4 December 2022

ਸੁਖਦੇਵ ਸਿੰਘ ਸ਼ਾਂਤ ਦੀ ‘ਗੁਰਮਤਿ ਦ੍ਰਿਸ਼ਟੀ’ ਖ਼ੋਜੀ ਪੁਸਤਕ : ਉਜਾਗਰ ਸਿੰਘ

ਸੁਖਦੇਵ ਸਿੰਘ ਸ਼ਾਂਤ ਦੀ ‘ਗੁਰਮਤਿ ਦ੍ਰਿਸ਼ਟੀ’ ਖ਼ੋਜੀ ਪੁਸਤਕ

: ਉਜਾਗਰ ਸਿੰਘ

ਸੁਖਦੇਵ ਸਿੰਘ ਸ਼ਾਂਤ ਸਰਬੰਗੀ ਲੇਖਕ ਹੈ। ਉਨ੍ਹਾਂ ਦੀਆਂ ਹੁਣ ਤੱਕ ਗੁਰਮਤਿ ਸਾਹਿਤ, ਬਾਲ ਸਾਹਿਤ, ਕਵਿਤਾ ਅਤੇ ਮਿੰਨੀ ਕਹਾਣੀ ਦੀਆਂ ਲਗਪਗ ਇਕ ਦਰਜਨ ਪੁਸਤਕਾਂ ਪ੍ਰਕਾਸ਼ਿਤ ਹੋ ਚੁੱਕੀਆਂ ਹਨ। ਉਨ੍ਹਾਂ ਦੀ ਗੁਰਮਤਿ ਦ੍ਰਿਸ਼ਟੀ ਚਰਚਾ ਅਧੀਨ ਪੁਸਤਕ ਸਿੱਖ ਧਰਮ ਦੀ ਵਿਚਾਰਧਾਰਾ ਦੇ ਪੰਜ ਰੰਗਾਂ ਨੂੰ ਦਰਸਾਉਂਦੀ ਹੈ। ਭਾਵ ਇਸ ਪੁਸਤਕ ਵਿੱਚ 5 ਖੋਜ ਪੱਤਰ ‘ਗੁਰਮਤਿ-ਸੰਪੂਰਨ ਜੀਵਨ ਮਾਰਗ, ਗੁਰਮਤਿ ਵਿੱਚ ਅਧਿਆਤਮਿਕ ਅਤੇ ਦੁਨਿਆਵੀ ਖੇਤਰ ਵਿੱਚ ਕਾਰਜ ਦੀ ਸੁਤੰਤਰਤਾ, ਮਨਿ ਜੀਤੈ ਜਗੁ ਜੀਤੁ (ਗੁਰਮਤਿ ਵਿੱਚ ਮਨ ਦਾ ਸੰਕਲਪ), 1699 ਦੀ ਵਿਸਾਖੀ (ਗੁਰਮਤਿ ਦੇ ਨਿਰਮਲ ਪੰਥ ਤੋਂ ਖ਼ਾਲਸਾ ਪੰਥ ਤੱਕ) ਅਤੇ ਗੁਰਦੁਆਰਾ ਇਕ ਸੰਸਥਾ (ਗੁਰਮਤਿ ਦੀ ਸਤਿਸੰਗ ਅਤੇ ਸੇਵਾ ਦਾ ਕੇਂਦਰ) ਸ਼ਾਮਲ ਹਨ।

ਲੇਖਕ ਨੇ ਮਨੁੱਖ ਦੀ ਹੋਂਦ ਸੰਬੰਧੀ, ਮਨੁੱਖ ਦੀ ਉਮਰ ਸੰਬੰਧੀ ਅਤੇ ਮਨੁੱਖ ਦੇ ਵਿਹਾਰਿਕ ਜੀਵਨ ਸੰਬੰਧੀ ਲਿਖਦੇ ਹੋਏ ਗੁਰਮਤਿ-ਸੰਪੂਰਨ ਜੀਵਨ ਮਾਰਗ ਖੋਜ ਪੱਤਰ ਵਿੱਚ ਦੱਸਿਆ ਹੈ ਕਿ ਤਨ ਮਨ ਵਿੱਚ ਵੱਸਦਾ ਹੈ। ਮਨ ਵਿੱਚ ਜੀਵਨ ਹੈ। ਜਦੋਂ ਸਰੀਰ ਵਿੱਚ ਜੀਵਾਤਮਾ ਮਿਲ ਜਾਂਦੀ ਹੈ ਤਾਂ ਉਹ ਇੱਕ-ਮਿੱਕ ਹੋ ਜਾਂਦੀ ਹੈ। ਗੁਰਮਤਿ ਰਾਹੀਂ ਹੀ ਸੰਪੂਰਨ ਜੀਵਨ ਮਾਰਗ ਬਣਦਾ ਹੈ। ਇਨਸਾਨ ਦੀਆਂ ਸਰੀਰਕ ਅਤੇ ਮਾਨਸਿਕ ਲੋੜਾਂ ਹੁੰਦੀਆਂ ਹਨ। ਨੈਤਿਕ ਕਦਰਾਂ ਕੀਮਤਾਂ ਦਾ ਸਿੱਧਾ ਸੰਬੰਧ ਮਨ ਨਾਲ ਹੈ।

ਮਨੁੱਖੀ ਜੀਵਨ ਦੇ ਅਨੇਕ ਪੱਖ ਹਨ। ਵਿਅਕਤੀਗਤ, ਪਰਿਵਾਰਿਕ, ਸਮਾਜਿਕ, ਆਰਥਿਕ, ਧਾਰਮਿਕ ਅਤੇ ਰਾਜਨੀਤਕ ਆਦਿ। ਸੁਖਦੇਵ ਸਿੰਘ ਸ਼ਾਂਤ ਨੇ ਅੱਗੇ ਇਸ ਲੇਖ ਨੂੰ 7 ਭਾਗਾਂ ਵਿੱਚ ਵੰਡਿਆ ਹੈ। ਇਨਸਾਨ ਦਾ ਵਿਅਕਤੀਗਤ ਜੀਵਨ ਕਿਹੋ ਜਿਹਾ ਹੋਣਾ ਚਾਹੀਦਾ ਹੈ, ਜਿਸ ਵਿੱਚ ਇਕੱਲ, ਇਕਾਂਤ ਅਤੇ ਇਕਾਗਰਤ ਦਾ ਗੂੜ੍ਹਾ ਸੰਬੰਧ ਕਿਹਾ ਹੈ। ਪਰਿਵਾਰਿਕ ਜੀਵਨ ਗ੍ਰਹਿਸਤ ਦਾ ਜੀਵਨ ਹੈ। ਇਸ ਵਿੱਚ ਇਨਸਾਨ ਨੂੰ ਆਪਣੇ ਸਾਰੇ ਰਿਸ਼ਤੇ ਸਹੀ ਢੰਗ ਨਾਲ ਨਿਭਾਉਣੇ ਚਾਹੀਦੇ ਹਨ।

ਸਮਾਜਿਕ ਜੀਵਨ ਵਿੱਚ ਦੱਸਿਆ ਹੈ ਕਿ ਮਨੁੱਖ ਕੇਵਲ ਆਪਣੇ ਅਤੇ ਆਪਣੇ ਪਰਿਵਾਰ ਤੱਕ ਸੀਮਤ ਨਹੀਂ, ਸਗੋਂ ਉਸ ਦੀਆਂ ਸਮਾਜਿਕ ਜ਼ਿੰਮੇਵਾਰੀਆਂ ਵੀ ਹਨ, ਜਿਨ੍ਹਾਂ ਨੂੰ ਨਿਭਾਉਣਾ ਵੀ ਜ਼ਰੂਰੀ ਹੁੰਦਾ ਹੈ। ਆਰਥਿਕ ਜੀਵਨ ਵਿੱਚ ਦੱਸਿਆ ਗਿਆ ਹੈ ਕਿ ਜੇਕਰ ਮਨੁੱਖ ਆਰਥਿਕ ਤੌਰ ਤੇ ਆਜ਼ਾਦ ਨਹੀਂ ਤਾਂ ਉਸ ਦੀਆਂ ਬਾਕੀ ਆਜ਼ਾਦੀਆਂ ਵੀ ਖ਼ਤਰੇ ਵਿੱਚ ਪੈ ਜਾਂਦੀਆਂ ਹਨ। ਭਾਵ ਆਪਣੀ ਰੋਜ਼ੀ ਰੋਟੀ ਲਈ ਦਸਾਂ ਨਹੁੰਆਂ ਦੀ ਕਿਰਤ ਕਰਨੀ ਚਾਹੀਦੀ ਹੈ। ਧਾਰਮਿਕ ਜੀਵਨ ਨੂੰ ਗੁਰਮਤਿ ਵਿੱਚ ਅਸਲ ਜੀਵਨ ਮੰਨਿਆਂ ਹੈ। ਇਸ ਲਈ ਮਨੁੱਖ ਨੂੰ ਗੁਰਬਾਣੀ ਅਨੁਸਾਰ ਪਰਮਾਤਮਾ ਨੂੰ ਹਮੇਸ਼ਾ ਯਾਦ ਰੱਖਣਾ ਚਾਹੀਦਾ ਹੈ।

ਗੁਰਮਤਿ ਵਾਲੇ ਸਮਾਜ ਵਿੱਚ ਰਾਜਸੀ ਸ਼ਕਤੀ ਵੀ ਅਧਿਆਤਮਿਕ ਸ਼ਕਤੀ ਦਾ ਹੀ ਪ੍ਰਗਟਾਵਾ ਹੁੰਦੀ ਹੈ। ਇਸ ਵਿੱਚ ਬਰਾਬਰਤਾ ਦਾ ਸੰਦੇਸ਼ ਹੈ। ਰੋਜ਼ਾਨਾ ਜੀਵਨ ਨਾਲ ਸੰਬੰਧਿਤ ਕਿਰਿਆਵਾਂ ਖਾਣਾ, ਪੀਣਾ, ਪਹਿਨਣਾ, ਖੇਡਣਾ, ਪੜ੍ਹਨਾ ਆਦਿ ਬਾਰੇ ਬਾਕਾਇਦਾ ਗੁਰਬਾਣੀ ਵਿੱਚ ਸਿੱਖਿਆ ਦਿੱਤੀ ਗਈ ਹੈ। ਗੁਰਮਤਿ ਵਿੱਚ ਅਧਿਆਤਮਿਕ ਅਤੇ ਦੁਨਿਆਵੀ ਖੇਤਰ ਵਿੱਚ ਕਾਰਜ ਦੀ ਸੁਤੰਤਰਤਾ ਬਾਰੇ ਲਿਖਦੇ ਹਨ ਕਿ ਪਸ਼ੂ-ਪੰਛੀ ਵੀ ਆਪਣੇ ਜੀਵਨ ਵਿੱਚ ਕਾਰਜ ਕਰਦੇ ਹਨ। ਪ੍ਰੰਤੂ ਸਮਾਜਿਕ ਰੂਪ ਵਿੱਚ ਉਨ੍ਹਾਂ ਦੇ ਕਾਰਜਾਂ ਦਾ ਕੋਈ ਪ੍ਰਭਾਵ ਨਜ਼ਰ ਨਹੀਂ ਆਉਂਦਾ। ਗੁਰਮਤਿ ਅਨੁਸਾਰ ਮਨੁੱਖ ਦੇ ਕਰਮ-ਕਾਂਡ ਜਾਂ ਕਰੜੀ ਤਪੱਸਿਆ ਦੇ ਬੰਧਨਾਂ ਤੋਂ ਮੁਕਤ ਹਨ।

ਗ੍ਰਹਿਸਤ ਮਾਣਨ ਦੀ ਸੁਤੰਤਰਤਾ ਨੇ ਮਨੁੱਖ ਦੇ ਜੀਵਨ ਵਿੱਚ ਉਤਸ਼ਾਹ-ਜਨਕ ਵਾਧਾ ਕੀਤਾ ਹੈ। ਗੁਰਮਤਿ ਅਨੁਸਾਰ ਸਵਰਗ-ਨਰਕ ਜਾਂ ਜੰਨਤ-ਦੋਜ਼ਖ਼ ਦੇ ਵਿਚਾਰ ਨਾਲੋਂ ਵਧੇਰੇ ਜ਼ੋਰ ਵਰਤਮਾਨ ਜੀਵਨ ਦੇ ਕਾਰਜਾਂ ਨੂੰ ਚੰਗਾ ਬਣਾਉਣ ਵਲ ਦਿੱਤਾ ਗਿਆ ਹੈ। ਅਧਿਆਤਮਿਕ ਖੇਤਰ ਵਿੱਚ ਸੁਤੰਤਰਤਾ ਪਰਮਾਤਮਾ ਦੀ ਭਗਤੀ ਅਤੇ ਉਸ ਦੀ ਮਿਹਰ ਰਾਹੀਂ ਜਨਮਾ-ਜਨਮਾਂ ਤਰਾਂ ਦੇ ਪਾਪ ਕੱਟੇ ਜਾਂਦੇ ਹਨ। ਇਸ ਲਈ ਭਗਤੀ ਕਰਨੀ ਤੇ ਚੰਗੇ ਕਾਰਜ ਕਰਨੇ ਜ਼ਰੂਰੀ ਹਨ। ਦੁਨਿਆਵੀ ਖੇਤਰ ਵਿੱਚ ਸੁਤੰਤਰਤਾ ਗੁਰਬਾਣੀ ਵਿੱਚ ਦੁਨਿਆਵੀ ਕਾਰ-ਵਿਹਾਰ ਕਰਦਿਆਂ ਹੀ ਮਨੁੱਖ ਨੂੰ ਅਧਿਆਤਮਿਕ ਜੀਵਨ ਜੀਣ ਦੀ ਸਿੱਖਿਆ ਦਿੱਤੀ ਗਈ ਹੈ।

ਲੇਖਕ ਨੇ ਬਾਕੀ ਧਰਮਾਂ ਦੀਆਂ ਉਦਾਹਰਨਾਂ ਦੇ ਕੇ ਸਾਰੀ ਜਾਣਕਾਰੀ ਦਿੱਤੀ ਹੈ। ਮਨਿ ਜੀਤੈ ਜਗੁ ਜੀਤੁ (ਗੁਰਮਤਿ ਵਿੱਚ ਮਨ ਦਾ ਸੰਕਲਪ) ਵਿੱਚ ਮਨ ਆਤਮਾ ਨਾਲ ਇੱਕ-ਮਿੱਕ ਤਾਂ ਹੀ ਹੋ ਸਕਦਾ ਹੈ ਜੇਕਰ ਉਸ ਦਾ ਰੂਪ ਵੀ ਆਤਮਾ ਵਾਂਗ ਸੂਖਮ ਹੋਵੇ। ਜਦੋਂ ਇਹ ਸੂਖਮ ਵਸਤਾਂ ਮਿਲ ਜਾਂਦੀਆਂ ਹਨ ਤਾਂ ਸ਼ਾਂਤੀ ਮਿਲ ਜਾਂਦੀ ਹੈ। ਮਨ ‘ਤੇ ਕਾਬੂ ਪਾ ਕੇ ਗਿਆਨ ਇੰਦਰੀਆਂ ‘ਤੇ ਕਾਬੂ ਪੈ ਜਾਂਦਾ ਹੈ। ਜਦੋਂ ਇਨ੍ਹਾਂ ਤੇ ਕਾਬੂ ਹੋ ਗਿਆ ਤਾਂ ਮਨ ਜਿੱਤਿਆ ਜਾਂਦਾ ਹੈ। ਮਨ ਜਿੱਤ ਕੇ ਸੰਸਾਰ ਜਿੱਤਿਆ ਜਾ ਸਕਦਾ ਹੈ। ਮਨ ਨੂੰ ਜਿੱਤਣ ਨਾਲ ਸਬਰ, ਸੰਤੋਖ ਪ੍ਰਾਪਤ ਹੋ ਜਾਂਦਾ ਹੈ। ਮਨ ਨੂੰ ਜਿੱਤ ਲੈਣਾ ਹੀ ਇਨਸਾਨ ਦੀ ਸਭ ਤੋਂ ਵੱਡੀ ਉਪਲਬਧੀ ਹੈ।

ਫਿਰ ਜਨਮ-ਜਨਮਾਂਤਰਾਂ ਦੀ ਭੁੱਖ ਖ਼ਤਮ ਹੋ ਜਾਂਦੀ ਹੈ। ਭਟਕਣਾ ਦੂਰ ਹੋ ਜਾਂਦੀ ਹੈ। ਇਹੋ ਗੁਰਬਾਣੀ ਸਿੱਖਿਆ ਦਿੰਦੀ ਹੈ। ਇਨਸਾਨ ਗਿਆਨੀ ਹੋ ਜਾਂਦਾ ਹੈ। ਉਸ ਨੂੰ ਆਪਣੇ ਆਪੇ ਦੀ ਪਛਾਣ ਹੋ ਜਾਂਦੀ ਹੈ। ਉਸ ਨੂੰ ਅਹਿਸਾਸ ਹੋ ਜਾਂਦਾ ਹੈ ਕਿ ਉਹ ਖ਼ੁਦ ਕੀ ਹੈ ਅਤੇ ਉਸ ਦੇ ਜੀਵਨ ਦਾ ਮਨੋਰਥ ਕੀ ਹੈ? ਇਹ ਕਿਹਾ ਜਾ ਸਕਦਾ ਹੈ ਕਿ ਪਰਮਾਤਮਾ ਦੇ ਨਾਮ ਦੀ ਬਖ਼ਸ਼ਿਸ਼ ਨਾਲ ਹੀ ਮਨ ਪਵਿੱਤਰ ਹੋ ਕੇ ਜਿੱਤਿਆ ਜਾ ਸਕਦਾ ਹੈ। ਮਨ ਜਿੱਤਣ ਨਾਲ ਇਨਸਾਨ ਅਧਿਆਤਮਿਕ ਜਿੱਤ ਪ੍ਰਾਪਤ ਕਰਦਾ ਹੈ। 1699 ਦੀ ਵਿਸਾਖੀ (ਗੁਰਮਤਿ ਦੇ ਨਿਰਮਲ ਪੰਥ ਤੋਂ ਖਾਲਸਾ ਪੰਥ ਤੱਕ) ਅਤੇ ਗੁਰਦੁਆਰਾ ਇਕ ਸੰਸਥਾ (ਗੁਰਮਤਿ ਦੀ ਸਤਿਸੰਗਤ ਅਤੇ ਸੇਵਾ ਦਾ ਕੇਂਦਰ) ਵਿਸਾਖ ਮਹੀਨੇ ਵਿੱਚ ਫ਼ਸਲ ਦੇ ਪੱਕਣ ਦੀ ਖ਼ੁਸ਼ੀ ਵਿੱਚ ਵਿਸਾਖੀ ਦਾ ਦਿਨ ਧੂਮ ਧਾਮ ਨਾਲ ਮਨਾਇਆ ਜਾਂਦਾ ਹੈ।

ਇਸ ਪ੍ਰਕਾਰ ਵਿਸਾਖੀ ਦਾ ਦਿਨ ਧਾਰਮਿਕ ਅਤੇ ਆਰਥਿਕ ਤੌਰ ‘ਤੇ ਪਵਿੱਤਰ ਅਤੇ ਮਹੱਤਵਪੂਰਨ ਹੈ। ਸ੍ਰੀ ਗੁਰੂ ਗੋਬਿੰਦ ਸਿੰਘ ਜੀ ਨੇ 1699 ਦੀ ਵਿਸਾਖੀ ਦੇ ਦਿਨ ਪੰਜ ਪਿਆਰਿਆਂ ਨੂੰ ਅੰਮ੍ਰਿਤ ਛਕਾਇਆ ਅਤੇ ਆਪ ਉਨ੍ਹਾਂ ਤੋਂ ਅੰਮ੍ਰਿਤ ਛਕਿਆ ਸੀ। ਉਨ੍ਹਾਂ ਖ਼ਾਲਸਾ ਪੰਥ ਸਾਜ ਕੇ ਖ਼ਾਲਸੇ ਦੀ ਰਹਿਤ ਮਰਿਆਦਾ ਸੰਬੰਧੀ ਫ਼ਰਮਾਨ ਜਾਰੀ ਕੀਤਾ ਸੀ। ਗੁਰ-ਦੀਖਿਆ ਪ੍ਰਾਪਤ ਕਰਕੇ ਹੀ ਇਨਸਾਨ ਗੁਰੂ ਵਾਲਾ ਬਣ ਕੇ ਗਿਆਨ ਪ੍ਰਾਪਤ ਕਰਦਾ ਹੈ। ਗੁਰੂ ਗੋਬਿੰਦ ਸਿੰਘ ਜੀ ਨੇ ‘ਖੰਡੇ ਦੀ ਪਾਹੁਲ’ ਦੇਣ ਦਾ ਜਿਹੜਾ ਫ਼ੈਸਲਾ ਕੀਤਾ, ਉਹ ਗੁਰਬਾਣੀ ਵਿੱਚ ਦਰਸਾਏ ‘ਅੰਮ੍ਰਿਤ’ ਸ਼ਬਦ ਦੀ ਪਾਲਣਾ ਹੀ ਸੀ।

ਗੁਰੂ ਜੀ ਨੇ ਪੰਜ ਸਿੱਖਾਂ ਦੁਆਰਾ ਗੁਰ-ਦੀਖਿਆ ਦੇਣ ਦਾ ਨਿਵੇਕਲਾ ਵਿਚਾਰ ਸੰਸਾਰ ਸਾਹਮਣੇ ਪੇਸ਼ ਕੀਤਾ। 1699 ਦੀ ਵਿਸਾਖੀ ਨੇ ਕੁਝ ਸਿਧਾਂਤਾਂ ਦੀ ਸਥਾਪਨਾ ਕੀਤੀ, ਜਿਨ੍ਹਾਂ ਵਿੱਚ ਸ਼ਕਤੀ ਦਾ ਵਿਕੇਂਦਰੀਕਰਨ, ਲੋਕ-ਤੰਤਰੀ ਢਾਂਚੇ ਦੀ ਸਥਾਪਨਾ, ਭਗਤੀ ਅਤੇ ਸ਼ਕਤੀ ਦਾ ਸੁਮੇਲ, ਸੱਭਿਆਚਾਰਿਕ ਸੁਤੰਤਰਤਾ ਦਾ ਆਦਰਸ਼ ਅਤੇ ਨੈਤਿਕਤਾ ‘ਤੇ ਜ਼ੋਰ ਸ਼ਾਮਲ ਹਨ। ਲੇਖਕ ਨੇ ਵਿਸਾਖੀ ਦੇ ਪ੍ਰਸੰਗ ਵਿੱਚ ਸਿਰਲੇਖ ਹੇਠ ਕੁਝ ਚਿੰਤਾਵਾਂ ਵੀ ਕੀਤੀਆਂ ਹਨ। ਡਰੱਗਜ਼ ਅਤੇ ਨਸ਼ੇ ਪੰਜਾਬ ਵਿੱਚ ਆਮ ਹੋ ਗਏ ਹਨ, ਜਦੋਂ ਕਿ ਗੁਰੂ ਸਾਹਿਬਾਨ ਨੇ ਨਸ਼ਿਆਂ ਤੋਂ ਦੂਰ ਰਹਿਣ ਦੀ ਪ੍ਰੇਰਨਾ ਦਿੱਤੀ ਸੀ। ਇਸੇ ਤਰ੍ਹਾਂ ਗੁਰੂ ਜੀ ਨੇ ‘ਏਕਾ ਨਾਰੀ ਜਤੀ’ ਦਾ ਸੰਦੇਸ਼ ਦਿੱਤਾ ਸੀ ਪ੍ਰੰਤੂ ਏਡਜ਼ ਦੀ ਬਿਮਾਰੀ ਇਸ ਦੀ ਉਲੰਘਣਾ ਦਾ ਸਬੂਤ ਹੈ। ਸ੍ਰੀ ਗੁਰੂ ਨਾਨਕ ਦੇਵ ਜੀ ਨੇ ਇਸਤਰੀ ਨੂੰ ਸਰਵੋਤਮ ਮੰਨਿਆਂ ਪ੍ਰੰਤੂ ਸਾਡੇ ਸਮਾਜ ਵਿੱਚ ਕੁੜੀਆਂ ਨੂੰ ਮਾਰਿਆ ਜਾ ਰਿਹਾ ਹੈ।

ਨੈਤਿਕ ਗਿਰਾਵਟ ਤੇ ਵੀ ਲੇਖਕ ਨੇ ਚਿੰਤਾ ਪ੍ਰਗਟ ਕੀਤੀ ਹੈ ਕਿਉਂਕਿ ਫ਼ੈਸ਼ਨ, ਮਾਡਲਿੰਗ ਦੇ ਨਾਂ ਤੇ ਅਸ਼ਲੀਲਤਾ ਪੇਸ਼ ਕੀਤੀ ਜਾਂਦੀ ਹੈ। ਇਹ ਵੀ ਸਿੱਖ ਵਿਚਾਰਧਾਰਾ ਦੇ ਵਿਰੁੱਧ ਹੈ। ਏਸੇ ਤਰ੍ਹਾਂ ਭ੍ਰਿਸ਼ਟਾਚਾਰ ਗੁਰੂ ਨਾਨਕ ਦੇਵ ਜੀ ਨੇ ਹਕ ਪਰਾਇਆ ਨਾਨਕਾ ਉਸੁ ਸੂਅਰ ਉਸੁ ਗਾਇ॥ ਕਿਹਾ ਸੀ ਪ੍ਰੰਤੂ ਇਸ ਸਮੇਂ ਸਮਾਜ ਵਿੱਚ ਭ੍ਰਿਸ਼ਟਾਚਾਰ ਭਾਰੂ ਹੈ। ਗੁਰਬਾਣੀ ਦਾ ਫ਼ਰਮਾਨ ਹੈ ਨਾ ਕੋ ਬੈਰੀ ਨਹੀ ਬਿਗਾਨਾ ਸਗਲ ਸੰਗਿ ਹਮ ਕਉ ਬਨਿ ਆਈ॥ ਭਾਵ ਵਿਸ਼ਵ ਸ਼ਾਂਤੀ ਦੀ ਲੋੜ ਤੇ ਜ਼ੋਰ ਦਿੱਤਾ ਸੀ ਪ੍ਰੰਤੂ ਵਰਤਮਾਨ ਸਥਿਤੀ ਵਿੱਚ ਇਸ ਦੇ ਉਲਟ ਕੰਮ ਹੋ ਰਿਹਾ ਹੈ। ਪ੍ਰਦੂਸ਼ਣ ‘ਤੇ ਵੀ ਚਿੰਤਾ ਪ੍ਰਗਟ ਕੀਤੀ ਗਈ ਹੈ।

ਗੁਰਦੁਆਰਾ-ਇਕ ਸੰਸਥਾ (ਗੁਰਮਤਿ ਦੀ ਸਤਿਸੰਗਤ ਅਤੇ ਸੇਵਾ ਦਾ ਕੇਂਦਰ) ਖੋਜ ਪੱਤਰ ਵਿੱਚ ਲੇਖਕ ਨੇ ਦੱਸਿਆ ਹੈ ਕਿ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਸਮੇਂ ਤੋਂ ਹੀ ਧਰਮਸਾਲ ਦੇ ਰੂਪ ਵਿੱਚ ਗੁਰਦੁਆਰਾ ਦਾ ਜ਼ਿਕਰ ਆਉਂਦਾ ਹੈ। ਇਸ ਤੋਂ ਬਾਅਦ ਸ੍ਰੀ ਗੁਰੂ ਅਮਰਦਾਸ ਜੀ ਨੇ ਵੀ ਪ੍ਰਚਾਰ ਹਿਤ 22 ਮੰਜੀਆਂ ਸਥਾਪਤ ਕਰਨ ਬਾਰੇ ਬਚਨ ਕੀਤੇ ਸਨ। ਪ੍ਰੰਤੂ ਸ੍ਰੀ ਗੁਰੂ ਅਰਜਨ ਦੇਵ ਜੀ ਨੇ ਸ੍ਰੀ ਹਰਿੰਦਰ ਸਾਹਿਬ ਦੀ ਉਸਾਰੀ ਕਰਵਾ ਕੇ ਬਾਬਾ ਬੁੱਢਾ ਜੀ ਨੂੰ ਗ੍ਰੰਥੀ ਨਾਮਜ਼ਦ ਕਰਕੇ ਗੁਰਦੁਆਰਾ ਸਾਹਿਬ ਦਾ ਮੁੱਢ ਬੰਨਿਆਂ ਸੀ। ਭਾਵੇਂ ਗੁਰਬਾਣੀ ਵਿੱਚ ਧਰਮਸਾਲਾ ਜਾਂ ਗੁਰਦੁਆਰੇ ਦੀ ਨਿਸ਼ਚਿਤ ਸਥਾਨ ਵਜੋਂ ਅਹਿਮੀਅਤ ਨੂੰ ਪ੍ਰਵਾਨ ਕੀਤਾ ਗਿਆ ਸੀ ਅਤੇ ਸੰਸਥਾਗਤ ਪੱਖ ਤੋਂ ਗੁਰਦੁਆਰੇ ਨੂੰ ਇਕ ਸੰਸਥਾ ਵਜੋਂ ਮਾਨਤਾ ਦਿੱਤੀ ਗਈ ਸੀ।

ਗੁਰਦੁਆਰੇ ਦੀ ਸੰਸਥਾ ਵਜੋਂ ਲੋੜ ਵਾਲੇ ਭਾਗ ਵਿੱਚ ਲੇਖਕ ਨੇ ਲਿਖਿਆ ਹੈ ਕਿ ਸਤਿਗੁਰੂ ਦੇ ਦਰਸ਼ਨ, ਸਤਸੰਗਤ ਅਤੇ ਸੇਵਾ ਤਿੰਨ ਅਜਿਹੇ ਸੰਕਲਪ ਹਨ, ਜਿਨ੍ਹਾਂ ਦੀ ਪੂਰਤੀ ਲਈ ਸੰਸਥਾ ਵਜੋਂ ਗੁਰਦੁਆਰੇ ਦੀ ਹੋਂਦ ਜ਼ਰੂਰੀ ਹੈ। ਘਰ ਵਿੱਚ ਇਨਸਾਨ ਅੰਮ੍ਰਿਤ ਵੇਲੇ ਉੱਠ ਕੇ ਨਿੱਤਨੇਮ ਤਾਂ ਕਰ ਸਕਦਾ ਹੈ ਪ੍ਰੰਤੂ ਉੱਥੇ ਸਤਿਗੁਰ ਦੇ ਦਰਸ਼ਨ, ਸਤਸੰਗਤ ਦਾ ਮਿਲਾਪ ਅਤੇ ਗੁਰਸਿੱਖਾਂ ਦੀ ਸੇਵਾ ਨਸੀਬ ਨਹੀਂ ਹੋ ਸਕਦੀ। ਇਸ ਲਈ ਗੁਰਦੁਆਰੇ ਦੀ ਲੋੜ ਹੈ। ਗੁਰਦੁਆਰੇ ਦੀ ਸੰਸਥਾ ਵਜੋਂ ਮਰਯਾਦਾ: ਸਿੱਖ ਧਰਮ ਵਿੱਚ ‘ਸਿੱਖ ਰਹਿਤ ਮਰਯਾਦਾ’ ਗੁਰਦੁਆਰੇ ਵਿੱਚ ਹੋਣੀ ਜ਼ਰੂਰੀ ਹੈ। ਗੁਰਦੁਆਰਾ ਸਾਹਿਬ ਵਿੱਚ ਸ੍ਰੀ ਗੁਰੂ ਗ੍ਰੰਥ ਸਾਹਿਬ ਦਾ ਪ੍ਰਕਾਸ਼, ਨਿਸ਼ਾਨ ਸਾਹਿਬ ਅਤੇ ਨਗਾਰਾ ਤਿੰਨ ਗੱਲਾਂ ਜ਼ਰੂਰੀ ਹਨ। ਜਿੱਥੇ ਸ੍ਰੀ ਗੁਰੂ ਗ੍ਰੰਥ ਸਾਹਿਬ ਹੋਣਗੇ ਉੱਥੇ ਸ਼ਰਧਾਲੂ ਅਨੁਸ਼ਾਸਨ ਵਿੱਚ ਰਹਿਣਗੇ।

ਨੈਤਿਕ ਜ਼ਿੰਮੇਵਾਰੀ ਮਹਿਸੂਸ ਕਰਨਗੇ। ਸਿਰ ਢਕੇ ਹੋਣਗੇ, ਪਾਠ, ਕੀਰਤਨ ਹੁੰਦਾ ਹੋਵੇਗਾ। ਕੁਦਰਤੀ ਹੈ ਕਿ ਸੰਗਤ ਗੁਰਦੁਆਰੇ ਦੀ ਸਿੱਖ ਰਹਿਤ ਮਰਯਾਦਾ ਵਿੱਚ ਰਹਿੰਦੇ ਹੋਏ ਵਿਚਰਨਗੇ। ਗੁਰਦੁਆਰੇ ਦੀ ਸੰਸਥਾ ਵਜੋਂ ਪ੍ਰਬੰਧ: ਹਰ ਗੁਰਦੁਆਰਾ ਸਾਹਿਬ ਦੇ ਪ੍ਰਬੰਧ ਨੂੰ ਚਲਾਉਣ ਲਈ ਪ੍ਰਬੰਧਕ, ਕਰਮਚਾਰੀ, ਪਾਠੀ, ਰਾਗੀ ਅਤੇ ਕੀਰਤਨੀਏ ਹੋਣਗੇ। ਇਨ੍ਹਾਂ ਸਾਰਿਆਂ ਦਾ ਨਿਗਰਾਨ ਮੈਨੇਜਰ ਹੋਵੇਗਾ। ਇਹ ਸਾਰੇ ਕਰਮਚਾਰੀ ਅਧਿਆਤਮਕ ਸੋਚ ਅਨੁਸਾਰ ਕੰਮ ਕਰਨਗੇ।

ਇਹ ਪੁਸਤਕ ਖੋਜ ਕਰਨ ਵਾਲੇ ਵਿਦਿਆਰਥੀਆਂ ਲਈ ਰਾਹ ਦਸੇਰਾ ਸਾਬਤ ਹੋਵੇਗੀ ਕਿਉਂਕਿ ਇਸ ਵਿੱਚ ਦਿੱਤੇ ਵਿਚਾਰ ਵੱਖ-ਵੱਖ ਵਿਦਵਾਨਾਂ ਦੇ ਵਿਚਾਰਾਂ ਦਾ ਨਿਚੋੜ ਹੈ। ਅਖ਼ੀਰ ਵਿੱਚ ਲੇਖਕ ਨੇ ਸਾਰੇ ਗੁਰਦੁਆਰਿਆਂ ਵਿੱਚ ਇਕਸੁਰਤਾ ਦੀ ਲੋੜ ਤੇ ਜ਼ੋਰ ਦਿੰਦੇ ਹੋਏ 10 ਸੁਝਾਅ ਦਿੱਤੇ ਹਨ। 135 ਪੰਨਿਆਂ, 200 ਰੁਪਏ ਕੀਮਤ ਵਾਲੀ ਇਹ ਪੁਸਤਕ ਸੰਗਮ ਪਬਲੀਕੇਸ਼ਨਜ਼ ਸਮਾਣਾ ਜ਼ਿਲ੍ਹਾ ਪਟਿਆਲਾ ਨੇ ਪ੍ਰਕਾਸ਼ਿਤ ਕੀਤੀ ਹੈ।

ਸਾਬਕਾ ਜ਼ਿਲ੍ਹਾ ਲੋਕ ਸੰਪਰਕ ਅਧਿਕਾਰੀ

ਮੋਬਾਈਲ-94178 13072

ujagarsingh48@yahoo.com

***

816

***

About the author

ੳੁਜਾਗਰ ਸਿੰਘ
ਉਜਾਗਰ ਸਿੰਘ
ਸਾਬਕਾ ਜਿਲ੍ਹਾ ਲੋਕ ਸੰਪਰਕ ਅਧਿਕਾਰੀ | + ਲਿਖਾਰੀ ਵਿੱਚ ਛਪੀਆਂ ਰਚਨਾਵਾਂ ਦਾ ਵੇਰਵਾ