ਸਭ ਤੋਂ ਪਹਿਲਾਂ ਆਪਾਂ ਸੋਸ਼ਲ ਮੀਡੀਏ ਦੇ ਫਾਇਦਿਆਂ ਦੀ ਗੱਲ ਕਰਦੇ ਹਾਂ। ਆਪਣੇ ਪਰਿਵਾਰ ਲਈ ਰੋਜ਼ਗਾਰ ਦੀ ਭਾਲ ਤੇ ਪਰਵਾਸ ਕਰਕੇ ਪਰਿਵਾਰਿਕ ਮੈਂਬਰ ਇੱਕ ਦੂਸਰੇ ਤੋਂ ਮਜ਼ਬੂਰੀ ਵੱਸ ਦੂਰ ਹੋ ਚੁੱਕੇ ਹਨ। ਇਸ ਸਥਿਤੀ ਵਿੱਚ ਸੋਸ਼ਲ ਮੀਡੀਏ ਕਰਕੇ ਉਹ ਇੱਕ ਦੂਸਰੇ ਨਾਲ ਜੁੜੇ ਹੋਏ ਹਨ। ਇਸਦੀ ਮਦਦ ਨਾਲ ਉਹ ਇੱਕ ਦੂਸਰੇ ਨੂੰ ਆਪਣੀਆਂ ਭਾਵਨਾਵਾਂ ਦਾ ਅਹਿਸਾਸ ਕਰਵਾਉਣ ਦੀ ਕੋਸ਼ਿਸ਼ ਕਰਦੇ ਹਨ। ਪਰਿਵਾਰ ਤੋਂ ਦੂਰ ਰਹਿਕੇ ਵੀ ਨੇੜਤਾ ਦਾ ਅਹਿਸਾਸ ਬਣਿਆ ਰਹਿੰਦਾ ਹੈ। ਇਸ ਤੋਂ ਇਲਾਵਾ ਹੋਰ ਵੀ ਕਈ ਤਰੀਕਿਆਂ ਨਾਲ ਇੰਟਰਨੈੱਟ ਤੇ ਸੋਸ਼ਲ ਮੀਡੀਏ ਨੇ ਸਾਡੀ ਜ਼ਿੰਦਗੀ ਸੌਖੀ ਕਰ ਦਿੱਤੀ ਹੈ। ਹੁਣ ਅਸੀਂ ਆਸਾਨੀ ਨਾਲ ਆਪਣੀ ਆਵਾਜ਼, ਤਸਵੀਰਾਂ ਇੱਕ ਥਾਂ ਤੋਂ ਦੂਸਰੀ ਥਾਂ ਭੇਜ ਸਕਦੇ ਹਾਂ। ਇਸ ਖੋਜ ਕਰਕੇ ਪੂਰੀ ਦੁਨੀਆਂ ਇੱਕ ਪਿੰਡ ਪ੍ਰਤੀਤ ਹੋਣ ਲੱਗ ਪਈ ਹੈ। ਸਵੇਰੇ ਉੱਠਣ ਤੋਂ ਲੈਕੇ ਰਾਤ ਨੂੰ ਸੌਣ ਤੱਕ ਦਾ ਹਰ ਕੰਮ ਤੇ ਅਹਿਸਾਸ ਇਸ ਨਾਲ ਪੂਰੀ ਤਰ੍ਹਾਂ ਜੁੜ ਚੁੱਕਾ ਹੈ। ਸਾਡੀ ਜ਼ਿੰਦਗੀ ਵਿੱਚ ਇਸਦੀ ਥਾਂ ਦੇਖਕੇ ਇਹ ਕਹਿਣਾ ਗਲਤ ਨਹੀਂ ਹੋਵੇਗਾ ਕਿ ਸੋਸ਼ਲ ਮੀਡੀਆ ਸਾਡੇ ਸੁਭਾਅ ਦਾ ਇੱਕ ਹਿੱਸਾ ਬਣ ਚੁੱਕਾ ਹੈ। ਇਸਦੇ ਕੁਝ ਫਾਇਦੇ ਦੇਖਕੇ ਲੱਗਦਾ ਹੈ ਕਿ ਇਹ ਸੱਚਮੁੱਚ ਸਾਡੇ ਲਈ ਕਿਸੇ ਵਰਦਾਨ ਤੋਂ ਘੱਟ ਨਹੀਂ ਹੈ। ਇਸਦੀ ਮਦਦ ਨਾਲ ਤਰੱਕੀ ਹਾਸਿਲ ਕਰਨ ਦੇ ਅਣਗਿਣਤ ਨਵੇਂ ਮੌਕੇ ਪੈਦਾ ਹੋਏ ਹਨ। ਸਾਨੂੰ ਇਹ ਸਮਝਣਾ ਪਵੇਗਾ ਕਿ ਜੇਕਰ ਇਹ ਬਦਲਾਅ ਸਾਨੂੰ ਅੱਜ ਵਰਦਾਨ ਲੱਗ ਰਿਹਾ ਹੈ ਤਾਂ ਇਸ ਪਿੱਛੇ ਇਸਨੂੰ ਅਪਣਾਉਣ ਵਾਲੀ ਭਾਵਨਾ ਕੰਮ ਕਰ ਰਹੀ ਹੈ। ਸਾਨੂੰ ਇਹ ਵੀ ਮਹਿਸੂਸ ਕਰਨਾ ਪਵੇਗਾ ਕਿ ਅਹਿਸਾਸਾਂ ਨੂੰ ਪ੍ਰਗਟਾਉਣ ਦਾ ਕਦੇ ਵੀ ਇੱਕ ਢੰਗ ਨਹੀਂ ਹੋ ਸਕਦਾ। ਹਰ ਕੋਈ ਵੱਖੋ ਵੱਖਰੇ ਤਰੀਕੇ ਨਾਲ ਆਪਣੀਆਂ ਭਾਵਨਾਵਾਂ ਪੇਸ਼ ਕਰਦਾ ਹੈ। ਕਿਸੇ ਨੂੰ ਲਿਖਤਾਂ ਚੰਗੀਆਂ ਲੱਗਦੀਆਂ, ਕਿਸੇ ਨੂੰ ਵੀਡੀਓ ਤੇ ਕਿਸੇ ਨੂੰ ਕੋਈ ਹੋਰ ਢੰਗ। ਇਹ ਸਾਰੇ ਢੰਗ ਡਿਜੀਟਲ ਖ਼ੇਤਰ ਨਾਲ ਹੀ ਜੁੜੇ ਹੋਏ ਹਨ। ਇਸ ਲਈ ਸਾਨੂੰ ਹਰ ਢੰਗ ਨੂੰ ਅਪਣਾਉਣ ਦੀ ਕੋਸ਼ਿਸ਼ ਕਰਨੀ ਚਾਹੀਦੀ ਹੈ। ਜੇਕਰ ਤੁਸੀਂ ਸੋਸ਼ਲ ਮੀਡੀਆ ਦੇ ਇੱਕ ਗਰੁੱਪ ਵਿੱਚ ਇਕੱਠੇ ਜੁੜੇ ਹੋਏ ਹੋ ਤਾਂ ਆਪਣੀ ਪਸੰਦ ਤੋਂ ਵੱਖਰੇ ਢੰਗ ਨੂੰ ਦੇਖਕੇ ਪ੍ਰੇਸ਼ਾਨ ਹੋਣ ਦੀ ਲੋੜ ਨਹੀਂ। ਉਸਨੂੰ ਨਜ਼ਰਅੰਦਾਜ਼ ਕਰਨਾ ਸਿੱਖੋ। ਜੇਕਰ ਅਸੀਂ ਕੁਝ ਚੰਗਾ ਪੜ੍ਹਨ, ਸੁਣਨ ਦੇ ਮਕਸਦ ਲਈ ਬਣਾਏ ਹੋਏ ਗਰੁੱਪ ਕਰਕੇ ਹੀ ਪ੍ਰੇਸ਼ਾਨ ਹੋ ਰਹੇ ਹਾਂ ਤਾਂ ਇਸਦਾ ਕੀ ਫਾਇਦਾ? ਜੇਕਰ ਕੁਝ ਅਪਣਾਉਣ ਤੇ ਨਜ਼ਰ ਅੰਦਾਜ਼ ਕਰਕੇ ਸਾਨੂੰ ਸਕੂਨ ਮਿਲਦਾ ਹੈ ਤਾਂ ਇਸ ਵਿੱਚ ਹਰਜ਼ ਵੀ ਕੀ ਹੈ।
ਲਿਖ਼ਤ ਅਤਿੰਦਰਪਾਲ ਸਿੰਘ |
*’ਲਿਖਾਰੀ’ ਵਿਚ ਪ੍ਰਕਾਸ਼ਿਤ ਹੋਣ ਵਾਲੀਆਂ ਸਾਰੀਆਂ ਹੀ ਰਚਨਾਵਾਂ ਵਿਚ ਪ੍ਰਗਟਾਏ ਵਿਚਾਰਾਂ ਨਾਲ ‘ਲਿਖਾਰੀ’ ਦਾ ਸਹਿਮਤ ਹੋਣਾ ਜ਼ਰੂਰੀ ਨਹੀਂ। ਹਰ ਲਿਖਤ ਵਿਚ ਪ੍ਰਗਟਾਏ ਵਿਚਾਰਾਂ ਦਾ ਜ਼ਿੰਮੇਵਾਰ ਕੇਵਲ ‘ਰਚਨਾ’ ਦਾ ਕਰਤਾ ਹੋਵੇਗਾ। |