18 September 2024

ਆਖਿਰ ਕਿਉਂ ਜ਼ਿੰਦਗੀ ਨੂੰ ਜਿਊਣ ਲਈ ਬੱਚਿਆਂ ਵਰਗੇ ਬਣਨਾ ਜ਼ਰੂਰੀ ਹੁੰਦਾ ਹੈ?—ਅਤਿੰਦਰਪਾਲ ਸਿੰਘ ਸੰਗਤਪੁਰਾ

ਕੁਦਰਤ ਦੀ ਸਿਰਜੀ ਹੋਈ ਜ਼ਿੰਦਗੀ ਬਹੁਤ ਹੀ ਖੂਬਸੂਰਤ ਹੈ। ਵੈਸੇ ਤਾਂ ਜ਼ਿੰਦਗੀ ਨਾਲ ਅਣਗਿਣਤ ਪਹਿਲੂ ਜੁੜੇ ਹੋਏ ਹਨ ਪਰ ਦਿਲ ਤੇ ਦਿਮਾਗ ਦਾ ਜ਼ਿੰਦਗੀ ਨਾਲ ਸਭ ਤੋਂ ਕਰੀਬ ਦਾ ਰਿਸ਼ਤਾ ਹੁੰਦਾ ਹੈ। ਸੁੱਖ ਸਹੂਲਤਾਂ, ਚੰਗੀ ਸਿਹਤ ਇਹ ਸਭ ਜ਼ਿੰਦਗੀ ਦੇ ਸਫ਼ਰ ਦੀਆਂ ਜ਼ਰੂਰਤਾਂ ਹਨ ਪਰ ਜ਼ਿੰਦਗੀ ਦੀ ਮੰਜ਼ਿਲ, ਜ਼ਿੰਦਗੀ ਦੇ ਹਰ ਪਲ ਨੂੰ ਖੂਬਸੂਰਤੀ ਨਾਲ ਮਾਣਨ ਨਾਲ ਹੀ ਮਿਲਦੀ ਹੈ। ਪਰ ਸਮੇਂ ਦੇ ਨਾਲ ਨਾਲ ਸਾਡਾ ਦਿਲ ਤੇ ਦਿਮਾਗ ਸਾਨੂੰ ਵੱਖਰੇ ਤਰੀਕੇ ਨਾਲ ਪ੍ਰਭਾਵਿਤ ਕਰਦੇ ਰਹਿੰਦੇ ਹਨ। ਜ਼ਿੰਦਗੀ ਦੇ ਕਿਸੇ ਪੜਾਅ ਵਿੱਚ ਦਿਲ ਸਾਡੀ ਜ਼ਿੰਦਗੀ ਦੇ ਫ਼ੈਸਲੇ ਲੈਂਦਾ ਹੈ ਤੇ ਕਿਸੇ ਹੋਰ ਪੜਾਅ ਵਿੱਚ ਦਿਮਾਗ ਸਾਡੇ ਫੈਸਲਿਆਂ ਉੱਪਰ ਹਾਵੀ ਹੋ ਜਾਂਦਾ ਹੈ। ਦਿਲ ਤੇ ਦਿਮਾਗ ਦਾ ਇਹੀ ਵਰਤਾਰਾ ਸਾਡੀਆਂ ਖੁਸ਼ੀਆਂ ਤੇ ਦੁੱਖਾਂ ਲਈ ਜ਼ਿੰਮੇਵਾਰ ਹੈ। ਜਿਸ ਸਮੇਂ ਅਸੀਂ ਦਿਲ ਅਨੁਸਾਰ ਫ਼ੈਸਲੇ ਲੈਂਦੇ ਹਾਂ ਤਾਂ ਉਸ ਸਮੇਂ ਅਸੀਂ ਸੱਚਮੁਚ ਅਸਲ ਜ਼ਿੰਦਗੀ ਨੂੰ ਮਹਿਸੂਸ ਕਰਦੇ ਹਾਂ, ਪਰ ਇਹ ਵੀ ਜ਼ਰੂਰੀ ਨਹੀਂ ਹੁੰਦਾ ਕਿ ਹਰ ਹਕੀਕਤ ਤੁਹਾਨੂੰ ਖੁਸ਼ੀ ਹੀ ਦੇਵੇ। ਦਿਮਾਗ ਦੁਆਰਾ ਲਏ ਗਏ ਫ਼ੈਸਲੇ ਸਾਨੂੰ ਦੁੱਖਾਂ ਤੋਂ ਤਾਂ ਬਚਾ ਸਕਦੇ ਹਨ ਪਰ ਇਹ ਸਾਡੇ ਤੋਂ ਸਾਡੀਆਂ ਖੁਸ਼ੀਆਂ ਵੀ ਖੋਹ ਲੈਂਦੇ ਹਨ।

ਜ਼ਿੰਦਗੀ ਦਾ ਸਫ਼ਰ ਜਿਵੇਂ ਜਿਵੇਂ ਅੱਗੇ ਵਧਦਾ ਰਹਿੰਦਾ ਹੈ ਉਵੇਂ ਉਵੇਂ ਜ਼ਿਆਦਾਤਰ ਲੋਕ ਖੁਸ਼ੀਆਂ ਤੋਂ ਵੀ ਅੱਗੇ ਲੰਘ ਜਾਂਦੇ ਹਨ। ਹਰ ਕਿਸੇ ਨੂੰ ਆਪਣਾ ਬਚਪਨ ਤੇ ਬੀਤ ਗਿਆ ਸਮਾਂ ਹੀ ਚੰਗਾ ਲੱਗਦਾ ਤੇ ਲਗਪਗ ਅਸੀਂ ਸਾਰੇ ਹੀ ਕਿਤੇ ਨਾ ਕਿਤੇ ਅਤੀਤ ਵਿੱਚ ਹੀ ਜਿਊਣ ਦੀ ਕੋਸ਼ਿਸ਼ ਕਰਦੇ ਹਾਂ। ਪਰ ਸਾਨੂੰ ਇਹ ਸਮਝਣਾ ਚਾਹੀਦਾ ਹੈ ਕਿ ਚੰਗੇ ਅਤੀਤ ਨੂੰ ਯਾਦ ਕਰਨ ਨਾਲ ਬੁਰਾ ਵਰਤਮਾਨ ਹੋਰ ਜ਼ਿਆਦਾ ਤਕਲੀਫ਼ ਦਿੰਦਾ ਹੈ। ਸਾਨੂੰ ਅਤੀਤ ਵਿੱਚ ਜਿਊਣ ਦੀ ਬਜਾਏ ਵਰਤਮਾਨ ਵਿੱਚ ਅਤੀਤ ਦੀਆਂ ਚੰਗਿਆਈਆਂ ਨਾਲ ਜਿਊਣਾ ਚਾਹੀਦਾ ਹੈ।

ਜ਼ਿੰਦਗੀ ਦਾ ਇਹ ਵੀ ਇੱਕ ਕੌੜਾ ਸੱਚ ਹੈ ਕਿ ਜਿਵੇਂ ਜਿਵੇਂ ਅਸੀਂ ਸਿਆਣੇ ਹੁੰਦੇ ਜਾਵਾਂਗੇ ਉਵੇਂ ਉਵੇਂ ਅਸੀਂ ਜ਼ਿੰਦਗੀ ਨੂੰ ਜਿਊਣਾ ਵੀ ਭੁੱਲਦੇ ਜਾਵਾਂਗੇ। ਸਿਆਣਪ ਸਾਨੂੰ ਜ਼ਿੰਮੇਵਾਰ ਤਾਂ ਬਣਾ ਸਕਦੀ ਹੈ ਪਰ ਖੁਸ਼ ਨਹੀਂ ਰੱਖ ਸਕਦੀ ਕਿਉਂਕਿ ਖੁਸ਼ੀਆਂ ਅਸੂਲਾਂ ਤੇ ਜ਼ਿੰਮੇਵਾਰੀ ਦੀ ਕੈਦ ਵਿੱਚ ਨਹੀਂ ਰਹਿ ਸਕਦੀਆਂ। ਜੇਕਰ ਅਸੀਂ ਸੱਚਮੁੱਚ ਖੁਸ਼ ਰਹਿਣਾ ਚਾਹੁੰਦੇ ਹਾਂ ਤਾਂ ਸਾਨੂੰ ਬੱਚਿਆਂ ਵਰਗੇ ਬਣਨਾ ਪਵੇਗਾ ਜਾਂ ਇਹ ਕਹਿ ਲਵੋ ਕਿ ਖੁਸ਼ ਰਹਿਣ ਲਈ ਸਾਨੂੰ ਬੱਚਿਆਂ ਦੇ ਕੁਝ ਗੁਣ ਅਪਣਾਉਣੇ ਪੈਣਗੇ। ਬੱਚਿਆਂ ਤੇ ਵੱਡਿਆਂ ਵਿੱਚ ਇੱਕ ਫ਼ਰਕ ਇਹ ਹੁੰਦਾ ਹੈ ਕਿ ਬੱਚੇ ਸਭ ਕੁਝ ਜਲਦੀ ਭੁੱਲ ਜਾਂਦੇ ਹਨ ਤੇ ਵੱਡੇ ਸਭ ਕੁਝ ਯਾਦ ਰੱਖਦੇ ਹਨ। ਆਮ ਜ਼ਿੰਦਗੀ ਵਿੱਚ ਅਸੀਂ ਇੱਕ ਦੂਸਰੇ ਨੂੰ ਗੁੱਸੇ ਵਿੱਚ ਬਹੁਤ ਕੁਝ ਅਜਿਹਾ ਕਹਿ ਦਿੰਦੇ ਹਾਂ ਜੋ ਅਸੀਂ ਆਮ ਮਾਹੌਲ ਵਿੱਚ ਸੋਚ ਵੀ ਨਹੀਂ ਸਕਦੇ। ਅਜਿਹੇ ਕੌੜੇ ਬੋਲ ਭੁੱਲਕੇ ਅੱਗੇ ਵਧਣ ਨਾਲ ਹੀ ਮਜ਼ਬੂਤ ਰਿਸ਼ਤੇ ਬਚ ਸਕਦੇ ਹਨ। ਪਰ ਸਾਨੂੰ ਆਦਤ ਪੈ ਚੁੱਕੀ ਹੈ ਏਨਾਂ ਨੂੰ ਯਾਦ ਰੱਖਣ ਦੀ। ਸਾਡਾ ਇਹੀ ਵਿਵਹਾਰ ਸਾਥੋਂ ਸਾਡੀਆਂ ਖੁਸ਼ੀਆਂ ਖੋਹ ਲੈਂਦਾ ਹੈ। ਕੁੜੱਤਣ ਭਰੇ ਬੋਲ ਸਾਡੇ ਰਿਸ਼ਤਿਆਂ ਦੀ ਮਿਠਾਸ ਨੂੰ ਖ਼ਤਮ ਕਰਨ ਲੱਗ ਪੈਂਦੇ ਹਨ। ਅਸੀਂ ਰਿਸ਼ਤਿਆਂ ਵਿੱਚ ਬੱਝੇ ਹੋਏ ਮਹਿਸੂਸ ਕਰਨ ਲੱਗ ਪੈਂਦੇ ਹਾਂ ਤੇ ਰਿਸ਼ਤਿਆਂ ਨੂੰ ਖੁਸ਼ੀ ਖੁਸ਼ੀ ਦਿਲੋਂ ਨਿਭਾਉਣ ਦੀ ਥਾਂ ਰਸਮੀਂ ਤੌਰ ਤੇ ਨਿਭਾਉਣ ਲੱਗ ਪੈਂਦੇ ਹਾਂ। ਪਰ ਬੱਚੇ ਅਜਿਹਾ ਬਿਲਕੁਲ ਵੀ ਨਹੀਂ ਕਰਦੇ। ਜਦੋਂ ਕੋਈ ਵੀ ਬੱਚੇ ਨੂੰ ਝਿੜਕਦਾ ਹੈ ਤਾਂ ਬੱਚਾ ਉਸ ਨਾਲ ਨਾਰਾਜ਼ ਹੋ ਜਾਂਦਾ ਤੇ ਉਸ ਨਾਲ ਕਦੇ ਵੀ ਨਾ ਬੋਲਣ ਦੀ ਗੱਲ ਵੀ ਕਰਦਾ ਹੈ ਪਰ ਕੁਝ ਹੀ ਪਲਾਂ ਬਾਅਦ ਉਹ ਸਭ ਕੁਝ ਭੁੱਲਕੇ ਝਿੜਕਣ ਵਾਲੇ ਇਨਸਾਨ ਨਾਲ ਖੇਡਣ ਲੱਗ ਪੈਂਦਾ ਹੈ। ਗਿਲੇ ਸ਼ਿਕਵੇ ਤਾਂ ਚਲਦੇ ਹੀ ਰਹਿੰਦੇ ਹਨ ਕਿਉਂਕਿ ਹਰ ਕਿਸੇ ਦੇ ਸੋਚਣ ਤੇ ਸਮਝਣ ਦਾ ਪੱਧਰ ਤੇ ਨਜ਼ਰੀਆ ਵੱਖਰਾ ਹੁੰਦਾ ਹੈ। ਬਸ ਲੋੜ ਹੁੰਦੀ ਹੈ ਸਭ ਕੁਝ ਭੁੱਲਕੇ ਇੱਕ ਨਵੀਂ ਸ਼ੁਰੂਆਤ ਕਰਨ ਦੀ। ਅਸੀਂ ਦੁਖੀ ਹੋਣ ਲਈ ਤਾਂ ਅਤੀਤ ਦੀਆਂ ਯਾਦਾਂ ਵਿੱਚ ਉਲਝੇ ਰਹਿੰਦੇ ਹਾਂ ਪਰ ਖੁਸ਼ ਹੋਣ ਲਈ ਅਤੀਤ ਦੀਆਂ ਚੰਗੀਆਂ ਯਾਦਾਂ ਨੂੰ ਅਕਸਰ ਹੀ ਅਸੀਂ ਨਜ਼ਰਅੰਦਾਜ਼ ਕਰਦੇ ਰਹਿੰਦੇ ਹਾਂ। ਅਸੀਂ ਆਪਣਾ ਭਵਿੱਖ ਵਧੀਆ ਬਣਾਉਣ ਦੇ ਚੱਕਰ ਵਿੱਚ ਏਨਾ ਜ਼ਿਆਦਾ ਰੁੱਝੇ ਹੋਏ ਹਾਂ ਕਿ ਸਾਡੇ ਕੋਲ ਸਮਾਂ ਹੀ ਨਹੀਂ ਕਿ ਅਸੀਂ ਆਪਣੇ ਸ਼ੁਰੂਆਤੀ ਦੌਰ ਨੂੰ ਯਾਦ ਕਰ ਸਕੀਏ। ਜੇਕਰ ਮਹਿਸੂਸ ਕੀਤਾ ਜਾਵੇ ਤਾਂ ਸਮੇਂ ਦੇ ਨਾਲ-ਨਾਲ ਸਾਡੇ ਪੁਰਾਣੇ ਹਾਲਾਤਾਂ ਨਾਲੋਂ ਮੌਜੂਦਾ ਹਾਲਾਤ ਕਈ ਗੁਣਾਂ ਚੰਗੇ ਹਨ ਪਰ ਅਸੀਂ ਕਦੇ ਇਸ ਲਈ ਕੁਦਰਤ ਦਾ ਸ਼ੁਕਰਾਨਾ ਹੀ ਨਹੀਂ ਕਰਦੇ ਤੇ ਨਾ ਹੀ ਅਸੀਂ ਇਸ ਅਹਿਸਾਸ ਨੂੰ ਮਹਿਸੂਸ ਕਰਦੇ ਹਾਂ।

ਜੇਕਰ ਸੱਚਮੁਚ ਹੀ ਅਸੀਂ ਆਪਣੀ ਜ਼ਿੰਦਗੀ ਵਧੀਆ ਤਰੀਕੇ ਨਾਲ ਜਿਊਣਾ ਚਾਹੁੰਦੇ ਹਾਂ ਤਾਂ ਬੱਚਿਆਂ ਵਾਂਗ ਸਭ ਕੁਝ ਭੁੱਲਕੇ ਸਾਨੂੰ ਇੱਕ ਨਵੀਂ ਸ਼ੁਰੂਆਤ ਕਰਨ ਵਾਲੀ ਸੋਚ ਨੂੰ ਆਪਣਾ ਸੁਭਾਅ ਬਣਾਉਣਾ ਪਵੇਗਾ। ਇਸ ਤੋਂ ਇਲਾਵਾ ਆਪਣੇ ਮੌਜੂਦਾ ਹਾਲਾਤਾਂ ਤੋਂ ਸੁਤੰਸ਼ਟ ਹੋਣਾ ਤੇ ਆਪਣੀ ਜ਼ਿੰਦਗੀ ਵਿੱਚ ਮਸਤ ਰਹਿਣਾ ਵੀ ਸਿੱਖਣਾ ਪਵੇਗਾ। ਸਾਡੇ ਕੋਲ ਜੋ ਹੈ ਅਸੀਂ ਉਸਨੂੰ ਤਾਂ ਪੂਰੀ ਤਰ੍ਹਾਂ ਮਾਣਦੇ ਨਹੀਂ ਪਰ ਉਸਤੋਂ ਵਧੀਆ ਹਾਸਲ ਕਰਨ ਲਈ ਹਮੇਸ਼ਾਂ ਤੜਫਦੇ ਰਹਿੰਦੇ ਹਾਂ। ਆਪਣੀ ਜ਼ਿੰਦਗੀ ਉੱਪਰ ਸਾਡਾ ਧਿਆਨ ਘੱਟ ਤੇ ਦੂਸਰਿਆਂ ਦੀ ਜ਼ਿੰਦਗੀ ਉੱਪਰ ਸਾਡਾ ਧਿਆਨ ਜ਼ਿਆਦਾ ਹੁੰਦਾ ਹੈ।‌ ਸਾਨੂੰ ਦੂਸਰਿਆਂ ਦੀ ਜ਼ਿੰਦਗੀ ਵਿੱਚ ਦਖ਼ਲ ਅੰਦਾਜ਼ੀ ਕਰਨ ਦੀ ਥਾਂ ਆਪਣੇ ਉੱਪਰ ਧਿਆਨ ਦੇਣਾ ਚਾਹੀਦਾ ਹੈ। ਜਿਸ ਦਿਨ ਅਸੀਂ ਬੱਚਿਆਂ ਦੇ ਇਹ ਨਿੱਕੇ ਨਿੱਕੇ ਗੁਣ ਅਪਣਾ ਲਵਾਂਗੇ ਉਸ ਦਿਨ ਅਸੀਂ ਵਧੀਆ ਜ਼ਿੰਦਗੀ ਜਿਊਣ ਲੱਗ ਪਵਾਂਗੇ। ਸਾਡੇ ਅੰਦਰ ਖੁਸ਼ ਹੋਣ ਲਈ ਥੋੜੀ ਬੇਪਰਵਾਹੀ ਵੀ ਹੋਣੀ ਚਾਹੀਦੀ ਹੈ। ਹਰ ਸਮੇਂ ਆਪਣੀ ਰੁਟੀਨ ਵਿੱਚ ਬੱਝਕੇ ਜਿਊਣ ਨਾਲੋਂ ਚੰਗਾ ਹੁੰਦਾ ਕਦੇ ਕਦੇ ਆਪਣੀ ਰੁਟੀਨ ਨੂੰ ਤੋੜਨਾ ਤੇ ਕੁਝ ਵਖਰਾ ਕਰਨਾ। ਇਸ ਤਰ੍ਹਾਂ ਕਰਨ ਨਾਲ ਤੁਸੀਂ ਬਹੁਤ ਵਧੀਆ ਮਹਿਸੂਸ ਕਰੋਗੇ। ਆਉ ਸਿਆਣਪ ਵਿੱਚ ਸਿਮਟਕੇ ਜ਼ਿੰਦਗੀ ਜਿਊਣ ਦੀ ਥਾਂ ਬੱਚਿਆਂ ਵਾਂਗ ਖੁੱਲਕੇ ਜ਼ਿੰਦਗੀ ਜਿਊਣ ਦੀ ਕੋਸ਼ਿਸ਼ ਕਰੀਏ।
***
ਅਤਿੰਦਰਪਾਲ ਸਿੰਘ ਸੰਗਤਪੁਰਾ
ਸੰਪਰਕ 81468 08995

***
867
***

ਅਤਿੰਦਰਪਾਲ ਸਿੰਘ ਸੰਗਤਪੁਰਾ

View all posts by ਅਤਿੰਦਰਪਾਲ ਸਿੰਘ ਸੰਗਤਪੁਰਾ →