23 April 2024

ਪਟਵਾਰੀ ਤੇ ਪ੍ਰੋਫੈਸਰ—ਅਵਤਾਰ ਐਸ. ਸੰਘਾ

ਜਦੋਂ ਕੁ ਮੈਂ ਪੰਜਾਬ ਤੋਂ ਸਿਡਨੀ ਵਲ ਨੂੰ ਤੁਰਿਆ ਸੀ ਉਦੋਂ ਤੱਕ ਮੇਰੇ ਬਹੁਤ ਸਾਰੇ ਵਿਦਿਆਰਥੀ ਪਟਵਾਰੀ, ਵਕੀਲ, ਬੈਂਕ ਮੁਲਾਜ਼ਮ, ਸਕੂਲ ਅਧਿਆਪਕ, ਫੌਜ ਵਿੱਚ ਕਮਿਸ਼ਨਡ ਅਫਸਰ, ਡਾਕਖਾਨਾ ਕਰਮਚਾਰੀ ਤੇ ਇੱਥੋਂ ਤੱਕ ਕਿ ਤਹਿਸੀਲਦਾਰ ਤੇ ਜੱਜ ਦੇ ਰੀਡਰ ਵੀ ਬਣ ਚੁੱਕੇ ਸਨ। ਇਸਦਾ ਕਾਰਨ ਇਹ ਸੀ ਕਿ ਮੈਂ 26 ਸਾਲ ਕਾਲਜਾਂ ਵਿੱਚ ਅੰਗਰੇਜ਼ੀ ਪੜ੍ਹਾ ਕੇ ਇੱਧਰ ਨੂੰ ਸਾਢੇ ਕੁ ਛਿਆਲ਼ੀ ਸਾਲ ਦੀ ਉਮਰ ਵਿੱਚ ਆਇਆ ਸਾਂ। ਮੇਰਾ ਇੱਕ ਵਿਦਿਆਰਥੀ ਮੇਰੇ ਹੀ ਸ਼ਹਿਰ ਵਿੱਚ ਪਟਵਾਰੀ ਲੱਗਾ ਹੋਇਆ ਹੁੰਦਾ ਸੀ। ਲੋਕਾਂ ਵਿੱਚ ਉਸਦੀ ਬੜੀ ਮੰਗ ਸੀ। ਕਦੀ ਕਦੀ ਉਸਨੇ ਮੈਨੂੰ ਆਪਣੇ ਦਫਤਰ ਬਿਠਾ ਲੈਣਾ।

“ਸਰ ਜੀ, ਤੁਸੀਂ ਤਾਂ ਕਦੀ ਦਰਸ਼ਨ ਹੀ ਨਹੀਂ ਦਿੰਦੇ। ਸੇਵਾ ਦਾ ਮੌਕਾ ਤਾਂ ਕੀ ਦੇਣਾ?”

“ਜੋਗਿੰਦਰ, ਪਟਵਾਰੀਆਂ ਪਾਸ ਬਹੁਤੇ ਉਹ ਲੋਕ ਆਇਆ ਕਰਦੇ ਹਨ ਜਿਨ੍ਹਾਂ ਨੂੰ ਜ਼ਮੀਨ ਦੇ ਲੈਣ ਦੇਣ ਨਾਲ਼ ਸੰਬੰਧਤ ਕੋਈ ਕੰਮ ਹੋਵੇ। ਮੈਂ ਅਧਿਆਪਕ ਹਾਂ। ਸਾਡੇ ਜਿਹੇ ਮੁਲਾਜ਼ਮ ਪਾਸ ਜ਼ਮੀਨਾਂ ਜਾਇਦਾਦਾਂ ਲੈਣ ਜੋਗੇ ਪੈਸੇ ਉਦੋਂ ਹੁੰਦੇ ਹਨ ਜਦ ਅਸੀਂ ਨੌਕਰੀ ਤੋਂ ਸੇਵਾ ਮੁਕਤੀ ਦੇ ਨੇੜੇ ਪਹੁੰਚਦੇ ਹਾਂ।”

“ਸਰ ਜੀ, ਐਵੇਂ ਅਧਿਆਪਕ ਅਧਿਆਪਕ ਕਰੀ ਜਾਂਦੇ ਹੋ। ਤੁਸੀਂ ਪ੍ਰੋਫੈਸਰ ਹੋ। ਹੁਣ ਪ੍ਰੋਫੈਸਰਾਂ ਦੇ ਤਨਖਾਹ ਦੇ ਸਕੇਲ ਵੀ ਚੰਗੇ ਹਨ। ਮੈਡਮ ਹੋਰੀਂ ਵੀ ਅਧਿਆਪਕ ਹਨ। ਸਾਡੇ ਜਿਹੇ ਸ਼ਾਗਿਰਦ ਤੁਹਾਡੇ ਕੰਮ ਕਰਵਾਉਣ ਲਈ ਬੈਠੇ ਹਨ। ਸਾਡਾ ਫਾਇਦਾ ਲੈ ਲਓ। ਜ਼ਮੀਨ ਦਾ ਟੋਟਾ ਲੈ ਕੇ ਰੱਖ ਲਓ। ਆਰਾਮ ਨਾਲ਼ ਹੌਲ਼ੀ ਹੌਲ਼ੀ ਘਰ ਬਣਾਉਂਦੇ ਰਿਹੋ।”

“ਬੱਲਿਆ, ਤੇਰੀ ਬੜੀ ਮਿਹਰਬਾਨੀ। ਹੋਰ ਕੰਮ ਕਾਰ ਕਿਵੇਂ ਚੱਲ ਰਿਹਾ ਏ।”

“ਪਟਵਾਰੀ ਦਾ ਕੰਮ ਕਾਰ? ਉਹ ਵੀ ਸ਼ਹਿਰ ਦੇ ਪਟਵਾਰੀ ਦਾ? ਆਓ ਦਫਤਰ ਦਾ ਪਿਛਲਾ ਕਮਰਾ ਦਿਖਾਵਾਂ? ਅੰਗਰੇਜ਼ੀ ਸ਼ਰਾਬ ਦੀਆਂ ਬੋਤਲਾਂ ਅਤੇ ਦੇਸੀ ਘਰ ਦੀ ਅੱਵਲ ਦਰਜੇ ਦੀ ਕੱਢੀ ਦੀਆਂ ਕੈਨੀਆਂ ਨਾਲ਼ ਭਰਿਆ ਪਿਆ ਏ। ਲਾਓਗੇ ਘੱਟ ਕੁ?”

“ਜੋਗਿੰਦਰ, ਮੈਂ ਨਹੀਂ ਪੀਂਦਾ।”

“ਸਰ, ਸੱਚੀਂ?”

“ਥੋੜ੍ਹੀ ਜਿਹੀ? ਸਵਾਦ ਹੀ ਦੇਖ ਲਓ। ਕਈ ਬਰਾਂਡ ਹਨ।”

“ਨਹੀਂ ਜੋਗਿੰਦਰ, ਬਿਲਕੁਲ ਨਹੀਂ। ਤੂੰ ਤਾਂ ਹੁਣ ਵੀ ਲਾਈਓ ਲਗਦੀ ਏ? ”

“ਸਰ, ਥੋੜੀ ਜਿਹੀ ਤਾਂ ਹਰ ਵੇਲ਼ੇ ਲਗਾ ਕੇ ਹੀ ਰੱਖੀਦੀ ਏ। ਜ਼ਿਮੀਦਾਰ ਮੱਲੋ ਮੱਲੀ ਗਲ਼ ਪਾ ਜਾਂਦੇ ਹਨ। ਕਈਆਂ ਨੇ ਤਾਂ ਕੰਮ ਵੀ ਸਾਲ ਛੇ ਮਹੀਨੇ ਬਾਅਦ ਕਰਵਾਉਣਾ ਹੁੰਦਾ ਏ। ਬਸ ਜਦੋਂ ਕੁ ਪੂਰ ਕੱਢਦੇ ਹਨ ਉਦੋਂ ਕੁ ਤਾਂ ਆਪਣੇ ਅਫਸਰਾਂ ਨੂੰ ਜਰੂਰ ਪੂਜਦੇ ਹੀ ਹਨ। ਸਰ, ਪਟਵਾਰੀਆਂ ਦੇ ਸਿਰ ਤੇ ਹੀ ਤਾਂ ਸ਼ਹਿਰ ਦਾ ਸਾਰਾ ਕੰਮ ਕਾਜ ਚੱਲਦਾ ਏ। ਤੁਸੀਂ ਜਾਣਦੇ ਹੀ ਹੋ ਪਟਵਾਰੀ ਤੇ ਕਿਸਾਨ ਦਾ ਸਭ ਤੋਂ ਚਹੇਤਾ ਅਫਸਰ ਏ।”

“ਸੋ ਤਾਂ ਹੈ।”

“ਸਰ, ਪਿੱਛੇ ਜਿਹੇ ਪੰਚਾਇਤਾਂ ਵਾਲ਼ਾ ਮੰਤਰੀ ਆਇਆ ਸੀ। ਲੋਕਲ ਬਾਡੀਜ਼ ਵਾਲ਼ਾ। ਅਸੀਂ ਸਮਝਦੇ ਸੀ ਕਿ ਅਕਾਲੀ ਏ, ਸਿਆਣਾ ਤੇ ਸਚਿਆਰਾ ਤੇ ਧਾਰਮਿਕ ਹੋਊ। ਰੈਸਟ ਹਾਊਸ ਵਿੱਚ ਠਹਿਰਾਇਆ ਗਿਆ ਸੀ। ਆਓ ਭਗਤ ਲਈ ਤਹਿਸੀਲਦਾਰ ਸਾਹਿਬ ਚੌਵੀ ਘੰਟੇ ਹਾਜ਼ਰ ਸਨ। ਐਸ. ਡੀ. ਐਮ. ਸ਼ਾਹਿਬ ਵੀ ਦੋ ਤਿੰਨ ਚੱਕਰ ਮਾਰ ਗਏ ਸਨ। ਮੈਂ ਸ਼ਹਿਰ ਦੇ ਪੰਜਾਂ ਹੀ ਪਟਵਾਰੀਆਂ ਵਿੱਚੋਂ ਸੀਨੀਅਰ ਹਾਂ। ਮੈਨੂੰ ਤਹਿਸੀਲਦਾਰ ਮੱਲ੍ਹੀ ਸਾਹਿਬ ਨੇ ਇਸ਼ਾਰਾ ਕਰ ਦਿੱਤਾ। ਮੈਂ ਫੱਟ ਸਮਝ ਗਿਆ। ਵਧੀਆ ਸ਼ਰਾਬ ਦੇ ਨਾਲ਼ ਨਾਲ਼ ਉਸਦਾ ਇਸ਼ਾਰਾ ਵਧੀਆ ਮੀਟ ਚਿਕਨ ਵੱਲ ਵੀ ਸੀ। ਬਸ ਫਿਰ ਕੀ ਸੀ। ਅਸੀਂ ਪੰਜ ਪਟਵਾਰੀ ਡਟ ਗਏ ਟਹਿਲ ਸੇਵਾ ਵਿੱਚ। ਲਿਜਾ ਕੇ ਰੱਖ ਦਿੱਤੀਆਂ ਡੇਢ ਦਰਜਨ ਬੋਤਲਾਂ। ਅਸੀਂ ਸੇਵਾ ਕਰਨ ਲਈ ਪੱਬਾਂ ਭਾਰ ਹੋਏ ਰਹੇ। ਮੀਟ ਵੀ ਭਰ ਭਰ ਪਲੇਟਾਂ ਵਰਤਦਾ ਰਿਹਾ। ਆਖਿਰ ਵਿੱਚ ਹੈਰਾਨੀ ਉਦੋਂ ਹੋਈ ਜਦ ਮੈਂ ਮੀਟ ਦਾ ਡੱਕੋ ਡੱਕ ਭਰਿਆ ਡੌਂਗਾ ਲਿਜਾ ਕੇ ਮੇਜ ਤੇ ਰੱਖਿਆ ਸੀ। ਮੰਤਰੀ ਜੀ ਇੰਨੇ ਸ਼ਰਾਬੀ ਹੋਏ ਪਏ ਸਨ ਕਿ ਉਨ੍ਹਾਂ ਨੇ ਡੌਂਗਾ ਹੀ ਮੂੰਹ ਨੂੰ ਲਗਾ ਲਿਆ। ਡੀਕ ਲਗਾ ਕੇ ਸਾਰੀ ਤਰੀ ਪੀ ਗਏ। ਦੂਜੇ ਦਿਨ ਮੰਤਰੀ ਜੀ ਦੇ ਜਾਣ ਤੋਂ ਬਾਅਦ ਦੇਖਿਆ ਕਿ ਸਾਰੀ ਸਬ ਡਿਵੀਜ਼ਨ ਦੇ ਕੰਮ ਕਾਜ ਬਾਰੇ ਮੰਤਰੀ ਜੀ ਦੀ ਰਿਪੋਰਟ ਅੱਵਲ ਦਰਜੇ ਦੀ ਸੀ। ਨਾ ਉਹ ਕਿਸੇ ਦਫਤਰ ਵਿੱਚ ਗਿਆ, ਨਾ ਕਿਸੇ ਨਾਲ਼ ਕੋਈ ਕੰਮਕਾਜ਼ੀ ਮਿਲਣੀ ਰੈਸਟ ਹਾਊਸ ਵਿੱਚ ਕੀਤੀ। ਸਵੇਰੇ ਉਠ ਕੇ ਤਾਂ ਇੱਕ ਹੋਰ ਨਵੀਂ ਗੱਲ ਸੁਣਨ ਵਿੱਚ ਆ ਗਈ। ਮੰਤਰੀ ਜੀ ਆਏ ਸਨ ਆਪਣੀ ਰਿਸ਼ਤੇਦਾਰੀ ਵਿੱਚ ਕਿਸੇ ਕੁੜੀ ਲਈ ਰਿਸ਼ਤਾ ਦੇਖਣ। ਇਸ ਗੱਲ ਦਾ ਉਦੋਂ ਪਤਾ ਲੱਗਾ ਜਦ ਉਹ ਸਵੇਰੇ ਭਾਰਟਾ ਗਣੇਸ਼ਪੁਰੀਆਂ ਦੇ ਭੁਪਿੰਦਰ ਸਿਹੁੰ ਦੇ ਘਰ ਨੂੰ ਗਏ। ਉਨ੍ਹਾਂ ਦਾ ਲੜਕਾ ਪਿੱਛੇ ਜਿਹੇ, ਪਬਲਿਕ ਹੈਲਥ ਮਹਿਮਕਮੇ ਵਿੱਚ ਐਸ. ਡੀ. ਓ. ਲੱਗਾ ਸੀ। ਪੂਰੀ ਜਾਣਕਾਰੀ ਉਦੋਂ ਮਿਲ਼ੀ ਜਦ ਦੋ ਕੁ ਮਹੀਨਿਆਂ ਬਾਅਦ ਵਿਆਹ ਰੱਖ ਲਿਆ ਗਿਆ। ਵਿਆਹ ਸਮੇਂ ਤਾਂ ਅਸੀਂ ਪਟਵਾਰੀਆਂ ਨੇ ਸ਼ਰਾਬ ਦੀਆਂ ਨਦੀਆਂ ਬਹਾ ਦਿੱਤੀਆਂ। ਕੁੜੀ ਵਾਲ਼ਿਆਂ ਸਮੁੰਦਰ ਬਹਾਇਆ, ਅਸੀਂ ਨਦੀਆਂ ਬਹਾਈਆਂ। ਸਰ ਜੀ, ਇਵੇਂ ਦਾ ਮਹਿਕਮਾ ਏ ਆਪਣਾ।”

“ਕੋਈ ਹੋਰ ਗੱਲ ਬਾਤ?”

“ਸਰ ਜੀ, ਗੱਲਾਂ ਬਾਤਾਂ? ਸਾਡੇ ਮਹਿਕਮੇ ‘ਚੋਂ ਤਾਂ ਤੁਸੀਂ ਭਾਵੇਂ ਗੱਲਾਂ ਦੇ ਗੱਡੇ ਭਰ ਲਓ। ਪਿੱਛੇ ਜਿਹੇ ਡੀ. ਸੀ. ਸ਼ਾਹਿਬ ਸਬ ਡਿਵੀਜ਼ਨ ਵਿੱਚ ਆਏ। ਸਾਲ ਵਿੱਚ ਦੋ ਕੁ ਵਾਰ ਤਾਂ ਗੇੜਾ ਰੱਖ ਹੀ ਲੈਂਦੇ ਨੇ। ਸਾਡੇ ਬਲਾਕ ਦੇ ਲੋਕਾਂ ਦੀਆਂ ਤਕਲੀਫਾਂ ਸੁਣਨ ਲਈ ਖੁੱਲਾ ਦਰਬਾਰ ਰੱਖਿਆ। ਲੋਕ ਕਾਫੀ ਗਿਣਤੀ ਵਿੱਚ ਹਾਜ਼ਰ ਹੋਏ। ਅਸੀਂ ਪੰਜ ਪਟਵਾਰੀ ਤਿੰਨ ਚਾਰ ਦਿਨ ਆਓ ਭਗਤ ਦਾ ਪ੍ਰਬੰਧ ਕਰਨ ਵਿੱਚ ਜੁਟੇ ਰਹੇ। ਤਹਿਸੀਲਦਾਰ ਮੱਲ੍ਹੀ ਸਾਹਿਬ ਤੇ ਦੋ ਨਾਇਬ ਤਹਿਸੀਲਦਾਰਾਂ ਹੁਸਨ ਲਾਲ ਤੇ ਰਾਮ ਖਿਲਾਵਨ ਨੇ ਤਿੰਨ ਦਿਨ ਸਾਡੀ ਰੇਲ ਬਣਾ ਰੱਖੀ। ਬਲਾਕ ਸੰਮਤੀ ਦਾ ਚੇਅਰਮੈਨ ਛਿੰਦੀ ਤੇ ਸਾਰੇ ਮੈਂਬਰ ਵੀ ਡੀ. ਸੀ. ਸ਼ਾਹਿਬ ਨੂੰ ਮਿਲਣ ਲਈ ਪੱਬਾਂ ਭਾਰ ਸਨ। ਸਾਡੇ ਸ਼ਹਿਰ ਵਿੱਚ ਇੱਕ ਡੀ. ਸੀ. ਸਾਹਿਬ ਦਾ ਦੂਰ ਦਾ ਰਿਸ਼ਤੇਦਾਰ ਰਾਮ ਰੱਖਾ ਰਹਿੰਦਾ ਏ। ਉਹ ਅਨੁਸੂਚਿਤ ਜਾਤੀ ਦਾ ਹੈ। ਲੋਕਾਂ ਨੇ ਉਹਦੇ ਘਰ ਹੀ ਦਬੀੜਾਂ ਲਗਾ ਛੱਡੀਆਂ। ਇੱਥੋਂ ਤੱਕ ਕਿ ਲਾਲਿਆਂ ਦੇ ਲੜਕੀਆਂ ਦੇ ਕਾਲਜ ਆਦਰਸ਼ ਮਹਿਲਾ ਵਿਦਿਆਲਿਆ ਦਾ ਪ੍ਰਧਾਨ ਸਖੀ ਚੰਦ ਕਾਲਜ ਦੀ ਕਨਵੋਕੇਸ਼ਨ ਦੀ ਡੀ. ਸੀ. ਤੋਂ ਪ੍ਰਧਾਨਗੀ ਕਰਵਾ ਕੇ ਕੁਝ ਪੈਸੇ ਲੈਣਾ ਚਾਹੁੰਦਾ ਸੀ। ਡੀ. ਸੀ. ਸਾਹਿਬ ਆ ਪਹੁੰਚੇ। ਐਸ. ਡੀ. ਐਮ. ਸ਼ਾਹਿਬ ਖੁਸ਼ ਆਮਦੀਦ ਕਹਿਣ ਲਈ ਮੌਜੂਦ ਹੀ ਸਨ। ਪ੍ਰਸ਼ੰਸਾ ਦੇ ਪੁਲ਼ ਬੰਨ੍ਹੇ ਗਏ। ਮੁਸ਼ਕਲਾਂ ਸੁਣਨ ਲਈ ਦਰਬਾਰ ਸ਼ੁਰੂ ਹੋਇਆ। ਪਹਿਲਾਂ ਬਲਾਕ ਸੰਮਤੀ ਦੇ ਚੇਅਰਮੈਨ ਛਿੰਦੀ ਨੇ ਕੁਝ ਸ਼ਬਦ ਬੋਲ ਕੇ ਆਪਣੇ ਨੰਬਰ ਬਣਾਏ। ਅੰਤ ਵਿੱਚ ਡੀ. ਸੀ. ਸਾਹਿਬ ਨੇ ਤਾਂ ਸਭ ਨੂੰ ਮੁਖਾਤਿਬ ਹੋਣਾ ਹੀ ਸੀ। ਜਦ ਡੀ. ਸੀ. ਸਾਹਿਬ ਬੋਲਣ ਤੋਂ ਬਾਅਦ ਆਪਣੀ ਸੀਟ ਤੇ ਜਾ ਬਿਰਾਜੇ ਤਾਂ 10 ਕੁ ਬੰਦਿਆਂ ਨੇ ਆਪਣੀਆਂ ਤਕਲੀਫਾਂ ਵੀ ਬਿਆਨ ਕੀਤੀਆਂ। ਤਕਲੀਫਾਂ ਬਿਆਨ ਕਰਨ ਵਾਲ਼ਿਆਂ ਦੀ ਵੀ ਮੱਲ੍ਹੀ ਸਾਹਿਬ ਨੇ ਪਹਿਲਾਂ ਹੀ ਸਕਰੀਨਿੰਗ ਕੀਤੀ ਹੋਈ ਸੀ। ਉਹ ਤਕਲੀਫਾਂ ਪੇਸ਼ ਕੀਤੀਆਂ ਗਈਆਂ ਜਿਹੜੀਆਂ ਬਹੁਤੀਆਂ ਗੰਭੀਰ ਨਹੀਂ ਸਨ। ਡੀ. ਸੀ. ਸਾਹਿਬ ਨੇ ਇਹ ਤਕਲੀਫਾਂ ਅੱਗੇ ਐਸ. ਡੀ. ਐਮ. ਸ਼ਾਹਿਬ ਨੂੰ ਰੈਫਰ ਕਰ ਦਿੱਤੀਆਂ। ਨਾਲ਼ੇ ਡੀ. ਸੀ. ਸਾਹਿਬ ਨੇ ਲੋਕਾਂ ਨੂੰ ਇਹ ਯਕੀਨ ਦਵਾਇਆ ਕਿ ਮਸਲੇ ਚੰਦ ਦਿਨਾਂ ਵਿੱਚ ਹੀ ਨਿਪਟਾ ਦਿੱਤੇ ਜਾਣਗੇ।”

“ਇਸਦਾ ਮਤਲਬ ਇਹ ਕਿ ਪ੍ਰੋਗਰਾਮ ਬਹੁਤ ਸੋਹਣਾ ਰਿਹਾ, ਜੋਗਿੰਦਰ?”

“ਠੀਕ ਰਿਹਾ ਪਰ ਅਸਲੀ ਗੱਲ ਤਾਂ ਸੁਣੋ।”

“ਉਹ ਕੀ?”

“ਖੁੱਲ੍ਹੇ ਦਰਬਾਰ ਵਿੱਚ ਮੂਹਰਿਓਂ ਤੀਜੀ ਲਾਈਨ ਵਿੱਚ ਇੱਕ ਰੋਅਬ ਦਾਅਬ ਵਾਲ਼ਾ ਪੇਂਡੂ ਮੋਹਤਬਾਰ ਬੈਠਾ ਸੀ। ਪੱਗ ਦਾ ਤੁਰਲਾ ਉਹਦੇ ਸਿਰ ਤੇ ਗਿੱਧਾ ਪਾ ਰਿਹਾ ਸੀ। ਉਸੇ ਨਾਲ਼ ਬੈਠਾ ਇੱਕ ਨਸ਼ੇ ਦਾ ਮਾਰਿਆ ਦਾਂਦੂ ਜਿਹਾ ਮਾੜਕੂ ਬੰਦਾ ਇਵੇਂ ਲੱਗ ਰਿਹਾ ਸੀ ਜਿਵੇਂ ਬੋਤੇ ਕੋਲ਼ ਬੱਕਰੀ ਬੱਝੀ ਹੋਵੇ। ਉਸ ਮੋਹਤਬਾਰ ਨੇ ਆਪਣਾ ਹੱਥ ਵਿੱਚ ਫੜਿਆ ਹੋਇਆ ਖੂੰਡਾ ਉੱਪਰ ਨੂੰ ਖੜ੍ਹਾ ਕੀਤਾ ਹੋਇਆ ਸੀ। ਖੂੰਡਾ ਸੰਮਾਂ ਵਾਲ਼ਾ ਹੋਣ ਕਰਕੇ ਬਹੁਤ ਸੁੰਦਰ ਲੱਗ ਰਿਹਾ ਸੀ। ਡੀ. ਸੀ. ਸਾਹਿਬ ਨੇ ਓਸ ਮੁਹਤਬਾਰ ਨੂੰ ਉਸਦਾ ਨਾਮ ਪੁੱਛਿਆ। ਉਹ ਕਹਿੰਦਾ ਉਸ ਦਾ ਨਾਮ ਸ਼ਿਵਮੰਗਲ ਸਿੰਘ ਏ। ਫਿਰ ਡੀ. ਸੀ. ਸਾਹਿਬ ਨੇ ਉਸਨੂੰ ਬੜੇ ਆਦਰ ਸਤਿਕਾਰ ਨਾਲ਼ ਆਪਣੇ ਪਾਸ ਬੁਲਾ ਲਿਆ। ਜਦ ਬੰਦਾ ਉੱਠ ਕੇ ਡੀ. ਸੀ. ਸਾਹਿਬ ਪਾਸ ਚਲਾ ਗਿਆ ਤਾਂ ਡੀ. ਸੀ. ਨੇ ਇਹ ਖੂੰਡਾ ਉਸ ਕੋਲ਼ੋਂ ਫੜ ਕੇ ਆਪਣੇ ਹੱਥ ਵਿੱਚ ਫੜ ਲਿਆ। ਖੂੰਡਾ ਡੀ. ਸੀ. ਸਾਹਿਬ ਨੂੰ ਬਹੁਤ ਪ੍ਰਭਾਵਿਤ ਕਰ ਰਿਹਾ ਸੀ। ਲੋਕ ਸੋਚ ਰਹੇ ਸਨ ਕਿ ਡੀ. ਸੀ. ਸਾਹਿਬ ਉਸ ਮੁਹਤਬਾਰ ਨੂੰ ਕਹਿਣਗੇ ਕਿ ਖੂੰਡਾ ਸਿੱਧਾ ਖੜ੍ਹਾ ਕਰਕੇ ਅਫਸਰਾਂ ਮੂਹਰੇ ਨਹੀਂ ਬੈਠੀਦਾ। ਇਸਨੂੰ ਹੇਠਾਂ ਜ਼ਮੀਨ ਤੇ ਲੰਮਾ ਪਾ ਕੇ ਰੱਖੀਦਾ ਹੈ ਪਰ ਇਸ ਪ੍ਰਕਾਰ ਦਾ ਕੁਝ ਨਾ ਹੋਇਆ। ਡੀ. ਸੀ. ਸਾਹਿਬ ਤੇ ਉਸ ਮੁਹਤਬਾਰ ਵਿਚਕਾਰ ਹੋਰ ਗੱਲਬਾਤ ਇਵੇਂ ਹੋਈ।”

“ਸਰਦਾਰ ਜੀ, ਇਹ ਖੂੰਡਾ ਤੁਸੀਂ ਕਿੱਥੋਂ ਲ਼ਿਆ?”

“ਮਾਈ ਬਾਪ, ਇਸ ਪ੍ਰਕਾਰ ਦੇ ਖੂੰਡੇ ਇਲਾਕੇ ਵਿੱਚ ਸਿਰਫ ਇੱਕ ਆਦਮੀ ਹੀ ਬਣਾਉਂਦਾ ਏ। ਕੋਟ ਫਤੂਹੀ ਵਲ ਨੂੰ ਪਿੰਡ ਪੈਂਦਾ ਏ ਬਸੰਤਕੋਟ। ਉੱਥੇ ਇੱਕ ਤਰਖਾਣ ਏ ਸਾਧੂ ਰਾਮ। ਉਹ ਤਿਆਰ ਕਰਦਾ ਏ ਇਸ ਪ੍ਰਕਾਰ ਦੇ ਖੂੰਡੇ।”

“ਇਸਦੀ ਕੀਮਤ ਕੀ ਏ?”

“ਸਾਹਿਬ ਜੀ, ਇਹ ਹੁਣ ਤੋਂ ਤਿੰਨ ਕੁ ਮਹੀਨੇ ਪਹਿਲਾਂ ਮੈਂ ਤਿੰਨ ਹਜ਼ਾਰ ਰੁਪਏ ਵਿੱਚ ਖਰੀਦਿਆ ਸੀ। ਇਸ ਉੱਪਰ ਪਿੱਤਲ ਮੜ੍ਹੀ ਹੋਈ ਏ। ਮੁੱਠੇ ਨੂੰ ਖਾਸੀ ਚਾਂਦੀ ਵੀ ਲੱਗੀ ਹੋਈ ਏ।”

ਡੀ. ਸੀ. ਸਾਹਿਬ ਨੇ ਫਿਰ ਤਹਿਸੀਲਦਾਰ ਮੱਲ੍ਹੀ ਵੱਲ ਦੇਖਿਆ ਤੇ ਕਿਹਾ, “ਇਸ ਪ੍ਰਕਾਰ ਦੇ ਦਸ ਖੂੰਡੇ ਮੈਨੂੰ ਚਾਹੀਦੇ ਹਨ।”

ਮੱਲ੍ਹੀ ਸਾਹਿਬ ਜਿਹਨੇ ਮੁੱਛਾਂ ਨੂੰ ਵਟ ਚਾੜ੍ਹ ਕੇ ਲੜਾਕੇ ਜਹਾਜ ਦੀ ਤੂਈ ਜਿਹਾ ਬਣਾਇਆ ਹੋਇਆ ਸੀ ਨੇ ਬੜੀ ਨਿਮਰਤਾ ਤੇ ਆਦਰ ਨਾਲ਼ ਕਿਹਾ, “ਜੀ ਸਾਹਿਬ, ਹਫਤੇ ਵਿੱਚ ਹੀ ਪੁੱਜਦੇ ਕਰ ਦਿਆਂਗੇ।”

“ਪੈਸੇ?” ਮੈਥੋਂ ਜੋਗਿੰਦਰ ਨੂੰ ਪੁੱਛ ਹੋ ਗਿਆ।

“ਸਰ, ਕਿਹੜੀ ਦੁਨੀਆ ਵਿੱਚ ਰਹਿੰਦੇ ਹੋ? ਕਦੀ ਮੰਤਰੀ ਤੇ ਡੀ. ਸੀ. ਜਿਹੇ ਉੱਚਤਮ ਵਿਅਕਤੀ ਵੀ ਪੈਸੇ ਦਿੰਦੇ ਹੁੰਦੇ ਨੇ? ਕਦੀ ਵੀ ਨਹੀਂ। ਉਨ੍ਹਾਂ ਨੂੰ ਤਾਂ ਪੈਸੇ ਪੁੱਛਣਾ ਵੀ ਗੁਨਾਹ ਹੈ ਤੇ ਬਿਪਤਾ ਮੁੱਲ ਲੈਣਾ ਹੈ। ਸਾਡਾ ਸਾਰਾ ਦਾਰੋਮਦਾਰ ਉਨ੍ਹਾਂ ਦੇ ਸਿਰਾਂ ਤੇ ਹੀ ਚੱਲਦਾ ਏ। ਪੈਸੇ ਅਸੀਂ ਪਟਵਾਰੀਆਂ ਨੇ ਇਕੱਠੇ ਕਰਨੇ ਹੁੰਦੇ ਹਨ। ਸਾਡੇ ਸਾਇਲ ਅੰਤਾਂ ਦੇ ਹਨ। ਇੱਥੇ ਤਕੜੇ ਦਾ ਸੱਤੀਂ ਬੀਹੀਂ ਸੌ ਹੈ। ਇੱਥੇ ਹੀ ਬਸ ਨਹੀਂ।”

“ਅਜੇ ਹੋਰ ਕੁਝ ਵੀ ਏ?”
“ਹਾਂ, ਬਿਲਕੁਲ ਹੈ। ਉਹ ਇਹ ਕਿ ਇਹ ਖੂੰਡੇ ਲੈਣ ਤੋਂ ਦੋ ਕੁ ਮਹੀਨੇ ਬਾਅਦ ਫਿਰ ਡੀ. ਸੀ. ਸਾਹਿਬ ਦਾ ਸੁਨੇਹਾ ਮੱਲ੍ਹੀ ਸਾਹਿਬ ਨੂੰ ਆ ਗਿਆ।”

“ਸ਼ਾਬਾਸ਼, ਮੱਲ੍ਹੀ ਸਾਹਿਬ! ਖੂੰਡਾ ਤਾਂ ਸੱਚ ਮੁੱਚ ਹੀ ਬਹੁਤ ਕਮਾਲ ਦਾ ਏ। ਹੋਰ ਜ਼ਰੂਰਤ ਪੈ ਗਈ।”

“ਸਾਹਿਬ, ਹੋਰ ਕਿੰਨੇ ਚਾਹੀਦੇ ਹਨ?”

“ਉਸਤੋਂ 60 ਖੂੰਡੇ ਹੋਰ ਬਣਵਾਓ ਤੇ ਭੇਜ ਦਿਓ ਜਾਂ ਆਪ ਆ ਕੇ ਦੇ ਜਾਵੋ।”

ਤਹਿਸੀਲਦਾਰ ਸਾਹਿਬ ਨੇ ਓਸੇ ਸਰਦਾਰ ਨੂੰ ਫਿਰ ਸੁਨੇਹਾ ਭੇਜਿਆ। ਉਹ ਕਹਿੰਦਾ ਕਿ ਹੁਣ ਇਸਦੀ ਕੀਮਤ 3500 ਰੁਪਏ ਹੈ। ਤਹਿਸੀਲਦਾਰ ਸਾਹਿਬ ਨੂੰ ਖਰੀਦਣੇ ਤਾਂ ਪੈਣੇ ਹੀ ਸਨ। ਪਟਵਾਰੀਆਂ ਨੇ ਮਿਲ਼ ਕੇ ਫਿਰ ਆਪਣੇ ਸਾਇਲਾਂ ਤੋਂ ਵੱਢੀ ਦੇ ਰੂਪ ਵਿੱਚ ਪੈਸੇ ਇਕੱਠੇ ਕੀਤੇ। ਥੋੜ੍ਹੀ ਬਹੁਤ ਖੂੰਡਾ ਬਣਾਉਣ ਵਾਲ਼ੇ ਨਾਲ਼ ਇਹ ਕਹਿ ਕੇ ਸੌਦੇਬਾਜ਼ੀ ਕਰਕੇ ਰਿਆਇਤ ਕਰਵਾਈ ਕਿ ਮਾਲ ਡੀ. ਸੀ. ਸਾਹਿਬ ਨੂੰ ਜਾਣਾ ਹੈ। ਇਸ ਪ੍ਰਕਾਰ 60 ਖੂੰਡੇ 3200 ਰੁਪਏ ਪ੍ਰਤੀ ਖੂੰਡੇ ਦੇ ਹਿਸਾਬ ਨਾਲ਼ ਬਣਵਾਏ ਗਏ। ਡੀ. ਸੀ. ਸਾਹਿਬ ਪਾਸ ਪਹੁੰਚਦੇ ਕਰ ਦਿੱਤੇ ਗਏ।”

“ਜੋਗਿੰਦਰ, ਫਿਰ ਤਾਂ ਤੁਸੀਂ ਲੋਕਾਂ ਦੇ ਅਜੀਬ ਅਜੀਬ ਕੰਮ ਵੀ ਕਰਦੇ ਹੋ?”

“ਬਿਲਕੁਲ ਸਰ! ਤੁਸੀਂ ਇਮਾਨਦਾਰ ਮਹਿਕਮੇ ਵਿੱਚ ਕੰਮ ਕਰਦੇ ਹੋ। ਅਸੀਂ ਅਤਿ ਭ੍ਰਿਸ਼ਟਾਚਾਰੀ ਹਾਂ। ਇਹ ਹੈ ਆਪਣਾ ਦੇਸ਼ ਮਹਾਨ। ਇੱਥੇ ਲੋਕਤੰਤਰ ਤੇ ਆਜ਼ਾਦੀ ਹੋਣ ਦੇ ਬਾਵਜੂਦ ਵੀ ਚਾਕਰੀ ਜੋਰਾਂ ਤੇ ਹੈ। ਸਾਨੂੰ ਬਾਂਦਰਾਂ ਨੂੰ ਮੱਕੀ ਦੀਆਂ ਖਿੱਲਾਂ ਮਿਲ ਗਈਆਂ। ਅਸੀਂ ਨਾ ਖਾਂਦੇ ਥੱਕਦੇ ਹਾਂ ਤੇ ਨਾ ਹੀ ਕਿਸੇ ਨੂੰ ਖਵਾਉਂਦੇ। ਉੱਪਰੋਂ ਦੇਖਣ ਨੂੰ ਆਪਾਂ ਭਾਵੇਂ ਜਿੰਨੇ ਮਰਜ਼ੀ ਸਿਆਣੇ, ਸੁਹਿਰਦ, ਸਚਿਆਰੇ ਤੇ ਸੋਝੀਵਾਨ ਦਿਖਣ ਦੀ ਕੋਸ਼ਿਸ਼ ਕਰੀਏ ਪਰੰਤੂ ਅੰਦਰੋਂ ਅਸੀਂ ਪੂਰੇ ਦੰਭੀ, ਦੁਸ਼ਟ ਤੇ ਦਗੇਬਾਜ਼ ਹਾਂ। ਬੇਈਮਾਨੀ ਤੇ ਭ੍ਰਿਸ਼ਟਾਚਾਰ ਥੱਲਿਓਂ ਉੱਪਰ ਨੂੰ ਨਹੀਂ ਜਾਂਦੇ, ਇਹ ਉੱਪਰੋਂ ਥੱਲੇ ਨੂੰ ਆਉਂਦੇ ਹਨ। ਤੁਸੀਂ ਦੇਖਦੇ ਹੀ ਹੋ ਕਿ ਅੱਧੇ ਕੁ ਮੰਤਰੀ ਘੁਟਾਲਿਆਂ ਵਿੱਚ ਫਸੇ ਰਹਿੰਦੇ ਹਨ। ਲੋਕ ਫਿਰ ਵੀ ਉਨ੍ਹਾਂ ਦਾ ਫੁੱਲਾਂ ਦੇ ਹਾਰਾਂ ਨਾਲ਼ ਖੈਰ ਮਕਦਮ ਕਰਦੇ ਹਨ। ਭ੍ਰਿਸ਼ਟਾਚਾਰੀ ਸਿੱਧ ਹੋ ਕੇ ਮੰਤਰੀ ਜੇਲ੍ਹਾਂ ਵਿੱਚ ਵੀ ਬੈਠੇ ਹਨ। ਫਿਰ ਵੀ ਜਦੋਂ ਉਹ ਬਾਹਰ ਆਉਂਦੇ ਹਨ ਤਾਂ ਉਨ੍ਹਾਂ ਨੂੰ ਮਿਲਣ ਲਈ ਲੋਕਾਂ ਦੇ ਤੰਤੇ ਲੱਗ ਜਾਂਦੇ ਹਨ। ਸਰ ਜੀ, ਇਹ ਹੈ ਸਾਡਾ ਦੇਸ਼ ਮਹਾਨ। ਗਿਰਝਾਂ ਗਾਲ੍ਹੜ ਦੇਵਣ ਦਾਦ, ਉੱਲੂ ਗਾਉਣ ਬਸੰਤ ਬਹਾਰ।”

“ਚੰਗਾ ਜੋਗਿੰਦਰ, ਤੇਰੀਆਂ ਗੱਲਾਂ ਬੜੀਆਂ ਦਿਲਚਸਪ ਹਨ। ਮੈਂ ਹੁਣ ਚੱਲਦਾਂ। ਫਿਰ ਕਿਤੇ ਮਿਲਾਂਗੇ।”

“ਚੰਗਾ ਸਰ।”
**

*’ਲਿਖਾਰੀ’ ਵਿਚ ਪ੍ਰਕਾਸ਼ਿਤ ਹੋਣ ਵਾਲੀਆਂ ਸਾਰੀਆਂ ਹੀ ਰਚਨਾਵਾਂ ਵਿਚ ਪ੍ਰਗਟਾਏ ਵਿਚਾਰਾਂ ਨਾਲ ‘ਲਿਖਾਰੀ’ ਦਾ ਸਹਿਮਤ ਹੋਣਾ ਜ਼ਰੂਰੀ ਨਹੀਂ। ਹਰ ਲਿਖਤ ਵਿਚ ਪ੍ਰਗਟਾਏ ਵਿਚਾਰਾਂ ਦਾ ਜ਼ਿੰਮੇਵਾਰ ਕੇਵਲ ‘ਰਚਨਾ’ ਦਾ ਕਰਤਾ ਹੋਵੇਗਾ।
*
***
1021
***

About the author

ਅਵਤਾਰ ਐਸ ਸੰਘਾ
+ ਲਿਖਾਰੀ ਵਿੱਚ ਛਪੀਆਂ ਰਚਨਾਵਾਂ ਦਾ ਵੇਰਵਾ

Dr. Avtar S. Sangha
BA ( Hons. English)  MA English,  Ph.D English--- Punjab
Graduate Dip In Education--- NSW ( Australia)
Lecturer in English  in a college  in Punjab for 25 years.
Teacher in Sydney--- 6 years
Now retired
Author of 8 books
**
sangha_avtar@hotmail.com

My latest book of short English fiction STORM IN A TEACUP AND OTHER STORIES can be seen on
DESIBUZZ CANADA
**
The Punjabi book of short stories  edited by me and published  by Azad Book Depot Amritsar  5 PARVAASI KAHANIKAAR  is now available in the market.
**

ਅਵਤਾਰ ਐਸ ਸੰਘਾ

Dr. Avtar S. Sangha BA ( Hons. English)  MA English,  Ph.D English--- Punjab Graduate Dip In Education--- NSW ( Australia) Lecturer in English  in a college  in Punjab for 25 years. Teacher in Sydney--- 6 years Now retired Author of 8 books ** sangha_avtar@hotmail.com My latest book of short English fiction STORM IN A TEACUP AND OTHER STORIES can be seen on DESIBUZZ CANADA ** The Punjabi book of short stories  edited by me and published  by Azad Book Depot Amritsar  5 PARVAASI KAHANIKAAR  is now available in the market. **

View all posts by ਅਵਤਾਰ ਐਸ ਸੰਘਾ →