ਅਮੀਰ ਬਣਨ ਲਈ ਹਰ ਵਿਅਕਤੀ ਨੂੰ ਮਾਰਕੀਟਿੰਗ ਤੇ ਵੇਚਣ ਦੀ ਕਲਾ ਵਿੱਚ ਨਿਪੁੰਨ ਹੋਣਾ ਜ਼ਰੂਰੀ ਹੈ। ਪਹਿਲੀ ਵਾਰ ਸੁਣਨ ਤੇ ਮਾਰਕੀਟਿੰਗ ਤੇ ਵੇਚਣਾ ਦੋਵੇਂ ਇੱਕੋ ਜਿਹੇ ਹੀ ਲੱਗਦੇ ਹਨ। ਪਰ ਏਨਾ ਵਿੱਚ ਕਾਫ਼ੀ ਫ਼ਰਕ ਹੁੰਦਾ ਹੈ। ਇਸ ਲਈ ਆਪਾਂ ਪਹਿਲਾਂ ਦੋਵਾਂ ਬਾਰੇ ਜਾਣਨ ਦੀ ਕੋਸ਼ਿਸ਼ ਕਰਦੇ ਹਾਂ। ਮਾਰਕੀਟਿੰਗ ਵੱਖ-ਵੱਖ ਰਣਨੀਤੀਆਂ ਜਿਵੇਂ ਕਿ ਕੀਮਤ, ਪੈਕਿੰਗ, ਸਥਿਤੀ (ਇੱਕ ਧਾਰਨਾ ਬਣਾਉਣਾ), ਪਲੇਸਮੈਂਟ ਅਤੇ ਪ੍ਰੋਮੋਸ਼ਨ ਰਾਹੀਂ ਲੋਕਾਂ ਨੂੰ ਤੁਹਾਡੇ ਉਤਪਾਦ ਵਿੱਚ ਦਿਲਚਸਪੀ ਲੈਣ ਦੀ ਪ੍ਰਕਿਰਿਆ ਹੈ। ਕਿਸੇ ਕੰਪਨੀ ਦੇ ਮਾਰਕੀਟਿੰਗ ਯਤਨ ਸਿੱਧੇ ਤੌਰ ਤੇ ਵਿਕਰੀ ਪੈਦਾ ਕਰਨ ਜਾਂ ਨਾ ਕਰਨ , ਪਰ ਇਹ ਯਕੀਨੀ ਤੌਰ ‘ਤੇ ਵਿਕਰੀ ਨੂੰ ਆਸਾਨ ਬਣਾਉਣ ਅਤੇ ਲੰਬੇ ਸਮੇਂ ਲਈ ਮੁਨਾਫ਼ਾ ਵਧਾਉਣ ਦਾ ਇਰਾਦਾ ਰੱਖਦੇ ਹਨ। ਵਿਕਰੀ ਵਸਤੂਆਂ ਅਤੇ ਸੇਵਾਵਾਂ ਨੂੰ ਵੇਚਣ ਦੀ ਪ੍ਰਕਿਰਿਆ ਹੈ। ਇਸ ਨੂੰ ਅਸੀਂ ਵੇਚਣ ਦੀ ਕਲਾ ਵੀ ਕਹਿ ਸਕਦੇ ਹਾਂ। ਇਸ ਵਿੱਚ ਸੰਭਾਵੀ ਗਾਹਕਾਂ ਨੂੰ ਤੁਹਾਡੀ ਕੰਪਨੀ ਤੋਂ ਖਰੀਦਣ ਲਈ ਯਕੀਨ ਦਿਵਾਉਣਾ ਸ਼ਾਮਲ ਹੈ। ਇਹ ਯਕੀਨਨ ਵੱਖ-ਵੱਖ ਤਰੀਕਿਆਂ ਨਾਲ ਹੋ ਸਕਦਾ ਹੈ ਜਿਵੇਂ ਕਿ ਤੁਹਾਡੇ ਉਤਪਾਦ ਦੇ ਲਾਭਾਂ ਨੂੰ ਸਮਝਾਉਣਾ, ਛੋਟਾਂ ਦੀ ਪੇਸ਼ਕਸ਼ ਕਰਨਾ ਜਾਂ ਤੁਹਾਡੇ ਉਤਪਾਦ ਨੂੰ ਤੁਹਾਡੇ ਮੁਕਾਬਲੇਬਾਜ਼ਾਂ ਨਾਲੋਂ ਵਧੇਰੇ ਆਕਰਸ਼ਕ ਬਣਾਉਣਾ। ਵਿਕਰੀ ਪੈਦਾ ਕਰਨ ਦੇ ਕੁਝ ਆਮ ਤਰੀਕਿਆਂ ਵਿੱਚ ਵਪਾਰਕ ਲੀਡਾਂ ਨਾਲ , ਮੀਟਿੰਗ ਕਰਕੇ, ਵਪਾਰਕ ਮੇਲਿਆਂ ਅਤੇ ਪ੍ਰਚਾਰ ਸੰਬੰਧੀ ਸਮਾਗਮਾਂ ਵਿੱਚ ਹਿੱਸਾ ਲੈਣ ਵਰਗੇ ਤਰੀਕੇ ਵਰਤੇ ਜਾਂਦੇ ਹਨ। ਸਾਨੂੰ ਇਹ ਸਮਝਣਾ ਪਵੇਗਾ ਕਿ ਵੇਚਣ ਦੀ ਕਲਾ ਹਰ ਖੇਤਰ ਨਾਲ ਜੁੜੀ ਹੋਈ ਹੈ। ਤੁਹਾਡੀ ਵੇਚਣ ਦੀ ਕਲਾ ਕਿਸੇ ਵੀ ਵਸਤੂ ਦੀ ਕੀਮਤ ਵਧਾਉਣ ਦੀ ਸਮਰੱਥਾ ਰੱਖਦੀ ਹੈ। ਵੇਚਣ ਖਰੀਦਣ ਦਾ ਸਿਲਸਿਲਾ ਹਰ ਖੇਤਰ ਵਿੱਚ ਸੌਖੇ ਤਰੀਕੇ ਨਾਲ ਚੱਲਦਾ ਰਹਿੰਦਾ ਹੈ। ਪਰ ਜਦੋਂ ਕੋਈ ਨੈਟਵਰਕ ਕੰਪਨੀ ਜਾਂ ਐਫੀਲੀਏਟ ਮਾਰਕੀਟਿੰਗ ਵਾਲੇ ਆਪਣੀ ਕੰਪਨੀ ਬਾਰੇ ਗੱਲ ਕਰਦੇ ਹਨ ਤਾਂ ਅਕਸਰ ਲੋਕ ਇਹ ਕਹਿੰਦੇ ਦੇਖੇ ਜਾਂਦੇ ਹਨ ਕਿ ਸਾਨੂੰ ਵੇਚਣਾ ਪਵੇਗਾ? ਇਸ ਲਈ ਸਾਨੂੰ ਸਭ ਤੋਂ ਪਹਿਲਾਂ ਇਹ ਸਮਝ ਲੈਣਾ ਚਾਹੀਦਾ ਹੈ ਕਿ ਵੇਚਣ ਖਰੀਦਣ ਬਿਨਾਂ ਹੋਰ ਹੁੰਦਾ ਵੀ ਕੀ ਹੈ। ਕਿਸਾਨ ਆਪਣੀ ਫ਼ਸਲ ਵੇਚਦਾ, ਕਾਰੋਬਾਰ ਤੇ ਦੁਕਾਨਾਂ ਵਾਲੇ ਵੱਖੋ ਵੱਖਰਾ ਸਾਮਾਨ ਤੇ ਸਰਵਿਸ ਵੇਚਦੇ ਹਨ। ਇਥੋਂ ਤੱਕ ਕਿ ਸਟੌਕ ਮਾਰਕੀਟ ਵਿੱਚ ਵੀ ਖ਼ਰੀਦਣ ਵੇਚਣ ਦਾ ਸਿਲਸਿਲਾ ਚੱਲਦਾ ਰਹਿੰਦਾ ਹੈ। ਇਸ ਲਈ ਸਾਨੂੰ ਆਪਣੇ ਮਨ ਵਿੱਚੋਂ ਇਹ ਕੱਢ ਦੇਣਾ ਚਾਹੀਦਾ ਕਿ ਅਸੀਂ ਕੁਝ ਵੇਚਦੇ ਨਹੀਂ ਜਾਂ ਵੇਚ ਨਹੀਂ ਸਕਦੇ। ਵੇਚਣ ਦੀ ਕਲਾ ਨਾਲ ਅਣਗਿਣਤ ਹੋਰ ਕਲਾ ਜੁੜੀਆਂ ਹੋਈਆਂ ਹਨ। ਇਸ ਨਾਲ ਸਾਡੀ ਬੋਲਚਾਲ ਵਿੱਚ ਸੁਧਾਰ ਆਉਂਦਾ ਹੈ। ਆਪਾਂ ਆਮ ਹੀ ਸੁਣਦੇ ਹਾਂ ਕਿ ਮਿੱਠੀ ਜ਼ੁਬਾਨ ਵਾਲੇ ਦੀਆਂ ਮਿਰਚਾਂ ਵੀ ਵਿਕ ਜਾਂਦੀਆਂ ਹਨ ਤੇ ਕੌੜੀ ਜ਼ੁਬਾਨ ਵਾਲੇ ਦਾ ਸ਼ਹਿਦ ਵੀ ਨਹੀਂ ਵਿਕਦਾ। ਇਸਦੀ ਮੱਦਦ ਨਾਲ ਸਾਡੇ ਰਹਿਣ ਸਹਿਣ ਵਿੱਚ ਤਬਦੀਲੀ ਆਉਂਦੀ ਹੈ। ਇਸ ਤੋਂ ਇਲਾਵਾ ਸਾਹਮਣੇ ਵਾਲੇ ਦੇ ਚਿਹਰੇ ਦੇ ਹਾਵ ਭਾਵ ਸਮਝਣਾ, ਬਾਜ਼ਾਰ ਦੀ ਮੰਗ ਨੂੰ ਮਹਿਸੂਸ ਕਰਨਾ ਆਦਿ ਵੀ ਵੇਚਣ ਦੀ ਕਲਾ ਨਾਲ ਜੁੜਿਆ ਹੈ। ਤੁਹਾਡੀ ਵਸੂਤ ਦੀ ਕੀਮਤ ਤੁਹਾਡੀ ਕਲਾ ਅਨੁਸਾਰ ਵਧਦੀ ਘੱਟਦੀ ਰਹਿੰਦੀ ਹੈ। ਉਦਾਹਰਨ ਦੇ ਤੌਰ ਤੇ ਕਿਸਾਨ ਆਪਣੀ ਫ਼ਸਲ ਜਾਂ ਸਬਜ਼ੀ ਬਹੁਤ ਘੱਟ ਰੇਟ ਤੇ ਵੱਧ ਮਾਤਰਾ ਵਿੱਚ ਵੇਚ ਦਿੰਦਾ ਹੈ। ਕਿਸਾਨ ਤੋਂ ਬਾਅਦ ਮੰਡੀ ਤੇ ਆੜਤ ਵਾਲੇ ਇਸਨੂੰ ਅੱਗੇ ਮਹਿੰਗੇ ਭਾਅ ਰੇਹੜੀਆਂ ਵਾਲਿਆਂ ਨੂੰ ਵੇਚ ਦਿੰਦੇ ਹਨ ਤੇ ਇਹੀ ਰੇਹੜੀਆਂ ਵਾਲੇ ਵੱਧ ਕੀਮਤ ਤੇ ਆਪਣੇ ਗਾਹਕਾਂ ਨੂੰ ਵੇਚ ਦਿੰਦੇ ਹਨ। ਵਸੂਤ ਇੱਕ ਹੋਣ ਦੇ ਬਾਵਜੂਦ ਵੀ ਹਰ ਕੋਈ ਇਸ ਤੋਂ ਵੱਖਰੀ ਵੱਖਰੀ ਕਮਾਈ ਕਰਦਾਂ ਹੈ। ਇਸ ਵਖਰੇਂਵੇ ਪਿੱਛੇ ਵੇਚਣ ਵਾਲੀ ਜਗ੍ਹਾ ਤੇ ਵੱਖੋ ਵੱਖਰੇ ਤਰੀਕੇ ਦੀ ਮਾਰਕੀਟਿੰਗ ਕੰਮ ਕਰਦੀ ਹੈ। ਇਸ ਲਈ ਤੁਸੀਂ ਕਿਸੇ ਵੀ ਖੇਤਰ ਵਿੱਚ ਕੰਮ ਕਰੋ। ਤੁਹਾਨੂੰ ਮਾਰਕੀਟਿੰਗ ਤੇ ਵੇਚਣ ਦੀ ਕਲਾ ਸਿੱਖਣੀ ਬਹੁਤ ਜ਼ਰੂਰੀ ਹੈ। ਨੈਟਵਰਕਿੰਗ ਦਾ ਸਿਸਟਮ ਬਹੁਤ ਹੀ ਵਧੀਆ ਤਰੀਕਾ ਹੈ ਪਰ ਇਸ ਨਾਲ ਜੁੜੀਆਂ ਕੰਪਨੀਆਂ ਨੇ ਇਸ ਨੂੰ ਬਦਨਾਮ ਕੀਤਾ ਹੋਇਆ ਹੈ। ਇਸ ਲਈ ਕਦੇ ਵੀ ਨੈਟਵਰਕਿੰਗ ਤੇ ਐਫੀਲੀਏਟ ਮਾਰਕੀਟਿੰਗ ਵਰਗੇ ਸ਼ਬਦ ਸੁਣਕੇ ਡਰਨ ਦੀ ਬਜਾਏ ਏਨਾ ਤੋਂ ਕੁਝ ਸਿੱਖਣ ਦੀ ਕੋਸ਼ਿਸ਼ ਕਰਿਆ ਕਰੋ। ਜੇਕਰ ਤੁਸੀਂ ਡਿਜੀਟਲ ਮਾਰਕੀਟਿੰਗ ਸਿੱਖ ਲੈਂਦੇ ਹੋ ਤਾਂ ਤੁਸੀਂ ਸਮੇਂ ਦੇ ਹਾਣੀ ਬਣਕੇ ਕਮਾਈ ਦੇ ਅਣਗਿਣਤ ਮੌਕੇ ਪੈਦਾ ਕਰ ਸਕਦੇ ਹੋ। ਸਿਸਟਮ ਲਗਪਗ ਵਧੀਆ ਹੀ ਹੁੰਦੇ ਹਨ। ਪਰ ਏਨਾ ਨੂੰ ਚਲਾਉਣ ਵਾਲੇ ਏਨਾ ਨੂੰ ਬੁਰਾ ਤੇ ਚੰਗਾ ਸਾਬਿਤ ਕਰਨ ਲਈ ਜ਼ਿੰਮੇਵਾਰ ਹਨ। ਪੀੜ੍ਹੀ ਦਰ ਪੀੜ੍ਹੀ ਚੱਲੀ ਆਈ ਰਹੀ ਸੋਚ ਨੂੰ ਖ਼ਤਮ ਕਰਕੇ ਨਵੇਂ ਜ਼ਮਾਨੇ ਦੇ ਹਿਸਾਬ ਨਾਲ ਸੋਚਣਾ ਸ਼ੁਰੂ ਕਰੋ। ਇੰਟਰਨੈੱਟ ਤੇ ਟੈਕਨਾਲੋਜੀ ਦੀ ਮੱਦਦ ਨਾਲ ਮਾਰਕੀਟਿੰਗ ਤੇ ਵੇਚਣ ਦੀ ਕਲਾ ਪੂਰੀ ਤਰ੍ਹਾਂ ਬਦਲ ਚੁੱਕੀ ਹੈ। ਅੱਜਕਲ੍ਹ ਤੁਸੀਂ ਘਰ ਬੈਠੇ ਮੋਬਾਈਲ ਫ਼ੋਨ ਦੀ ਮੱਦਦ ਨਾਲ ਸਭ ਕੁਝ ਖਰੀਦ, ਵੇਚ ਸਕਦੇ ਹੋ। ਘਰੇ ਬੈਠੇ ਵਧੀਆ ਕਮਾਈ ਕਰ ਸਕਦੇ ਹੋ। ਤੁਸੀਂ ਆਪਣੀ ਯੋਗਤਾ ਤੇ ਦਿਲਚਸਪੀ ਅਨੁਸਾਰ ਆਪਣਾ ਕਿੱਤਾ ਚੁਣ ਸਕਦੇ ਹੋ। ਪਰ ਵੇਚਣ ਦੀ ਕਲਾ ਹਰ ਕਿੱਤੇ ਵਿੱਚ ਤੁਹਾਡੇ ਲਈ ਲਾਹੇਵੰਦ ਸਾਬਿਤ ਹੋਵੇਗੀ। ਇਸ ਕਲਾ ਨੂੰ ਸਿੱਖਦੇ ਸਿੱਖਦੇ ਸਬਰ , ਇਕਸਾਰਤਾ ਵਰਗੇ ਅਣਗਿਣਤ ਗੁਣ ਤੁਹਾਡੇ ਸੁਭਾਅ ਦਾ ਹਿੱਸਾ ਬਣ ਜਾਣਗੇ। ਇਸ ਤੋਂ ਇਲਾਵਾ ਤੁਸੀਂ ਬਾਜ਼ਾਰ ਤੇ ਪੈਸੇ ਦਾ ਮਨੋਵਿਗਿਆਨ ਸਮਝਣ ਲੱਗ ਪੈਂਦੇ ਹੋ। ਜੋ ਅੱਗੇ ਚੱਲਕੇ ਤੁਹਾਡੇ ਅੰਦਰ ਬੱਚਤ ਕਰਨ ਤੇ ਪੈਸਾ ਕਿਵੇਂ ਕੰਮ ਕਰਦਾ ਹੈ ਵਰਗੇ ਗੁਣ ਪੈਦਾ ਕਰਦਾ ਹੈ। ਇਹ ਗੁਣ ਕਾਰੋਬਾਰ ਤੋਂ ਇਲਾਵਾ ਤੁਹਾਡੀ ਜ਼ਿੰਦਗੀ ਤੇ ਤੁਹਾਡੇ ਰਿਸ਼ਤਿਆਂ ਵਿੱਚ ਵੀ ਕੰਮ ਆਉਂਦੇ ਹਨ। ਇਸ ਲਈ ਜੇਕਰ ਤੁਸੀਂ ਸੱਚਮੁੱਚ ਅਮੀਰ ਬਣਨਾ ਚਾਹੁੰਦੇ ਹੋ ਤਾਂ ਤੁਹਾਨੂੰ ਵੇਚਣ ਦੀ ਕਲਾ ਸਿੱਖਣੀ ਲਾਜ਼ਮੀ ਹੈ। ਆਉ ਆਪਣੀ ਸੋਚ ਨੂੰ ਬਦਲਕੇ ਮਾਰਕੀਟਿੰਗ ਦੀ ਤਾਕਤ ਨੂੰ ਸਮਝਣ ਦੀ ਕੋਸ਼ਿਸ਼ ਕਰੀਏ। ਤੁਹਾਡਾ ਇੱਕ ਕਦਮ ਤੁਹਾਡੀ ਜ਼ਿੰਦਗੀ ਨੂੰ ਪੂਰੀ ਤਰ੍ਹਾਂ ਬਦਲ ਕੇ ਰੱਖ ਸਕਦਾ ਹੈ। |
*’ਲਿਖਾਰੀ’ ਵਿਚ ਪ੍ਰਕਾਸ਼ਿਤ ਹੋਣ ਵਾਲੀਆਂ ਸਾਰੀਆਂ ਹੀ ਰਚਨਾਵਾਂ ਵਿਚ ਪ੍ਰਗਟਾਏ ਵਿਚਾਰਾਂ ਨਾਲ ‘ਲਿਖਾਰੀ’ ਦਾ ਸਹਿਮਤ ਹੋਣਾ ਜ਼ਰੂਰੀ ਨਹੀਂ। ਹਰ ਲਿਖਤ ਵਿਚ ਪ੍ਰਗਟਾਏ ਵਿਚਾਰਾਂ ਦਾ ਜ਼ਿੰਮੇਵਾਰ ਕੇਵਲ ‘ਰਚਨਾ’ ਦਾ ਕਰਤਾ ਹੋਵੇਗਾ। |