26 April 2024

ਮਾਤ ਭਾਸ਼ਾ—ਚਰਨਜੀਤ ਸਿੰਘ ਪੰਨੂ

ਉੱਠ ਜਾਗ ਪੰਜਾਬੀ ਸੁੱਤਿਆ

ਉੱਠ ਜਾਗ ਪੰਜਾਬੀ ਸੁੱਤਿਆ,
ਆਪਣਾ ਮੁੱਢਲਾ ਫ਼ਰਜ਼ ਨਿਭਾ।
ਇੱਕ ਖ਼ਤਰਾ ਬੂਹਾ ਭੰਨ ਰਿਹਾ,
ਮਾਤ ਭਾਸ਼ਾ ਦੀ ਇੱਜ਼ਤ ਬਚਾ।

ਗੌਰਵਮਈ ਮਾਂ ਬੋਲੀ ਤੇਰੀ,
ਪ੍ਰਸ਼ੰਸਾ ਇਸ ਦੇ ਦਾਮਨ ਪਾ।
ਕੰਡੇ ਚੁਣ ਕੇ ਸੁੱਟ ਕਰ ਪਾਸੇ,
ਇਹਦੇ ਰਾਹ ਵਿਚ ਫ਼ੁਲ ਵਿਛਾ।

ਰਾਣੀ ਬਣ ਕੇ ਰਹੀ ਜੋ ਗੋਲੀ,
ਉਚਿੱਤ ਇਸ ਦਾ ਹੱਕ ਦਵਾ।
ਰਾਜ ਭਾਗ ਦੇ ਵਿਹੜੇ ਅੰਦਰ,
ਗੁਲਦਸਤੇ ਜਿਉਂ ਦੇਹ ਸਜਾ।

ਫ਼ਰੀਕ ਨਾਲ ਸ਼ਰੀਕ ਜੋ ਤੱਕੇ,
ਤਿਰਛੀ ਨਜ਼ਰ ਨੂੰ ਨੁੱਕਰੇ ਲਾ।
ਪੰਜਾਬੀ ਝੰਡਾ ਉੱਚਾ ਚੁੱਕ ਕੇ,
ਦੇਸ ਵਿਦੇਸ਼ ਸੰਦੇਸ਼ ਪਹੁੰਚਾ।

ਝੋਲੀ ਭਰ ਭਰ ਕੇ ਵੰਡ ਸਾਰੇ,
ਚਾਰੇ ਦਿਸ਼ਾਵਾਂ ਦੇਹ ਮਹਿਕਾ।
ਨਵੀਂ ਪਨੀਰੀ ਦਾ ਜੋ ਵਿਰਸਾ,
ਦਾਦੀ ਮਾਂ ਜਿਉਂ ਬਾਤ ਸੁਣਾ।

ਚਾਚੀ ਮਾਸੀ ਦੀ ਸ਼ਹਿ ਉੱਤੇ,
ਆਪਣੀ ਮਾਂ ਨਾ ਗਹਿਣੇ ਪਾ।
ਬਿਗਾਨੀ ਜੂਹੀਂ ਰੁਲ ਨਾ ਜਾਏ,
ਚੁੱਕ ਲੈ ਇਸ ਨੂੰ ਗਲੇ ਲਗਾ।

ਅਸੀਂ ਤੇ ਹੋਕਾ ਦਿੰਦੇ ਰਹਿਣਾ,
ਜਾਗਦੇ ਰਹੋ ਦੀ ਲਾਟ ਜਗਾ।
ਜਿਸ ਮਾਂ ਪੰਨੂ ਗੁੜ੍ਹਤੀ ਦਿੱਤੀ,
ਮਾਤ ਭਾਸ਼ਾ ਦੀ ਕਦਰ ਵਧਾ। 

—————– 

ਕਵਿਤਾ 

ਐ ਕਵਿਤਾ ਤੂੰ ਉੱਦਮੀ ਬਣ,
ਡੰਮ੍ਹੀ ਜਿਹੀ ਨਾ ਬਣਦੀ ਜਾਹ।
ਪ੍ਰਯੋਗਿਕ ਫ਼ੈਸ਼ਨ ਦੇ ਨਾਂ ਥੱਲੇ,
ਨਾ ਮੌਲਿਕ ਸੁੰਦਰ ਰੂਪ ਗਵਾ।

ਛੱਡਦੇ ਲੋਰ ਅਮਲੀਆਂ ਵਾਲੀ,
ਜਗਾ ਦੇਹ ਸੁੱਤੇ, ਧਰਮ ਨਿਭਾ।
ਸੱਚ ਸੁਣਨਾ ਤੇ ਸਹਿਣਾ ਔਖਾ,
ਬੇਸ਼ੱਕ ਕੌੜਾ ਇਹ ਗੀਤ ਸੁਣਾ।

ਦਿੱਬ-ਦ੍ਰਿਸ਼ਟੀ ਕਰ ਚੁਕੰਨੀ,
ਰੋਂਦੀ ਖ਼ਲਕਤ ਨੂੰ ਦੇਹ ਹਸਾ।
ਬਾਬਰ ਜਾਬਰ ਦੇ ਲਿਖ ਚਿੱਠੇ,
ਹੱਥਕੜੀਆਂ ਤੋਂ ਨਾ ਘਬਰਾ।

ਸਮਾਜਵਾਦ ਦਾ ਝੰਡਾ ਲੈ ਕੇ,
ਸਾਮਰਾਜ ਦੇ ਕਿੰਗਰੇ ਢਾਹ।
ਮਲਿਕ ਭਾਗੋ ਦੀ ਚੱਖ ਪੂੜੀ,
ਭਾਈ ਲਾਲੋ ਦੀ ਮਿੱਸੀ ਖ਼ਾਹ।

ਮਹਿਲਾਂ ਵਾਲੇ ਚੁੱਕਦੇ ਪੜਦੇ,
ਝੁੱਗੀ ਝੌਂਪੜੀ ਦੇਹ ਰੁਸ਼ਨਾ।
ਕਾਮਿਆਂ ਸੰਗ ਗੰਢ ਲੈ ਯਾਰੀ,
ਕਿਰਸਾਣਾ ਦੇ ਵਾਹਣੀਂ ਜਾਹ।

ਅੱਤਵਾਦ ਦੀਆਂ ਛਾਵਾਂ ਥੱਲੇ,
ਸਹਿਕੇ ਪਬਲਿਕ ਗਲੇ ਲਗਾ।
ਭਰ ਕੇ ਮਲ੍ਹਮ ਸ਼ਬਦਾਂ ਅੰਦਰ,
ਫੁਲਕਾਰੀ ਸੁਹਣੀ ਗੁੰਦ ਦਿਖਾ।

ਭਰੂਣ ਹੱਤਿਆ ਦੀ ਕਰ ਮੁਕਤੀ,
ਕਾਤਲ ਟੋਲੇ ਗਲ ਫਾਂਸੀ ਪਾ।
ਜਿਸਮ ਜ਼ਮੀਰ ਸੌਦਾਗਰ ਕੋਲੋਂ,
ਤੂੰ ਵੀ ਆਪਣੀ ਅਣਖ ਬਚਾ।

ਲੱਚਰ ਵਾਦ ਦੇ ਧੁਖਦੇ ਪੈਰੀਂ,
ਸ਼ਰਮ ਹਯਾ ਦੇ ਘੁੰਗਰੂ ਪਾ।
ਉੱਚੀ ਨੀਵੀਂ ਪੱਤੀ ਵੱਲ ਪੰਨੂ,
ਬਿਨ ਵਿਤਕਰੇ ਵੜਦੀ ਜਾਹ। 

(79)

About the author

ਚਰਨਜੀਤ ਸਿੰਘ ਪੰਨੂ
ਚਰਨਜੀਤ ਸਿੰਘ ਪੰਨੂ
+ ਲਿਖਾਰੀ ਵਿੱਚ ਛਪੀਆਂ ਰਚਨਾਵਾਂ ਦਾ ਵੇਰਵਾ