15 October 2024

(ਬੇਈ)ਮਾਨ ਸਾਹਿਬ—ਅਵਤਾਰ ਐਸ. ਸੰਘਾ

ਭਾਰਤ ਵਿੱਚ ਚਲ ਰਹੇ ਕਿਸਾਨ ਅੰਦੋਲਨ ਨੂੰ ਅਸਫਲ ਕਰਨ ਲਈ ਕਈ ਪ੍ਰਕਾਰ ਦੇ ਸਰਕਾਰੀ ਵਿਅਕਤੀਆਂ ਨੇ ਵਿਚੋਲਗਿਰੀ ਕਰਨ ਦੀ ਕੋਸ਼ਿਸ਼ ਕੀਤੀ। ਸਿਆਸੀ ਪਾਰਟੀਆਂ ਨੇ ਵੀ ਆਪਣੇ ਨੰਬਰ ਬਣਾਉਣ ਲਈ ਸਾਰਾ ਜ਼ੋਰ ਲਗਾਇਆ। ਕੁਝ ਹੋਰ ਸਰਕਾਰੀ ਵਿਅਕਤੀ ਵੀ ਸਨ ਜਿਨ੍ਹਾਂ ਨੇ ਕਿਸਾਨਾਂ ਨੂੰ ਮੂਰਖ ਬਣਾਉਣ ਦੀ ਪੂਰੀ ਕੋਸ਼ਿਸ਼ ਕੀਤੀ। ਕਿਸਾਨ ਇੰਨੇ ਜ਼ਿਆਦਾ ਨਿਰਪੱਖ ਰਹੇ ਕਿ ਉਨ੍ਹਾਂ ਨੇ ਇਨ੍ਹਾਂ ਸਿਆਸੀ ਬੰਦਿਆਂ ਨੂੰ ਘਾਹ ਨਹੀਂ ਪਾਇਆ ਤੇ ਇਨ੍ਹਾਂ ਨੂੰ ਸਰਕਾਰ ਦੇ ਕੌਲੀ ਚੱਟ ਕਹਿ ਕੇ ਦੁਰਕਾਰ ਦਿੱਤਾ। ਇਨ੍ਹਾਂ ਕੌਲੀ ਚੱਟਾਂ ਤੋਂ ਮੈਨੂੰ ਪੰਜਾਬ ਵਿੱਚ ਆਪਣੇ ਇਲਾਕੇ ਦੇ ਇੱਕ ਕਾਲਜ ਦਾ ਕੌਲੀ ਚੱਟ ਯਾਦ ਆ ਗਿਆ।

ਨਾਮ ਸੀ ਉਸਦਾ ਕਸ਼ਮੀਰਾ ਸਿੰਘ ਮਾਨ (ਜਾਅਲੀ ਨਾਮ) ਪਰ ਬਹੁਤੇ ਬੰਦੇ ਉਸਨੂੰ ਉਸਦੀ ਪਿੱਠ ਪਿੱਛੇ ਬੇਈਮਾਨ ਸਾਹਿਬ ਹੀ ਕਹਿ ਕੇ ਬੁਲਾਇਆ ਕਰਦੇ ਸਨ। ਜੇ ਉਸਨੂੰ ‘(ਬੇਈ)ਮਾਨ ਸਾਹਿਬ’ ਲਿਖ ਲਿਆ ਜਾਵੇ ਤਾਂ ਵੱਧ ਢੁੱਕਵਾਂ ਹੋਵੇਗਾ। ਇੰਜ ਲਿਖਣ ਨਾਲ਼ ਉਸਦੇ ਉਸਨੂੰ ਚਾਹੁਣ ਵਾਲ਼ਿਆਂ ਅਤੇ ਨਾ ਚਾਹੁਣ ਵਾਲ਼ਿਆਂ ਦੋਹਾਂ ਦੀ ਤਸੱਲੀ ਹੋ ਜਾਵੇਗੀ। ਚਾਹੁਣ ਵਾਲ਼ੇ ਮਾਨ ਸਾਹਿਬ ਕਹੀ ਜਾਣ ਤੇ ਨਾ ਚਾਹੁਣ ਵਾਲ਼ੇ ਬੇਈਮਾਨ ਸਾਹਿਬ। ਮਾਨ ਸਾਹਿਬ ਸਰਦਾਰ ਸਨ ਪਰ ਉਹ ਸਿੱਖੀ ਵਿੱਚ ਵੀ ਓਨੇ ਪੱਕੇ ਨਹੀਂ ਸਨ। ਉਹ ਘੁੰਮ-ਚੱਕਰ ਸਨ। ਜਿੱਥੋਂ ਕੋਈ ਕੰਮ ਹੋ ਜਾਵੇ ਉੱਥੇ ਦੇ ਹੀ ਬਣ ਜਾਂਦੇ ਸਨ। ਇੱਕ ਵਾਰ ਉਹਨਾਂ ਨੇ ਇੱਕ ਡੇਰੇ ਦੇ ਸਾਧ ਨੂੰ ਕਾਲਜ ਵਿੱਚ ਲਿਆਉਣ ਦੀ ਸਿਫਾਰਿਸ਼ ਕਰ ਦਿੱਤੀ। ਕਹਿਣ ਲੱਗੇ “ਬੱਚਿਆਂ ਨੂੰ ਇਨਾਮ ਸਾਧ ਤੋਂ ਦੁਆ ਲਓ। ਕਾਲਜ ਨੂੰ ਚੰਗੇ ਪੈਸੇ ਦੇ ਜਾਊ। ਗੱਲ ਮੈਂ ਕਰ ਲੈਂਦਾ ਹਾਂ। ਮੇਰੀ ਉਹਦੇ ਤੱਕ ਚੰਗੀ ਪਹੁੰਚ ਏ।” ਪ੍ਰਿੰਸੀਪਲ ਨਾ ਮੰਨਿਆ। ਉਹ ਨਹੀਂ ਸੀ ਚਾਹੁੰਦਾ ਕਿ ਖਾਲਸਾ ਕਾਲਜ ਵਿੱਚ ਇੱਕ ਡੇਰੇ ਦਾ ਸਾਧ ਸੱਦਿਆ ਜਾਵੇ।

ਪੇਸ਼ੇ ਵਜੋਂ ਮਾਨ ਸਾਹਿਬ ਕਾਲਜ ਵਿੱਚ ਅਕਾਉਂਟਸ ਕਲਰਕ ਸਨ। ਉਹਨਾਂ ਨੇ ਦੋ ਪ੍ਰਿੰਸੀਪਲਾਂ ਨਾਲ਼ ਕੰਮ ਕੀਤਾ। ਪਹਿਲੇ ਪ੍ਰਿੰਸੀਪਲ ਨਾਲ਼ ਉਹਨਾਂ ਦੀ ਬਹੁਤੀ ਬਣਦੀ ਹੁੰਦੀ ਸੀ। ਜਦ ਦੂਜਾ ਪ੍ਰਿੰਸੀਪਲ ਆਇਆ ਤਾਂ ਉਹ ਛੇ ਕੁ ਮਹੀਨਿਆਂ ਬਾਅਦ ਕਹਿਣ ਲੱਗਾ,”ਮਾਨ ਚੋਰ ਪ੍ਰਿੰਸੀਪਲ ਨਾਲ਼ ਚੋਰ ਏ ਤੇ ਸਾਧ ਪ੍ਰਿੰਸੀਪਲ ਨਾਲ਼ ਸਾਧ!” ਦੂਜਾ ਪ੍ਰਿੰਸੀਪਲ ਚਿੱਟੀ ਚਾਦਰ ਲੈ ਕੇ ਆਇਆ ਸੀ ਤੇ ਉਹ ਚਿੱਟੀ ਲੈ ਕੇ ਹੀ ਜਾਣਾ ਚਾਹੁੰਦਾ ਸੀ। ਪਹਿਲੇ ਪ੍ਰਿੰਸੀਪਲ ਵੇਲੇ ਕਾਲਜ ਦੀਆਂ ਕਈ ਚੀਜਾਂ ਪ੍ਰਿੰਸੀਪਲ ਦੇ ਘਰੋਂ ਮਿਲਦੀਆਂ ਸਨ। ਕਾਲਜ ਲਈ ਖਰੀਦਿਆ ਗਿਆ ਟੀ.ਵੀ ਸੈੱਟ ਪ੍ਰਿੰਸੀਪਲ ਦੇ ਘਰੋਂ ਮਿਲਿਆ। ਕਾਲਜ ਲਈ ਖਰੀਦੇ ਗਏ ਦਸ ਕੰਪਿਊਟਰ ਸੈੱਟਾਂ ਵਿੱਚੋਂ ਇੱਕ ਪ੍ਰਿੰਸੀਪਲ ਦੇ ਘਰੋਂ ਮਿਲਿਆ ਤੇ ਦੂਜਾ ਮਾਨ ਸਾਹਿਬ ਦੇ ਘਰੋਂ ਮਿਲਿਆ ਸੀ। ਮਾਨ ਸਾਹਿਬ ਅਕਾਊਂਟੈਂਟ ਪਤਾ ਨਹੀਂ ਕਿਵੇਂ ਅਖਵਾਉਂਦੇ ਸਨ। ਵੈਸੇ ਉਹ ਅਕਾਊਂਟਸ ਕਲਰਕ ਸਨ। ਕੋਈ ਪਤਾ ਨਹੀਂ ਉਹਨਾਂ ਦੀ ਯੋਗਤਾ ਕੀ ਸੀ। ਪਿਛਲੇ ਕਾਫੀ ਸਮੇਂ ਤੋਂ ਉਹ ਚੱਲਦੇ ਆ ਰਹੇ ਸਨ। ਪੱਕੇ ਉਹ ਹੋ ਹੀ ਚੁੱਕੇ ਸਨ। ੳੁਹਨਾਂ ਦੀ ਇੱਕ ਖਾਸੀਅਤ ਇਹ ਸੀ ਕਿ ਸਟਾਫ ਨੂੰ ਤਨਖਾਹ ਦੇਣ ਵੇਲੇ ਉਹ ਬੜਾ ਤੰਗ ਕਰਦੇ ਹੁੰਦੇ ਸਨ। ਜਾਣ ਬੁੱਝ ਕੇ ਚੈੱਕ ਤਿਆਰ ਕਰਨ ਵਿੱਚ ਦੇਰੀ ਕਰੀ ਜਾਣਗੇ। ਜਾਣ ਬੁੱਝ ਕੇ ਯੂਟੀਲਾਈਜੇਸ਼ਨ ਸਰਟੀਫਿਕੇਟ (Utilisation Certificate) ਬਣਾਉਣ ਵਿੱਚ ਦੇਰੀ ਕਰੀ ਜਾਣਗੇ। ਇਸਦੇ ਅਧਾਰ ਤੇ ਯੂ.ਜੀ.ਸੀ. ਤੋਂ ਗ੍ਰਾਂਟ ਮਿਲਣੀ ਹੁੰਦੀ ਸੀ। ਜਦ ਚੈੱਕ ਬਣ ਗਏ ਫਿਰ ਪ੍ਰਧਾਨ ਦੇ ਦਸਤਖਤ ਕਰਵਾਉਣ ਵਿੱਚ ਦੇਰੀ ਕਰੀ ਜਾਣਗੇ। ਕਹਿਣਗੇ, “ਅੱਜ ਪ੍ਰਧਾਨ ਸਾਹਿਬ ਚੰਡੀਗੜ੍ਹ ਗਏ ਹਨ, ਅੱਜ ਉਹ ਐਮ.ਐਲ.ਏ. ਸਾਹਿਬ ਦੇ ਚੋਣ ਪ੍ਰਚਾਰ ਵਿੱਚ ਮਸ਼ਰੂਫ ਹਨ, ਅੱਜ ਉਹ ਬਿਮਾਰ ਹਨ ਵਗੈਰਾ ਵਗੈਰਾ।“ ਜਦ ਚੈੱਕ ਤਿਆਰ ਹੋ ਵੀ ਜਾਣ ਤਾਂ ਉਹ ਆਪ ਇੱਕ ਦੋ ਦਿਨ ਲਈ ਕਾਲਜ ਤੋਂ ਛੁੱਟੀ ਕਰ ਲੈਣਗੇ ਜਾਂ ਡਿਊਟੀ ਪਾ ਕੇ ਕਾਲਜ ਦੇ ਕਿਸੇ ਕੰਮ ਚਲੇ ਜਾਣਗੇ। ਮਕਸਦ ਹੁੰਦਾ ਸੀ ਸਟਾਫ ਨੂੰ ਤੰਗ ਕੀਤਾ ਜਾਵੇ। ਜੇ ਕੋਈ ਜਾ ਕੇ ਪੁੱਛ ਲਵੇ ਕਿ ਤਨਖਾਹ ਕਦੋਂ ਮਿਲ ਰਹੀ ਏ ਤਾਂ ਕਹਿਣਗੇ—- ‘ਅਜੇ ਕਿੱਥੇ ਜੀ? ਅਜੇ ਤਾਂ ਕਾਗਜ ਪੱਤਰ ਤਿਆਰ ਹੋ ਰਹੇ ਨੇ। ਅਜੇ ਇੰਤਜਾਰ ਕਰੋ।’ ਬਸ ਉਹਨਾਂ ਦੀ ਆਦਤ ਸੀ ਦੂਜੇ ਨੂੰ ਤੰਗ ਕਰਕੇ ਵਿੱਚੋਂ ਮਜ਼ਾ ਲੈਣਾ। ਬੱਕਰੀ ਨੇ ਦੁੱਧ ਦੇਣਾ ਪਰ ਦੇਣਾ ਮੀਂਗਣਾਂ ਪਾ ਕੇ।

ਮਾਨ ਸਾਹਿਬ ਦਾ ਲੜਕਾ ਵੀ ਕਾਲਜ ਵਿੱਚ ਹੀ ਪੜ੍ਹਦਾ ਸੀ। ਬੀ.ਏ. ਭਾਗ ਪਹਿਲਾ ਉਹ ਬੜੀ ਜਲਦੀ ਪਾਸ ਕਰ ਗਿਆ। ਉਸ ਸਮੇਂ ਪਹਿਲਾ ਪ੍ਰਿੰਸੀਪਲ ਸੀ। ਲੜਕੇ ਨੂੰ ਪਰਚੇ ਦਿੰਦੇ ਨੂੰ ਮੌਜਾਂ ਲੱਗੀਆਂ ਰਹੀਆਂ। ਕਈ ਸਵਾਲ ਬਾਹਰੋਂ ਹੀ ਨਹੀਂ, ਬਲਕਿ ਪ੍ਰਿੰਸੀਪਲ ਦੇ ਦਫ਼ਤਰ ਵਿੱਚੋਂ ਹੀ ਹੱਲ ਹੋ ਕੇ ਅੰਦਰ ਚਲੇ ਗਏ। ਜਦ ਲੜਕਾ ਬੀ.ਏ. ਭਾਗ ਦੂਜਾ ਵਿੱਚ ਹੋਇਆ ਤਾਂ ਪਹਿਲਾ ਪ੍ਰਿੰਸੀਪਲ ਸੇਵਾ ਮੁਕਤ ਹੋ ਚੁੱਕਾ ਸੀ ਤੇ ਦੂਜਾ ਆ ਚੁੱਕਾ ਸੀ। ਦੂਜੇ ਨੇ ਆ ਕੇ ਪੂਰੀ ਸਖ਼ਤੀ ਕਰ ਦਿੱਤੀ ਸੀ। ਮਾਨ ਸਾਹਿਬ ਨੇ ਬਥੇਰੀਆਂ ਕੋਸ਼ਿਸ਼ਾਂ ਕੀਤੀਆਂ ਕਿ ਲੜਕੇ ਦੀ ਇਮਤਿਹਾਨ ਵਿੱਚ ਮਦਦ ਕਰਵਾ ਲਈ ਜਾਵੇ ਪਰ ਗੱਲ ਬਣਦੀ ਨਾ ਦਿਖਾਈ ਦਿੱਤੀ। ਪਰਚੇ ਲੈਣ ਲਈ ਸੁਪਰਿਟੈਂਡੈਂਟ ਵੀ ਸਖਤ ਆ ਗਿਆ। ਪ੍ਰੀਖਿਆ ਕੇਂਦਰ ਤੇ ਠੀਕਰੀ ਪਹਿਰਾ ਲਗ ਗਿਐ। ਮਾਨ ਸਾਹਿਬ ਦਾ ਲੜਕਾ ਫੇਲ੍ਹ ਹੋ ਗਿਐ। ਲੜਕੇ ਨੂੰ ਕੈਨੇਡਾ ਭੇਜਣ ਲਈ ਕੋਈ ਲੜਕੀ ਲੱਭੀ ਜਾ ਰਹੀ ਸੀ। ਪ੍ਰੀਖਿਆ ਦਾ ਨਤੀਜਾ ਆਉਣ ਤੋਂ ਕੁਝ ਦਿਨ ਪਹਿਲਾਂ ਹੀ ਲੜਕੀ ਲੱਭ ਆਈ। ਝੱਟ ਮੰਗਣੀ ਕਰਕੇ ਮੁੰਡੇ ਨੂੰ ਵਿਆਹ ਦੇ ਅਧਾਰ ਤੇ ਬਾਹਰ ਭੇਜ ਦਿੱਤਾ ਗਿਆ।

ਜੇ ਲੜਕਾ ਬਾਹਰ ਨਾ ਜਾਂਦਾ ਤਾਂ ਮੁੰਡਾ ਮਾਨ ਸਾਹਿਬ ਲਈ ਸਿਰਦਰਦੀ ਬਣ ਜਾਣਾ ਸੀ। ਲੋਕਾਂ ਨੇ ਕਹਿਣਾ ਸੀ ਕਿ ਮਾਨ ਆਪ ਕਾਲਜ ਵਿੱਚ ਕਰਮਚਾਰੀ ਹੁੰਦਾ ਹੋਇਆ ਵੀ ਮੁੰਡੇ ਨੂੰ ਪਾਸ ਨਹੀਂ ਕਰਵਾ ਸਕਿਆ। ਫੇਲ੍ਹ ਹੋਣ ਬਾਰੇ ਚਰਚੇ ਹੋਣੋ ਬਚ ਗਏ। ਬਹੁਤਿਆਂ ਨੂੰ ਪਤਾ ਹੀ ਨਹੀਂ ਲੱਗਾ। ਬਸ ਇਹੀ ਚਰਚਾ ਸੀ ਕਿ ਲੜਕਾ ਕੈਨੇਡਾ ਚਲਾ ਗਿਐ। ਕੈਨੇਡਾ ਮੂਹਰੇ ਵੈਸੇ ਵੀ ਪਾਸ ਫੇਲ੍ਹ ਦਾ ਕੋਈ ਮਾਇਨਾ ਹੀ ਨਹੀਂ ਏ। ਪੰਜਾਬ ਵਿੱਚੋਂ ਕੈਨੇਡਾ ਚਲੇ ਜਾਣਾ ਤਾਂ ਪੀ. ਐੱਚ. ਡੀ. ਕਰ ਲੈਣ ਨਾਲ਼ੋਂ ਵੀ ਉਪਰ ਸਮਝਿਆ ਜਾਂਦਾ ਏ।

ਕਾਲਜ ਦੇ ਮੁੰਡਿਆਂ ਵਿਚਕਾਰ ਇੱਕ ਲੜਾਈ ਵੀ ਹੋਈ ਸੀ। ਮਾਨ ਸਾਹਿਬ ਨੇ ਵਿੱਚ ਪੈ ਕੇ ਇਸ ਲੜਾਈ ਦਾ ਫੈਸਲਾ ਕਰਵਾ ਦਿੱਤਾ ਸੀ। ਉਸ ਸਮੇਂ ਤੋਂ ਐੱਸ. ਐੱਚ. ਓ. ਸਾਹਿਬ ਮਾਨ ਦੇ ਕੁਝ ਵਾਕਿਫ ਹੋ ਗਏ ਸਨ। ਇਮਤਿਹਾਨਾਂ ਵਿੱਚ ਥੋੜ੍ਹੀ ਬਹੁਤੀ ਪੁਲਿਸ ਵੀ ਡਿਊਟੀ ਦੇਣ ਆਉਂਦੀ ਹੀ ਹੁੰਦੀ ਸੀ। ਇਸ ਪ੍ਰਕਾਰ ਮਾਨ ਸਾਹਿਬ ਦਾ ਥਾਣੇ ਨਾਲ਼ ਮਾੜਾ ਮੋਟਾ ਤਾਲਮੇਲ ਵੀ ਬਣਿਆ ਹੀ ਰਹਿੰਦਾ ਸੀ। ਦਫਤਰ ਸੁਪਰਡੰਟ ਇਸ ਪ੍ਰਕਾਰ ਦੇ ਕੰਮਾ ਵਿੱਚ ਘੱਟ ਹੀ ਦਿਲਚਸਪੀ ਲੈਂਦਾ ਸੀ। ਮਾਨ ਪਹਿਲੇ ਪ੍ਰਿੰਸੀਪਲ ਨਾਲ ਮਿਲ ਕੇ ਇਸ ਪ੍ਰਕਾਰ ਦੇ ਕੰਮਾ ਵਿੱਚ ਦਿਲਚਸਪੀ ਲੈਂਦਾ ਹੀ ਰਹਿੰਦਾ ਸੀ। ਪਰਚਿਆਂ ਦੌਰਾਨ ਇੱਕ ਵਾਰ ਮਾਨ ਨੇ ਇੱਕ ਪ੍ਰੋਫੈਸਰ ਲਈ ਵੀ ਪਰੇਸ਼ਾਨੀ ਖੜ੍ਹੀ ਕਰ ਦਿੱਤੀ ਸੀ। ਉਹ ਕਾਲਜ ਵਿੱਚ ਅੰਗਰੇਜ਼ੀ ਪੜ੍ਹਾਉਂਦਾ ਸੀ। ਉਸਦੀ ਘਰਵਾਲ਼ੀ ਦਾ ਸ਼ਹਿਰ ਵਿੱਚ ਨਿੱਜੀ ਸਕੂਲ ਸੀ। ਉਸਦਾ ਘਰ ਵੀ ਸਕੂਲ ਦੇ ਵਿੱਚ ਹੀ ਸੀ। ਉਸ ਦਿਨ ਪਹਿਲੀ ਅਪ੍ਰੈਲ ਸੀ। ਉਹ ਕਾਲਜ ਤੋਂ ਛੁੱਟੀ ਤੇ ਸੀ। ਜਦ ਸਵੇਰ ਦੇ ਸਾਢੇ ਕੁ ਨੌ ਵੱਜੇ ਤਾਂ ਉਨ੍ਹਾਂ ਦੇ ਸਕੂਲ ਮੂਹਰੇ ਪੁਲਿਸ ਦੀ ਇੱਕ ਜੀਪ ਆ ਖੜ੍ਹੀ ਹੋਈ। ਪ੍ਰੋਫੈਸਰ ਆਪ ਘਰ ਸੀ ਤੇ ਉਸਦੀ ਘਰਵਾਲੀ ਸਕੂਲ ਦੇ ਦਫਤਰ ਵਿੱਚ ਬੈਠੀ ਸੀ। ਐੱਸ. ਐੱਚ. ਓ. ਸਾਹਿਬ ਗੇਟ ਤੇ ਆ ਕੇ ਚਾਰ ਕੁ ਸਿਪਾਹੀਆਂ ਨਾਲ਼ ਅੰਦਰ ਦਾਖਲ ਹੋਏ। ਕਲਾਸ ਰੂਮਾਂ ਮੂਹਰੇ ਖੜ੍ਹੀਆਂ ਅਧਿਆਪਕਾਵਾਂ ਹੈਰਾਨ ਸਨ ਕਿ ਪੁਲਿਸ ਸਕੂਲ ਕਿਓਂ ਆਈ ਸੀ। ਉਹ ਸੋਚ ਰਹੀਆਂ ਸਨ ਕਿ ਸ਼ਾਇਦ ਮੈਡਮ ਪ੍ਰਿੰਸੀਪਲ ਦੇ ਘਰਵਾਲੇ ਨੇ ਕੋਈ ਕੁਤਾਹੀ ਕਰ ਦਿੱਤੀ ਸੀ। ਬੁਲਾਉਣ ਤੇ ਘਰਵਾਲ਼ਾ ਦਫਤਰ ‘ਚ ਆ ਗਿਆ। ਜਦ ਉਸਨੇ ਦੇਖਿਆ ਤਾਂ ਮਾਨ ਸਾਹਿਬ ਪੁਲਿਸ ਨਾਲ਼ ਆਏ ਸਨ। ਉਸਨੇ ਐੱਸ. ਐੱਚ. ਓ. ਸਾਹਿਬ ਨੂੰ ਫਤਿਹ ਬੁਲਾਈ ਤੇ ਮਾਨ ਸਾਹਿਬ ਨੂੰ ਕਿਹਾ, “ਕਿਵੇਂ ਆਉਣਾ ਹੋਇਆ, ਮਾਨ ਸਾਹਿਬ?”

“ਮੈਂ ਸੋਚਿਆ, ਸਾਹਿਬ ਨੂੰ ਮਿਲ਼ ਆਈਏ।” ਮਾਨ ਸਾਹਿਬ ਕਹਿਣ ਲੱਗੇ।

“ਪਹਿਲੀ ਅਪ੍ਰੈਲ ਏ। ਮੈਨੂੰ ਲਗਦਾ ਅਪ੍ਰੈਲ ਫੂਲ ਬਣਾਉਣ ਆਏ ਹੋ। ਫਿਰ ਵੀ ਆਦਰ ਨਾਲ਼ ਪੁੱਛਦਾ ਹਾਂ ਕਿ ਕੀ ਸੇਵਾ ਕਰ ਸਕਦਾ ਹਾਂ?”

“ਸਾਹਿਬ ਜੀ, ਪਹਿਲੀ ਅਪ੍ਰੈਲ ਵਾਲੀ ਕੋਈ ਗੱਲ ਨਹੀਂ। ਯੂਨੀਵਰਸਿਟੀ ਨੇ ਤਾਂ ਪਹਿਲੀ ਅਪ੍ਰੈਲ ਨੂੰ ਪਰਚੇ ਸ਼ੁਰੂ ਕਰ ਦਿੱਤੇ। ਤੁਸੀਂ ਇਸਨੂੰ ਬਦਸ਼ਗਨਾ ਸਮਝਦੇ ਹੋ।”

ਸੇਵਾਦਾਰਨੀ ਚਾਹ ਲੈਣ ਚਲੀ ਗਈ।

“ਫਿਰ ਵੀ ਦੱਸੋ ਤਾਂ ਸਹੀ, ਕੀ ਖਿਦਮਤ ਕਰ ਸਕਦਾ ਹਾਂ?”

“ਸੇਵਾ ਵੀ ਦੱਸ ਦਿਆਂਗੇ। ਬਹੁਤਾ ਸੋਚਾਂ ‘ਚ ਨਾ ਪਓ।”

“ਅੱਜ ਤਾਂ ਐੱਸ. ਐੱਚ. ਓ. ਸਾਹਿਬ ਦੇ ਦਰਸ਼ਨ ਕਰਾ ਤੇ। ਸੁੱਖ ਤਾਂ ਹੈ?”

“ਸਭ ਸੁੱਖ ਏ। ਬਸ ਤੁਸੀਂ ਸਾਡਾ ਇੱਕ ਛੋਟਾ ਜਿਹਾ ਕੰਮ ਕਰਨਾ ਏ।”

“ਫਰਮਾਓ।”

“ਸਾਹਿਬ ਦੀ ਲੜਕੀ ਡੀ.ਏ.ਵੀ. ਕਾਲਜ ਵਿੱਚ ਬੀ. ਏ. ਆਖਰੀ ਸਾਲ ਵਿੱਚ ਅੰਗਰੇਜ਼ੀ ਦੀ ਕੰਪਾਰਟਮੈਂਟ ਦਾ ਪਰਚਾ ਦੇ ਰਹੀ ਏ। ਅਸੀਂ ਪ੍ਰਸ਼ਨ ਪੱਤਰ ਆਊਟ ਕਰਵਾ ਕੇ ਲੈ ਕੇ ਆਏ ਹਾਂ। ਤੁਸੀਂ ਸਾਨੂੰ ਤਿੰਨ ਪ੍ਰਸ਼ਨਾਂ ਦੇ ਉੱਤਰ ਅੱਧੇ ਕੁ ਘੰਟੇ ਵਿੱਚ ਤਿਆਰ ਕਰ ਦਿਓ। ਬਸ ਤੁਸੀਂ ਡਟ ਜਾਓ। ਅਸੀਂ ਜਦ ਤੱਕ ਬੈਠੇ ਹਾਂ ਨਾਲੇ ਚਾਹ ਪੀ ਲੈਂਦੇ ਹਾਂ।”

ਪ੍ਰੋਫੈਸਰ ਐਸੇ ਹਾਲਤ ਵਿੱਚ ਫਸਿਆ ਕਿ ਉਹ ਜਵਾਬ ਨਹੀਂ ਦੇ ਸਕਦਾ ਸੀ। ਭਾਵੇਂ ਇਹ ਗ਼ੈਰ ਕਾਨੂੰਨੀ ਕੰਮ ਸੀ ਪਰ ਮਾਨ ਨੇ ਹਾਲਾਤ ਐਸੇ ਬਣਾ ਦਿੱਤੇ ਕਿ ਇਹ ਕੰਮ ਉਹਨੂੰ ਕਰਨਾ ਹੀ ਪਿਆ। ਪ੍ਰੋਫੈਸਰ ਨੇ ਅੱਧੇ ਘੰਟੇ ਵਿੱਚ ਅੰਗਰੇਜੀ ਵਿਆਕਰਣ ਦੇ ਇਹ ਸਵਾਲ ਹੱਲ ਕਰ ਦਿੱਤੇ। ਇੰਨੇ ਚਿਰ ਵਿੱਚ ਮਾਨ ਸਾਹਿਬ ਨਹੀਂ, ਬੇਈਮਾਨ ਸਾਹਿਬ, ਤੇ ਪੁਲਿਸ ਚਾਹ ਪੀ ਚੁੱਕੇ ਸਨ। ਉਹ ਪੁਲਿਸ ਪਾਰਟੀ ਨੂੰ ਲੈ ਕੇ ਸ਼ਹਿਰ ਦੇ ਡੀ. ਏ. ਵੀ. ਕਾਲਜ ਵਲ ਚਲੇ ਗਏ।

ਕਾਲਜ ਤੋਂ ਸੇਵਾ ਮੁਕਤ ਹੋ ਕੇ ਮਾਨ ਕੈਨੇਡਾ ਆਪਣੇ ਲੜਕੇ ਪਾਸ ਚਲਾ ਗਿਆ ਸੀ। ਕੈਨੇਡਾ ਵਿੱਚ ਉਦੋਂ ਕੁ ਗੁਰਦਾਸ ਮਾਨ ਦਾ ਸ਼ੋਅ ਸੀ। ਸ਼ੋਅ ਵਾਲਾ ਦਿਨ ਮਾਨ ਲਈ ਉਸਦੇ ਜੀਵਨ ਦਾ ਸਭ ਤੋਂ ਖੁਸ਼ੀ ਵਾਲ਼ਾ ਤੇ ਨਾਲ ਦੀ ਨਾਲ ਸਭ ਤੋਂ ਵੱਧ ਉਦਾਸੀ ਵਾਲਾ ਦਿਨ ਹੋ ਨਿੱਬੜਿਆ। ਖੁਸ਼ੀ ਇਸ ਗੱਲ ਦੀ ਸੀ ਕਿ ਉਸਦਾ ਗੋਤੀ ਇੱਕ ਬਹੁਤ ਵੱਡਾ ਕਲਾਕਾਰ ਸੀ। ਲੋਕ ਵਹੀਰਾਂ ਘੱਤ ਕੇ ਗੁਰਦਾਸ ਮਾਨ ਦੇ ਸ਼ੋਅ ਨੂੰ ਦੇਖਣ ਲਈ ਜਾ ਰਹੇ ਸਨ। ਉਦਾਸੀ ਇਸ ਗੱਲ ਦੀ ਹੋ ਗਈ ਕਿ ਗੁਰਦਾਸ ਮਾਨ ਦੇ ਸ਼ੋਅ ਦੌਰਾਨ ਉਦੋਂ ਸ਼ੋਰ ਮਚ ਗਿਆ ਜਦ ਉਹਨੇ ਭਾਰਤ ਵਾਸਤੇ ‘ਇੱਕ ਦੇਸ਼ ਇੱਕ ਭਾਸ਼ਾ’ ਦਾ ਮੁੱਦਾ ਉਲਾਰ ਦਿੱਤਾ। ਦਰਸ਼ਕਾਂ ਨੇ ਉਹਨੂੰ ਪੰਜਾਬੀ ਦਾ ਗੱਦਾਰ ਕਹਿ ਕੇ ਭੰਡ ਦਿੱਤਾ। ਗੁਰਦਾਸ ਮਾਨ ਨੇ ਗੁੱਸੇ ਵਿੱਚ ਆ ਕੇ ਕਿਸੇ ਵਾਸਤੇ ਚੰਦ ਐਸੇ ਸ਼ਬਦ ਵਰਤ ਦਿੱਤੇ ਜਿਹੜੇ ਇੱਕ ਗੰਦਾ ਪ੍ਰਗਟਾਵਾ (Expletive) ਸਨ। ਸ਼ਾਇਦ ਉਸ ਦਿਨ ਤੋਂ ਲੈ ਕੇ ਅੱਜ ਤੱਕ ਗੁਰਦਾਸ ਮਾਨ ਪੰਜਾਬੀਆਂ ਵਿੱਚ ਮੁੜ ਉਹ ਸ਼ਾਖ ਕਾਇਮ ਨਹੀਂ ਕਰ ਸਕੇ ਜਿਹੜੀ ਉਸਦੀ ਪਿਛਲੇ ਤਿੰਨ ਦਹਾਕਿਆਂ ਤੋਂ ਕਾਇਮ ਸੀ। ਸਾਡਾ ਮਾਨ ਵੀ ਸ਼ੋਅ ਵਿੱਚ ਮਚੇ ਹੱਲੇ ਤੋਂ ਬਹੁਤ ਉਦਾਸ ਹੋਇਆ ਸੀ।

ਕੈਨੇਡਾ ਵਿੱਚ ਰਹਿੰਦੇ ਹੋਏ ਮਾਨ ਦੇ ਤਿੰਨ ਕੁ ਸਾਲ ਠੀਕ ਬੀਤੇ ਕਿਉਂਕਿ ਉਸਦੀ ਘਰਵਾਲ਼ੀ ਉਸਦੇ ਨਾਲ ਸੀ। ਕੁਝ ਪੈਸੇ ਵੀ ਉਸ ਪਾਸ ਸਨ ਜਿਹੜੇ ਕਿ ਉਸਨੂੰ ਨੌਕਰੀ ਤੋਂ ਫੰਡ ਦੇ ਰੂਪ ਵਿੱਚ ਮਿਲੇ ਸਨ। ਪ੍ਰਾਈਵੇਟ ਕਾਲਜਾਂ ਵਿੱਚ ਪੈਨਸ਼ਨ ਦਾ ਪ੍ਰਾਵਧਾਨ ਨਹੀਂ ਸੀ। ਫੰਡ ਦੇ ਪੈਸੇ ਜਦ ਡਾਲਰਾਂ ਵਿੱਚ ਤਬਦੀਲ ਹੋਏ ਤਾਂ ਇਹ ਬਹੁਤ ਘਟ ਗਏ। ਲੜਕਾ ਉਸਨੂੰ ਖਰਚ ਨਹੀਂ ਦਿੰਦਾ ਸੀ ਕਿਉਂਕਿ ਉਹ ਸਹੁਰਿਆਂ ਦੇ ਪ੍ਰਭਾਵ ਥੱਲੇ ਜਿਆਦਾ ਸੀ ਤੇ ਆਪਣੀ ਘਰਵਾਲ਼ੀ ਦੀ ਵੱਧ ਸੁਣਦਾ ਸੀ। ਸਰਕਾਰ ਦੀਆਂ ਸਹੂਲਤਾਂ ਮਾਨ ਨੂੰ ਅਜੇ ਕਈ ਸਾਲਾਂ ਬਾਅਦ ਮਿਲਣੀਆਂ ਸ਼ੁਰੂ ਹੋਣੀਆਂ ਸਨ। ਲੜਕਾ ਮਾਂ ਪਿਓ ਨੂੰ ਆਪਣੇ ਨਾਲ਼ ਰੱਖਣ ਤੋਂ ਇਨਕਾਰੀ ਸੀ। ਇਸ ਲਈ ਮਾਨ ਤੇ ਉਸਦੀ ਘਰਵਾਲ਼ੀ ਇੱਕ ਬੇਸਮੈਂਟ ਵਿੱਚ ਅੱਡ ਰਹਿੰਦੇ ਸਨ। ਮਾਨ ਨੂੰ ਸਿਆਣੀ ਉਮਰ ਵਿੱਚ ਵੀ ਕੰਮ ਕਰਨਾ ਪੈਂਦਾ ਸੀ ਕਿਉਂਕਿ ਉਹ ਸਰਕਾਰੀ ਭੱਤੇ ਤੋਂ ਵਾਂਝਾ ਸੀ। ਥੋੜ੍ਹੀ ਦੇਰ ਬਾਅਦ ਉਸਦੀ ਘਰਵਾਲ਼ੀ ਪੂਰੀ ਹੋ ਗਈ। ਹੁਣ ਮਾਨ ਇਕੱਲਾ ਰਹਿ ਗਿਆ।

ਤੁਸੀਂ ਸੋਚੋ ਇੱਕ ਇਕੱਲਾ ਬੁੱਢਾ ਬੰਦਾ ਬੇਸਮੈਂਟ ਵਿੱਚ ਰਹੇ, ਉਹਨੂੰ ਸਰਕਾਰ ਤੋਂ ਕੋਈ ਪੈਸਾ ਮਿਲੇ ਨਾ ਤੇ ਉਸਦਾ ਆਪਣਾ ਮੁੰਡਾ ਉਸਦੀ ਬਾਤ ਨਾ ਪੁੱਛੇ ਤਾਂ ਉਸਦਾ ਕੀ ਹਾਲ਼ ਹੋਵੇਗਾ? ਆਪਣੀ ਮਾੜੀ ਸੋਚ ਦਾ ਖਮਿਆਜਾ ਮਾਨ ਨੇ ਇਸ ਮਨੁੱਖੀ ਜਨਮ ਵਿੱਚ ਹੀ ਭੁਗਤ ਲਿਆ!!
***

*’ਲਿਖਾਰੀ’ ਵਿਚ ਪ੍ਰਕਾਸ਼ਿਤ ਹੋਣ ਵਾਲੀਆਂ ਸਾਰੀਆਂ ਹੀ ਰਚਨਾਵਾਂ ਵਿਚ ਪ੍ਰਗਟਾਏ ਵਿਚਾਰਾਂ ਨਾਲ ‘ਲਿਖਾਰੀ’ ਦਾ ਸਹਿਮਤ ਹੋਣਾ ਜ਼ਰੂਰੀ ਨਹੀਂ। ਹਰ ਲਿਖਤ ਵਿਚ ਪ੍ਰਗਟਾਏ ਵਿਚਾਰਾਂ ਦਾ ਜ਼ਿੰਮੇਵਾਰ ਕੇਵਲ ‘ਰਚਨਾ’ ਦਾ ਕਰਤਾ ਹੋਵੇਗਾ।
*
***
1193
***

+ ਲਿਖਾਰੀ ਵਿੱਚ ਛਪੀਆਂ ਰਚਨਾਵਾਂ ਦਾ ਵੇਰਵਾ

Dr. Avtar S. Sangha
BA ( Hons. English) MA English, Ph.D English--- Punjab
Graduate Dip In Education--- NSW ( Australia)
Lecturer in English in a college in Punjab for 25 years.
Teacher in Sydney--- 6 years
Now retired
Author of 8 books
**
sangha_avtar@hotmail.com

My latest book of short English fiction STORM IN A TEACUP AND OTHER STORIES can be seen on
DESIBUZZ CANADA
**
The Punjabi book of short stories edited by me and published by Azad Book Depot Amritsar 5 PARVAASI KAHANIKAAR is now available in the market.
**

ਅਵਤਾਰ ਐਸ ਸੰਘਾ

Dr. Avtar S. Sangha BA ( Hons. English)  MA English,  Ph.D English--- Punjab Graduate Dip In Education--- NSW ( Australia) Lecturer in English  in a college  in Punjab for 25 years. Teacher in Sydney--- 6 years Now retired Author of 8 books ** sangha_avtar@hotmail.com My latest book of short English fiction STORM IN A TEACUP AND OTHER STORIES can be seen on DESIBUZZ CANADA ** The Punjabi book of short stories  edited by me and published  by Azad Book Depot Amritsar  5 PARVAASI KAHANIKAAR  is now available in the market. **

View all posts by ਅਵਤਾਰ ਐਸ ਸੰਘਾ →