ਦੋਨੋ ਚਲਾ ਰਹੀਆਂ ਸਨ। ਓਸ਼ਰ ਪ੍ਰੋਗਰਾਮ, ਵੱਖ ਵੱਖ ਕਾਲਜਾਂ ਨਾਲ ਮਿਲਕੇ ਤਕਰੀਬਨ 500 ਲੋਕ-ਹਿਤਕਾਰੀ ਕੰਮ ਚਲਾ ਰਿਹਾ ਹੈ। ਓਸ਼ਰ ਪਰਿਵਾਰ ਦੀ ਇਹ ਲੋਕਾਂ ਨੂੰ ਵਡਮੁੱਲੀ ਦੇਣ ਹੈ। ਇਕ 80ਆਂ ਨੂੰ ਟੱਪਿਆ ਮਖੌਲੀਆ ਬੰਦਾ, ਜੌਰਜ ਪਾਲਮਰ, ਸਾਨੂੰ ਯਾਤਰਾ ਗਾਈਡ ਦਿੱਤਾ ਗਿਆ। ਵੱਡੀ ਉਮਰ ਵਿੱਚ ਵੀ ਉਹ ਦੋਸਤਾਂ-ਮਿੱਤਰਾਂ ਨਾਲ ਪੈਦਲ ਯਾਤਰਾ ਤੇ ਚੜ੍ਹਿਆ ਰਹਿੰਦਾ ਸੀ। ਅਜਾਇਬ ਘਰ ‘ਚ ਘੁਮਾਉਂਦਾ ਹੋਇਆ ਜਦ ਉਹ ਕੁਝ ਦੱਸਣ ਲੱਗਾ, ਲੋਕ ਆਪਸ ਵਿਚ ਘੁਸਰ-ਮੁਸਰ ਕਰ ਰਹੇ ਸਨ। ‘‘ਅਸੀਂ ਕੁਝ ਗਾਉਣਾ ਹੋਵੇ ਤਾਂ ਇਕੱਠੇ ਗਾ ਸਕਦੇ ਹਾਂ, ਇਕੱਠੇ ਗੱਲਾਂ ਨਹੀਂ ਕਰ ਸਕਦੇ,’’ ਬੋਲਣ ਤੋਂ ਪਹਿਲਾਂ ਉਹ ਕਹਿਣ ਲੱਗਾ। ਇਸ ਬਜ਼ੁਰਗ ਤੋਂ ਮੈਂ ਕਿੰਨੀ ਚੰਗੀ ਗੱਲ ਸਿੱਖ ਲਈ। ਅਜਾਇਬ ਘਰ ਵਿੱਚ ਤੁਰਦਾ ਤੁਰਦਾ ਉਹ ਸੈਕਰਾਮੈਂਟੋ ਰੇਲ-ਮਾਰਗ ਦੇ ਉਸਾਰਨ ਦੇ ਇਤਿਹਾਸ ਦੀ ਗੱਲ ਕਰਦਾ, ਇਸਨੂੰ ਲੂਜ਼ੀਆਨਾ-ਖਰੀਦ ਨਾਲ ਜੋੜ ਦਿੰਦਾ, ਕੈਲੇਫੋਰਨੀਆ ਦੀ ਸੋਨਾ-ਦੌੜ ਨਾਲ ਸੰਬੰਧ ਦੱਸ ਜਾਂਦਾ, ਤੇ ਅਮਰੀਕਾ ਦੇ ਪਰਧਾਨ ਬਣਨ ਤੋਂ ਪਹਿਲਾਂ, ਐਬਰਾਹਾਮ ਲਿੰਕਨ ਦੇ ਰੇਲ-ਮਾਰਗ ਦੇ ਵਕੀਲ ਸਮੇਂ ਦੀਆਂ ਕਹਾਣੀਆਂ ਦਸਦਾ। ਮਿਸਟਰ ਪਾਲਮਰ ਅਮ੍ਰੀਕਾ ਦੇ ਰੇਲ-ਮਾਰਗ ਇਤਿਹਾਸ ਵਿਚ ਚੀਨੀ ਅਤੇ ਕਾਲੇ ਅਮ੍ਰੀਕਣਾਂ ਦੇ ਹਿੱਸਿਆਂ ਬਾਰੇ ਜਾਣਕਾਰੀ ਦਿੰਦਾ। ਆਪਣੀ ਮਖੌਲੀਆ ਕਥਾ-ਵਾਰਤਾ ਵਿਚ ਉਹਨੇ ਪਰਧਾਨ ਬਰਾਕ ਓਬਾਮਾ ਦੇ ਵਿਰਸੇ ਦੀਆਂ ਗੱਲਾਂ ਦੱਸੀਆਂ, ਮਾਂ ਨਾਲ ਜੁੜੀਆਂ, ਅਤੇ ਬਾਪ ਨਾਲ ਜੁੜੀਆਂ। ‘‘ਪਰਧਾਨ ਓਬਾਮਾ ਮਾਂ ਵੱਲੋਂ ਵਾਰਨ ਬੱਫਟ, ਸੈਰਾ ਪੇਲਨ, ਰਛ ਲਿੰਬਾਗ, ਅਤੇ ਜੌਰਜ ਬੁਸ਼ ਨਾਲ ਜੁੜਿਆ ਹੋਇਆ ਹੈ।’’ ਕੋਲ ਖੜੇ ਸਾਰੇ ਹੱਸਣ ਲੱਗ ਪਏ। ਕੰਮਪਿਊਟਰ ਤੇ ਚਲਾਈ ਐਨਸੈਸਟਰੀ-ਡਾਟ-ਕਾਮ (Ancestry.com) ਖੋਜ ਕੰਪਣੀ ਅਨੁਸਾਰ, ਓਬਾਮਾ ਜੋਹਨ ਪੰਚ ਦੀ ਗਿਆਂਰਵੀ ਪੁਸ਼ਤ ਹੈ। ਜੋਹਨ ਪੰਚ ਜ਼ਬਰਦਸਤੀ ਅਮ੍ਰੀਕਣ ਗੁਲਾਮ ਬਣਾਇਆ ਹੋਇਆ ਸੀ। ਓਬਾਮਾ ਦੀ ਚਿੱਟੇ ਰੰਗ ਦੀ ਮਾਂ ਅਮਰੀਕਣ ਬਸਤੀਆਂ ਦੇ ਪਹਿਲੇ ਗੁਲਾਮ ਦੀ ਵੰਸ਼ ਵਿਚੋਂ ਸੀ, ਜੋ ਬੰਚ ਪਰਿਵਾਰ ਨਾਲ ਸੰਬੰਧਤ ਹੈ। ‘‘ਕਿਸੇ ਹੋਰ ਨੂੰ ਨਾ ਦੱਸਿਓ ਕਿ ਇਹ ਸਭ ਕੁਝ ਸੱਚ ਹੈ,’’ ਮਿਸਟਰ ਪਾਲਮਰ ਕਹਿੰਦਾ। ਮੈਂ ਹਾਂ ‘ਚ ਹਾਂ ਮਿਲਾ ਦਿੱਤੀ। ਪਰਦਰਸ਼ਨੀ ਵਿੱਚ ਅਸੀਂ ਭਿੰਨ ਭਿੰਨ ਪੁਰਾਣੀਆਂ ਗੱਡੀਆਂ ਦੇ ਇੰਜਣ ਦੇਖੇ, ਜੋ ਲੱਕੜਾਂ ਅਤੇ ਕੋਲਿਆਂ ਨਾਲ ਚਲਦੇ ਸਨ। ਨਵੀਂ ਕੀਤੀ ਪਾਲਸ਼ ਨਾਲ ਪੁਰਾਣੇ ਇੰਜਣ ਵੀ ਨਵੇਂ-ਨਕੋਰ ਲਗਦੇ ਸਨ। ਕੈਲੇਫੋਰਨੀਆ ਅਤੇ ਯੂਰਪ ਦਾ ਕੋਈ ਹੋਰ ਅਜਾਇਬ ਘਰ ਸ਼ਾਇਦ ਹੀ ਸੈਕਰਾਮੈਂਟੋ ਦੇ ਰੇਲ-ਮਾਰਗ ਅਜਾਇਬ ਘਰ ਦੀ ਬਰਾਬਰੀ ਕਰਦਾ ਹੋਵੇ। ਸਾਡੇ ਨਾਲ ਕਈ ਲੋਕ ਇਸ ਅਜਾਇਬ ਘਰ ਵਿਚ ਬਾਰ-ਬਾਰ ਆਉਣ ਵਾਲੇ ਸਨ। ਇਕ ਬੰਦਾ, ਜੋ ਹੁਣ ਵਾਲੰਟੀਅਰ ਸੀ, ਦਸ ਸਾਲ ਦਾ ਜੁੜਿਆ ਹੋਇਆ ਸੀ। ਇਸ ਭਲੇ ਪੁਰਸ਼ ਨੇ ਤੰਗ ਰੇਲ-ਪਟੜੀ ਅਜਾਇਬ ਘਰ ਬਾਰੇ ਸੁਣਿਆ ਵੀ ਨਹੀਂ ਸੀ। ਤੰਗ ਰੇਲ-ਪਟੜੀ ਅਜਾਇਬ ਘਰ ਸੈਕਰਾਮੈਂਟੋ ਤੋਂ ਬਾਹਰ ਨੈਵਾਡਾ ਸਿਟੀ ਲਾਗੈ ਹੈ ਜਿਸਨੂੰ ਹਾਈਵੇ 49 ਜਾਂਦਾ ਹੈ। ਜਦ ਮਿਸਟਰ ਪਾਲਮਰ ਨੇ ਆਪਣਾ ਤੋਰਾ ਸਮਾਪਤ ਕੀਤਾ, ਅਸੀਂ ਘਰੋਂ ਲਿਆਂਦਾ ਭੋਜਨ ਅਜਾਇਬ ਘਰ ਦੇ ਕੋਨੇ ਵਿਚ ਬੈਠਕੇ ਛਕ ਲਿਆ। ਜੋ ਮੇਜ ਬਾਹਰ ਥੋੜੀ ਦੂਰ ਨਦੀ ਕਿਨਾਰੇ ਪਏ ਸਨ, ਉਨ੍ਹਾਂ ਤੇ ਹਲਕੀ ਬਾਰਸ਼ ਪੈ ਰਹੀ ਸੀ। ਅਸੀਂ ਤਾਂ ਤੁਰਨ ਵਾਲੇ ਬੂਟ ਪਾਕੇ ਆਏ ਸਾਂ। ਪ੍ਰਬੰਧਕਾਂ ਨੇ ਸਾਡੀ ਭੁੱਖ ਪਛਾਣਕੇ ਖਾਣ ਲਈ ਕੁਰਸੀਆਂ ਦਾ ਪ੍ਰਬੰਧ ਅਜਾਇਬ ਘਰ ਦੇ ਅੰਦਰ ਕਰ ਦਿੱਤਾ। ਖਾਣੇ ਤੋਂ ਬਾਅਦ ਅਸੀਂ ਅਜਾਇਬ ਘਰ ਦੇ ਅੰਦਰ ਆਪਣੇ-ਆਪ ਘੁੰਮਦੇ ਫਿਰਦੇ ਰਹੇ। ਇਤਨੇ ਨੂੰ ਬੱਸ ਆ ਖੜੀ ਹੋਈ ਤੇ ਸਾਡੀ ਬੱਸ ਸਿਆਰਾ ਕਾਲਜ ਦੇ ਪਾਰਕਿੰਗ ਵਿਚ 2:00 ਵਜੇ ਦੇ ਕਰੀਬ ਪਹੁੰਚ ਗਈ। ਕਿਰਾਇਆ ਅਸਾਡਾ ਯਾਤਰਾ ਫੀਸ ਵਿਚ ਹੀ ਭਰਿਆ ਹੋਇਆ ਸੀ। ਇਹ ਯਾਤਰਾ ਵੀ ਸਾਡੇ ਬਹੁਤ ਪਸੰਦ ਆਈ – – ਇਕ ਯਾਦ ਜੋ ਸਾਡੇ ਨਾਲ ਧੁਰ ਤੱਕ ਰਹੇਗੀ। ਇਸ ਯਾਦ ਨੂੰ ਸਾਂਭਣ ਲਈ, ਮੈਂ ਅਜਾਇਬ ਘਰ ਦੇ ਲਾਗੇ ਐਤਵਾਰ ਨੂੰ ਕਾਰ ਘੁਮਾਈ, ਜਦ ਭੀੜ ਘੱਟ ਅਤੇ ਦਿਨੇ ਧੁੱਪ ਸੀ। ਸੈਕਰਾਮੈਂਟੋ ਇਕ ਦੇਖਣ ਵਾਲਾ ਸ਼ਹਿਰ ਹੈ ਜਦ ਸੂਰਜ ਚਮਕਦਾ ਹੋਵੇ ਅਤੇ ਲੋਕ ਸੜਕਾਂ ਤੇ ਟੀਂ-ਟੀਂ ਨਾ ਕਰਦੇ ਫਿਰਦੇ ਹੋਣ। |