ਜ਼ਿੰਦਗੀ ਦਾ ਸਫ਼ਰ ਮਾਂ ਪਿਓ ਦੇ ਨਾਲ ਹੀ ਸ਼ੁਰੂ ਹੁੰਦਾ ਹੈ ਤੇ ਮਾਂ ਪਿਓ ਦੇ ਸਾਥ ਤੋਂ ਬਿਨਾਂ ਇਹ ਸਫ਼ਰ ਸੱਚ-ਮੁੱਚ ਵਿਰਾਨ ਜਾਪਦਾ ਏ। ਇਹ ਸਾਥ ਜਿਨ੍ਹਾਂ ਗੂੜ੍ਹਾ ਹੋਵੇਗਾ ਵਿਛੋੜਾ ਵੀ ਉਨ੍ਹਾਂ ਈ ਜ਼ਿਆਦਾ ਬੁਰਾ ਹੁੰਦਾ ਹੈ। ਜ਼ਿੰਦਗੀ ਕਿਸ ਤਰ੍ਹਾਂ ਦੀ ਹੋਣੀ ਚਾਹੀਦੀ ਏ ਇਹ ਤਾਂ ਸਮਝਣਾ ਬਹੁਤ ਮੁਸ਼ਕਿਲ ਆ ਮੈਨੂੰ ਤਾਂ ਹਜੇ ਇਹ ਵੀ ਪਤਾ ਨਹੀਂ ਲੱਗਾ ਕਿ ਮੌਤ ਕਿਸ ਤਰ੍ਹਾਂ ਦੀ ਹੋਣੀ ਚਾਹੀਦੀ ਏ। ਕੁਦਰਤ ਚਾਹੇ ਤੁਹਾਨੂੰ ਬਦਤਰ ਤੋਂ ਬਦਤਰ ਜ਼ਿੰਦਗੀ ਦੇਵੇ ਉਹ ਯਕੀਨਨ ਮੌਤ ਤੋਂ ਚੰਗੀ ਹੋਵੇਗੀ। ਕਿਉਂਕਿ ਡੁੱਬਦਾ ਸੂਰਜ ਵੀ ਚੜਦੇ ਚੰਨ ਨਾਲ ਕੁਝ ਸਮਾਂ ਬਤੀਤ ਕਰ ਸਕਦਾ ਹੈ। ਤੁਸੀਂ ਬਿਮਾਰ ਹੋਕੇ ਬਿਮਾਰੀ ਨਾਲ ਤਾਂ ਲੜਦੇ ਈ ਹੋ ਪਰ ਆਪਣੇ ਪਰਿਵਾਰ ਨਾਲ ਕਾਫੀ ਸਮਾਂ ਬਤੀਤ ਕਰ ਲੈਂਦੇ ਹੋ। ਇਹੀ ਸਮਾਂ ਤੁਹਾਨੂੰ ਤੇ ਤੁਹਾਡੇ ਪਰਿਵਾਰ ਨੂੰ ਕੁਝ ਸਮਾਂ ਦੇ ਦਿੰਦਾ ਉਹ ਸਭ ਕੁਝ ਕਹਿਣ ਲਈ ਜੋ ਤੁਸੀਂ ਇੱਕ ਦੂਸਰੇ ਲਈ ਸੋਚਿਆ ਹੁੰਦਾ ਤੇ ਤੁਸੀਂ ਇੱਕ ਦੂਸਰੇ ਤੋਂ ਵਿਛੜਨ ਵਾਲੇ ਸੱਚ ਨੂੰ ਮੰਨਣ ਲਈ ਤਿਆਰ ਹੋ ਜਾਂਦੇ ਹੋ। ਪਰ ਕੁਝ ਲੋਕ ਕਿਸੇ ਦੇ ਅਚਾਨਕ ਚਲੇ ਜਾਣ ਨੂੰ ਬਿਮਾਰ ਹੋਕੇ ਮਰਨ ਨਾਲੋਂ ਚੰਗਾ ਸਮਝਦੇ ਹਨ। ਪਰ ਅਜਿਹਾ ਕੁਝ ਵੀ ਨਹੀਂ ਹੁੰਦਾ। ਜਦੋਂ ਤੁਹਾਡੇ ਕੋਲ ਕਰਨ ਲਈ ਸਭ ਕੁਝ ਹੁੰਦਾ ਪਰ ਤੁਹਾਨੂੰ ਕੁਦਰਤ ਕੁਝ ਕਰਨ ਦਾ ਮੌਕਾ ਈ ਨਾ ਦੇਵੇ ਇਹ ਬਹੁਤ ਬੁਰਾ ਹੁੰਦਾ। ਲੱਖਾਂ ਹੀ ਸਵਾਲ ਤੇ ਸੁਪਨੇ ਸਦਾ ਲਈ ਤੁਹਾਡੇ ਅੰਦਰ ਤੜਫਦੇ ਰਹਿੰਦੇ ਹਨ। ਅਣਗਿਣਤ ਪੀੜਾਂ ਕਾਸ਼ ਬਣਕੇ ਜ਼ਿੰਦਗੀ ਤੋਂ ਉਮਰ ਭਰ ਆਪਣੇ ਸਵਾਲਾਂ ਦੇ ਜਵਾਬ ਮੰਗਦੀਆਂ ਰਹਿੰਦੀਆਂ ਹਨ। ਕਿਸੇ ਦਾ ਅਚਾਨਕ ਚਲੇ ਜਾਣਾ ਕਦੇ ਵੀ ਚੰਗਾ ਨਹੀਂ ਹੋ ਸਕਦਾ। ਕਦੇ ਕਦੇ ਅਸੀਂ ਆਪਣੇ ਸਭ ਤੋਂ ਕਰੀਬੀ ਇਨਸਾਨ ਨੂੰ ਗੁਆ ਬੈਠਦੇ ਹਾਂ। ਇਹ ਦੂਰੀਆਂ ਤੁਹਾਨੂੰ ਕਿਸੇ ਹੋਰ ਦੇ ਕਰੀਬ ਕਰ ਦਿੰਦੀਆਂ ਹਨ। ਪਰ ਕਿਸੇ ਹੋਰ ਦੇ ਕਰੀਬ ਹੋਣ ਨਾਲ ਤੁਸੀਂ ਉਸਨੂੰ ਨਹੀਂ ਭੁੱਲ ਸਕਦੇ ਜੋ ਤੁਹਾਡੇ ਸਭ ਤੋਂ ਕਰੀਬ ਸੀ ਕਿਉਂਕਿ ਉਸਦਾ ਦੂਰ ਹੋਣਾ ਵੀ ਤੁਹਾਨੂੰ ਕਿਸੇ ਦੇ ਨੇੜੇ ਕਰ ਜਾਂਦਾ ਹੈ। ਪਰ ਜੋ ਗੱਲ ਇੱਕ ਬੱਚਾ ਆਪਣੀ ਮਾਂ ਨਾਲ ਕਰ ਸਕਦਾ ਹੈ ਉਹ ਆਪਣੇ ਪਿਉ ਨਾਲ ਕਰਨੀ ਮੁਸ਼ਕਿਲ ਹੁੰਦੀ ਆ ਠੀਕ ਉਸੇ ਤਰ੍ਹਾਂ ਜਿਸ ਤਰ੍ਹਾਂ ਜੋ ਗੱਲਾਂ ਤੇ ਦਰਦ ਆਪਣੇ ਜੀਵਨ ਸਾਥੀ ਨਾਲ ਸਾਂਝਾ ਕੀਤਾ ਜਾ ਸਕਦਾ ਹੈ ਉਹ ਆਪਣੇ ਬੱਚਿਆਂ ਜਾਂ ਕਿਸੇ ਹੋਰ ਨਾਲ ਸਾਂਝਾ ਨਹੀਂ ਕੀਤਾ ਜਾ ਸਕਦਾ। ਇਸ ਲਈ ਅੱਗੇ ਤੋਂ ਕਿਸੇ ਦੇ ਅਚਾਨਕ ਚਲੇ ਜਾਣ ਨੂੰ ਚੰਗਾ ਕਹਿਣ ਤੋਂ ਪਹਿਲਾਂ ਇੱਕ ਵਾਰ ਸੋਚਿਉ ਜ਼ਰੂਰ। ਮੌਤ ਸਾਨੂੰ ਸਰੀਰਕ ਤੌਰ ਤੇ ਤਾਂ ਦੂਰ ਕਰ ਦਿੰਦੀ ਹੈ ਪਰ ਜੋ ਮੁਹੱਬਤ ਦਿਲ ਅੰਦਰ ਹੋਵੇ ਉਸਨੂੰ ਕੋਈ ਕਿੱਦਾਂ ਦੂਰ ਕਰ ਸਕਦਾ? ਮਾਂ ਪਿਓ ਦੀ ਕਮੀਂ ਦਾ ਅਹਿਸਾਸ ਮਾਂ ਪਿਓ ਨੂੰ ਗੁਆਉਣ ਤੋਂ ਬਾਅਦ ਹੀ ਪਤਾ ਲੱਗਦਾ ਹੈ। ਇਸ ਲਈ ਆਪਣੇ ਮਾਂ ਪਿਓ ਦੀ ਇੱਜ਼ਤ ਰੱਬ ਤੋਂ ਵੀ ਪਹਿਲਾਂ ਕਰਨੀ ਚਾਹੀਦੀ ਹੈ। ਮਾਂ ਤੇ ਪਿਓ ਦੋਵਾਂ ਦਾ ਪਿਆਰ ਹੀ ਬੱਚਿਆਂ ਲਈ ਸਭ ਤੋਂ ਪਵਿੱਤਰ ਹੁੰਦਾ ਹੈ। ਪਰ ਮਾਂ ਦੀ ਮੁਹੱਬਤ ਸਾਨੂੰ ਕਿਸੇ ਹੋਰ ਰਿਸ਼ਤੇ ਤੋਂ ਕਦੇ ਵੀ ਨਹੀਂ ਮਿਲ ਸਕਦੀ। ਮਾਂ ਦੀ ਪਵਿੱਤਰ ਮੁਹੱਬਤ ਨੂੰ ਸਮਝਣ ਲਈ ਔਰਤ ਤੇ ਮਾਂ ਦੀ ਮੁਹੱਬਤ ਵਿਚਲੇ ਫ਼ਰਕ ਨੂੰ ਸਮਝਣਾ ਪਵੇਗਾ ਕਿਉਂਕਿ “ਇੱਕ ਮਾਂ ਤਾਂ ਹਰ ਤਰ੍ਹਾਂ ਦੇ ਬੱਚੇ ਨੂੰ ਮੁਹੱਬਤ ਕਰ ਸਕਦੀ ਏ ਪਰ ਇੱਕ ਔਰਤ ਨਹੀਂ, ਕਿਉਂਕਿ ਔਰਤ ਮਰਦ ਨੂੰ ਮੁਹੱਬਤ ਕਰਦੀ ਏ ਬੱਚਿਆਂ ਨੂੰ ਨਹੀਂ।” ਜਵਾਨੀ ਵੇਲੇ ਕੁਝ ਸੁਪਨਿਆਂ ਲਈ ਅਸੀਂ ਆਪਣੇ ਮਾਂ ਪਿਓ ਨਾਲ ਲੜ ਪੈਂਦੇ ਹਾਂ ਪਰ ਇੱਕ ਦਿਨ ਸਾਨੂੰ ਅਹਿਸਾਸ ਹੁੰਦਾ ਹੈ ਕਿ ਜਿਸ ਪੈਸੇ, ਰੁਤਬੇ ਤੇ ਬਾਕੀ ਸੁੱਖ ਸਹੂਲਤਾਂ ਲਈ ਮਾਂ ਪਿਓ ਨਾਲ ਲੜੇ ਸੀ ਉਹ ਤਾਂ ਮਾਂ ਪਿਓ ਦੇ ਪਿਆਰ ਅੱਗੇ ਬਹੁਤ ਛੋਟੀਆਂ ਹਨ। ਪਰ ਸਮਾਂ ਲੰਘ ਜਾਣ ਤੇ ਪਛਤਾਵਾ ਕਰਨ ਤੋਂ ਇਲਾਵਾ ਹੋਰ ਕੁਝ ਨਹੀਂ ਕੀਤਾ ਜਾ ਸਕਦਾ। ਆਓ ਸਾਰੀ ਜ਼ਿੰਦਗੀ ਪਛਤਾਉਣ ਨਾਲੋਂ ਆਪਣੇ ਮਾਂ ਪਿਓ ਲਈ ਜਿਊਣਾ ਸਿੱਖੀਏ ਤਾਂ ਜੋ ਮਰਨ ਵੇਲੇ ਉਨ੍ਹਾਂ ਨੂੰ ਕੋਈ ਬੋਝ ਲੈਕੇ ਨਾ ਮਰਨਾ ਪਵੇ। |