ਕੁਦਰਤ ਦੀ ਸਿਰਜੀ ਬਾਹਰਲੀ ਦੁਨੀਆਂ ਬਹੁਤ ਹੀ ਖੂਬਸੂਰਤ ਹੈ ਪਰ ਇਸ ਖੂਬਸੂਰਤੀ ਨੂੰ ਮਾਣਨ ਲਈ ਸਾਨੂੰ ਅੰਦਰੋਂ ਵੀ ਖੂਬਸੂਰਤ ਹੋਣਾ ਪਵੇਗਾ। ਤੁਹਾਡੇ ਕੋਲ ਕੀ ਹੋਣਾ ਚਾਹੀਦਾ ਸੀ ਇਹ ਕਦੇ ਵੀ ਤੁਹਾਡੀ ਖੁਸ਼ੀ ਦਾ ਕਾਰਨ ਨਹੀਂ ਬਣਦਾ ਪਰ ਤੁਹਾਡੇ ਕੋਲ ਜੋ ਹੈ ਉਹ ਜ਼ਰੂਰ ਤੁਹਾਡੀ ਖੁਸ਼ੀ ਦਾ ਕਾਰਨ ਬਣ ਸਕਦਾ ਹੈ। ਕੁਦਰਤ ਤੇ ਵਕਤ ਬਿਨਾਂ ਕਿਸੇ ਭੇਦ-ਭਾਵ ਦੇ ਸਾਰਿਆਂ ਨੂੰ ਇੱਕੋ ਜਿਹਾ ਮਾਹੌਲ ਪ੍ਰਦਾਨ ਕਰਦੇ ਹਨ ਪਰ ਕੋਈ ਇਸ ਨੂੰ ਮਾਣਦਾ ਤੇ ਕੋਈ ਇਸ ਤੋਂ ਬਚਣਾ ਚਾਹੁੰਦਾ। ਪੈਸਾ, ਰੁਤਬਾ, ਇਹ ਸਭ ਤੁਹਾਡੀ ਜ਼ਰੂਰਤ ਹੈ ਪਰ ਤੁਸੀਂ ਇਸ ਜ਼ਰੂਰਤ ਨਾਲ ਕਿਸ ਤਰ੍ਹਾਂ ਜੁੜੇ ਹੋਏ ਹੋ ਇਹ ਤੈਅ ਕਰਦਾ ਹੈ ਕਿ ਤੁਹਾਡੀ ਜ਼ਿੰਦਗੀ ਕਿਸ ਤਰ੍ਹਾਂ ਦੀ ਹੈ। ਤੁਹਾਡੇ ਹਾਲਾਤ, ਸਮੱਸਿਆਵਾਂ, ਦੁੱਖ ਸੁੱਖ ਤੁਹਾਡੀ ਸੋਚ ਅਨੁਸਾਰ ਤੁਹਾਨੂੰ ਪ੍ਰਭਾਵਿਤ ਕਰਦੇ ਹਨ। ਤੁਹਾਡੇ ਕੋਲ ਜੋ ਵੀ ਹੈ ਜੇਕਰ ਤੁਸੀਂ ਉਸ ਵਿੱਚ ਸੁਤੰਸ਼ਟ ਹੋ ਅਤੇ ਉਸਨੂੰ ਮਾਣ ਰਹੇ ਹੋ ਤਾਂ ਇਸ ਨਾਲ ਕੋਈ ਫ਼ਰਕ ਨਹੀਂ ਪੈਂਦਾ ਕਿ ਤੁਹਾਡੇ ਕੋਲ ਥੋੜ੍ਹਾ ਹੈ ਜਾਂ ਜ਼ਿਆਦਾ ਪਰ ਜਦੋਂ ਸਭ ਕੁਝ ਹੁੰਦੇ ਹੋਏ ਵੀ ਤੁਸੀਂ ਜ਼ਿਆਦਾ ਪਾਉਣ ਦੀ ਦੌੜ ਵਿੱਚ ਲੱਗੇ ਰਹਿੰਦੇ ਹੋ ਤਾਂ ਇਸ ਨਾਲ ਤੁਹਾਡੀਆਂ ਖੁਸ਼ੀਆਂ ਪ੍ਰਭਾਵਿਤ ਹੁੰਦੀਆਂ ਹਨ ਕਿਉਂਕਿ ਤੁਸੀਂ ਕੱਲ ਨੂੰ ਬਿਹਤਰ ਬਣਾਉਣ ਲਈ ਆਪਣਾ ਬਿਹਤਰੀਨ ਅੱਜ ਵੀ ਖ਼ਰਾਬ ਕਰ ਰਹੇ ਹੋ। ਸਾਡੀ ਇਸ ਤਰ੍ਹਾਂ ਦੀ ਮਾਨਸਿਕਤਾ ਹੀ ਤਣਾਅ ਦਾ ਕਾਰਨ ਬਣਦੀ ਹੈ। ਵੈਸੇ ਤਾਂ ਤਣਾਅ ਬੁਰਾ ਹੀ ਹੁੰਦਾ ਹੈ ਪਰ ਤਣਾਅ ਕਰਕੇ ਅਸੀਂ ਔਖੀਆਂ ਤੇ ਖ਼ਤਰਨਾਕ ਸਥਿਤੀਆਂ ਦਾ ਸਾਮ੍ਹਣਾ ਕਰ ਸਕਦੇ ਹਾਂ। ਕੁਝ ਹੱਦ ਤਕ ਤਣਾਅ ਹੋਣ ਕਰਕੇ ਤੁਸੀਂ ਆਪਣੇ ਟੀਚਿਆਂ ਨੂੰ ਹਾਸਿਲ ਕਰ ਸਕਦੇ ਹੋ ਜਾਂ ਵਧੀਆ ਤਰੀਕੇ ਨਾਲ ਕੰਮ ਕਰ ਸਕਦੇ ਹੋ, ਜਿਵੇਂ ਕਿ ਪੇਪਰਾਂ ਵੇਲੇ, ਕੰਮ ਲਈ। ਇਸ ਤਰ੍ਹਾਂ ਦੀ ਸਥਿਤੀ ਲਈ ਤਣਾਅ ਨਾਲੋਂ ਵੀ ਢੁਕਵਾਂ ਸ਼ਬਦ ਹਾਲਾਤਾਂ ਦੀ ਗੰਭੀਰਤਾ ਨੂੰ ਸਮਝਣਾ ਵਰਤਿਆ ਜਾ ਸਕਦਾ ਹੈ। ਪਰ ਲੰਬੇ ਸਮੇਂ ਤਕ ਜਾਂ ਹੱਦੋਂ ਵੱਧ ਤਣਾਅ ਹੋਣ ਕਰਕੇ ਤੁਸੀਂ ਸਰੀਰਕ, ਮਾਨਸਿਕ ਤੇ ਜਜ਼ਬਾਤੀ ਤੌਰ ’ਤੇ ਪ੍ਰਭਾਵਿਤ ਹੋ ਸਕਦੇ ਹੋ। ਸ਼ਾਇਦ ਤੁਹਾਡਾ ਰਵੱਈਆ ਤੇ ਦੂਸਰਿਆਂ ਨਾਲ ਪੇਸ਼ ਆਉਣ ਦਾ ਤਰੀਕਾ ਬਦਲ ਜਾਵੇ। ਇਸ ਤਰ੍ਹਾਂ ਤੁਸੀਂ ਪੂਰੀ ਦੁਨੀਆ ਨਾਲੋਂ ਟੁੱਟਣ ਦੀ ਕੋਸ਼ਿਸ਼ ਕਰਦੇ ਹੋਏ ਆਪਣੀਆਂ ਤਕਲੀਫਾਂ ਨੂੰ ਅੰਦਰ ਦਬਾਉਣ ਦੀ ਕੋਸ਼ਿਸ਼ ਕਰਦੇ ਹੋ। ਤੁਹਾਡੀ ਇਹੀ ਕੋਸ਼ਿਸ਼ ਜ਼ਿੰਦਗੀ ਦੀ ਖੂਬਸੂਰਤੀ ਨੂੰ ਤਬਾਹ ਕਰਨ ਦਾ ਕੰਮ ਕਰਦੀ ਹੈ। ਸਾਨੂੰ ਇਹ ਸਮਝਣਾ ਪਵੇਗਾ ਕਿ ਹਰ ਕਿਸੇ ਉੱਪਰ ਚੰਗਾ ਤੇ ਮਾੜਾ ਸਮਾਂ ਆਉਣਾ ਤੈਅ ਹੁੰਦਾ ਹੈ ਪਰ ਇਹ ਜ਼ਰੂਰੀ ਨਹੀਂ ਹੁੰਦਾ ਕਿ ਹਰ ਚੰਗਾ ਸਮਾਂ ਤੁਹਾਨੂੰ ਵਧੀਆ ਤਰੀਕੇ ਨਾਲ ਹੀ ਪ੍ਰਭਾਵਿਤ ਕਰੇ ਤੇ ਹਰ ਬੁਰਾ ਸਮਾਂ ਤੁਹਾਨੂੰ ਬੁਰੀ ਤਰ੍ਹਾਂ ਪ੍ਰਭਾਵਿਤ ਕਰੇ। ਤੁਸੀਂ ਸਮੇਂ ਨਾਲ ਕਿਸ ਤਰ੍ਹਾਂ ਦਾ ਵਿਵਹਾਰ ਕਰਦੇ ਹੋ ਇਹ ਤੈਅ ਕਰਦਾ ਹੈ ਕਿ ਸਮਾਂ ਤੁਹਾਨੂੰ ਕਿਵੇਂ ਪ੍ਰਭਾਵਿਤ ਕਰੇਗਾ। ਤੁਸੀਂ ਕੈਦ ਵਿੱਚ ਰਹਿਕੇ ਵੀ ਆਜ਼ਾਦ ਮਹਿਸੂਸ ਕਰ ਸਕਦੇ ਹੋ ਤੇ ਤੁਸੀਂ ਆਜ਼ਾਦ ਹੋਕੇ ਵੀ ਕੈਦ ਕੱਟ ਸਕਦੇ ਹੋ। ਇਹ ਤੁਹਾਡੇ ਉੱਪਰ ਨਿਰਭਰ ਹੈ ਕਿ ਤੁਸੀਂ ਕੁਦਰਤ ਦੀ ਬਣਾਈ ਹੋਈ ਦੁਨੀਆਂ ਵਿੱਚ ਆਜ਼ਾਦ ਹੋਕੇ ਵਿਚਰਦੇ ਹੋ ਜਾਂ ਫਿਰ ਆਪਣੇ ਆਪ ਨੂੰ ਸੁਰੱਖਿਅਤ ਕਰਨ ਲਈ ਖ਼ੁਦ ਨੂੰ ਘਰ ਦੀ ਚਾਰ-ਦੀਵਾਰੀ ਵਿੱਚ ਕੈਦ ਕਰਦੇ ਹੋ। ਕਿਸੇ ਵੀ ਤਰ੍ਹਾਂ ਦਾ ਡਰ ਤੇ ਚਿੰਤਾ ਹੋਵੇ ਇਸਨੂੰ ਅਸੀਂ ਆਪ ਆਕਰਸ਼ਿਤ ਕਰਦੇ ਹਾਂ। ਸਾਨੂੰ ਲੋੜ ਹੈ ਆਪਣੀਆਂ ਖੁਸ਼ੀਆਂ ਤੇ ਜ਼ਰੂਰਤਾਂ ਨੂੰ ਵੱਖ-ਵੱਖ ਕਰਕੇ ਸਮਝਣ ਦੀ। ਸਾਨੂੰ ਇਹ ਸਮਝਣਾ ਪਵੇਗਾ ਕਿ ਨੌਕਰੀ ਤੇ ਕਾਰੋਬਾਰ ਕਰਨਾ ਸਾਡੀ ਜ਼ਰੂਰਤ ਹੈ ਪਰ ਜ਼ਿੰਦਗੀ ਨੂੰ ਜਿਊਣਾ ਸਾਡੀਆਂ ਖੁਸ਼ੀਆਂ ਦਾ ਆਧਾਰ ਹੈ। ਕਾਰੋਬਾਰ ਸਾਡੀ ਜ਼ਿੰਦਗੀ ਦਾ ਇੱਕ ਹਿੱਸਾ ਹੈ ਤੇ ਸਾਨੂੰ ਇਸਦੀ ਹੱਦਬੰਦੀ ਤੈਅ ਕਰਨੀ ਚਾਹੀਦੀ ਹੈ ਕਿਉਂਕਿ ਜਦੋਂ ਅਸੀਂ ਕਾਰੋਬਾਰ ਨਾਲ ਸਬੰਧਿਤ ਸਮੱਸਿਆਵਾਂ ਆਪਣੇ ਘਰ ਲੈਕੇ ਆਉਣੀਆਂ ਸ਼ੁਰੂ ਕਰ ਦਿੰਦੇ ਹਾਂ ਤਾਂ ਸਾਡੀਆਂ ਖੁਸ਼ੀਆਂ ਆਪਣੇ ਆਪ ਸਿਮਟਣ ਲੱਗ ਪੈਂਦੀਆਂ ਹਨ। ਆਪਣੇ ਸਮੇਂ ਨੂੰ ਸਹੀ ਢੰਗ ਨਾਲ ਵੰਡਕੇ ਕੰਮ ਅਤੇ ਰਿਸ਼ਤਿਆਂ ਨੂੰ ਬਣਦਾ ਸਮਾਂ ਜ਼ਰੂਰ ਦੇਣਾ ਚਾਹੀਦਾ ਹੈ। ਇਸ ਤੋਂ ਇਲਾਵਾ ਤਣਾਅ ਤੋਂ ਬਚਣ ਲਈ ਤੁਹਾਨੂੰ ਲੋੜ ਤੋਂ ਵੱਧ ਸੋਚਣਾ ਬੰਦ ਕਰਨਾ ਪਵੇਗਾ ਕਿਉਂਕਿ ਜ਼ਿਆਦਾ ਸੋਚਣ ਨਾਲ ਸਾਡੀਆਂ ਸਮੱਸਿਆਵਾਂ ਸਾਡੇ ਉੱਪਰ ਹਾਵੀ ਹੋਣ ਲੱਗ ਪੈਂਦੀਆਂ ਹਨ। ਜਿਸਦੇ ਨਤੀਜੇ ਵਜੋਂ ਅਸੀਂ ਉਦਾਸ ਰਹਿਣ ਲੱਗ ਪੈਂਦੇ ਹਾਂ ਤੇ ਸਾਡਾ ਸੁਭਾਅ ਬਦਲ ਜਾਂਦਾ ਹੈ। ਅਜਿਹਾ ਅਕਸਰ ਉਸ ਸਮੇਂ ਹੀ ਵਾਪਰਦਾ ਹੈ ਜਦੋਂ ਇਨਸਾਨ ਆਪਣੇ ਆਪ ਨੂੰ ਇਕੱਲਾ ਮਹਿਸੂਸ ਕਰਨ ਲੱਗ ਪੈਂਦਾ ਹੈ ਭਾਵੇਂ ਉਸਦੇ ਆਸ-ਪਾਸ ਉਸਦੇ ਦੋਸਤ, ਰਿਸ਼ਤੇਦਾਰ ਤੇ ਪਰਿਵਾਰਿਕ ਮੈਂਬਰ ਵੀ ਹੋਣ। ਇਸ ਸਮੇਂ ਉਸ ਇਨਸਾਨ ਨੂੰ ਲੱਗਦਾ ਹੈ ਕਿ ਉਸਨੂੰ ਤੇ ਉਸਦੀ ਸਮੱਸਿਆ ਨੂੰ ਹੋਰ ਕੋਈ ਵੀ ਉਸ ਵਾਂਗ ਸਮਝ ਨਹੀਂ ਸਕਦਾ, ਮਹਿਸੂਸ ਨਹੀਂ ਕਰ ਸਕਦਾ। ਇਸ ਤਰ੍ਹਾਂ ਦੀ ਸਥਿਤੀ ਉਸ ਇਨਸਾਨ ਨੂੰ ਆਪਣੇ ਜ਼ਜ਼ਬਾਤ ਆਪਣੇ ਤੱਕ ਹੀ ਸੀਮਤ ਰੱਖਣ ਲਈ ਮਜ਼ਬੂਰ ਕਰਦੀ ਹੈ। ਜੋ ਕਿ ਆਪਣੇ ਆਪ ਵਿੱਚ ਬਹੁਤ ਹੀ ਖ਼ਤਰਨਾਕ ਸਥਿਤੀ ਹੈ। ਆਪਣੀਆਂ ਭਾਵਨਾਵਾਂ ਦੇ ਜ਼ਰੀਏ ਹੀ ਅਸੀਂ ਆਪਣੀ ਖੁਸ਼ੀ ਤੇ ਦੁੱਖ ਬਿਆਨ ਕਰ ਸਕਦੇ ਹਾਂ। ਜੇਕਰ ਜ਼ਜ਼ਬਾਤਾਂ ਨੂੰ ਪ੍ਰਗਟਾਉਣ ਦੀ ਲੋੜ ਹੀ ਨਾ ਹੁੰਦੀ ਤਾਂ ਕੁਦਰਤ ਨੂੰ ਕੀ ਲੋੜ ਸੀ ਇਨਸਾਨ ਨੂੰ ਭਾਵਨਾਵਾਂ ਨਾਲ ਜੋੜਨ ਦੀ। ਤੁਹਾਡਾ ਸਮਾਂ ਕਿਵੇਂ ਚੱਲ ਰਿਹਾ ਹੈ, ਤੁਹਾਡੀ ਸਥਿਤੀ ਕਿਸ ਤਰ੍ਹਾਂ ਦੀ ਹੈ ਇਸ ਵਿੱਚ ਉਲਝਣ ਨਾਲੋਂ ਵੀ ਜ਼ਿਆਦਾ ਜ਼ਰੂਰੀ ਹੁੰਦਾ ਹੈ ਇਹ ਸਮਝਣਾ ਕਿ ਆਪਣੀਆਂ ਸਮੱਸਿਆਵਾਂ ਨੂੰ ਅੰਦਰ ਦਬਾਉਣ ਨਾਲ ਕੀ ਹੋ ਜਾਵੇਗਾ, ਕੀ ਤੁਸੀਂ ਇਹਨਾਂ ਨੂੰ ਅੰਦਰ ਰੱਖਕੇ ਖ਼ਤਮ ਕਰ ਸਕਦੇ ਹੋ? ਜੇਕਰ ਨਹੀਂ ਤਾਂ ਸਾਨੂੰ ਇਨ੍ਹਾਂ ਨੂੰ ਜ਼ਜ਼ਬਾਤਾਂ ਦੇ ਜ਼ਰੀਏ ਪ੍ਰਗਟਾਉਣਾ ਸਿੱਖਣਾ ਪਵੇਗਾ। ਇਹ ਤਾਂ ਹੀ ਸੰਭਵ ਹੋ ਸਕਦਾ ਹੈ ਜੇਕਰ ਤੁਹਾਡੇ ਕੋਲ ਇੱਕ ਵਿਸ਼ਵਾਸ ਕਰਨ ਯੋਗ ਇਨਸਾਨ ਹੋਵੇਗਾ, ਜਿਸ ਨਾਲ ਤੁਸੀਂ ਆਪਣੀ ਹਰ ਗੱਲ ਕਰ ਸਕਦੇ ਹੋਵੋ ਤੇ ਤੁਹਾਨੂੰ ਇਹ ਯਕੀਨ ਵੀ ਹੋਵੇ ਕਿ ਉਹ ਇਹ ਗੱਲ ਆਪਣੇ ਕਰੀਬੀਆਂ ਕੋਲ ਵੀ ਨਹੀਂ ਕਰੇਗਾ। ਤੁਹਾਡੀ ਗੱਲ ਆਪਣੇ ਤੱਕ ਰੱਖਣ ਵਾਲੇ ਇਨਸਾਨ ਬਹੁਤ ਥੋੜੇ ਹੁੰਦੇ ਹਨ ਪਰ ਇਨ੍ਹਾਂ ਦੀ ਲੋੜ ਬਹੁਤ ਜ਼ਿਆਦਾ ਹੈ। ਤਣਾਅ ਮੁਕਤ ਜ਼ਿੰਦਗੀ ਜਿਉਣ ਲਈ ਤੁਹਾਨੂੰ ਵਾਧੂ ਦਾ ਦਿਖਾਵਾ ਛੱਡਕੇ ਹਕੀਕਤ ਨਾਲ ਜੁੜਨਾ ਪਵੇਗਾ। ਤੁਸੀਂ ਜਿਸ ਤਰ੍ਹਾਂ ਦੇ ਹੋ ਆਪਣੇ ਆਪ ਨੂੰ ਉਸੇ ਤਰ੍ਹਾਂ ਦਾ ਪੇਸ਼ ਕਰੋ ਕਿਉਂਕਿ ਚਲਾਕੀਆਂ ਦੀ ਉਮਰ ਜ਼ਿਆਦਾ ਲੰਬੀ ਨਹੀਂ ਹੁੰਦੀ। ਜੇਕਰ ਤੁਸੀਂ ਚਲਾਕੀਆਂ ਛੱਡਕੇ ਵਿਚਰਨਾ ਸ਼ੁਰੂ ਕਰੋਂਗੇ ਤਾਂ ਲੋਕਾਂ ਨੂੰ ਤੁਹਾਡੇ ਤੇ ਵਿਸ਼ਵਾਸ ਕਰਨਾ ਸੌਖਾ ਹੋ ਜਾਵੇਗਾ ਅਤੇ ਤੁਸੀਂ ਵੀ ਉਨ੍ਹਾਂ ਉੱਪਰ ਆਸਾਨੀ ਨਾਲ ਵਿਸ਼ਵਾਸ ਕਰ ਸਕੋਗੇ। ਤੁਹਾਡੇ ਬੋਲਣ ਨਾਲ ਕੌਣ ਕੌਣ ਉਦਾਸ ਜਾਂ ਗੁੱਸੇ ਹੁੰਦਾ ਹੈ ਇਹ ਸੋਚਣ ਨਾਲੋਂ ਪਹਿਲਾਂ ਇਹ ਸੋਚਣਾ ਚਾਹੀਦਾ ਹੈ ਕਿ ਕਿਸੇ ਨੂੰ ਖੁਸ਼ ਰੱਖਣ ਦੇ ਚੱਕਰ ਵਿੱਚ ਤੁਸੀਂ ਸੱਚ ਨੂੰ ਛਪਾਉਣ ਦੀ ਕੋਸ਼ਿਸ਼ ਕਿਉਂ ਕਰਦੇ ਹੋ? ਜੇਕਰ ਤੁਸੀਂ ਆਪਣੇ ਸੁਭਾਅ ਤੇ ਸੋਚ ਅਨੁਸਾਰ ਸੱਚ ਬੋਲ ਹੀ ਨਹੀਂ ਸਕਦੇ ਤਾਂ ਤੁਸੀਂ ਝੂਠ ਬੋਲਕੇ ਵੀ ਕਿਸੇ ਨੂੰ ਉਮਰ ਭਰ ਲਈ ਖੁਸ਼ ਨਹੀਂ ਕਰ ਸਕਦੇ। ਕਿਸੇ ਦੀਆਂ ਖੁਸ਼ੀਆਂ ਲਈ ਖ਼ੁਦ ਨੂੰ ਕੈਦ ਵਿੱਚ ਨਹੀਂ ਰੱਖਿਆ ਜਾ ਸਕਦਾ ਤੇ ਨਾ ਹੀ ਕੈਦ ਵਿੱਚ ਰਹਿਕੇ ਤੁਸੀਂ ਖ਼ੁਦ ਖੁਸ਼ ਰਹਿ ਸਕੋਗੇ। ਇਸ ਲਈ ਕਹਿਣੀ ਅਤੇ ਕਰਨੀ ਦੇ ‘ਇੱਕ’ ਬਣਨਾ ਸਿੱਖੋ। ਕਿਸੇ ਹੋਰ ਲਈ ਤੁਹਾਡੇ ਸੁਭਾਅ ਅੰਦਰ ਆਈ ਇਹ ਤਬਦੀਲੀ ਤੁਹਾਡੇ ਰਿਸ਼ਤਿਆਂ ਨੂੰ ਮਜ਼ਬੂਤ ਕਰਨ ਵਿੱਚ ਮੱਦਦਗਾਰ ਸਾਬਿਤ ਹੋਵੇਗੀ। ਮਜ਼ਬੂਤ ਰਿਸ਼ਤਿਆਂ ਵਿੱਚ ਪਰਦਾ ਰੱਖਣ ਦੀ ਲੋੜ ਨਹੀਂ ਹੁੰਦੀ। ਪਰ ਮੌਜੂਦਾ ਸਮੇਂ ਦਾ ਇੱਕ ਸੱਚ ਇਹ ਵੀ ਹੈ ਕਿ ਹਰ ਇਨਸਾਨ ਦੂਸਰੇ ਇਨਸਾਨ ਤੋਂ ਪਰਦਾ ਰੱਖਣਾ ਚਾਹੁੰਦਾ ਹੈ। ਜਿਸਦਾ ਮੁੱਖ ਕਾਰਨ ਵੀ ਚੰਗੇ ਇਨਸਾਨਾਂ ਦੀ ਗਿਣਤੀ ਦਾ ਘੱਟ ਹੋਣਾ ਹੈ। ਪਰ ਸਾਨੂੰ ਇਹ ਵੀ ਸਮਝਣਾ ਪਵੇਗਾ ਕਿ ਕਿੰਨਾ ਸਮਾਂ ਅਸੀਂ ਚੰਗੇ ਇਨਸਾਨਾਂ ਨੂੰ ਲੱਭਦੇ ਰਹਾਂਗੇ, ਅਸੀਂ ਚੰਗੇ ਬਣਨ ਦੀ ਸ਼ੁਰੂਆਤ ਖ਼ੁਦ ਤੋਂ ਹੀ ਕਿਉਂ ਸ਼ੁਰੂ ਨਹੀਂ ਕਰਦੇ? ਜਿਸ ਦਿਨ ਸਾਨੂੰ ਇਸ ਸਵਾਲ ਦਾ ਜਵਾਬ ਮਿਲ ਜਾਵੇਗਾ, ਉਸ ਦਿਨ ਚੰਗੇ ਇਨਸਾਨਾਂ ਦੀ ਗਿਣਤੀ ਆਪਣੇ ਆਪ ਵਧਣ ਲੱਗ ਪਵੇਗੀ। ਸਾਨੂੰ ਲੋੜ ਹੈ ਦੁਬਾਰਾ ਤੋਂ ਸਾਂਝੇ ਪਰਿਵਾਰਾਂ ਵਾਲੇ ਸਭਿਆਚਾਰ ਵੱਲ ਮੁੜਨ ਦੀ ਕਿਉਂਕਿ ਸਾਂਝੇ ਘਰਾਂ ਚ ਵੱਡੀਆਂ ਸਮੱਸਿਆਵਾਂ ਵੀ ਛੋਟੀਆਂ ਰਹਿ ਜਾਂਦੀਆ ਹਨ ਤੇ ਛੋਟੇ ਘਰਾਂ ਵਿੱਚ ਛੋਟੀਆਂ ਸਮੱਸਿਆਵਾਂ ਵੀ ਵੱਡੀਆਂ ਬਣ ਜਾਂਦੀਆਂ ਹਨ। ਛੋਟੇ ਪਰਿਵਾਰਾਂ ਵਿੱਚ ਰਹਿਣ ਕਰਕੇ ਜ਼ਿਆਦਾ ਸਮਾਂ ਅਸੀਂ ਖ਼ੁਦ ਬਾਰੇ ਹੀ ਸੋਚਦੇ ਰਹਿੰਦੇ ਹਾਂ ਤੇ ਖ਼ੁਦ ਹੀ ਆਪਣੀਆਂ ਸਮੱਸਿਆਵਾਂ ਨੂੰ ਖ਼ਤਮ ਕਰਨ ਦੀ ਕੋਸ਼ਿਸ਼ ਕਰਦੇ ਹਾਂ। ਪਰ ਕੁਝ ਸਮੱਸਿਆਵਾਂ ਨੂੰ ਖ਼ਤਮ ਕਰਨ ਲਈ ਪਰਿਵਾਰ ਤੇ ਦੋਸਤਾਂ ਦਾ ਸਾਥ ਹੋਣਾ ਬਹੁਤ ਜ਼ਰੂਰੀ ਹੈ। ਸਾਂਝੇ ਪਰਿਵਾਰਾਂ ਵਿੱਚ ਭਾਈਚਾਰਕ ਸਾਂਝ ਬਣਾਈ ਰੱਖਣ ਲਈ ਤੁਹਾਨੂੰ ਕਾਫ਼ੀ ਕੁਝ ਸਿੱਖਣਾ ਪਵੇਗਾ ਕਿਉਂਕਿ ਸਾਂਝੇ ਘਰਾਂ ਵਿੱਚ ਹਰ ਕਿਰਦਾਰ ਵੱਖੋ-ਵੱਖਰੀ ਭੂਮਿਕਾ ਨਿਭਾਉਂਦਾ ਹੈ ਤੇ ਵੱਖਰੀ ਜ਼ਿੰਮੇਵਾਰੀ ਚੁੱਕਦਾ ਹੈ। ਤੁਸੀਂ ਹਰ ਕਿਸੇ ਨਾਲ ਗਿਣਤੀ ਮਿਣਤੀ ਨਹੀਂ ਕਰ ਸਕਦੇ ਕਿਉਂਕਿ ਸਾਂਝੇ ਪਰਿਵਾਰ ਵਿੱਚ ਕਿਸੇ ਉੱਪਰ ਸਰੀਰਕ ਬੋਝ ਹੁੰਦਾ ਤੇ ਕਿਸੇ ਉੱਪਰ ਮਾਨਸਿਕ। ਜੇਕਰ ਤੁਸੀਂ ਸਰੀਰਕ ਬੋਝ ਤੋਂ ਬਚੇ ਹੋ ਤਾਂ ਇਸਦਾ ਅਰਥ ਹੈ ਕਿ ਤੁਹਾਨੂੰ ਮਾਨਸਿਕ ਬੋਝ ਦਾ ਸਾਹਮਣਾ ਕਰਨਾ ਪੈ ਸਕਦਾ ਹੈ ਠੀਕ ਉਸੇ ਤਰ੍ਹਾਂ ਜਿਵੇਂ ਮਾਨਸਿਕ ਬੋਝ ਤੋਂ ਬਚਣ ਲਈ ਤੁਹਾਨੂੰ ਸਰੀਰਕ ਜ਼ਿੰਮੇਵਾਰੀ ਨੂੰ ਚੁੱਕਣਾ ਪੈਂਦਾ ਹੈ। ਆਉ ਆਪਣੇ ਆਪ ਨੂੰ ਤਣਾਅ ਮੁਕਤ ਕਰਨ ਲਈ ਸਾਂਝੇ ਪਰਿਵਾਰਾਂ ਦੀ ਮਹੱਤਤਾ ਨੂੰ ਸਮਝਦੇ ਹੋਏ ਇੱਕ ਘਰ ਵਿੱਚ ਅਜਨਬੀਆਂ ਵਾਂਗ ਰਹਿਣਾ ਬੰਦ ਕਰੀਏ। ਆਪਣੇ ਅੰਦਰ ਸ਼ੁਕਰਾਨੇ ਤੇ ਸੁੰਤਸ਼ਟੀ ਦੀ ਭਾਵਨਾ ਪੈਦਾ ਕਰੀਏ। ਇਸ ਤਰ੍ਹਾਂ ਦੇ ਬਦਲਾਅ ਤੁਹਾਨੂੰ ਤਣਾਅ ਤੋਂ ਦੂਰ ਕਰਕੇ ਅਸਲ ਜ਼ਿੰਦਗੀ ਵੱਲ ਲੈ ਜਾਣਗੇ। ਜਿਸ ਦਿਨ ਤੁਸੀਂ ਦਿਖਾਵੇ ਦੀ ਦੁਨੀਆਂ ਤੋਂ ਬਾਹਰ ਆਕੇ ਸੱਚ ਦੇ ਸਹਾਰੇ ਅੱਗੇ ਵਧਣ ਲੱਗ ਪਏ, ਉਸ ਦਿਨ ਤੁਹਾਨੂੰ ਇਹ ਜ਼ਿੰਦਗੀ ਖ਼ੂਬਸੂਰਤ ਲੱਗਣ ਲੱਗ ਪਵੇਗੀ ਅਤੇ ਤੁਸੀਂ ਤਣਾਅ ਵਰਗੀ ਸਮੱਸਿਆ ਨੂੰ ਸਦਾ ਲਈ ਖ਼ਤਮ ਕਰ ਦੇਵੋਗੇ। |