ਤਲਵੰਡੀ ਸਾਬੋ : ਸਥਾਨਕ ਅਕਾਲ ਯੂਨੀਵਰਸਿਟੀ ਦੇ ਪੋਸਟ ਗਰੈਜੂਏਟ ਪੰਜਾਬੀ ਵਿਭਾਗ ਵਿੱਚ ਪਿਛਲੇ ਪੰਜ ਸਾਲਾਂ ਤੋਂ ਅਧਿਆਪਨ ਕਰ ਰਹੇ ਪ੍ਰੋ. ਨਵ ਸੰਗੀਤ ਸਿੰਘ ਨੂੰ ਉੱਤਰਪ੍ਰਦੇਸ਼ ਦੀਆਂ ਦੋ ਸੰਸਥਾਵਾਂ ਕ੍ਰਮਵਾਰ ‘ਹਿੰਦੀ ਕ੍ਰਿਤੀ ਕੁੰਜ’ (ਸ਼ੇਰਕੋਟ) ਅਤੇ ‘ਕਾਵਯਕਲਾ ਸੇਵਾ ਸੰਸਥਾਨ’ (ਸੀਤਾਪੁਰ) ਵੱਲੋਂ “ਸ਼ਿਕਸ਼ਕ ਰਤਨ ਸੰਮਾਨ -2023” ਨਾਲ ਸਨਮਾਨਿਤ ਕੀਤੇ ਜਾਣ ਦਾ ਸਮਾਚਾਰ ਪ੍ਰਾਪਤ ਹੋਇਆ ਹੈ। ਪ੍ਰੋ. ਸਿੰਘ ਨੂੰ ਇਹ ਸਨਮਾਨ ਅਧਿਆਪਨ ਖੇਤਰ ਵਿੱਚ ਲਗਭਗ 35 ਸਾਲ ਸੇਵਾ ਨਿਭਾਉਣ, ਵਿਭਿੰਨ ਗਤੀਵਿਧੀਆਂ ਵਿੱਚ ਵਿਦਿਆਰਥੀਆਂ ਦਾ ਸੁਯੋਗ ਮਾਰਗ ਦਰਸ਼ਨ ਕਰਨ, ਸਾਹਿਤ ਲੇਖਨ ਅਤੇ ਅਨੁਵਾਦ ਕਾਰਜ ਪ੍ਰਤੀ ਕੀਤੀਆਂ ਸੇਵਾਵਾਂ ਨੂੰ ਮੁੱਖ ਰੱਖ ਕੇ ਦਿੱਤਾ ਗਿਆ ਹੈ। ਇੱਥੇ ਜ਼ਿਕਰਯੋਗ ਹੈ ਕਿ ਦੋਹਾਂ ਹੀ ਸੰਸਥਾਵਾਂ ਵੱਲੋਂ ਜੋ ਹੋਰ ਅਧਿਆਪਕ ਸਨਮਾਨਿਤ ਕੀਤੇ ਗਏ ਹਨ, ਉਨ੍ਹਾਂ ਵਿੱਚ ਪੰਜਾਬ ਦਾ ਹੋਰ ਕੋਈ ਅਧਿਆਪਕ ਸ਼ਾਮਲ ਨਹੀਂ ਹੈ। ਪ੍ਰੈੱਸ ਨੂੰ ਦਿੱਤੀ ਜਾਣਕਾਰੀ ਵਿੱਚ ਪ੍ਰੋ. ਸਿੰਘ ਨੇ ਦੱਸਿਆ ਕਿ ਉਨ੍ਹਾਂ ਨੂੰ ਪ੍ਰਾਪਤ ਇਹ ਸਨਮਾਨ ਅਸਲ ਵਿੱਚ ਦਮਦਮਾ ਸਾਹਿਬ ਕਰਕੇ ਹੈ, ਜਿਸਨੂੰ ਦਸ਼ਮੇਸ਼ ਪਿਤਾ ਨੇ ‘ਗੁਰੂ ਕਾਸ਼ੀ’ ਦਾ ਵਰਦਾਨ ਦਿੱਤਾ। ਉਨ੍ਹਾਂ ਨੇ ਭਾਵੁਕ ਹੁੰਦਿਆਂ ਦੱਸਿਆ ਕਿ “ਹਮ ਰੁਲਤੇ ਫਿਰਤੇ ਕੋਈ ਬਾਤ ਨਾ ਪੂਛਤਾ ਗੁਰ ਸਤਿਗੁਰ ਸੰਗ ਕੀਰੇ ਹਮ ਥਾਪੇ” ਦੇ ਮਹਾਂਵਾਕ ਅਨੁਸਾਰ ਅੱਜ ਉਹ ਸਿਰਫ਼ ਪੰਜਾਬ ਜਾਂ ਭਾਰਤ ਵਿੱਚ ਹੀ ਨਹੀਂ, ਸਗੋਂ ਵਿਦੇਸ਼ (ਯੂਕੇ, ਕੈਨੇਡਾ ਆਦਿ) ਵਿੱਚ ਵੀ ਆਪਣੀਆਂ ਲਿਖਤਾਂ ਰਾਹੀਂ ਜਾਣੇ ਜਾਂਦੇ ਹਨ। ਪ੍ਰੋ. ਨਵ ਸੰਗੀਤ ਸਿੰਘ ਦੇ ਸ਼ੁਭਚਿੰਤਕਾਂ, ਵਿਦਿਆਰਥੀਆਂ ਅਤੇ ਸਨੇਹੀਆਂ ਵੱਲੋਂ ਉਨ੍ਹਾਂ ਨੂੰ ਲਗਾਤਾਰ ਇਸ ਪ੍ਰਾਪਤੀ ਲਈ ਵਧਾਈ ਸੰਦੇਸ਼ ਮਿਲ ਰਹੇ ਹਨ।
ਨੋਟ: ‘ਲਿਖਾਰੀ’ ਵੱਲੋਂ ਆਪਣੇ ਪਿਅਾਰੇ ਵਿਦਵਾਨ ਲਿਖਾਰੀ ਪ੍ਰੋ. ਨਵ ਸੰਗੀਤ ਸਿੰਘ ਜੀ ਨੂੰ ਉਹਨਾਂ ਨੂੰ ਮਿਲੇ ਸਨਮਾਨਾਂ ਲਈ ਬਹੁਤ ਬਹੁਤ ਵਧਾਈਅਾਂ। |