ਮਨੁੱਖੀ ਜੀਵਨ ਵਿਚ ਸਾਹਿਤ ਦਾ ਮਹਤੱਵਪੂਰਨ ਸਥਾਨ ਹੁੰਦਾ ਹੈ। ਇਹ (ਸਾਹਿਤ) ਜਿੱਥੇ ਮਨੁੱਖੀ ਜੀਵਨ ਨੂੰ ਸਹੀ ਸੇਧ ਦਿੰਦਾ ਹੈ ਉੱਥੇ ਹੀ ਆਦਰਸ਼ ‘ਸਮਾਜਕ ਬਣਤਰ’ ਦੀ ਸਹੀ ਤਸਵੀਰ ਵੀ ਪੇਸ਼ ਕਰਦਾ ਹੈ। ਖ਼ਾਸ ਗੱਲ ਇਹ ਹੈ ਕਿ ਸਾਹਿਤ ਦੇ ਅਧਿਐਨ ਤੋਂ ਸਮੱੁਚੇ ‘ਸਮਾਜਕ’ ਸੰਦਰਭ ਨੂੰ ਵਾਚਿਆ ਜਾ ਸਕਦਾ ਹੈ/ ਸਮਝਿਆ ਜਾ ਸਕਦਾ ਹੈ। ਮਸਲਨ; ਸਮਾਜਕ ਬਣਤਰ, ਸਮਾਜ ਵਿਚ ਔਰਤ ਦੀ ਭਾਈਵਾਲੀ, ਨੌਜਵਾਨ ਤਬਕੇ ਦਾ ਰੋਲ, ਲੋਕ-ਲਹਿਰ ਦੇ ਮਨੋਰਥ, ਆਰਥਕ ਅਤੇ ਸਮਾਜਕ ਖ਼ੁਸ਼ਹਾਲੀ, ਰਹਿਣ-ਸਹਿਣ, ਮਨੋਬਿਰਤੀਆਂ, ਸੁਪਨੇ, ਖਾਣ-ਪੀਣ, ਪਹਿਰਾਵੇ ਅਤੇ ਲੋਕ ਬੋਲੀਆਂ, ਸਿੱਖਿਆ ਤੰਤਰ, ਔਰਤ- ਮਰਦ ਦੇ ਆਪਸੀ ਸੰਬੰਧ, ਭੱਵਿਖ ਲਈ ਫਿਕਰਮੰਦੀ ਅਤੇ ਵਰਤਮਾਨ ਵਿਚ ਰੁਜ਼ਗਾਰ ਦੇ ਸਾਧਨ ਆਦਿਕ ਨੂੰ ਸਹੀ ਅਰਥਾਂ ਵਿਚ ਸਮਝਿਆ ਜਾ ਸਕਦਾ ਹੈ। ਖ਼ਬਰੇ! ਇਸੇ ਲਈ ਕਿਹਾ ਜਾਂਦਾ ਹੈ ਕਿ ਕਿਸੇ ਵੀ ਸਮਾਜ ਅਤੇ ਸਮਾਜਕ ਬਣਤਰ ਦੀ ਦਰੁਸਤ ਜਾਣਕਾਰੀ ਹਾਸਲ ਕਰਨ ਹਿੱਤ ਉਸਦੇ ਸਾਹਿਤ ਨੂੰ ਵਾਚਿਆ ਜਾ ਸਕਦਾ ਹੈ/ ਪੜ੍ਹਿਆ ਜਾ ਸਕਦਾ ਹੈ। ਸੰਖੇਪ ਵਿਚ; ਸਾਹਿਤ ਅਧਿਐਨ ਤੋਂ ਸਮਾਜ ਅਧਿਐਨ ਕੀਤਾ ਜਾਂਦਾ ਹੈ। ਕਿਸੇ ਵੀ ਸਮਾਜ ਵਿਚ ਜਦੋਂ ਕੁਰੀਤੀਆਂ ਦਾ ਬੋਲਬਾਲਾ ਵਧੇਰੇ ਹੋ ਜਾਂਦਾ ਹੈ ਤਾਂ ਬੁਧੀਜੀਵੀ ਵਰਗ ਅਤੇ ਸਮਾਜ ਸੁਧਾਰਕਾਂ ਵੱਲੋਂ ਸਾਹਿਤ ਦੇ ‘ਹਵਾਲੇ’ ਨਾਲ ਸਮਾਜ ਨੂੰ ਸਹੀ ਸੇਧ ਦੇਣ ਲਈ ਉੱਪਰਾਲੇ ਅਤੇ ਯਤਨ ਕੀਤੇ ਜਾਂਦੇ ਹਨ। ਗੁਰਮਤਿ ਵਿਚਾਰਧਾਰਾ ਨੂੰ ਇਸਦੇ ਉਦਾਹਰਣ ਵੱਜੋਂ ਦੇਖਿਆ ਜਾ ਸਕਦਾ ਹੈ। ਗੁਰੂ ਨਾਨਕ ਦੇਵ ਜੀ ਨੇ ਉਸ ਸਮੇਂ ਦੀ ‘ਸਮਾਜਕ ਹਾਲਤ’ ਨੂੰ ਸੁਧਾਰਨ ਹਿੱਤ ਗੁਰਬਾਣੀ ਉਚਾਰਨ ਕੀਤੀ ਅਤੇ ਸਮੇਂ ਦੇ ਹਾਕਮਾਂ ਨੂੰ ਜ਼਼ੁਲਮ ਕਰਨ ਤੋਂ ਵਰਜਿਆ। ਉਹਨਾਂ ਬਾਬਰ ਨੂੰ ਜ਼ਾਬਰ ਤੱਕ ਕਿਹਾ। ਗੁਰੂ ਨਾਨਕ ਸਾਹਿਬ ਜੀ ਨੇ ਆਪਣੇ ਇਨਕਲਾਬੀ ਬੋਲਾਂ ਰਾਹੀਂ ਆਮ ਲੋਕਾਂ ਨੂੰ ਵੀ ਜਾਗਰੁਕ ਕੀਤਾ ਅਤੇ ਵਹਿਮਾਂ-ਭਰਮਾਂ ਤੋਂ ਮੁਕਤ ਜੀਵਨ ਜਿਉਣ ਲਈ ਪ੍ਰੇਰਣਾ ਵੀ ਦਿੱਤੀ। ਇਸ ਤਰ੍ਹਾਂ ਕਿਹਾ ਜਾ ਸਕਦਾ ਹੈ ਕਿ ਸਾਹਿਤ ਜਿੱਥੇ ਸਮਾਜ ਦਾ ਸ਼ੀਸ਼ਾ ਹੁੰਦਾ ਹੈ ਉੱਥੇ ਸਮਾਜ ਨੂੰ ਸਹੀ ਰਾਹ ਉੱਪਰ ਤੋਰਨ ਦਾ ਕਾਰਜ ਵੀ ਕਰਦਾ ਹੈ। ਖ਼ੈਰ! ਸਾਡੇ ਹੱਥਲੇ ਲੇਖ ਦਾ ਮੂਲ ਮਨੋਰਥ ‘ਅਜੋਕੇ ਹਰਿਆਣਵੀਂ ਪੰਜਾਬੀ ਸਾਹਿਤ: ਦਸ਼ਾ ਅਤੇ ਦਿਸ਼ਾ’ ਬਾਰੇ ਚਰਚਾ ਕਰਨ ਦਾ ਹੈ। ਇਸ ਲਈ ਹਰਿਆਣੇ ਦੇ ਪੰਜਾਬੀ ਸਾਹਿਤ ਤੋਂ ਬਿਨਾਂ ਕਿਸੇ ਹੋਰ ਵਿਸ਼ੇ / ਸਾਹਿਤ ਉੱਪਰ ਵਿਚਾਰ-ਚਰਚਾ ਨੂੰ ਕੇਂਦਰਿਤ ਨਹੀਂ ਕੀਤਾ ਜਾਵੇਗਾ ਕਿਉਂਕਿ ਇੰਝ ਕਰਨ ਨਾਲ ਲੇਖ ਵੱਡ ਆਕਾਰੀ ਅਤੇ ਬੋਰੀਅਤ ਭਰਪੂਰ ਹੋ ਜਾਵੇਗਾ ਅਤੇ ਪਾਠਕਾਂ/ ਵਿਦਿਆਰਥੀਆਂ ਦੀ ਰੁਚੀ ਘੱਟ ਜਾਵੇਗੀ। ਦੂਜੇ ਪਾਸੇ, ਇਸ ਨਾਲ ਸਾਰਥਕ ਸਿੱਟੇ ਵੀ ਪ੍ਰਾਪਤ ਨਹੀ ਕੀਤੇ ਜਾ ਸਕਦੇ। 1 ਨਵੰਬਰ 1966 ਨੂੰ ਹਰਿਆਣੇ ਦੇ ਹੋਂਦ ਵਿਚ ਆਉਣ ਮਗ਼ਰੋਂ ਪੰਜਾਬੀ ਲੇਖਕਾਂ ਨੇ ਆਪਣੀ ਮਾਤ-ਭਾਸ਼ਾ (ਪੰਜਾਬੀ) ਵਿਚ ਰਚਨਾਵਾਂ ਕਰਨ ਤੋਂ ਗੁਰੇਜ਼ ਨਹੀਂ ਕੀਤਾ; ਭਾਵੇਂ ਕਿ ਸਮੇਂ–ਸਮੇਂ ’ਤੇ ਸੂਬਾ ਸਰਕਾਰਾਂ ਨੇ ਪੰਜਾਬੀ ਜ਼ੁਬਾਨ ਦਾ ਗਲ਼ਾ ਘੁੱਟਣ ਦਾ ਕੰਮ ਕੀਤਾ। ਪ੍ਰੰਤੂ ਹਰਿਆਣਵੀਂ ਪੰਜਾਬੀਆਂ ਨੇ ਪੰਜਾਬੀ ਜ਼ੁਬਾਨ ਲਈ ਕੰਮ ਕਰਨਾ ਲਗਾਤਾਰ ਜ਼ਾਰੀ ਰੱਖਿਆ। ਸਿੱਟੇ ਵੱਜੋਂ; ਅੱਜ ਵੀ ਹਰਿਆਣੇ ਅੰਦਰ ਪੰਜਾਬੀ ਜ਼ੁਬਾਨ ਦਾ ਦੀਵਾ ਜੱਗ ਰਿਹਾ ਹੈ। ਹਰਿਆਣੇ ਵਿਚ ਵੱਡੀ ਗਿਣਤੀ ਵਿਚ ਸਾਹਿਤ ਸਿਰਜਣਾ ਹੋ ਰਹੀ ਹੈ। ਪੰਜਾਬੀ ਪਾਠਕਾਂ ਦਾ ਘੇਰਾ ਵਿਸ਼ਾਲ ਹੁੰਦਾ ਜਾ ਰਿਹਾ ਹੈ। ਹਰਿਆਣੇ ਵਿਚ ਰਚੇ ਜਾ ਰਹੇ ਪੰਜਾਬੀ ਸਾਹਿਤ ਵਿਚ ਕਵਿਤਾ, ਕਹਾਣੀ, ਨਾਟਕ, ਨਾਵਲ, ਇਕਾਂਗੀ, ਸਫ਼ਰਨਾਮਾ, ਆਲੋਚਨਾ, ਸਮੀਖਿਆ ਅਤੇ ਗ਼ਜ਼ਲ ਨੂੰ ਪ੍ਰਮੁੱਖ ਤੌਰ ’ਤੇ ਵਾਚਿਆ ਜਾਂਦਾ ਹੈ/ ਪੜ੍ਹਿਆ ਜਾਂਦਾ ਹੈ। ਪਿਛਲੇ ਲਗਭਗ ਦੋ-ਤਿੰਨ ਦਹਾਕਿਆਂ ’ਤੇ ਨਜ਼ਰ ਮਾਰਦਿਆਂ ਇੰਝ ਮਹਿਸੂਸ ਹੁੰਦਾ ਹੈ ਕਿ ਹਰਿਆਣੇ ਵਿਚ ਕਵਿਤਾ/ ਖੁੱਲ੍ਹੀ ਕਵਿਤਾ ਵਧੇਰੇ ਰਚੀ ਜਾ ਰਹੀ ਹੈ। ਹਰ ਸਾਲ ਪ੍ਰਕਾਸਿ਼ਤ ਹੁੰਦੀਆਂ ਪੁਸਤਕਾਂ ਵਿਚੋਂ 50 ਫ਼ੀਸਦੀ ਕਵਿਤਾ ਨਾਲ ਸੰਬੰਧਤ ਪੁਸਤਕਾਂ ਹੁੰਦੀਆਂ ਹਨ। ਸਾਹਿਤ ਦੇ ਦੂਜੇ ਰੂਪ ਜਿਵੇਂ ਕਹਾਣੀ, ਨਾਵਲ ਅਤੇ ਨਾਟਕ ਬਹੁਤ ਘੱਟ ਗਿਣਤੀ ਵਿਚ ਪ੍ਰਕਾਸ਼ਤ ਹੁੰਦੇ ਹਨ। ਪਿਛਲੇ ਲਗਭਗ ਦੋ ਦਹਾਕਿਆਂ ਵਿਚ ਚਾਰ-ਪੰਜ ਨਾਵਲ ਅਤੇ ਤਿੰਨ-ਚਾਰ ਨਾਟਕ ਸੰਗ੍ਰਹਿ ਪ੍ਰਕਾਸ਼ਤ ਹੋਏ ਹਨ। ਹਾਂ; ਕਵਿਤਾ ਦਾ ਰੰਗ ਵਕਤ ਦੇ ਨਾਲ-ਨਾਲ ਹੋਰ ਗੁੜ੍ਹਾ ਹੁੰਦਾ ਜਾ ਰਿਹਾ ਹੈ। ਪ੍ਰੰਤੂ ਸਾਹਿਤ ਦੇ ਦੂਜੇ ਰੂਪ ਗਿਣਤੀ ਪੱਖੋਂ ਉਸ ਪੱਧਰ ’ਤੇ ਰਚੇ ਨਹੀ ਜਾ ਰਹੇ ਜਿਸ ਦੀ ਇਸ ਸਮੇਂ ਬਹੁਤ ਆਸ ਅਤੇ ਲੋੜ ਹੈ। ਖ਼ੈਰ, ਇਸ ਲੇਖ ਦੇ ਅਗਲੇ ਹਿੱਸੇ ਵਿਚ ਗਿਣਤੀ ਅਤੇ ਪੁਸਤਕਾਂ ਦੇ ਪ੍ਰਕਾਸ਼ਨ ਸੰਬੰਧੀ ਚਰਚਾ; ਵਧੇਰੇ ਕਾਰਗਰ ਅਤੇ ਲਾਹੇਵੰਦ ਨਹੀਂ ਹੈ ਬਲਕਿ ਹਰਿਆਣੇ ਵਿਚ ਰਚੇ ਜਾ ਰਹੇ ਸਾਹਿਤ ਦਾ ਵਿਸ਼ਾ, ਮਿਆਰ ਅਤੇ ਸਰੋਕਾਰ ਕਿਸ ਤਰ੍ਹਾਂ ਦੇ ਹਨ? ਇਹਨਾਂ ਵਿਚ ਹਰਿਆਣੇ ਦੇ ਲੋਕਾਂ ਦੇ ਸਮਾਜਕ, ਆਰਥਕ ਅਤੇ ਧਾਰਮਕ ਢਾਂਚੇ ਬਾਰੇ ਕਿਸ ਤਰ੍ਹਾਂ ਦਾ ਜਾਣਕਾਰੀ ਹਾਸਲ ਹੁੰਦੀ ਹੈ? ਇਹ ਬਹੁਤ ਗੰਭੀਰ ਚਰਚਾ ਦੀ ਮੰਗ ਕਰਦਾ ਵਿਸ਼ਾ ਹੈ। ਹਰਿਆਣੇ ਵਿਚ ਰਚੇ ਜਾ ਰਹੇ ਪੰਜਾਬੀ ਸਾਹਿਤ ਦੇ ਮੂਲ ਸਰੋਕਾਰ ਉਹੋ ਜਿਹੇ ਹੀ ਹਨ ਜਿਸ ਤਰ੍ਹਾਂ ਦੇ ‘ਮੁੱਖਧਾਰਾ ਦੇ ਪੰਜਾਬੀ ਸਾਹਿਤ’ ਦੇ ਸਰੋਕਾਰ ਹਨ। ਮਸਲਨ; ਪਰਵਾਸ ਦਾ ਸੰਕਲਪ, ਮੁਹੱਬਤ ਦਾ ਸੰਕਲਪ, ਸਮਾਜਕ-ਸਦਾਚਾਰਕ ਕੀਮਤਾਂ, ਧਾਰਮਕ ਅਤੇ ਸਮਾਜਕ ਬ੍ਰਿਤਾਂਤ, ਸਮਾਜਕ ਸਮ-ਰੂਪਤਾ (ਬਣਤਰ) ਦਾ ਸਿਧਾਂਤ ਅਤੇ ਮਨੁੱਖੀ ਮਨੋਬਿਰਤੀਆਂ ਦੇ ਮੂਲ ਥੀਮ ਨਾਲ ਸੰਬੰਧਤ ਹੁੰਦੇ ਹਨ। ਇਸੇ ਤਰ੍ਹਾਂ ਦੇ ਸਰੋਕਾਰ ਹਰਿਆਣੇ ਦੇ ਪੰਜਾਬੀ ਸਾਹਿਤ ਵਿਚ ਦੇਖਣ-ਪੜ੍ਹਨ ਨੂੰ ਮਿਲਦੇ ਹਨ। ਹਰਿਆਣੇ ਅਤੇ ਪੰਜਾਬ ਦੇ ਸਾਹਿਤ ਦੇ ਮੂਲ ਸਰੋਕਾਰ ਇੱਕੋ ਜਿੱਥੇ ਸਾਂਝੇ ਹਨ ਉੱਥੇ ਹੀ ਦੋਹਾਂ ਨੂੰ ਪੇਸ਼ ਕਰਨ ਵਾਲੇ ਸਾਹਿਤਕਾਰਾਂ ਦੀਆਂ ਮਨੋਬਿਰਤੀਆਂ, ਸ਼ਬਦਾਵਲੀ ਅਤੇ ਸਮਾਜ ਵੀ ਇੱਕੋ ਵਰਗਾ ਹੈ। ਪਰਵਾਸ ਦਾ ਸੰਕਲਪ: ਸਮਾਜਕ ਸਰੋਕਾਰ: ਆਰਥਕਤਾ ਦਾ ਪ੍ਰਭਾਵ: ਔਰਤ ਦੀ ਸਥਿਤੀ: ਹਰਿਆਣੇ ਵਿਚ ਔਰਤਾਂ ਹੁਣ ਆਤਮ-ਨਿਰਭਰਤਾ ਦੀ ਸ਼੍ਰੇਣੀ ਵਿਚ ਆ ਰਹੀਆਂ ਹਨ। ਹਾਲਾਂਕਿ ਖੇਤੀ-ਬਾੜੀ ਦੇ ਕੰਮ ਵਿਚ ਔਰਤਾਂ ਦੀ ਹਿੱਸੇਦਾਰੀ ਦੂਜੇ ਸੂਬਿਆਂ ਨਾਲੋਂ ਵਧੇਰੇ ਹੈ ਪ੍ਰੰਤੂ ਉਦਯੋਗਿਕ ਅਤੇ ਸਿੱਖਿਅਕ ਖ਼ੇਤਰ ਵਿਚ ਵੀ ਹਰਿਆਣੇ ਵਿਚ ਔਰਤਾਂ ਦੀ ਭਾਈਵਾਲੀ ਵੱਧ ਰਹੀ ਹੈ। ਖੇਡਾਂ ਵਿਚ ਹਰਿਆਣਵੀਂ ਕੁੜੀਆਂ ਨੇ ਸਮੁੱਚੇ ਦੇਸ਼ ਵਿਚ ਆਪਣੀ ਝੰਡੀ ਬਰਕਰਾਰ ਰੱਖੀ ਹੈ। ਹਰਿਆਣੇ ਦੀਆਂ ਕੁੜੀਆਂ ਫ਼ੌਜ ਵਿਚ ਵੀ ਸ਼ਾਮਲ ਹੋ ਰਹੀਆਂ ਹਨ ਅਤੇ ਦੇਸ਼ ਸੇਵਾ ਦੇ ਜਜ਼ਬੇ ਨੂੰ ਅਮਲੀਜਾਮਾ ਪਹਿਨਾ ਰਹੀਆਂ ਹਨ। ਖੇਡ, ਰਾਜਨੀਤੀ, ਸਾਹਿਤ, ਕਲਾ ਅਤੇ ਸਿੱਖਿਆ ਆਦਿਕ ਖੇਤਰਾਂ ਵਿਚ ਕੁੜੀਆਂ ਕਿਸੇ ਨਾਲ ਘੱਟ ਨਹੀਂ ਹਨ। ਸਮਾਜਕ ਬਣਤਰ ਦੇ ਇਸ ਪੱਖ ਨੂੰ ਹਰਿਆਣੇ ਦੇ ਪੰਜਾਬੀ ਸਾਹਿਤਕਾਰਾਂ ਦੀਆਂ ਲਿਖ਼ਤਾਂ ਵਿਚ ਅਣਗੋਲਿਆਂ ਕੀਤਾ ਗਿਆ ਹੈ। ਹਰਿਆਣੇ ਦੇ ਪੰਜਾਬੀ ਸਾਹਿਤਕਾਰਾਂ ਨੂੰ ਹਰਿਆਣੇ ਸੂਬੇ ਦੇ ਇਹਨਾਂ ਪੱਖਾਂ/ ਰੂਪਾਂ ਬਾਰੇ ਡੂੰਘਾਈ ਨਾਲ ਵਿਚਾਰ-ਚਰਚਾ ਕਰਨੀ ਚਾਹੀਦੀ ਹੈ ਤਾਂ ਕਿ ਹਰਿਆਣੇ ਦੀ ਸਮਾਜਕ ਬਣਤਰ ਦਾ ਸਹੀ ਅਕਸ ਪਾਠਕਾਂ/ ਵਿਦਿਆਰਥੀਆਂ ਤੱਕ ਪਹੁੰਚ ਸਕੇ। ਸਮਾਜਕ ਸਮ-ਰੂਪਤਾ ਅਤੇ ਮਨੁੱਖੀ ਮਨੋਬਿਰਤੀਆਂ: ਆਖ਼ਰ ਵਿਚ ਉੱਪਰ ਕੀਤੀ ਗਈ ਵਿਚਾਰ-ਚਰਚਾ ਦੇ ਆਧਾਤ ’ਤੇ ਕਿਹਾ ਜਾ ਸਕਦਾ ਹੈ ਕਿ ਹਰਿਆਣਾ ਦੇ ਪੰਜਾਬੀ ਸਾਹਿਤ ਵਿਚ ਗਿਣਾਤਮਕ ਪੱਖੋਂ ਭਾਵੇਂ ‘ਵਾਧਾ’ ਹੋ ਰਿਹਾ ਹੈ ਪਰੰਤੂ ਗੁਣਾਤਮਕ ਪੱਖੋਂ ਕਈ ਊਣਤਾਈਆਂ ਦੇਖਣ/ ਪੜ੍ਹਨ ਨੂੰ ਮਿਲਦੀਆਂ ਹਨ। ਇੱਥੋਂ ਦੇ ਪੰਜਾਬੀ ਸਾਹਿਤਕਾਰਾਂ ਨੂੰ ਹਰਿਆਣੇ ਦੇ ਮੂਲ ਰੂਪ/ ਕੇਂਦਰੀ ਥੀਮ ਦੀ ਸਹੀ ਅਰਥਾਂ ਵਿਚ ਸਮਝ ਆਉਣੀ ਚਾਹੀਦੀ ਹੈ ਜਾਂ ਸਮਝਣ ਦਾ ਯਤਨ ਕਰਨਾ ਚਾਹੀਦਾ ਹੈ ਤਾਂ ਕਿ ‘ਹਰਿਆਣੇ ਦੀ ਸਮਾਜਕ ਬਣਤਰ’ ਦੇ ਸਹੀ ਰੂਪ ਨੂੰ ਪੰਜਾਬੀ ਸਾਹਿਤ ਦਾ ਹਿੱਸਾ ਬਣਾਇਆ ਜਾ ਸਕੇ। ਇਕੱਲੇ ਕਵਿਤਾ, ਗ਼ਜ਼ਲ ਜਾਂ ਕਹਾਣੀ ਨਾਲ ਕਿਸੇ ਸੂਬੇ ਦੇ ਸਾਹਿਤ ਨੂੰ ਪ੍ਰਫੁੱਲਿਤ ਨਹੀਂ ਕੀਤਾ ਜਾ ਸਕਦਾ ਕਿਉਂਕਿ ਅਜਿਹੇ ਸਾਹਿਤ ਵਿਚ ਨਿਰਾ ਕਲਪਣਾ ਦਾ ਭਾਵ ਹੁੰਦਾ ਹੈ। ਇਸ ਨਾਲ ਕਿਸੇ ਸਮਾਜ ਦੇ ਸਹੀ ਰੂਪ/ ਬਣਤਰ ਦਾ ਅੰਦਾਜ਼ਾ ਨਹੀਂ ਲਗਾਇਆ ਜਾ ਸਕਦਾ। ਹਾਂ; ਇਸ ਨਾਲ ਕੁਝ ਸਮੇਂ ਲਈ ਪਾਠਕਾਂ ਅਤੇ ਵਿਦਿਆਰਥੀਆਂ ਦਾ ਮਨੋਰੰਜਨ ਕੀਤਾ ਜਾ ਸਕਦਾ ਹੈ ਪ੍ਰੰਤੂ ਇਸ ਨਾਲ ਕਿਸੇ ਸਮਾਜ ਦੇ ਸਹੀ ਸੰਦਰਭ ਨੂੰ ਸਮਝਿਆ ਨਹੀਂ ਜਾ ਸਕਦਾ। ਜੇਕਰ ਸਾਹਿਤ ਦੀ ਗੰਭੀਰਤਾ ਅਤੇ ਮਹੱਤਤਾ ਨੂੰ ਸਥਾਈ ਅਤੇ ਪੁਖ਼ਤਾ ਰੱਖਣਾ ਹੈ ਤਾਂ ਪਹਿਲਾਂ ਸਮਾਜ ਦੀਆਂ ਵਿਭਿੰਨ ਪਰਿਸਥਿਤੀਆਂ ਦਾ ਸਹੀ ਮੁਲਾਂਕਣ ਕਰਨਾ ਲਾਜ਼ਮੀ ਸ਼ਰਤ ਹੁੰਦੀ ਹੈ। ਜੇਕਰ ਇਕੱਲੇ ਕਲਪਣਾ ਦੇ ਭਾਵ ਵਿਚ ਸਾਹਿਤ ਸਿਰਜਣਾ ਕੀਤੀ ਜਾਂਦੀ ਰਹੀ ਤਾਂ ਆਉਣ ਵਾਲੇ ਸਮੇਂ ਵਿਚ ਸਾਹਿਤ ਦੀ ਅਹਿਮੀਅਤ ਘੱਟ ਹੋ ਜਾਵੇਗੀ ਅਤੇ ਆਮ ਪਾਠਕ ਵਰਗ ਇਸ ਤੋਂ ਦੂਰੀ ਬਣਾ ਲਵੇਗਾ। ਇਸ ਲਈ ਹਰਿਆਣਵੀਂ ਪੰਜਾਬੀ ਸਾਹਿਤਕਾਰਾਂ ਨੂੰ ਹਰਿਆਣੇ ਦੇ ਧੁਰੇ (ਮੁੱਢ) ਬਾਰੇ ਸਹੀ ਜਾਣਕਾਰੀ ਹਾਸਲ ਕਰਨ ਦੀ ਜ਼ਰੂਰਤ ਹੈ ਤਾਂ ਕਿ ਸਮਾਜਕ ਬਣਤਰ ਦੇ ਸਹੀ ਸਰੂਪ ਨੂੰ ਪਾਠਕਾਂ ਤੱਕ ਪਹੁੰਚਾਇਆ ਜਾ ਸਕੇ। ਪ੍ਰੰਤੂ ਇਹ ਸਭ ਹੁੰਦਾ ਕਦੋਂ ਹੈ? ਇਹ ਅਜੇ ਭੱਵਿਖ ਦੀ ਕੁਖ਼ ਵਿਚ ਹੈ। |
*’ਲਿਖਾਰੀ’ ਵਿਚ ਪ੍ਰਕਾਸ਼ਿਤ ਹੋਣ ਵਾਲੀਆਂ ਸਾਰੀਆਂ ਹੀ ਰਚਨਾਵਾਂ ਵਿਚ ਪ੍ਰਗਟਾਏ ਵਿਚਾਰਾਂ ਨਾਲ ‘ਲਿਖਾਰੀ’ ਦਾ ਸਹਿਮਤ ਹੋਣਾ ਜ਼ਰੂਰੀ ਨਹੀਂ। ਹਰ ਲਿਖਤ ਵਿਚ ਪ੍ਰਗਟਾਏ ਵਿਚਾਰਾਂ ਦਾ ਜ਼ਿੰਮੇਵਾਰ ਕੇਵਲ ‘ਰਚਨਾ’ ਦਾ ਕਰਤਾ ਹੋਵੇਗਾ। |
ਡਾ. ਨਿਸ਼ਾਨ ਸਿੰਘ ਰਾਠੌਰ
# 1054/1,
ਵਾ: ਨੰ: 15-ਏ,
ਭਗਵਾਨ ਨਗਰ ਕਾਲੌਨੀ,
ਪਿੱਪਲੀ, ਕੁਰੂਕਸ਼ੇਤਰ।
ਸੰਪਰਕ: 90414-98009