ਕੁਦਰਤ ਦੀ ਸਿਰਜਣਾ ਆਪਣੇ ਆਪ ਵਿੱਚ ਖੂਬਸੂਰਤ ਹੈ। ਇਸ ਖੂਬਸੂਰਤੀ ਨਾਲ ਜੁੜੀ ਹਰ ਜ਼ਿੰਦਗੀ ਆਪਣੀ ਮਰਜ਼ੀ ਅਨੁਸਾਰ ਜ਼ਿੰਦਗੀ ਜਿਊਣ ਦੀ ਸਮਰੱਥਾ ਰੱਖਦੀ ਹੈ। ਕੁਦਰਤ ਦਾ ਜ਼ਿੰਦਗੀ ਨਾਲ ਜੁੜੇ ਹਰ ਪਹਿਲੂ ਉੱਪਰ ਕੰਟਰੋਲ ਹੁੰਦਾ ਹੈ। ਪਰ ਹਰ ਕੋਈ ਕੰਟਰੋਲ ਵਿੱਚ ਰਹਿਣ ਦੀ ਥਾਂ ਦੂਸਰਿਆਂ ਨੂੰ ਕੰਟਰੋਲ ਵਿੱਚ ਰੱਖਣ ਵਾਲੀ ਮਾਨਸਿਕਤਾ ਅਧੀਨ ਜ਼ਿੰਦਗੀ ਨੂੰ ਚਲਾਉਣ ਦੀ ਕੋਸ਼ਿਸ਼ ਕਰਦਾ ਹੈ ਪਰ ਅਸਲ ‘ਚ ਜਿੰਨਾ ਸਮਾਂ ਸਾਡਾ ਖ਼ੁਦ ਉੱਪਰ ਕੰਟਰੋਲ ਨਹੀਂ ਹੁੰਦਾ ਅਸੀਂ ਦੂਸਰਿਆਂ ਨੂੰ ਕੰਟਰੋਲ ਵਿੱਚ ਨਹੀਂ ਰੱਖ ਸਕਦੇ।
ਜ਼ਿੰਦਗੀ ਦਾ ਇਹ ਸਫ਼ਰ ਬੀਜ਼ ਬੀਜਣ ਵਾਂਗ ਸ਼ੁਰੂ ਹੁੰਦਾ ਹੈ ਤੇ ਵਕਤ ਅਨੁਸਾਰ ਇਹੀ ਬੀਜ਼ ਫ਼ਸਲ ਦਾ ਰੂਪ ਧਾਰਨ ਕਰ ਲੈਂਦਾਂ ਹੈ। ਇਸ ਲਈ ਸਾਡੀ ਸੋਚ ਤੇ ਨੀਅਤ ਤੈਅ ਕਰਦੀ ਹੈ ਕਿ ਭਵਿੱਖ ਵਿੱਚ ਸਾਡੇ ਹਿੱਸੇ ਖੁਸ਼ੀਆਂ ਦੀ ਫ਼ਸਲ ਆਵੇਗੀ ਜਾਂ ਦੁੱਖਾਂ ਦੀ ਫ਼ਸਲ। ਸਾਡੇ ਹਾਲਾਤ ਦੂਸਰਿਆਂ ਤੋਂ ਮਾੜੇ ਹੋ ਸਕਦੇ ਹਨ ਪਰ ਇਸਦਾ ਸਾਡੀ ਆਉਣ ਵਾਲੀ ਜ਼ਿੰਦਗੀ ਉੱਪਰ ਕੋਈ ਪ੍ਰਭਾਵ ਨਹੀਂ ਪੈਂਦਾ ਕਿਉਂਕਿ ਜ਼ਿੰਦਗੀ ਦੀ ਸਾਰੀ ਖੇਡ ਚੱਲ ਰਹੇ ਸਮੇਂ ਉੱਪਰ ਨਿਰਭਰ ਕਰਦੀ ਹੈ। ਜੇਕਰ ਅਸੀਂ ਪੂਰੀ ਲਗਨ ਅਤੇ ਮਿਹਨਤ ਨਾਲ ਕੁਝ ਕਰਨ ਦਾ ਫ਼ੈਸਲਾ ਕਰ ਲੈਂਦੇ ਹਾਂ ਤਾਂ ਯਕੀਨਨ ਅਸੀਂ ਆਪਣੀ ਮਰਜ਼ੀ ਅਨੁਸਾਰ ਆਪਣੀ ਜ਼ਿੰਦਗੀ ਬਦਲ ਸਕਦੇ ਹਾਂ। ਪਰ ਬਿਨਾਂ ਮਿਹਨਤ ਚੰਗੀ ਜ਼ਿੰਦਗੀ ਵੀ ਬੁਰੀ ਬਣਨ ‘ਚ ਦੇਰ ਨਹੀਂ ਲਾਉਂਦੀ। ਆਉ ਕੁਦਰਤ ਦੇ ਇਸ ਵਰਤਾਰੇ ਨੂੰ ਸਮਝਦੇ ਹੋਏ ਆਪਣੀ ਜ਼ਿੰਦਗੀ ਨੂੰ ਸੰਵਾਰਨ ਦੀ ਕੋਸ਼ਿਸ਼ ਕਰੀਏ। ਇਸ ਵਿੱਚ ਕੋਈ ਦੋ ਰਾਇ ਨਹੀਂ ਕਿ ਜ਼ਿੰਦਗੀ ਬਹੁਤ ਹੀ ਖੂਬਸੂਰਤ ਤੇ ਆਨੰਦਮਈ ਸਫ਼ਰ ਦਾ ਨਾਮ ਹੈ ਪਰ ਆਪਾਂ ਇਸ ਸੱਚ ਨੂੰ ਵੀ ਨਜ਼ਰ ਅੰਦਾਜ਼ ਨਹੀਂ ਕਰ ਸਕਦੇ ਕਿ ਖੂਬਸੂਰਤੀ ਨੂੰ ਮਾਣਨ ਵਾਲਾ ਇਨਸਾਨ ਵੀ ਖੂਬਸੂਰਤ ਸੋਚ ਦਾ ਮਾਲਿਕ ਹੋਣਾ ਚਾਹੀਦਾ ਹੈ। ਜੇਕਰ ਜ਼ਿੰਦਗੀ ਨੂੰ ਕੁਦਰਤ ਦੇ ਹਿਸਾਬ ਨਾਲ ਜਿਊਣਾ ਹੋਵੇ ਤਾਂ ਇਸਨੂੰ ਜਿਊਣਾ ਬਹੁਤ ਸੌਖਾ ਹੈ ਪਰ ਕੁਦਰਤ ਦੇ ਉਲਟ ਜਿਊਣ ਦੀ ਕੋਸ਼ਿਸ਼ ਜ਼ਿੰਦਗੀ ਦੀ ਖੂਬਸੂਰਤੀ ਨੂੰ ਖ਼ਤਮ ਕਰ ਦਿੰਦੀ ਹੈ। ਮੌਜੂਦਾ ਸਮੇਂ ਜ਼ਿਆਦਾਤਰ ਲੋਕ ਕੁਦਰਤ ਦੇ ਉਲਟ ਜਿਊਣ ਦੀ ਕੋਸ਼ਿਸ਼ ਵਿੱਚ ਲੱਗੇ ਹੋਏ ਹਨ ਜਿਸ ਕਰਕੇ ਹਰ ਦੇਸ਼ ਤੇ ਹਰ ਖੇਤਰ ਵਿੱਚ ਮੁਸ਼ਕਿਲਾਂ ਦਾ ਤੂਫ਼ਾਨ ਰੁਕਣ ਦਾ ਨਾਮ ਨਹੀਂ ਲੈ ਰਿਹਾ। ਹਰ ਇਨਸਾਨ ਚੰਗੇ ਜੀਵਨ ਲਈ ਇੱਕ ਥਾਂ ਤੋਂ ਦੂਸਰੀ ਥਾਂ ਜਾਣ ਦੀ ਕੋਸ਼ਿਸ਼ ਵਿੱਚ ਲੱਗਿਆ ਹੋਇਆ ਹੈ ਪਰ ਸਾਨੂੰ ਇਹ ਵੀ ਸਮਝਣਾ ਪਵੇਗਾ ਕਿ ਦੇਸ਼, ਧਰਮ ਬਦਲਣ ਨਾਲ ਸਮੱਸਿਆਵਾਂ ਕਦੇ ਨਹੀਂ ਬਦਲਦੀਆਂ। ਸਮੱਸਿਆਵਾਂ ਨੂੰ ਖ਼ਤਮ ਕਰਨ ਲਈ ਆਪਣਾ ਵਿਵਹਾਰ ਤੇ ਸੋਚ ਬਦਲਣੀ ਪੈਂਦੀ ਹੈ। ਜੇਕਰ ਤੁਸੀਂ ਚੰਗੇ ਦੇਸ਼ਾਂ ਵਿੱਚ ਜਾਕੇ ਵੀ ਬੁਰੇ ਕੰਮ ਹੀ ਕਰਨੇ ਹਨ ਤਾਂ ਬਦਲੇ ਵਿੱਚ ਤੁਹਾਨੂੰ ਵੀ ਬੁਰੇ ਹਾਲਾਤਾਂ ਦਾ ਸਾਹਮਣਾ ਕਰਨਾ ਪੈਂਦਾ ਹੈ। ਠੀਕ ਇਸੇ ਤਰ੍ਹਾਂ ਬੁਰੇ ਦੇਸ਼ਾਂ ਵਿੱਚ ਕੀਤੇ ਚੰਗੇ ਕੰਮ ਤੁਹਾਨੂੰ ਵੀ ਕੁਝ ਚੰਗਾ ਹੀ ਵਾਪਸ ਕਰਦੇ ਹਨ। ਗਲਤ ਸਿਸਟਮ ਵਿੱਚ ਤੁਹਾਡੇ ਚੰਗੇ ਕੰਮਾਂ ਦੇ ਨਤੀਜੇ ਪ੍ਰਭਾਵਿਤ ਵੀ ਹੋ ਜਾਂਦੇ ਹਨ। ਪਰ ਬੁਰਾਈ ਤੋਂ ਡਰਕੇ ਚੰਗਾਈ ਨੂੰ ਛੱਡਣਾ ਵੀ ਠੀਕ ਨਹੀਂ ਹੁੰਦਾ। ਇਸ ਵਰਤਾਰੇ ਨੂੰ ਸਮਝਣ ਤੋਂ ਬਾਅਦ ਵੀ ਪਤਾ ਨਹੀਂ ਕਿਉਂ ਵੱਡੀ ਗਿਣਤੀ ਵਿੱਚ ਲੋਕ ਕੁਦਰਤ ਦੇ ਉਲਟ ਚੱਲਣ ਦੀ ਕੋਸ਼ਿਸ਼ ਕਰਦੇ ਹਨ। ਹਰ ਕੋਈ ਆਪਣਾ ਪੱਲਾ ਝਾੜਕੇ ਦੂਸਰੇ ਨੂੰ ਦੋਸ਼ੀ ਠਹਿਰਾਉਣ ਦੀ ਕੋਸ਼ਿਸ਼ ਕਰਦਾ ਹੈ। ਦੂਸਰਿਆਂ ਦੀ ਜ਼ਿੰਦਗੀ ਵਿੱਚ ਦਖਲ ਅੰਦਾਜ਼ੀ ਕਰਨ ਨਾਲੋਂ ਆਪਣੀ ਜ਼ਿੰਦਗੀ ਉੱਪਰ ਧਿਆਨ ਦੇਣਾ ਚਾਹੀਦਾ ਹੈ। ਹਰ ਰਿਸ਼ਤੇ ਨੂੰ ਉਸਦਾ ਬਣਦਾ ਮਾਣ-ਸਤਿਕਾਰ ਦੇਣਾ ਚਾਹੀਦਾ ਹੈ ਪਰ ਜ਼ਜ਼ਬਾਤਾਂ ਦੇ ਵਹਿਣ ਵਿੱਚ ਵਹਿਕੇ ਆਪਣੀ ਆਜ਼ਾਦੀ ਨੂੰ ਨਜ਼ਰਅੰਦਾਜ਼ ਕਰਨਾ ਵੀ ਸਹੀ ਨਹੀਂ ਹੁੰਦਾ ਕਿਉਂਕਿ ਹਰ ਪੀੜ੍ਹੀ ਅਤੇ ਰਿਸ਼ਤੇ ਅੰਦਰ ਕੁਝ ਨਾ ਕੁਝ ਕਮੀਆਂ ਤਾਂ ਹੁੰਦੀਆਂ ਹੀ ਹਨ। ਜੇਕਰ ਅਸੀਂ ਕਿਸੇ ਕਾਰਨ ਏਨਾ ਪੁਰਾਣੇ ਵਿਚਾਰਾਂ ਦਾ ਪੂਰੀ ਤਰ੍ਹਾਂ ਤਿਆਗ ਨਹੀ ਕਰਦੇ ਤਾਂ ਯਕੀਨਨ ਸਾਡੀ ਸੋਚ ਵਿੱਚ ਆਇਆ ਇਹ ਠਹਿਰਾਅ ਸਾਨੂੰ ਸਮੇਂ ਦਾ ਹਾਣੀ ਨਹੀਂ ਬਣਨ ਦਿੰਦਾ। ਮੌਜੂਦਾ ਸਮੇਂ ਵਿੱਚ ਹਰ ਕੋਈ ਤਣਾਅ ਵਰਗੀਆਂ ਬਿਮਾਰੀਆਂ ਵਿੱਚੋਂ ਗੁਜ਼ਰ ਰਿਹਾ ਹੈ ਕਿਉਂਕਿ ਦੂਸਰਿਆਂ ਨੂੰ ਕੰਟਰੋਲ ਕਰਨ ਦੇ ਚੱਕਰ ਵਿੱਚ ਅਸੀਂ ਖ਼ੁਦ ਉੱਪਰ ਵੀ ਆਪਣਾ ਕੰਟਰੋਲ ਗਵਾ ਲਿਆ ਹੈ। ਜ਼ਿੰਦਗੀ ਤੇ ਰਿਸ਼ਤਿਆਂ ਦੀ ਖੂਬਸੂਰਤੀ ਇਸੇ ਵਿੱਚ ਹੈ ਕਿ ਅਸੀਂ ਖ਼ੁਦ ਵੀ ਹਰ ਪੱਖ ਤੋਂ ਆਜ਼ਾਦ ਹੋਈਏ ਤੇ ਦੂਸਰਿਆਂ ਨੂੰ ਵੀ ਹਰ ਪੱਖ ਤੋਂ ਆਜ਼ਾਦ ਕਰਨ ਦੀ ਕੋਸ਼ਿਸ਼ ਕਰੀਏ। ਪੂਰਨ ਆਜ਼ਾਦੀ ਲਈ ਆਤਮ ਨਿਰਭਰ ਹੋਣਾ ਬਹੁਤ ਜ਼ਰੂਰੀ ਹੈ। ਪਰ ਇੱਥੇ ਇਹ ਸਮਝ ਲੈਣਾ ਵੀ ਬਹੁਤ ਜ਼ਰੂਰੀ ਬਣ ਜਾਂਦਾ ਹੈ ਕਿ ਖ਼ੁਦ ਹਰ ਪੱਖ ਤੋਂ ਆਜ਼ਾਦ ਹੋਣਾ ਤੇ ਆਪਣੇ ਸਾਥੀ ਨੂੰ ਹਰ ਪੱਖ ਤੋਂ ਆਜ਼ਾਦ ਕਰਨ ਦਾ ਅਰਥ ਇਹ ਵੀ ਨਹੀਂ ਕਿ ਤੁਹਾਡਾ ਆਪਸੀ ਰਿਸ਼ਤਾ ਕਮਜ਼ੋਰ ਹੈ ਤੇ ਤੁਸੀਂ ਇੱਕ ਦੂਸਰੇ ਨੂੰ ਪਿਆਰ ਨਹੀਂ ਕਰਦੇ। ਪਰ ਜੇ ਅਸਲ ‘ਚ ਮਹਿਸੂਸ ਕੀਤਾ ਜਾਵੇ ਤਾਂ ਕਿਸੇ ਨੂੰ ਪੂਰੀ ਆਜ਼ਾਦੀ ਦੇਣਾ ਹੀ ਸੱਚੀ ਮੁਹੱਬਤ ਹੈ। ਜੋ ਤੁਹਾਡੀ ਕੈਦ ਜਾਂ ਕੰਟਰੋਲ ਵਿੱਚ ਹੈ ਤੁਸੀਂ ਚਾਹੇ ਉਸਨੂੰ ਕਿੰਨਾ ਮਰਜ਼ੀ ਪਸੰਦ ਕਰ ਲਵੋ, ਪਿਆਰ ਕਰ ਲਵੋ ਪਰ ਉਹ ਤੁਹਾਨੂੰ ਕਦੇ ਵੀ ਸੱਚੇ ਦਿਲੋਂ ਪਸੰਦ ਨਹੀਂ ਕਰੇਗਾ ਕਿਉਂਕਿ ਗੁਲਾਮੀ ਦੀ ਘੁਟਣ ਆਪਣੇਪਣ ਦੇ ਅਹਿਸਾਸ ਨੂੰ ਕਤਲ ਕਰ ਦਿੰਦੀ ਹੈ। ਰਿਸ਼ਤੇ ਵਿੱਚ ਤੁਹਾਡਾ ਸਾਥੀ ਹਰ ਗੱਲ ਤੇ ਤੁਹਾਡੇ ਨਾਲ ਸਹਿਮਤ ਹੋਵੇ ਜਾਂ ਫਿਰ ਤੁਹਾਨੂੰ ਉਸਦੀ ਹਰ ਗੱਲ ਤੇ ਸਹਿਮਤੀ ਜਿਤਾਉਣੀ ਪਵੇ ਇਹ ਸੰਭਵ ਵੀ ਨਹੀਂ ਤੇ ਜ਼ਰੂਰੀ ਵੀ ਨਹੀੰ ਪਰ ਸਮਾਜ ਵਿੱਚ ਅਕਸਰ ਵਿਚਾਰਾਂ ਦਾ ਵਖਰੇਵਾਂ ਰਿਸ਼ਤਿਆਂ ਵਿੱਚ ਦੂਰੀਆਂ ਪੈਦਾ ਕਰ ਦਿੰਦਾ ਹੈ। ਇੱਕ ਦੂਸਰੇ ਦਾ ਸਾਥ ਦੇਣਾ ਤੇ ਖ਼ੁਦ ਨਾਲ ਖੜਨਾ ਦੋਵੇਂ ਵੱਖੋ-ਵੱਖਰੇ ਵਿਸ਼ੇ ਹਨ। ਜੋ ਜਿਸ ਤਰ੍ਹਾਂ ਜ਼ਿੰਦਗੀ ਜਿਊਣਾ ਚਾਹੁੰਦਾ ਹੈ ਉਸਨੂੰ ਉਸਦੇ ਹਿਸਾਬ ਨਾਲ ਜ਼ਿੰਦਗੀ ਜਿਊਣ ਦੇਣੀ ਚਾਹੀਦੀ ਹੈ ਤੇ ਜਿੱਥੇ ਲੱਗਦਾ ਹੈ ਕਿ ਤੁਹਾਡਾ ਸਾਥੀ ਗਲਤੀ ਕਰ ਰਿਹਾ ਹੈ ਉਸਨੂੰ ਸ਼ਾਂਤ ਚਿੱਤ ਹੋਕੇ ਅਸਲ ਸਥਿਤੀ ਤੋਂ ਜਾਣੂ ਕਰਵਾਉਣਾ ਚਾਹੀਦਾ। ਤੂਫ਼ਾਨ ਕਿੰਨਾ ਵੀ ਖ਼ਤਰਨਾਕ ਕਿਉਂ ਨਾ ਹੋਵੇ ਸਮੁੰਦਰ ਦੇ ਕਿਨਾਰਿਆਂ ਦੀ ਆਜ਼ਾਦੀ ਇਸਨੂੰ ਸ਼ਾਂਤ ਕਰ ਹੀ ਦਿੰਦੀ ਹੈ। ਜੇਕਰ ਅਸੀਂ ਸੱਚਮੁੱਚ ਆਪਣੀ ਜ਼ਿੰਦਗੀ ਨੂੰ ਖੂਬਸੂਰਤ ਬਣਾਉਣਾ ਚਾਹੁੰਦੇ ਹਾਂ ਤਾਂ ਸਾਨੂੰ ਕਿਸੇ ਨੂੰ ਕੰਟਰੋਲ ਕਰਨ ਤੇ ਖ਼ੁਦ ਉੱਪਰ ਕੰਟਰੋਲ ਰੱਖਣ ਵਾਲੇ ਪਹਿਲੂ ਨੂੰ ਬਾਖੂਬੀ ਸਮਝਣਾ ਪਵੇਗਾ। ਸਾਨੂੰ ਲੋੜ ਹੈ ਹਰ ਨਿੱਕੀ ਨਿੱਕੀ ਗੱਲ ਤੋਂ ਸਬਕ ਸਿੱਖਣ ਦੀ ਤੇ ਆਪਣੇ ਆਪ ਨੂੰ ਨਵੀਂ ਤੇ ਉਸਾਰੂ ਸੋਚ ‘ਚ ਢਾਲਣ ਦੀ। ਸਾਨੂੰ ਇਹ ਸਮਝਣਾ ਪਵੇਗਾ ਕਿ ਜੇਕਰ ਕੋਈ ਸਾਨੂੰ ਕੁਝ ਦੱਸਣਾ ਨਹੀਂ ਚਾਹੁੰਦਾ ਤਾਂ ਅਸੀਂ ਜਾਣਕੇ ਕੀ ਕਰਨਾ ਚਾਹੁੰਦੇ ਹਾਂ? ਜੇਕਰ ਕਿਸੇ ਨੂੰ ਤੁਹਾਡੇ ਸਾਥ ਦੀ ਲੋੜ ਹੋਵੇਗੀ ਤਾਂ ਉਹ ਆਪ ਸਾਥ ਮੰਗ ਲਵੇਗਾ ਜਾਂ ਫੇਰ ਤੁਹਾਨੂੰ ਪਤਾ ਹੋਣਾ ਚਾਹੀਦਾ ਕਿ ਕਿਸ ਨੂੰ ਤੁਹਾਡੇ ਸਾਥ ਦੀ ਜ਼ਰੂਰਤ ਹੈ। ਪਰ ਸਾਨੂੰ ਸਾਥ ਦੇਣ ਅਤੇ ਦਖ਼ਲ ਅੰਦਾਜ਼ੀ ਵਿਚਲੇ ਫ਼ਰਕ ਨੂੰ ਸਮਝਣਾ ਪਵੇਗਾ ਕਿਉਂਕਿ ਜਦੋਂ ਅਸੀਂ ਇਹਨਾਂ ਪਹਿਲੂਆਂ ਬਾਰੇ ਚੰਗੀ ਤਰ੍ਹਾਂ ਜਾਣਨ ਲੱਗ ਪੈਂਦੇ ਹਾਂ ਤਾਂ ਸਾਨੂੰ ਕੰਟਰੋਲ ਸ਼ਬਦ ਦੇ ਸਹੀ ਅਰਥ ਵੀ ਸਮਝ ਆਉਣ ਲੱਗ ਪੈਂਦੇ ਹਨ। ਆਉ ਖ਼ੁਦ ਦੀ ਸੋਚ ਕਰਕੇ ਪੈਦਾ ਹੋਈਆਂ ਸਮੱਸਿਆਵਾਂ ਨੂੰ ਖ਼ਤਮ ਕਰਨ ਦੀ ਕੋਸ਼ਿਸ਼ ਕਰੀਏ। ਸਾਡੀ ਇਹੀ ਕੋਸ਼ਿਸ਼ ਜ਼ਿੰਦਗੀ ਦੀਆਂ ਖੁਸ਼ੀਆਂ ਤੇ ਖੂਬਸੂਰਤੀ ਨੂੰ ਕੰਟਰੋਲ ਕਰਨ ਵਿੱਚ ਮੱਦਦਗਾਰ ਸਾਬਿਤ ਹੋਵੇਗੀ। |
*** 714 |