24 May 2024

ਹਿੰਦੀ ਕਹਾਣੀ: ਖਲਨਾਇਕਾ—ਗੋਵਿੰਦ ਉਪਾਧਿਆਏ/* ਅਨੁ : ਪ੍ਰੋ. ਨਵ ਸੰਗੀਤ ਸਿੰਘ 

ਨੈਨਾ ਚੱਕਰਵਰਤੀ ਪਿਛਲੇ ਦੋ-ਤਿੰਨ ਦਿਨਾਂ ਤੋਂ ਥਾਣੇ ਦਾ ਚੱਕਰ ਲਾ ਰਹੀ ਸੀ। ਉਹਦੇ ਬੌਸ ਵਿਵੇਕ ਅਗਰਵਾਲ ਦੇ ਗਾਇਬ ਹੋਣ ਕਰਕੇ ਨੈਨਾ ਚੱਕਰਵਰਤੀ ਦਾ ਨਾਂ ਜੋੜ ਦਿੱਤਾ ਗਿਆ ਸੀ। ਇਸ ਪੂਰੇ ਰੌਲ਼ੇ ਵਿੱਚ ਉਹਨੂੰ ਖਲਨਾਇਕਾ ਬਣਾ ਦਿੱਤਾ ਗਿਆ ਸੀ। ਉਹ ਸਾਰਾ ਦਿਨ ਥਾਣੇ ਵਿੱਚ ਬੈਠੀ ਰਹਿੰਦੀ। ਸ਼ਾਮ ਨੂੰ ਸਬ ਇਨਸਪੈਕਟਰ ਮਧੂ ਚੰਦਰਾ ਉਹਨੂੰ ਕੁਝ ਪ੍ਰਸ਼ਨ ਕਰਦੀ। ਮਧੂ ਚੰਦਰਾ ਤੋਂ ਉਹ ਤਿੰਨ-ਚਾਰ ਸਾਲ ਵੱਡੀ ਹੋਵੇਗੀ। ਅਜੇ ਤੱਕ ਤਾਂ ਉਹਦਾ ਲਹਿਜ਼ਾ ਦੋਸਤਾਨਾ ਹੀ ਰਿਹਾ ਹੈ। ਪਿਛਲੇ ਇੱਕ ਹਫ਼ਤੇ ਤੋਂ ਨੈਨਾ ਦੇ ਜੀਵਨ ਵਿੱਚ ਭੁਚਾਲ ਆ ਗਿਆ ਹੈ। ਉਹ ਸਥਾਨਕ ਅਖ਼ਬਾਰਾਂ ਦੀ ਹੈੱਡਲਾਈਨ ਬਣੀ ਹੋਈ ਹੈ। ਅਖ਼ਬਾਰਾਂ ਦੀ ਆਪਸੀ ਪ੍ਰਤਿਯੋਗਤਾ ਨੇ ਨੈਨਾ ਨੂੰ ਇੱਕ ਘਟੀਆ ਆਚਰਣ ਵਾਲੀ ਅਪਰਾਧੀ ਲੜਕੀ ਬਣਾ ਕੇ ਪੇਸ਼ ਕੀਤਾ ਹੈ। ਵਿਵੇਕ ਅਗਰਵਾਲ ਨਾਲ਼ ਉਹਦੇ ਸੰਬੰਧਾਂ ਬਾਰੇ ਤਰ੍ਹਾਂ-ਤਰ੍ਹਾਂ ਦੇ ਰੋਮਾਂਟਿਕ ਕਿੱਸੇ ਛਾਪੇ ਜਾ ਰਹੇ ਹਨ। ਇੱਕ ਅਖਬਾਰ ਵਾਲ਼ੇ ਨੇ ਤਾਂ ਦੋਹਾਂ ਨੂੰ ਹੋਟਲ ਗੇਲਾਰਡ-ਇਨ ਤੋਂ ਨਿਕਲਦੇ ਹੋਇਆਂ ਦੀ ਤਸਵੀਰ ਵੀ ਆਪਣੀ ਹੈੱਡਲਾਈਨ ਦੇ ਨਾਲ਼ ਛਾਪੀ ਸੀ। ਦੂਜਾ ਅਖ਼ਬਾਰ ਉਸਤੋਂ ਵੀ ਦੋ ਕਦਮ ਅੱਗੇ ਨਿਕਲ ਗਿਆ। ਉਹਨੇ ਤਾਂ ਨੈਨਾ ਦੇ ਲਾਈਫ਼ ਸਟਾਈਲ ਨੂੰ ਲੈ ਕੇ ਸੁਆਲ ਚੁੱਕ ਦਿੱਤਾ ਸੀ। ਅਖ਼ਬਾਰ ਦਾ ਕਹਿਣਾ ਸੀ ਕਿ ਵਿੱਠਲ ਨਗਰ ਦੇ ਜਿਸ ਮਹਿੰਗੇ ਫ਼ਲੈਟ ਵਿੱਚ ਉਹ ਰਹਿੰਦੀ ਹੈ, ਵਿਵੇਕ ਨੇ ਹੀ ਉਹਨੂੰ ਦਿੱਤਾ ਸੀ। ਜਿਸ ਕਾਰ ਰਾਹੀਂ ਉਹ ਆਉਂਦੀ-ਜਾਂਦੀ ਹੈ, ਵਿਵੇਕ ਅਗਰਵਾਲ ਦੀ ਹੈ। ਮਾਮੂਲੀ ਜਿਹੀ ਸੇਲਜ਼ ਗਰਲ ਤੋਂ ਸੀਨੀਅਰ ਮਾਰਕਿਟਿੰਗ ਮੈਨੇਜਰ ਬਣਨ ਦੇ ਚਟਪਟੇ ਕਿੱਸੇ ਰੋਜ਼ ਛਪ ਰਹੇ ਸਨ। ਉਹਦੀ ਥਾਂ ਕੋਈ ਹੋਰ ਕੁੜੀ ਹੁੰਦੀ ਤਾਂ ਡਿਪਰੈਸ਼ਨ ਵਿੱਚ ਚਲੀ ਗਈ ਹੁੰਦੀ। ਪਰ ਨੈਨਾ ਬਹੁਤ ਮਜ਼ਬੂਤ ਹੈ। ਮਧੂ ਚੰਦਰਾ ਉਹਦੀ ਇਸੇ ਗੱਲ ਤੋਂ ਤਾਂ ਪ੍ਰਭਾਵਿਤ ਸੀ। ਸ਼ੁਰੂ ਵਿੱਚ ਵਿਵੇਕ ਅਗਰਵਾਲ ਨੂੰ ਮਿਲਣ-ਗਿਲਣ ਵਾਲਿਆਂ ਦੇ ਬਾਰੇ ਹੀ ਉਸਤੋਂ ਜਾਣਕਾਰੀ ਲੈਂਦੀ ਰਹੀ ਸੀ। ਫਿਰ ਉਸਨੇ ਨੈਨਾ ਅਤੇ ਵਿਵੇਕ ਦੇ ਸੰਬੰਧਾਂ ਨੂੰ ਵੀ ਟਟੋਲਣਾ ਸ਼ੁਰੂ ਕਰ ਦਿੱਤਾ। ਨੈਨਾ ਦੇ ਬੁੱਲ੍ਹਾਂ ਤੇ ਹਲਕੀ ਮੁਸਕਾਨ ਫ਼ੈਲ ਗਈ, “ਮੈਡਮ…ਪਲੀਜ਼…। ਮਿਸਟਰ ਵਿਵੇਕ ਅਗਰਵਾਲ ਸਿਰਫ਼ ਮੇਰੇ ਬੌਸ ਹਨ। ਸਾਡੇ ਦੋਹਾਂ ਦੇ ਰਿਲੇਸ਼ਨ ਬਿਲਕੁਲ ਫ਼ਾਰਮਲ ਹਨ। ਅਗਰਵਾਲ ਸਾਹਿਬ ਦੀ ਨਿੱਜੀ ਜ਼ਿੰਦਗੀ ਨਾਲ਼ ਮੇਰਾ ਕਦੇ ਕੋਈ ਲੈਣਾ-ਦੇਣਾ ਨਹੀਂ ਰਿਹਾ। ਉਨ੍ਹਾਂ ਕੋਲ਼ ਕੌਣ ਆਉਂਦਾ-ਜਾਂਦਾ ਸੀ, ਉਹ ਕਿਸਨੂੰ ਮਿਲਦੇ- ਗਿਲਦੇ ਸਨ- ਇਹ ਦੋ ਹੀ ਜਣੇ ਦੱਸ ਸਕਦੇ ਹਨ- ਇੱਕ ਉਨ੍ਹਾਂ ਦੀ ਪਤਨੀ ਅਤੇ ਦੂਜੀ ਸੈਕਟਰੀ ਅਨੀਤਾ ਦੇਸ਼ਮੁਖ…।” 

ਸਬ ਇਨਸਪੈਕਟਰ ਮਧੂ ਨੇ ਬੜੀ ਗੰਭੀਰਤਾ ਨਾਲ਼ ਕਿਹਾ, “ਸੌਰੀ ਨੈਨਾ, ਮੇਰੀ ਮਜਬੂਰੀ ਹੈ। ਮੰਜੁਲਾ ਅਗਰਵਾਲ ਨੇ ਆਪਣੀ ਐਫ਼ਆਈਆਰ ਵਿੱਚ ਤੇਰੇ ਤੇ ਸ਼ੱਕ ਪ੍ਰਗਟ ਕੀਤਾ ਹੈ। ਇਸ ਕਰਕੇ ਅਸੀਂ ਘਟਨਾ ਦੀ ਤਹਿ ਵਿੱਚ ਜਾਣ ਲਈ ਪੁੱਛਗਿੱਛ ਤਾਂ ਕਰਾਂਗੇ ਹੀ।”

ਮੰਜੁਲਾ ਅਗਰਵਾਲ ਹੀ ‘ਮੰਜੁਲਾ ਇਲੈਕਟ੍ਰਾਨਿਕਸ’ ਦੀ ਮਾਲਕਣ ਸੀ, ਜਿਸ ਵਿੱਚ ਨੈਨਾ ਨੌਕਰੀ ਕਰ ਰਹੀ ਸੀ। ਇਹ ਕੰਪਨੀ ਬਹੁਮੰਜ਼ਿਲੀ ਇਮਾਰਤਾਂ ਵਿੱਚ ਸੈਂਟਰਲ ਏਅਰਕੰਡੀਸ਼ੰਡ ਪਲਾਂਟ ਲਾਉਣ ਤੋਂ ਇਲਾਵਾ ਉਹਦੀ ਸਾਲਾਨਾ ਮੁਰੰਮਤ ਦਾ ਠੇਕਾ ਲੈਂਦੀ ਸੀ। ਕੰਪਨੀ ਦਾ ਵਧੀਆ ਟਰਨਓਵਰ ਸੀ। ਪਰ ਕੋਰੋਨਾ ਮਹਾਮਾਰੀ ਵਿੱਚ ਕੰਪਨੀ ਦੀ ਐਸੀ ਦੀ ਤੈਸੀ ਹੋ ਗਈ ਸੀ। ਨਵੇਂ ਆਰਡਰ ਮਿਲ ਨਹੀਂ ਸਨ ਰਹੇ। ਪੁਰਾਣੇ ਆਰਡਰ ਅਧੂਰੇ ਪਏ ਸਨ ਅਤੇ ਪੇਮੈੰਟ ਫਸੀ ਹੋਈ ਸੀ। ਬੈਂਕ ਦਾ ਕਰਜ਼ਾ ਆਪਣੀ ਸੀਮਾ ਪਾਰ ਕਰ ਚੁੱਕਾ ਸੀ। ਕਰਮਚਾਰੀਆਂ ਦੀ ਸੈਲਰੀ ਦੇਣੀ ਮੁਸ਼ਕਿਲ ਹੋ ਗਈ ਸੀ।

ਮੰਜੁਲਾ ਨੂੰ ਇਹ ਕੰਪਨੀ ਪਿਤਾ ਤੋਂ ਵਿਰਾਸਤ ਵਿੱਚ ਮਿਲੀ ਸੀ। ਦੂਜੇ ਸ਼ਬਦਾਂ ਵਿੱਚ ਕਿਹਾ ਜਾਏ ਤਾਂ ਜ਼ਿਆਦਾ ਸਹੀ ਹੋਵੇਗਾ ਕਿ ਵਿਵੇਕ ਅਗਰਵਾਲ ਨੂੰ ਮੰਜੁਲਾ ਵਰਗੀ ਸਧਾਰਨ ਨੈਣ-ਨਕਸ਼ ਵਾਲ਼ੀ ਨੱਕਚੜੀ ਔਰਤ ਨਾਲ਼ ਸ਼ਾਦੀ ਕਰਨ ਦੇ ਬਦਲੇ ਇਹ ਕੰਪਨੀ ਦ‍ਾਜ ਵਿੱਚ ਮਿਲੀ ਸੀ, ਜੀਹਦਾ ਮਾਲਕਾਨਾ ਹੱਕ ਮੰਜੁਲਾ ਕੋਲ ਸੀ। ਵਿਵੇਕ ਕੁਆਲੀਫਾਈਡ ਇੰਜੀਨੀਅਰ ਸੀ ਅਤੇ ਕੰਪਨੀ ਦਾ ਤਕਨੀਕੀ ਪਹਿਲੂ ਵੇਖਦਾ ਸੀ। ਉਹ ਜਨਰਲ ਮੈਨੇਜਰ ਸੀ। ਡਾਇਰੈਕਟਰ ਤਾਂ ਮੰਜੁਲਾ ਅਗਰਵਾਲ ਹੀ ਸੀ। ਮੰਜੁਲਾ ਮੈਡਮ ਦੇ ਪਿਤਾ ਦੇ ਜ਼ਮਾਨੇ ਵਿੱਚ ਕੰਪਨੀ ਦਾ ਘੇਰਾ ਬਹੁਤ ਛੋਟਾ ਸੀ, ਵਿਵੇਕ ਸਰ ਦੀ ਸੂਝਬੂਝ ਅਤੇ ਕੁਸ਼ਲਤਾ ਨੇ ਹੀ ਕੰਪਨੀ ਨੂੰ ਇੰਨਾ ਵਿਸਥਾਰ ਦਿੱਤਾ ਸੀ।

ਨੈਨਾ, ਪੰਜ ਸਾਲ ਪਹਿਲਾਂ ਅਸਿਸਟੈਂਟ ਮੈਨੇਜਰ (ਮਾਰਕਿਟਿੰਗ) ਦੀ ਜੌਬ ਲਈ ਸਿਲੈਕਟ ਹੋਈ ਸੀ। ਉਦੋਂ ਉਹ ਐਮਬੀਏ ਕਰਕੇ ਨਿਕਲੀ ਹੀ ਸੀ। ਉਹਦੀ ਸਿਲੈਕਸ਼ਨ ਖੁਦ ਮੰਜੁਲਾ ਅਗਰਵਾਲ ਨੇ ਕੀਤੀ ਸੀ। ਮੰਜੁਲਾ ਇਲੈਕਟ੍ਰਾਨਿਕਸ ਲਿਮਿਟਿਡ ਵਿੱਚ ਨੌਕਰੀ ਕਰਨ ਦਾ ਇੱਕੋ ਹੀ ਕਾਰਨ ਸੀ ਕਿ ਕੰਪਨੀ ਉਹਦੇ ਪੈਤ੍ਰਿਕ ਸ਼ਹਿਰ ਵਿੱਚ ਸੀ। ਇਸ ਨੌਕਰੀ ਦਾ ਮਤਲਬ ਸੀ ਕਿ ਮੰਮੀ-ਪਾਪਾ ਦਾ ਸਾਥ ਬਣਿਆ ਰਹੇਗਾ। ਉਂਜ ਵੀ ਉਹ ਬੁੱਢੇ ਹੋ ਗਏ ਸਨ ਅਤੇ ਉਨ੍ਹਾਂ ਨੂੰ ਨੈਨਾ ਦੀ ਲੋੜ ਸੀ। ਘਰ ਵਿੱਚ ਪੈਸੇ ਦੀ ਕੋਈ ਕਮੀ ਨਹੀਂ ਸੀ। ਪਾਪਾ ਸਰਕਾਰੀ ਨੌਕਰੀ ਤੋਂ ਰਿਟਾਇਰ ਹੋਏ ਸਨ। ਸੇਵਾਮੁਕਤੀ ਸਮੇਂ ਉਹ ਆਪਣੇ ਵਿਭਾਗ ਵਿੱਚ ਨਿਰਦੇਸ਼ਕ ਸਨ। ਮੰਮੀ ਦੋ ਸਾਲ ਪਹਿਲਾਂ ਤੱਕ ਇੰਟਰ ਕਾਲਜ ਵਿੱਚ ਪ੍ਰਿੰਸੀਪਲ ਸੀ। ਜਿਸ ਫਲੈਟ ਨੂੰ ਅਖਬਾਰ ਵਾਲੇ ਵਿਵੇਕ ਅਗਰਵਾਲ ਦਾ ਦੱਸ ਰਹੇ ਸਨ, ਉਹ ਬਾਰਾਂ ਸਾਲ ਪਹਿਲਾਂ ਨੈਨਾ ਦੇ ਪਾਪਾ ਨੇ ਬੁੱਕ ਕਰਵਾਇਆ ਸੀ। ਬੁਕਿੰਗ ਤੋਂ ਚਾਰ ਸਾਲ ਪਿੱਛੋਂ ਬਣ ਕੇ ਤਿਆਰ ਹੋਇਆ ਅਤੇ ਉਨ੍ਹਾਂ ਨੂੰ ਕਬਜ਼ਾ ਮਿਲਿਆ ਸੀ। ਅੱਠ ਸਾਲਾਂ ਤੋਂ ਉਹ ਹੁਣ ਉੱਥੇ ਰਹਿ ਰਹੇ ਸਨ।

ਗੈਲਾਰਡ-ਇਨ ਦੀ ਜੋ ਫੋਟੋ ਅਖ਼ਬਾਰ ਵਾਲਿਆਂ ਨੇ ਛਾਪੀ ਸੀ ਉਹ ਇੱਕ ਮੀਟਿੰਗ ਤੋਂ ਵਾਪਸ ਮੁੜਨ ਦੀ ਤਸਵੀਰ ਸੀ। ਗੈਲਾਰਡ-ਇਨ ਦੀ ਨੌਂ-ਮੰਜ਼ਿਲੀ ਇਮਾਰਤ ਵਿੱਚ ਨਵਾਂ ਸੈਂਟਰਲ ਏਸੀ ਲੱਗਣਾ ਸੀ। ਉਹਦਾ ਕਾਨਟ੍ਰੈਕਟ ਮੰਜੁਲਾ ਇਲੈਕਟ੍ਰਾਨਿਕਸ ਨੂੰ ਮਿਲਿਆ ਸੀ, ਪੁਰਾਣੇ ਸੈਂਟਰਲ ਏਸੀ ਦੀ ਥਾਂ ਨਵਾਂ ਲੁਆਉਣਾ ਸੀ। ਬਿਨਾਂ ਤੋੜ-ਭੰਨ ਕੀਤੇ ਇਹ ਕਰਨਾ ਕੁਝ ਮੁਸ਼ਕਿਲ ਸੀ। ਉਸੇ ਸਮੇਂ ਵਿਵੇਕ ਅਗਰਵਾਲ ਅਤੇ ਨੈਨਾ ਨੂੰ ਕਈ ਵਾਰ ਗੈਲਾਰਡ-ਇਨ ਵਿੱਚ ਆਉਣਾ ਜਾਣਾ ਪਿਆ।

ਪਰ ਇਹ ਸਭ ਗੱਲਾਂ ਕੋਈ ਸੁਣਨ-ਸਮਝਣ ਵਾਲ਼ਾ ਨਹੀਂ ਸੀ। ਮਧੂ ਚੰਦਰਾ ਨੇ ਜ਼ਰੂਰ ਸਮਝ ਲਿਆ ਸੀ ਕਿ ਲੜਕੀ ਬੇਕਸੂਰ ਹੈ ਅਤੇ ਮੰਜੁਲਾ ਇਸਤੋਂ ਆਪਣੀ ਕੋਈ ਪੁਰਾਣੀ ਖੁੰਧਕ ਕੱਢ ਰਹੀ ਹੈ। 

ਮਧੂ ਨੇ ਪੁੱਛਿਆ ਵੀ ਸੀ, “ਮੰਜੁਲਾ ਕਿਹੋ ਜਿਹੀ ਔਰਤ ਹੈ? ਮੇਰਾ ਮਤਲਬ ਉਹਦੀ ਨੇਚਰ ਤੋਂ ਹੈ।”

“ਜਿਹੋ ਜਿਹੀਆਂ ਨੱਕਚੜੀਆਂ ਔਰਤਾਂ ਹੁੰਦੀਆਂ ਨੇ। ਉਹਨੂੰ ਆਪਣੇ ਪੈਸੇ ਦਾ ਘੁਮੰਡ ਹੈ ਤੇ ਉਹ ਵਿਖਾਵਾ-ਪਸੰਦ ਵੀ ਹੈ। ਕਦੋਂ ਕੀਹਨੂੰ ਸਿਰ ਤੇ ਚੜ੍ਹਾ ਲਵੇਗੀ ਅਤੇ ਕਦੋਂ ਉਹਨੂੰ ਸਭ ਦੇ ਸਾਹਮਣੇ ਜ਼ਲੀਲ ਕਰ ਦੇਵੇਗੀ … ਕੁਝ ਕਿਹਾ ਨਹੀਂ ਜਾ ਸਕਦਾ। ਵਿਵੇਕ ਅਗਰਵਾਲ ਵੀ ਉਸਤੋਂ ਘਬਰਾਉਂਦੇ ਹਨ। ਉਨ੍ਹਾਂ ਨੂੰ ਵੀ ਮੰਜੁਲਾ ਇਹ ਅਹਿਸਾਸ ਦਿਵਾਉਂਦੀ ਰਹਿੰਦੀ ਹੈ ਕਿ ਉਹ ਮਾਲਕ ਨਹੀਂ, ਨੌਕਰ ਹੈ। ਥੋੜ੍ਹੀ ਸ਼ੱਕੀ…। ਕੰਪਨੀ ਵਿੱਚ ਕੰਮ ਕਰਨ ਵਾਲ਼ੀ ਹਰ ਸੋਹਣੀ ਔਰਤ ਤੇ ਉਹਨੂੰ ਸ਼ੱਕ ਹੈ ਕਿ ਕਿਤੇ ਉਹਦੇ ਪਤੀ ਨਾਲ਼ ਉਹਦਾ ਚੱਕਰ-ਚੁੱਕਰ ਤਾਂ ਨਹੀਂ ਹੈ। ਸਿਰਫ਼ ਅਨੀਤਾ ਦੇਸ਼ਮੁਖ ਉਹਦੇ ਇਸ ਸ਼ੱਕ ਦੇ ਘੇਰੇ ਤੋਂ ਬਾਹਰ ਹੈ। ਪਹਿਲੀ ਗੱਲ ਤਾਂ ਦੇਸ਼ਮੁਖ ਮੈਡਮ ਉਨ੍ਹਾਂ ਦੇ ਪਿਤਾ ਦੇ ਜ਼ਮਾਨੇ ਤੋਂ ਕੰਮ ਕਰ ਰਹੀ ਹੈ ਅਤੇ ਦੂਜੀ ਸਭ ਤੋਂ ਵੱਡੀ ਗੱਲ ਕਿ ਉਹ ਪਚਵੰਜਾ ਤੋਂ ਵੀ ਵੱਧ ਉਮਰ ਦੀ ਹੈ।”
ਮਧੂ ਚੰਦਰਾ ਨੇ ਇੱਕ ਡੂੰਘਾ ਸਾਹ ਲੈਂਦਿਆਂ ਸਿਰ ਹਿਲਾਇਆ, ਜਿਵੇਂ ਗੱਲ ਸਮਝਣ ਦੀ ਕੋਸ਼ਿਸ਼ ਕਰ ਰਹੀ ਹੋਵੇ! ਫਿਰ ਕੁਝ ਸੋਚ ਕੇ ਬੋਲੀ, “ਮੈਡਮ ਜੀ, ਇੱਕ ਗੱਲ ਮੈਨੂੰ ਸਮਝਾਓ। ਤੁਹਾਡੀ ਉਮਰ ਤੀਹ ਦੇ ਆਸਪਾਸ ਹੋਵੇਗੀ। ਕੰਪਨੀ ਬਹੁਤ ਵੱਡੀ ਨਹੀਂ ਤਾਂ ਛੋਟੀ ਵੀ ਨਹੀਂ ਹੈ। ਤੁਸੀਂ ਇੰਨੀ ਘੱਟ ਉਮਰ ਵਿੱਚ ਸੀਨੀਅਰ ਸੇਲਜ਼ ਮੈਨੇਜਰ ਕਿਵੇਂ ਬਣ ਗਏ…?”

ਨੈਨਾ ਨੇ ਮਧੂ ਚੰਦਰਾ ਦੀਆਂ ਅੱਖਾਂ ਵਿੱਚ ਵੇਖਿਆ। ਮਧੂ ਨੂੰ ਲੱਗਿਆ ਕਿ ਨੈਨਾ ਕੋਲ਼ ਇਹਦਾ ਕੋਈ ਜਵਾਬ ਨਹੀਂ ਹੋਵੇਗਾ। ਨੈਨਾ ਨੇ ਗਲਾ ਸਾਫ਼ ਕਰਦਿਆਂ ਦੱਸਣਾ ਸ਼ੁਰੂ ਕੀਤਾ, “ਇਹ ਬੜੀ ਸਧਾਰਨ ਜਿਹੀ ਗੱਲ ਹੈ। ਮੈਂ ਜਦੋਂ ਇਸ ਕੰਪਨੀ ਵਿੱਚ ਅਸਿਸਟੈੰਟ ਸੇਲਜ਼ ਮੈਨੇਜਰ ਜਾਇਨ ਕੀਤਾ ਸੀ, ਅਸੀਂ ਦੋ ਕੁੜੀਆਂ ਸਾਂ। ਦੂਜੀ ਸਾਊਥ ਇੰਡੀਅਨ ਸੀ। ਇੱਕ ਸਾਲ ਪਿੱਛੋਂ ਉਹ ਗਲਫ਼ ਚਲੀ ਗਈ। ਸੀਨੀਅਰ ਸੇਲਜ਼ ਮੈਨੇਜਰ ਸਨ ਸੁਭਾਸ਼ ਤਿਆਗੀ। ਉਹ ਕੋਰੋਨਾ ਦੀ ਲਪੇਟ ‘ਚ ਆ ਗਏ। ਪਹਿਲੀ ਲਹਿਰ ਵਿੱਚ ਹੀ ਉਨ੍ਹਾਂ ਦਾ ਦਿਹਾਂਤ ਹੋ ਗਿਆ। ਮਹਾਮਾਰੀ ਵਿੱਚ ਸਾਡੀ ਕੰਪਨੀ ਵੀ ਬੁਰੀ ਤਰ੍ਹਾਂ ਪ੍ਰਭਾਵਿਤ ਹੋਈ। ਦੋ ਸਾਲ ਦਾ ਟਾਰਗੈੱਟ ਜ਼ੀਰੋ ਸਮਝੋ … ਅਜਿਹੀ ਹਾਲਤ ਵਿੱਚ ਕੰਪਨੀ ਨੂੰ ਲੱਗਿਆ ਕਿ ਕਿਸੇ ਨਵੇਂ ਆਦਮੀ ਨੂੰ ਮੋਟੇ ਪੈਕੇਜ ਤੇ ਹਾਇਰ ਕਰਨ ਨਾਲੋਂ ਚੰਗਾ ਹੈ ਕਿ ਮੈਨੂੰ ਹੀ ਇਹ ਅਹੁਦਾ ਦੇ ਦਿੱਤਾ ਜਾਵੇ। ਸਥਿਤੀਆਂ ਬਦਲਣਗੀਆਂ ਤਾਂ ਹੋ ਸਕਦਾ ਹੈ ਕੁਝ ਫੇਰ-ਬਦਲ ਹੋ ਜਾਏ। ਸੇਲਜ਼ ਵਿੱਚ ਤਿੰਨ ਜਣੇ ਹੋਰ ਹਨ। ਭੱਜ-ਦੌੜ ਵਾਲ਼ਾ ਕੰਮ ਉਹੀ ਵੇਖਦੇ ਹਨ। ਅਤੇ ਤਿੰਨਾਂ ਦਾ ਅਹੁਦਾ ਸੇਲਜ਼ ਮੈਨੇਜਰ ਦਾ ਹੀ ਹੈ। ਜਿਨ੍ਹਾਂ ਨੂੰ ਵਧੀਆ ਮੌਕਾ ਮਿਲੇਗਾ, ਖਿਸਕ ਜਾਵੇਗਾ। ਆਪਣੀ ਮਜਬੂਰੀ ਤਾਂ ਮੈਂ ਤੁਹਾਨੂੰ ਦੱਸ ਚੁੱਕੀ ਹਾਂ। ਇਹ ਕਿਹੜਾ ਸਰਕਾਰੀ ਨੌਕਰੀ ਹੈ ਕਿ ਅਹੁਦਾ ਵਧਣ ਨਾਲ਼ ਸੈਲਰੀ ਵੀ ਵਧ ਜਾਣੀ ਹੈ। ਜਿਵੇਂ ਤੁਹਾਡੇ ਮੋਢੇ ਤੇ ਸਟਾਰ ਵਧੇਗਾ ਤਾਂ ਅਹੁਦੇ ਨਾਲ਼ ਰੁਤਬਾ ਅਤੇ ਪੈਸਾ ਵੀ ਵਧੇਗਾ ਹੀ…। ਉਂਜ ਵੀ ਸੇਲਜ਼ ਵਿੱਚ ਟਰਨਓਵਰ ਨਾਲ਼ ਇੰਸੈਂਟਿਵ ਵਧਣਾ ਹੈ, ਉਹੀ ਸਾਡੀ ਅਰਨਿੰਗ ਹੈ…।” ਮਧੂ ਚੰਦਰਾ ਨੇ ਮੁਸਕਰਾਉਂਦੇ ਹੋਏ ਸਹਿਮਤੀ ਵਿੱਚ ਸਿਰ ਹਿਲਾਇਆ, “ਮੈਡਮ ਜੀ, ਤੁਹਾਡੀਆਂ ਗੱਲਾਂ ਵਿੱਚ ਦਮ ਤਾਂ ਹੈ। ਠੀਕ ਕਹਿ ਰਹੇ ਹੋ…। ਤੁਹਾਡੇ ਕੋਲ਼ ਤਾਂ ਹਰ ਗੱਲ ਦਾ ਜਵਾਬ ਹੈ।”

“ਸੇਲਜ਼ ਦੀ ਬੰਦੀ ਹਾਂ ਮੈਡਮ…ਮੇਰਾ ਤਾਂ ਇਹੋ ਪ੍ਰੋਫੈਸ਼ਨ ਹੈ। ਆਪਣੇ ਕਲਾਇੰਟ ਦੀਆਂ ਸਾਰੀਆਂ ਸ਼ੰਕਾਵਾਂ ਦਾ ਹੱਲ ਕਰਨਾ…।” ਸਾਰੇ ਤਣਾਵਾਂ ਦੇ ਬਾਵਜੂਦ ਵੀ ਨੈਨਾ ਹੱਸਣ ਲੱਗੀ।

ਮਧੂ ਚੰਦਰਾ ਨੇ ਆਪਣੀ ਟੋਪੀ ਸਿਰ ਤੇ ਰੱਖਦਿਆਂ ਕਿਹਾ, “ਓਕੇ…ਠੀਕ ਹੈ, ਨੈਨਾ ਜੀ, ਹੁਣ ਤੁਸੀਂ ਜਾਓ। ਕੋਈ ਖਾਸ ਗੱਲ ਹੋਈ ਤਾਂ ਬੁਲਾਵਾਂਗੀ। ਉਂਜ ਮੇਰੀ ਕਾਲ ਜ਼ਰੂਰ ਰਿਸੀਵ ਕਰ ਲੈਣਾ।” 

ਨੈਨਾ ਨੇ ਧੰਨਵਾਦ ਕਰਦਿਆਂ ਆਪਣਾ ਬੈਗ ਚੁੱਕਿਆ ਅਤੇ ਬਾਹਰ ਆ ਗਈ। ਅੱਜ ਸਬ ਇਨਸਪੈਕਟਰ ਮਧੂ ਚੰਦਰਾ ਚੰਗੇ ਮੂਡ ਵਿੱਚ ਸੀ। ਉਹਦਾ ਵਿਹਾਰ ਕਾਫ਼ੀ ਦੋਸਤਾਨਾ ਸੀ। ਨੈਨਾ ਨੇ ਆਪਣੀ ਕਾਰ ਦਾ ਦਰਵਾਜ਼ਾ ਖੋਲ੍ਹਣ ਤੋਂ ਪਹਿਲਾਂ ਸਮਾਂ ਵੇਖਿਆ। ਅਜੇ ਤਿੰਨ ਵੱਜ ਰਹੇ ਸਨ। ਆਫ਼ਿਸ ਦਾ ਇੱਕ ਰਾਊਂਡ ਲਾਇਆ ਜਾ ਸਕਦਾ ਸੀ। ਪਾਪਾ ਤਾਂ ਮਨਾ ਕਰ ਰਹੇ ਸਨ, “ਛੱਡ ਪਰੇ ਏਸ ਕੰਪਨੀ ਨੂੰ … ਜਿੱਥੋਂ ਦੀ ਮਾਲਕਣ ਹੀ ਤੇਰੀ ਦੁਸ਼ਮਣ ਹੈ, ਉੱਥੇ ਜੌਬ ਕਰਨੀ ਠੀਕ ਨਹੀਂ ਹੈ। ਇਸਤੋਂ ਪਹਿਲਾਂ ਕਿ ਕੋਈ ਅਣਹੋਣੀ ਹੋਵੇ, ਇਸ ਕੰਪਨੀ ਨੂੰ ਛੱਡਣਾ ਹੀ ਚੰਗਾ ਹੈ।”

ਨੈਨਾ ਦੇ ਬਾਰੇ ਅਖ਼ਬਾਰਾਂ ਵਿੱਚ ਜੋ ਕੁਝ ਵੀ ਛਪ ਰਿਹਾ ਹੈ, ਪਾਪਾ ਉਸਤੋਂ ਬਿਲਕੁਲ ਵੀ ਪ੍ਰੇਸ਼ਾਨ ਨਹੀਂ ਹਨ। ਉਨ੍ਹਾਂ ਨੂੰ ਪਤਾ ਹੈ ਕਿ ਲੋਕਾਂ ਦੀ ਯਾਦਾਸ਼ਤ ਬਹੁਤ ਕਮਜ਼ੋਰ ਹੁੰਦੀ ਹੈ। ਅੱਜ ਨਹੀਂ ਤਾਂ ਕੱਲ੍ਹ ਸਚਾਈ ਸਾਹਮਣੇ ਆ ਹੀ ਜਾਵੇਗੀ। ਫਿਰ ਹਾਲਾਤ ਆਪਣੇ-ਆਪ ਬਦਲ ਜਾਣਗੇ। ਪਰ ਮੰਜੁਲਾ ਅਗਰਵਾਲ ਦਾ ਵਿਹਾਰ ਬਹੁਤ ਅੱਖਰਨ ਵਾਲ਼ਾ ਸੀ। ਜਿੱਥੋਂ ਤੱਕ ਨੈਨਾ ਸੋਚ ਸਕਦੀ ਸੀ, ਉਹਨੂੰ ਲੱਗਦਾ ਸੀ ਕਿ ਮੰਜੁਲਾ ਨੂੰ ਉਹਦੀ ਸ਼ਖਸੀਅਤ ਨਾਲ਼ ਹੀ ਈਰਖਾ ਸੀ। ਅਤੇ ਅੱਜ ਜਦੋਂ ਉਹਨੂੰ ਮੌਕਾ ਮਿਲਿਆ ਹੈ ਤਾਂ ਸਾਰੀਆਂ ਪੀੜਾਂ ਪਿਘਲ ਕੇ ਇਲਜ਼ਾਮਾਂ ਦੇ ਰੂਪ ਵਿੱਚ ਨੈਨਾ ਦੀ ਸ਼ਖਸੀਅਤ ਤੇ ਚਿਪਕ ਗਈਆਂ ਹਨ।

ਨੈਨਾ ਚੱਕਰਵਰਤੀ ਖੁਦ ਨਹੀਂ ਸਮਝ ਸਕੀ ਸੀ ਕਿ ਆਖ਼ਰ ਵਿਵੇਕ ਸਰ ਕਿੱਥੇ ਅੰਤਰ-ਧਿਆਨ ਹੋ ਗਏ? ਜਿੱਥੋਂ ਤੱਕ ਉਹ ਉਨ੍ਹਾਂ ਨੂੰ ਜਾਣਦੀ ਸੀ, ਉਹ ਜੀਨੀਅਸ ਸਨ। ਇਲੈਕਟ੍ਰਾਨਿਕ ਇੰਜੀਨੀਅਰਿੰਗ ਵਿੱਚ ਮਾਸਟਰਜ਼ ਡਿਗਰੀ ਸੀ ਉਨ੍ਹਾਂ ਕੋਲ਼ …। ਕੰਮ ਦਾ ਵੀ ਲੰਮਾ ਤਜਰਬਾ ਸੀ। ਸੱਚ ਤਾਂ ਇਹ ਸੀ ਕਿ ਮੰਜੁਲਾ ਮੈਡਮ ਨੇ ਕਦੇ ਉਨ੍ਹਾਂ ਨੂੰ ਖੁੱਲ੍ਹ ਕੇ ਕੁਝ ਕਰਨ ਹੀ ਨਹੀਂ ਦਿੱਤਾ ਸੀ। ਉਨ੍ਹਾਂ ਨੂੰ ਇੱਕ ਲਛਮਣ ਰੇਖਾ ਵਿੱਚ ਬੰਨ੍ਹ ਦਿੱਤਾ ਸੀ। ਉਸਤੋਂ ਬਾਹਰ ਉਨ੍ਹਾਂ ਨੂੰ ਪੈਰ ਹੀ ਨਹੀਂ ਰੱਖਣ ਦਿੱਤਾ ਸੀ। ਦੋ ਜਵਾਨ ਹੋ ਰਹੇ ਬੱਚਿਆਂ ਦੇ ਪਿਤਾ ਸਨ। ਇਸਦੇ ਬਾਵਜੂਦ ਮੈਡਮ ਨੂੰ ਉਨ੍ਹਾਂ ਤੇ ਜ਼ਰਾ ਵੀ ਭਰੋਸਾ ਨਹੀਂ ਸੀ। ਉਨ੍ਹਾਂ ਨੂੰ ਹਮੇਸ਼ਾ ਇਹ ਡਰ ਲੱਗਿਆ ਰਹਿੰਦਾ ਸੀ ਕਿ ਉਹ ਜ਼ਰਾ ਵੀ ਢਿੱਲੀ ਪਈ ਤਾਂ ਇਹ ਆਦਮੀ ਉਸਦੀ ਪਹੁੰਚ ਤੋਂ ਦੂਰ ਹੋ ਜਾਏਗਾ। ਨੈਨਾ ਚੱਕਰਵਰਤੀ ਨੂੰ ਲੱਗਦਾ ਕਿ ਮੰਜੁਲਾ ਮੈਡਮ ਨੇ ਆਪਣੇ ਦੁਆਲੇ ਕਾਲਪਨਿਕ ਕੰਧ ਖੜ੍ਹੀ ਕਰ ਲਈ ਹੈ ਅਤੇ ਉਹ ਉਸ ਕੰਧ ਨੂੰ ਤੋੜ ਕੇ ਨਿਕਲਣਾ ਨਹੀਂ ਚਾਹੁੰਦੀ। ਉਨ੍ਹਾਂ ਨੂੰ ਕਿਸੇ ਮਨੋਚਿਕਿਤਸਕ ਦੀ ਲੋੜ ਸੀ।

ਆਫ਼ਿਸ ਆ ਗਿਆ ਸੀ। ਕਾਰ ਤੋਂ ਉਤਰਦਿਆਂ ਹੀ ਨੈਨਾ ਨੂੰ ਇਹ ਅਹਿਸਾਸ ਹੋਣ ਲੱਗਿਆ ਕਿ ਲੋਕ ਉਹਨੂੰ ਘੂਰ ਰਹੇ ਹਨ। ਸਾਰੀਆਂ ਨਜ਼ਰਾਂ ਉਹਨੂੰ ਵਿੰਨ੍ਹਦੀਆਂ ਹੋਈਆਂ ਲੱਗ ਰਹੀਆਂ ਸਨ। ਪਹਿਲੀ ਵਾਰ ਉਹਦਾ ਸਵੈ-ਵਿਸ਼ਵਾਸ ਡਗਮਗਾਇਆ ਸੀ। ਉਹਨੇ ਮੋਢੇ ਨੂੰ ਝਟਕਿਆ ਅਤੇ ਖੁਦ ਨੂੰ ਸਹਿਜ ਬਣਾਉਣ ਦੀ ਕੋਸ਼ਿਸ਼ ਕਰਦਿਆਂ ਆਪਣੇ ਕੈਬਿਨ ਵੱਲ ਵਧੀ। ਵਰਕਸ਼ਾਪ ਤੋਂ ਪ੍ਰੈੱਸ ਮਸ਼ੀਨ ਦੇ ਚੱਲਣ ਦੀ ਆਵਾਜ਼ ਆ ਰਹੀ ਸੀ। ਪਾਰਕਿੰਗ ਤੋਂ ਉਹਦਾ ਕੈਬਿਨ ਸਿਰਫ਼ ਪੱਚੀ-ਤੀਹ ਕਦਮਾਂ ਦੀ ਦੂਰੀ ਤੇ ਹੋਵੇਗਾ। ਪਰ ਉਨੀ ਹੀ ਦੂਰੀ ਤੈਅ ਕਰਨੀ ਉਹਨੂੰ ਭਾਰੀ ਲੱਗ ਰਹੀ ਸੀ। ਕੈਬਿਨ ਵਿੱਚ ਪਹੁੰਚਦੇ ਹੀ ਕੁਰਸੀ ਤੇ ਧੜੰਮ ਕਰਕੇ ਬਹਿ ਗਈ, “ਉਫ਼, ਕਿੰਨਾ ਮੁਸ਼ਕਿਲ ਹੋ ਜਾਂਦਾ ਹੈ, ਝੂਠੇ ਇਲਜ਼ਾਮਾਂ ਦਾ ਭਾਰ ਢੋਣਾ…। ਸ਼ਾਇਦ ਪਾਪਾ ਠੀਕ ਕਹਿ ਰਹੇ ਸਨ ਕਿ ਉਹਨੂੰ ਇਹ ਜੌਬ ਛੱਡ ਦੇਣੀ ਚਾਹੀਦੀ ਹੈ। ਪਰ ਅਜਿਹਾ ਕਰਕੇ ਵੀ ਕੀ ਉਹ ਖਲਨਾਇਕਾ ਦੇ ਠੱਪੇ ਤੋਂ ਮੁਕਤੀ ਪਾ ਸਕੇਗੀ…? ਨਹੀਂ ਨਾ…! ਇਸ ਠੱਪੇ ਤੋਂ ਮੁਕਤੀ ਹੀ ਉਹਦਾ ਮੋਕਸ਼ ਹੈ। ਅਤੇ ਉਸ ਮੋਕਸ਼ ਨੂੰ ਪਾਉਣ ਲਈ ਅਜੇ ਉਹਨੇ ਉਡੀਕ ਕਰਨੀ ਹੈ! ‘ਵਿਕਟਰੀ ਆਫ਼ ਟਰੁੱਥ’ (ਸੱਚ ਦੀ ਜਿੱਤ) ਤਾਂ ਇੱਕ ਦਿਨ ਹੋਣੀ ਹੀ ਹੈ! ਉਹਨੇ ਵਿਵੇਕ ਅਗਰਵਾਲ ਦੇ ‘ਪ੍ਰਗਟ’ ਹੋਣ ਤੱਕ ਉਡੀਕ ਕਰਨੀ ਹੈ! ਤੇ ਜੇ ਅਜਿਹਾ ਨਾ ਹੋਇਆ ਤਾਂ…?”

ਨਹੀਂ…! ਨੈਨਾ ਕਿਸੇ ਵੀ ਤਰ੍ਹਾਂ ਦੇ ਨਾਕਾਰਤਮਕ ਵਿਚਾਰ ਬਾਰੇ ਨਹੀਂ ਸੋਚਣਾ ਚਾਹੁੰਦੀ। ਅਜਿਹੇ ਵਿਚਾਰ ਸਿਰਫ਼ ਕਮਜ਼ੋਰ ਬਣਾਉਂਦੇ ਹਨ। ਥਾਣੇ ਵਿੱਚ ਮਧੂ ਦੇ ਸਾਹਮਣੇ ਤਾਂ ਮਜ਼ਬੂਤ ਸੀ। ਫਿਰ ਆਫ਼ਿਸ ਵਿੱਚ ਅਚਾਨਕ ਇੰਨੀ ਕਮਜ਼ੋਰ ਕਿਵੇਂ ਹੋ ਗਈ? ਸ਼ਾਇਦ ਜਾਣੇ-ਪਛਾਣੇ ਚਿਹਰਿਆਂ ਤੇ ਉਗ ਆਏ ਕੰਡਿਆਂ ਨੂੰ ਵੇਖ ਕੇ…। ਉਹਨੇ ਆਪਣੇ-ਆਪ ਨੂੰ ਬਿਜ਼ੀ ਕਰਨ ਦੀ ਕੋਸ਼ਿਸ਼ ਕੀਤੀ ਅਤੇ ਕੁਝ ਹੀ ਦੇਰ ਵਿੱਚ ਉਹ ਬਿਜ਼ੀ ਹੋ ਗਈ। ਉਹਨੇ ਆਪਣੇ ਅਧੀਨ ਕੰਮ ਕਰਨ ਵਾਲ਼ੇ ਤਿੰਨੇ ਅਸਿਸਟੈਂਟ ਸੇਲਜ਼ ਮੈਨੇਜਰਾਂ ਦੀ ਮੀਟਿੰਗ ਸੱਦੀ। ਇੱਕ ਆਊਟ ਆਫ਼ ਸਟੇਸ਼ਨ ਸੀ। ਬਾਕੀ ਦੋਹਾਂ ਨਾਲ਼ ਕਲਾਇੰਟਸ ਬਾਰੇ ਚਰਚਾ ਕੀਤੀ। ਉਨ੍ਹਾਂ ਨੂੰ ਭੁਗਤਾਨ ਲਈ ਦਬਾਅ ਪਾਉਣ ਦੀ ਗੱਲ ਕੀਤੀ ਅਤੇ ਕੁਝ ਗਾਹਕਾਂ ਤੋਂ ਸਿੱਧੇ ਭੁਗਤਾਨ ਲਈ ਕਿਹਾ…। ਦੋ ਗਾਹਕਾਂ ਨੂੰ ਕੁਝ ਇਤਰਾਜ਼ ਸੀ, ਉਨ੍ਹਾਂ ਤੋਂ ਕੱਲ੍ਹ ਦਾ ਸਮਾਂ ਲਿਆ। ਇਸ ਸਭ ਕਾਸੇ ਵਿੱਚ ਕਦੋਂ ਸੱਤ ਵੱਜ ਗਏ, ਪਤਾ ਹੀ ਨਾ ਲੱਗਾ। ਉਹਨੂੰ ਕੁਝ ਥਕਾਵਟ ਮਹਿਸੂਸ ਹੋ ਰਹੀ ਸੀ। ਸ਼ਾਇਦ ਅਚਾਨਕ ਵਾਪਰੇ ਘਟਨਾਕ੍ਰਮ ਕਰਕੇ। ਉਹਨੂੰ ਕੌਫ਼ੀ ਦੀ ਇੱਛਾ ਹੋ ਰਹੀ ਸੀ, ਪਰ ਆਪਣੀ ਇੱਛਾ ਨੂੰ ਦਬਾ ਕੇ ਉਹ ਕੈਬਿਨ ਤੋਂ ਬਾਹਰ ਨਿਕਲੀ।

ਅਗਲੇ ਦਿਨ ਉਹਨੇ ਸਭ ਤੋਂ ਪਹਿਲਾਂ ਮੋਬਾਈਲ ਤੇ ਸ਼ਹਿਰ ਦੇ ਸਾਰੇ ਅਖ਼ਬਾਰਾਂ ਵਿੱਚ ਵਿਵੇਕ ਅਗਰਵਾਲ ਸੰਬੰਧੀ ਖਬਰਾਂ ਨੂੰ ਪੜ੍ਹਨਾ ਸ਼ੁਰੂ ਕੀਤਾ। ਅੱਜ ਦੇ ਅਖ਼ਬਾਰ ਵਿੱਚ ਉਹਦੇ ਬਾਰੇ ਕੁਝ ਖਾਸ ਨਹੀਂ ਛਪਿਆ ਸੀ। ਐੱਸ ਆਈ ਮਧੂ ਤਿਆਗੀ ਦੀ ਫੋਟੋ ਨਾਲ਼ ਇੱਕ ਛੋਟੀ ਜਿਹੀ ਖਬਰ ਸੀ- “ਵਿਵੇਕ ਅਗਰਵਾਲ ਦਾ ਕੇਸ ਅਸੀਂ ਇੱਕ-ਦੋ ਦਿਨਾਂ ਵਿੱਚ ਸੁਲਝਾ ਲਵਾਂਗੇ। ਹੁਣ ਤੱਕ ਦੀ ਇਨਵੈਸਟੀਗੇਸ਼ਨ ਤੋਂ ਇਹੋ ਪਤਾ ਲੱਗਾ ਹੈ ਕਿ ਨਾ ਤਾਂ ਉਨ੍ਹਾਂ ਦਾ ਅਪਹਰਣ ਹੋਇਆ ਹੈ, ਨਾ ਹੀ ਕੋਈ ਪਿਆਰ-ਪਿਊਰ ਦਾ ਕਿੱਸਾ ਹੈ। ਸਗੋਂ ਮਾਮਲਾ ਕੁਝ ਹੋਰ ਹੈ। ਛੇਤੀ ਹੀ ਅਸੀਂ ਉਹਦੀ ਤਹਿ ਤੱਕ ਪਹੁੰਚ ਜਾਵਾਂਗੇ।”

ਨੈਨਾ ਨੇ ਚੈਨ ਦਾ ਸਾਹ ਲਿਆ। ਸ਼ੁਰੂਆਤ ਚੰਗੀ ਸੀ ਤਾਂ ਦਿਨ ਵੀ ਚੰਗਾ ਨਿਕਲਿਆ। ਦੋਹਾਂ ਗਾਹਕਾਂ ਨਾਲ਼ ਉਹਦਾ ਨਿੱਜੀ ਮਿਲਣਾ ਕਾਫ਼ੀ ਚੰਗਾ ਰਿਹਾ। ਉਨ੍ਹਾਂ ਨੂੰ ਸਮਝਾਉਣ ਵਿੱਚ ਸਫ਼ਲ ਰਹੀ। ਉਨ੍ਹਾਂ ਨੇ ਇੱਕ-ਦੋ ਦਿਨਾਂ ਵਿੱਚ ਭੁਗਤਾਨ ਦਾ  ਭਰੋਸਾ ਦਿੱਤਾ ਸੀ। ਲੱਖਾਂ ਰੁਪਏ ਦਾ ਮਾਮਲਾ ਸੀ। ਸਾਰਾ ਦਿਨ ਭੱਜ-ਦੌੜ ਵਿੱਚ ਹੀ ਲੰਘ ਗਿਆ। ਘਰ ਮੁੜਦਿਆਂ ਅਚਾਨਕ ਮੋਬਾਈਲ ਦੀ ਘੰਟੀ ਵੱਜੀ। ਸਕਰੀਨ ਤੇ ਐੱਸ ਆਈ ਮਧੂ ਤਿਆਗੀ ਦਾ ਨਾਂ ਆਉਣ ਲੱਗਾ। ‘ਹਾਏ, ਇਹ ਨਵੀਂ ਮੁਸੀਬਤ ਕਿੱਥੋਂ ਆ ਗਈ। ਹੁਣ ਕੋਈ ਨਵਾਂ ਮਾਮਲਾ ਹੋਵੇਗਾ। ਨਹੀਂ ਤਾਂ ਏਸ ਵੇਲ਼ੇ ਫੋਨ ਕਰਨ ਦਾ ਕੋਈ ਮਤਲਬ ਨਹੀਂ ਬਣਦਾ।’ ਨੈਨਾ ਕਾਰ ਨੂੰ ਸਾਈਡ ਤੇ ਲਾਉਣ ਲੱਗੀ। ਫੋਨ ਬੰਦ ਹੋ ਗਿਆ ਸੀ। ਨੈਨਾ ਨੇ ਬੈਕ ਕਾਲ ਕੀਤੀ। ਉਧਰੋਂ ਫੋਨ ਚੁੱਕਿਆ ਗਿਆ, “ਓ ਬਈ ਮੈਡਮ ਜੀ, ਕਿੱਥੇ ਹੋ…? ਅੱਜ ਤੁਸੀਂ ਆਫ਼ਿਸ ਵੀ ਨਹੀਂ ਗਏ। ਘਰੇ ਵੀ ਨਹੀਂ ਮਿਲੇ। ਅਤੇ ਵਾਅਦੇ ਮੁਤਾਬਕ ਫੋਨ ਵੀ ਨਹੀਂ ਚੁੱਕਿਆ।”

“ਸੌਰੀ ਇਨਸਪੈਕਟਰ, ਕਾਰ ਡਰਾਈਵ ਕਰ ਰਹੀ ਸਾਂ। ਗੱਡੀ ਪਾਰਕ ਕਰਕੇ ਕਾਲ ਬੈਕ ਕਰ ਰਹੀ ਹਾਂ। ਕੰਪਨੀ ਨੂੰ ਆਰਥਕ ਤੰਗੀ ਤੋਂ ਚੁੱਕਣ ਦੀ ਕੋਸ਼ਿਸ਼ ਕਰ ਰਹੀ ਹਾਂ। ਦੋ ਕਲਾਇੰਟਸ ਕੋਲ਼ ਮੋਟੀ ਰਕਮ ਫਸੀ ਹੋਈ ਹੈ। ਉਸੇ ਨੂੰ ਕਲੀਅਰ ਕਰਾਉਣ ਵਿੱਚ ਅੱਜ ਦਾ ਪੂਰਾ ਦਿਨ ਬੀਤ ਗਿਆ।” ਨੈਨਾ ਨੇ ਆਪਣੀ ਗੱਲ ਚੰਗੀ ਤਰ੍ਹਾਂ ਖਤਮ ਵੀ ਨਹੀਂ ਕੀਤੀ ਸੀ ਕਿ ਮਧੂ ਤਿਆਗੀ ਹੱਸਦੀ ਹੋਈ ਬੋਲੀ, “ਓ ਬਈ, ਕੋਈ ਗੱਲ ਨਹੀਂ ਨੈਨਾ ਜੀ, ਤੁਹਾਥੋਂ ਸਫ਼ਾਈ ਥੋੜ੍ਹੋ ਮੰਗ ਰਹੀ ਹਾਂ। ਮੈਂ ਤਾਂ ਤੁਹਾਨੂੰ ਇੱਕ ਖੁਸ਼ਖਬਰੀ ਦੇਣੀ ਸੀ। ਤੁਹਾਡੇ ਬੌਸ ਸ਼੍ਰੀਮਾਨ ਵਿਵੇਕ ਅਗਰਵਾਲ ਬਰਾਮਦ ਹੋ ਗਏ ਹਨ ਅਤੇ ਇਸ ਵੇਲ਼ੇ ਥਾਣੇ ਵਿੱਚ ਹਨ। ਹੁਣ ਤੁਸੀਂ ਟੈੱਨਸ਼ਨ ਫ਼ਰੀ ਹੋ ਜਾਓ…।”

ਮਧੂ ਤਿਆਗੀ ਦੀਆਂ ਗੱਲਾਂ ਨੇ ਨੈਨਾ ਦੇ ਦਿਮਾਗ ਵਿੱਚ ਹਲਚਲ ਮਚਾ ਦਿੱਤੀ। ਅਚਾਨਕ ਕਈ ਸੁਆਲ ਦਿਮਾਗ ਵਿੱਚ ਬਣਨ-ਵਿਗੜਨ ਲੱਗੇ। ਆਖ਼ਰ ਵਿਵੇਕ ਸਰ ਦੇ ਗਾਇਬ ਹੋਣ ਪਿੱਛੇ ਕੀਹਦਾ ਹੱਥ ਹੈ? ਤੇ ਪੁਲੀਸ ਕਿਸ ਤਰ੍ਹਾਂ ਉਨ੍ਹਾਂ ਕੋਲ ਪਹੁੰਚੀ? ਪਰ ਮਧੂ ਤਿਆਗੀ ਨੇ ਕੁਝ ਜਾਣਨ ਦਾ ਮੌਕਾ ਹੀ ਕਿੱਥੇ ਦਿੱਤਾ…? ਆਪਣੀ ਗੱਲ ਕਹਿਣ ਪਿੱਛੋਂ ਹੀ ਫੋਨ ਕੱਟ ਦਿੱਤਾ।

ਨੈਨਾ ਦੇ ਦਿਮਾਗ ਵਿੱਚ ਇੱਕ ਵਾਰ ਆਇਆ ਕਿ ਥਾਣੇ ਜਾਇਆ ਜਾਵੇ। ਪਰ ਫਿਰ ਆਪਣਾ ਸਿਰ ਝਟਕਾ ਕੇ ਦਿਮਾਗ ਵਿੱਚ ਆਏ ਇਸ ਵਿਚਾਰ ਨੂੰ ਝੱਟ ਛੱਡ ਦਿੱਤਾ। ‘ਕੀ ਲੋੜ ਹੈ ਜਾਣ ਦੀ…? ਆ ਬੈਲ ਮੁਝੇ ਮਾਰ…। ਜੋ ਵੀ ਹੋਵੇਗਾ, ਸਵੇਰੇ ਵੇਖਿਆ ਜਾਵੇਗਾ।’ ਦਿਮਾਗ ਵਿੱਚ ਕਈ ਦਿਨਾਂ ਤੋਂ ਜਮਾਂ ਤਣਾਅ ਪਿਘਲਣ ਲੱਗਿਆ ਸੀ। ਨੈਨਾ ਖੁਦ ਨੂੰ ਕਾਫ਼ੀ ਹਲਕਾ ਮਹਿਸੂਸ ਕਰ ਰਹੀ ਸੀ। ਉਹਦੇ ਲਈ ਇਹੋ ਬਹੁਤ ਸੀ ਕਿ ਵਿਵੇਕ ਸਰ ਠੀਕ-ਠਾਕ ਹਨ। ਉਂਜ ਵੀ ਸਾਰੇ ਦਿਨ ਦੀ ਭੱਜ-ਦੌੜ ਨੇ ਉਹਨੂੰ ਥਕਾ ਦਿੱਤਾ ਸੀ। ਕਈ ਦਿਨਾਂ ਪਿੱਛੋਂ ਉਹਨੂੰ ਇੱਕ ਚੈਨ-ਭਰੀ ਗੂੜ੍ਹੀ ਨੀਂਦ ਮਿਲਣ ਵਾਲ਼ੀ ਸੀ।

ਰੋਜ਼ ਵਾਂਗ ਸਵੇਰੇ ਉਹਨੇ ਸਭ ਤੋਂ ਪਹਿਲਾਂ ਈ-ਪੇਪਰ ਵੇਖਣੇ ਸ਼ੁਰੂ ਕੀਤੇ। ਸਥਾਨਕ ਅਖ਼ਬਾਰਾਂ ਵਿੱਚ ਵਿਵੇਕ ਅਗਰਵਾਲ ਦੇ ਮਿਲਣ ਦੀ ਖਬਰ ਵਿਸਥਾਰ ਨਾਲ਼ ਛਪੀ ਸੀ। ਵਿਵੇਕ ਨੇ ਕਬੂਲ ਕੀਤਾ ਸੀ ਕਿ ਉਹ ਆਪਣੀ ਮਰਜ਼ੀ ਨਾਲ਼ ਲੁਕਿਆ ਸੀ। ਉਨ੍ਹਾਂ ਨੇ ਪੈਸੇ ਦੀ ਤੰਗੀ ਕਾਰਨ ਕੁਝ ਬਾਹਰੀ ਲੋਕਾਂ ਤੋਂ ਕਰਜ਼ਾ ਲਿਆ ਹੋਇਆ ਸੀ, ਜੋ ਹੁਣ ਤਰ੍ਹਾਂ-ਤਰ੍ਹਾਂ ਦੀਆਂ ਧਮਕੀਆਂ ਨਾਲ਼ ਦਬਾਅ ਪਾ ਰਹੇ ਸਨ। ਇਸ ਲਈ ਉਹ ਕੁਝ ਦਿਨ ਲੁਕ ਕੇ ਰਹਿਣਾ ਚਾਹੁੰਦੇ ਸਨ। ਇਹ ਗੱਲ ਉਨ੍ਹਾਂ ਦੀ ਸੈਕਟਰੀ ਅਨੀਤਾ ਦੇਸ਼ਮੁਖ ਨੂੰ ਪਤਾ ਸੀ। ਪਰ ਮੰਜੁਲਾ ਅਗਰਵਾਲ ਜ਼ਰੂਰ ਇਸ ਘਟਨਾ ਤੋਂ ਪੂਰੀ ਤਰ੍ਹਾਂ ਅਣਜਾਣ ਸੀ। ਹਾਲਾਂਕਿ ਇਸ ਬਾਰੇ ਉਨ੍ਹਾਂ ਨੇ ਪਤਨੀ ਨਾਲ਼ ਗੱਲ ਕਰਨੀ ਚਾਹੀ ਸੀ, ਪਰ ਉਹਨੇ ਗੱਲ ਨੂੰ ਸਮਝਣ ਦੀ ਕੋਸ਼ਿਸ਼ ਹੀ ਨਹੀਂ ਕੀਤੀ…। ਉਦੋਂ ਉਨ੍ਹਾਂ ਦੇ ਦਿਮਾਗ ਵਿੱਚ ਹੀ ਨਹੀਂ ਆਇਆ ਸੀ ਕਿ ਇੰਨਾਂ ਵੱਡਾ ਹੰਗਾਮਾ ਹੋ ਸਕਦਾ ਹੈ। ਜੇ ਮੰਜੁਲਾ ਨੇ ਐਫਆਈਆਰ ਨਾ ਕਰਾਈ ਹੁੰਦੀ ਤਾਂ ਪੁਲੀਸ ਅਤੇ ਮੀਡੀਆ ਇਨਵਾਲਵ ਹੀ ਨਾ ਹੁੰਦੀ। ਪੈਸੇ ਦਾ ਪ੍ਰਬੰਧ ਹੁੰਦੇ ਹੀ ਉਨ੍ਹਾਂ ਨੇ ਵਾਪਸ ਆ ਜਾਣਾ ਸੀ। ਜੇ ਕੋਰੋਨਾ ਨਾ ਆਇਆ ਹੁੰਦਾ ਅਤੇ ਉਨ੍ਹਾਂ ਦਾ ਵਪਾਰ ਬੁਰੀ ਤਰ੍ਹਾਂ ਪ੍ਰਭਾਵਿਤ ਨਾ ਹੁੰਦਾ ਤਾਂ ਅਜਿਹੀ ਨੌਬਤ ਹੀ ਨਾ ਆਉਂਦੀ।

ਦੋ ਅਖ਼ਬਾਰਾਂ ਵਿੱਚ ਨੈਨਾ ਦੇ ਬਾਰੇ ਵੀ ਲਿਖਿਆ ਸੀ। ਸੇਲਜ਼ ਮੈਨੇਜਰ ਨੈਨਾ ਚੱਕਰਵਰਤੀ ਦੇ ਚਰਿੱਤਰ ਬਾਰੇ ਜੋ ਟਿੱਪਣੀਆਂ ਕੀਤੀਆਂ ਗਈਆਂ ਸਨ, ਉਹ ਸਭ ਬਿਲਕੁਲ ਨਿਰਾਧਾਰ ਹਨ। ਨੈਨਾ ਇੱਕ ਖੁਸ਼ਹਾਲ ਪਰਿਵਾਰ ਦੀ ਪੜ੍ਹੀ-ਲਿਖੀ ਕੁੜੀ ਹੈ ਅਤੇ ਆਪਣੀ ਯੋਗਤਾ ਦੇ ਆਧਾਰ ਤੇ ਇਹ ਮੁਕਾਮ ਹਾਸਲ ਕੀਤਾ ਹੈ…। ਨੈਨਾ ਚੱਕਰਵਰਤੀ ਨੇ ਡੂੰਘਾ ਸਾਹ ਲਿਆ। ਆਖ਼ਰ ਦਸ ਦਿਨਾਂ ਦੇ ਰੋਮਾਂਚਕ ਨਾਟਕ ਦਾ ਅੰਤ ਹੋਇਆ।

ਨੈਨਾ ਚੱਕਰਵਰਤੀ ਪਹਿਲਾਂ ਵਾਂਗ ਹੀ ਆਫ਼ਿਸ ਗਈ। ਕਾਰ ਪਾਰਕ ਕੀਤੀ ਅਤੇ ਆਪਣੇ ਕੈਬਿਨ ਵਿੱਚ ਆ ਕੇ ਬਹਿ ਗਈ। ਆਰਾਮ ਨਾਲ਼ ਲੈਪਟਾਪ ਖੋਲ੍ਹਿਆ ਅਤੇ ਕੀਬੋਰਡ ਨਾਲ਼ ਉਹਦੀਆਂ ਉਂਗਲਾਂ ਖੇਡਣ ਲੱਗੀਆਂ। ਉਹਨੇ ਆਪਣੇ ਲਿਖੇ ਪੱਤਰ ਨੂੰ ਇੱਕ ਵਾਰ ਫੇਰ ਪੜ੍ਹਿਆ ਅਤੇ ਸਾਈਨ ਕਰਕੇ ਲਫ਼ਾਫ਼ੇ ਵਿੱਚ ਪਾ ਲਿਆ। ਇੰਟਰਕਾਮ ਤੇ ਅਨੀਤਾ ਦੇਸ਼ਮੁਖ ਨੂੰ ਮਿਲਣ ਦੀ ਆਗਿਆ ਮੰਗੀ। ਕੁਝ ਹੀ ਦੇਰ ਬਾਦ ਉਹ ਦੇਸ਼ਮੁਖ ਮੈਡਮ ਦੇ ਕੈਬਿਨ ਵਿੱਚ ਸੀ, “ਮੈਡਮ, ਇਹ ਮੇਰਾ ਰਿਜ਼ਾਈਨ ਹੈ। ਮੈਂ ਇਸ ਜੌਬ ਨੂੰ ਛੱਡ ਰਹੀ ਹਾਂ। ਮੈਨੂੰ ਉਮੀਦ ਹੈ ਕਿ ਹਾਲਾਤ ਛੇਤੀ ਹੀ ਆਮ ਵਰਗੇ ਹੋ ਜਾਣਗੇ ਅਤੇ ਮੇਰਾ ਰਿਜ਼ਾਈਨ ਐਕਸੈਪਟ ਕਰ ਲਿਆ ਜਾਵੇਗਾ…।”

“ਕਿਉਂ ਨੈਨਾ…? ਹੁਣ ਤਾਂ ਸਭ ਕੁਝ ਠੀਕ ਹੋ ਗਿਆ ਹੈ। ਪਿਛਲੇ ਦਿਨੀਂ ਜਦੋਂ ਔਖਾ ਸਮਾਂ ਚੱਲ ਰਿਹਾ ਸੀ, ਉਦੋਂ ਤਾਂ ਤੂੰ ਲਗਾਤਾਰ ਆਉਂਦੀ ਰਹੀ। ਫਿਰ ਅਚਾਨਕ…?” ਦੇਸ਼ਮੁਖ ਮੈਡਮ ਲਫ਼ਾਫ਼ੇ ‘ਚੋਂ ਉਹਦਾ ਅਸਤੀਫਾ ਕੱਢ ਕੇ ਪੜ੍ਹਦੀ ਹੋਈ ਬੋਲੀ।

“ਮੈਡਮ, ਉਦੋਂ ਮੈਂ ਇਸ ਸ਼ਹਿਰ ਵਿੱਚ ਖਲਨਾਇਕਾ ਬਣਾ ਦਿੱਤੀ ਗਈ ਸਾਂ। ਇਸ ਲਈ ਸਚਾਈ ਸਾਹਮਣੇ ਆਉਣ ਤੱਕ ਮੈਂ ਲੜਨਾ ਸੀ। ਪਰ ਹੁਣ ਅਜਿਹਾ ਕੁਝ ਨਹੀਂ ਹੈ…।” ਨੈਨਾ ਨੇ ਹੱਥ ਮਿਲਾਇਆ ਅਤੇ ਤੇਜ਼ੀ ਨਾਲ਼ ਪਾਰਕਿੰਗ ਵਾਲ ਚੱਲ ਪਈ।
 ***
# ਮੂਲ : ਗੋਵਿੰਦ ਉਪਾਧਿਆਏ,
ਐਫ਼-96, ਦੂਜੀ ਮੰਜ਼ਿਲ, ਗਲੀ ਨੰ. 3,
ਨਕੁਲ ਸਟੇਸ਼ਨਰੀ,
ਵੈਸਟ ਵਿਨੋਦ ਨਗਰ,
ਮੰਡਾਵਲੀ, ਨਵੀਂ ਦਿੱਲੀ-110092
**

 


# ਅਨੁ : ਪ੍ਰੋ. ਨਵ ਸੰਗੀਤ ਸਿੰਘ,
ਅਕਾਲ ਯੂਨੀਵਰਸਿਟੀ,
ਤਲਵੰਡੀ ਸਾਬੋ-151302
(ਬਠਿੰਡਾ) 9417692015. 

*’ਲਿਖਾਰੀ’ ਵਿਚ ਪ੍ਰਕਾਸ਼ਿਤ ਹੋਣ ਵਾਲੀਆਂ ਸਾਰੀਆਂ ਹੀ ਰਚਨਾਵਾਂ ਵਿਚ ਪ੍ਰਗਟਾਏ ਵਿਚਾਰਾਂ ਨਾਲ ‘ਲਿਖਾਰੀ’ ਦਾ ਸਹਿਮਤ ਹੋਣਾ ਜ਼ਰੂਰੀ ਨਹੀਂ। ਹਰ ਲਿਖਤ ਵਿਚ ਪ੍ਰਗਟਾਏ ਵਿਚਾਰਾਂ ਦਾ ਜ਼ਿੰਮੇਵਾਰ ਕੇਵਲ ‘ਰਚਨਾ’ ਦਾ ਕਰਤਾ ਹੋਵੇਗਾ।
*
***
1209
***

About the author

ਗੋਵਿੰਦ ਉਪਾਧਿਆਏ
+ ਲਿਖਾਰੀ ਵਿੱਚ ਛਪੀਆਂ ਰਚਨਾਵਾਂ ਦਾ ਵੇਰਵਾ

ਗੋਵਿੰਦ ਉਪਾਧਿਆਏ
ਐਫ਼-96, ਦੂਜੀ ਮੰਜ਼ਿਲ,
ਗਲੀ ਨੰ. 3,
ਨਕੁਲ ਸਟੇਸ਼ਨਰੀ,
ਵੈਸਟ ਵਿਨੋਦ ਨਗਰ,
ਮੰਡਾਵਲੀ,
ਨਵੀਂ ਦਿੱਲੀ-110092.

ਗੋਵਿੰਦ ਉਪਾਧਿਆਏ

ਗੋਵਿੰਦ ਉਪਾਧਿਆਏ ਐਫ਼-96, ਦੂਜੀ ਮੰਜ਼ਿਲ, ਗਲੀ ਨੰ. 3, ਨਕੁਲ ਸਟੇਸ਼ਨਰੀ, ਵੈਸਟ ਵਿਨੋਦ ਨਗਰ, ਮੰਡਾਵਲੀ, ਨਵੀਂ ਦਿੱਲੀ-110092.

View all posts by ਗੋਵਿੰਦ ਉਪਾਧਿਆਏ →