22 July 2024

ਕਹਾਣੀ: ਫੇਰ ਮਿਲਾਂਗੇ — ਹਰਕੀਰਤ ਕੌਰ ਚਹਿਲ

ਹਰਕੀਰਤ ਕੌਰ ਚਹਿਲ

ਪਰਵਾਸੀ ਲੇਖਿਕਾ ਹਰਕੀਰਤ ਕੌਰ ਚਹਿਲ ਬਹੁਪੱਖੀ ਲੇਖਿਕਾ ਹੈ। ਉਸ ਨੇ ਕਹਾਣੀ, ਨਾਵਲ, ਸਫ਼ਰਨਾਮਾ ਅਤੇ ਸਵੈ-ਜੀਵਨੀ ਦੀ ਵਿਧਾ ਨੂੰ ਆਪਣੀ ਕਲਮ ਦੇ ਕਲਾਵੇ ਵਿਚ ਲਿਅਾ। ਨਾ ਕੇਵਲ ਆਪਣੀਅਾਂ ਰਚਨਾਵਾਂ ਨੂੰ ਸਫ਼ਲਤਾ ਸਹਿਤ ਸਰੰਜਾਮ ਦਿੱਤਾ ਸਗੋਂ ਪ੍ਰਸਿਧੀ ਵੀ  ਹਾਸਲ ਕੀਤੀ ਅਤੇ ਪੰਜਾਬੀ ਸਾਹਿਤਕ ਜਗਤ ਵਿਚ ਆਪਣੀ ਵਿਸ਼ੇਸ਼ ਥਾਂ ਵੀ ਬਣਾਈ। ਇਹ ਕਹਿੰਦਿਆ ਸੰਕੋਚ ਨਹੀਂ ਹੁੰਦਾ ਕਿ ਗਲਪਕਾਰੀ ਵਿੱਚ ਉਸਦਾ ਇੱਕ ਆਪਣਾ ਹੀ ਸਰਲ, ਵੱਖਰਾ ਅਤੇ ਰੌਚਕ ਅੰਦਾਜ਼ੇ-ਬਿਅਾਂ ਹੈ। 

ਹਰਕੀਰਤ ਕੌਰ ਚਹਿਲ ਦੀਅਾਂ ਹੁਣ ਤੱਕ ਇੱਕ ਦਰਜਨ ਦੇ ਲਗਪਗ ਪੁਸਤਕਾਂ ਛੱਪ ਚੁੱਕੀਅਾਂ ਹਨ ਜਿਹਨਾਂ ਵਿਚ ਦੋ ਕਹਾਣੀ ਸੰਗ੍ਰਹਿ: 1 “ਪਰੀਆਂ ਸੰਗ ਪਰਵਾਜ਼” 2016 ਛਪ ਕੇ ਆਇਆ ਤਾਂ ਸਾਹਿਤ ਜਗਤ ਵਿੱਚ ਖ਼ੂਬ ਪ੍ਰਵਾਨ ਹੋਇਆ, ਅਤੇ 2. ਕਹਾਣੀ ਸੰਗ੍ਰਹਿ “ਫੇਰ ਮਿਲਾਂਗੇ” ਇਸ ਹੀ ਚਲੰਤ ਸਾਲ 2024 ਵਿਚ ਪ੍ਰਕਾਸ਼ਿਤ ਹੋਇਆ।

2017 ਵਿੱਚ ਉਸਦੀ ਲੰਬੀ ਕਹਾਣੀ “ਤੇਰੇ ਬਾਝੋਂ” ਨਾਵਲ ਦਾ ਰੂਪ ਧਾਰਨ ਕਰ ਗਈ ਤੇ ਛਪ ਗਈ। 2018 ਵਿੱਚ ਵੱਡ-ਅਕਾਰੀ ਨਾਵਲ “ਥੋਹਰਾਂ ਦੇ ਫੁੱਲ” ਆਇਆ। 2019 ਵਿੱਚ ਤੀਜਾ ਨਾਵਲ “ਆਦਮ-ਗ੍ਰਹਿਣ” ਲਿਖਿਆ ਜਿਸਦਾ ਹੁਣ ਤੱਕ ਚਾਰ ਭਾਸ਼ਾਵਾਂ ਵਿੱਚ ਤਰਜਮਾ ਹੋ ਚੁੱਕਿਆ ਹੈ। “ਤੀਜੀ ਮਖ਼ਲੂਕ” ਸ਼ਾਹਮੁਖੀ ਵਿੱਚ ਪਾਕਿਸਤਾਨ ਵਿਚ ਛਪੀ, Eclipded Humanity ਅੰਗਰੇਜ਼ੀ ਵਿਚ, ਅਤੇ ਆਦਮ-ਗ੍ਰਹਿਣ (ਹਿੰਦੀ) ਇੰਡੀਆ ਨੈੱਟ ਪਬਲੀਕੇਸ਼ਨ ਦਿੱਲੀ ਵੱਲੋਂ ਛਾਪਿਆ ਗਿਆ।

2020 ਵਿੱਚ ਸਵੈ-ਜੀਵਨੀ ਅੰਸ਼ “ਇੰਜ ਪ੍ਰਦੇਸਣ ਹੋਈ”, 2021 ਵਿੱਚ ਲਾਹੌਰ ਸਫ਼ਰਨਾਮਾ “ਲੱਠੇ ਲੋਕ ਲਾਹੌਰ ਦੇ”, 2022 ਵਿੱਚ ਨਾਵਲ ਚੰਨਣ ਰੁੱਖ, 2023 ਸਫ਼ਰਨਾਮਾ “ਰਾਵੀ ਦੇਸ ਹੋਇਆ ਪ੍ਰਦੇਸ” ਆਇਆ। ਵੰਡ ਤੇ ਅਧਾਰਿਤ ਨਾਵਲ “ਚਿਰਾਗ਼ਾਂ ਵਾਲੀ ਰਾਤ” ਛਪਿਅਾ ਅਤੇ ਕਹਾਣੀ “ਅਧੂਰੇ ਖਤ” ਤੇ ਆਧਾਰਿਤ ਟੈਲੀ ਫ਼ਿਲਮ ਵੀ ਬਣੀ।

ਹਰਕੀਰਤ ਕੌਰ ਚਹਿਲ ਦੀਅਾਂ ਰਚਨਾਵਾਂ ਨੂੰ ਪੰਜਾਬ ਦੀਆਂ ਵੱਖ ਵੱਖ ਸਾਹਿਤਕ ਸਭਾਵਾਂ: ਲੁਧਿਆਣਾ, ਪਟਿਆਲ਼ਾ, ਕੋਟਕਪੁਰਾ, ਮੋਗਾ, ਮਾਨਸਾ ਦੇ ਸਾਹਿਤਕ ਮੰਚਾਂ ਨੇ ਪਛਾਣਿਆ ਅਤੇ ਸਨਮਾਨਿਤ ਕੀਤਾ। ਉਸਦੀ ਕਹਾਣੀ “ਭੜਾਸ” ਨੂੰ ਮਾਨ ਯਾਦਗਾਰੀ ਸਮਾਰੋਹ ਵਿੱਚ ਸਰਵੋਤਮ ਕਹਾਣੀਆਂ ਵਿੱਚ ਚੁਣ ਕੇ ਕੈਨੇਡਾ ਵਿੱਚ ਸਨਮਾਨ ਦਿੱਤਾ ਗਿਆ। 

1 “ਆਦਮ-ਗ੍ਰਹਿਣ” ਨਾਵਲ ਨੂੰ ਢਾਹਾਂ ਅੰਤਰ-ਰਾਸ਼ਟਰੀ ਅੈਵਾਰਡ 2020 ਨਾਲ ਨਿਵਾਜਿਆ ਗਿਆ। ਇੰਝ ਹੀ 2. ਡਾ ਆਤਮ ਹਮਰਾਹੀ ਅੈਵਾਰਡ 2022, 3.  ਦਿਲ ਦਰਿਆ ਸੰਸਥਾ ਵੱਲੋ ‘ਆਦਮ ਗ੍ਰਹਿਣ’ ਨਾਵਲ ਨੂੰ ਸਰਵੋਤਮ ਨਾਵਲ 2021, 4. ਸ. ਭਾਗ ਸਿੰਘ ਅਤੇ ਸੁਰਜੀਤ ਕੌਰ ਮੈਮੋਰੀਅਲ ਐਵਾਰਡ,ਅਤੇ 5. ਵਾਰਸ ਸ਼ਾਹ ਅੰਤਰ-ਰਾਸ਼ਟਰੀ ਪੁਰਸਕਾਰ 2023 ਲਾਹੌਰ ਵਿੱਚ ਮਿਲਿਆ। 

ਅਜਿਹੀ ਸ-ਸ਼ਕਤ ਕਹਾਣੀਕਾਰ ਹਰਕੀਰਤ ਕੌਰ ਚਹਿਲ ਦੀ ਬਹੁਤ ਹੀ ਪਿਆਰੀ ਕਹਾਣੀ ‘ਫੇਰ ਮਿਲਾਂਗੇ’ ਲਿਖਾਰੀ’ ਦੇ ਪਾਠਕਾਂ ਗੋਚਰੇ ਕਰਦਿਅਾਂ ਪਰਸੰਨਤਾ ਦਾ ਅਨੁਭਵ ਹੋ ਰਿਹਾ ਹੈ। ਸ਼ਹਿਰ ਦਾ ਸਭ ਤੋਂ ਵੱਡਾ ਦਰਿੰਦਾ ‘ਡੌਨ ਮਾਰਕ’ ਦਾ ਚਰਿਤ੍ਰ ਤਾਂ ਪੜ੍ਹਨ-ਵੇਖਣ ਵਾਲਾ ਹੈ ਜਿਸਨੂੰ ਬਹੁਤ ਤਿਰਛੀ ਨਜ਼ਰ ਨਾਲ ਟਟੋਲਦਿਅਾਂ ਪਰ ਪੂਰਾ ਇਨਸਾਫ਼ ਕਰਦਿਅਾਂ ਲੇਖਿਕਾ ਨੇ ਰੂਪਮਾਨ ਕੀਤਾ ਹੈ ਜੋ ਆਪਣੀ 9 ਸਾਲ ਦੀ ਲਿੰਫੋਮਾ ਕੈਂਸਰ ਨਾਲ ਜੂਝਦੀ ਜਰਮਨ ਸ਼ੈਪਰਡ ਕੁੱਤੀ ਲੈ ਕੇ ਇਲਾਜ ਲਈ ਆਉਂਦਾ ਹੈ। ਇਲਾਜ ਕਰਾਉਂਦਾ ਹੋਇਅਾ ਅੰਤ ‘ਕੁੱਤੀ’ ਦੀ ਮੌਤ ਕਾਰਨ ‘ਡੌਨ ਮਾਰਕ’ ਜਿੰਦਹੀਨ ਹੋ ਕੇ ਸੰਵੇਦਨਾ ਨਾਲ ਲਬਰੇਜ਼ ਹੋ ਜਾਂਦਾ ਹੈ। ਬਹੁਤ ਹੀ ਸਰਲ ਪਰ ਸਪਸ਼ਟ ਸ਼ਬਦਾਂ ਵਿਚ ਕਹਾਣੀ ਨੂੰ ਗੁੰਦਦੀ ਹੋਈ ਕਹਾਣੀਕਾਰਾ ਹਰਕੀਰਤ ਕੌਰ ਅਛੋਪਲੇ ਹੀ ਪਾਠਕਾਂ ਨੂੰ ਆਪਣੀ ਕਹਾਣੀ ਨਾਲ ਜੋੜ ਲੈਂਦੀ ਹੈ। ਪਾਠਕ ਉਤਸੁਕਤਾ ਅਤੇ ਦਿਲਚਸਪੀ ਨਾਲ ਕਹਾਣੀ ਦਾ ਅੰਤ ਕਿਆਸਦਾ ਰਹਿੰਦਾ ਹੈ ਪਰ ਉਸਦੀ ਕਹਾਣੀ ਇੱਕ ਅਨੂਠਾ ਹੀ ਅੰਤ ਦੇਣ ਵਿਚ ਸਫ਼ਲ ਰਹਿੰਦੀ ਹੈ। — ਲਿਖਾਰੀ

“ਓਹ ਮਾਈ ਗੌਡ…ਪਤੈ ਆਪਣੇ ਹਸਪਤਾਲ ਅੱਜ ਕੌਣ ਆਇਆ?” ਰਿਸੈਪਸ਼ਨ ਡੈਸਕ ਤੋਂ ਅੰਦਰ ਜਾਂਦਿਆਂ ਹੀ ਰੈਂਡੀ ਨੇ ਬੜੀ ਹੀ ਅਸਚਰਜਤਾ ਨਾਲ ਸਰਜਰੀ ਰੂਮ ਵਿਚ ਜਰਮਨ ਸ਼ੈਪਰਡ ਕੁੱਤੇ ਦੀ ਸਰਜਰੀ ਕਰਦੇ ਡਾਕਟਰ ਕੇਸੀ ਨੂੰ ਕਿਹਾ।

“ਕੌਣ ਹੈ? ਕਲਾਇੰਟ ਹੀ ਹੋਊ ਕੋਈ। ਹੋਰ ਸਾਡੇ ਕਿਹੜਾ ਮਾਮੇ ਜਾਂ ਭੂਆ ਦਾ ਮੁੰਡਾ ਬੈਠਾ ਐਥੇ ਆਉਣ ਨੂੰ।” ਮੂੰਹ ’ਤੇ ਪਾਏ ਮਾਸਕ ’ਚੋਂ ਹੱਸਦਿਆਂ ਕੇਸੀ ਅਕਸਰ ਹੀ ਅਜਿਹੀ ਗੱਲ ਕਰ ਦਿੰਦਾ ਜਿਸ ਦੀ ਸਟਾਫ਼ ਨੂੰ ਉੱਕਾ ਹੀ ਸਮਝ ਨਾ ਪੈਂਦੀ।

“ਇਹ ਸ਼ਹਿਰ ਦਾ ਸਭ ਤੋਂ ਵੱਡਾ ਡੌਨ ਮਾਰਕ ਹੈ। ਮੇਰੇ ਨਾਲ ਪੜ੍ਹਦਾ ਹੁੰਦਾ ਸੀ। ਅੱਜ ਬਹੁਤ ਸਾਲਾਂ ਬਾਅਦ ਵੇਖਿਆ। ਸੁਣਿਆ ਕਿ ਕਈ ਕਤਲ ਦੀਆਂ ਵਾਰਦਾਤਾਂ ਪਿੱਛੇ ਇਸ ਦਾ ਹੱਥ ਹੈ।” ਦਬਵੀਂ ਆਵਾਜ਼ ਵਿਚ ਰੈਂਡੀ ਬੋਲੀ।

“ਅੱਛਾ? ਜੇ ਇੰਨਾ ਹੀ ਵੱਡਾ ਦੋਸ਼ੀ ਹੈ ਤਾਂ ਕਨੇਡਾ ਦੀ ਪੁਲਿਸ ਕਿਉਂ ਅੱਖਾਂ ਮੀਟੀ ਫਿਰਦੀ ਹੈ। ਫੜ੍ਹ ਕਿਉਂ ਨਹੀਂ ਲੈਂਦੇ?” ਸੂਈ ਨਾਲ ਟਾਂਕਿਆਂ ਦੀ ਰਫ਼ਤਾਰ ਤੇਜ਼ ਕਰਦਾ ਡਾਕਟਰ ਕੇਸੀ ਬੋਲਿਆ।

“ਇਹ ਲੋਕ ਅਸਲ ਵਿਚ ਜੀਨੀਅਸ ਹੁੰਦੇ ਨੇ। ਐਵੇਂ ਤਾਂ ਨਹੀਂ ਡੌਨ ਦੀ ਪਦਵੀ ਮਿਲਦੀ? ਇਹ ਕੋਈ ਪਰੂਫ਼ ਹੀ ਨਹੀਂ ਛੱਡਦਾ ਹੋਣਾ। ਕਨੇਡਾ ਦੇ ਕਾਨੂੰਨ ਅਨੁਸਾਰ ਦੋਸ਼ੀ ਕਰਾਰ ਦੇਣ ਲਈ ਸਬੂਤ ਦਾ ਹੋਣਾ ਲਾਜ਼ਮੀ ਹੈ। ਪਰ ਇਹ ਸੱਚੀਂ ਹੀ ਬਹੁਤ ਖ਼ਤਰਨਾਕ ਇਨਸਾਨ ਹੈ।” ਰੈਂਡੀ ਫਿਰ ਉਤਸੁਕਤਾ ਨਾਲ ਭਰੀ ਜਾਣਕਾਰੀ ਦੇ ਰਹੀ ਸੀ।
“ਪਰ ਇੱਥੇ ਕੀ ਕਰਨ ਆਇਆ? ਕੰਮ ਦੀ ਗੱਲ ਦੱਸੋ?” ਡਾਕਟਰ ਕੇਸੀ ਬੋਲਿਆ।

“ਆਪਣੀ 9 ਸਾਲ ਦੀ ਜਰਮਨ ਸ਼ੈਪਰਡ ਕੁੱਤੀ ਲੈ ਕੇ ਆਇਆ ਹੈ। ਲਿੰਫੋਮਾ ਕੈਂਸਰ ਹੈ। ਉਸਦੇ ਪਹਿਲੇ ਵੈਟ (ਡਾਕਟਰ) ਨੇ ਜਵਾਬ ਦੇ ਦਿੱਤਾ ਹੈ ਤੇ ਜਿਸ ਕਰਕੇ ਮਾਰਕ ਬਹੁਤ ਖ਼ਫ਼ਾ ਹੈ। ਇਕ ਗੱਲ ਦੱਸਾਂ, ਧਿਆਨ ਨਾਲ ਸੁਣਿਓ। ਟ੍ਰੀਟਮੈਂਟ ਬਹੁਤ ਸੋਚ ਸਮਝ ਕੇ ਕਰਨਾ ਪੈਣਾ ਹੈ, ਨਹੀਂ ਤਾਂ ਇਸ ਨੇ ਤੁਹਾਨੂੰ ਐਗਜ਼ਾਮ ਰੂਮ ਵਿਚ ਹੀ ਗੋਲੀ ਮਾਰ ਦੇਣੀ ਹੈ। ਇਹੋ ਜਿਹੇ ਸਿਰ ਫਿਰੇ ਇਨਸਾਨ ਦਾ ਕੁਝ ਨਹੀਂ ਕਿਹਾ ਜਾ ਸਕਦਾ। ਇਹ ਕੁੱਤੀ ਇਸ ਨੂੰ ਆਪਣੇ ਬੱਚੇ ਸਮਾਨ ਹੈ।” ਡਰੀ ਹੋਈ ਰੈਂਡੀ ਬੋਲੀ।

“ਹਾ…ਹਾ…ਹਾ…ਅਸੀਂ ਤਾਂ ਬੇਜ਼ਬਾਨਿਆਂ ਦੀ ਜਾਨ ਬਚਾਉਣ ਦਾ ਕੰਮ ਕਰਦੇ ਹਾਂ, ਪਰ ਮੌਤ ਵੀ ਅਟੱਲ ਸਚਾਈ ਹੈ। ਜੇ ਅੱਜ ਕੋਈ ਸਾਡੀ ਜਾਨ ਲੈਣ ਆਇਆ ਤਾਂ ਉਹ ਵੀ ਗੌਡ ਆਲਮਾਈਟੀ ਨੇ ਹੀ ਭੇਜਿਆ ਹੋਣੈ ਰੈਂਡੀ … ਡਰ ਨਾ, ਉਸ ਨੂੰ ਐਗਜ਼ਾਮ ਰੂਮ ਵਿਚ ਪਾ … ਮੈਂ ਪੰਜ ਜਾਂ ਦਸ ਮਿੰਟ ਵਿਚ ਸਰਜਰੀ ਖ਼ਤਮ ਕਰਕੇ ਆਉਂਦਾ ਹਾਂ।”

ਸਾਰਾ ਸਟਾਫ਼ ਆਨੀ-ਬਹਾਨੀਂ ਡੌਨ ਮਾਰਕ ਨੂੰ ਦੇਖਣ ਲਈ ਕਦੇ ਸ਼ੀਸ਼ੇ ਵਾਲੇ ਦਰਵਾਜ਼ੇ ਵਿਚੋਂ ਝਾਤੀ ਮਾਰਦਾ ਤਾਂ ਕਦੇ ਕੁੜੀਆਂ ਬਹਾਨੇ ਨਾਲ ਰਿਸੈਪਸ਼ਨ ਏਰੀਏ ਵਿਚੋਂ ਫਾਈਲ ਚੁੱਕਣ ਜਾਂ ਧਰਨ ਜਾਂਦੀਆਂ ਗੇੜੇ ਮਾਰ ਰਹੀਆਂ ਸਨ ਜਿਵੇਂ ਕਿ ਕੋਈ ਹਾਲੀਵੁੱਡ ਦਾ ਹੀਰੋ ਆਇਆ ਹੋਵੇ।

ਛੇ ਫੁੱਟ ਤਿੰਨ ਇੰਚ ਲੰਮਾ, ਗੋਰਾ ਗੁਲਾਬੀ ਰੰਗ, ਭੂਰੇ ਵਾਲ, ਤਿੱਖੇ ਤਿੱਖੇ ਨੀਲੇ ਨੈਣ, ਫਿੱਕੇ ਗੁਲਾਬੀ ਰੰਗ ਦੀ ਟੀ-ਸ਼ਰਟ, ਨੀਲੀ ਜੀਨ ਪੈਂਟ ਅਤੇ ਮਹਿੰਗੇ ਚਿੱਟੇ ਸਪੋਰਟਸ ਜੁੱਤਿਆਂ ਵਿਚ ਮਾਰਕ ਵਾਕਿਆ ਹੀ ਦਰਸ਼ਨੀ ਪਹਿਲਵਾਨ ਵਰਗੀ ਦਿੱਖ ਵਾਲਾ ਦਿਲਕਸ਼ ਨੌਜਵਾਨ ਸੀ। ਪਰ ਉਸਦੇ ਮੱਥੇ ਤੇ ਤਿਊੜੀਆਂ, ਅੱਖਾਂ ਵਿਚ ਨਫ਼ਰਤ ਤੇ ਨਖ਼ਰੇ ਦਾ ਸੁਮੇਲ ਝਲਕਾਂ ਮਾਰ ਰਿਹਾ ਸੀ।

ਡਾਕਟਰ ਕੇਸੀ ਨੇ ਸਰਜਰੀ ਖ਼ਤਮ ਕਰਦਿਆਂ ਹੀ ਰੈਂਡੀ ਤੋਂ ਫਾਈਲ ਫੜ ਕੇ ਕੇਸ ਹਿਸਟਰੀ ਪੜ੍ਹਦਿਆਂ ਪੁੱਛਿਆ, “ਕੀ ਚਾਹੁੰਦਾ ਹੈ ?”

“ਸੈਕਿੰਡ ਓਪੀਨੀਅਨ … ਉਹ ਕਹਿੰਦਾ ਹੈ ਕਿ ਸ਼ਹਿਰ ਦੇ ਸਾਰੇ ਡਾਕਟਰਾਂ ਦੇ ਇੰਟਰਨੈੱਟ ਤੋਂ ਰੀਵਿਊ ਪੜ੍ਹ ਕੇ ਆਇਆ ਹਾਂ, ਸੁਣਿਆ ਅਤੇ ਪੜ੍ਹਿਆ ਇਹੀ ਹੈ ਕਿ ਤੇਰਾ ਡਾ. ਕੇਸੀ ਸਭ ਤੋਂ ਵੱਧ ਸੰਵੇਦਨਸ਼ੀਲ ਤੇ ਦਿਆਲੂ ਡਾਕਟਰ ਹੈ ਤੇ ਮੈਂ ਉਮੀਦ ਕਰਦਾ ਹਾਂ ਕਿ ਉਹ ਮੇਰੀ ਆਸ ਉਮੀਦ ’ਤੇ ਪੂਰਾ ਉੱਤਰੇਗਾ। ਮੇਰੀ ਸ਼ੀਬਾ ਮੇਰੀ ਬੱਚੀ, ਮੇਰੀ ਜਾਨ ਹੈ। ਮੈਂ ਇਸ ਲਈ ਕੁਝ ਵੀ ਕਰ ਸਕਦਾ ਹਾਂ।” ਰੈਂਡੀ ਨੇ ਡੌਨ ਮਾਰਕ ਦੇ ਸ਼ਬਦਾਂ ਨੂੰ ਦੁਹਰਾਉਂਦਿਆਂ ਦੱਸਿਆ।

ਦਰਵਾਜ਼ਾ ਖੜਕਾ ਕੇ ਐਗਜ਼ਾਮ ਰੂਮ ਵਿਚ ਦਾਖ਼ਲ ਹੁੰਦਿਆਂ ਹੀ ਡਾ. ਕੇਸੀ ਨੇ ਗੁੱਡ ਮਾਰਨਿੰਗ ਕਹੀ ਅਤੇ ਫ਼ਰਸ਼ ’ਤੇ ਲਿਟੀ ਪਈ ਸ਼ੀਬਾ ਨੂੰ ਪਲੋਸਣਾ ਸ਼ੁਰੂ ਕਰ ਦਿੱਤਾ। ਚੁੱਪ-ਚਾਪ ਸ਼ਾਂਤ ਸ਼ੀਬਾ ਪੂਛ ਹਿਲਾ ਕੇ ਕੇਸੀ ਦੇ ਪਿਆਰ ਭਰੇ ਵਤੀਰੇ ਨੂੰ ਸਵੀਕਾਰ ਕਰ ਰਹੀ ਸੀ। ਉਂਜ ਵੀ ਉਹ ਹਸਪਤਾਲ ਦੀਆਂ ਫੇਰੀਆਂ ਦੀ ਆਦੀ ਹੋ ਗਈ ਸੀ।

ਸਟੈਥੋਸਕੋਪ ਨਾਲ ਦਿਲ ਦੀ ਧੜਕਣ ਚੈੱਕ ਕਰਦੇ ਤੇ ਜਬਾੜ੍ਹਿਆਂ ਦੇ ਰੰਗ ਨੂੰ ਦੇਖਦੇ ਡਾ. ਕੇਸੀ ਨੇ ਸ਼ੀਬਾ ਦੇ ਖਾਣ, ਪੀਣ ਤੇ ਭੁੱਖ ਬਾਰੇ ਪ੍ਰਸ਼ਨ ਕੀਤਾ ਤਾਂ ਮਾਰਕ ਨੇ ਦੱਸਿਆ, “ਸਭ ਕੁਝ ਸਹੀ ਹੈ, ਕੋਈ ਪਤਾ ਨਹੀਂ ਲੱਗਦਾ ਕਿ ਇਹ ਬਿਮਾਰ ਹੈ। ਸਿਰਫ਼ ਭਾਰ ਘਟ ਰਿਹੈ ਅਤੇ ਛੇਤੀ ਥੱਕ ਜਾਂਦੀ ਹੈ। ਵਰਤਾਓ ਵਿਚ ਬਹੁਤ ਹਲੀਮੀ ਆ ਗਈ ਹੈ, ਸ਼ਾਇਦ ਦਰਦ ਵਿਚ ਰਹਿੰਦੀ ਹੋਵੇ। ਡਾ. ਤੁਸੀਂ ਰਿਪੋਰਟਾਂ ਦੇਖੋ ਤੇ ਛੇਤੀ ਇਲਾਜ ਸ਼ੁਰੂ ਕਰ ਦਿਓ।” ਖਰਵੀਂ ਤੇ ਹੁਕਮ ਭਰੇ ਲਹਿਜ਼ੇ ਵਿਚ ਮਾਰਕ ਬੋਲਿਆ।

ਕਾਗ਼ਜ਼ਾਂ ਨੂੰ ਫਰੋਲਦਿਆਂ, ਪੜ੍ਹਦਿਆਂ ਡਾ. ਕੇਸੀ ਬੋਲਿਆ, “ਥਰਡ ਸਟੇਜ ਹੈ ਮਿਸਟਰ ਮਾਰਕ। ਬਿਮਾਰੀ ਨੂੰ ਠੱਲ੍ਹ ਪਾ ਕੇ ਜ਼ਿੰਦਗੀ ਥੋੜ੍ਹੀ ਲੰਮੀ ਜ਼ਰੂਰ ਕੀਤੀ ਜਾ ਸਕਦੀ ਹੈ। ਇਲਾਜ ਕਾਫ਼ੀ ਮਹਿੰਗਾ ਹੋਵੇਗਾ ਅਤੇ ਸਿਰਫ਼ ਸਪੈਸ਼ਲਿਸਟ (ਆਨਕੌਲੋਜਿਸਟ) ਹੀ ਕਰ ਸਕਦਾ ਹੈ।”

“ਮੈਂ ਪੈਸੇ ਦੀ ਪਰਵਾਹ ਨਹੀਂ ਕਰਦਾ। ਕੌਣ ਹੈ ਸਪੈਸ਼ਲਿਸਟ ਤੇ ਕਿੱਥੇ ਹੈ? ਰੈਫ਼ਰ ਕਰੋ, ਮੈਂ ਹੁਣੇ ਹੀ ਲੈ ਜਾਂਦਾ ਹਾਂ।” ਮਾਰਕ ਬੋਲਿਆ।

“ਠੀਕ ਹੈ, ਕਿਉਂਕਿ ਮੈਂ ਨਹੀਂ ਚਾਹੁੰਦਾ ਕਿ ਦੁਬਾਰਾ ਟੈਸਟਾਂ, ਐਕਸ-ਰੇ ਆਦਿ ਦੇ ਚੱਕਰ ਵਿਚ ਪਾ ਕੇ ਮੈਂ ਤੁਹਾਡਾ ਸਮਾਂ ਤੇ ਪੈਸਾ ਬਰਬਾਦ ਕਰਾਂ। ਇਮਾਨਦਾਰੀ ਨਾਲ ਦੱਸਦਾ ਹਾਂ ਕਿ ਇਹ ਇਲਾਜ ਸਿਰਫ਼ ਵੱਡੇ ਹਸਪਤਾਲ ਜੋ ਕਿ ਵੈਨਕੂਵਰ ਵਿਚ ਹਨ, ਉੱਥੇ ਹੀ ਹੋ ਸਕਦਾ ਹੈ। ਰੇਡੀਏਸ਼ਨ, ਕੀਮੋਥੈਰਿਪੀ ਆਦਿ ਇਲਾਜ ਕਰਨ ਦੀ ਸਹੂਲਤ ਛੋਟੇ ਸ਼ਹਿਰਾਂ ਵਿਚ ਨਹੀਂ ਹੈ।”

“ਬਹੁਤ ਬਹੁਤ ਸ਼ੁਕਰੀਆ ਡਾ. ਕੇਸੀ, ਪਲੀਜ਼ ਰੈਫ਼ਰ ਕਰ ਕੇ ਮੇਰੀ ਅਪਉਆਇੰਟਮੈਂਟ ਬਣਾ ਦਿਓ…।” ਪਹਿਲੀ ਵਾਰ ਨਰਮੀ ਦਾ ਰੁਖ਼ ਅਪਣਾਉਂਦਾ ਮਾਰਕ ਬੋਲਿਆ।

ਫ਼ਰੰਟ ਡੈਸਕ ਤੋਂ ਰੈਂਡੀ ਨੇ ਫਟਾ-ਫਟ ਰੈਫਰੈਂਸ ਫ਼ਾਰਮ ਭਰ ਕੇ ਕੇਸੀ ਦੇ ਸਾਈਨ ਕਰਵਾ ਕੇ ਸਪੈਸ਼ਲਿਸਟ ਨੂੰ ਫ਼ੈਕਸ ਕਰ ਦਿੱਤਾ। ਫ਼ੋਨ ’ਤੇ ਤਾਰੀਕ ਪੱਕੀ ਕੀਤੀ ਅਤੇ ਇਕ ਛੋਟੇ ਜਿਹੇ ਵਿਜ਼ਟਿੰਗ ਕਾਰਡ ਦੇ ਪਿੱਛੇ ਤਾਰੀਖ਼ ਤੇ ਪਤਾ ਲਿਖਦਿਆਂ ਬੜੀ ਆਸ ਤੇ ਉਮੀਦ ਨਾਲ ਰੈਂਡੀ ਨੇ ਨਿੱਘੇ ਜਿਹੇ ਬੋਲਾਂ ਨਾਲ ਸਕੂਨ ਦਿੱਤਾ।

ਸੁੱਖੀਂ ਸਾਂਦੀ ਬਲਾ ਟਲ ਗਈ, ਡਰਦਾ ਸਟਾਫ਼ ਸੋਚ ਕੇ ਖ਼ੁਸ਼ ਸੀ ਕਿਉਂਕਿ ਕਈ ਵਾਰ ਰਿਸੈਪਸ਼ਨ ਡੈਸਕ ਤੇ ਪਰੇਸ਼ਾਨੀ ਮਾਰੇ ਲੋਕ ਅਵਾ-ਤਵਾ ਬੋਲ ਜਾਂਦੇ ਸਨ। ਡਾ. ਕੇਸੀ ਵੀ ਸਹੀ ਸਲਾਹ ਦੇ ਕੇ ਸੰਤੁਸ਼ਟ ਸੀ।

ਸਰਦੀ ਦੀ ਰੁੱਤ ਉੱਤਰ ਚੁੱਕੀ ਸੀ। ਚਿਲਾਵੈਕ ਵੈਲੀ ਦੇ ਪਹਾੜੀ ਇਲਾਕੇ ਵਿਚ ਬਰਫ਼ਬਾਰੀ ਆਮ ਸਾਲਾਂ ਵਾਂਗ ਅਕਤੂਬਰ ਦੇ ਮਹੀਨੇ ਹੀ ਸ਼ੁਰੂ ਹੋ ਗਈ ਸੀ। ਸਾਰੀ ਰਾਤ ਪਈ ਬਰਫ਼ ਨੇ ਸ਼ਹਿਰ ਨੂੰ ਚਿੱਟੀ ਚਾਦਰ ਦੀ ਤਰ੍ਹਾਂ ਢਕ ਲਿਆ ਸੀ। ਕੋਈ ਕੋਈ ਇੱਕਾ-ਦੁੱਕਾ ਵਾਹਨ ਹੀ ਸੜਕਾਂ ’ਤੇ ਨਜ਼ਰ ਆ ਰਿਹਾ ਸੀ। ਹਸਪਤਾਲ ਵਿਚ ਵੀ ਅੱਜ ਬਹੁਤੀ ਰੌਣਕ ਨਹੀਂ ਸੀ। ਛੋਟੀਆਂ ਛੋਟੀਆਂ ਦੋ ਤਿੰਨ ਸਰਜਰੀਆਂ ਕਰਕੇ ਜਿਉਂ ਹੀ ਡਾ. ਕੇਸੀ ਨੇ ਕੌਫ਼ੀ ਦਾ ਕੱਪ ਚੁੱਕ ਕੇ ਫ਼ਾਈਲਾਂ ਲਿਖਣੀਆਂ ਸ਼ੁਰੂ ਕੀਤੀਆਂ ਤਾਂ ਜੇਮੀ ਨੇ ਆ ਕੇ ਕਿਹਾ, “ਕੋਈ ਕਲਾਇੰਟ ਹੈ, ਤੁਹਾਨੂੰ ਪਹਿਲਾਂ ਵੀ ਮਿਲ ਚੁੱਕਿਆ ਹੈ। ਕੰਪਿਊਟਰ ਵਿਚ ਦਰਜ ਹੈ, ਪਰ ਕੋਈ ਟਰੀਟਮੈਂਟ ਜਾਂ ਪੇਮੈਂਟ ਦਾ ਰਿਕਾਰਡ ਨਹੀਂ ਹੈ। ਅੱਜ ਵੀ ਵਾਕ-ਇੰਨ ਹੀ ਆਇਆ, ਬਿਨਾਂ ਬੁਕਿੰਗ ਤੋਂ ਹੀ, ਜੇ ਕਹੋ ਤਾਂ ਰੂਮ ਵਿਚ ਪਾ ਦਿਆਂ?” ਪਤਲੀ ਪਤੰਗ ਸਰੀਰ ਦੀ ਗੋਰੀ ਜੇਮੀ ਸਦਾ ਦੀ ਤਰ੍ਹਾਂ ਮਾਣ ਸਤਿਕਾਰ ਨਾਲ ਲਪੇਟੇ ਬੋਲ ਕੱਢਦੀ ਬੋਲੀ।

“ਹਾਂ…ਹਾਂ, ਕਿਉਂ ਨਹੀਂ। ਅੱਜ ਤਾਂ ਮੇਰੇ ਕੋਲ ਵਾਧੂ ਟਾਈਮ ਹੈ। ਆ ਜਾਣ ਦਿਓ।” ਕੇਸੀ ਨੇ ਫਾਈਲ ’ਤੇ ਅੱਖਰ ਝਰੀਟਦਿਆਂ ਬਿਨਾਂ ਦੇਖਿਆਂ ਹੀ ਜੁਆਬ ਦਿੱਤਾ। ਕਿੱਲੀ ’ਤੇ ਟੰਗੇ ਚਿੱਟੇ ਐਪਰਨ ਨੂੰ ਪਾ ਕੇ ਜਿਉਂ ਹੀ ਡਾ. ਕੇਸੀ ਐਗਜ਼ਾਮ ਰੂਮ ਵਿਚ ਪਹੁੰਚੇ ਤਾਂ ਮਾਰਕ ਫੇਰ ਅੱਜ ਸ਼ੀਬਾ ਨੂੰ ਲਈ ਖੜ੍ਹਾ ਸੀ। ਅੱਖਾਂ ਵਿਚ ਅੰਤਾਂ ਦੀ ਬੇਬਸੀ ਤੇ ਚਿਹਰੇ ‘ਤੇ ਦਰਦ ਦੀਆਂ ਝਰੀਟਾਂ ਦਿਖਾਈ ਦੇ ਰਹੀਆਂ ਸਨ ਕਿ ਹਾੜ੍ਹਾ ਮੇਰੀ ਬੱਚੀ ਦੀ ਜਾਨ ਸੁਖਾਲੀ ਰੱਖਣ ਲਈ ਮਦਦ ਕਰ, ਰੱਬ ਨੇ ਤੇਰੇ ਹੱਥੀਂ ਇਹ ਬਰਕਤ ਬਖ਼ਸ਼ੀ ਹੈ। “ਗੁੱਡ ਆਫ਼ਟਰ-ਨੂਨ” ਕਹਿੰਦੇ ਡਾ. ਕੇਸੀ ਨੇ ਪੁੱਛਿਆ, “ਕਿਵੇਂ ਚੱਲ ਰਿਹੈ ਹੈ ਇਲਾਜ? ਮੈਂ ਕੀ ਮਦਦ ਕਰ ਸਕਦਾ ਹਾਂ ?”

“ਡਾ. ਕੇਸੀ, ਤੁਸੀਂ ਜਾਨਵਰ ਪ੍ਰੇਮੀ ਹੋਣ ਦੇ ਨਾਲ ਨਾਲ ਇਕ ਇਮਾਨਦਾਰ ਇਨਸਾਨ ਵੀ ਹੋ। ਸਭ ਤੋਂ ਖ਼ੂਬਸੂਰਤ ਗੱਲ ਇਹ ਹੈ ਕਿ ਸ਼ੀਬਾ ਨੂੰ ਤੁਹਾਡੇ ਤੋਂ ਡਰ ਨਹੀਂ ਲੱਗਦਾ। ਦੇਖੋ, ਦੇਖੋ, ਇਸ ਦੀ ਬੌਡੀ ਬਿਲਕੁਲ ਸ਼ੇਕ ਨਹੀਂ ਕਰ ਰਹੀ, ਜੋ ਕਿ ਹਮੇਸ਼ਾ ਦੀ ਤਰ੍ਹਾਂ ਨਹੀਂ ਹੈ। ਦੂਜੀ ਗੱਲ, ਤੁਸੀਂ ਚਾਹੇ ਜਿੰਨਾ ਮਰਜ਼ੀ ਚੱਕਰਾਂ ਵਿਚ ਪਾ ਕੇ ਮੇਰੇ ਤੋਂ ਮੂੰਹ ਮੰਗੇ ਪੈਸੇ ਬਣਾ ਸਕਦੇ ਸੀ, ਪਰ ਤੁਹਾਡੀ ਸਹੀ ਤੇ ਸਪਸ਼ਟ ਸੋਚ ਨੇ ਮੈਨੂੰ ਤੁਹਾਡਾ ਮੁਰੀਦ ਬਣਾ ਦਿੱਤਾ। ਪਰ ਹੁਣ ਮੁਸ਼ਕਿਲ ਇਹ ਹੈ ਕਿ ਸ਼ੀਬਾ ਦੀ ਉਮਰ, ਕੈਂਸਰ ਦੇ ਤੇਜ਼ ਫੈਲਾਓ ਅਤੇ ਸ਼ੂਗਰ ਦੀ ਬਿਮਾਰੀ ਹੋਣ ਕਾਰਨ ਅਗੇਰੇ ਇਲਾਜ ਵਿਚ ਕਾਫ਼ੀ ਦਿੱਕਤ ਹੋਵੇਗੀ ਅਤੇ ਇਸ ਦੀ ਸਫ਼ਲਤਾ ਦੇ ਚਾਂਸ ਵੀ ਬਹੁਤ ਘੱਟ ਹਨ। ਉਨ੍ਹਾਂ ਨੇ ਵੀ ਟੈਸਟਾਂ ਤੋਂ ਬਾਦ ਮੋਟੀ ਰਕਮ ਬਟੋਰ ਕੇ ਮੈਨੂੰ ਦਰਦ ਨਿਵਾਰਕ ਦਵਾਈਆਂ ਦੇਣ ਦੀ ਹੀ ਤਰਜੀਹ ਦਿੱਤੀ ਹੈ।”

ਲੰਮਾ ਤੇ ਡੂੰਘਾ ਹਉਕਾ ਭਰਦਾ ਡਾ. ਕੇਸੀ ਬੋਲਿਆ, “ਆਈ ਸੀ, ਸੌਰੀ ਡੀਅਰ। ਆਪਾਂ ਹੁਣ ਸਿਰਫ਼ ਇਸ ਦੀ ਰਹਿੰਦੀ ਜ਼ਿੰਦਗੀ ਸੌਖੀ ਕਰਨ ਬਾਰੇ ਹੀ ਸੋਚ ਸਕਦੇ ਹਾਂ, ਹੋਰ ਬਹੁਤਾ ਕੁਝ ਸੰਭਵ ਨਹੀਂ ਹੈ।”

“ਮੈਂ ਤੁਹਾਡੇ ਕੋਲ ਦਰਦ ਦੀ ਦਵਾਈ ਲੈਣ ਹੀ ਆਇਆ ਹਾਂ। ਮੇਰੀ ਬੱਚੀ ਨੂੰ ਰਤਾ ਪੀੜ ਨਾ ਹੋਵੇ। ਜਿੰਨੀ ਵੀ ਜ਼ਿੰਦਗੀ ਬਚੀ ਹੈ, ਭੱਜੀ ਫਿਰਦੀ, ਖੇਡਦੀ ਬਸਰ ਕਰੇ। ਇਹੀ ਮੇਰੀ ਤਮੰਨਾ ਹੈ।” ਹੰਝੂਆਂ ਨੂੰ ਭੂਰੀ ਦਾੜ੍ਹੀ ਤੱਕ ਆਉਂਦਿਆਂ ਨੂੰ ਪੂੰਝ ਕੇ ਮਾਰਕ ਨੇ ਭਰੇ ਮਨ ਨਾਲ ਕਿਹਾ।

“ਤੁਸੀਂ ਫ਼ਿਕਰ ਨਾ ਕਰੋ ਮਾਰਕ, ਮੈਂ ਬਹੁਤ ਵਧੀਆ ਪੇਨ-ਕਿੱਲਰ ਦੇ ਦੇਵਾਂਗਾ। ਜਦੋਂ ਵੀ ਦਵਾਈ ਮੁੱਕ ਜਾਵੇ, ਲੋੜ ਪੈਣ ‘ਤੇ ਰਿਸੈਪਸ਼ਨ ਤੋਂ ਖ਼ਰੀਦ ਕੇ ਲੈ ਜਾਇਆ ਕਰੋ। ਮੈਂ ਫਾਈਲ ਤੇ ਰੀਫ਼ਿਲ ਲਿਖ ਦਿੰਦਾ ਹਾਂ। ਇਸ ਤਰ੍ਹਾਂ ਹਰ ਵਾਰ ਤੁਹਾਨੂੰ ਮੈਨੂੰ ਮਿਲਣ ਦੀ ਲੋੜ ਵੀ ਨਹੀਂ ਪਏਗੀ। ਪਰ ਹਾਂ, ਜੇ ਮੇਰੀ ਕਿਸੇ ਤਰ੍ਹਾਂ ਸਲਾਹ ਦੀ ਲੋੜ ਪਵੇ ਤਾਂ ਮੈਂ ਹਾਜ਼ਰ ਹਾਂ।”

ਫ਼ਾਈਲ ‘ਤੇ ਦਵਾਈ ਲਿਖ ਕੇ ਡਾ. ਕੇਸੀ ਨੇ ਸ਼ੀਬਾ ਦਾ ਸਿਰ ਤੇ ਪਿੱਠ ਪਲੋਸਦਿਆਂ ਕਿਹਾ, “ਤੂੰ ਬਹੁਤ ਬਹਾਦਰ ਏਂ ਸ਼ੀਬਾ। ਤੂੰ ਹਰ ਹਾਲ ਲੜੇਂਗੀ, ਮੈਨੂੰ ਪਤਾ ਹੈ।” ਥਾਪੀ ਦੇ ਕੇ ਅੱਖਾਂ ਦੀ ਨਮੀ ਛੁਪਾਉਂਦਾ ਡਾ. ਕੇਸੀ ਐਗਜ਼ਾਮ ਰੂਮ ਵਿਚੋਂ ਬਾਹਰ ਚਲੇ ਗਿਆ।

ਮਾਰਕ ਹਰ 15 ਦਿਨ ਬਾਅਦ ਦਵਾਈ ਖ਼ਰੀਦ ਕੇ ਲੈ ਜਾਂਦਾ। ਭਾਰ ਘਟਣ ਨਾਲ ਦਵਾਈ ਦੀ ਮਿਕਦਾਰ (ਡੋਜ਼) ਵੀ ਘਟਾ ਦਿੱਤੀ ਜਾਂਦੀ। ਦਸੰਬਰ ਦਾ ਮਹੀਨਾ ਆ ਚੁੱਕਿਆ ਸੀ। ਕ੍ਰਿਸਮਿਸ ਦੇ ਦਿਨ ਨੇੜੇ ਸਨ। ਸ਼ਹਿਰ ਵਿਚ ਚਾਰੇ ਪਾਸੇ ਚਹਿਲ-ਪਹਿਲ ਸੀ। ਪਰ ਮਾਰਕ ਅਤੇ ਉਸਦੀ ਪਤਨੀ ਐਨੀ ਬੇਹੱਦ ਉਦਾਸ ਰਹਿੰਦੇ। ਸ਼ੀਬਾ ਹੁਣ ਲਗਭਗ ਤੁਰਨ ਤੋਂ ਵੀ ਅਸਮਰੱਥ ਹੋ ਚੁੱਕੀ ਸੀ। ਉਸ ਨੂੰ ਚੁੱਕ ਕੇ ਹੀ ਅੰਦਰ ਬਾਹਰ ਲੈ ਕੇ ਜਾਂਦੇ।

ਇਕ ਰਾਤ ਉਹ ਦਰਦ ਨਾਲ ਕਰਾਹੁੰਦੀ ਸਾਰੀ ਰਾਤ ਚਊਂ-ਚਊਂ ਕਰਦੀ ਰੋਂਦੀ ਰਹੀ। ਮਾਰਕ ਵੀ ਉਸਦੇ ਨਾਲ ਜ਼ਮੀਨ ‘ਤੇ ਦਰੀ ਸੁੱਟ ਕੇ ਪਿਆ ਰਿਹਾ। ਸ਼ਾਇਦ ਦਰਦ ਦੀ ਦਵਾਈ ਕੰਮ ਕਰਨੋਂ ਹਟ ਗਈ ਸੀ। ਸਵੇਰੇ ਕਿਤੇ ਜਾ ਕੇ ਸ਼ੀਬਾ ਤੇ ਮਾਰਕ ਦੀ ਅੱਖ ਲੱਗੀ।

ਕੁਝ ਚਿਰ ਬਾਅਦ ਹਸਪਤਾਲ ਖੁੱਲ੍ਹਣ ਸਾਰ ਹੀ ਮਾਰਕ ਕਾਰ ਲੈ ਕੇ ਡਾ. ਕੇਸੀ ਦੇ ਹਸਪਤਾਲ ਜਾ ਖੜਿਆ।
ਰਿਸੈਪਸ਼ਨ ‘ਤੇ ਖੜ੍ਹੀ ਕਰਿਸਟਨ ਨੇ ਮਦਦ ਲਈ ਜਿਉਂ ਹੀ ਪੁੱਛਿਆ ਤਾਂ ਮਾਰਕ ਮਸਾਂ ਹੀ ਬੋਲਿਆ, “ਮੈਂ ਆਪਣੀ ਸ਼ੀਬਾ ਦਾ ਯੂਥੇਨੇਸੀਆ ਕਰਾਉਣਾ ਹੈ।” ਉਸਦੇ ਬੋਲ ਗਲ਼ੇ ਵਿਚ ਅਟਕੇ ਤੇ ਉਸਨੇ ਫਟਾ-ਫਟ ਸੌਰੀ ਬੋਲਿਆ ਤੇ ਨੀਵੀਂ ਪਾ ਲਈ।

“ਕਿਸ ਤਰ੍ਹਾਂ ਦੀ ਕਰੀਮੇਸ਼ਨ ਚਾਹੁੰਦੇ ਹੋ?” ਅਜੇ ਕਰਿਸਟਨ ਅਲੱਗ ਅਲੱਗ ਤਰ੍ਹਾਂ ਦੀਆਂ ਕਰੀਮੇਸ਼ਨ ਪਾਲਿਸੀਆਂ ਦੱਸਣਾ ਹੀ ਚਾਹੁੰਦੀ ਸੀ ਤਾਂ ਮਾਰਕ ਫਟਾ-ਫਟ ਬੋਲਿਆ, “ਪ੍ਰਾਈਵੇਟ ਐਂਡ ਸਿੰਗਲ, ਮੈਨੂੰ ਇਸ ਦੀਆਂ ਐਸ਼ਿਜ (ਅਸਥੀਆਂ) ਵੀ ਚਾਹੀਦੀਆਂ ਹਨ ਅਤੇ ਉਸਦੇ ਪੰਜੇ ਦਾ ਨਿਸ਼ਾਨ ਵੀ ਫ਼ਰੇਮ ਵਿਚ ਜੜਾਉਣਾ ਹੈ। ਮੇਰੀ ਅਪਉਆਇੰਟਮੈਂਟ ਕੱਲ੍ਹ ਦੀ ਬਣਾ ਦਿਓ ਅਤੇ ਪੇਮੈਂਟ ਵੀ ਹੁਣੇ ਹੀ ਲੈ ਲਵੋ।”

ਕਰਿਸਟਨ ਨੇ ਕੰਪਿਊਟਰ ’ਤੇ ਬਿੱਲ ਬਣਾਇਆ ਅਤੇ ਹੌਲੀ ਹੌਲੀ ਦੇਣੇ ਬੋਲੀ, “ਸਰ, ਸਿਕਸ ਹੰਡਰਡ ਐਂਡ ਫਿਫਟੀ ਡਾਲਰਜ਼। ਤੁਸੀਂ ਕੱਲ੍ਹ ਸਵੇਰੇ ਦਸ ਵਜੇ ਆ ਜਾਣਾ।” ਫਟਾ-ਫਟ ਪੈਂਟ ਦੀ ਜੇਬ ‘ਚੋਂ ਹੱਥ ਪਾ ਕੇ ਪਰਸ ਕੱਢ ਕੇ ਮਾਰਕ ਨੇ ਸੌ ਸੌ ਡਾਲਰ ਦੇ ਸੱਤ ਨੋਟ ਕਾਊਂਟਰ ‘ਤੇ ਰੱਖ ਦਿੱਤੇ ਅਤੇ ਬੋਲਿਆ, “ਮੈਂ ਆਪਣੇ ਪਰਿਵਾਰ ਸਮੇਤ ਕੱਲ੍ਹ ਦਸ ਵਜੇ ਇੱਥੇ ਹੋਵਾਂਗਾ, ਪਰ ਇਕ ਫ਼ੇਵਰ ਭਾਲਦਾ ਹਾਂ ਕਿ ਹਸਪਤਾਲ ਵਿਚ ਸਟਾਫ਼ ਤੋਂ ਇਲਾਵਾ ਹੋਰ ਕੋਈ ਨਾ ਹੋਵੇ। ਅਸੀਂ ਸ਼ਾਂਤ ਮਾਹੌਲ ਵਿਚ ਅਲਵਿਦਾ ਕਹਿਣੀ ਚਾਹੁੰਦੇ ਹਾਂ।”

“ਠੀਕ ਹੈ” ਕਹਿੰਦੀ ਕਰਿਸਟਨ ਨੇ ਜਿਉਂ ਹੀ ਟਿੱਲ ਵਿਚੋਂ 50 ਡਾਲਰ ਬਕਾਇਆ ਵਾਪਸ ਦੇਣ ਲਈ ਕੱਢਿਆ ਤਾਂ ਮਾਰਕ ਅੱਖਾਂ ਬੰਦ ਕਰਕੇ ਨਾਂਹ ਵਿਚ ਸਿਰ ਫੇਰਦਾ ਬੋਲਿਆ, “ਇਹ ਤੁਹਾਡੇ ਸਭ ਲਈ ਹਨ। ਤੁਸੀਂ ਖ਼ੂਬਸੂਰਤ ਲੋਕ ਹੋ। ਕੱਲ੍ਹ ਨੂੰ ਸ਼ੀਬਾ ਦੇ ਤੁਰ ਜਾਣ ਤੋਂ ਬਾਅਦ ਤੁਸੀਂ ਸਭ ਨੇ ਬੈਠ ਕੇ ਕੌਫ਼ੀ ਪੀਣਾ ਤੇ ਉਸਦੀ ਰੂਹ ਦੀ ਸ਼ਾਂਤੀ ਲਈ ਪ੍ਰਾਰਥਨਾ ਕਰ ਦੇਣਾ।” ਕਹਿ ਕੇ ਮੋਟੇ ਮੋਟੇ ਹੰਝੂਆਂ ਨੂੰ ਟਿਸ਼ੂ ਪੇਪਰ ਨਾਲ ਪੂੰਝਦਾ ਮਾਰਕ ਕਾਹਲ਼ੇ ਕਦਮੀਂ ਹਸਪਤਾਲ ਤੋਂ ਬਾਹਰ ਨਿਕਲ਼ ਗਿਆ।

ਅਗਲੀ ਸਵੇਰ ਅੱਠ ਵਜੇ ਰੈਂਡੀ ਤੇ ਜੇਮੀ ਅਜੇ ਹਸਪਤਾਲ ਦਾ ਦਰਵਾਜ਼ਾ ਖੋਲ੍ਹ ਕੇ ਸਕਿਉਰਿਟੀ ਅਲਾਰਮ ਬੰਦ ਹੀ ਕਰ ਰਹੀਆਂ ਸਨ ਕਿ ਫ਼ੋਨ ਦੀ ਘੰਟੀ ਵੱਜੀ। ਜੇਮੀ ਨੇ ਭੱਜ ਕੇ ਜਾ ਕੇ ਰਸੀਵਰ ਚੁੱਕਿਆ ਤੇ ਹੈਲੋ ਦੇ ਨਾਂ ਮਿੱਠੀ ਮਿੱਠੀ ਗੁੱਡ ਮਾਰਨਿੰਗ ਕੀਤੀ। ਅੱਗਿਉਂ ਆਵਾਜ਼ ਆਈ, “ਗੁੱਡ ਮਾਰਨਿੰਗ ਜੇਮੀ, ਮੈਂ ਮਾਰਕ ਬੋਲਦਾ ਹਾਂ, ਸ਼ੀਬਾ ਦਾ ਡੈਡ। ਆਈ ਐਮ ਸੌਰੀ ਜੇਮੀ, ਮੈਂ ਅੱਜ ਦਸ ਵਜੇ ਦੀ ਐਪਉਆਇੰਟਮੈਂਟ ਕੈਂਸਲ ਕਰਨੀ ਹੈ। ਸ਼ਾਇਦ ਸ਼ੀਬਾ ਜਾਣ ਗਈ ਸੀ ਕਿ ਇਹ ਉਸਦੀ ਆਖ਼ਰੀ ਰਾਤ ਹੈ। ਉਸਨੇ ਦਰਦ ਦੇ ਬਾਵਜੂਦ ਵੀ ਚੂੰਅ ਨਹੀਂ ਕੀਤੀ। ਬੱਸ ਅੱਖਾਂ ’ਚੋਂ ਪਰਲ-ਪਰਲ ਹੰਝੂ ਵਹਾਉਂਦੀ ਰਹੀ ਤੇ ਮੈਂ ਪੂੰਝਦਾ ਰਿਹਾ। ਸੱਚ ਜਾਣੀ, ਉਹ ਜਿਵੇਂ ਕਹਿ ਰਹੀ ਸੀ—ਮੰਮ ਐਂਡ ਡੈਡ, ਮੈਂ ਤੁਹਾਡੇ ਨਾਲ ਕ੍ਰਿਸਮਿਸ ਬਿਤਾਉਣਾ ਚਾਹੁੰਦੀ ਹਾਂ। ਉਸਦੀ ਇਸ ਇੱਛਾ ਨੇ ਮੈਨੂੰ ਵੀ ਸਾਰੀ ਰਾਤ ਕਸ਼ਮਕਸ਼ ਵਿਚ ਸੌਣ ਨਹੀਂ ਦਿੱਤਾ। ਅਤੇ ਹੁਣ ਮੈਂ ਤੇ ਮੇਰੀ ਪਤਨੀ ਐਨੀ ਨੇ ਫ਼ੈਸਲਾ ਕੀਤਾ ਹੈ ਕਿ ਅਸੀਂ ਇਹ ਕ੍ਰਿਸਮਿਸ ਸ਼ੀਬਾ ਨਾਲ ਹੀ ਮਨਾਵਾਂਗੇ, ਬਹੁਤ ਹੀ ਸ਼ਾਨਦਾਰ ਤਰੀਕੇ ਨਾਲ ਮਨਾਵਾਂਗੇ। ਮੈਂ ਕੁਝ ਦਿਨਾਂ ਤੱਕ ਤਰੀਕ ਬੁੱਕ ਕਰਾਂਗਾ। ਡਾ. ਕੇਸੀ ਨੂੰ ਮੇਰੇ ਤਰਫ਼ੋਂ ਗੁਸਤਾਖ਼ੀ ਮੁਆਫ਼ ਲਈ ਕਹਿਣਾ।”

“ਕੋਈ ਗੱਲ ਨਹੀਂ ਮਾਰਕ, ਜਿਵੇਂ ਤੁਹਾਡੀ ਮਰਜ਼ੀ … ਜਦੋਂ ਵੀ ਲੋੜ ਪਈ ਤਾਂ ਫ਼ੋਨ ਕਰਨਾ। ਅਸੀਂ ਹਾਜ਼ਰ ਹੋਵਾਂਗੇ ਡੀਅਰ … ਆਸ ਕਰਦੀ ਹਾਂ ਕਿ ਤੁਹਾਡੀ ਕ੍ਰਿਸਮਿਸ ਸ਼ਾਨਦਾਰ ਹੋਵੇਗੀ…।” ਕਹਿੰਦੀ ਜੇਮੀ ਨੇ ਫ਼ੋਨ ਦਾ ਰਸੀਵਰ ਰੱਖ ਦਿੱਤਾ।
ਕ੍ਰਿਸਮਿਸ ਲੰਘ ਚੁੱਕੀ ਸੀ। ਪੂਰੇ ਤਿੰਨ ਦਿਨ ਬਾਦ 28 ਦਸੰਬਰ ਨੂੰ ਸਾਰਾ ਸਟਾਫ਼ “ਲੰਚ ਐਂਡ ਲਰਨ” ਅਟੈਂਡ ਕਰਕੇ ਖਾਣਾ ਖਾਂਦਾ ਖ਼ੁਸ਼ੀਆਂ ਮਨਾ ਰਿਹਾ ਸੀ।

ਫ਼ੋਨ ਦੀ ਘੰਟੀ ਵੱਜੀ, “ਹੈਲੋ, ਮੈਂ ਮਾਰਕ ਬੋਲਦਾ ਹਾਂ…।”
“ਹੈਲੋ ਮਾਰਕ, ਕਿਵੇਂ ਹੈ ਸ਼ੀਬਾ?” ਰੈਂਡੀ ਨੇ ਪੁੱਛਿਆ।

ਲੰਮੇ ਤੇ ਡੂੰਘੇ ਹਉਕੇ ਬਾਅਦ ਮਾਰਕ ਬੋਲਿਆ—“ਹੌਲੀ ਹੌਲੀ ਕਮਜ਼ੋਰ ਹੋ ਰਹੀ ਹੈ। ਮੈਂ ਉਸ ਨੂੰ ਖੁਰਦੀ ਵੇਖ ਰਿਹਾ ਹਾਂ, ਪਰ ਪਤੈ ਕ੍ਰਿਸਮਿਸ ਵਾਲੇ ਦਿਨ ਉਹ ਬਹੁਤ ਖ਼ੁਸ਼ ਸੀ। ਸੁਨਹਿਰੀ ਕਾਗ਼ਜ਼ ਵਿਚ ਲਿਪਟਿਆ ਉਸਦੇ ਮਨਪਸੰਦ ਬਿਸਕੁਟਾਂ ਦਾ ਡੱਬਾ ਖੋਲ੍ਹਿਆ ਤਾਂ ਉਹ ਪੂਛ ਹਿਲਾ-ਹਿਲਾ ਕੇ ਖ਼ੁਸ਼ੀ ਜ਼ਾਹਰ ਕਰਦੀ ਧੰਨਵਾਦ ਕਹਿ ਰਹੀ ਸੀ। ਬੜੀ ਦੇਰ ਬਾਅਦ ਉਸਨੇ ਬਿਨਾਂ ਕਹੇ ਮੇਰੇ ਹੱਥ ਤੋਂ ਚੁੱਕ ਕੇ ਬਿਸਕੁਟ ਖਾਧਾ। ਹੁਣ ਦਰਦ ਵਿਚ ਹੈ, ਸ਼ਾਇਦ ਦਵਾਈ ਵੀ ਅਸਰ ਕਰਨੋਂ ਹਟ ਗਈ ਹੈ। ਪਰ ਆਪਾਂ ਇਨਸਾਨ ਕਿੰਨੇ ਖ਼ੁਦਗਰਜ਼ ਹਾਂ। ਆਪਣੀ ਖ਼ੁਸ਼ੀ ਲਈ ਕੁਝ ਵੀ ਕਰ ਗੁਜ਼ਰਦੇ ਹਾਂ। ਰੈਂਡੀ ਮੈਨੂੰ ਮੁਆਫ਼ ਕਰੀਂ, ਹੁਣ ਮੈਂ ਇਸ ਨੂੰ ਫ਼ਰਿਆਦ ਕੀਤੀ ਹੈ ਕਿ ਨਵੇਂ ਸਾਲ ਦਾ ਸੂਰਜ ਵੇਖ ਕੇ ਜਾਵੀਂ। ਉਸਨੇ ਮੇਰੀ ਬੇਨਤੀ ਮੰਨ ਲਈ ਲੱਗਦੀ ਹੈ। ਅੱਖਾਂ ਝਪਕ ਕੇ ਉਸਨੇ ਮੇਰੀ ਗੱਲ ਦਾ ਹੁੰਗਾਰਾ ਭਰਿਆ ਹੈ ਅਤੇ ਆਪਣਾ ਕਮਜ਼ੋਰ ਜਿਹਾ ਪੰਜਾ ਮੇਰੀ ਹਥੇਲੀ ’ਤੇ ਧਰ ਕੇ ਸਾਥ ਦੇਣ ਦਾ ਵਾਅਦਾ ਕੀਤਾ ਹੈ…।” ਮਾਰਕ ਕਹਿੰਦਾ ਕਹਿੰਦਾ ਭੁੱਬੀਂ ਰੋਣ ਲੱਗਿਆ।

“ਮੈਂ ਤੇਰਾ ਦਰਦ ਮਹਿਸੂਸ ਕਰ ਸਕਦੀ ਹਾਂ, ਧੀਰਜ ਰੱਖ ਡੀਅਰ ਮਾਰਕ। ਅਸੀਂ ਸਭ ਤੇਰੇ ਨਾਲ ਹਾਂ, ਤੇਰੇ ਦੁੱਖ ਵਿਚ ਸ਼ਰੀਕ ਹਾਂ…।” ਪਿਆਰ ਦੀ ਮਲ੍ਹਮ ਪੱਟੀ ਕਰਦੀ ਰੈਂਡੀ ਦਰਦ ਭਰੀ ਆਵਾਜ਼ ਵਿਚ ਬੋਲੀ।

“ਬਹੁਤ ਬਹੁਤ ਸ਼ੁਕਰੀਆ ਦੋਸਤ, ਤੂੰ ਮੇਰੇ ਮਨ ਦਾ ਭਾਰ ਹਲਕਾ ਕੀਤਾ ਹੈ। ਨਵੇਂ ਸਾਲ ਦਾ ਕੋਈ ਦਿਨ ਚੁਣ ਕੇ ਮੈਂ ਦੁਬਾਰਾ ਬੁਕਿੰਗ ਲਈ ਫ਼ੋਨ ਕਰਾਂਗਾ।” ਕਹਿ ਕੇ ਮਾਰਕ ਫ਼ੋਨ ਬੰਦ ਕਰ ਗਿਆ।

ਸਾਰਾ ਸਟਾਫ਼ ਗੱਲ-ਬਾਤ ਸੁਣ ਕੇ ਹੈਰਾਨ ਹੋ ਰਿਹਾ ਸੀ ਕਿ ਜਿਸ ਆਦਮੀ ਨੂੰ ਅਸੀਂ ਇਕ ਹਤਿਆਰਾ ਤੇ ਦੋਸ਼ੀ ਸਮਝਦੇ ਹਾਂ, ਜੋ ਬੰਦਾ ਮਾਰਨ ਲੱਗਿਆ ਪਲ ਭਰ ਲਈ ਨਹੀਂ ਸੋਚਦਾ, ਉਹ ਇਕ ਜਾਨਵਰ ਨੂੰ ਇੰਨਾ ਪਿਆਰ ਕਿਵੇਂ ਕਰ ਸਕਦਾ ਹੈ?

ਨਵੇਂ ਸਾਲ ਦਾ ਦਿਨ ਸੀ। ਹਸਪਤਾਲ ਵਿਚ ਕ੍ਰਿਸਮਿਸ ਦੀਆਂ ਲਾਈਟਾਂ ਤੇ ਹੋਰ ਸਜਾਵਟੀ ਸਮਾਨ ਅਜੇ ਵੀ ਰੱਖਿਆ ਹੋਇਆ ਸੀ। ਜਗਮਗ ਜਗਮਗ ਕਰਦਾ ਆਲ਼ਾ ਦੁਆਲ਼ਾ, ਵਧਾਈਆਂ ਦੇਣ ਵਾਲੇ ਲੋਕ ਤੋਹਫ਼ਿਆਂ ਨਾਲ ਹਾਜ਼ਰੀ ਲਵਾ ਕੇ ਨਵਾਂ ਸਾਲ ਮੁਬਾਰਕ ਕਹਿਣ ਆ ਜਾ ਰਹੇ ਸਨ। ਪਿਛਲੀ ਅੱਧੀ ਰਾਤ ਤੋਂ ਬਰਫ਼ਬਾਰੀ ਨੇ ਵੀ ਪੂਰਾ ਜ਼ੋਰ ਫੜਿਆ ਹੋਇਆ ਸੀ। ਹਵਾ ਦਾ ਬੁੱਲ੍ਹੇ ਬੁੱਕ ਭਰ ਭਰ ਕੇ ਬਰਫ਼ ਖਿੰਡਾ ਰਹੇ ਸਨ। ਧੁੰਦਲੇ ਜਿਹੇ ਦਿਨ ਵਿਚ ਬਾਹਰ ਦੂਰ ਪਾਰਕਿੰਗ ਲਾਟ ਵਿਚ ਫਲੈਸ਼ ਲਾਈਟ ਲਾਈ ਇਕ ਪਿਕਅਪ ਟਰੱਕ ਕਾਫ਼ੀ ਦੇਰ ਤੋਂ ਖੜ੍ਹਾ ਸੀ। ਵਾਈਪਰ ਹਿੱਲ ਰਹੇ ਸਨ। ਡਰਾਈਵਰ ਦੇ ਨਾਲ ਵਾਲੀ ਮੂਹਰਲੀ ਸੀਟ ’ਤੇ ਬੈਠੀ ਔਰਤ ਸਿਗਰਟ ਦੇ ਲੰਮੇ ਲੰਮੇ ਕਸ਼ ਛੱਡ ਰਹੀ ਸੀ। ਨਾ ਹੀ ਕੋਈ ਗੱਡੀ ’ਚੋਂ ਬਾਹਰ ਨਿਕਲ ਰਿਹਾ ਸੀ, ਜਿਵੇਂ ਕਿ ਕੋਈ ਕਿਸੇ ਦਾ ਇੰਤਜ਼ਾਰ ਕਰ ਰਿਹਾ ਹੋਵੇ।

ਹਸਪਤਾਲ ਵਿਚ ਪਹਿਲੀ ਐਪਉਆਇੰਟਮੈਂਟ ਸਾਢੇ ਕੁ ਨੌਂ ਵਜੇ ਆਈ। ਪੰਦਰਾਂ ਮਿੰਟ ਬਾਅਦ ਇਕ ਜੋੜਾ ਹੱਸਦਾ ਖੇਡਦਾ ਪਿੰਜਰੇ ਵਿਚ ਬੰਦ ਬਿੱਲੀ ਨੂੰ ਲੈ ਕੇ ਬਾਹਰ ਨਿਕਲਿਆ ਅਤੇ ਗੱਡੀ ਵਿਚ ਸਵਾਰ ਹੋ ਕੇ ਸ਼ਹਿਰ ਦੀ ਰਿੰਗ ਰੋਡ ਉੱਤੇ ਪੈ ਗਿਆ।

ਮੌਕਾ ਤਕਾਉਂਦਿਆਂ ਹੀ ਮਾਰਕ ਫਟਾ-ਫਟ ਖੜ੍ਹੇ ਟਰੱਕ ਦਾ ਦਰਵਾਜ਼ਾ ਖੋਲ੍ਹ ਕੇ ਬਾਹਰ ਆਇਆ ਅਤੇ ਹਸਪਤਾਲ ਦੇ ਅੰਦਰ ਵੜਦਿਆਂ ਹੀ ਰਿਸੈਪਸ਼ਨ ’ਤੇ ਖੜ੍ਹੀ ਰੈਂਡੀ ਨੂੰ ਬੋਲਿਆ, “ਮੈਂ ਡਾ. ਕੇਸੀ ਨੂੰ ਮਿਲਣਾ ਹੈ, ਐਮਰਜੈਂਸੀ ਹੈ।”
ਫਟਾ-ਫਟ ਰੈਂਡੀ ਨੇ ਡਾ. ਕੇਸੀ ਅਤੇ ਮਾਰਕ ਨੂੰ ਮਿਲਣ ਲਈ ਐਗਜ਼ਾਮ ਰੂਮ ਵਿਚ ਇੰਤਜ਼ਾਮ ਕੀਤਾ।

“ਹੈਲੋ ਡਾਕ, ਮੈਂ ਤਿਆਰ ਹਾਂ।” ਕਹਿ ਕੇ ਮਾਰਕ ਰੋਣ ਲੱਗਿਆ। “ਮੈਨੂੰ ਲੱਗਦਾ, ਹੁਣ ਸ਼ੀਬਾ ਨੂੰ ਅਲਵਿਦਾ ਕਹਿਣ ਦਾ ਸਮਾਂ ਆ ਗਿਆ ਹੈ। ਅੱਜ ਨਵੇਂ ਦਿਨ ਦੇ ਸੂਰਜ ਨੂੰ ਵੇਖਣ ਲਈ ਉਸਨੇ ਆਪਣੀ ਜਾਨ ਲਟਕਾ ਰੱਖੀ ਸੀ। ਬਹੁਤ ਤਕਲੀਫ਼ ਵਿਚ ਹੈ, ਸਾਰੀ ਰਾਤ ਖਿੱਚਵੇਂ ਸਾਹ ਲੈ ਕੇ ਕੱਢੀ ਹੈ, ਜਿਸ ਤਰ੍ਹਾਂ ਕਿ ਉਹ ਵਕਤ ਨਾਲ ਲੜ ਰਹੀ ਹੋਵੇ। ਉਹ ਆਪਣੇ ਆਪ ਸ਼ਾਇਦ ਤਾਂ ਨਹੀਂ ਜਾ ਰਹੀ ਕਿ ਮੈਨੂੰ ਪਿੱਛੋਂ ਕੋਈ ਪਛਤਾਵਾ ਨਾ ਹੋਵੇ ਕਿ ਮੈਂ ਕੁਝ ਨਹੀਂ ਕਰ ਸਕਿਆ। ਸੋ, ਆਪਾਂ ਹੁਣ ਉਸਦੀ ਜਾਣ ਵਿਚ ਮਦਦ ਕਰਨੀ ਹੈ।”

“ਜਿਵੇਂ ਤੁਸੀਂ ਕਹੋ ਮਾਰਕ।” ਡਾ. ਕੇਸੀ ਬੋਲਿਆ।

“ਡਾਕ, ਮੈਂ ਖ਼ੁਦਗਰਜ਼ ਹੋ ਕੇ ਉਸਦੀ ਤਕਲੀਫ਼ ਵਿਚ ਵਾਧਾ ਕੀਤਾ ਹੈ, ਇਸ ਲਈ ਮੈਂ ਖ਼ੁਦ ਨਾਲ ਨਰਾਜ਼ ਹਾਂ। ਤੁਸੀਂ ਵੀ ਮੈਨੂੰ ਮੁਆਫ਼ ਕਰਨਾ।” ਕਹਿੰਦਾ ਮਾਰਕ ਉੱਚੀ ਉੱਚੀ ਰੋਣ ਲੱਗਿਆ।

“ਤੂੰ ਬਹੁਤ ਖ਼ੂਬਸੂਰਤ ਇਨਸਾਨ ਹੈਂ ਮਾਰਕ, ਇਸ ਖ਼ਿਆਲ ਨਾਲ ਮਨ ਹਲਕਾ ਨਾ ਕਰ।” ਪਿੱਠ ਥਾਪੜਦਾ ਡਾ. ਕੇਸੀ ਬੋਲਿਆ।

“ਡਾਕ, ਮੈਂ ਤੇਰੇ ਨਵੇਂ ਸਾਲ ਦੇ ਨਵੇਂ ਦਿਨ ਦੀ ਸ਼ੁਰੂਆਤ ਉਦਾਸੀ ਤੋਂ ਨਹੀਂ ਕਰਨੀ ਚਾਹੁੰਦਾ ਸੀ, ਵਰਨਾ ਮੈਂ ਤਾਂ ਹਸਪਤਾਲ ਖੁੱਲ੍ਹਣ ਤੋਂ ਅੱਧਾ ਘੰਟਾ ਪਹਿਲਾਂ ਦਾ ਆਇਆ ਬਾਹਰ ਪਾਰਕਿੰਗ ਲਾਟ ਵਿਚ ਸਹੀ ਸਮੇਂ ਦੀ ਉਡੀਕ ਕਰ ਰਿਹਾ ਸੀ ਤਾਂ ਜੋ ਤੁਸੀਂ ਪਹਿਲਾਂ ਕੋਈ ਹੋਰ ਕੇਸ ਅਟੈਂਡ ਕਰ ਲਵੋਂ।” ਮਾਰਕ ਅੱਖਾਂ ਪੂੰਝਦਾ ਬੋਲਿਆ।

“ਇੰਨੀ ਦਿਆਲੂ ਸੋਚ ਲਈ ਸ਼ੁਕਰੀਆ ਮਿਸਟਰ ਮਾਰਕ, ਮੈਂ ਤੇਰੀ ਕਦਰ ਕਰਦਾ ਹਾਂ…।” ਧੰਨਵਾਦ ਕਰਦੇ ਡਾ. ਕੇਸੀ ਨੇ ਕਿਹਾ।

“ਇਕ ਗੱਲ ਹੋਰ…।” ਕਹਿ ਕੇ ਮਾਰਕ ਰੁਕਿਆ।

“ਹਾਂਜੀ ਦੱਸੋ, ਮਾਰਕ ?” ਡਾ. ਕੇਸੀ ਬੋਲਿਆ।

“ਵੇਖ ਡਾਕ, ਮੇਰੀ ਬੱਚੀ ਦੀ ਹਾਲਤ ਨਾਜ਼ੁਕ ਹੈ। ਬਹੁਤ ਹਿਲਜੁਲ ਤੇ ਚੱਕ-ਥੱਲ ਵੀ ਉਸ ਨੂੰ ਤਕਲੀਫ਼ ਦਿੰਦੀ ਹੈ। ਮੈਂ ਆਪਣਾ ਟਰੱਕ ਤੁਹਾਡੇ ਹਸਪਤਾਲ ਦੀ ਪਿਛਲੀ ਪਾਰਕਿੰਗ ਵਿਚ ਲੈ ਆਉਂਦਾ ਹਾਂ, ਉਹ ਪਿਛਲੀ ਸੀਟ ਚੁੱਕ ਕੇ ਟਰੰਕ ਵਿਚ ਖੁੱਲ੍ਹੀ ਥਾਂ ’ਤੇ ਪਈ ਹੈ ਅਤੇ ਤੁਸੀਂ ਉੱਥੇ ਹੀ…।” ਕਹਿ ਕੇ ਮਾਰਕ ਚੁੱਪ ਹੋ ਗਿਆ।

“ਬਿਲਕੁਲ ਠੀਕ ਮਾਰਕ, ਆਪਾਂ ਇੰਝ ਹੀ ਕਰਾਂਗੇ।” ਕਹਿ ਕੇ ਡਾ. ਕੇਸੀ ਨੇ ਫਿੱਕੀ ਜਿਹੀ ਮੁਸਕਰਾਹਟ ਦਿੱਤੀ।

“ਮੇਰੀ ਬੱਚੀ…ਆਪਣੀ ਮਾਂ ਜਾਣੀ ਕਿ ਮੇਰੀ ਪਤਨੀ ਐਨੀ ਦੀ ਬਿਮਾਰੀ ਆਪਣੇ ਸਿਰ ਲੈ ਕੇ ਚੱਲੀ ਹੈ। ਡਾ. ਕੇਸੀ, ਮੇਰੀ ਪਤਨੀ ਵੀ ਕੈਂਸਰ ਤੋਂ ਪੀੜਤ ਹੈ। ਉਸ ਦਾ ਇਲਾਜ ਚੱਲ ਰਿਹੈ, ਕੀਮੋਥੈਰੇਪੀ ਵਰਗੇ ਜ਼ਹਿਰੀਲੇ ਇਲਾਜ ਨੂੰ ਉਹ ਸਹਿਜੇ ਹੀ ਦਲੇਰੀ ਨਾਲ ਝੱਲ ਗਈ ਹੈ ਜੋ ਕਿ ਇਕ ਕੰਡੇ ਦੀ ਪੀੜ ਨਹੀਂ ਜਰ ਸਕਦੀ ਸੀ। ਹੁਣ ਡਾਕਟਰ ਵੀ ਕਹਿ ਰਹੇ ਹਨ ਕਿ ਉਹ ਇਸ ਨਾਮੁਰਾਦ ਬਿਮਾਰੀ ਤੋਂ ਪੱਕਾ ਖਹਿੜਾ ਛੁਡਾਉਣ ਵਿਚ ਲਗਭਗ ਕਾਮਯਾਬ ਹੈ। ਜਦੋਂ ਮੈਂ ਉਸਦੀ ਜ਼ਿੰਦਗੀ ਤੋਂ ਬੇਆਸ ਹੋਇਆ ਸਾਂ ਤਾਂ ਇਕ ਦਿਨ ਸ਼ੀਬਾ ਨੇ ਮੇਰੇ ਸੁਪਨੇ ਵਿਚ ਆ ਕੇ ਬੜੇ ਪਿਆਰ ਨਾਲ ਕਿਹਾ ਸੀ, “ਪਾਪਾ, ਮੰਮ ਤਾਂ ਤੁਹਾਡੀ ਜਾਨ ਹਨ, ਤੁਹਾਡਾ ਪਿਆਰ ਹਨ, ਮੈਂ ਉਨ੍ਹਾਂ ਦੀ ਸਲਾਮਤੀ ਲਈ ਰੱਬ ਤੋਂ ਇਹ ਰੋਗ ਆਪਣੇ ਲਈ ਮੰਗ ਲਿਆ ਹੈ।”

“ਚੁੱਪ ਕਰ…।” ਮੈਂ ਜ਼ੋਰ ਦੀ ਚਿਲਾਇਆ ਤਾਂ ਉਹ ਬੋਲੀ, “ਮੇਰੀ ਤਾਂ ਉਮਰ ਤੁਰ ਜਾਣ ਦੇ ਕਰੀਬ ਹੈ, ਕੋਈ ਪੱਜ ਤਾਂ ਚਾਹੀਦਾ ਹੀ ਹੈ ਨਾ ਰੁਖ਼ਸਤ ਹੋਣ ਲਈ? ਨਾਲੇ ਪਾਪਾ, ਮੈਂ ਵੀ ਤੁਹਾਡਾ ਆਪਣੇ ਪ੍ਰਤੀ ਪਿਆਰ ਰੱਜ ਕੇ ਮਾਨਣਾ ਚਾਹੁੰਦੀ ਹਾਂ … ਮੈਂ ਰੋ ਪਿਆ ਸੀ, ਪਰ ਸੱਚੀਂ ਦੱਸਾਂ ਡਾਕ…ਮੈਂ ਇਹ ਗੱਲਾਂ ਮੰਨਦਾ ਤਾਂ ਨਹੀਂ। ਪਰ ਸ਼ੀਬਾ ਨੂੰ ਪੂਰੇ ਇਕ ਮਹੀਨੇ ਬਾਅਦ ਕੈਂਸਰ ਡਾਇਗਨੌਜ਼ ਹੋ ਗਿਆ ਸੀ। ਇਹ ਵਫ਼ਾਦਾਰ ਜਾਨਵਰ ਸਾਡੀ ਜ਼ਿੰਦਗੀ ਦੀ ਖ਼ੈਰ ਮੰਗਦੇ, ਜਾਨ ਤੱਕ ਨਿਛਾਵਰ ਕਰ ਦਿੰਦੇ ਨੇ…ਜਿਸ ਦਰ ’ਤੇ ਬੁਰਕੀ ਖਾਂਦੇ ਨੇ, ਮਰ ਮਿਟ ਜਾਂਦੇ ਨੇ, ਕੁਰਬਾਨ ਹੋ ਜਾਂਦੇ ਨੇ। ਧੀਆਂ ਪੁੱਤਰਾਂ ਤੋਂ ਕਿਤੇ ਵੱਧ ਪਿਆਰ ਕਰਦੇ ਨੇ। ਅੱਜ ਸੱਚ ਨਾਲ ਮੇਰਾ ਜਹਾਨ ਸੁੰਨਾ ਹੋ ਜਾਣਾ ਹੈ …।” ਕਹਿ ਕੇ ਮਾਰਕ ਡਾ. ਕੇਸੀ ਨੂੰ ਚਿੰਬੜ ਕੇ ਰੋਣ ਲੱਗਿਆ। ਡਾ. ਕੇਸੀ ਵੀ ਪਿਆਰ ਦੀ ਇੰਤਹਾ ਤੇ ਇਸ ਮੋਹ ਭਰੀ ਗਾਥਾ ਨੂੰ ਸੁਣ ਕੇ ਆਪਣੇ ਹੰਝੂ ਨਾ ਰੋਕ ਸਕਿਆ। ਟਿਸ਼ੂ ਬਾਕਸ ‘ਚੋਂ ਟਿਸ਼ੂ ਚੁੱਕ ਕੇ ਮਾਰਕ ਨੂੰ ਦਿੰਦਾ ਤੇ ਆਪਣੀਆਂ ਅੱਖਾਂ ਪੂੰਝਦਾ ਬਾਹਰ ਮਿਲਣ ਲਈ ਕਹਿ ਕੇ ਉਹ ਐਗਜ਼ਾਮ ਰੂਮ ਵਿਚੋਂ ਨਿਕਲ ਗਿਆ।

ਪਿਕਅਪ ਟਰੱਕ ਹਸਪਤਾਲ ਦੀ ਪਿਛਲੀ ਪਾਰਕਿੰਗ ਵਿਚ ਆ ਖਲੋਤਾ। ਡਾ. ਕੇਸੀ, ਰੈਂਡੀ ਤੇ ਕਰਿਸਟਨ ਸਨੋਅ ਜੈਕਟਾਂ ਪਾ ਕੇ ਲੋੜੀਂਦਾ ਸਮਾਨ ਲੈ ਕੇ ਬਾਹਰ ਨਿਕਲੇ। ਸੁੰਨ ਚਾੜ੍ਹਦੀ ਬਰਫ਼ਬਾਰੀ ਵਾਲੀ ਹਵਾ ਵਗ ਰਹੀ ਸੀ। ਟਰੱਕ ਦੀ ਡਿੱਗੀ ਖੁੱਲ੍ਹੀ, ਟਰੰਕ ਵਿਚ ਖ਼ੂਬਸੂਰਤ ਗੁਲਾਬੀ ਰੰਗ ਦੇ ਨਵੇਂ ਨਕੋਰ ਬਿਸਤਰੇ ਵਿਚ ਸ਼ੀਬਾ ਜ਼ਿੰਦਗੀ ਤੇ ਮੌਤ ਨਾਲ ਲੜ ਰਹੀ ਸੀ। ਛੋਟੀਆਂ ਛੋਟੀਆਂ ਸ਼ਨੀਲ ਦੀਆਂ ਗੱਦੀਆਂ ਉਸਦੇ ਸਰੀਰ ਨੂੰ ਸਹਾਰਾ ਦੇਣ ਲਈ ਲਾਈਆਂ ਹੋਈਆਂ ਸਨ। ਗਰਮ ਕੰਬਲ ਵਿਚ ਲਿਪਟੀ ਸ਼ੀਬਾ ਦਾ ਸਿਰਫ਼ ਮੂੰਹ ਹੀ ਨੰਗਾ ਸੀ। ਕਦੇ-ਕਦੇ ਉਹ ਪਲਕ ਝਪਕ ਰਹੀ ਸੀ। ਡਾ. ਕੇਸੀ ਨੇ ਦਿਲ ਦੀ ਧੜਕਣ ਚੈੱਕ ਕੀਤੀ। ਦਿਲ ਤੇਜ਼-ਤੇਜ਼ ਧੜਕ ਰਿਹਾ ਸੀ, ਜਿਵੇਂ ਕੋਈ ਮੀਲ ਪੱਥਰ ਤਹਿ ਕਰ ਰਿਹਾ ਹੋਵੇ। ਦਿਮਾਗ਼ ਵੀ ਸੁਰਤ ਸਿਰ ਸੀ।

ਜਿਉਂ ਹੀ ਰੇਜ਼ਰ ਮਾਰ ਕੇ ਮੂਹਰਲੀ ਲੱਤ ਤੋਂ ਵਾਲ ਲਾਹੇ ਤੇ ਕੈਥੇਟਿਰ ਪਾਉਣ ਲਈ ਡਾ. ਕੇਸੀ ਨੇ ਸੂਈ ਲਾਉਣ ਦੀ ਕੋਸ਼ਿਸ਼ ਕੀਤੀ ਤਾਂ ਉਸਦੇ ਹੱਥ ਕੰਬੇ ਕਿ ਕਿਤੇ ਦਰਦ ਨਾ ਹੋਵੇ ਤੇ ਮਾਰਕ ਭੜਕ ਜਾਵੇ ਕਿਉਂਕਿ ਅਕਸਰ ਇਹ ਕੰਮ ਮਾਲਕ ਦੀ ਗ਼ੈਰਹਾਜ਼ਰੀ ਵਿਚ ਕੀਤਾ ਜਾਂਦਾ ਸੀ।

“ਮੈਨੂੰ ਪਤੈ ਡਾਕ, ਤੂੰ ਕੋਮਲ ਦਿਲ ਦਾ ਮਾਲਕ ਹੈਂ, ਡਰ ਨਾ, ਮੈਂ ਚੰਗੀ ਤਰ੍ਹਾਂ ਫੜਿਆ ਹੋਇਆ ਹੈ। ਤੂੰ ਬੇਫ਼ਿਕਰ ਹੋ ਕੇ ਆਪਣਾ ਕੰਮ ਕਰ।”

ਰੈਂਡੀ ਤੇ ਮਾਰਕ ਨੇ ਮੂਹਰਲੀ ਲੱਤ ਘੁੱਟ ਕੇ ਫੜੀ ਹੋਈ ਸੀ। ਕਰਿਸਟਨ ਬਾਕਸ ਵਿਚੋਂ ਡਾ. ਕੇਸੀ ਨੂੰ ਲੋੜੀਂਦਾ ਸਮਾਨ ਫੜਾ ਰਹੀ ਸੀ।

ਮਾਰਕ ਇਕ ਹੱਥ ਨਾਲ ਸ਼ੀਬਾ ਦਾ ਸਿਰ ਪਲੋਸਦਾ, ਹੌਲੀ-ਹੌਲੀ ਉਸ ਨਾਲ਼ ਅੱਖਾਂ ਵੱਲ ਤੱਕ ਕੇ ਪਿਆਰ ਭਰੀ ਵਾਰਤਾਲਾਪ ਕਰ ਰਿਹਾ ਸੀ। ਐਨੀ ਫੁੱਲਾਂ ਦਾ ਗੁਲਦਸਤਾ ਚੱਕੀ ਕੋਲ ਖੜ੍ਹੀ ਚੁੱਪ ਚਾਪ ਹੰਝੂ ਵਹਾ ਰਹੀ ਸੀ। ਉਸਨੇ ਮਾਰਕ ਨੂੰ ਇੰਨਾ ਪਿਘਲਿਆ ਸ਼ਾਇਦ ਪਹਿਲੀ ਵਾਰ ਦੇਖਿਆ ਸੀ।

“ਕਿੰਨੇ ਪਿਆਰੇ ਤੇ ਖ਼ੂਬਸੂਰਤ ਦਿਲ ਦਾ ਮਾਲਕ ਹੈ। ਪਤਾ ਨਹੀਂ ਕੀ ਹਾਲਾਤ ਤੇ ਵਜ੍ਹਾ ਨੇ ਇਸ ਨੂੰ ਕਰਾਈਮ ਦੀ ਦੁਨੀਆ ਵਿਚ ਧੱਕਿਆ ਹੋਣੈ?” ਰੈਂਡੀ, ਕਰਿਸਟਨ ਤੇ ਡਾ. ਕੇਸੀ ਦੇ ਮਨਾਂ ਵਿਚ ਸ਼ਾਇਦ ਇਸ ਸਮੇਂ ਇਕੋ ਸਵਾਲ ਵਾਰ-ਵਾਰ ਉੱਠ ਰਿਹਾ ਸੀ।
ਕੈਥੇਟਰ ਨਬਜ਼ ਵਿਚ ਲੱਗ ਚੁੱਕਾ ਸੀ।

“ਜੇ ਤੁਸੀਂ ਤਿਆਰ ਹੋ ਤਾਂ ਮੈਂ…।” ਡਾ. ਕੇਸੀ ਬੋਲਿਆ ਹੀ ਸੀ ਤਾਂ ਮਾਰਕ ਨੇ ਕਿਹਾ, “ਵੇਟ ਡਾਕ…” ਜੇਬ ਵਿਚੋਂ ਤਹਿ ਲੱਗਿਆ ਇਕ ਕਾਗ਼ਜ਼ ਖੋਲ੍ਹ ਕੇ ਬੋਲਿਆ, “ਮੈਂ ਇਹ ਕਵਿਤਾ ਜੋ ਸ਼ੀਬਾ ਲਈ ਲਿਖੀ ਹੈ, ਪੜ੍ਹਾਂਗਾ ਤੇ ਤੁਸੀਂ ਉਸੇ ਦੌਰਾਨ ਆਪਣਾ ਕੰਮ ਕਰ ਲੈਣਾ…।” ਕਹਿ ਕੇ ਮਾਰਕ ਸ਼ੀਬਾ ਦਾ ਮੂੰਹ ਦੋਨੋਂ ਹੱਥਾਂ ’ਚ ਫੜ ਕੇ ਅੱਖਾਂ ਵਿਚ ਅੱਖਾਂ ਪਾ ਕੇ ਬੋਲਣ ਲੱਗਿਆ—

ਮੇਰੇ ਘਰ ਦੇ ਲਾਡਲੇ ਜੀਅ
ਤੇਰੀ ਯਾਦ ਘਰ ਦੇ ਕੋਨੇ ਕੋਨੇ ਵਿਚ ਸਮਾਈ ਹੈ।
ਤੇਰੇ ਜਾਣ ਤੋਂ ਬਾਅਦ ਵੀ
ਪਲ ਪਲ ਆਵੇਗੀ, ਬਹੁਤ ਸਤਾਵੇਗੀ
ਨਾ ਹੋ ਕੇ ਵੀ ਤੂੰ
ਸਦਾ ਮੇਰੇ ਨਾਲ ਰਹੇਂਗੀ
ਸਰੀਰ ਨਾਲ ਹੋਂਦ ਥੋੜੋ ਖ਼ਤਮ ਹੋ ਜਾਂਦੀ ਐ
ਇਹ ਤਾਂ ਰੂਹਾਂ ਦੇ ਰਿਸ਼ਤੇ ਹਨ
ਤੂੰ ਚੱਲ ਮੇਰੀ ਬੱਚੀ
ਆਪਾਂ ਫੇਰ ਮਿਲਾਂਗੇ
ਜੀਸਸ ਦੇ ਪਾਰਕ ਜਾਇਆ ਕਰਾਂਗੇ
ਖੇਡਿਆ ਕਰਾਂਗੇ
ਤੂੰ ਜੀਸਸ ਨੂੰ ਕਹੀਂ
ਉਹ ਅੱਜ ਕੱਲ੍ਹ ਮੇਰੇ ਨਾਲ ਨਰਾਜ਼ ਰਹਿੰਦਾ ਏ
ਕਿ ਉਹ ਮੇਰੇ ਗੁਨਾਹ ਮੁਆਫ਼ ਕਰ ਦੇਵੇ
ਮੈਨੂੰ ਸੱਚੀਂ ਉਸ ਤੋਂ ਡਰ ਲੱਗਦਾ ਹੈ
ਤੂੰ ਮੇਰੀ ਮੈਸੰਜਰ ਬਣ ਕੇ ਜਾਹ
ਮੇਰੀ ਬੱਚੀ…
ਹੁਣ ਤੂੰ ਜਾਹ…
ਮੇਰੇ ਤੋਂ ਤੇਰੀ ਪੀੜ ਝੱਲੀ ਨਹੀਂ ਜਾਂਦੀ
ਮੈਂ ਤੈਨੂੰ ਖ਼ੁਦ ਵਿਦਾ ਕਰਦਾ ਹਾਂ
ਜਿਵੇਂ ਕੋਈ ਬਾਬਲ
ਧੀ ਨੂੰ ਡੋਲੀ ਵਿਚ ਬਿਠਾਉਂਦਾ ਹੋਵੇ…
ਜਾਹ ਉਸ ਜੰਨਤ ਵਿਚ, ਤੇਰਾ ਵਾਸ ਹੋਵੇ…
ਮੈਂ ਖ਼ੁਸ਼ੀ ਖ਼ੁਸ਼ੀ ਤੋਰ ਰਿਹਾ ਹਾਂ ਤੈਨੂੰ…
ਅਲਵਿਦਾ ਮੇਰੀ ਬੱਚੀ…

ਮਾਰਕ ਦੀਆਂ ਅੱਖਾਂ ਵਿਚੋਂ ਮੋਟੇ ਹੰਝੂਆਂ ਦੀ ਧਰਾਲ ਵਹਿ ਤੁਰੀ ਸੀ। ਪਲਕਾਂ ਛਮ-ਛਮ ਬਰਸ ਰਹੀਆਂ ਸਨ। ਪਰ ਸ਼ੀਬਾ ਦੀਆਂ ਪਲਕਾਂ ਖੁੱਲ੍ਹੀਆਂ ਤੇ ਅਹਿੱਲ ਸਨ। ਦੋਨੋਂ ਹੱਥਾਂ ਨਾਲ ਉਸ ਦੀਆਂ ਅੱਖਾਂ ਬੰਦ ਕਰਦਾ ਮਾਰਕ ਭੁੱਬ ਮਾਰ ਕੇ ਉਸ ਨੂੰ ਚਿੰਬੜ ਗਿਆ। ਕੁਝ ਚਿਰ ਬਾਦ ਐਨੀ ਉਸ ਨੂੰ ਬੁੱਕਲ ’ਚ ਭਰ ਕੇ ਪਿਆਰ ਕਰਦਿਆਂ, ਪਾਣੀ ਪਿਆਉਂਦਿਆਂ ਮੂਹਰਲੀ ਸੀਟ ’ਤੇ ਬਿਠਾਉਣ ਲਈ ਲੈ ਤੁਰੀ। ਰੈਂਡੀ ਤੇ ਕਰਿਸਟਨ ਨੇ ਸ਼ੀਬਾ ਦੀ ਦੇਹ ਕੱਪੜਿਆਂ ਵਿਚ ਲਪੇਟ ਕੇ ਅੰਦਰ ਲਿਜਾਣ ਲਈ ਸਟਰੈਚਰ ’ਤੇ ਪਾ ਲਈ।

ਡਾ. ਕੇਸੀ ਭਰੇ ਮਨ ਨਾਲ ਅੱਖਾਂ ਪੂੰਝਦਾ ਅੰਦਰ ਜਾ ਚੁੱਕਿਆ ਸੀ। ਮੂਹਰਲੀ ਸੀਟ ਤੋਂ ਪਿੱਛੇ ਮੁੜ ਮੁੜ ਕੇ ਵਾਰ ਵਾਰ ਵੇਖਦਾ ਮਾਰਕ ਕਹਿ ਰਿਹਾ ਸੀ—ਫੇਰ ਮਿਲਾਂਗੇ, ਫੇਰ ਮਿਲਾਂਗੇ…ਕੋਈ ਜ਼ਿੰਦਗੀ ਦੇ ਕੇ ਪਿਆਰ ਕਰਦਾ ਹੈ ਤੇ ਕੋਈ ਜ਼ਿੰਦਗੀ ਨੂੰ ਸੋਹਣੀ ਬਣਾਉਣ ਲਈ ਸੌਖਾ ਮੋੜ ਦਿੰਦਾ ਹੈ।

ਟਰੱਕ ਹੌਲੀ ਹੌਲੀ ਰੀਂਗਦਾ, ਬਰਫ਼ ਨੂੰ ਕੁਚਲਦਾ ਪਾਰਕਿੰਗ ਲਾਟ ਤੋਂ ਸੜਕ ਵੱਲ ਜਾ ਰਿਹਾ ਸੀ।
***
ਹਰਕੀਰਤ ਕੌਰ ਚਹਿਲ
harkirat_chahal2000@yahoo.com
+1 (604) 799-7978

*’ਲਿਖਾਰੀ’ ਵਿਚ ਪ੍ਰਕਾਸ਼ਿਤ ਹੋਣ ਵਾਲੀਆਂ ਸਾਰੀਆਂ ਹੀ ਰਚਨਾਵਾਂ ਵਿਚ ਪ੍ਰਗਟਾਏ ਵਿਚਾਰਾਂ ਨਾਲ ‘ਲਿਖਾਰੀ’ ਦਾ ਸਹਿਮਤ ਹੋਣਾ ਜ਼ਰੂਰੀ ਨਹੀਂ। ਹਰ ਲਿਖਤ ਵਿਚ ਪ੍ਰਗਟਾਏ ਵਿਚਾਰਾਂ ਦਾ ਜ਼ਿੰਮੇਵਾਰ ਕੇਵਲ ‘ਰਚਨਾ’ ਦਾ ਕਰਤਾ ਹੋਵੇਗਾ।
*
***
1358
***

ਹਰਕੀਰਤ ਕੌਰ ਚਹਿਲ:

ਮੈਂ ਪਿੰਡ ਖੇੜਾ ਜਿਲ੍ਹਾ ਲੁਧਿਆਣਾ ਦੀ ਜੰਮਪਲ਼ ਹਾਂ। ਮੇਰੇ ਪਿਤਾ ਸ਼ ਸ਼ੇਰ ਸਿੰਘ ਇਲੈਕਟ੍ਰੀਕਲ ਇੰਜੀਨੀਅਰ ਅਤੇ ਮਾਤਾ ਸਰਦਾਰਨੀ ਹਰਪ੍ਰੀਤ ਕੌਰ ਇੱਕ ਘਰੇਲੂ ਔਰਤ ਹਨ। ਤਿੰਨ ਭੈਣ ਭਰਾਵਾਂ ਵਿੱਚੋਂ ਮੈਂ ਵੱਡੀ ਅਤੇ ਛੋਟੇ ਦੋਵੇਂ ਆਸਟਰੇਲੀਆ ਵਿੱਚ ਡਾਕਟਰ ਹਨ।
ਹਾਈ ਸਕੂਲੀ ਸਿੱਖਿਆ ਲੁਧਿਆਣੇ ਦੇ ਖਾਲਸਾ ਗਰਲਜ ਸੀਨੀਅਰ ਸੈਕੰਡਰੀ ਸਕੂਲ ਸਿਵਲ ਲਾਈਨ ਤੋਂ ਹੋਸਟਲ ਰਹਿ ਕੇ ਪ੍ਰਾਪਤ ਕੀਤੀ। ਸਾਢੇ ਤੇਰਾਂ ਸਾਲ ਦੀ ਛੋਟੀ ਉਮਰ ਵਿੱਚ ਮੈਟ੍ਰਿਕ ਕਰਕੇ 1983 ਵਿੱਚ ਪੰਜਾਬ ਖੇਤੀ-ਬਾੜੀ ਯੂਨੀਵਰਸਿਟੀ ਵਿਖੇ ਬੀ.ਐਸ.ਸੀ. ਦੀ ਡਿਗਰੀ ਕਰਨ ਲੱਗ ਪਈ। ਕਾਲਜ ਆਫ ਐਗਰੀਕਲਚਰ ਤੋਂ ਮੈਂ ਬੀ.ਐਡ. ਕੀਤੀ। ਯੂਨੀਵਰਸਿਟੀ ਵਿੱਚ ਪੜ੍ਹਦੇ ਸਮੇਂ ਮੈਂ ਸਾਹਿਤਕ ਅਤੇ ਸੱਭਿਆਚਾਰਿਕ ਗਤੀਵਿਧੀਆਂ ਵਿੱਚ ਕਾਫ਼ੀ ਸਰਗਰਮ ਸੀ। ਪੰਜਾਬ ਦਾ ਸੁਪ੍ਰਸਿੱਧ ਲੋਕ ਨਾਚ ਗਿੱਧੇ ਦੀ ਤਿੰਨ ਸਾਲ ਕਪਤਾਨ ਹੋਣ ਦੇ ਨਾਲ ਨਾਲ ਬੈਸਟ ਡਾਂਸਰ ਵੀ ਬਣੀ। ਖੇਡਾਂ ਪ੍ਰਤੀ ਰੁਝਾਨ ਹੋਣ ਕਾਰਨ ਮੈਂ ਪੀ.ਏ. ਯੂ. ਦੀ ਹਾਕੀ ਦੀ ਟੀਮ ਵਿੱਚ ਲੈਫਟ ਹਾਫ਼ ਪੁਜ਼ੀਸ਼ਨ ਤੇ ਖੇਡਦਿਆਂ ਆਲ ਇੰਡੀਆ ਇੰਟਰ-ਯੂਨੀਵਰਸਿਟੀ ਤੱਕ ਦੇ ਮੁਕਾਬਲਿਆਂ ਵਿੱਚ ਭਾਗ ਲਿਆ।
ਬੀ.ਐਡ. ਦੀ ਪੜ੍ਹਾਈ ਖਤਮ ਹੁੰਦਿਆਂ ਹੀ ਮੇਰਾ ਵਿਆਹ ਡਾ. ਕੁਲਦੀਪ ਸਿੰਘ ਚਹਿਲ ਨਾਲ ਹੋ ਗਿਆ। ਪੰਜਾਬੀ ਯੂਨੀਵਰਸਿਟੀ ਪਟਿਆਲ਼ਾ ਤੋਂ ਮੈਂ ਦੂਰ-ਸੰਚਾਰ ਵਿਭਾਗ ਰਾਂਹੀ ਐਮ. ਏ. ਪੰਜਾਬੀ ਸ਼ੁਰੂ ਕਰ ਦਿੱਤੀ ਜਿਸ ਦਾ ਭਾਗ ਪਹਿਲਾ ਤਾਂ ਮੁਕੰਮਲ ਹੋ ਗਿਆ ਸੀ ਪ੍ਰੰਤੂ ਪਰਿਵਾਰਕ ਜ਼ੁੰਮੇਵਾਰੀਆਂ ਕਾਰਨ ਡਿਗਰੀ  ਪੂਰੀ ਨਾ ਕਰ ਸਕੀ। 1993 ਵਿੱਚ ਇੱਕ ਪ੍ਰਾਈਵੇਟ ਸਕੂਲ ਵਿੱਚ ਬਤੌਰ ਅਧਿਆਪਕ ਪੜ੍ਹਾਉਣਾ ਸ਼ੁਰੂ ਕੀਤਾ ਜੋ ਕਿ ਮੇਰਾ ਜਨੂੰਨ ਸੀ। ਫੇਰ ਪਟਿਆਲ਼ੇ ਦੀ ਬਦਲੀ ਹੋਣ ਕਾਰਨ ਸੰਨ 2000 ਵਿੱਚ ਬੁੱਢਾ ਦਲ ਪਬਲਿਕ ਸਕੂਲ ਜੁਆਇਨ ਕੀਤਾ। ਮੇਰੇ ਕੰਮ ਅਤੇ ਹਿੰਮਤੀ ਵਤੀਰੇ ਕਾਰਨ ਮੈਨੇਜਮੈਂਟ ਨੇ ਮੈਨੂੰ ਜੂਨੀਅਰ ਵਿੰਗ ਦੀ ਪ੍ਰਿੰਸੀਪਲ ਬਣਾ ਦਿੱਤਾ ਜੋ ਕਿ ਪੰਜ ਸਾਲ ਮੈਂ ਪੂਰੀ ਸ਼ਿੱਦਤ ਨਾਲ ਨਿਭਾਇਆ।

2005 ਵਿੱਚ ਸਕਿਲਡ ਕੈਟਾਗਰੀ/ ਪੁਆਇੰਟ ਸਿਸਟਮ ਤੇ ਕਨੇਡਾ ਦੀ ਪੀ.ਆਰ. ਆ ਗਈ। ਅਗਸਤ ਮਹੀਨੇ ਬ੍ਰਿਟਿਸ਼ ਕੋਲੰਬੀਆ ਦੀ ਖ਼ੂਬਸੂਰਤ ਧਰਤੀ ਤੇ ਆਣ ਕੇ ਪੱਬ ਧਰੇ। ਸਾਲ ਕੁ ਦੀ ਜੱਦੋ-ਜਹਿਦ ਬਾਦ ਮੈਨੂੰ ਕਨੇਡੀਅਨ ਅਧਿਆਪਕ ਦਾ ਲਾਇਸੰਸ ਮਿਲ ਗਿਆ 2006-2012 ਤੱਕ ਮੈਂ ਰਿਚਮੰਡ ਦੇ ਸਕੂਲ ਵਿੱਚ ਅਧਿਆਪਕ ਰਹੀ।

2012 ਵਿੱਚ ਮੈਂ ਚਿਆਮ ਵਿਊ ਵੈਟਰਨਰੀ ਹਸਪਤਾਲ ਦੀ ਮੈਨੇਜਿੰਗ ਡਾਇਰੈਕਟਰ ਦਾ ਅਹੁਦਾ ਸੰਭਾਲ਼ ਲਿਆ ਜੋ ਕਿ ਪਰਿਵਾਰਕ ਕਾਰੋਬਾਰ ਸੀ। ਆਪਦਾ ਜਨੂੰਨ ਛੱਡ ਚੁਨੌਤੀ ਭਰਿਆ ਕੰਮ ਸਵੀਕਾਰਨਾ ਔਖਾ ਸੀ ਪਰ ਮੈਂ ਫੈਸਲਾ ਲੈਣ ਵਿੱਚ ਜ਼ਰਾ ਗੁਰੇਜ਼ ਨਾ ਕੀਤਾ। ਅੱਜ-ਕੱਲ੍ਹ ਖ਼ੂਬਸੂਰਤ ਵਾਦੀ “ਚਿਲੀਵੈਕ” ਵਿੱਚ ਮੇਰਾ ਦੌਲਤਖ਼ਾਨਾ ਹੈ।

ਰੂਹ ਰਾਜ਼ੀ ਕਰਨ ਦਾ ਸਬੱਬ ਸ਼ਬਦੀ ਸਾਂਝ ਰਹੀ ਜੋ ਕਿ ਪਰਵਾਸ ਦੇ ਨਾਲ ਹੀ ਮੇਰੀਆਂ ਬਰੂਹਾਂ ਤੇ ਆਣ ਖਲੋਤੀ ਸੀ। ਛੋਟੀਆਂ ਨਜ਼ਮਾਂ ਕਦੋਂ ਜੁਆਨ ਹੋ ਕੇ ਕਹਾਣੀਆਂ ਬਣਨ ਲੱਗੀਆਂ ਪਤਾ ਹੀ ਨਹੀਂ ਲੱਗਿਆ।

ਕਹਾਣੀ ਸੰਗ੍ਰਹਿ:
2016 ਕਹਾਣੀ ਸੰਗ੍ਰਹਿ “ ਪਰੀਆਂ ਸੰਗ ਪਰਵਾਜ਼” ਛਪ ਕੇ ਆਇਆ ਤਾਂ ਸਾਹਿਤ ਜਗਤ ਵਿੱਚ ਖ਼ੂਬ ਪ੍ਰਵਾਨ ਹੋਇਆ।
2024 ਕਹਾਣੀ ਸੰਗ੍ਰਹਿ “ਫੇਰ ਮਿਲਾਂਗੇ”

ਨਾਵਲ:
2017 ਵਿੱਚ ਮੇਰੀ ਲੰਬੀ ਕਹਾਣੀ “ਤੇਰੇ ਬਾਝੋਂ” ਨਾਵਲ ਦਾ ਰੂਪ ਧਾਰਨ ਕਰ ਗਈ ਤੇ ਛਪ ਗਈ।
2018 ਵਿੱਚ ਵੱਡ-ਅਕਾਰੀ ਨਾਵਲ “ਥੋਹਰਾਂ ਦੇ ਫੁੱਲ” ਆਇਆ
2019 ਵਿੱਚ ਤੀਜਾ ਨਾਵਲ “ਆਦਮ-ਗ੍ਰਹਿਣ” ਲਿਖਿਆ ਜਿਸਦਾ ਹੁਣ ਤੱਕ ਚਾਰ ਭਾਸ਼ਾਵਾਂ ਵਿੱਚ ਤਰਜਮਾ ਹੋ ਚੁੱਕਿਆ ਹੈ।
“ਤੀਜੀ ਮਖ਼ਲੂਕ” ਸ਼ਾਹਮੁਖੀ ਵਿੱਚ ਪਾਕਿਸਤਾਨ ਛਪਿਆ
Eclipded Humanity ਅੰਗਰੇਜ਼ੀ
ਅਤੇ ਆਦਮ-ਗ੍ਰਹਿਣ (ਹਿੰਦੀ) ਇੰਡੀਆ ਨੈੱਟ ਪਬਲੀਕੇਸ਼ਨ ਦਿੱਲੀ।

2020 ਵਿੱਚ ਸਵੈ-ਜੀਵਨੀ ਅੰਸ਼ “ਇੰਜ ਪ੍ਰਦੇਸਣ ਹੋਈ”
2021 ਵਿੱਚ ਲਾਹੌਰ ਸਫ਼ਰਨਾਮਾ “ਲੱਠੇ ਲੋਕ ਲਾਹੌਰ ਦੇ”,
2022 ਵਿੱਚ ਨਾਵਲ ਚੰਨਣ ਰੁੱਖ,
2023 ਸਫ਼ਰਨਾਮਾ “ਰਾਵੀ ਦੇਸ ਹੋਇਆ ਪ੍ਰਦੇਸ” ਆਇਆ।
ਵੰਡ ਤੇ ਅਧਾਰਿਤ ਨਾਵਲ “ਚਿਰਾਗ਼ਾਂ ਵਾਲੀ ਰਾਤ” ਅਤੇ ਕਹਾਣੀ ਸੰਗ੍ਰਹਿ “ਫੇਰ ਮਿਲਾਂਗੇ” ਵੀ ਆ ਗਿਆ ਹੈ।
ਕਹਾਣੀ “ਅਧੂਰੇ ਖਤ” ਤੇ ਆਧਾਰਿਤ ਟੈਲੀ ਫ਼ਿਲਮ ਵੀ ਬਣੀ।

ਮੇਰੀਆਂ ਰਚਨਾਵਾਂ ਨੂੰ ਪੰਜਾਬ ਦੀਆਂ ਵੱਖ ਵੱਖ ਸਾਹਿਤਕ ਸਭਾਵਾਂ ਜਿੰਨਾ ਵਿੱਚ ਲੁਧਿਆਣਾ, ਪਟਿਆਲ਼ਾ, ਕੋਟਕਪੁਰਾ, ਮੋਗਾ, ਮਾਨਸਾ ਦੇ ਸਾਹਿਤਕ ਮੰਚਾਂ ਨੇ ਪਛਾਣਿਆ ਅਤੇ ਸਨਮਾਨਿਤ ਕੀਤਾ। ਮੇਰੀ ਕਹਾਣੀ “ਭੜਾਸ” ਨੂੰ ਮਾਨ ਯਾਦਗਾਰੀ ਸਮਾਰੋਹ ਵਿੱਚ ਸਰਵੋਤਮ ਕਹਾਣੀਆਂ ਵਿੱਚ ਚੁਣ ਕੇ ਕੈਨੇਡਾ ਵਿੱਚ ਸਨਮਾਨ ਦਿੱਤਾ ਗਿਆ।
ਕਹਾਣੀ “ਅਧੂਰੇ ਖਤ” ਤੇ ਆਧਾਰਿਤ ਟੈਲੀ ਫ਼ਿਲਮ ਵੀ ਬਣੀ।

ਅੈਵਾਰਡ:
1 ਢਾਹਾਂ ਅੰਤਰ-ਰਾਸ਼ਟਰੀ ਅਵਾਰਡ 2020
2. ਡਾ ਆਤਮ ਹਮਰਾਹੀ ਅਵਾਰਡ 2022
3.  ਦਿਲ ਦਰਿਆ ਸੰਸਥਾ ਵੱਲੋ ‘ਆਦਮ ਗ੍ਰਹਿਣ’ ਨਾਵਲ ਨੂੰ ਸਰਵੋਤਮ ਨਾਵਲ 2021
4. ਸ. ਭਾਗ ਸਿੰਘ ਅਤੇ ਸੁਰਜੀਤ ਕੌਰ ਮੈਮੋਰੀਅਲ ਐਵਾਰਡ
5. ਵਾਰਸ ਸ਼ਾਹ ਅੰਤਰ-ਰਾਸ਼ਟਰੀ ਪੁਰਸਕਾਰ 2023 ਲਾਹੌਰ ਵਿੱਚ ਮਿਲਿਆ। 

ਹਰਕੀਰਤ ਕੌਰ ਚਹਿਲ

ਹਰਕੀਰਤ ਕੌਰ ਚਹਿਲ: ਮੈਂ ਪਿੰਡ ਖੇੜਾ ਜਿਲ੍ਹਾ ਲੁਧਿਆਣਾ ਦੀ ਜੰਮਪਲ਼ ਹਾਂ। ਮੇਰੇ ਪਿਤਾ ਸ਼ ਸ਼ੇਰ ਸਿੰਘ ਇਲੈਕਟ੍ਰੀਕਲ ਇੰਜੀਨੀਅਰ ਅਤੇ ਮਾਤਾ ਸਰਦਾਰਨੀ ਹਰਪ੍ਰੀਤ ਕੌਰ ਇੱਕ ਘਰੇਲੂ ਔਰਤ ਹਨ। ਤਿੰਨ ਭੈਣ ਭਰਾਵਾਂ ਵਿੱਚੋਂ ਮੈਂ ਵੱਡੀ ਅਤੇ ਛੋਟੇ ਦੋਵੇਂ ਆਸਟਰੇਲੀਆ ਵਿੱਚ ਡਾਕਟਰ ਹਨ। ਹਾਈ ਸਕੂਲੀ ਸਿੱਖਿਆ ਲੁਧਿਆਣੇ ਦੇ ਖਾਲਸਾ ਗਰਲਜ ਸੀਨੀਅਰ ਸੈਕੰਡਰੀ ਸਕੂਲ ਸਿਵਲ ਲਾਈਨ ਤੋਂ ਹੋਸਟਲ ਰਹਿ ਕੇ ਪ੍ਰਾਪਤ ਕੀਤੀ। ਸਾਢੇ ਤੇਰਾਂ ਸਾਲ ਦੀ ਛੋਟੀ ਉਮਰ ਵਿੱਚ ਮੈਟ੍ਰਿਕ ਕਰਕੇ 1983 ਵਿੱਚ ਪੰਜਾਬ ਖੇਤੀ-ਬਾੜੀ ਯੂਨੀਵਰਸਿਟੀ ਵਿਖੇ ਬੀ.ਐਸ.ਸੀ. ਦੀ ਡਿਗਰੀ ਕਰਨ ਲੱਗ ਪਈ। ਕਾਲਜ ਆਫ ਐਗਰੀਕਲਚਰ ਤੋਂ ਮੈਂ ਬੀ.ਐਡ. ਕੀਤੀ। ਯੂਨੀਵਰਸਿਟੀ ਵਿੱਚ ਪੜ੍ਹਦੇ ਸਮੇਂ ਮੈਂ ਸਾਹਿਤਕ ਅਤੇ ਸੱਭਿਆਚਾਰਿਕ ਗਤੀਵਿਧੀਆਂ ਵਿੱਚ ਕਾਫ਼ੀ ਸਰਗਰਮ ਸੀ। ਪੰਜਾਬ ਦਾ ਸੁਪ੍ਰਸਿੱਧ ਲੋਕ ਨਾਚ ਗਿੱਧੇ ਦੀ ਤਿੰਨ ਸਾਲ ਕਪਤਾਨ ਹੋਣ ਦੇ ਨਾਲ ਨਾਲ ਬੈਸਟ ਡਾਂਸਰ ਵੀ ਬਣੀ। ਖੇਡਾਂ ਪ੍ਰਤੀ ਰੁਝਾਨ ਹੋਣ ਕਾਰਨ ਮੈਂ ਪੀ.ਏ. ਯੂ. ਦੀ ਹਾਕੀ ਦੀ ਟੀਮ ਵਿੱਚ ਲੈਫਟ ਹਾਫ਼ ਪੁਜ਼ੀਸ਼ਨ ਤੇ ਖੇਡਦਿਆਂ ਆਲ ਇੰਡੀਆ ਇੰਟਰ-ਯੂਨੀਵਰਸਿਟੀ ਤੱਕ ਦੇ ਮੁਕਾਬਲਿਆਂ ਵਿੱਚ ਭਾਗ ਲਿਆ। ਬੀ.ਐਡ. ਦੀ ਪੜ੍ਹਾਈ ਖਤਮ ਹੁੰਦਿਆਂ ਹੀ ਮੇਰਾ ਵਿਆਹ ਡਾ. ਕੁਲਦੀਪ ਸਿੰਘ ਚਹਿਲ ਨਾਲ ਹੋ ਗਿਆ। ਪੰਜਾਬੀ ਯੂਨੀਵਰਸਿਟੀ ਪਟਿਆਲ਼ਾ ਤੋਂ ਮੈਂ ਦੂਰ-ਸੰਚਾਰ ਵਿਭਾਗ ਰਾਂਹੀ ਐਮ. ਏ. ਪੰਜਾਬੀ ਸ਼ੁਰੂ ਕਰ ਦਿੱਤੀ ਜਿਸ ਦਾ ਭਾਗ ਪਹਿਲਾ ਤਾਂ ਮੁਕੰਮਲ ਹੋ ਗਿਆ ਸੀ ਪ੍ਰੰਤੂ ਪਰਿਵਾਰਕ ਜ਼ੁੰਮੇਵਾਰੀਆਂ ਕਾਰਨ ਡਿਗਰੀ  ਪੂਰੀ ਨਾ ਕਰ ਸਕੀ। 1993 ਵਿੱਚ ਇੱਕ ਪ੍ਰਾਈਵੇਟ ਸਕੂਲ ਵਿੱਚ ਬਤੌਰ ਅਧਿਆਪਕ ਪੜ੍ਹਾਉਣਾ ਸ਼ੁਰੂ ਕੀਤਾ ਜੋ ਕਿ ਮੇਰਾ ਜਨੂੰਨ ਸੀ। ਫੇਰ ਪਟਿਆਲ਼ੇ ਦੀ ਬਦਲੀ ਹੋਣ ਕਾਰਨ ਸੰਨ 2000 ਵਿੱਚ ਬੁੱਢਾ ਦਲ ਪਬਲਿਕ ਸਕੂਲ ਜੁਆਇਨ ਕੀਤਾ। ਮੇਰੇ ਕੰਮ ਅਤੇ ਹਿੰਮਤੀ ਵਤੀਰੇ ਕਾਰਨ ਮੈਨੇਜਮੈਂਟ ਨੇ ਮੈਨੂੰ ਜੂਨੀਅਰ ਵਿੰਗ ਦੀ ਪ੍ਰਿੰਸੀਪਲ ਬਣਾ ਦਿੱਤਾ ਜੋ ਕਿ ਪੰਜ ਸਾਲ ਮੈਂ ਪੂਰੀ ਸ਼ਿੱਦਤ ਨਾਲ ਨਿਭਾਇਆ। 2005 ਵਿੱਚ ਸਕਿਲਡ ਕੈਟਾਗਰੀ/ ਪੁਆਇੰਟ ਸਿਸਟਮ ਤੇ ਕਨੇਡਾ ਦੀ ਪੀ.ਆਰ. ਆ ਗਈ। ਅਗਸਤ ਮਹੀਨੇ ਬ੍ਰਿਟਿਸ਼ ਕੋਲੰਬੀਆ ਦੀ ਖ਼ੂਬਸੂਰਤ ਧਰਤੀ ਤੇ ਆਣ ਕੇ ਪੱਬ ਧਰੇ। ਸਾਲ ਕੁ ਦੀ ਜੱਦੋ-ਜਹਿਦ ਬਾਦ ਮੈਨੂੰ ਕਨੇਡੀਅਨ ਅਧਿਆਪਕ ਦਾ ਲਾਇਸੰਸ ਮਿਲ ਗਿਆ 2006-2012 ਤੱਕ ਮੈਂ ਰਿਚਮੰਡ ਦੇ ਸਕੂਲ ਵਿੱਚ ਅਧਿਆਪਕ ਰਹੀ। 2012 ਵਿੱਚ ਮੈਂ ਚਿਆਮ ਵਿਊ ਵੈਟਰਨਰੀ ਹਸਪਤਾਲ ਦੀ ਮੈਨੇਜਿੰਗ ਡਾਇਰੈਕਟਰ ਦਾ ਅਹੁਦਾ ਸੰਭਾਲ਼ ਲਿਆ ਜੋ ਕਿ ਪਰਿਵਾਰਕ ਕਾਰੋਬਾਰ ਸੀ। ਆਪਦਾ ਜਨੂੰਨ ਛੱਡ ਚੁਨੌਤੀ ਭਰਿਆ ਕੰਮ ਸਵੀਕਾਰਨਾ ਔਖਾ ਸੀ ਪਰ ਮੈਂ ਫੈਸਲਾ ਲੈਣ ਵਿੱਚ ਜ਼ਰਾ ਗੁਰੇਜ਼ ਨਾ ਕੀਤਾ। ਅੱਜ-ਕੱਲ੍ਹ ਖ਼ੂਬਸੂਰਤ ਵਾਦੀ “ਚਿਲੀਵੈਕ” ਵਿੱਚ ਮੇਰਾ ਦੌਲਤਖ਼ਾਨਾ ਹੈ। ਰੂਹ ਰਾਜ਼ੀ ਕਰਨ ਦਾ ਸਬੱਬ ਸ਼ਬਦੀ ਸਾਂਝ ਰਹੀ ਜੋ ਕਿ ਪਰਵਾਸ ਦੇ ਨਾਲ ਹੀ ਮੇਰੀਆਂ ਬਰੂਹਾਂ ਤੇ ਆਣ ਖਲੋਤੀ ਸੀ। ਛੋਟੀਆਂ ਨਜ਼ਮਾਂ ਕਦੋਂ ਜੁਆਨ ਹੋ ਕੇ ਕਹਾਣੀਆਂ ਬਣਨ ਲੱਗੀਆਂ ਪਤਾ ਹੀ ਨਹੀਂ ਲੱਗਿਆ। ਕਹਾਣੀ ਸੰਗ੍ਰਹਿ: 2016 ਕਹਾਣੀ ਸੰਗ੍ਰਹਿ “ ਪਰੀਆਂ ਸੰਗ ਪਰਵਾਜ਼” ਛਪ ਕੇ ਆਇਆ ਤਾਂ ਸਾਹਿਤ ਜਗਤ ਵਿੱਚ ਖ਼ੂਬ ਪ੍ਰਵਾਨ ਹੋਇਆ। 2024 ਕਹਾਣੀ ਸੰਗ੍ਰਹਿ “ਫੇਰ ਮਿਲਾਂਗੇ” ਨਾਵਲ: 2017 ਵਿੱਚ ਮੇਰੀ ਲੰਬੀ ਕਹਾਣੀ “ਤੇਰੇ ਬਾਝੋਂ” ਨਾਵਲ ਦਾ ਰੂਪ ਧਾਰਨ ਕਰ ਗਈ ਤੇ ਛਪ ਗਈ। 2018 ਵਿੱਚ ਵੱਡ-ਅਕਾਰੀ ਨਾਵਲ “ਥੋਹਰਾਂ ਦੇ ਫੁੱਲ” ਆਇਆ 2019 ਵਿੱਚ ਤੀਜਾ ਨਾਵਲ “ਆਦਮ-ਗ੍ਰਹਿਣ” ਲਿਖਿਆ ਜਿਸਦਾ ਹੁਣ ਤੱਕ ਚਾਰ ਭਾਸ਼ਾਵਾਂ ਵਿੱਚ ਤਰਜਮਾ ਹੋ ਚੁੱਕਿਆ ਹੈ। “ਤੀਜੀ ਮਖ਼ਲੂਕ” ਸ਼ਾਹਮੁਖੀ ਵਿੱਚ ਪਾਕਿਸਤਾਨ ਛਪਿਆ Eclipded Humanity ਅੰਗਰੇਜ਼ੀ ਅਤੇ ਆਦਮ-ਗ੍ਰਹਿਣ (ਹਿੰਦੀ) ਇੰਡੀਆ ਨੈੱਟ ਪਬਲੀਕੇਸ਼ਨ ਦਿੱਲੀ। 2020 ਵਿੱਚ ਸਵੈ-ਜੀਵਨੀ ਅੰਸ਼ “ਇੰਜ ਪ੍ਰਦੇਸਣ ਹੋਈ” 2021 ਵਿੱਚ ਲਾਹੌਰ ਸਫ਼ਰਨਾਮਾ “ਲੱਠੇ ਲੋਕ ਲਾਹੌਰ ਦੇ”, 2022 ਵਿੱਚ ਨਾਵਲ ਚੰਨਣ ਰੁੱਖ, 2023 ਸਫ਼ਰਨਾਮਾ “ਰਾਵੀ ਦੇਸ ਹੋਇਆ ਪ੍ਰਦੇਸ” ਆਇਆ। ਵੰਡ ਤੇ ਅਧਾਰਿਤ ਨਾਵਲ “ਚਿਰਾਗ਼ਾਂ ਵਾਲੀ ਰਾਤ” ਅਤੇ ਕਹਾਣੀ ਸੰਗ੍ਰਹਿ “ਫੇਰ ਮਿਲਾਂਗੇ” ਵੀ ਆ ਗਿਆ ਹੈ। ਕਹਾਣੀ “ਅਧੂਰੇ ਖਤ” ਤੇ ਆਧਾਰਿਤ ਟੈਲੀ ਫ਼ਿਲਮ ਵੀ ਬਣੀ। ਮੇਰੀਆਂ ਰਚਨਾਵਾਂ ਨੂੰ ਪੰਜਾਬ ਦੀਆਂ ਵੱਖ ਵੱਖ ਸਾਹਿਤਕ ਸਭਾਵਾਂ ਜਿੰਨਾ ਵਿੱਚ ਲੁਧਿਆਣਾ, ਪਟਿਆਲ਼ਾ, ਕੋਟਕਪੁਰਾ, ਮੋਗਾ, ਮਾਨਸਾ ਦੇ ਸਾਹਿਤਕ ਮੰਚਾਂ ਨੇ ਪਛਾਣਿਆ ਅਤੇ ਸਨਮਾਨਿਤ ਕੀਤਾ। ਮੇਰੀ ਕਹਾਣੀ “ਭੜਾਸ” ਨੂੰ ਮਾਨ ਯਾਦਗਾਰੀ ਸਮਾਰੋਹ ਵਿੱਚ ਸਰਵੋਤਮ ਕਹਾਣੀਆਂ ਵਿੱਚ ਚੁਣ ਕੇ ਕੈਨੇਡਾ ਵਿੱਚ ਸਨਮਾਨ ਦਿੱਤਾ ਗਿਆ। ਕਹਾਣੀ “ਅਧੂਰੇ ਖਤ” ਤੇ ਆਧਾਰਿਤ ਟੈਲੀ ਫ਼ਿਲਮ ਵੀ ਬਣੀ। ਅੈਵਾਰਡ: 1 ਢਾਹਾਂ ਅੰਤਰ-ਰਾਸ਼ਟਰੀ ਅਵਾਰਡ 2020 2. ਡਾ ਆਤਮ ਹਮਰਾਹੀ ਅਵਾਰਡ 2022 3.  ਦਿਲ ਦਰਿਆ ਸੰਸਥਾ ਵੱਲੋ ‘ਆਦਮ ਗ੍ਰਹਿਣ’ ਨਾਵਲ ਨੂੰ ਸਰਵੋਤਮ ਨਾਵਲ 2021 4. ਸ. ਭਾਗ ਸਿੰਘ ਅਤੇ ਸੁਰਜੀਤ ਕੌਰ ਮੈਮੋਰੀਅਲ ਐਵਾਰਡ 5. ਵਾਰਸ ਸ਼ਾਹ ਅੰਤਰ-ਰਾਸ਼ਟਰੀ ਪੁਰਸਕਾਰ 2023 ਲਾਹੌਰ ਵਿੱਚ ਮਿਲਿਆ। 

View all posts by ਹਰਕੀਰਤ ਕੌਰ ਚਹਿਲ →