20 September 2024

ਰਾਜਿੰਦਰ ਸਿੰਘ (ਦ ਸਕਿਪਿੰਗ ਸਿੱਖ) : ਆਸਥਾ, ਵਿਯੋਗ ਤੇ ਨਸਲਵਾਦ ਦੀ ਗਾਥਾ

ਰਾਜਿੰਦਰ ਸਿੰਘ (ਦ ਸਕਿਪਿੰਗ ਸਿੱਖ) : ਆਸਥਾ, ਵਿਯੋਗ ਤੇ ਨਸਲਵਾਦ ਦੀ ਗਾਥਾ

Author – Minreet Kaur

ਅਨੁਵਾਦ – ਕੰਵਰ ਬਰਾੜ

ਮਿਨਰੀਤ ਕੌਰ ਨੇ ਆਪਣੇ ਪਿਤਾ ਰਾਜਿੰਦਰ ਸਿੰਘ (Known as the Skipping Sikh) ਦੇ ਦਿਲ ਦੇ ਵਲਵਲਿਆਂ ਤੇ ਅਧਾਰਿਤ ਇਹ ਲੇਖ Aljazeera ਦੀ ਵੈਬਸਾਈਟ ਤੇ 3 ਅਕਤੂਬਰ 2021 ਨੂੰ ਅੰਗਰੇਜ਼ੀ ਵਿਚ ਛਪਵਾਇਆ। ਮੈਂ ਇਸ ਲਿਖਤ ਨੂੰ ਪੰਜਾਬੀ ਵਿਚ ਅਨੁਵਾਦ ਕਰਕੇ ਤੁਹਾਡੇ ਸਨਮੁੱਖ ਕਰਨ ਵਿੱਚ ਖੁਸ਼ੀ ਮਹਿਸੂਸ ਕਰ ਰਿਹਾ ਹਾਂ। ਮੇਰੀ ਕੋਸ਼ਿਸ਼ ਸੀ ਕੇ ਲੇਖ ਦੀ ਅੰਗਰੇਜ਼ੀ ਵਾਲੀ ਮੌਲਿਕਤਾ ਨੂੰ ਕਾਇਮ ਰੱਖਦਿਆਂ ਇਸ ਨੂੰ ਪੰਜਾਬੀ ਵਾਲੇ ਰੰਗ ਵਿਚ ਰੰਗਿਆ ਜਾਵੇ। ਪੜ੍ਹ ਕੇ ਆਪਣੇ ਵਿਚਾਰ ਜਰੂਰ ਦੇਣਾ। – ਕੰਵਰ

*********

ਪਿਛਲੇ ਸਾਲ ਰਾਜਿੰਦਰ ਸਿੰਘ ਦੀਆਂ ਕਸਰਤ ਕਰਦੇ ਦੀਆਂ ਵੀਡੀਓ ਸੋਸ਼ਲ ਮੀਡਿਆ ਤੇ ਵਾਇਰਲ ਹੋਈਆਂ *

ਅੱਜ ਧੁੱਪ ਨਿਕਲੀ ਹੈ, ਕੋਸਾ ਜਿਹਾ ਦਿਨ ਆ, ਨਾ ਬਹੁਤ ਠੰਡਾ ਤੇ ਨਾ ਗਰਮ। ਪੱਛਮੀ ਲੰਡਨ ਵਿੱਚ ਸਾਡੀ ਗਲੀ ਦੇ ਸਾਰੇ ਘਰ ਇਕੋ ਕਤਾਰ ਵਿਚ ਇਕ ਦੂਜੇ ਨਾਲ ਜੁੜ ਕੇ ਬਣੇ ਹੋਏ ਨੇ ਤੇ ਸੂਰਜ ਦੀਆਂ ਕਿਰਨਾਂ ਸਾਡੇ ਛੋਟੇ ਜਿਹੇ ਬਹਿਣ ਉੱਠਣ ਵਾਲੇ ਕਮਰੇ ਦੀਆਂ ਵੱਡੀਆਂ ਖਿੜਕੀਆਂ ਚੋਂ ਲਿਸ਼ਕਦੀਆਂ ਸਾਰੇ ਕਮਰੇ ਵਿਚ ਫੈਲ ਰਹੀਆਂ ਨੇ। ਮੈਂ ਆਪਣੇ ਪਿਤਾ ਦੀ ਚਮਕਦੇ ਸੰਤਰੀ ਰੰਗ ਦੀ ਸੂਤੀ ਪੱਗ ਦਾ ਇੱਕ ਸਿਰਾ ਪੂਣੀ ਕਰਵਾਉਣ ਲਈ ਆਪਣੇ ਹੱਥ ਵਿੱਚ ਖਿੱਚ ਕੇ ਫੜਿਆ ਹੋਇਆ। ਉਹ ਮੈਨੂੰ ਦੱਸਦਾ ਕਿ ਪੱਗ ਬੰਨ੍ਹਣਾ ਉਸ ਨੂੰ ਆਪਣੇ ਬਾਪ, ਮੇਰੇ ਦਾਦੇ ਦੀ ਯਾਦ ਨੂੰ ਤਾਜ਼ਾ ਕਰਵਾਉਂਦਾ।

ਛੋਟੇ ਹੁੰਦਿਆਂ, ਆਪਣੇ ਪਿੰਡ ਵਾਲੇ ਘਰ, ਪੰਜਾਬ, ਇੰਡੀਆ ਵਿੱਚ ਉਹ ਚੋਂਕੜੀ ਮਾਰ ਕੇ ਸ਼ਰਧਾ ਨਾਲ ਦੋਵੇਂ ਹੱਥ ਜੋੜ੍ਹ ਵਿਸਮਾਦ ਵਿੱਚ ਆਪਣੇ ਬਾਪ ਨੂੰ ਸੁਚੱਜੀ ਪੱਗ ਸਜਾਉਂਦਿਆਂ ਤੱਕਦਾ ।

“ਪੱਗ ਦਾ ਹਰ ਇੱਕ ਲੜ ਉਥੇ ਹੁੰਦਾ ਜਿੱਥੇ ਹੋਣਾ ਚਾਹੀਦਾ ਸੀ, ਜੇ ਕੋਈ ਥੋੜ੍ਹਾ ਅੱਗੇ ਪਿੱਛੇ ਹੋ ਜਾਂਦਾ ਤਾਂ ਉਹ ਢਾਹ ਕੇ ਫਿਰ ਤੋਂ ਸ਼ੁਰੂ ਕਰ ਲੈਂਦਾ”, ਉਹ ਮੈਨੂੰ ਦੱਸਦਾ। ਇਹ ਗੱਲ ਯਾਦ ਕਰਦਿਆਂ ਮੈਂ ਉਸਦੇ ਚਿਹਰੇ ਤੇ ਨਿੰਮ੍ਹੀ ਜਿਹੀ ਮੁਸਕਰਾਹਟ ਮਹਿਸੂਸ ਕਰਦੀ ਹਾਂ ਪਰ ਉਸਦੀ ਅਵਾਜ਼ ਉਦਾਸੀ ਨਾਲ ਭਾਰੀ ਹੁੰਦੀ ਜਾ ਰਹੀ ਹੈ।

ਮੇਰਾ ਪਿਤਾ ਆਪਣੀ ਪੱਗ ਨੂੰ ਤਾਜ ਵਾਂਗ ਬੜੇ ਮਾਣ ਨਾਲ ਸਜਾਉਂਦਾ। ਹਰ ਰੋਜ਼ 20 ਮਿੰਟ ਲਾ ਕੇ ਪੱਗ ਬੰਨ੍ਹਦਾ – ਕਦੇ ਵੀ ਪੱਗ ਬੰਨ੍ਹਦਿਆਂ ਕਾਹਲ ਨਹੀਂ ਕਰਦਾ, ਆਪਣੇ ਸੱਜੇ ਹੱਥ ਨਾਲ ਲੜ ਤੇ ਲੜ ਚੜ੍ਹਾਉਂਦਾ “ਵਾਹਿਗੁਰੂ” ਦਾ ਜਾਪ ਕਰਦਾ ਜਾਂਦਾ।

74 ਸਾਲ ਦੀ ਉਮਰੇ ਉਸਦੇ ਸਿਰ ਦੇ ਬਹੁਤੇ ਵਾਲ ਝੜ੍ਹ ਚੁੱਕੇ ਨੇ, ਉਹ ਆਪਣੇ ਜਵਾਨੀ ਵੇਲੇ ਦੇ ਲੰਮੇ ਵਾਲ ਚੇਤੇ ਕਰਕੇ ਖੁਸ਼ ਹੋ ਜਾਂਦਾ ਤੇ ਕਹਿੰਦਾ “ ਵੇਖ ਮੇਰੇ ਵਾਲਾਂ ਵੱਲ?”

ਰਾਜਿੰਦਰ ਸਿੰਘ ਲੰਡਨ ਮੈਰਾਥਨ ਦੀ ਤਿਆਰੀ ਕਰਦਾ ਹੋਇਆ *

ਬੱਸ ਪੱਗ ਬੱਝ ਗਈ ਕਹਿੰਦਾ, ਉਹ ਦੂਜੇ ਸਿਰੇ ਨੂੰ ਦੰਦਾਂ ਵਿੱਚ ਦਬਾਉਂਦਾ ਹੋਇਆ ਪੱਗ ਦੇ ਲੜਾਂ ਨੂੰ ਇੱਕ ਦੂਜੇ ਉੱਪਰ ਧਰ ਕੇ ਪੱਗ ਬੰਨ੍ਹਣੀ ਸ਼ੁਰੂ ਕਰਦਾ ਤੇ ਵਿੱਚ ਵਿੱਚ ਸੱਜੇ ਹੱਥ ਨਾਲ ਪੱਗ ਦੇ ਲੜਾਂ ਨੂੰ ਸੰਵਾਰਦਾ।

ਬਹੁਤ ਸਾਰੇ ਲੋਕ ਮੇਰੇ ਪਿਤਾ ਰਾਜਿੰਦਰ ਸਿੰਘ ਨੂੰ “ਸਕਿਪਿੰਗ ਸਿੱਖ” ਵਜੋਂ ਜਾਣਦੇ ਨੇ। ਉਸਦਾ ਇਹ ਨਾਂ ਉਦੋਂ ਪਿਆ ਜਦੋਂ ਪਿਛਲੇ ਸਾਲ ਕਰੋਨਾ ਕਰਕੇ ਲੱਗੇ ਲਾਕਡਾਊਨ ਦੇ ਦੌਰਾਨ ਉਸਦੀਆਂ ਰੱਸੀ ਟੱਪ ਕੇ ਕਸਰਤ ਕਰਦੇ ਦੀਆਂ ਵੀਡੀਓ ਸੋਸ਼ਲ ਮੀਡੀਏ ਰਾਹੀਂ ਵਾਈਰਲ ਹੋ ਗਈਆਂ।

ਪੱਗ ਬੱਝਦਿਆਂ ਸਾਰ ਹੀ ਉਹ ਘਰ ਦੇ ਪਿਛਲੇ ਕਮਰੇ ਵਿੱਚ ਅਲੋਪ ਹੋ ਕੁਝ ਹੀ ਪਲਾਂ ਵਿੱਚ ਹੱਥ ਵਿੱਚ ਟੱਪਣ ਵਾਲੀ ਰੱਸੀ ਚੁੱਕੀ ਮੁੜ ਆਉਂਦਾ ਤੇ ਰੱਸੀ ਟੱਪਣੀ ਸ਼ੁਰੂ ਕਰ ਦਿੰਦਾ ਪਰ ਕੁਝ ਦੇਰ ਬਾਅਦ ਰੁਕ ਜਾਂਦਾ।

ਅਸਲ ਵਿੱਚ ਅੱਜ ਉਹ ਦਿਲ ਦੀਆ ਗੱਲਾਂ ਕਰਨ ਦੇ ਮਿਜ਼ਾਜ ਵਿੱਚ ਹੈ।

ਰੱਸੀ ਟੱਪਣ ਨਾਲ ਪਿਆਰ
ਮੇਰੇ ਪਿਤਾ ਦਾ ਜਨਮ 1947 ਵਿੱਚ ਪੰਜਾਬ ਦੇ ਸ਼ਹਿਰ ਅੰਮ੍ਰਿਤਸਰ – ਜਿੱਥੇ ਸਿੱਖਾਂ ਦਾ ਸਰਵਉੱਚ ਗੁਰਦੁਆਰਾ ਮੌਜੂਦ ਹੈ, ਵਿੱਚ ਇੱਕ ਕਿਸਾਨ ਪਰਿਵਾਰ ਵਿੱਚ ਹੋਇਆ। ਉਸਦੇ ਪਰਿਵਾਰ ਕੋਲ 25 ਏਕੜ ਦਾ ਠਾਠਾਂ ਮਾਰਦਾ ਹਰਿਆ ਭਰਿਆ ਖੇਤ ਸੀ, ਜਿੱਥੇ ਉਹ ਮਿਰਚਾਂ, ਬੈਂਗਣ, ਪਾਲਕ, ਟਮਾਟਰ ਤੇ ਗੰਨਾਂ ਉਗਾਉਂਦੇ। ਇਹਨਾਂ ਹੀ ਖੇਤਾਂ ਦੀਆਂ ਵੱਟਾਂ ਤੇ ਹੀ ਉਸਦੇ ਬਾਪ ਨੇ ਉਸਨੂੰ ਛੇ ਸਾਲ ਦੀ ਉਮਰ ਵਿੱਚ ਰੱਸੀ ਟੱਪਣੀ ਸਿਖਾਈ ਤੇ ਇੱਥੇ ਹੀ ਦਸ ਸਾਲ ਦੀ ਉਮਰ ਵਿੱਚ ਉਸਨੇ ਖੇਤਾਂ ਵਿੱਚ ਕੰਮ ਵਿੱਚ ਹੱਥ ਵੰਡਾਉਣਾ ਸ਼ੁਰੂ ਕਰ ਦਿੱਤਾ।

“ਮੈਨੂੰ ਮੱਝਾਂ ਤੇ ਕੁੱਕੜਾਂ ਦੇ ਦੁਆਲ਼ੇ ਰਹਿਣਾ ਤੇ ਫਸਲਾਂ ਦੀ ਦੇਖ-ਰੇਖ ਕਰਨ ਵਿੱਚ ਬੜਾ ਆਨੰਦ ਆਉਂਦਾ” ਉਸਨੇ ਮੈਨੂੰ ਕਿਹਾ। ਖੇਤੀਂ ਕੰਮ ਕਰਦਿਆਂ ਨੇੜੇ ਦੇ ਗੁਰਦੁਆਰਾ ਸਾਹਿਬ ਵਿੱਚੋਂ ਗੁਰੂ ਦੀ ਬਾਣੀ ਉਸਦੇ ਕੰਨੀਂ ਪੈਂਦੀ ਤੇ ਉਹ ਆਪਣੇ ਬਾਪ ਨੂੰ ਖੇਤਾਂ ਵਿੱਚ ਰੂਹ ਨਾਲ ਮੁਸ਼ਕਤ ਕਰਦੇ ਦੇਖਦਾ ਉਸੇ ਵਿਸਮਾਦ ਨਾਲ ਜਿਸ ਨਾਲ ਉਹ ਉਸਨੂੰ ਪੱਗ ਬੰਨ੍ਹਦਿਆਂ ਤੱਕਦਾ ਸੀ। “ਉਹ ਮੇਰਾ ਰੋਲ ਮਾਡਲ ਸੀ, ਮੇਰੀ ਪ੍ਰੇਰਨਾ ਸੀ” ਉਹ ਆਪਣੇ ਬਾਪ ਦੀ ਖੇਤਾਂ ਵਿੱਚ ਕੀਤੀ ਕਿਰਤ ਨੂੰ ਚੇਤੇ ਕਰ ਰਿਹਾ ਸੀ “ ਮੈਨੂੰ ਉਸਦਾ ਪੁੱਤਰ ਹੋਣ ਤੇ ਮਾਣ ਸੀ।

“ਉਹ ਮਹਿਕ” ਖੇਤਾਂ ਨੂੰ ਯਾਦ ਕਰਦਿਆਂ ਉਹ ਬੋਲਦਾ ਗਿਆ “ ਉਹ ਇੰਡੀਆ ਦੀ ਮਹਿਕ ਸੀ – ਤਾਜ਼ੀਆਂ ਫਸਲਾਂ ਤੇ ਮੱਝਾਂ ਦਾ ਗੋਹਾ।” ਇਹ ਉਹ ਸੁਗੰਧ ਹੈ ਜੋ ਚਾਹੇ ਤੁਸੀਂ ਕਿੰਨੇ ਵੀ ਦੂਰ ਚਲੇ ਜਾਵੋ ਤੁਹਾਡੇ ਨਾਲ ਰਹਿੰਦੀ ਹੈ।

ਗੱਲ੍ਹਾਂ ਕਰਦਾ ਮੇਰਾ ਪਿਤਾ ਸੋਚ ਦੇ ਰਾਹ ਤੇ ਕਿਤੇ ਦੂਰ ਨਿਕਲ ਗਿਆ ਤੇ ਉਸਦੇ ਖਿਆਲ ਹੁਣ ਆਪਣੇ ਬਾਪ ਕੋਲ ਵਾਪਸ ਇੰਡੀਆ ਚਲੇ ਗਏ। ਮੈਨੂੰ ਇਹ ਸਭ ਕੁਝ ਸੁਣਦਿਆਂ ਖੁਸ਼ੀ ਹੋ ਰਹੀ ਹੈ ਪਰ ਇਹ ਵੀ ਪਤਾ ਕਿ ਜਦੋਂ ਪਿਤਾ ਇਹ ਗੱਲਾਂ ਸਾਂਝੀਆਂ ਕਰਦਾ ਤਾਂ ਗੱਲਾਂ ਵਿੱਚ ਹਮੇਸ਼ਾ ਕਿਸੇ ਮਲਾਲ ਦੀ ਝਲਕ ਹੁੰਦੀ ਹੈ।

ਰਾਜਿੰਦਰ ਸਿੰਘ ਦਾ ਪਿਤਾ ਮੱਖਣ ਸਿੰਘ *

ਮੇਰੇ ਦਾਦੇ ਦਾ ਨਾਂ ਸੀ ਮੱਖਣ ਸਿੰਘ, ਪਿੰਡ ਦੇ ਲੋਕ ਉਸ ਨੂੰ ‘ਸ਼ਾਹ’ ਆਖ ਕੇ ਸੱਦਦੇ (ਜੋ ਸ਼ਾਇਦ ਪੈਸਾ-ਧੇਲਾ ਹੋਣ ਕਾਰਨ ਨਾਂ ਨਾਲ ਜੁੜਿਆ ਸੀ), ਕਿਸਾਨੀ ਦੇ ਨਾਲ ਨਾਲ ਮੇਰਾ ਦਾਦਾ ਲੋਕਾਂ ਨੂੰ ਉਧਾਰ ਕਰਜ਼ੇ ਤੇ ਪੈਸੇ ਦੇਣ ਦਾ ਕਾਰ ਵਿਹਾਰ ਵੀ ਕਰਦਾ। ਉਹ ਅੰਗਰੇਜ਼ਾਂ ਵਾਸਤੇ ਯੂਰਪ ਵਿੱਚ ਦੂਜੇ ਸੰਸਾਰ ਯੁੱਧ ਵਿੱਚ ਲੜਿਆ। ਇਸ ਲਾਮ ਤੋਂ ਉਹ ਬਹੁਤ ਸਾਰੀਆਂ ਕਹਾਣੀਆਂ ਦੀ ਪੰਡ ਬੰਨ੍ਹ ਕੇ ਮੁੜਿਆ ਜੋ ਉਸਨੇ ਮੇਰੇ ਪਿਤਾ ਨਾਲ ਸਾਂਝੀਆਂ ਕੀਤੀਆਂ ਜਿੰਨਾਂ ਵਿੱਚੋਂ ਬਹੁਤੀਆਂ ਨਸਲਵਾਦ ਨਾਲ ਸੰਬੰਧਿਤ ਸਨ। ਉਹ ਮੇਰੇ ਪਿਤਾ ਨੂੰ ਕਹਿੰਦਾ ਕਿ ਹਮੇਸ਼ਾ ਆਪਣੀ ਵਿਲੱਖਣ ਸ਼ਨਾਖ਼ਤ ਤੇ ਹੋਂਦ ਤੇ ਮਾਣ ਕਰੋ ਤੇ ਕਦੇ ਵੀ ਦੂਜਿਆਂ ਨੂੰ ਤੁਹਾਨੂੰ ਤੇ ਤੁਹਾਡੀ ਦਿੱਖ ਨੂੰ ਬਦਲਣ ਦਾ ਮੌਕਾ ਨਾ ਦਿਓ, ਤੁਹਾਨੂੰ ਹੋਰਨਾਂ ਵਰਗੇ ਬਨਣ ਤੇ ਦਿਸਣ ਦੀ ਜ਼ਰੂਰਤ ਨਹੀਂ।

ਦੂਜੀ ਚੀਜ਼ ਜੰਗ ਚੋਂ ਮੇਰਾ ਦਾਦਾ ਘਰ ਵਾਪਸ ਲਿਆਇਆ – ਉਹ ਸੀ ਉਸਦਾ ਰੱਸੀ ਟੱਪਣ ਪ੍ਰਤੀ ਪਿਆਰ – ਜੋ ਉਸਨੇ ਮੇਰੇ ਪਿਤਾ ਨਾਲ ਸਾਂਝਿਆਂ ਕੀਤਾ। ਮੇਰਾ ਦਾਦਾ ਉਂਜ ਭਾਵੇਂ ਸਖ਼ਤ ਸੁਭਾਅ ਦਾ ਸੀ ਕਿਉਂ ਜੋ ਉਹ ਆਪਣੇ ਪੁੱਤਰ ਚ ਅਨੁਸ਼ਾਸਨ, ਮਿਹਨਤ ਕਰਨ ਦਾ ਜਜ਼ਬਾ ਤੇ ਜ਼ੁੰਮੇਵਾਰੀ ਸਮਝਣ ਵਰਗੇ ਵਿਹਾਰਾਂ ਨੂੰ ਭਰਨਾ ਚਾਹੁੰਦਾ ਸੀ, ਪਰ ਮੇਰਾ ਪਿਤਾ ਯਾਦ ਕਰਦਾ ਕਿ ਜਿਸ ਦਿਨ ਉਸਨੇ ਰੱਸੀ ਟੱਪਣੀ ਸਿੱਖੀ ਤਾਂ ਉਸਦੇ ਬਾਪ ਨੇ ਉਸਨੂੰ ਘੁੱਟ ਕੇ ਕਲਾਵੇ ਵਿੱਚ ਲੈ ਲਿਆ। “ਉਹ ਅਨੋਖਾ ਪਲ ਸੀ”, ਉਹ ਕਹਿੰਦਾ, ਕਿਉਂਕਿ “ ਮੈਂ ਕਦੇ ਆਪਣੇ ਬਾਪ ਨੂੰ ਤੇਹ ਜਿਤਾਉਂਦਿਆਂ ਨਹੀਂ ਸੀ ਦੇਖਿਆ।”

ਉਸਨੂੰ ਚਾਰ ਕੁ ਸਾਲ ਬਾਅਦ ਦਾ ਉਹ ਦਿਨ ਵੀ ਯਾਦ ਹੈ – ਜਦੋਂ ਉਸਦੇ ਬਾਪ ਨੂੰ ਗ੍ਰਿਫ਼ਤਾਰ ਕੀਤਾ ਗਿਆ ਸੀ। ਉਸ ਦਿਨ ਵੀ ਸੂਰਜ ਚਮਕ ਰਿਹਾ ਸੀ। ਮੇਰਾ ਪਿਤਾ ਉਸ ਸਮੇਂ ਦਸ ਕੁ ਸਾਲ ਦਾ ਸੀ ਤੇ ਉਸ ਦਿਨ ਆਪਣੀ ਸੰਤਰੀ ਪੱਗ ਬੰਨੀ ਆਪਣੇ ਬਾਪ ਤੇ ਉਸਦੇ ਦੋ ਦੋਸਤਾਂ ਦੇ ਨਾਲ ਗੁਰਦੁਆਰਾ ਸਾਹਿਬ ਬੈਠਾ ਢਾਡੀ ਰਾਗੀ ਸੁਣ ਰਿਹਾ ਸੀ, ਜਦੋਂ ਯਕਦਮ ਪੁਲਸੀਏ ਆ ਧਮਕੇ।

ਜਿਓਂ ਜਿਓਂ ਮੇਰਾ ਪਿਤਾ ਉਸ ਘਟਨਾ ਨੂੰ ਯਾਦ ਕਰ ਰਿਹਾ ਉਸਦੇ ਹਾਵ ਭਾਵ ਬਦਲ ਰਹੇ ਨੇ, ਜਿਵੇਂ ਹੀ ਉਹ ਥੋੜਾ ਸਿੱਧਾ ਹੋ ਕੇ ਬੈਠਦਾ ਤੇ ਉਸਦੀ ਸੁਰ ਉੱਚੀ ਹੋ ਰਹੀ ਹੈ।

ਮੱਖਣ ਸਿੰਘ ਆਪਣੀ ਪਤਨੀ ਪ੍ਰੀਤਮ ਕੌਰ ਨਾਲ *

ਉਹ ਇਕ ਪੁਲਿਸ ਵਾਲੇ ਦੇ ਕਹੇ ਸ਼ਬਦਾਂ ਨੂੰ ਯਾਦ ਕਰਦਾ “ਮੱਖਣ ਸਿੰਘ ਅਸੀਂ ਤੈਨੂੰ ਮੁਖ਼ਤਿਆਰ ਸਿੰਘ ਪੁੱਤਰ ਸੋਹਣ ਸਿੰਘ ਦੇ ਕਤਲ ਦੇ ਜੁਰਮ ਵਿੱਚ ਗ੍ਰਿਫ਼ਤਾਰ ਕਰ ਰਹੇ ਹਾਂ।” ਮੇਰਾ ਪਿਤਾ ਦੱਸਦਾ ਕਿ ਮੁਖ਼ਤਿਆਰ ਸਿੰਘ ਪਿੰਡ ਦਾ ਹੀ ਇਕ ਬੰਦਾ ਸੀ ਜਿਸਦੀ ਮੇਰੇ ਦਾਦੇ ਨਾਲ ਲੰਘਦਿਆਂ ਟੱਪਦਿਆਂ ਥੋੜ੍ਹੀ ਬਹੁਤ ਲਿਹਾਜ਼ ਸੀ। ਪੁਲਿਸ ਕਹਿੰਦੀ ਕਿ ਕਿਸੇ ਨੇ ਉਸਨੂੰ ਰੇਲ ਗੱਡੀ ਦੀ ਲਾਈਨ ਨਾਲ ਬੰਨ੍ਹ ਦਿੱਤਾ ਜਿੱਥੇ ਉਸਦੀ ਰੇਲਗੱਡੀ ਥੱਲੇ ਆ ਕੇ ਮੌਤ ਹੋ ਗਈ। ਉਹ ਕਹਿੰਦੇ ਕਿ ਉਹਨਾਂ ਕੋਲ ਖ਼ਬਰ ਹੈ ਕੇ ਮੇਰੇ ਬਾਪ ਤੇ ਉਸਦੇ ਦੋਸਤਾਂ ਨੇ ਇਹ ਕੰਮ ਕੀਤਾ – ਬੰਨ੍ਹਣ ਦਾ।

“ਮੈਨੂੰ ਇਹ ਸਭ ਇਲਜ਼ਾਮ ਸੁਣ ਕੇ ਰਤਾ ਯਕੀਨ ਨਾ ਹੋਇਆ” ਮੇਰੇ ਪਿਤਾ ਹੁਣ ਕਹਿੰਦਾ “ ਮੈਂ ਕੰਬ ਰਿਹਾ ਸੀ ਤੇ ਬੱਸ ਇਹੀ ਸੋਚ ਰਿਹਾ ਸੀ ਕਿ ਹੁਣ ਮੇਰੀ ਮਾਂ ਕੀ ਕਰੇਗੀ।”

“ਮੇਰੇ ਬਾਪ ਦਾ ਚਿਹਰਾ ਪੀਲ਼ਾ ਪੈ ਗਿਆ ਪਰ ਉਸਦੇ ਹਾਵ ਭਾਵ ਸਥਿਰ ਸਨ (ਜਦੋਂ ਪੁਲਿਸ ਉਸਨੂੰ ਫੜ੍ਹ ਕੇ ਲਿਜਾ ਰਹੀ ਸੀ)।”

ਉਹ ਕੁਝ ਪਲਾਂ ਲਈ ਜਜ਼ਬਾਤੀ ਹੋ ਕੇ ਚੁੱਪ ਹੋ ਜਾਂਦਾ।

ਜਦੋਂ ਪੁਲਿਸ ਨੂੰ ਆਪਣੀ ਗਲਤੀ ਦਾ ਅਹਿਸਾਸ ਹੋਇਆ ਤਾਂ ਉਹਨਾਂ ਉਸਦੇ ਬਾਪ ਨੂੰ ਰਿਹਾਅ ਕਰ ਦਿੱਤਾ, ਉਹ ਕਹਿੰਦਾ, ਪਰ ਉਦੋਂ ਤੱਕ ਉਹ ਜੇਲ ਵਿੱਚ ਨੌਂ ਮਹੀਨੇ ਬੱਤਾ ਚੁੱਕਾ ਸੀ।

ਮੇਰਾ ਪਿਤਾ ਜ਼ਿੰਦਗੀ ਦੇ ਉਹਨਾਂ ਮਹੀਨਿਆਂ ਨੂੰ ਆਪਣੀ ਜ਼ਿੰਦਗੀ ਦਾ ਸਭ ਤੋਂ ਮਾੜਾ ਵਕਤ ਦੱਸਦਾ। “ਉਹ ਸਮਾਂ ਦਰਦਨਾਕ ਸੀ”, ਉਹ ਅੱਖਾਂ ਵਿੱਚ ਹੰਝੂ ਭਰ ਕੇ ਕਹਿੰਦਾ “ਅਸੀਂ ਉਸਨੂੰ ਮਿਲਣ ਨਾ ਜਾ ਸਕੇ, ਇਸ ਕਰਕੇ ਪਰਿਵਾਰ ਵਿੱਚ ਵੱਡਾ ਤਨਾਅ ਪੈਦਾ ਹੋ ਗਿਆ।” ਉਸਦੀ ਮਾਂ ਦਿਨੋ ਦਿਨ ਗ਼ਮਗੀਨ ਹੋਣ ਲੱਗੀ – ਬੱਚਿਆਂ ਨੂੰ ਟੁੱਟ ਟੁੱਟ ਪੈਂਦੀ ਤੇ ਇਕੱਲੀ ਬੈਠੀ ਸੋਚਾਂ ਵਿੱਚ ਡੁੱਬੀ ਰਹਿੰਦੀ।

ਪਰ ਫਿਰ, ਮੇਰਾ ਪਿਤਾ ਕਹਿੰਦਾ “ਇੱਕ ਦਿਨ ਸਕੂਲ ਤੋਂ ਵਾਪਸ ਆਇਆ ਤੇ ਕੀ ਦੇਖਦਾ ਕਿ ਉਸ ਦਾ ਬਾਪ ਖੇਤ ਟਰੈਕਟਰ ਚਲਾ ਰਿਹਾ ਸੀ, ਇੰਜ ਲੱਗਿਆ ਜਿਵੇਂ ਉਹ ਕਦੇ ਕਿਤੇ ਗਿਆ ਹੀ ਨਾ ਹੋਵੇ।”

ਉਹ ਆਪਣੇ ਬਾਪ ਵੱਲ ਤੇਜ਼ੀ ਨਾਲ ਭੱਜਿਆ, ਉਸਦਾ ਛੋਟਾ ਜਿਹਾ ਦਿਲ ਛਾਤੀ ਵਿੱਚ ਤੇਜ਼ੀ ਨਾਲ ਧੜਕ ਰਿਹਾ ਸੀ ਤੇ ਉਸਨੂੰ ਘੁੱਟ ਕੇ ਜੱਫੀ ਪਾ ਲਈ। ਪਰ ਉਹਨਾਂ ਜੋ ਵਾਪਰਿਆ ਉਸ ਬਾਰੇ ਕਦੇ ਖੁੱਲ ਕੇ ਗੱਲ ਨਾ ਕੀਤੀ। ਉਸਦੇ ਬਾਪ ਨੇ ਕਦੇ ਕੁਝ ਨਾ ਦੱਸਿਆ ਤੇ ਮੇਰੇ ਵਾਲਾ ਪੁੱਛਣ ਤੋਂ ਡਰਦਾ ਸੀ। ਅੱਜ ਦੇ ਦਿਨ ਤੱਕ ਉਹ ਕਈ ਬਿਨਾ ਜਵਾਬਾਂ ਵਾਲੇ ਸਵਾਲ ਚੁੱਕੀ ਫਿਰਦਾ।

“ਗ੍ਰਿਫ਼ਤਾਰੀ ਤੋਂ ਬਾਅਦ ਲੋਕਾਂ ਨੇ ਸਾਡੇ ਨਾਲ ਵੱਖਰੀ ਤਰ੍ਹਾਂ ਵਰਤਣਾ ਸ਼ੁਰੂ ਕਰ ਦਿੱਤਾ,” ਉਹ ਕਹਿੰਦਾ “ਲੋਕ ਤੁਹਾਨੂੰ ਦੋਸ਼ੀ ਮੰਨਣਾ ਸ਼ੁਰੂ ਕਰ ਦਿੰਦੇ ਨੇ।”

“ਇਹ ਸਭ ਦੇਖ ਕੇ ਕਿ ਮੇਰੇ ਬਾਪ ਨਾਲ ਕੀ ਹੋਇਆ ਤੇ ਸਾਡੇ ਭਾਈਚਾਰੇ ਨੇ ਉਸਦੀ ਬਾਂਹ ਨਾ ਫੜ੍ਹੀ ਉਹ ਇੱਕ ਕਾਰਨ ਸੀ ਜਿਸ ਕਰਕੇ ਮੇਰਾ ਆਪਣੇ ਮੁਲਕ ਨਾਲ਼ੋਂ ਮੋਹ ਟੁੱਟ ਗਿਆ।” ਉਹ ਦੱਸਦਾ।

ਘਰ ਛੱਡਣਾ
ਜ਼ਿੰਦਗੀ ਚੱਲਦੀ ਰਹੀ ਜਿਵੇਂ ਇਹ ਉਸਦੇ ਬਾਪ ਦੀ ਗ੍ਰਿਫ਼ਤਾਰੀ ਤੋਂ ਪਹਿਲਾਂ ਚਲਦੀ ਸੀ – ਖੇਤਾਂ ਦੇ ਆਲੇ ਦੁਆਲ਼ੇ ਘੁੰਮਦੀ – ਪਾਲਕ, ਆਲੂ, ਗੰਡੇ, ਮਿਰਚਾਂ ਤੇ ਲਸਣ – ਜਦੋਂ ਮੇਰੇ ਪਿਤਾ ਦੇ ਵੀਹਵੇਂ ਸਾਲਾਂ ਵਿੱਚ ਉਸਦਾ ਬਾਪ ਇੱਕ ਦਿਨ ਉਸਨੂੰ ਆ ਕੇ ਕਹਿੰਦਾ ਕਿ ਹੁਣ ਜਾਣ ਦਾ ਸਮਾਂ ਆ ਗਿਆ।

ਰਾਜਿੰਦਰ ਸਿੰਘ ਦੀਆਂ ਯੂਕੇ ਵਿਚ ਵੱਖੋ ਵੱਖਰੀਆਂ ਪਰਵਾਰਿਕ ਫੋਟੋਆਂ*

“ਪੁੱਤਰਾ, ਤੈਨੂੰ ਇਹ ਦੇਸ਼ ਛੱਡਣਾ ਪੈਣਾ, ਤੂੰ ਇੱਥੇ ਸੁਰੱਖਿਅਤ ਨਹੀਂ, ਲੋਕਾਂ ਤੇਰੇ ਪਿੱਛੇ ਪੈ ਜਾਣਾ ਤੇ ਮੈਂ ਚਾਹਾਂਗਾ ਕਿ ਤੂੰ ਚੰਗੀ ਜ਼ਿੰਦਗੀ ਬਤੀਤ ਕਰੇਂ।” ਉਹ ਆਪਣੇ ਬਾਪ ਦੇ ਕਹੇ ਸ਼ਬਦਾਂ ਨੂੰ ਯਾਦ ਕਰਦਾ ਕਹਿੰਦਾ।

ਉਸ ਸਮੇਂ ਇਸ ਗੱਲ ਦਾ ਇੱਕੋ ਮਤਲਬ ਸੀ “ਯੂਨਾਇਡ ਕਿੰਗਡਮ – ਵਲੈਤ।” ਉਹ ਸਮਾਂ ਸੀ ਜਦ ਸਾਰੇ ਇੱਧਰ ਆ ਰਹੇ ਸਨ, ਪਰ ਮੈਂ ਇੰਗਲੈਂਡ ਵਿੱਚ ਸਿਰਫ ਆਪਣੇ ਚਾਚੇ ਚਾਚੀ ਦੇ ਇੱਕੋ ਪਰਿਵਾਰ ਨੂੰ ਹੀ ਜਾਣਦਾ ਸੀ, ਉਹ ਕਹਿੰਦਾ।

ਦੋ ਕੁ ਮਹੀਨੇ ਬਾਅਦ ਉਹ ਕਿਸੇ ਲਾਗਲੇ ਪਿੰਡ ਇੱਕ ਏਜੰਟ ਨੂੰ ਮਿਲਿਆ ਜਿਸ ਨੇ ਕੁਝ ਪੈਸਿਆਂ ਬਦਲੇ ਉਸ ਦੇ ਇੰਗਲੈਂਡ ਜਾਣ ਲਈ ਕਾਗ਼ਜ਼ ਤਿਆਰ ਕਰਨੇ ਸਨ।

ਛੇ ਮਹੀਨੇ ਬਾਅਦ, ਉਸਨੇ ਆਪਣੀਆਂ ਪੱਗਾਂ, ਗੁਟਕਾ ਸਾਹਿਬ ਤੇ ਨਿੱਕ ਸੁਕ ਦੀਆ ਹੋਰ ਸਾਰੀਆਂ ਚੀਜ਼ਾਂ ਬੰਨੀਆਂ ਤੇ ਇੰਡੀਆ ਛੱਡ ਦਿੱਤਾ।

“ਵਿੱਛੜਣ ਸਮੇਂ ਦੀ ਮਿਲਣੀ ਲੰਮੀ ਸੀ” ਉਹ ਕਹਿੰਦਾ “ ਬਹੁਤ ਸਾਰੀਆਂ ਜੱਫੀਆਂ, ਅੱਥਰੂ ਤੇ ਮੇਰੀ ਮਾਂ ਵਾਰ ਵਾਰ ਪੁੱਛੇ ਕੇ ਕੀ ਮੈਂ ਲੋੜੀਂਦਾ ਸਮਾਨ ਬੰਨ੍ਹ ਲਿਆ ਕੇ ਨਹੀਂ। ਇਹ ਬੜਾ ਭਾਵੁਕ ਵਿਛੋੜਾ ਸੀ।”

1970 ਵਿੱਚ ਮੇਰਾ ਪਿਤਾ ਪਹਿਲੀ ਵਾਰੀਂ ਜਹਾਜ਼ ਤੇ ਚੜ੍ਹਿਆ “ਮੈਂ ਚੰਗੀ ਤਰ੍ਹਾਂ ਸੌਂ ਵੀ ਨਾ ਸਕਿਆ, ਪੱਗ ਬੰਨ੍ਹੀ ਹੋਣ ਕਰਕੇ ਮੈਂ ਸਿਰ ਸੀਟ ਨਾਲ ਨਾ ਲਾਇਆ ਕੇ ਕਿਤੇ ਪੱਗ ਨਾ ਮਿੱਧੀ ਜਾਵੇ।” ਉਹ ਉਸ ਦਿਨ ਨੂੰ ਯਾਦ ਕਰਦਾ ਹੱਸ ਕੇ ਦੱਸਦਾ।

ਜਦੋਂ ਉਹ ਇੰਗਲੈਂਡ ਆ ਕੇ ਉਤਰਿਆ ਤਾਂ ਉਸਨੇ ਮਹਿਸੂਸ ਕੀਤਾ ਕਿ ਹਵਾ ਤਾਜ਼ੀ ਸੀ ਤੇ ਦੇਖਿਆ ਕਿ ਸਭ ਕੁਝ ਸਾਫ ਸੁਥਰਾ ਸੀ।” ਗਲ਼ੀਆਂ ਬਹੁਤ ਹੀ ਸਾਫ ਸਨ, ਕਿਤੇ ਵੀ ਕੋਈ ਕੂੜਾ ਕਰਕਟ ਨਹੀਂ ਸੀ ਦਿਸਦਾ। ਕਾਰਾਂ ਦੇ ਕੋਈ ਹਾਰਨ ਨਹੀਂ ਸੀ ਵਜਾਉਂਦਾ ਤੇ ਸਭ ਕੁਝ ਬੜਾ ਸ਼ਾਂਤਮਈ ਤੇ ਚੈਨ ਵਾਲਾ ਸੀ ਤੇ ਲੋਕ ਬੜੇ ਸਲੀਕੇਦਾਰ ਸਨ।

ਉਸਦੇ ਚਾਚੇ ਚਾਚੀ ਨੇ ਉਸਨੂੰ ਏਅਰਪੋਰਟ ਤੋਂ ਚੱਕਿਆ ਤੇ ਹੰਸਲੋ ਆਪਣੇ ਛੋਟੇ ਜਿਹੇ ਘਰ ਲੈ ਗਏ। ਉਹ ਇਕ ਸਾਦਾ ਜਿਹਾ ਘਰ ਸੀ ਜਿਵੇਂ ਉਹਨਾਂ ਸਮਿਆਂ ਵਿੱਚ ਇੰਗਲੈਂਡ ਵਿੱਚ ਇੰਡੀਅਨ ਲੋਕਾਂ ਦੇ ਘਰ ਹੁੰਦੇ ਸਨ। ਪਰ ਘਰ ਵਿੱਚ ਇਕ ਦੋ ਕੁ ਚੀਜ਼ਾਂ ਸਨ ਜੋ ਉਸਨੇ ਪਹਿਲਾਂ ਕਦੇ ਨਹੀਂ ਸਨ ਦੇਖੀਆਂ – ਇਕ ਖਾਣਾ ਬਣਾਉਣ ਵਾਲਾ ਕੂਕਰ ਤੇ ਦੂਜੀ ਕੱਪੜੇ ਧੋਣ ਵਾਲੀ ਮਸ਼ੀਨ। “ਇਹ ਸਭ ਕੁਝ ਮੇਰੇ ਲਈ ਪਰਾਇਆ ਸੀ, ਮੈਨੂੰ ਨਹੀਂ ਸੀ ਪਤਾ ਕੇ ਇਹਨੇ ਯੰਤਰਾਂ ਨੂੰ ਕਿਵੇਂ ਵਰਤਣਾ ਤਾਂ ਹੀ ਮੈਨੂੰ ਆਪਣੀ ਚਾਚੀ ਤੋਂ ਪੁੱਛਣਾ ਪਿਆ। ਮੈਨੂੰ ਪਹਿਲਾਂ ਪਹਿਲਾਂ ਇਹ ਸਭ ਕੁਝ ਬੜਾ ਅਜੀਬ ਲੱਗਾ ਪਰ ਫਿਰ ਮੈਂ ਇਸ ਸਭ ਕੁਝ ਵਰਤਣ ਦਾ ਆਦੀ ਹੋ ਗਿਆ।”

ਉਸਦੇ ਨਵੇਂ ਘਰ ਵਾਲੇ ਦੇਸ਼ ਵਿੱਚ ਕੁਝ ਅਜਿਹੀਆਂ ਚੀਜ਼ਾਂ ਵੀ ਸਨ ਜਿੰਨਾ ਨੂੰ ਉਸਨੇ ਚਾਅ ਨਾਲ ਗ੍ਰਹਿਣ ਕੀਤਾ – ਫਿਸ਼ ਤੇ ਚਿਪਸ, ਡੋਨਟਸ ਅਤੇ ਕੈਂਡੀ ਫਲੋਸ। ਉਹ ਦੱਸਦਾ।

2008 ਵਿੱਚ ਜਦੋਂ ਉਹ ਅੰਮ੍ਰਿਤਧਾਰੀ ਸਿੱਖ ਬਣਿਆ ਤਾਂ ਉਸ ਤੋਂ ਬਾਅਦ ਉਸ ਨੂੰ ਫਿਸ਼ ਤੇ ਚਿਪਸ ਖਾਣਾ ਛੱਡਣਾ ਪਿਆ। ਪਰ ਉਸਨੂੰ ਸਿਰਕੇ ਦੀ ਉਹ ਸੁਗੰਧ ਅੱਜ ਵੀ ਯਾਦ ਹੈ ਜਦੋਂ ਪਹਿਲੀ ਵਾਰੀਂ ਕਿਸੇ ਨੇ ਉਸ ਨੂੰ ਫਿਸ਼ ਤੇ ਚਿਪਸ ਅਖਬਾਰ ਵਿੱਚ ਲਪੇਟ ਕੇ ਦਿੱਤੀਆਂ – ਉਹ ਇੱਕ ਤਰ੍ਹਾਂ ਇਹਨਾਂ ਨੂੰ ਖਾਣ ਦਾ ਨਸ਼ੇੜੀ ਹੋ ਗਿਆ।

ਫਿਰ, ਗਰਮੀ ਦੇ ਦਿਨਾਂ ਵਿੱਚ ਫੁੱਲਾਂ ਦੀ ਸੁਗੰਧ ਕੁਝ ਵੱਖਰੀ ਸੀ। “ਘਰ ਭਾਵੇਂ ਛੋਟੇ ਸਨ ਪਰ ਹਰ ਕਿਸੇ ਦੇ ਘਰ ਦੇ ਮੂਹਰਲੇ ਗਾਰਡਨ ਵਿੱਚ ਫੁੱਲ ਬੂਟੇ ਲੱਗੇ ਹੁੰਦੇ ਸੀ ਤੇ ਕਿੰਨਾ ਚੰਗਾ ਸੀ ਕਿ ਸਭ ਆਪਣੇ ਫੁੱਲਾਂ ਦੀ ਸਾਂਭ ਸੰਭਾਲ਼ ਕਰਦੇ।” ਉਹ ਕਹਿੰਦਾ, ਇਹ ਸਭ ਉਸ ਨੂੰ ਇੰਡੀਆ ਦੀ ਯਾਦ ਦਿਵਾਉਂਦਾ।

ਮੈਂ ਕਦੇ ਆਪਣੇ ਵਾਲ ਕੱਟਣੇ ਨਹੀਂ ਸੀ ਚਾਹੁੰਦਾ।
ਉਸਨੂੰ ਇਕ ਗੱਲ੍ਹ ਨੇ ਇੰਡੀਆ ਦੀ ਬਿੱਲਕੁਲ ਵੀ ਯਾਦ ਨਾ ਦਿਵਾਈ, ਉਹ ਸੀ ਚਾਰੇ ਪਾਸੇ ਸ਼ਾਂਤੀ, “ਇੰਡੀਆ ਵਿੱਚ ਹਰ ਪਾਸੇ ਪਰ ਪਹਿਰ ਰੋਲਾ ਪੈਂਦਾ, ਕਾਰਾਂ ਦੇ ਹਾਰਨ, ਲੋਕੀਂ ਸੜਕਾਂ ਤੇ ਚੋਂਕਾਂ ਦੇ ਪੁੱਠੇ ਪਾਸਿਓਂ ਲੰਘਦੇ, ਮੱਝਾਂ ਗਾਵਾਂ, ਲਗਾਤਾਰ ਚਾਰੇ ਪਾਸਿਓਂ ਅਵਾਜ਼ਾਂ ਆਉਂਦੀਆਂ ਰਹਿੰਦੀਆਂ, ਮੈਨੂੰ ਇਹ ਸਭ ਛੱਡ ਕੇ ਆਉਣ ਦਾ ਕੋਈ ਦੁੱਖ ਨਾ ਹੋਇਆ ਜਦੋ ਮੈਂ ਇੰਗਲੈਂਡ ਆਇਆ।”

ਉਸਨੂੰ ਵੱਡੇ ਵੱਡੇ ਸ਼ੀਸ਼ਿਆਂ ਦਾ ਵੀ ਕੋਈ ਇਤਰਾਜ਼ ਨਹੀਂ ਸੀ ਹੋਇਆ। ਕਮਰੇ ਵਿੱਚ ਲੱਗੇ ਵੱਡੇ ਸ਼ੀਸ਼ੇ ਵੱਲ ਉਂਗਲ ਕਰਕੇ ਉਹ ਮਜ਼ਾਕ ਕਰਦਾ “ ਮੇਰੇ ਕੋਲ ਇੰਡੀਆ ਵਿੱਚ ਵੱਡੇ ਸ਼ੀਸ਼ਿਆਂ ਦੀ ਠਾਠ ਬਾਠ ਨਹੀਂ ਸੀ” ਉਹ ਹੱਸਦਾ “ਘੱਟੋ ਘੱਟ, ਇੱਥੇ, ਮੈਂ ਆਪਣੀ ਪੱਗ ਚੰਗੀ ਤਰਾਂ ਬੰਨ੍ਹ ਸਕਦਾਂ।”

ਰਾਜਿੰਦਰ ਸਿੰਘ ਦੀਆਂ ਯੂਕੇ ਵਿਚ ਵੱਖੋ ਵੱਖਰੀਆਂ ਪਰਵਾਰਿਕ ਫੋਟੋਆਂ – ਹਨ ਵਿੱਚੋ ਇਕ ਹੈ ਜਦੋਂ ਉਸਨੂੰ ਨੌਕਰੀ ਲਈ ਵਾਲ ਕੱਟਣੇ ਪਏ *

ਉਸਦੀ ਸੋਹਣੀ ਪੱਗ ਐਪਰ ਇੰਗਲੈਂਡ ਦੀ ਜ਼ਿੰਦਗੀ ਵਿੱਚ ਇੱਕ ਅੜਚਨ ਬਣਨ ਵਾਲੀ ਸੀ। ਲੋਕੀਂ ਉਸਦੀ ਪੱਗ ਵੱਲ ਘੂਰਦੇ – ਉਹ ਕਹਿੰਦਾ, ਤੇ ਜਦੋਂ ਉਸ ਨੇ ਪਹਿਲੀ ਵਾਰੀਂ ਨੌਕਰੀ ਲਈ ਅਪਲਾਈ ਕੀਤਾ ਤਾਂ ਬੇਕਰੀ ਤੇ ਇੰਟਰਵਿਊ ਲੈਣ ਵਾਲੇ ਨੇ ਧੱਕੇ ਨਾਲ ਉਸਨੂੰ ਰੇਗ ਸੱਦਣਾ ਸ਼ੁਰੂ ਕਰ ਦਿੱਤਾ – ਫਿਰ ਉਸ ਨੂੰ ਕਿਹਾ ਗਿਆ ਕਿ ਜਦੋਂ ਤੱਕ ਉਹ ਪੱਗ ਬੰਨ੍ਹਦਾ ਉਦੋਂ ਤੱਕ ਉਸ ਨੂੰ ਨੌਕਰੀ ਨਹੀਂ ਮਿਲ ਸਕਦਾ। ਉਸਦਾ ਦਿਲ ਦਹਿਲ ਗਿਆ, ਉਹ ਕਹਿੰਦਾ, ਉਹ ਯੂਕੇ ਵਿੱਚ ਪੈਸੇ ਕਮਾਉਣ ਆਇਆ ਸੀ ਤਾਂ ਜੋ ਉਹ ਕੁਝ ਪੈਸੇ ਬਚਾ ਕੇ ਪਿੱਛੇ ਆਪਣੇ ਘਰ-ਦਿਆਂ ਨੂੰ ਭੇਜ ਸਕੇ। ਪਰ ਉਸਨੂੰ ਇਸ ਗੱਲ ਦਾ ਕੋਈ ਅੰਦਾਜ਼ਾ ਨਹੀਂ ਸੀ ਕਿ ਉਸ ਨੂੰ ਉਸਦੀ ਪਗੜੀ ਕਰਕੇ ਨੌਕਰੀ ਨਹੀਂ ਮਿਲੇਗੀ।

ਉਹ ਆਪਣੇ ਚਾਚੇ ਚਾਚੀ ਦੇ ਘਰ ਵਾਪਸ ਜਾ ਆਪਣੇ ਛੋਟੇ ਜਿਹੇ ਕਮਰੇ ਵਿੱਚ ਧਾਹਾਂ ਮਾਰ ਕੇ ਰੋਇਆ। ਥੋੜੇ ਦਿਨਾਂ ਬਾਅਦ ਇਕ ਸਵੇਰ, ਉਹ ਸੁਵੱਖਤੇ ਉੱਠ ਕੇ ਬਾਥਰੂਮ ਵਿੱਚ ਜਾ ਵੜਿਆ ਤੇ ਉੱਥੇ ਹੀ ਸ਼ੀਸ਼ੇ ਮੂਹਰੇ ਖੜਿਆਂ ਉਸਨੇ ਆਪਣੇ ਲੱਕ ਤੱਕ ਵਹਿੰਦੇ ਵਾਲਾਂ ਨੂੰ ਕੈਂਚੀ ਨਾਲ ਕੱਟ ਦਿੱਤਾ। “ਮੈਂ ਆਪਣੇ ਆਪ ਨੂੰ ਸ਼ੀਸ਼ੇ ਵਿੱਚ ਵੇਖ ਵੀ ਨਾ ਪਾਇਆ ਤੇ ਆਪਣੇ ਆਪ ਨੂੰ ਬਹੁਤ ਸ਼ਰਮਸਾਰ ਤੇ ਦੋਸ਼ੀ ਮਹਿਸੂਸ ਕੀਤਾ।” ਉਹ ਕਹਿੰਦਾ “ਮੈਂ ਇਹੀ ਸੋਚ ਸੋਚ ਝੂਰਦਾ ਰਿਹਾ ਕਿ ਮੇਰੇ ਮਾਪੇ ਤੇ ਮੇਰੇ ਭਾਈ ਭੈਣ ਮੈਨੂੰ ਕੀ ਕਹਿਣਗੇ।”

“ਮੈਨੂੰ ਇੰਜ ਲੱਗਾ ਜਿਵੇਂ ਮੇਰੇ ਸਰੀਰ ਦਾ ਕੋਈ ਅੰਗ ਕੱਟਿਆ ਗਿਆ ਹੋਵੇ – ਜਿਵੇਂ ਮੇਰੀ ਸ਼ਨਾਖ਼ਤ ਤੇ ਹੋਂਦ ਖਤਮ ਹੋ ਗਈ ਹੋਵੇ” ਉਹ ਕਹਿੰਦਾ।

ਉਹ ਆਪਣੇ ਵਾਲਾਂ ਨੂੰ ਸੁੱਟਣ ਦਾ ਜਿਗਰਾ ਨਾ ਕਰ ਸਕਿਆ ਤਾਂ ਉਸਨੇ ਵਾਲਾਂ ਨੂੰ ਭੂਰੇ ਜਿਹੇ ਲਿਫ਼ਾਫ਼ੇ ਵਿੱਚ ਪਾ ਆਪਣੇ ਸਰ੍ਹਾਣੇ ਇੱਕ ਛੋਟੀ ਜਿਹੀ ਅਲਮਾਰੀ ਵਿੱਚ ਰੱਖ ਦਿੱਤਾ।

“ਮੈਂ ਕਦੇ ਵੀ ਆਪਣੇ ਵਾਲ ਨਹੀਂ ਸਾਂ ਕੱਟਣੇ ਚਾਹੁੰਦਾ ਪਰ ਮੈਂ ਨੌਕਰੀ ਦੇ ਲਈ ਲਾਚਾਰ ਸਾਂ।” ਉਹ ਕਹਿੰਦਾ।

ਮੇਰੇ ਪਿਤਾ ਨੂੰ ਬੇਕਰੀ ਵਿੱਚ ਨੌਕਰੀ ਤਾਂ ਮਿਲ ਗਈ ਪਰ ਉਸਦੇ ਵਾਲਾਂ ਦੇ ਅਲੋਪ ਹੋਣ ਨਾਲ ਨਸਲਵਾਦ ਅਲੋਪ ਨਾ ਹੋਇਆ।

ਉਹ ਲੋਕਾਂ ਦੀ ਲਿਆਕਤ ਜੋ ਉਸਨੇ ਏਅਰਪੋਰਟ ਤੇ ਦੇਖੀ ਸੀ ਕਿਧਰੇ ਉੱਡ ਗਈ ਲੱਗਦੀ ਸੀ, ਗਾਹਕ ਉਸ ਨੂੰ ਨਸਲਵਾਦੀ ਸ਼ਬਦਾਵਲੀ ਨਾਲ ਸੰਬੋਧਿਤ ਕਰਦੇ “ਇਹ ਸਭ ਕੁਝ ਬੜਾ ਡਰਾਉਣਾ ਸੀ” ਉਹ ਕਹਿੰਦਾ “ਇਹ ਸਭ ਕੁਝ ਮੇਰੇ ਨਾਲ ਬਹੁਤ ਸਮਾਂ ਮੇਰੇ ਦਿਲ ਵਿੱਚ ਰਿਹਾ।”

ਨਸਲਵਾਦ ਦਾ ਇੱਕ ਹੋਰ ਸੂਖਮ ਰੂਪ ਸੀ – ਉਸ ਨਾਲ ਕੰਮ ਕਰਨ ਵਾਲੇ ਘੱਟ ਯੋਗਤਾ ਵਾਲੇ ਤੇ ਘੱਟ ਮਿਹਨਤੀ ਕਾਮਿਆਂ ਨੂੰ ਚਮੜੀ ਦੇ ਰੰਗ ਦਾ ਫਰਕ ਹੋਣ ਕਾਰਨ ਉਸ ਤੋਂ ਉੱਪਰ ਤਰੱਕੀ ਦੇ ਦਿੱਤੀ ਜਾਂਦੀ। ਉਸਨੂੰ ਲਗਾਤਾਰ ਰਾਤ ਦੀਆ ਸ਼ਿਫ਼ਟਾਂ ਲਾਉਣ ਲਈ ਕਿਹਾ ਜਾਂਦਾ। “ਮੈਨੂੰ ਲੱਗਦਾ ਕਿ ਮੈਂ ਕੁਝ ਨਹੀਂ ਕਹਿ ਸਕਦਾ ਨਹੀਂ ਤਾਂ ਮੇਰੀ ਨੌਕਰੀ ਚਲੀ ਜਾਵੇਗੀ” ਉਹ ਕਹਿੰਦਾ “ਮੈਨੂੰ ਇਹ ਸਭ ਕੁਝ ਨਜ਼ਰ-ਅੰਦਾਜ਼ ਕਰਨਾ ਪੈਣਾ ਸੀ ਕਿਉਂਕਿ ਰੰਗਦਾਰ ਆਦਮੀ ਹੁੰਦਿਆਂ ਮੈਂ ਹੋਰ ਕਰ ਵੀ ਕੀ ਸਕਦਾ ਸੀ।”

ਤੇ ਫੇਰ ਜਦੋਂ ਮੈਂ ਵਾਪਸ ਘਰ ਜਾ ਰਿਹਾ ਹੁੰਦਾ ਤਾਂ ਲੋਕੀਂ ਆਪਣੀਆਂ ਕਾਰਾਂ ਤੇ ਬੱਸਾਂ ਦੀਆਂ ਖਿੜਕੀਆਂ ਵਿੱਚੋਂ ਮੈਨੂੰ ਨਸਲਵਾਦੀ ਸ਼ਬਦਾਂ ਦੇ ਲਲਕਾਰੇ ਮਾਰਦੇ ਤੇ ਚੀਕਦੇ “ਘਰ ਵਾਪਸ ਜਾ” ( ਗੋ ਬੈਕ ਹੋਮ)। ਹੁਣ ਗੱਲਾਂ ਕਰਦਿਆਂ ਉਸਦੀ ਅਵਾਜ਼ ਧੀਮੀ ਹੋ ਗਈ ਜਦੋਂ ਉਸਨੂੰ ਯਾਦ ਆਉਂਦਾ ਕਿ ਇੱਕ ਵਾਰੀ ਨਸਲਵਾਦੀ ਸ਼ਬਦਾਂ ਦੇ ਨਾਲ ਨਾਲ ਕਿਸੇ ਨੇ ਉਸ ਉੱਪਰ ਜੂਸ ਵਾਲਾ ਡੱਬਾ ਚਲਾ ਕੇ ਮਾਰਿਆ।

“ਮੈਂ ਉਹਨਾਂ ਸਭ ਲੋਕਾਂ ਨੂੰ ਕਹਾਂਗਾ ਕਿ ਪਰਮਾਤਮਾ ਤੁਹਾਨੂੰ ਸਭ ਨੂੰ ਰਾਜ਼ੀ ਰੱਖੇ” ਕਿਉਂਕਿ ਮੇਰਾ ਧਰਮ ਤੇ ਮੇਰਾ ਵਿਸ਼ਵਾਸ ਮੈਨੂੰ ਪਿਆਰ ਕਰਨਾ ਸਿਖਾਉਂਦਾ ਨਾ ਕੇ ਈਰਖਾ।”

ਤੇਰਾ ਬਾਪੂ ਚਲ ਵਸਿਆ।
ਇੰਗਲੈਂਡ ਵਿੱਚ ਆਉਣ ਤੋਂ ਤਿੰਨ ਸਾਲ ਬਾਅਦ ਮੇਰੇ ਪਿਤਾ ਨੂੰ ਮੇਰੀ ਮਾਂ ਨਾਲ ਮਿਲਾਇਆ ਗਿਆ ਜਾਂ ਇਹ ਕਹਿ ਲੈਣਾ ਕਿ ਉਸਦੀ ਫੋਟੋ ਨਾਲ, ਇੱਕ ਮਿੱਤਰ ਰਾਹੀਂ।

ਆਉਂਦੇ ਵਰ੍ਹੇ ਮੇਰੀ ਮਾਂ ਦੇ ਪੇਕੇ ਘਰ ਸਾਊਥਹਾਲ ਦੇ ਗੁਰਦੁਆਰੇ ਵਿੱਚ ਇੱਕ ਸਾਦੀ ਜਿਹੀ ਰਸਮ ਨਾਲ ਦੋਹਾਂ ਦਾ ਵਿਆਹ ਹੋ ਗਿਆ ਤੇ ਉਹ ਸਾਦੇ ਜਿਹੇ ਹਨੀਮੂਨ ਲਈ ਸਕਾਟਲੈਂਡ ਰਵਾਨਾ ਹੋ ਗਏ।

ਮੱਖਣ ਸਿੰਘ ਦੀ ਫੌਜੀ ਵਰਦੀ *

ਇੱਕ ਸਾਲ ਬਾਅਦ ਮੇਰਾ ਭਰਾ ਆਇਆ ਤੇ ਮੈਂ ਉਸ ਤੋਂ ਪੰਜ ਸਾਲ ਬਾਅਦ। ਮੇਰੇ ਮਾਪਿਆਂ ਬਹੁਤ ਮਿਹਨਤ ਕੀਤੀ ਤੇ ਅਕਸਰ ਹੀ ਦੂਹਰੀਆਂ ਸ਼ਿਫ਼ਟਾਂ ਲਾਉਂਦੇ ਤੇ ਕਦੇ ਕਦਾਈਂ ਸਾਨੂੰ ਜ਼ਿੰਦਗੀ ਦੀ ਠਾਠ ਬਾਠ੍ਹ ਨਾਲ ਨਿਵਾਜਦੇ। ਉਹਨਾਂ ਵਿੱਚੋਂ ਇੱਕ ਸੀ ਜਦੋਂ ਮੇਰੀ ਮਾਂ ਨੇ ਮੇਰੇ ਪੰਜਵੇਂ ਜਨਮ ਦਿਨ ਤੇ ਸਟਰਾਬਰੀਜ਼ ਵਾਲਾ ਤਾਜ਼ੀ ਕਰੀਮ ਦਾ ਕੇਕ ਚਾਕਲੇਟ ਫਲੇਕ ਲਵਾ ਕੇ ਲਿਆਂਦਾ ਤੇ ਘਰ ਵਿੱਚ ਸਮੋਸੇ ਤੇ ਪਕੋੜੇ ਵੀ ਬਣੇ।

ਉਸ ਦਿਨ ਦੀਆ ਫੋਟੋਆਂ ਵਿੱਚ ਮੈਂ ਗੁੱਤਾਂ ਤੇ ਹਰੇ ਰੰਗ ਦੇ ਰਿਬਨਾਂ ਦੇ ਨਾਲ ਨਾਲ ਹਰੇ ਰੰਗ ਦੀ ਡ੍ਰੈਸ ਵੀ ਪਾਈ ਹੋਈ ਹੈ ਜੋ ਮੇਰੀ ਮਾਂ ਨੇ ਖੁੱਦ ਬਣਾਈ ਸੀ। ਅਸੀਂ ਉਸ ਦਿਨ ਆਪਣੇ ਵੈਲਵਟ ਦੇ ਸੋਫ਼ੇ ਤੇ ਰੰਗਦਾਰ ਕਾਰਪਟ ਵਾਲੇ ਬਹਿਣ ਉੱਠਣ ਵਾਲੇ ਕਮਰੇ ਵਿੱਚ ਬਾਲੀਵੁਡ ਗੀਤਾਂ ਤੇ ਭੰਗੜਾ ਵੀ ਪਾਇਆ ਜਿਵੇਂ ਅਸੀਵੇਂ ਦਹਾਕੇ ਵਿੱਚ ਹੁੰਦਾ ਸੀ। ਫੋਟੋਆਂ ਵਿੱਚ ਸਾਰੇ ਕਿੰਨੇ ਖੁਸ਼ ਲੱਗਦੇ ਹਨ।

ਪਰ ਉਸ ਰਾਤ ਮੇਰੇ ਪਿਤਾ ਨੂੰ ਚੰਗੀ ਤਰ੍ਹਾਂ ਨੀਂਦ ਨਾ ਆਈ। ਅਗਲੀ ਸਵੇਰ ਉਸਨੇ ਮੇਰੀ ਮਾਂ ਨੂੰ ਦੱਸਿਆ ਕਿ ਉਸਨੂੰ ਇੰਜ ਲੱਗ ਰਿਹਾ ਸੀ ਕਿ ਕੋਈ ਦੋ ਹੱਥਾਂ ਨਾਲ ਉਸਦਾ ਗਲ ਘੁੱਟ ਰਿਹਾ ਹੋਵੇ ਤੇ ਉਸਦਾ ਸਾਹ ਬੰਦ ਹੋ ਰਿਹਾ ਸੀ। ਅਗਲੇ ਦਿਨ ਉਸਨੂੰ ਉਸਦੇ ਛੋਟੇ ਭਰਾ ਤੋਂ ਟੈਲੀਗ੍ਰਾਮ ਮਿਲੀ ਕਿ ਉਸਦੇ ਬਾਪ ਦੀ ਮੌਤ ਹੋ ਗਈ ਹੈ । “ਤੇਰਾ ਬਾਪ ਚਲ ਵਸਿਆ” ਉਸ ਤੇ ਲਿਖਿਆ ਸੀ।

ਉਸ ਸਮੇਂ ਉਸ ਕੋਲ ਇੰਡੀਆ ਵਿੱਚ ਪਰਿਵਾਰ ਨਾਲ ਗੱਲ ਕਰਨ ਦਾ ਇੱਕੋ ਤਰੀਕਾ ਸੀ, ਪਿੰਡ ਦੇ ਪੋਸਟ ਆਫ਼ਿਸ ਵਿੱਚ ਫ਼ੋਨ ਕਰਕੇ। ਮਾਲਕ ਫੇਰ ਮੇਰੇ ਪਿਤਾ ਦੇ ਘਰ ਤੁਰਕੇ ਸੁਨੇਹਾ ਦੇਣ ਜਾਂਦਾ। ਕੰਬਦੇ ਹੱਥਾਂ ਨਾਲ ਮੇਰੇ ਪਿਤਾ ਨੇ ਨੰਬਰ ਘੁਮਾਇਆ। ਫੇਰ ਘੰਟਿਆਂ ਬੱਧੀ ਅਸੀਂ ਸਾਹਮਣੇ ਕਮਰੇ ਵਿੱਚ ਬੈਠੇ ਮੇਰੇ ਚਾਚੇ ਦੇ ਫ਼ੋਨ ਦੀ ਉਡੀਕ ਕਰਦੇ ਰਹੇ। ਜਦੋਂ ਫ਼ੋਨ ਖੜਕਿਆ ਤਾਂ ਮੇਰੇ ਚਾਚੇ ਨੇ ਦੱਸਿਆ ਕੇ ਮੇਰੇ ਦਾਦੇ ਦਾ ਕਿਸੇ ਨੇ ਗਲ ਘੁੱਟ ਕੇ ਕਤਲ ਕਰ ਦਿੱਤਾ ਹੈ ਤੇ ਉਸਦੀ ਲਾਸ਼ ਖੇਤਾਂ ਵਿੱਚੋਂ ਮਿਲੀ। “ਮੈਨੂੰ ਜ਼ਿੰਦਗੀ ਵਿੱਚ ਇਕ ਵਾਰੀ ਫਿਰ ਯਕੀਨ ਨਾ ਆਇਆ ,ਮੈਂ ਜੋ ਸੁਣਿਆ” ਉਹ ਕਹਿੰਦਾ। ਮੇਰੀ ਮਾਂ ਨੇ ਜਲਦੀ ਨਾਲ ਉਸਦੇ ਇੰਡੀਆ ਜਾਣ ਦਾ ਸਾਰਾ ਪ੍ਰਬੰਧ ਕਰ ਦਿੱਤਾ।

ਮੇਰਾ ਪਿਤਾ ਦੋ ਹਫ਼ਤਿਆਂ ਲਈ ਚਲਾ ਗਿਆ ਸੀ। ਮੈਨੂੰ ਯਾਦ ਹੈ ਜਦੋਂ ਅਸੀਂ ਹੀਥਰੋ ਏਅਰਪੋਰਟ ਤੇ ਉਸਦੇ ਮੁੜ ਕੇ ਆਉਣ ਦਾ ਇੰਤਜ਼ਾਰ ਕਰ ਰਹੇ ਸਾਂ, ਜਦੋਂ ਉਹ ਪਰਤਿਆ ਤਾਂ ਮੈਨੂੰ ਜਲਦੀ ਉਸਦੀ ਪਛਾਣ ਨਾ ਆਈ। ਉਸਨੇ ਦਾੜ੍ਹੀ ਵਧਾ ਲਈ ਸੀ ਤੇ ਉਸਦੇ ਵਾਲ ਵੀ ਲੰਬੇ ਸਨ।

15 ਸਾਲ ਪੱਗ ਤੋਂ ਬਿਨਾਂ ਰਹਿਣ ਤੋਂ ਬਾਅਦ ਉਸਨੇ ਪੱਗ ਬੰਨ੍ਹਣ ਦਾ ਇਰਾਦਾ ਕਰ ਲਿਆ ਸੀ। “ਮੇਰੇ ਬਾਪ ਦੀ ਮੌਤ ਤੋਂ ਬਾਅਦ, ਉਸਦੇ ਕਹੇ ਸ਼ਬਦਾਂ ਨੇ ਮੇਰੇ ਚੋਟ ਮਾਰੀ” ਉਹ ਯਾਦ ਕਰਦਾ, ਉਸਨੇ ਮੈਨੂੰ ਕਿਹਾ ਸੀ ਕਿ ਕਦੇ ਵੀ ਆਪਣੀ ਸ਼ਨਾਖ਼ਤ ਨਹੀਂ ਬਦਲਣੀ, ਤੇ ਕਾਂਬਾ ਮੇਰੀ ਰੀੜ੍ਹ ਦੀ ਹੱਡੀ ਰਾਹੀਂ ਨਿਕਲ ਗਿਆ। ਮੈਂ ਆਪਣੀ ਦਿੱਖ ਬਦਲ ਲਈ ਸੀ, ਇੱਥੋਂ ਦੇ ਰਹਿਣ ਸਹਿਣ ਦੇ ਅਨੁਕੂਲ ਹੋਣ ਲਈ।

ਆਪਣੀ ਨਵੀਂ ਦਿੱਖ ਦੇ ਨਾਲ ਨਾਲ ਉਹ ਇੱਕ ਅਟੈਚੀ ਵੀ ਪੰਜਾਬੋਂ ਨਾਲ ਲਿਆਇਆ। ਇਹਦੇ ਵਿੱਚ ਉਸਦੇ ਬਾਪ ਦੇ ਕਤਲ ਸੰਬੰਧੀ ਪੁਲਿਸ ਰਿਪੋਰਟ ਦੇ ਨਾਲ ਨਾਲ ਉਸਦੀ ਲਾਸ਼ ਦਾ ਬਣਾਇਆ ਨਕਸ਼ਾ ਜੋ ਗਲਾ ਘੁੱਟਣ ਦੇ ਨਿਸ਼ਾਨ ਦਿਖਾ ਰਿਹਾ ਸੀ ਤੇ ਉਸਦੇ ਬਾਪ ਦੀ ਫੌਜ ਦੀ ਵਰਦੀ ਸ਼ਾਮਿਲ ਸਨ।

ਕਿਸੇ ਨੂੰ ਵੀ ਮੇਰੇ ਦਾਦੇ ਦੇ ਕਤਲ ਕੇਸ ਵਿੱਚ ਨਾ ਗ੍ਰਿਫ਼ਤਾਰ ਕੀਤਾ ਗਿਆ ਤੇ ਨਾ ਸਜ਼ਾ ਹੋਈ।

“ਮੈਨੂੰ ਨਹੀਂ ਲੱਗਦਾ ਕੇ ਪੁਲਿਸ ਨੇ ਸਹੀ ਤਫ਼ਤੀਸ਼ ਕੀਤੀ” ਮੇਰਾ ਪਿਤਾ ਕਹਿੰਦਾ “ਮੈਨੂੰ ਲੱਗਦਾ ਕਿ ਕਾਂਡ ਉਸਦੇ ਪੈਸੇ ਦੇ ਦੇਣ ਲੈਣ ਨਾਲ ਜੁੜਿਆ ਸੀ ਤੇ ਕਾਤਲ ਵੀ ਕੋਈ ਪਿੰਡ ਤੋਂ ਹੀ ਸੀ।”

ਲੇਖਿਕਾ ਆਪਣੇ ਪਿਤਾ ਨੂੰ ਐਮ ਬੀ ਈ ਮਿਲਣ ਪਿੱਛੋਂ ਉਸ ਨਾਲ*

ਮੇਰਾ ਪਿਤਾ ਆਪਣੇ ਬਾਪ ਦੇ ਕਤਲ ਵਿੱਚ ਨਿਆਂ ਨਾ ਮਿਲਣ ਕਰਕੇ ਲੰਮਾ ਸਮਾਂ ਤਕਲੀਫ਼ ਵਿੱਚ ਰਿਹਾ, ਪਰ ਉਸ ਨੇ ਜ਼ਿੰਦਗੀ ਇਉਂ ਗੁਜ਼ਾਰੀ ਜਿਸ ਨਾਲ ਉਸਦੇ ਬਾਪ ਦਾ ਸਨਮਾਨ ਤੇ ਯਾਦ ਬਹਾਲ ਰਹੇ – ਪੱਗ ਬੰਨ੍ਹ ਕੇ ਜਿਵੇਂ ਉਹ ਛੋਟੇ ਹੁੰਦਿਆਂ ਉਹ ਆਪਣੇ ਬਾਪ ਨੂੰ ਬੰਨ੍ਹਦਿਆਂ ਦੇਖਦਾ ਸੀ ਤੇ ਰੱਸੀ ਟੱਪ ਕੇ ਜਿਵੇਂ ਉਸਦੇ ਬਾਪ ਨੇ ਉਸਨੂੰ ਕਈ ਵਰ੍ਹੇ ਪਹਿਲਾਂ ਟੱਪਣੀ ਸਿਖਾਈ ਸੀ।

ਅਸਲ ਵਿੱਚ ਜਦੋਂ ਯੂਕੇ ਵਿੱਚ ਕਰੋਨਾ ਕਰਕੇ ਜਦੋਂ ਲਾਕਡਾਊਨ ਲੱਗਿਆ ਤਾਂ ਰੱਸੀ ਟੱਪਣ ਦੇ ਹੁਨਰ ਨੇ ਉਸਨੂੰ ਅੰਤਰਰਾਸ਼ਟਰੀ ਪੱਧਰ ਤੇ ਮਸ਼ਹੂਰ ਕਰ ਦਿੱਤਾ ਕਿਉਂਕਿ ਉਸਦੀ ਅਲਾਟਮੈਂਟ (ਸਬਜ਼ੀਆਂ ਲਾਉਣ ਵਾਲੀ ਨਿਆਈਂ) ਵਿੱਚ ਰੱਸੀ ਟੱਪਦੇ ਦੀ ਵੀਡੀਓ ਵਾਈਰਲ ਹੋ ਗਈ।

ਉਹ ਸਕਿਪਿੰਗ ਸਿੱਖ ਦੇ ਨਾਂ ਨਾਲ ਜਾਣਿਆ ਜਾਣ ਲੱਗਾ ਤੇ ਉਸਨੇ ਲੋਕਾਂ ਨੂੰ ਕਸਰਤ ਕਰਕੇ ਤੰਦਰੁਸਤ ਰਹਿਣ ਲਈ ਪ੍ਰੇਰਿਤ ਕਰਦੀਆਂ ਵੀਡੀਓ ਬਣਾ ਕੇ ਬਰਤਾਨੀਆ ਵਿੱਚ ਸਿਹਤ ਸਹੂਲਤਾਂ ਪ੍ਰਦਾਨ ਕਰਨ ਵਾਲੀ ਸੰਸਥਾ ਐਨ ਐਚ ਐਸ (NHS) ਦੀ ਬੇਹਤਰੀ ਲਈ ਹਜ਼ਾਰਾਂ ਪੋਂਡ ਇਕੱਤਰ ਕੀਤੇ ਜਿਸ ਕਰਕੇ ਬਾਅਦ ਵਿੱਚ ਉਸਨੂੰ ਐਮ ਬੀ ਈ (MBE) ਦੇ ਬਾਦਸ਼ਾਹੀ ਖਿਤਾਬ ਨਾਲ ਨਿਵਾਜਿਆ ਗਿਆ।

“ਨਸਲਵਾਦ ਦੇ ਅਨੇਕਾਂ ਸਾਲਾਂ ਵਿੱਚੋਂ ਗੁਜ਼ਰ ਕੇ ਜਦੋਂ ਇੰਜ ਲੱਗਦਾ ਸੀ ਕਿ ਮੈਂ ਬਾਹਰੋਂ ਹਾਂ ਤੇ ਇੱਥੇ ਮੇਰਾ ਕੋਈ ਸਵਾਗਤ ਨਹੀਂ, ਤੇ ਹੁਣ ਲੋਕਾਂ ਦੁਆਰਾਂ ਜਿਤਾਇਆ ਇੰਨਾਂ ਪਿਆਰ ਤੇ ਰਾਣੀ ਵੱਲੋਂ ਦਿੱਤੀ MBE ਨਾਲ ਮਾਣ ਮਹਿਸੂਸ ਹੁੰਦਾ” ਉਹ ਕਹਿੰਦਾ।

ਉਸਨੇ ਇਸ ਸਾਲ ਮਨਕੈਪ (Mencap) ਨਾਂ ਦੀ ਚੈਰਟੀ ਲਈ ਲੰਡਨ ਮੈਰਾਥਨ ਰੱਸੀ ਟੱਪ ਕੇ ਦੌੜੀ – ਇਸੇ ਮਹੀਨੇ ਉਹ 75 ਸਾਲ ਦਾ ਹੋ ਗਿਆ। ਆਪਣੇ ਧਰਮ ਤੇ ਵਿਸ਼ਵਾਸ ਤੋਂ ਸ਼ਕਤੀ ਲੈਂਦਾ ਉਹ ਕਹਿੰਦਾ ਹੈ ਕਿ “ਇਸ ਤੋਂ ਬਿਨ੍ਹਾਂ ਮੈਂ ਗਵਾਚ ਜਿਹਾ ਜਾਵਾਂਗਾ।”

“ਰੱਬ ਨਾਲ ਜੁੜਨਾ ਇੱਕ ਬਖ਼ਸ਼ਿਸ਼ ਹੈ”, ਰੱਬ ਨੇ ਮੈਨੂੰ ਸਭ ਕੁਝ ਦਿੱਤਾ ਜੋ ਮੈਨੂੰ ਚਾਹੀਦਾ ਅਤੇ ਮੈਂ ਦੂਜਿਆਂ ਵਿੱਚ ਰੱਬ ਦੇਖਦਾਂ: “ਮੈ ਜ਼ਿੰਦਗੀ ਤੋਂ ਖੁਸ਼ ਹਾਂ ਤੇ ਸ਼ੁਕਰਗੁਜਾਰ ਹਾਂ” ਉਹ ਸੋਚਦਾ।

ਪਹਿਲੀ ਵਾਰ ਛਪਿਆ 17 ਅਕਤੂਬਰ 2021
***
447
***
* [Photos courtesy of Minreet Kaur

ਕੰਵਰ ਬਰਾੜ (ਇੰਗਲੈਂਡ)

View all posts by ਕੰਵਰ ਬਰਾੜ (ਇੰਗਲੈਂਡ) →