20 April 2024

ਜਿਲਦਾਂ ਤੋਂ ਬਾਹਰ ਨਿਕਲ ਬੋਲਣ ਲੱਗੀਆਂ ਕਿਤਾਬਾਂ — ਕੰਵਰ ਬਰਾੜ

ਜਿਲਦਾਂ ਤੋਂ ਬਾਹਰ ਨਿਕਲ ਬੋਲਣ ਲੱਗੀਆਂ ਕਿਤਾਬਾਂ

– ਕੰਵਰ ਬਰਾੜ

ਪਿਛਲੇ ਸੌ ਕੁ ਸਾਲ ਤੇ ਝਾਤ ਮਾਰੀਏ ਤਾਂ ਪੰਜਾਬੀ ਲੋਕ ਤੇ ਪੰਜਾਬੀ ਬੋਲੀ ਵਿਸ਼ਾਲਤਾ ਦੇ ਪ੍ਰਤੀਕ ਰਹੇ ਨੇ।

ਜਿਓਂ ਜਿਓਂ ਪੰਜਾਬੀ ਹੱਦਾਂ ਸਰਹੱਦਾਂ ਟੱਪਦੇ ਦੁਨੀਆ ਭਰ ਵਿੱਚ ਫੈਲੇ, ਉਹਨਾਂ ਨੇ ਹਰ ਖੇਤਰ ਵਿੱਚ ਮਾਰਕੇ ਮਾਰੇ ਤੇ ਪੰਜਾਬੀ ਬੋਲੀ ਨੇ ਵੀ ਉਹਨਾਂ ਦੇ ਨਾਲ਼ੋਂ ਨਾਲ ਦਿਨ ਦੁਗਣੀ ਰਾਤ ਚੌਗੁਣੀ ਤਰੱਕੀ ਕਰਦਿਆਂ ਗੁਰਦੁਆਰਿਆਂ ਤੋਂ ਚੱਲ ਸਕੂਲਾਂ ਤੱਕ ਪੈਰ ਪਸਾਰੇ, ਇਥੋਂ ਤੱਕ ਕੇ ਇੰਗਲੈਂਡ ਵਰਗੇ ਮੁਲਕਾਂ ਵਿੱਚ ਸਭ ਤੋਂ ਵੱਧ ਬੋਲੀਆਂ ਜਾਣ ਵਾਲੀਆਂ ਭਾਸ਼ਾਵਾਂ ਵਿੱਚ ਪੰਜਾਬੀ ਨੂੰ ਦੂਜਾ ਸਥਾਨ ਵੀ ਪ੍ਰਾਪਤ ਹੋਇਆ।

ਜਿੱਥੇ ਪੰਜਾਬੀ ਅੱਜ ਦੁਨੀਆ ਭਰ ਵਿੱਚ ਆਪਣੀ ਜਿੱਤ ਦੇ ਝੰਡੇ ਹੋਰ ਵੀ ਉੱਚੇ ਝੁਲਾ ਰਹੇ ਹਨ ਉੱਥੇ ਪੰਜਾਬੀ ਭਾਸ਼ਾ ਦਾ ਜਾਹੋ ਜਲਾਲ ਦਿਨੋ ਦਿਨ ਧੀਮਾ ਹੁੰਦਾ ਜਾਪਦਾ।

ਇਸਦੇ ਦੋ ਮੁੱਖ ਕਾਰਨ ਹਨ – ਪੰਜਾਬੀ ਪੜ੍ਹਨ ਤੇ ਲਿਖਣ ਵੱਲ ਰੁਝਾਣ ਦਾ ਘਟਨਾ ਤੇ ਦੂਜਾ ਪੰਜਾਬੀ ਦਾ ਤਕਨੀਕੀ ਵਿਕਾਸ।

ਅਸੀਂ ਪਿਛਲੇ ਲੰਮੇ ਸਮੇਂ ਤੋਂ ਸੋਸ਼ਲ ਮੀਡੀਆ ਤੇ ਹਜ਼ਾਰਾਂ ਪੋਸਟਾਂ ਪੜ੍ਹਦੇ ਆ ਰਹੇ ਹਾਂ ਕਿ ਕਿਵੇਂ ਸਰਕਾਰਾਂ ਤੇ ਪਰਿਵਾਰ ਦੀ ਅਣਗਹਿਲੀ ਕਾਰਨ ਦਿਨੋ ਦਿਨ ਪੰਜਾਬੀ ਦੇ ਪਾਠਕਾਂ ਦੀ ਗਿਣਤੀ ਘੱਟ ਹੋ ਰਹੀ ਹੈ ਉਥੇ ਹੀ ਪੰਜਾਬੀ ਦਾ ਲਗਾਤਾਰ ਪਛੜ ਰਿਹਾ ਤਕਨੀਕੀ ਵਿਕਾਸ ਵੀ ਇਕ ਵੱਡੀ ਚਿੰਤਾ ਦਾ ਵਿਸ਼ਾ ਬਣਿਆ ਹੋਇਆ ਹੈ।

ਆਮ ਤੌਰ ਤੇ ਹੀ ਕਿਹਾ ਜਾਂਦਾ ਹੈ ਕਿ ਪੰਜਾਬੀ ਸਾਹਿਤ ਵਿੱਚ ਜਿੰਨੇ ਕੁ ਲੇਖਕ ਹਨ ਓਨੇ ਕੁ ਹੀ ਪਾਠਕ। ੧੯੯੦ਵਿਆਂ ਵਿੱਚ ਅਸੀਂ ਸਕੂਲ ਕਾਲਜ ਪੜ੍ਹਦੇ ਫਰੀਦਕੋਟ ਸ਼ਹਿਰੋਂ ਬਾਹਰ ਨਹਿਰ ਕੰਢੇ ਬਣੀ ਲਾਇਬ੍ਰੇਰੀ ਵਿੱਚੋਂ ਪਿੰਡ ਤੋਂ ਸਾਈਕਲ ਤੇ ਅਕਸਰ ਪੰਜ ਸੱਤ ਮੀਲ ਕਿਤਾਬਾਂ ਲਿਆਉਣ ਜਾਂਦੇ ਪਰ ਦੋ ਦਹਾਕਿਆਂ ਵਿੱਚ ਬਹੁਤ ਕੁਝ ਬਦਲ ਗਿਆ, ਉਸੇ ਸ਼ਹਿਰ ਵੱਲ ਜਾਂਦੀ ਸੜਕ ਵੱਡੀ ਤਾਂ ਹੋ ਗਈ ਪਰ ਸਾਈਕਲ ਵਾਲਾ ਵੀ ਹੁਣ ਟਾਵਾਂ ਟਾਵਾਂ ਤੇ ਲਾਇਬ੍ਰੇਰੀ ਜਾਣ ਵਾਲੇ ਤਾਂ ਸ਼ਾਇਦ ਕੋਈ ਹੋਣ ਹੀ ਨਾ।

ਅਸਲ ਵਿੱਚ ਜ਼ਮਾਨਾ ਹੀ ਬਦਲ ਰਿਹਾ, ਅਸੀਂ ਹਰ ਚੀਜ਼ ਫਟਾ ਫਟ ਤੇ ਬਣੀ ਬਣਾਈ ਭਾਲਦੇ ਹਾਂ। ਪਿੰਡ ਪਿੰਡ ਲਾਇਬ੍ਰੇਰੀ ਬਣਾਉਣ ਦੀ ਗੱਲ ਅਕਸਰ ਹੀ ਚੱਲਦੀ ਹੈ ਪਰ ਕਈ ਕਈ ਪਿੰਡਾਂ ਨੂੰ ਜੋੜਦੇ ਸ਼ਹਿਰਾਂ ਵਿੱਚ ਵੱਡੀਆਂ ਲਾਇਬ੍ਰੇਰੀਆਂ ਬਣਾਉਣ ਦਾ ਕੰਮ ਬਹੁਤ ਜ਼ਰੂਰੀ ਹੈ ਤਾਂ ਜੋ ਕਿਤਾਬਾਂ ਵੱਡੇ ਪੱਧਰ ਤੇ ਮੁਹੱਈਆ ਕਰਵਾਈਆਂ ਜਾ ਸਕਣ ਤੇ ਇਹਨਾਂ ਲਾਈਬਰੇਰੀਆਂ ਤੱਕ ਆਉਂਦਿਆਂ ਜਾਂਦਿਆਂ ਤਨ ਤੇ ਮਨ ਦੀ ਕਸਰਤ ਵੀ ਹੋ ਸਕੇ।

ਪੰਜਾਬੀ ਬੜੇ ਮਾਣ ਨਾਲ ਕਹਿੰਦੇ ਸੁਣੇ ਜਾ ਸਕਦੇ ਹਨ ਕਿ “ਬਈ, ਸਾਡੇ ਵਾਲੇ ਨੀ ਕਿਤਾਬਾਂ ਪੜ੍ਹਦੇ ਪੁੜਦੇ”। ਅਸਲ ਵਿੱਚ ਉਹਨਾਂ ਦੇ ਕਹਿਣ ਦਾ ਮਤਲਬ ਹੁੰਦਾ ਕਿ ਸਾਡੀ ਜ਼ਿੰਦਗੀ ਵਿੱਚੋਂ ਟਿਕਾਅ ਵਿੱਸਰ ਰਿਹਾ, ਸਾਡੇ ਕੋਲ ਬੈਠ ਕੇ ਕਿਤਾਬ ਪੜ੍ਹਨ ਦਾ ਸੱਭਿਆਚਾਰ ਖਤਮ ਹੋ ਰਿਹਾ। ਹਾਂ ਟਰੈਕਟਰਾਂ ਤੇ ਕਾਰਾਂ ਉੱਤੇ ਉੱਚੀ ਉੱਚੀ ਗੀਤ ਵਜਾਉਣ ਦੇ ਅਸੀਂ ਬੜੇ ਸ਼ੋਂਕੀ ਹਾਂ – ਕਦੇ ਸੋਚਿਓ ਕਿ ਉਹ ਕਿਸ ਤਰ੍ਹਾਂ ਦਾ ਪੰਜਾਬ ਹੋਵੇਗਾ ਜੇ ਬਹੁਤੀਆਂ ਕਾਰਾਂ ਬੱਸਾਂ ਵਿੱਚ ਚਕਵੇ ਗੀਤਾਂ ਦੀ ਥਾਂ ਕਿਤਾਬਾਂ ਪੜ੍ਹ ਕੇ ਸੁਣਾਈਆਂ ਜਾਂਦੀਆਂ ਹੋਣ?

ਅੰਗਰੇਜ਼ੀ ਵਿੱਚ ਛਪਣ ਵਾਲੀਆਂ ਕਿਤਾਬਾਂ ਅਕਸਰ ਹੀ ਅੋਡੀਬਲ ਐਪ (Audible App) ਤੇ ਕਿਤਾਬ ਦੇ ਛਪਣ ਦੇ ਨਾਲ ਹੀ ਉਪਲਬਧ ਹੋ ਜਾਂਦੀਆਂ ਹਨ ਤਾਂ ਜੋ ਪਾਠਕ ਪੜ੍ਹ ਨਾ ਸਕਦੇ ਹੋਣ ਉਹ ਸੁਣ ਸਕਣ। ਤਾਂ ਹੀ ਅੱਜ ਆਡੀਓ ਕਿਤਾਬਾਂ ਦੀ ਮਾਰਕੀਟ ਦੁਨੀਆ ਭਰ ਵਿੱਚ ੩ ਬਿਲੀਅਨ ਅਮਰੀਕੀ ਡਾਲਰ ਦੇ ਨੇੜ ਜਾ ਪਹੁੰਚੀ ਹੈ ਤੇ ਇਸਦੇ ਇਸ ਦਹਾਕੇ ਦੇ ਅੰਤ ਤੱਕ ਚੌਗੁਣਾ ਹੋਣ ਦੇ ਆਸਾਰ ਹਨ। ਮੈਂ ਆਪਣੇ ਨਿੱਜੀ ਤਜਰਬੇ ਤੋਂ ਦੱਸਦਾ ਹਾਂ ਕਿ ਮੈਂ ਪਿਛਲੇ ਦੋ ਕੁ ਸਾਲ ਤੋਂ ਅੰਗਰੇਜ਼ੀ ਦੀਆਂ ਜਿਲਦੀ ਕਿਤਾਬਾਂ ਛੱਡ ਆਡੀਓ ਕਿਤਾਬਾਂ ਨੂੰ ਅਪਣਾਇਆ ਤਾਂ ਜੋ ਤੁਰਦਿਆਂ ਫਿਰਦਿਆਂ ਹਫ਼ਤੇ ਦੀਆਂ ਇੱਕ ਦੋ ਕਿਤਾਬਾਂ ਸੁਣੀਆਂ ਜਾ ਸਕਣ। ਤੇ ਤਜਰਬਾ ਬੜਾ ਸਫਲ ਰਿਹਾ ਕਿਉਂਕਿ ਇਸ ਨਾਲ ਵਾਤਾਵਰਨ ਦੀ ਖ਼ਰਾਬੀ ਤੋਂ ਵੀ ਬਚਾਅ ਹੁੰਦਾ।

ਪੰਜਾਬੀ ਵਿੱਚ ਆਡੀਓ ਕਿਤਾਬਾਂ ਪੱਖੋਂ ਅਸੀਂ ਕਾਫ਼ੀ ਪਛੜੇ ਹੋਏ ਹਾਂ ਪਰ ਮੈਨੂੰ ਲੱਗਦਾ ਸਾਡੇ ਪਿੰਡਾਂ ਵੱਲ ਦੀ ਇੱਕ ਕੁੜੀ ਗਗਨਦੀਪ ਨੇ ਇਸ ਸਮੱਸਿਆ ਦਾ ਹੱਲ ਲੱਭ ਲਿਆ।

ਗਗਨਦੀਪ ਨੇ VIRASAT (ਵਿਰਾਸਤ) ਨਾਂ ਦਾ ਇੱਕ “ਬੋਲਦੀਆਂ ਕਿਤਾਬਾਂ ਵਾਲਾ ਐੱਪ” ਐਂਡਰਾਇਡ ਤੇ ਐਪਲ ਸਟੋਰਾਂ ਤੇ ਪ੍ਰਕਾਸ਼ਤ ਕੀਤਾ। ਇਸ ਐਪ ਨੂੰ ਲਾਂਚ ਕਰਨ ਲਈ ਆਸਟਰੇਲੀਆ ਵਸਦੀ ਗਗਨਦੀਪ ਤੇ ਉਸਦਾ ਪਰਿਵਾਰ ਪਹਿਲਾਂ ਹੀ ਦੋ ਸਾਲ ਦਾ ਸਮਾਂ ਤੇ ਕਾਫ਼ੀ ਪੈਸੇ ਦਾ ਨਿਵੇਸ਼ ਕਰ ਚੁੱਕੇ ਹਨ। ਇਹ ਕੰਮ ਕਰਦਿਆਂ ਉਹਨਾਂ ਪੰਜਾਬ ਵਿੱਚ ਵੀ 30 ਤੋਂ 35 ਜਣਿਆ ਨੂੰ ਰੋਜ਼ਗਾਰ ਦਿੱਤਾ। ਉਹਨਾਂ ਦਾ ਇਹ ਬਿਜ਼ਨਸ ਮਾਡਲ ਬਹੁਤ ਹੀ ਸਲਾਹੁਣਯੋਗ ਹੈ, ਜਿਸ ਵਿੱਚ ਗਿਆਨ ਵੰਡਣ ਦਾ ਸਿਰੜ ਛੁਪਿਆ ਨਾ ਕਿ ਪੈਸੇ ਕਮਾਉਣ ਦੀ ਹੋੜ।

ਇਸ ਤਰ੍ਹਾਂ ਦੇ ਬਿਜ਼ਨਸ ਨੂੰ ਲਗਾਤਾਰ ਜਿਓਂਦੇ ਰੱਖਣਾ ਕੋਈ ਛੋਟਾ ਕੰਮ ਨਹੀਂ। ਅਜਿਹੇ ਪਲੈਟਫੋਰਮ ਦੀ ਤਕਨੀਕੀ ਉਸਾਰੀ ਕਾਫ਼ੀ ਕੀਮਤੀ ਹੁੰਦੀ ਹੈ, ਪੰਜਾਬੀ ਕਿਤਾਬਾਂ ਨੂੰ ਇਸ ਪਲੈਟਫੋਰਮ ਤੇ ਪ੍ਰਕਾਸ਼ਤ ਕਰਨ ਲਈ ਪਹਿਲਾਂ ਲੇਖਕਾਂ ਤੇ ਪ੍ਰਕਾਸ਼ਕਾਂ ਨਾਲ ਸਮਝੌਤੇ, ਫੇਰ ਕੋਈ ਚੰਗਾ ਵਕਤਾ ਲੱਭ ਕੇ ਰਿਕਾਰਡ ਕਰਨਾ, ਉਸ ਰਿਕਾਰਡਿੰਗ ਦੀ ਗੁਣਵੱਤਾ ਨੂੰ ਮਾਪਣਾ ਤੇ ਜੇ ਲੋੜ ਪਈ ਫਿਰ ਤੋਂ ਰਿਕਾਰਡ ਕਰਨਾ ਤੇ ਫਿਰ ਉਸ ਕਿਤਾਬ ਬਾਰੇ ਲਿਖ ਕੇ ਤੇ ਚਿੱਤਰ ਬਣਾ ਕੇ ਉਸਨੂੰ ਪ੍ਰਕਾਸ਼ਤ ਕਰਨਾ। ਇਹ ਸਭ ਕੁਝ ਬਹੁਤ ਹੀ ਮਿਹਨਤ ਵਾਲਾ ਕੰਮ ਹੈ।

ਇਸ ਮੌਕੇ 300 ਤੋਂ ਵਧੇਰੇ ਪੰਜਾਬੀ ਦੀਆਂ ਕਿਤਾਬਾਂ ਕੌਫੀ ਦੇ ਕੱਪ ਦੇ ਮੁੱਲ ਤੇ ਇਸ ਐਪ ਰਾਹੀਂ ਉਪਲਬਧ ਹਨ ਬਾਕੀ ਇਹ ਸਿਲਸਿਲਾ ਹੈ ਹਰ ਮਹੀਨੇ ਕਈ ਕਿਤਾਬਾ ਐਪ ‘ਚ ਐਡ ਹੁੰਦੀਆਂ ਰਹਿੰਦੀਆਂ ਹਨ।

***

ਮੇਰਾ ਨਿੱਜੀ ਤਜਰਬਾ –

 

ਮੈਂ ਇਸ ਵਿਰਾਸਤ ਐਪ ਨੂੰ ਅਗਸਤ ੨੦੨੧ ਤੋਂ ਵਰਤ ਰਿਹਾ ਹਾਂ ਤੇ ਅਕਸਰ ਛੁੱਟੀ ਵਾਲੇ ਦਿਨ ਛੋਟੇ ਮੋਟੇ ਕੰਮ ਕਾਰ ਕਰਦਾ ਇਸ ਐਪ ਰਾਹੀ ਪੰਜਾਬੀ ਕਿਤਾਬਾਂ ਸੁਣਦਾ ਆ ਰਿਹਾਂ।

ਇਸੇ ਹਫ਼ਤੇ ( ਮਾਰਚ 2002 ਦੇ ਅਖੀਰ ) ਧੁੱਪ ਵਿੱਚ ਸਬਜ਼ੀਆਂ ਵਾਲੀਆਂ ਕਿਆਰੀਆਂ ਤਿਆਰ ਕਰਨ ਦੇ ਨਾਲ਼ੋਂ ਨਾਲ਼ ਪਰਮਿੰਦਰ ਸੋਢੀ ਦੀ ਪਹਿਲੀ ਵਾਰਤਕ ਪੁਸਤਕ “ਰੱਬ ਦੇ ਡਾਕੀਏ” ਦੂਜੀ ਵਾਰੀ Virasat-ਬੋਲਦੀਆਂ ਕਿਤਾਬਾਂ ਐਪ ਤੋਂ ਸੁਣੀ।

 

ਕਿਤਾਬ ਸੁਣਦਿਆਂ
ਵਾਕਾਂ ਵਿਚਲੇ ਵਿਚਾਰਾਂ ਦੀ ਸਹਿਜਤਾ
ਸੋਚ ਨੂੰ ਸ਼ਬਦਾਂ ਦੀ ਸੁੰਨ ਵਿੱਚ ਚੁੱਭੀ ਲਵਾ
‘ਹੁਣ’ ਵਿੱਚ ਵਹਿ ਰਹੇ ਸਾਹਾਂ ਵਿਚੋਂ ਪੁੰਗਰਦੇ
ਜਿੰਦਗੀ ਦੇ ਪਲਾਂ ਦੇ ਹੀ ਸਭ ਤੋਂ ਖ਼ੂਬਸੂਰਤ
ਹੋਣ ਦੀ ਹਾਮੀ ਭਰਦੀ ਹੈ।
ਨਾ ਤੁਸੀਂ ਬੀਤ ਚੁੱਕਿਆ ਕਦੇ ਵਾਪਸ ਲਿਆ ਸਕੋਗੇ
ਤੇ ਨਾ ਹੀ ਕਦੇ ਆਉਣ ਵਾਲੇ ਨੂੰ ਅਵੱਸ ਕਰ ਸਕੋਗੇ।
‘ਹੁਣ’ ਵਿੱਚ ਜਿਉਣਾ ਹੀ ਤੁਹਾਡੇ ਵੱਸ ਹੈ
ਉਹ ਵੀ ਆਪਣੇ ਹੀ ਮਨ ਦੇ ਕਿਸੇ ਕੋਨੇ ਨਾਲ ਸੰਵਾਦ ਰਚਾਉਂਦਿਆਂ।

ਲੇਖਕ ਆਖਦਾ –

ਸ਼ਾਂਤ ਚਿੱਤ ਬੈਠੋ
ਕੁਝ ਵੀ ਕਰਨ ਦੀ ਲੋੜ੍ਹ ਨਹੀਂ
ਘਾਹ ਆਪਣੇ ਆਪ ਉੱਗਦਾ ਜਾਵੇਗਾ।

ਲੇਖਕ ਹਾਇਕੂ ਦਾ ਸ਼ਾਇਰ ਹੈ ਤੇ ਮੈਂ ਜੋ ਕਿਤਾਬ ਦਾ ਜੋ ਸਾਰ ਕੱਢਿਆ ਉਹ ਹਾਇਕੂ ਵਿੱਚ ਵਰਣਨ ਕਰਨ ਦੀ ਕੋਸ਼ਿਸ਼ ਕਰਾਂਗਾ:

ਮੈਂ ਤੇ ਮੇਰਾ ਸਾਇਆ
ਦੋਵੇਂ ਮਿੱਟੀ ਦੀ ਖ਼ਲਕ
ਇਕ ਮਿਟ ਜਾਵੇਗਾ ਦੂਜੇ ਦੇ ਸੰਗ

***

ਆਓ ਸਾਰੇ ਮਿਲ ਕੇ ਇਸ ਚੰਗੇ ਕੰਮ ਦੀ ਸ਼ਲਾਘਾ ਕਰੀਏ ਤੇ ਵੱਧ ਤੋਂ ਵੱਧ ਆਪਣੇ ਦੋਸਤਾਂ ਮਿੱਤਰਾਂ ਨੂੰ ਇਸ Virasat App ਦੀ paid subscription ਲੈਣ ਲਈ ਪ੍ਰੇਰਿਤ ਕਰੀਏ ਤਾਂ ਜੋ ਵੱਧ ਤੋਂ ਵੱਧ ਕਿਤਾਬਾਂ ਇਸ App ਤੇ ਉਪਲਬਧ ਹੁੰਦੀਆਂ ਰਹਿਣ।

ਜੇ ਤੁਹਾਡੇ ਕੋਲ iPhone ਹੈ ਤਾਂ ਇਸ ਲਿੰਕ ਤੇ ਕਲਿੱਕ ਕਰੋ।
https://apps.apple.com/au/app/virasat/id1536913105

ਜੇ Android ਫ਼ੋਨ ਹੈ ਤਾਂ ਹੇਠਲੇ ਲਿੰਕ ਤੇ ਕਲਿੱਕ ਕਰੋ।
https://play.google.com/store/apps/details?id=com.ozit.virasat

-ਕੰਵਰ

***
723

About the author

ਕੰਵਰ ਬਰਾੜ (ਇੰਗਲੈਂਡ)
+44 7930886448 | kenwar.brar@gmail.com | Website | + ਲਿਖਾਰੀ ਵਿੱਚ ਛਪੀਆਂ ਰਚਨਾਵਾਂ ਦਾ ਵੇਰਵਾ

ਕੰਵਰ ਬਰਾੜ (ਇੰਗਲੈਂਡ)

View all posts by ਕੰਵਰ ਬਰਾੜ (ਇੰਗਲੈਂਡ) →