22 July 2024

ਆਖ਼ਰ ਅਮੀਰ ਅਮੀਰ ਕਿਓਂ ਹਨ – ਬੂਟ ਸਿਧਾਂਤ – ਕੰਵਰ ਬਰਾੜ

ਆਖ਼ਰ ਅਮੀਰ ਅਮੀਰ ਕਿਓਂ ਹਨ – ਬੂਟ ਸਿਧਾਂਤ

ਕੰਵਰ ਬਰਾੜ

ਜਦੋਂ ਦਾ ਮਨੁੱਖ ਸੱਭਿਅਤਾ ਦੀ ਪੌੜੀ ਚੜ੍ਹਿਆ, ਓਦੋਂ ਤੋਂ ਹੀ ਅਮੀਰ ਗਰੀਬ ਹੋਣਾ ਚੱਲਦਾ ਆ ਰਿਹਾ। ਪਰ ਪਿਛਲੀ ਸਦੀ ਵਿੱਚ ਅਮੀਰਾਂ ਦੇ ਤੇਜ਼ੀ ਨਾਲ ਹੋਰ ਅਮੀਰ ਤੇ ਗਰੀਬਾਂ ਦੇ ਹੋਰ ਗਰੀਬ ਹੋਣ ਨੇ ਇਕ ਸਮਾਜਿਕ ਭਟਕਣ ਪੈਦਾ ਕਰ ਦਿੱਤੀ ਹੈ।

ਆਮ ਧਾਰਣਾ ਇਹ ਹੈ ਕਿ ਬਹੁਤੇ ਅਮੀਰ ਧੋਖਾਧੜੀ ਨਾਲ ਮਾਇਆ ਇਕੱਠੀ ਕਰ ਲੈਂਦੇ ਹਨ ਪਰ ਹੁੰਦਾ ਸ਼ਾਇਦ ਇਸਦੇ ਉਲਟ ਹੈ। ਬਹੁਗਿਣਤੀ ਵਿੱਚ ਅੱਜ ਦੇ ਅਮੀਰ ਮੱਧਵਰਗੀ ਪਰਿਵਾਰਾਂ ਵਿੱਚੋਂ ਉੱਠੇ ਉਹ ਲੋਕ ਹਨ ਜੋ ਆਪਣੇ ਰਹਿਣ ਸਹਿਣ ਦੇ ਢੰਗ ਨਾਲ ਅਮੀਰ ਬਣੇ ਹਨ ਜਾਂ ਜੀਵਨ ਵਿੱਚ ਚੁੱਕੇ ਜੋਖਮ ਕਰਕੇ ਚੰਗਾ ਸ਼ਰਮਾਇਆ ਇਕੱਠਾ ਕਰਨ ਵਿੱਚ ਕਾਮਯਾਬ ਹੋਏ ਨੇ। ਪਰ ਜਦੋਂ ਕੋਈ ਇਕ ਵਾਰੀ ਗਰੀਬੀ ਦੀ ਰੇਖਾ ਪਾਰ ਕਰ ਅਮੀਰੀ ਦੇ ਧਰਾਤਲ ਤੇ ਪੈਰ ਰੱਖ ਲੈਂਦਾ ਉਦੋਂ ਅਮੀਰ ਰਹਿਣਾ ਤੇ ਹੋਰ ਅਮੀਰ ਬਣਨਾ ਸੌਖਾ ਹੋ ਜਾਂਦਾ।

ਅਮੀਰ ਗਰੀਬ ਹੋਣ ਦੇ ਅਨੇਕਾਂ ਕਾਰਨ ਹਨ ਪਰ ਇਹਨਾਂ ਵਿੱਚੋਂ ਇਕ ਖ਼ਾਸ ਕਾਰਨ ਹੈ ਅਮੀਰਾਂ ਦੇ ਘਟਦੇ ਤੇ ਗਰੀਬਾਂ ਦੇ ਦਿਨੋ ਦਿਨ ਵਧਦੇ ਖ਼ਰਚੇ। ਕਦੇ ਇਸ ਬਾਰੇ ਧਿਆਨ ਨਾਲ ਸੋਚਿਆ?

ਬੂਟਸ ਸਿਧਾਂਤ

ਜਦੋਂ ਅਸੀਂ ਕਾਲਜ ਵਿੱਚ ਅਰਥ-ਸ਼ਾਸਤਰ ਪੜ੍ਹਦੇ ਇਸ ਵਿਸ਼ੇ ਤੇ ਚਰਚਾ ਕਰਦੇ ਹੁੰਦੇ ਸੀ ਤਾਂ ਅਕਸਰ “ਬੂਟਸ ਸਿਧਾਂਤ” ਦਾ ਜ਼ਿਕਰ ਕਰਨਾ। ਹੁਣ ਤੁਸੀਂ ਪੁੱਛੋਗੇ ਕੇ ਇਹ “ਜੁੱਤੀ ਸਿਧਾਂਤ” ਕੀ ਸ਼ੈਅ ਹੈ?

ਅੰਗਰੇਜ਼ੀ ਦਾ ਟੈਰੀ ਪਰੈਚਟ ਨਾਂ ਦਾ ਇਕ ਮਹਾਨ ਨਾਵਲਕਾਰ ਹੋਇਆ ਜਿਸ ਨੇ 40 ਤੋਂ ਵੱਧ ਨਾਵਲ ਲਿਖੇ। ਉਸਦੇ ਨਾਵਲਾਂ ਵਿੱਚੋਂ ਹੀ ਸਮਾਜ ਵਿਚਲੇ ਆਰਥਿਕ ਪਾੜੇ ਨੂੰ ਦਰਸਾਉਂਦਾ ਇਹ ਬੂਟਸ ਸਿਧਾਂਤ ਉਪਜਿਆ। ਉਸਦੇ 1993 ਵਿੱਚ ਲਿਖੇ ਨਾਵਲ “ਮੈੱਨ ਐਟ ਆਰਮਜ਼” ਦਾ ਮੁੱਖ ਪਾਤਰ ਕੈਪਟਨ ਸੈਮੁੲਲ ਵਾਇਮਜ ਆਪਣਾ ਪੱਖ ਰੱਖਦਾ ਕਹਿੰਦਾ ਕਿ “ਅਮੀਰ ਐਨੇ ਅਮੀਰ ਤਾਂ ਹੋਏ ਕਿਉਂਕਿ ਉਹਨਾਂ ਦਾ ਖਰਚ ਘੱਟ ਹੁੰਦਾ।” ਤੁਸੀਂ ਸੋਚੋਗੇ ਕਿ ਇਹ ਕਿਵੇਂ ਹੋ ਸਕਦਾ ਅਮੀਰ ਤਾਂ ਮਹਿੰਗੀਆਂ ਚੀਜ਼ਾਂ ਖ਼ਰੀਦਦੇ ਹਨ ਤੇ ਫੇਰ ਉਹਨਾਂ ਦੇ ਖ਼ਰਚੇ ਕਿਵੇਂ ਘੱਟ ਹੋ ਸਕਦੇ ਹਨ?

ਵਾਈਮਜ ਜੁੱਤੀਆਂ ਦੀ ਉਦਾਹਰਨ ਦਿੰਦਾ ਕਹਿੰਦਾ ਕਿ “ਉਹ ਮਹੀਨੇ ਦੇ ਕੁੱਲ ਮਿਲਾ ਕੇ 38 ਡਾਲਰ ਕਮਾਉਂਦਾ ਤੇ ਜੁੱਤੀਆਂ ਦਾ ਖੱਲ ਦਾ ਬਣਿਆ ਇਕ ਵਧੀਆ ਜੋੜਾ 50 ਡਾਲਰ ਤੋਂ ਘੱਟ ਨਹੀਂ ਆਉਂਦਾ। ਪਰ ਇਕ ਠੀਕ ਠੀਕ ਤੇ ਛੇ ਮਹੀਨੇ ਤੋਂ ਸਾਲ ਤੱਕ ਕੱਟਣ ਵਾਲਾ ਸਸਤਾ ਜੁੱਤੀਆਂ ਦਾ ਜੋੜਾ 10 ਡਾਲਰ ਦਾ ਆ ਜਾਂਦਾ ਜਿੰਨਾ ਨੂੰ ਕੈਪਟਨ ਅਕਸਰ ਖ਼ਰੀਦਦਾ ਹੈ ਤੇ ਪਹਿਨਦਾ ਜਦੋਂ ਤੱਕ ਥੱਲੇ ਵਿੱਚ ਮੋਰੀਆਂ ਨਾ ਨਿਕਲਣ ਲੱਗ ਪੈਣ।”

ਪਰ 50 ਡਾਲਰ ਦੇ ਕੇ ਖ਼ਰੀਦਿਆ ਜੁੱਤੀਆਂ ਦਾ ਜੋੜਾ ਸਾਲਾਂ ਬੱਧੀ ਚੱਲਦਾ ਤੇ ਜੋ ਆਦਮੀ ਖਰੀਦਣ ਦੀ ਹੈਸੀਅਤ ਰੱਖਦਾ ਉਹ ਦਸ ਸਾਲ ਬਾਅਦ ਵੀ ਆਪਣੇ ਪੈਰ ਉਨ੍ਹਾਂ ਹੀ ਜੁੱਤੀਆਂ ਵਿੱਚ ਸੁੱਕੇ ਰੱਖ ਸਕਦਾ। ਤੇ ਇਹਨਾਂ ਦਸ ਸਾਲਾਂ ਦੌਰਾਨ ਸਸਤੇ ਜੁੱਤੇ ਖਰੀਦਣ ਵਾਲਾ ਕਈ ਸੌ ਡਾਲਰ ਜੁੱਤੀਆਂ ਤੇ ਖਰਚ ਕਰ ਬਹਿੰਦਾ।

ਇਹੀ ਹੈ ਸਮਾਜਿਕ ਅਰਥਚਾਰੇ ਵਿੱਚ ਅਮੀਰ ਗਰੀਬ ਦੇ ਫਰਕ ਨੂੰ ਦਰਸਾਉਂਦਾ “ਜੁੱਤੀ ਸਿਧਾਂਤ”।

ਹੁਣ ਇਸ ਨੂੰ ਜੇ ਜੀਵਨ ਦੇ ਦੂਜੇ ਹਿੱਸਿਆਂ ਨਾਲ ਜੋੜਨਾ ਸ਼ੁਰੂ ਕਰੋ ਤਾਂ ਮਿੰਟਾਂ ਵਿੱਚ ਦੇਖੋਗੇ ਕਿ ਅਮੀਰ ਕਿਵੇਂ ਅਮੀਰ ਰਹਿੰਦਾ ਤੇ ਗਰੀਬ ਗਰੀਬ ਹੁੰਦਾ ਜਾਂਦਾ। ਅਮੀਰ ਜ਼ਿਆਦਾ ਖਰਚਣਯੋਗ ਆਮਦਨ ਹੋਣ ਕਾਰਨ ਨਵੀਆਂ ਵਸਤਾਂ ਖਰੀਦਣ ਲੱਗਿਆਂ ਅਜਿਹੇ ਫੈਸਲੇ ਲੈ ਸਕਦਾ ਜਿੰਨਾ ਕਰਕੇ ਉਹ ਵਰ੍ਹਿਆਂ ਤੱਕ ਪੈਸੇ ਬਚਾਉਂਦਾ ਰਹਿੰਦਾ।

ਉਦਾਹਰਨ ਵਜੋਂ:

ਅਮੀਰ ਨਵੀਂ ਕਾਰ ਖਰੀਦ ਕੇ ਗਰੰਟੀ ਸਹਾਰੇ ਟੁੱਟ ਭੱਜ ਦੀ ਕੀਮਤ ਘਟਾ ਲੈਂਦਾ ਤੇ ਗਰੀਬ ਪੁਰਾਣੀ ਕਾਰ ਲੈਕੇ ਨਿੱਤ ਦਾ ਖਰਚ ਖੜ੍ਹਾ ਕਰੀ ਰੱਖਦਾ।
ਅਮੀਰ ਪਹਿਲਾਂ ਤਾਂ ਚੰਗੀ ਗੁੰਦਾਈ ਵਾਲੇ ਕੱਪੜੇ ਖ਼ਰੀਦਦਾ ਤੇ ਫੇਰ ਚੰਗੀ ਸਾਬਣ ਨਾਲ ਧੋਂਦਾ ਤੇ ਗਰੀਬ ਦੇ ਮਾੜੀ ਗੁੱਣਵਤਾ ਵਾਲੇ ਕੱਪੜੇ ਲੀੜੇ ਮਾੜੇ ਹਾਲਾਤਾਂ ਵਿੱਚ ਕੰਮ ਕਰਨ ਕਰਕੇ ਤੇ ਮਾੜੀ ਸਾਬਣ ਨਾਲ ਛੇਤੀ ਪਾਟੇ ਰਹਿੰਦੇ ਨੇ।
ਅਮੀਰ ਚੰਗਾ ਖਾਣ ਪੀਣ ਹੋਣ ਕਰਕੇ ਘੱਟ ਬਿਮਾਰ ਹੁੰਦਾ ਤੇ ਦਵਾਈ ਭਾੜੇ ਦਾ ਖਰਚ ਘਟਾ ਲੈਂਦਾ ਤੇ ਗਰੀਬ ਮਾੜੀਆਂ ਖੁਰਾਕਾਂ ਕਾਰਨ ਕੋਈ ਨਾ ਕੋਈ ਬਿਮਾਰੀ ਲਵਾਈ ਰੱਖਦਾ।
ਅਮੀਰ ਘੱਟ ਬਿਜਲੀ ਖਾਣ ਵਾਲੇ ਉਪਕਰਨ ਲੈਣ ਦੀ ਸਮਰੱਥਾ ਰੱਖਦਾ ਪਰ ਗਰੀਬ ਕੋਲ ਘੱਟ ਪੈਸੇ ਕਿਸੇ ਸੰਦ ਨੂੰ ਲੈਣ ਵਾਸਤੇ ਹੋਣ ਕਰਕੇ ਉਹ ਬਿਜਲੀ ਦੇ ਵੱਡੇ ਬਿੱਲ ਸਾਲਾਂ ਤੱਕ ਭਰਦਾ ਰਹਿੰਦਾ।
ਤੇ ਹੋਰ ਬਥੇਰਾ ਕੁਝ …
ਗੱਲ ਕੀ ਹੋਰ ਲੱਖਾਂ ਉਦਾਹਰਨਾਂ ਵਿੱਚੋਂ ਵੀ ਇਹੀ ਫਰਕ ਨਜ਼ਰ ਆਵੇਗਾ ਜਿੱਥੇ ਅਮੀਰ ਆਪਣੇ ਲ਼ੰਮੇ ਸਮੇਂ ਵਿੱਚ ਹੋਣ ਵਾਲੇ ਖ਼ਰਚੇ ਘਟਾ ਲੈਂਦਾ ਤੇ ਗਰੀਬ ਆਪਣੇ ਖ਼ਰਚੇ ਵਧਾ ਬੈਠਦਾ।

ਹੁਣ ਤੁਸੀਂ ਪੁੱਛੋਗੇ ਕਿ ਫੇਰ ਵਿਚਾਰਾ ਗਰੀਬ ਮਰਦਾ ਕੀ ਕਰੇ?

ਇਹਦੇ ਦੌ ਹੱਲ ਹੋ ਸਕਦੇ ਨੇ:

ਪਹਿਲਾ ਇਹ ਕਿ ਆਪਣੀਆਂ ਖ਼ਰੀਦਦਾਰੀ ਨੂੰ ਓਦੋਂ ਤੱਕ ਲਮਕਾਉਂਦੇ ਰਹੋ ਜਦੋਂ ਤੱਕ ਤੁਸੀਂ ਚੰਗੀ ਤੇ ਹੰਢਣਸਾਰ ਵਸਤ ਖਰੀਦਣ ਵਾਸਤੇ ਪੈਸੇ ਨਹੀਂ ਜੌੜ ਲੈਂਦੇ।

ਦੂਜਾ ਢੰਗ ਇਹ ਹੋ ਸਕਦਾ ਹੈ ਕਿ ਉਧਾਰ ਚੱਕ ਕੇ ਹੰਢਣਸਾਰ ਚੀਜ਼ ਖਰੀਦੀ ਜਾਵੇ ਤਾਂ ਜੋ ਲੰਮੇ ਸਮੇਂ ਦੇ ਖਰਚ ਨੂੰ ਘਟਾਇਆ ਜਾ ਸਕੇ। ਪਰ ਕਹਿੰਦੇ ਚਾਦਰ ਦੇਖ ਕੇ ਪੈਰ ਪਸਾਰਨੇ ਚਾਹੀਦੇ ਨੇ।

ਇੱਕ ਸੌਖਾ ਜਿਹਾ ਢੰਗ ਇਹ ਹੈ ਕਿ ਪੱਖੇ ਤੋਂ ਲੈ ਕੇ ਕਾਰ ਤੱਕ ਕੋਈ ਵੀ ਨਵੀਂ ਖਰੀਦ ਕਰਨ ਲੱਗਿਆਂ ਅਗਲੇ ਪੰਜ ਸਾਲ ਦੀ ਕੁੱਲ ਲਾਗਤ ਦਾ ਹਿਸਾਬ ਲਗਾਓ ਤੇ ਤੁਹਾਨੂੰ ਆਪਣੀ ਖਰੀਦ ਸਮਰੱਥਾ ਦਾ ਹਿਸਾਬ ਖ਼ੁਦ ਆ ਜਾਵੇਗਾ। ਉਦਾਹਰਨ ਵਜੋਂ ਜੇ 1000 ਰੁਪਏ ਦਾ ਪੱਖਾ ਲਿਆ ਤਾਂ ਸ਼ਾਇਦ ਉਹ ਸਾਲ ਦੀ 3000 ਰੁਪਏ ਦੀ ਬਿਜਲੀ ਖਾਵੇ ਤੇ ਹੋ ਸਕਦਾ ਦੋ ਸਾਲ ਬਾਅਦ ਬਦਲਣਾ ਵੀ ਪਵੇ – ਪੰਜ ਸਾਲ ਦਾ ਕੁੱਲ ਖਰਚ ਬਣਿਆ ਲੱਗਭਗ 17 ਹਜ਼ਾਰ।। ਦੂਜੇ ਪਾਸੇ ਜੇ 3000 ਰੁਪਏ ਦਾ ਪੱਖਾ ਖ਼ਰੀਦਿਆ ਤਾਂ ਹੋ ਸਕਦਾ ਉਹ ਪੰਜ ਸਾਲ ਕੱਢ ਜਾਵੇ ਤੇ ਸਿਰਫ 1000 ਰੁਪਏ ਸਾਲ ਦੀ ਬਿਜਲੀ ਖਾਵੇ – ਪੰਜ ਸਾਲ ਦਾ ਕੁੱਲ ਖਰਚ ਬਣਿਆ ਲੱਗਭਗ 8 ਹਜ਼ਾਰ।। ਅੱਗੇ ਤੁਸੀਂ ਆਪ ਸਿਆਣੇ ਹੋ ਲਾਓ ਹਿਸਾਬ।

ਜਾਂਦੇ ਜਾਂਦੇ ਕਿਸੇ ਸਿਆਣੇ ਦੀ ਕਹੀ ਗੱਲ੍ਹ ਸਾਂਝੀ ਕਰਨੀ ਚਾਹਾਂਗਾ ਕਿ “ਅਮੀਰ ਓਹ ਨਹੀਂ ਹੁੰਦਾ ਜੋ ਵੱਧ ਤੋਂ ਵੱਧ ਕਮਾਵੇ, ਅਮੀਰ ਉਹ ਹੁੰਦਾ ਹੈ ਜੋ ਘੱਟ ਤੋਂ ਘੱਟ ਖ਼ਰਚੇ।”

***
578
***

ਕੰਵਰ ਬਰਾੜ (ਇੰਗਲੈਂਡ)

View all posts by ਕੰਵਰ ਬਰਾੜ (ਇੰਗਲੈਂਡ) →