22 July 2024

ਸਾਂਝੀਵਾਲਤਾ – ਚਰਨਜੀਤ ਸਿੰਘ ਪੰਨੂ

ਸਾਂਝੀਵਾਲਤਾ

ਚਰਨਜੀਤ ਸਿੰਘ ਪੰਨੂ

ਪੰਡਾਂ ਵਿੱਚ ਬੰਨ੍ਹ ਲਉ ਪਿਆਰ ਬੇਲੀਉ।
ਸਿਰ ਤੇ ਉਠਾਉ ਉਪਹਾਰ ਬੇਲੀਉ।
ਗਲੀ ਗਲੀ ਵੰਡੀ ਜਾਉ ਪਿਆਰ ਬੇਲੀਉ।
ਮਿਲ ਜਾਊ ਆਪੇ ਦਿਲਦਾਰ ਬੇਲੀਉ।
ਦਿਲ ਨਾ ਕਿਸੇ ਦਾ ਦੁਖਾੳ ਦੋਸਤੋ।
ਹੱਸਦੇ ਰਹੋ ਹੋਰਾਂ ਨੂੰ ਹਸਾਉ ਦੋਸਤੋ।
ਖਿੜ ਜਾਏ ਸਾਂਝੀ ਗੁਲਜਾਰ ਬੇਲੀਉ।
ਪੀਡਾ ਪੀਡਾ ਹੋ ‘ਜੈ‘ ਸੰਸਾਰ ਬੇਲੀਉ।

ਪਾਪਾਂ ਵਾਲੀ ਬੇੜੀਆਂ ਹੋ ਜਾਣ ਜਦ ਭਾਰੀਆਂ
ਪਿਆਰਾਂ ਵਾਲੇ ਚੱਪੂ ਲਾ ਕੇ ਜਾਂਦੀਆਂ ਨੇ ਤਾਰੀਆਂ।
ਕਰੀ ਜਾਉ ਇਹੋ ਉਪਕਾਰ ਦੋਸਤੋ।
ਡੁੱਬਦੇ ਨੂੰ ਦਿਉ ਤੁਸੀਂ ਤਾਰ ਦੋਸਤ।

ਸਾਰੇ ਲੋਕ ਆਪਣੇ ਨੇ ਕੋਈ ਵੀ ਬਿਗ਼ਾਨਾ ਨਹੀਂ।
ਵੈਰ ਤੇ ਵਿਰੋਧ ਕੋਈ ਆਪਣਾ ਨਿਸ਼ਾਨਾ ਨਹੀਂ।
ਛੱਡੋ ਨਫਰਤਾਂ ਕਰੋ ਸਤਿਕਾਰ ਬੇਲੀਉ।
ਈਰਖ਼ਾ ਨੂੰ ਦਿਉ ਤੁਸੀਂ ਮਾਰ ਬੇਲੀਉ।

ਊਚ ਨੀਚ ਵਾਲਾ ਭੇਦ ਕੱਢ ਦਿਉ ਜ਼ਬ਼ਾਨ ਚੋਂ।
ਬੰਦਾ ਕਦੇ ਵੱਡਾ ਹੁੰਦਾ ਨਹੀ ਇਨਸਾਨ ਤੋਂ।
ਅੱਡੋ ਅੱਡੇ ਫੁਲਾਂ ਦੇ ਇਹ ਹਾਰ ਬੇਲੀਉ।
ਪਰੋ ਸੁੱਟੋ ਸਾਰੇ ਇਕ ਸਾਰ ਬੇਲੀਉ।

ਜਾਤ ਪਾਤ ਵਾਲੀ ਕੰਧ ਦਿਲਾਂ ਚੋਂ ਮਿਟਾ ਦਿਉ।
ਇੱਕ ਪੇ ਦੇ ਪੁੱਤ ਸਾਰੇ ਹੋਰਾਂ ਸਮਝਾ ਦਿਉ।
ਮਨੁੱਖਤਾ ਨੂੰ ਵੱਡੀ ਇਹ ਵੰਗਾਰ ਬੇਲੀਉ।
ਤੋੜ ਸੁੱਟੋ ਕੱਚੀ ਇਹ ਦੀਵਾਰ ਬੇਲੀਉ।

ਦਿਲਾਂ ਵਿਚੋਂ ਮਾਈਨਾਂ ਨੂੰ ਹਟਾਉ ਦੋਸਤੋ।
ਪਿਆਰ ਦੀ ਪਨੀਰੀ ਨੂੰ ਉਗਾਉ ਦੋਸਤੋ।
ਪੁੱਟ ਸੁੱਟੋ ਕੰਡੇ ਵਾਲੀ ਤਾਰ ਬੇਲੀਉ।
ਹਿੰਦ ਪਾਕ ਭਾਈ ਭਾਈ ਯਾਰ ਬੇਲੀਉ।
ਦੇ ਦਿਉ ਸੁਨੇਹਾ ਹੱਦ ਪਾਰ ਬੇਲੀਉ।
ਸੁੱਟ ਦਿਉ ਮਾਰੂ ਹਥਿਆਰ ਬੇਲੀਉ।

ਖੁੰਡੀ ਤਲਵਾਰ ਹੁਣ ਕਿਸੇ ਤੇ ਚਲਾਉਣੀ ਨਹੀਂ।
ਬੰਬਾਂ ਦੀ ਬੁਸ਼ਾੜ ਹੁਣ ਕਿਸੇ ਤੇ ਵਰਾ੍ਹਉਣੀ ਨਹੀਂ।
ਵੱਸਦੇ ਸਮੁੰਦਰਾਂ ਤੋਂ ਪਾਰ ਦੋਸਤੋ।
ਕੱਠੇ ਬੈਠ ਕਰ ਲੋ ਵਿਚਾਰ ਦੋਸਤੋ।
ਅੱਤਵਾਦੀ ਖੂਨੀਂ ਹੈ ਜੋ ਡਾਰ ਦੋਸਤੋ।
ਪਿਆਰ ਨਾਲ ਕਰੋ ਤਾਰ ਤਾਰ ਦੋਸਤੋ।
‘ਮਰੀਕਾ ਤੇ ਇਰਾਕ ਵਾਰੀ ਵਾਰ ਦੋਸਤੋ।
ਰਲ ਮਿਲਕੇ ਕਰੋ ਠੰਡੀ ਠਾਰ ਦੋਸਤੋ।

ਹਿੰਦੂ ਸਿੱਖ ਭਾਈਚਾਰਾ ਗੋਰੇ ਸਾਡੇ ਭਾਈ ਨੇ।
ਮੁਸਲਮਾਂ ਖੱਬੀ ਬਾਂਹ ਸੱਜੀ ਇਹ ਇਸਾਈ ਨੇ।
ਧਰਮਾਂ ਦੇ ਭਰਮ ਨੇ ਬੇਕਾਰ ਬੇਲੀਉ।
ਛੱਡ ਦਿਉ ਕੂੜੇ ਤਕਰਾਰ ਬੇਲੀਉ।

ਕਿਕਲੀਆਂ ਪਾਉ ਸਾਰੇ ਕੱਠੇ ਹੋ ਕੇ ਨੱਚੀਏ।
ਅਰਸ਼ਾਂ ਤੇ ਧੁੰਮਾਂ ਪਾਈਏ ਦੁਨੀਆਂ ਨੂੰ ਦੱਸੀਏ।
ਇੱਕੋ ਸਾਡਾ ਘਰ ਪਰਿਵਾਰ ਬੇਲੀਉ।
ਕਰ ਦਿਉ ਸਾਰੇ ਪ੍ਰਚਾਰ ਬੇਲੀਉ।

ਬੱਚਾ ਬੁੱਢਾ ਛੋਕਰਾ ਜਵਾਨ ਨੱਚੁ ਗਾ।
ਧਰਤੀ ਵੀ ਨੱਚੂ ਅਸਮਾਨ ਨੱਚੂ ਗਾ।
ਕਾਫਰ ਵੀ ਨੱਚੂ ਤੇ ਕੁਰਾਨ ਨੱਚੁ ਗਾ।
ਸੁਥ਼ਰਾ ਵੀ ਨੱਚੂ ਬੇਈਮਾਨ ਨੱਚੂ ਗਾ।
ਗੀਤਾ ਵੀ ਨੱਚੁੂ ਭਗਵਾਨ ਨੱਚੂ ਗਾ।
ਬੁੱਸ਼ ਵੀ ਨੱਚੂ ਤੇ ਸੱਦਾਮ ਨੱਚੂ ਗਾ।

ਫਿਰ ਨੱਚ ਉਠੂ ਸਾਰਾ ਸੰਸਾਰ ਬੇਲੀਉ।
ਨੱਚ ਪਊ ਗਾ ਹੋ ਕੇ ਪੱਬਾਂ ਭਾਰ ਬੇਲੀਉ।
ਫਿਰ ਬੱਲੇ ਬੱਲੇ ਹੋ ਜੂ ਬੇਸ਼ੁਮਾਰ ਬੇਲੀਉ।
ਪੰਨੂ ਸਦਕੜੇ ਜਾਊ ਲੱਖਵਾਰ ਬੇਲੀਉ।

***

ਟਿੱਪਣੀ : ਇਹ ਰਚਨਾ ‘‘ਲਿਖਾਰੀ’ ਵੈਬਸਾਈਟ ਦੀਆਂ ਪੁਰਾਣੀਆਂ ਫਾਈਲਾਂ ਤੋਂ ਚੁੱਕ ਕੇ ਲੋੜੀਂਦੀ ਤਬਦੀਲੀ ਕਰਨ ਉਪਰੰਤ ’ਲਿਖਾਰੀ.ਨੈੱਟ ‘ਤੇ ਲਗਾਉਣ ਦੀ ਖੁਸ਼ੀ ਲੈ ਰਹੇ ਹਾਂ।—ਲਿਖਾਰੀ

(ਪਹਿਲੀ ਵਾਰ ਛਪਿਆ 20 ਦਸੰਬਰ 2005)
(ਦੂਜੀ ਵਾਰ 15 ਸਤੰਬਰ 2021)

***
359
***

ਚਰਨਜੀਤ ਸਿੰਘ ਪੰਨੂ