25 July 2024
ਦਲੀਪ ਕੌਰ ਟਿਵਾਣਾ

ਤਿੰਨ ਰੰਗ ਨਹੀਉਂ ਲਭਣੇ – ਦਲੀਪ ਕੌਰ ਟਿਵਾਣਾ

ਤਿੰਨ ਰੰਗ ਨਹੀਉਂ ਲਭਣੇ॥

– ਦਲੀਪ ਕੌਰ ਟਿਵਾਣਾ –
ਬੀ-13 ਪੰਜਾਬੀ ਯੂਨੀਵਰਸਿਟੀ, ਪਟਿਆਲਾ

ਸਾਡਾ ਇਕ ਲੋਕ ਗੀਤ ਦੱਸਦਾ ਹੈ, “ਤਿੰਨ ਰੰਗ ਨਹੀਉਂ ਲਭਣੇ, ਹੁਸਨ ਜਵਾਨੀ ਮਾਪੇ।”

ਇਨ੍ਹਾਂ ਵਿਚੋਂ ਦੋ ਦੀ ਗੱਲ ਕਦੇ ਫੇਰ ਕਰਾਂਗੇ। ਅੱਜ ਤੀਜੇ ਰੰਗ, ਮਾਪਿਆਂ ਵੱਲ ਚਲਦੇ ਹਾਂ। ਸੋਚਦੀ ਹਾਂ ਕਿੱਡੇ ਖ਼ੁਸ਼ਕਿਸਮਤ ਨੇ ਉਹ ਲੋਕ ਜਿਨ੍ਹਾਂ ਦੇ ਮਾਂ-ਪਿਉ ਜੀਂਦੇ ਨੇ। ਕਦੇ ਮੇਰੇ ਬਾਪੂ ਜੀ ਤੇ ਬੇਜੀ ਵੀ ਜੀਂਦੇ ਸਨ, ਪਰ ਉਨ੍ਹਾਂ ਦੇ ਜੀਂਦਿਆਂ ਕਦੇ ਖਿਆਲ ਹੀ ਨਹੀ ਸੀ ਆਇਆ ਕਿ ਇਕ ਦਿਨ ਇਹ ਨਹੀ ਹੋਣਗੇ।

ਮੇਰੇ ਇਕ ਨਾਵਲ ਦਾ ਨਾਮ ਹੈ, ‘ਰਿਣ ਪਿੱਤਰਾਂ ਦਾ’ ਪਰ ਮੇਰਾ ਬੇਟਾ ਹਮੇਸ਼ਾ ਆਖਦਾ ਹੈ, ‘ਰਿਣ ਪੁੱਤਰਾਂ ਦਾ।’ ਪਹਿਲੇ ਮੈਂ ਉਸ ਦੀ ਇਸ ਗੱਲ ਉਪਰ ਹੱਸ ਛੱਡਦੀ ਸੀ ਪਰ ਹੁਣ ਲਗਦੈ ਸਾਡੇ ਸਮੇਂ ਦਾ ਇਹੋ ਸੱਚ ਹੈ ਕਿ ਅਸੀਂ ਪਿੱਤਰਾਂ ਦਾ ਰਿਣ ਭੁੱਲ ਕੇ ਬੱਚਿਆਂ ਲਈ ਕੁਝ ਵੀ ਕਰਨ ਨੂੰ ਤਿਆਰ ਰਹਿੰਦੇ ਹਾਂ। ਉਪਨਿਸ਼ਦਾਂ ਵਿਚ ਤਾਂ ਇਹ ਵੀ ਲਿਖਿਆ ਹੋਇਆ ਹੈ ਕਿ ਕਲਯੁਗ ਵਿਚ ਮਨੁਖ ਦੇ ਪਿਛਲੇ ਜਨਮਾਂ ਦੇ ਵੈਰੀ, ਬਦਲਾ ਲੈਣ ਲਈ ਉਸਦੇ ਘਰ ਬੱਚੇ ਬਣਕੇ ਜੰਮਣਗੇ। ਮਤਲਬ ਹੈ ਤੁਹਾਨੂੰ ਸਭ ਤੋਂ ਵਧ ਦੁੱਖ ਤੁਹਾਡੇ ਬੱਚੇ ਹੀ ਦੇਣਗੇ।

ਕਿਉਂ? ਪਰ ਕਿਉਂ? ਇਸ ਲਈ ਕਿ ਬੱਚਿਆਂ ਦੇ ਸਾਹਮਣੇ ਮਾਪਿਆਂ ਨਾਲ਼ ਵਿਵਹਾਰ ਦੇ ਅਸੀਂ ਹੀ ਤਾਂ ਮਾਡਲ ਹਾਂ। ਸਾਡੀ ਇਕ ਲੋਕ-ਕਥਾ ਦੱਸਦੀ ਹੈ ਕਿ ਇਕ ਪੁੱਤਰ ਆਪਣੇ ਬੁਢੇ ਬਾਪ ਨੰੁ ਬੇਲੋੜਾ ਸਮਝ ਕੇ ਇਕ ਰਾਤ ਖੂਹ ਵਿਚ ਸੁੱਟਣ ਤੁਰ ਪਿਆ। ਸੁੱਟਣ ਲਗਿਆ ਤਾਂ ਬਾਪ ਬੋਲਿਆ, “ਇਸ ਖੂਹ ਵਿਚ ਨਾ ਸੁੱਟ। ਏਥੇ ਮੈ ਆਪਣਾ ਬਾਪ ਸੁੱਟਿਆ ਸੀ।” ਅਗਲੇ ਖੂਹ ਕੋਲ਼ ਗਏ ਤਾਂ ਬਜ਼ੁਰਗ ਨੇ ਆਖਿਆ, “ਏਥੇ ਵੀ ਨਾ ਸੱੁਟ। ਏਥੇ ਮੇਰੇ ਬਾਪ ਨੇ ਆਪਣਾ ਬਾਪ ਸੁੱਟਿਆ ਸੀ।” ਉਸ ਤੋਂ ਅਗਲੇ ਖੂਹ ਤੇ ਗਏ ਤਾਂ ਉਹ ਬੋਲਿਆ, “ਨਾ ਏਥੇ ਵੀ ਨਾ ਸੁੱਟੀਂ। ਏਥੇ ਮੇਰੇ ਬਾਪ ਦੇ ਬਾਪ ਨੇ ਆਪਣਾ ਬਾਪ ਸੁੱਟਿਆ ਸੀ।” ਲੜਕੇ ਨੂੰ ਸਮਝ ਆ ਗਈ ਕਿ ਕਲ੍ਹ ਨੂੰ ਮੇਰਾ ਪੁੱਤਰ ਵੀ ਮੇਰੇ ਨਾਲ਼ ਇਉਂ ਹੀ ਕਰੇਗਾ ਤੇ ਆਪਣੇ ਬਾਪ ਨੂੰ ਘਰ ਮੋੜ ਲਿਆਇਆ। ਪਰ ਸਦੀਆਂ ਨੂੰ ਛਾਣ ਕੇ ਲਭੀਆਂ ਲੋਕ-ਵੇਦ ਦੀਆਂ ਅਜਿਹੀਆਂ ਆਇਤਾਂ ਵੱਲ ਹੁਣ ਸਾਡਾ ਧਿਆਨ ਹੀ ਕਿਥੇ ਜਾਂਦਾ ਹੈ? ਟੀ. ਵੀ. ਸੋਚਣ ਦਾ ਸਮਾਂ ਹੀ ਕਿਥੇ ਦਿੰਦਾ ਹੈ?

ਆਖਦੇ ਨੇ ਅਕਬਰ ਬਾਦਸ਼ਾਹ ਦੀ ਮਾਂ ਮਰੀ ਤਾਂ ਉਹ ਰੋਣ ਲੱਗ ਪਿਆ। ਕਿਸੇ ਨੇ ਆਖਿਆ, “ਬਾਦਸ਼ਾਹ ਸਲਾਮਤ, ਆਪ ਨੂੰ ਕਾਹਦਾ ਘਾਟਾ ਹੈ? ਆਪ ਕਿਉਂ ਰੋਂਦੇ ਹੋ?” ਤਾਂ ਅਕਬਰ ਨੇ ਆਖਿਆ, “ਮਾਂ ਤੋਂ ਮਗਰੋਂ ਮੈਨੂੰ, ‘ਵੇ ਅਕੂ‘ ਆਖ ਕੇ ਕਿਸੇ ਨਹੀ ਬੁਲਾਉਣਾ।”

ਮਾਂ ਨੇ ਇਹ ਅਧਿਕਾਰ ਮੁਫ਼ਤ ਵਿਚ ਨਹੀ ਪ੍ਰਾਪਤ ਕੀਤਾ ਹੁੰਦਾ। ਮਾਂ ਹੀ ਹੈ ਜੋ ਆਪਣੇ ਖ਼ੂਨ ਨਾਲ਼ ਸਿੰਜ ਕੇ ਇਕ ਬੀਜ ਤੋਂ ਤੁਹਾਨੂੰ ਬੱਚਾ ਬਣਾਉਂਦੀ ਹੈ। ਫੇਰ ਕੰੂਜ ਵਾਂਗ ਚੱਤੇ ਪਹਿਰ ਓਸੇ ਵਿਚ ਧਿਆਨ ਰੱਖ ਕੇ ਉਸ ਨੂੰ ਉਡਾਰ ਕਰਦੀ ਹੈ। ਫੇਰ ਉਸ ਦੀ ਤੰਦਰੁਸਤੀ, ਸਲਾਮਤੀ ਤੇ ਤਰੱਕੀ ਲਈ ਕੋਸ਼ਿਸ਼ ਹੀ ਨਹੀ ਕਰਦੀ, ਬਲਕਿ ਦੁਆਵਾਂ ਵੀ ਕਰਦੀ ਹੈ । ਤੇ ਇਹ ਸਭ ਕੁਝ ਬਿਨਾ ਕੋਈ ਇਵਜ਼ਾਨਾ ਮੰਗਿਆਂ।

ਪਾਲ-ਪੋਸ ਕੇ ਜਦੋਂ ਬੂਟਾ ਫਲ ਦੇਣ ਜੋਗਾ ਹੋ ਗਿਆ ਤਾਂ ਬਿਗਾਨੀ ਧੀ ਵਿਆਹ ਲਿਆੳਂਦੀ ਹੈ ਤੇ ਆਪਣਾ ਪੁੱਤਰ ਉਸ ਦੇ ਹਵਾਲੇ ਕਰ ਦਿੰਦੀ ਹੈ। ਨਾਲ਼ ਅਸੀਸਾਂ ਦਿੰਦੀ ਹੈ, “ਦੁਧੀਂ ਨਹਾਵੇਂ, ਪੁਤੀਂ ਫਲੇਂ।” ਪਰ ਬਿਗਾਨੀ ਧੀ ਆ ਕੇ ਸਮਝਦੀ ਹੈ ਕਿ ਇਹ ਮੇਰਾ ਹਸਬੈਂਡ ਹੈ ਤੇ ਭੁੱਲ ਜਾਂਦੀ ਹੈ ਕਿ ਹਸਬੈਂਡ ਹੋਣ ਤੋਂ ਪਹਿਲਾਂ ਉਹ ਕਿਸੇ ਦਾ ਪੁੱਤਰ ਵੀ ਸੀ।

ਵਹੁਟੀ ਹਸਬੈਂਡ ਕੋਲ਼ ਮਾਂ ਦੀਆਂ ਨਿਕੀਆਂ-ਮੋਟੀਆਂ, ਸੱਚੀਆਂ-ਝੂਠੀਆਂ ਸ਼ਕਾਇਤਾਂ ਲਾਉਂਦੀ ਰਹਿੰਦੀ ਹੈ। ਮੁੱਤਰ ਨੇ ਮਾਂ ਕੋਲੋਂ ਜਵਾਬ-ਤਲਬੀ ਤਾਂ ਕਰਨੀ ਨਹੀ ਹੁੰਦਾ; ਉਹ ਉਂਜ ਹੀ ਪਾਸਾ ਜਿਹਾ ਵੱਟ ਲੈਂਦਾ ਹੈ। ਮਾਂ ਨੂੰ ਬੁਰਾ ਲੱਗਦਾ ਹੈ ਤੇ ਕਈ ਵਾਰੀ ਗੁੱਸਾ ਵੀ ਆਉਂਦਾ ਹੈ। ਇਸ ਦਾ ਇਲਾਜ ਵਹੁਟੀ ਆਪਣਾ ਅੱਡ ਘਰ ਬਣਾ ਰਹਿਣ ਵਿਚ ਲਭਦੀ ਹੈ। ਬੰਦੇ ਨੂੰ ਆਖਰ ਵਹੁਟੀ ਦੀ ਗੱਲ ਮੰਨਣੀ ਪੈਂਦੀ ਹੈ। ਮਾਂ-ਬਾਪ ਰੋਕਣਾ ਚਾਹੰੁਦੇ ਹਨ ਪਰ ਨਹੀ ਰੋਕ ਸਕਦੇ। ਮਗਰੋਂ ਮਾਂ-ਬਾਪ ਨੂੰ ਖ਼ਤ ਪਾਉਣਾ, ਫ਼ੋਨ ਕਰਨਾ, ਕੋਈ ਚੀਜ਼ ਭੇਜਣੀ, ਬਿਮਾਰੀ-ਠਮਾਰੀ ਵੇਲ਼ੇ ਪਤਾ ਲੈਣ ਚਲੇ ਜਾਣਾ ਜਾਂ ਕੋਲ਼ ਲੈ ਆਉਣਾ; ਕੋਈ ਵੀ ਗੱਲ ਵਹੁਟੀ ਨੂੰ ਚੰਗੀ ਨਹੀਂ ਲਗਦੀ ਤੇ ਬੰਦਾ ਕਿਸੇ ਵੀ ਗੱਲੋਂ ਘਰ ਵਿਚ ਕਲੇਸ਼ ਨਹੀ ਪਾੳਣਾ ਚਾਹੰੁਦਾ। ਨਾਲ਼ੇ ਹੁਣ ਉਹ ਬੱਚਿਆਂ ਦਾ ਖਿਆਲ ਰੱਖੇ ਕਿ ਮਾਪਿਆਂ ਦਾ!

ਵਹੁਟੀ ਵੇਖਦੀ ਹੈ ਕਿ ਹੋਰ ਤਾਂ ਸਭ ਠੀਕ ਹੈ ਪਰ ਉਸਦਾ ਆਦਮੀ ਕਈ ਵਾਰੀ ਨਿਕੀ-ਨਿਕੀ ਗੱਲ ਤੋਂ ਖਿਝ ਜਾਂਦਾ ਹੈ। ਕਈ ਵਾਰੀ ਦੇਰ ਨਾਲ਼ ਬਾਹਰੋਂ ਮੁੜਦਾ ਹੈ। ਸ਼ਰਾਬ ਵੀ ਆਮ ਹੀ ਪੀ ਲੈਂਦਾ ਹੈ। ਉਹ ਕੁਝ ਆਖੇ ਤਾਂ ਅੱਗੋਂ ਆਕੜ ਕੇ ਪੈਂਦਾ ਹੈ। ਉਹ ਨਹੀ ਸਮਝਦੀ ਕਿ ਆਦਮੀ ਤਾਂ ਦਰੱਖ਼ਤ ਵਾਂਗ ਹੁੰਦਾ ਹੈ। ਅਗਰ ਤੁਸੀਂ ਉਸ ਦੀ ਉਹ ਟਾਹਣੀ ਕੱਟ ਦਿਓਗੇ ਜੋ ਮਾਂ ਵੱਲ ਜਾਂਦੀ ਹੈ ਤੇ ਉਹ ਟਾਹਣੀ ਕੱਟ ਦਿਓਗੇ ਜੋ ਬਾਪ ਵੱਲ ਜਾਂਦੀ ਹੈ ਤਾਂ ਉਹ ਮਾਂ-ਬਾਪ ਤੋਂ ਦੂਰ ਤਾਂ ਹੋ ਜਾਵੇਗਾ ਪਰ ਟਾਹਣੀਆਂ ਕੱਟਣ ਨਾਲ਼ ਜਿਹੜੇ ਜ਼ਖ਼ਮ ਹੋਣਗੇ, ਉਨ੍ਹਾਂ ਦੀ ਦਰਦ ਜਦੋਂ ਉਸ ਨੂੰ ਔਖਿਆਂ ਕਰੇਗੀ ਤਾਂ ਉਸ ਦਾ ਘਰ ਉਸ ਦੇ ਔਖੇ ਮਨ ਤੋਂ ਕਿਵੇਂ ਬਚੇਗਾ? ਏਸੇ ਤਰ੍ਹਾਂ ਮੋਹ-ਮਮਤਾ ਦੀਆਂ ਜਿੰਨੀਆਂ ਟਾਹਣੀਆਂ ਤੁਸੀਂ ਉਸਦੀਆਂ ਕੱਟੀ ਜਾਓਗੇ ਓਨੇ ਹੀ ਜ਼ਖ਼ਮ ਬੰਦੇ ਦੇ ਲਗਦੇ ਜਾਣਗੇ। ਫੇਰ ਇਸ ਤਰ੍ਹਾਂ ਦੇ ਜ਼ਖ਼ਮੀ ਬੰਦੇ ਕੋਲ਼ੋਂ ਤੁਸੀਂ ਹਾਸੇ-ਖੇੜੇ, ਸੁਖ-ਸ਼ਾਂਤੀ ਦੀ ਆਸ ਕਿਵੇਂ ਰੱਖ ਸਕਦੇ ਹੋ? ਅਸੀਂ ਇਹ ਵੀ ਭੁੱਲ ਜਾਂਦੇ ਹਾਂ ਕਿ ਬੱਚੇ ਸਾਰਾ ਵੇਲ਼ਾ ਇਹ ਸਭ ਵੇਖ ਰਹੇ ਹੁੰਦੇ ਹਨ। ਇਹ ਸਭ ਕੁਝ ਉਨ੍ਹਾਂ ਦੇ ਮਨਾਂ ਉਪਰ ਛਪ ਰਿਹਾ ਹੰੁਦਾ ਹੈ।

ਲੋਕੀਂ ਆਖਦੇ ਨੇ ਮੇਰੇ ਨਾਵਲਾਂ ਵਿਚ ਧਰਤੀ ਵਰਗੀ, ਅੰਬਰ ਜਿਡੀ ਇਕ ਵਡੀ ਔਰਤ ਦਾ ਜ਼ਿਕਰ ਕਈ ਵਾਰੀ ਆਇਆ ਹੈ। ਇਹ ਸ਼ਾਇਦ ਇਸ ਲਈ ਹੈ ਕਿ ਮੇਰੀਆਂ ਦੋਵੇਂ ਮਾਵਾਂ, ਮੇਰੇ ਅਚੇਤ ਦਾ ਹਿਸਾ ਬਣ ਚੁਕੀਆਂ ਹਨ। ਜਦੋਂ ਬਾਪੂ ਜੀ ਗੁਜ਼ਰ ਗਏ ਸਨ, ਵੀਰਾ ਸਿਰਫ ਛੇ ਸਾਲ ਦਾ ਸੀ ਤੇ ਚਾਚਾ-ਤਾਇਆ ਕੋਈ ਹੈ ਨਹੀ ਸੀ; ਉਪਰੋਂ ਸਕੂਲ ਪੜ੍ਹਦੀਆਂ ਪੰਜ ਧੀਆਂ। ਸਥਿਤੀ ਬੜੀ ਡਾਵਾਂਡੋਲ ਸੀ। ਲੋਕਾਂ ਨੇ ਹਰ ਤਰ੍ਹਾਂ ਡਰਾਉਣਾ ਸ਼ੁਰੂ ਕਰ ਦਿਤਾ ਸੀ। ਅਸੀਂ ਡਰਨ ਲੱਗ ਪਏ। ਓਦੋਂ ਬੇ ਜੀ ਨੇ ਆਖਿਆ, “ਮੈ ਰਾਤ ਨੂੰ ਜਦੋਂ ਕੀਰਤਨ ਸੋਹਲੇ ਦਾ ਪਾਠ ਕਰਦੀ ਹਾਂ ਤਾਂ ਅਪਣੇ ਘਰ ਦੇ ਆਲ਼ੇ-ਦੁਆਲ਼ੇ ਆਸਮਾਨ ਜਿਡੀ ਉਚੀ ਲੋਹੇ ਦੀ ਵਾੜ ਹੋ ਜਾਂਦੀ ਐ ਤੇ ਸਵੇਰੇ ਜਦੋਂ ਜਪੁ ਜੀ ਸਾਹਿਬ ਦਾ ਪਾਠ ਕਰਦੀ ਹਾਂ ਤਾ ਉਹ ਵਾੜ ਖੁਲ੍ਹਦੀ ਹੈ। ਸੋ ਬੇਫਿਕਰ ਹੋ ਕੇ ਸੌਂ ਜਾਇਆ ਕਰੋ।” ਨਾਲ਼ ਹੀ ਉਨ੍ਹਾਂ ਨੇ ਇਕ ਕਹਾਣੀ ਸੁਣਾਈ ਕਿ ਕਿਵੇਂ ਇਕ ਚੋਰ ਕਿਸੇ ਦੇ ਘਰ ਵੜ ਗਿਆ ਸੀ ਤੇ ਕੀਤਰਨ ਸੋਹਲੇ ਦੇ ਪਾਠ ਨਾਲ਼ ਲੋਹੇ ਦੀ ਵਾੜ ਹੋਣ ਕਰਕੇ ਅੰਦਰ ਹੀ ਫਸ ਗਿਆ ਸੀ। ਇਸ ਤੋਂ ਮਗਰੋਂ ਸਾਨੂੰ ਸਭ ਨੂੰ ਯਕੀਨ ਹੋ ਗਿਆ ਕਿ ਬੇ ਜੀ ਦੇ ਪਾਠ ਕਰਨ ਨਾਲ਼ ਨਾ ਸਿਰਫ ਰਾਤ ਨੂੰ ਸਗੋਂ ਦਿਨ ਵੇਲ਼ੇ ਵੀ ਸਾਡੇ ਸਾਰੇ ਜੀਆਂ ਦੇ ਆਲ਼ੇ-ਦੁਆਲ਼ੇ ਲੋਹੇ ਦੀ ਵਾੜ ਹੋ ਜਾਂਦੀ ਹੈ, ਜੋ ਲੋਕਾਂ ਨੂੰ ਭਾਵੇਂ ਨਹੀ ਦਿਸਦੀ ਪਰ ਸਾਡਾ ਨੁਕਸਾਨ ਕੋਈ ਨਹੀ ਕਰ ਸਕਦਾ। ਇਸ ਯਕੀਨ ਨੇ ਨਾ ਸਿਰਫ ਸਾਨੂੰ ਆਨੋ-ਤੁਫਾਨੋ ਹੀ ਬਚਾਈ ਰਖਿਆ ਸਗੋਂ ਰੱਬ ਵਿਚ ਭਰੋਸਾ ਵੀ ਕਾਇਮ ਕੀਤਾ। ਸੋ ਜਿਹੜੇ ਮਾਪੇ ਸਾਡੇ ਆਪੇ ਦਾ ਧੁਰਾ ਹੰੁਦੇ ਨੇ, ਜਿਨ੍ਹਾਂ ਨੇ ਨਾ ਸਿਰਫ ਜਨਮ ਹੀ ਦਿਤਾ ਹੰੂਦਾ ਹੈ ਸਗੋਂ ਧਰਮ ਕਰਮ ਵੀ ਸਿਖਾਇਆ ਹੁੰਦਾ ਹੈ, ਉਨ੍ਹਾਂ ਨੂੰ ਆਖਰੀ ਉਮਰੇ ਭੁਲਾ ਦੇਣਾ ਜਾਂ ਤਿਆਗ ਦੇਣਾ ਸੱਭਿਅ ਲੋਕਾਂ ਦਾ ਕੰਮ ਨਹੀ ਬਣਦਾ।

ਮਾਪੇ ਸਿਰਫ ਹੱਡ-ਮਾਸ ਦੇ ਹੀ ਨਹੀ ਬਣੇ ਹੁੰਦੇ; ਉਹ ਧਰਮ, ਅਰਥ ਕਾਮ, ਮੋਕਸ਼, ਜ਼ਿੰਦਗੀ ਦੀਆਂ ਸੰਚਾਲਕ ਸ਼ਕਤੀਆਂ ਦਾ ਤੱਤ-ਸਾਰ ਆਪਣੇ ਅੰਦਰ ਸੰਭਾਲ਼ੀ, ਆਪਣੇ ਨਾਲ਼ ਲਿਆਂਦੇ ਮਨੁਖਤਾ ਦੇ ਵਿਕਾਸ ਦੇ ਇਤਿਹਾਸ ਰਾਹੀਂ, ਸਾਡੇ ਭਵਿਖ ਲਈ ਸਭਿਆਚਾਰਕ ਪਛਾਣ ਦੇ ਕੇ ਸਾਨੂੰ ਯਤੀਮ ਬਣ ਕੇ ਜੀਣ ਤੋਂ ਬਚਾਉਣ ਅਤੇ ਪਿੱਤਰਾਂ ਦਾ ਰਿਣ ਲਾਹੁਣ ਦੇ ਸਮਰੱਥ ਬਣਾਉਣ ਵਾਲ਼ੇ ਵੀ ਹੰੁਦੇ ਨੇ।

ਇਕ ਬੱਚਾ ਵੇਖਦਾ ਹੈ ਕਿ ਘਰ ਵਿਚ ਪਿਉ ਹੀ ਕਮਾ ਕੇ ਲਿਆੳਂਦਾ ਹੈ, ਓਹੀ ਸਭ ਤੋਂ ਬਲਵਾਨ ਹੈ, ਓਸੇ ਦਾ ਹੁਕਮ ਚੱਲਦਾ ਹੈ। ਪਰ ਇਕ ਦਿਨ ਕਮਜ਼ੋਰ ਜਿਹੇ ਬੁਢੇ, ਬੁਢੀ ਪਿੰਡ ਤੋਂ ਆਉਂਦੇ ਹਨ। ਕੱਪੜੇ ਵੀ ਉਨ੍ਹਾਂ ਨੇ ਮਾਮੂਲੀ ਜਿਹੇ ਪਾਏ ਹੁੰਦੇ ਹਨ ਪਰ ਪਿਉ ਉਠ ਕੇ ਉਨ੍ਹਾਂ ਦੇ ਪੈਰੀਂ ਹੱਥ ਲਾਉਂਦਾ ਹੈ। ਉਹ ਅਸੀਸਾਂ ਦਿੰਦੇ ਹਨ। ਉਹ ਦਾਦਾ-ਦਾਦੀ ਸਨ। ਬਿਨਾ ਸਮਝਾਇਆਂ ਬੱਚੇ ਨੂੰ ਸਮਝ ਆ ਜਾਂਦੀ ਹੈ ਕਿ ਪੈਸਾ, ਸਿਹਤ, ਰੋਹਬ; ਇਨ੍ਹਾਂ ਤੋਂ ਵੀ ਵਧ ਜ਼ਰੂਰੀ ਕੁਝ ਹੋ ਸਕਦਾ ਹੈ, ਤੇ ਉਹ ਹਨ ਰਿਸ਼ਤੇ। ਤੇ ਸੰਸਾਰ ਵਿਚ ਜਿਹੜੀ ਚੀਜ਼ ਮੁੱਲ ਨਹੀ ਖਰੀਦੀ ਜਾ ਸਕਦੀ, ਉਹ ਹਨ ਅਸੀਸਾਂ।

ਅਸੀਂ ਭੁੱਲ ਹੀ ਗਏ ਹਾਂ ਕਿ ਇਨ੍ਹਾਂ ਮਾੜਿਆਂ ਵੇਲ਼ਿਆਂ ਵਿਚ ਸਾਨੂੰ ਸਾਰਿਆਂ ਨੂੰ ਹੀ ਅਸੀਸਾਂ ਦੀ ਬਹੁਤ ਲੋੜ ਹੈ। ਵਰ ਤੇ ਸਰਾਪ ਕੋਈ ਅਲੋਕਾਰ ਗੱਲਾ ਨਹੀਂ। ਉਹ ਅਸੀਸਾਂ ਤੇ ਬਦ-ਅਸੀਸਾਂ ਹੀ ਤਾਂ ਹੰਦੀਆਂ ਹਨ। ਅਸੀਂ ਬੇਸ਼ੱਕ ਕਿਸੇ ਗੱਲ ਦਾ ਹਿਸਾਬ ਨਾ ਰੱਖੀਏ ਪਰ ਕੁਦਰਤ ਜ਼ਰੂਰ ਰੱਖਦੀ ਹੈ।

ਸਾਡੀ ਪਿੰਡ ਵਾਲ਼ੀ ਹਵੇਲੀ ਸੰੁਞੀ, ਵੀਰਾਨ, ਉਜੜੀ, ਢਹਿ-ਢੇਰੀ ਹੋ ਰਹੀ ਹੈ। ਬਾਪੂ ਜੀ ਤੋਂ ਮਗਰੋਂ ਕੌਣ ਉਸ ਦੀ ਸੰਭਾਲ ਕਰਦਾ! ਇਸ ਘਰ ਦੀ ਇਹ ਦਸ਼ਾ ਕਿਉਂ? ਮੈ ਕਦੇ ਬੇ ਜੀ ਨੂੰ ਪੁਛਿਆ ਸੀ। ਉਨ੍ਹਾਂ ਨੇ ਦਸਿਆ ਕਿ ਜਦੋਂ ਇਹ ਘਰ ਢਾਹ ਕੇ ਬਣਾਇਆ ਸੀ ਤਾਂ ਤੇਰੇ ਦਾਦੇ ਨੇ ਨਾਲ਼ ਲੱਗਦਾ ਛੀਂਬਿਆਂ ਦਾ ਘਰ ਵੀ ਖ਼ਰੀਦ ਲਿਆ ਸੀ ਤਾਂ ਜੋ ਕੰਧ ਸਿਧੀ ਕਰਕੇ ਘਰ ਹੋਰ ਖੁਲ੍ਹਾ ਕੀਤਾ ਜਾ ਸਕੇ। ਛੀਂਬਿਆਂ ਨੂੰ ਇਸ ਦੇ ਬਦਲੇ ਬਾਹਰਲੀ ਵੀਹੀ ਵਿਚ ਹੋਰ ਘਰ ਲੈ ਕੇ ਦਿਤਾ ਸੀ। ਛੀਂਬੇ ਤਾਂ ਖੁਸ਼ ਸਨ ਕਿ ਬਦਲੇ ਵਿਚ ਉਨ੍ਹਾਂ ਨੂੰ ਸਗੋਂ ਖੁਲ੍ਹਾ ਘਰ ਮਿਲ਼ ਗਿਆ ਸੀ ਪਰ ਉਨ੍ਹਾਂ ਦੀ ਬੁੜ੍ਹੀ ਉਹ ਪੁਰਾਣਾ ਘਰ ਛੱਡਣਾ ਨਹੀ ਸੀ ਚਾਹੰੁਦੀ। ਓਸੇ ਘਰ ਵਿਚ ਉਹ ਵਿਆਹੀ ਆਈ ਸੀ। ਓਸੇ ਘਰ ਵਿਚ ਉਸ ਦੇ ਬੱਚੇ ਪੈਦਾ ਹੋਏ ਸਨ, ਓਸੇ ਘਰ ਵਿਚ ਮਰਨ ਵੇਲ਼ੇ ਬੁੜ੍ਹਾ ਉਸ ਨੂੰ ਛੱਡ ਕੇ ਮਰਿਆ ਸੀ। ਪਰ ਉਸ ਦੇ ਪੱੁਤ-ਪੋਤਰੇ ਉਸ ਨੂੰ ਮੱਲੋ-ਮੱਲੀ ਨਵੇਂ ਘਰ ਲੈ ਗਏ। ਪਰ ਜਾਣ ਤੋਂ ਪਂਹਿਲਾਂ ਉਸ ਨੇ ਪੱਲਾ ਅੱਡ ਕੇ ਸਭ ਦੇ ਸਾਹਮਣੇ ਹੀ ਰੋਂਦੀ ਨੇ ਆਖਿਆ ਸੀ, “ਸਰਦਾਰ ਹਜ਼ੂਰਾ ਸਿੰਆਂ, ਜਿਵੇਂ ਤੈਂ ਮੈਨੂੰ ਉਜਾੜਿਆ, ਤੇਰੀ ਆਸ-ਉਲਾਦ ਵੀ ਓਮੇ ਉਜੜੀ ਫਿਰੇ।” ਓਦੋਂ ਬੁੜ੍ਹੀ ਦੀ ਗੱਲ ਕਿਸੇ ਗੌਲ਼ੀ ਨਹੀ ਸੀ। ਅਖੇ, “ਕਾਂਵਾਂ ਦੇ ਆਖਿਆਂ ਵੀ ਕਦੇ ਢੱਗੇ ਮਰੇ ਨੇ!” ਪਰ ਉਹ ਵੇਲ਼ਾ ਤੇ ਆਹ ਵੇਲ਼ਾ। ਉਹ ਘਰ ਸੱਚੀਂ ਉਜੜ ਗਿਆ। ਬਾਪੂ ਜੀ ਅਣਿਆਈ ਮੌਤੇ ਮਰੇ, ਵੀਰਾ ਕੁਵੇਲ਼ੇ ਮਰਿਆ ਤੇ ਵੀਰੇ ਦਾ ਪੁੱਤਰ ਵੀ ਓਸੇ ਰਾਹ ਗਿਆ। ਇਕੋ ਇਕ ਬਚਿਆ ਘਰ ਦਾ ਪੁੱਤਰ ਅਮ੍ਰੀਕਾ ਜਾ ਵਸਿਆ ਹੈ। ਪਿੱਤਰਾਂ ਦੇ ਰਿਣ ਹੀ ਨਹੀਂ ਆਸ-ਉਲ਼ਾਦ ਨੇ ਚੁਕਾਉਣੇ ਹੰੁਦੇ, ਉਨ੍ਹਾਂ ਦੀ ਕਰਮਗਤੀ ਦੇ ਫਲ਼ ਵੀ ਭੁਗਤਣੇ ਹੁੰਦੇ ਨੇ। ਅਸੀਸਾਂ ਤੇ ਦੁਰ-ਅਸੀਸਾਂ ਓਸੇ ਕਰਮਗਤੀ ਦੀਆਂ ਸੂਚਕ ਹੰੁਦੀਆਂ ਹਨ। ਮੈ ਫੇਰ ਆਖਦੀ ਹਾਂ ਕਿ ਇਹ ਮੁੱਲ ਨਹੀਂ ਖ਼ਰੀਦੀਆਂ ਜਾ ਸਕਦੀਆਂ।

ਘਰ ਦੇ ਬਜ਼ੁਰਗ ਦੁਨੀਆਂਦਾਰੀ ਤੋਂ ਵਿਹਲੇ ਹੋ ਕੇ ਜਦੋਂ ਬਹੁਤਾ ਵੇਲ਼ਾ ਭਜਨ ਪਾਠ ਵਿਚ ਲਾਉਂਦੇ ਹਨ ਤਾਂ ਉਹ ਆਪਣਾ ਅੱਗਾ ਸਵਾਰਨ ਦੇ ਨਾਲ਼-ਨਾਲ਼ ਆਪਣੇ ਘਰ ਪਰਵਾਰ ਦੀ ਸੁੱਖ ਵੀ ਮੰਗਦੇ ਹਨ। ਬੰਦਗੀ ਨਾਲ਼ ਸ਼ੁਧ ਹੋਈ ਫ਼ਿਜ਼ਾ ਤੇ ਸ਼ੁਧ ਹਿਰਦੇ ਨਾਲ਼ ਧੀਆਂ, ਪੁੱਤਰਾਂ, ਪੋਤੇ, ਪੋਤੀਆਂ ਦੀ ਖ਼ੈਰ ਮੰਗਦੇ, ਅਸੀਸਾਂ ਦਿੰਦੇ ਬਜ਼ੁਰਗ ਸਿਰਫ ਰੋਟੀ, ਕੱਪੜੇ ਅਤੇ ਦੋ ਮਿਠੇ ਬੋਲਾਂ ਦੇ ਬਦਲੇ; ਮਹਿੰਗਾ ਨਹੀਂ ਇਹ ਸੌਦਾ।

ਆਮ ਕਰਕੇ ਘਰ ਦੀ ਮਾਲਕਣ ਨੂੰ ਸ਼ਕਾਇਤ ਹੰੁਦੀ ਹੈ ਕਿ ਬੁੜ੍ਹਾ-ਬੁੜ੍ਹੀ ਆਪਣੀਆਂ ਧੀਆਂ ਤੇ ਉਨ੍ਹਾਂ ਦੇ ਬੱਚਿਆਂ ਨੂੰ ਬੜਾ ਕੁਝ ਦਿੰਦੇ ਰਹਿੰਦੇ ਨੇ। ਬੱਚਿਆਂ ਲਈ ਲਿਆਂਦੇ ਫਲਾਂ ਵੱਲ ਝਾਕਦੇ ਰਹਿੰਦੇ ਨੇ। ਉਹ ਘਰ ਦੀਆਂ ਗੱਲਾਂ ਵਿਚ ਬੇਲੋੜਾ ਦਖ਼ਲ ਦਿੰਦੇ ਰਹਿੰਦੇ ਨੇ। ਪਰ ਕਿਡੀਆਂ ਕੁ ਵਡੀਆਂ ਨੇ ਇਹ ਗੱਲਾਂ? ਸਿਆਣੇ ਆਖਦੇ ਨੇ ਤੱਤੇ ਪਾਣੀਆਂ ਨਾਲ਼ ਘਰ ਨਹੀ ਸੜਦੇ ਹੁੰਦੇ।

ਨਿਕੀਆਂ-ਨਿਕੀਆਂ ਕਫਾਇਤਾਂ, ਨਿਕੇ-ਨਿਕੇ ਸਰਫੇ, ਨਿਕੀਆਂ-ਨਿਕੀਆਂ ਕਮੀਨਗੀਆਂ ਜੋ ਅਸੀਂ ਆਪਣੀਆਂ ਸਿਆਣਪਾਂ ਸਮਝ ਕੇ ਕਰਦੇ ਹਾਂ, ਮੋਹ ਦੀਆਂ ਅਜਿਹੀਆਂ ਤੰਦਾਂ ਤੋੜ ਜਾਂਦੇ ਨੇ ਕਿ ਫੇਰ ਦੁਖ-ਸੁਖ ਵਿਚ ਵੀ ਕਿਸੇ ਦੀ ਕਿਸੇ ਨੂੰ ਹਾਕ ਨਹੀ ਪਹੰੁਚਦੀ। ਫੇਰ ਇਹ ਘਾਟੇ ਪੁਸ਼ਤਾਂ ਤਕ ਦੇ ਵਿਗੋਚੇ ਬਣ ਜਾਂਦੇ ਹਨ। ਆਮ ਆਖਿਆ ਜਾਂਦਾ ਹੈ ਕਿ ਦਾਦਾ-ਦਾਦੀ, ਨਾਨਾ-ਨਾਨੀ ਬਹੁਤੇ ਲਾਡ-ਪਿਆਰ ਨਾਲ਼ ਬੱਚਿਆਂ ਨੰੁ ਵਿਗਾੜ ਦਿੰਦੇ ਹਨ ਪਰ ਅਸੀਂ ਇਹ ਕਦੇ ਨਹੀ ਸੋਚਿਆ ਕਿ ਦਾਦਾ-ਦਾਦੀ ਤੇ ਨਾਨਾ-ਨਾਨੀ ਇਹਨਾਂ ਜ਼ਾਲਮ ਸਮਿਆਂ ਵਿਚ ਬੱਚਿਆਂ ਦੀ ਪਨਾਹਗਾਹ ਵੀ ਤਾਂ ਹੰੁਦੇ ਹਨ! ਬੱਚਿਆਂ ਵਿਚ ਉਨ੍ਹਾਂ ਨੂੰ ਆਪਣਾ ਆਪਾ ਰਲ਼ ਗਿਆ ਦਿਸਦੈ। ਬੱਚੇ ਜਿਨ੍ਹਾਂ ਨੇ ਉਨ੍ਹਾਂ ਦੇ ਮਰਨ ਮਗਰੋਂ ਵੀ ਉਨ੍ਹਾਂ ਦਾ ਨਾਂ ਜੀਂਦਾ ਰੱਖਣਾ ਹੈ, ਆਪਣੇ ਸਾਹਮਣੇ ਝਿੜਕੇ ਜਾਂਦੇ, ਕੁੱਟੇ ਜਾਂਦੇ ਉਹ ਕਿਵੇਂ ਜਰ ਲੈਣ! ਦਿਓ ਦੀ ਜਿਵੇਂ ਤੋਤੇ ਵਿਚ ਜਾਨ ਹੰੁਦੀ ਐ, ਉਨ੍ਹਾਂ ਦੀ ਜਾਨ ਵੀ ਤਾਂ ਇਨ੍ਹਾਂ ਨਿਕੀਆਂ-ਨਿਕੀਆਂ ਜਿੰਦਾਂ ਵਿਚ ਹੀ ਹੁੰਦੀ ਐ। ਉਨ੍ਹਾਂ ਦਾ ਲਾਡ-ਪਿਆਰ ਬੱਚਿਆਂ ਨੂੰ ਵਿਗਾੜਨ ਲਈ ਨਹੀ, ਉਨ੍ਹਾਂ ਨੂੰ ਤਕੜਿਆਂ ਕਰਨ ਲਈ ਹੁੰਦਾ ਹੈ। ਨਾਨੀਆਂ-ਦਾਦੀਆਂ ਤੋਂ ਸੁਣੀਆਂ ਕਥਾ-ਕਹਾਣੀਆਂ ਹੀ ਉਨ੍ਹਾਂ ਦਾ ਕੀਮਤੀ ਨੈਤਕ ਸਰਮਾਇਆ ਹੁੰਦਾ ਹੈ।

ਜੇ ਬਜ਼ੁਰਗ ਬੱਚੇ ਨੂੰ ਝਿੜਕਾਂ ਤੋਂ, ਮਾਰ ਤੋਂ ਬਚਾ ਲੈਂਦੇ ਨੇ ਤਾਂ ਇਹ ਘਰ ਦੀ ਮਾਲਕਣ ਦੀ ਹਤਕ ਨਹੀ; ਇਹ ਮਾਲਕਣ ਦੀ ਅਥਾਰਟੀ ਦੀ ਤੌਹੀਨ ਨਹੀ; ਸਗੋਂ ਬੱਚੇ ਦੇ ਮਨ ਵਿਚ ਕਿਸੇ ਪਨਾਹ ਦਾ ਅਹਿਸਾਸ ਪੈਦਾ ਹੁੰਦਾ ਹੈ। ਦਿਓ ਦੇ ਪੰਜਿਆਂ ਵਿਚੋਂ ਕੋਈ ਪਰੀ-ਮਾਂ ਹੀ ਬਚਾਉਂਦੀ ਦਿਸਦੀ ਹੈ। ਇਸ ਕਿਸਮ ਦੀ ਅਚੇਤ ਪਨਾਹ ਦੀ ਲੋੜ ਬੱਚਿਆਂ ਨੂੰ ਜ਼ਿੰਦਗੀ ਵਿਚ ਪਤਾ ਨਹੀ ਕਿੱਥੇ-ਕਿੱਥੇ ਪੈ ਜਾਵੇ! ਅੱਜ ਕਲ੍ਹ ਏਨੇ ਨੌਜਵਾਨ ਮੰੁਡੇ ਕੁੜੀਆਂ ਆਤਮ ਹੱਤਿਆ ਵੱਲ ਜੋ ਤੁਰ ਪਏ ਹਨ, ਇਸ ਦਾ ਇਹੀ ਕਾਰਨ ਹੈ ਕਿ ਔਖੀ ਘੜੀ ਉਨ੍ਹਾਂ ਨੂੰ ਕੋਈ ਪਨਾਹ ਨਹੀ ਲਭਦੀ। ਨਾ ਰੱਬ ਅੱਜ ਪਨਾਹ ਦੇਣ ਜੋਗਾ ਰਹਿ ਗਿਆ ਹੈ ਕਿਉਂਕਿ ਪਰਵਰਸ਼ ਵੇਲ਼ੇ ਅਸੀਂਂ ਰੱਬ ਨੂੰ ਲਾਂਭੇ ਰੱਖ ਦਿਤਾ ਹੈ। ਨਾ ਮਾਂ-ਬਾਪ ਪਨਾਹ ਦੇਣ ਜੋਗੇ ਹਨ। ਉਨ੍ਹਾਂ ਦੀਆਂ ਤਾਂ ਅਪਣੀਆਂ ਹੀ ਸਮੱਸਿਆਵਾਂ ਬਹੁਤ ਹੁੰਦੀਆਂ ਨੇ।

ਸ਼ੁਕਰ ਕਰੋ ਜੇ ਘਰ ਵਿਚ ਬਜ਼ੁਰਗ ਮੌਜੂਦ ਨੇ। ਨਾਨੀਆਂ, ਦਾਦੀਆਂ ਦੀਆਂ ਬਚਪਨ ਵਿਚ ਸੁਣਾਈਆਂ, ਯੁਧ ਦੀਆਂ, ਸਾਹਸ ਦੀਆਂ, ਚੰਗਿਆਈ ਦੀ ਬੁਰਿਆਈ ਉਪਰ ਜਿੱਤ ਦੀਆਂ, ਅੰਤ ਭਲੇ ਦੇ ਭਲੇ ਦੀਆਂ, ਪਤਾ ਨਹੀ ਅਚੇਤ ਵਿਚ ਕਿਥੇ ਸਾਂਭੀਆਂ ਰਹਿ ਜਾਂਦੀਆਂ ਨੇ ਤੇ ਉਹ ਸੰਕਟ ਦੀ ਘੜੀ ਆ ਬਾਂਹ ਫੜਦੀਆਂ ਨੇ। ਇੳਂ ਸੰਕਟ ਦੀ ਘੜੀ ਟਲ਼ ਜਾਂਦੀ ਹੈ। ਪਰ ਅੱਜ ਬਜ਼ੁਰਗਾਂ ਨੂੰ ਅਸੀਂ ਅਪਣੀ ਜ਼ਿੰਦਗੀ ਦਾ ਜ਼ਰੂਰੀ ਹਿੱਸਾ ਨਹੀਂ ਸਮਝਦੇ। ਇਉਂ ਕਰਕੇ ਅਸੀਂ ਆਪਣੇ ਘਰ ਦਾ, ਆਪਣੀ ਆਸ-ਉਲ਼ਾਦ ਦਾ ਨਾ ਪੂਰਾ ਹੋ ਸਕਣ ਵਾਲ਼ਾ ਨੁਕਸਾਨ ਕਰਦੇ ਹਾਂ।

ਮੇਰੀ ਦਾਦੀ ਮੈਨੂੰ ਏਨਾ ਪਿਆਰ ਕਰਦੀ ਸੀ ਕਿ ਪੰਝੀ ਸਾਲਾਂ ਮਗਰੋਂ ਉਸ ਦੇ ਦੁਧ ਉਤਰ ਆਇਆ ਸੀ ਤੇ ਉਹ ਮੈਨੂੰ ਆਪਣਾ ਦੁਧ ਪਿਲਾ ਦਿੰਦੀ ਸੀ । ਇਹੋ ਜਿਹੀ ਮਮਤਾ ਦਾ ਬਦਲ ਕਿਥੋਂ ਲਭਾਂਗੇ?

ਜਿਵੇਂ ਦਰੱਖ਼ਤ ਨੂੰ ਕੱਟ ਕੇ ਅਸੀਂ ਨੁਕਸਾਨ ਦਰੱਖ਼ਤ ਦਾ ਹੀ ਨਹੀ ਕਰ ਰਹੇ ਹੁੰਦੇ ਸਗੋਂ ਦਰੱਖ਼ਤ ਦੀ ਅਣਹੋਂਦ ਕਾਰਨ ਆਪਣਾ ਉਸ ਨਾਲ਼ੋਂ ਕਿਤੇ ਵਧ ਕਰ ਰਹੇ ਹੰੁਦੇ ਹਾਂ। ਏਹੀ ਗੱਲ ਮਾਪਿਆਂ, ਬਜ਼ੁਰਗਾਂ ਬਾਰੇ ਵੀ ਠੀਕ ਹੈ।

ਸਭ ਤੋਂ ਵਡੀ ਗੱਲ, ਉਨ੍ਹਾਂ ਦੇ ਬਹੁਤ ਥੋੜ੍ਹੇ ਵਰੵੇ ਹੀ ਤਾਂ ਬਚੇ ਹੁੰਦੇ ਨੇ; ਉਨ੍ਹਾਂ ਤੋਂ ਦੁਰਸੀਸ ਨਾ ਲਈਏ। ਉਨ੍ਹਾਂ ਦਾ ਅਖਰੀ ਸਮਾਂ ਉਦਾਸ ਨਾ ਕਰੀਏ। ਕੋਈ ਕਿਧਰੇ ਏਡਾ ਘਾਟਾ ਨਹੀ ਪੈ ਚੱਲਿਆ। ਇਹ ਤਾਂ ਨਦੀ ਕਿਨਾਰੇ ਰੱੁਖੜੇ ਨੇ, ਪਤਾ ਨਹੀ ਕਿਸ ਛੱਲ ਨੇ, ਕਿਸ ਨੂੰ, ਕਦੋਂ ਰੋੜ੍ਹ ਕੇ ਲੈ ਜਾਣਾ ਹੈ।

ਕਈ ਆਖਦੇ ਨੇ, “ਬੁਢੇ ਹੋ ਕੇ ਲੋਕ ਖ਼ਬਤੀ ਹੋ ਜਾਂਦੇ ਨੇ ਤੇ ਚਿੜਚਿੜੇ ਵੀ। ਚੰਗਾ-ਚੋਖਾ ਖਾਣ-ਪਹਿਨਣ ਲਈ ਚਾਹੰੁਦੇ ਨੇ ਤੇ ਉਪਰੋਂ ਗਾਹਲ਼ਾਂ ਦੇਈ ਜਾਣਗੇ। ਸਾਰਾ ਦਿਨ ਕੰਮ-ਧੰਦਾ ਕੋਈ ਕਰਨਾ ਨਹੀ ਤੇ ਨਿਗਾਹ ਹਰੇਕ ਗੱਲ ਕੰਨੀ ਰੱਖਣਗੇ।” ਇਹ ਠੀਕ ਹੋ ਸਕਦਾ ਹੈ ਪਰ ਬੱਚਿਆਂ ਵਾਂਗ ਉਨ੍ਹਾਂ ਦਾ ਖਾਣ-ਪੀਣ ਦੀਆਂ ਚੀਜ਼ਾਂ ਲਈ ਮਨ ਭਟਕਦਾ ਹੈ। ਉਹ ਮਰਨਾ ਨਹੀ ਚਾਹੰੁਦੇ। ਉਨ੍ਹਾਂ ਦੀ ਹਰ ਗੱਲ ਤੇ ਸਲਾਹ ਜਦੋਂ ਦਖਲ ਅੰਦਾਜ਼ੀ ਸਮਝੀ ਜਾਂਦੀ ਹੈ ਤਾਂ ਉਹ ਤਰਲੋ-ਮੱਛੀ ਹੁੰਦੇ ਹਨ। ਹਰ ਚੀਜ਼ ਬੱਚਿਆਂ ਲਈ ਆਖ ਕੇ ਜਦੋਂ ਅਸੀਂ ਉਹਨਾਂ ਨੂੰ ਵਿਸਾਰਦੇ ਹਾਂ ਤਾਂ ਉਹ ਬੇਵੱਸ ਹੋ ਜਾਂਦੇ ਹਨ। ਉਹ ਖਿਝਦੇ ਹਨ ਤੇ ਅਸੀਂ ਉਨ੍ਹਾਂ ਦੇ ਖਿਝਣ ਉਪਰ ਖਿਝਦੇ ਹਾਂ। ਇਉਂ ਇਹ ਚੱਕਰ ਉਹਨਾਂ ਨੂੰ ਹੋਰ ਤੋੜਦਾ ਹੈ ਤੇ ਨਿਰਾਸ਼ਾ ਵੱਲ ਧਕਦਾ ਹੈ। ਪਹਿਲਾਂ ਉਹ ਇਸ ਦਾ ਗਿਲ੍ਹਾ ਕਰਦੇ ਨੇ ਤੇ ਫੇਰ ਖਿਝਦੇ ਨੇ। ਅਗਾਂਹ ਜਾਕੇ ਲੁਕ-ਛਿਪ ਕੇ ਰੋਂਦੇ ਨੇ ਤੇ ਅਖੀਰ ਬਿਮਾਰ ਪੈ ਜਾਂਦੇ ਨੇ। ਅਸੀਂ ਸੋਚਦੇ ਹਾਂ ਆਖਰ ਇਨ੍ਹਾਂ ਨੂੰ ਔਖ ਹੀ ਕੀ ਹੈ? ਔਖਾਂ ਮਨ ਦੀਆਂ ਹੁੰਦੀਆਂ ਹਨ। ਤਨ ਲਈ ਤਾਂ ਉਨ੍ਹਾਂ ਨੂੰ ਚਾਹੀਦਾ ਹੀ ਬਹੁਤ ਥੋਹੜਾ ਹੰੁਦਾ ਹੈ। ਅਸਲ ਵਿਚ ਉਨ੍ਹਾਂ ਨੂੰ ਮਾਣ-ਸਤਿਕਾਰ ਤੇ ਆਪਣੇ ਬੱਚਿਆਂ ਦਾ ਪਿਆਰ ਚਾਹੀਦਾ ਹੰੁਦੈ। ਉਹ ਖੁਸ਼ੀ-ਖੁਸ਼ੀ ਮਰਨਾ ਚਾਹੰੁਦੇ ਹੰੁਦੇ ਨੇ ਅਤੇ ਜਾਣ ਤੋਂ ਪਹਿਲਾਂ ਆਪਣੇ ਬੱਚਿਆਂ ਨੂੰ ਵੀ ਸੁਖੀ ਵੇਖਣਾ ਚਾਹੁੰਦੇ ਹੁੰਦੇ ਨੇ।

ਬਹੁਤ ਵਡੀਆਂ ਤਾਂ ਨਹੀ ਇਹ ਮੰਗਾਂ, ਜੋ ਪੂਰੀਆਂ ਨਾ ਕਰ ਸਕੀਏ! ਪਰ ਯਾਦ ਰਹੇ, ਜਦੋਂ ਮੁੜ ਕਦੇ ਉਨ੍ਹਾਂ ਦੀਆਂ ਇਨ੍ਹਾਂ ਮੰਗਾਂ ਨੂੰ ਪੂਰੀਆਂ ਕਰਨ ਬਾਰੇ ਸੋਚਾਂਗੇ, ਉਹ ਜਾ ਚੁਕੇ ਹੋਣਗੇ। ਮੁੜ ਕੇ ਨਹੀ ਲਭਣੇ। ਉਨ੍ਹਾਂ ਦੀ ਕਰਮਗਤੀ ਤੇ ਕੁਦਰਤ ਦਾ ਹਿਸਾਬ-ਕਿਤਾਬ ਉਨ੍ਹਾਂ ਨੂੰ ਨਾ ਜਾਣੇ ਕਿਸ ਯੁੱਗ, ਕਿਸ ਨਛੱਤਰ, ਕਿਸ ਧਰਤੀ ਤੇ ਨਾਮ ਰੂਪ ਦੇ ਕਿਸ ਜਗਤ ਵਿਚ ਲੈ ਜਾਣ। ਏਸੇ ਲਈ ਸਾਡਾ ਲੋਕ ਗੀਤ ਆਾਖਦਾ ਹੈ, “ਤਿਨ ਰੰਗ ਨਹੀਉਂ ਲਭਣੇ, ਹੁਸਨ ਜਵਾਨੀ ਮਾਪੇ।”

ਇਸ ਤੋਂ ਪਹਿਲਾਂ ਕਿ ਅਸੀਂ ਖੁੰਝ ਜਾਈਏ; ਇਸ ਤੋਂ ਪਹਿਲਾਂ ਕਿ ਉਹ ਗੁੰਮ-ਗੁਆਚ ਜਾਣ; ਇਸ ਤੋਂ ਪਹਿਲਾਂ ਕਿ ਪਛਤਾਵੇ ਤੋਂ ਬਿਨਾ ਸਾਡੇ ਪੱਲੇ ਕੁਝ ਨਾ ਰਹਿ ਜਾਵੇ; ਵਾਅਦਾ ਕਰੋ ਕਿ ਉਨ੍ਹਾਂ ਦੇ ਕੰਬਦੇ ਕਮਜ਼ੋਰ ਹੱਥ ਫੜ ਕੇ ਆਖੋਗੇ, “ਨਹੀ; ਸਾਨੂੰ ਤੁਹਾਡੀ ਲੋੜ ਹੈ। ਤੁਹਾਡੀਆਂ ਨਸੀਹਤਾਂ ਦੀ ਵੀ ਤੇ ਤੁਹਾਡੀਆਂ ਝਿੜਕਾਂ ਦੀ ਵੀ। ਤੁਸੀਂ ਸਾਨੂੰ ਛੱਡ ਕੇ ਕਿਧਰੇ ਨਹੀ ਜਾ ਸਕਦੇ। ਰੱਬ ਕੋਲ਼ ਵੀ ਨਹੀ। ਜੇ ਤੁਸੀਂ ਮੁੜ ਕੇ ਲਭਣੇ ਨਹੀ ਤਾਂ ਫੇਰ ਅਸੀਂ ਤੁਹਾਨੂੰ ਗੁਆਚਣ ਹੀ ਕਿਉਂ ਦੇਈਏ!”

(ਅਜੀਤ ਮੈਗਜ਼ੀਨ, ਜਲੰਧਰ ਤੋਂ ਧੰਨਵਾਦ ਸਹਿਤ)

ਟਿੱਪਣੀ : ਇਹ ਰਚਨਾ ‘‘ਲਿਖਾਰੀ’ ਵੈਬਸਾਈਟ ਦੀਆਂ ਪੁਰਾਣੀਆਂ ਫਾਈਲਾਂ ਤੋਂ ਚੁੱਕ ਕੇ ਲੋੜੀਂਦੀ ਤਬਦੀਲੀ ਕਰਨ ਉਪਰੰਤ ’ਲਿਖਾਰੀ.ਨੈੱਟ ‘ਤੇ ਲਗਾਉਣ ਦੀ ਖੁਸ਼ੀ ਲੈ ਰਹੇ ਹਾਂ।—ਲਿਖਾਰੀ

(ਪਹਿਲੀ ਵਾਰ ਛਪਿਆ 2001)
(ਦੂਜੀ ਵਾਰ 10 ਸਤੰਬਰ 2021)

***
344
***