19 April 2024

ਗੁਰਸ਼ਰਨ ਸਿੰਘ ਅਜੀਬ (ਲੰਡਨ) ਦੀਆਂ ਦਸ ਗ਼ਜ਼ਲਾਂ

ਗੁਰਸ਼ਰਨ ਸਿੰਘ ਅਜੀਬ (ਲੰਡਨ) ਦੀਆਂ ਦਸ ਗ਼ਜ਼ਲਾਂ

ਗ਼ਜ਼ਲ -1

ਦਿਨੇ ਰਾਤ ਉਠ ਉਠ ਮੈਂ ਗਾਈ ਗ਼ਜ਼ਲ ਹੈ !
(ISS. ISS. ISS. ISS.)

ਦਿਨੇ ਰਾਤ ਉਠ ਉਠ ਮੈਂ ਗਾਈ ਗ਼ਜ਼ਲ ਹੈ।
ਜ਼ਮੀਂ ਤੋਂ   ਫ਼ਲਕ ‘ਤੇ   ਪੁਚਾਈ ਗ਼ਜ਼ਲ ਹੈ।

ਬੜਾ ਪਿਆਰ ਇਸ ਨੂੰ   ਮੈਂ ਕੀਤੈ ਤੇ ਕਰਦਾਂ,
ਕਿ ਦਿਲ ਦੇ ਤਖ਼ਤ ‘ਤੇ ਬਿਠਾਈ ਗ਼ਜ਼ਲ ਹੈ।

ਮਿਰੇ ਜ਼ਿਹਨ ਵਿਚ ਟੁਣਟੁਣਾਂਦੀ ਇਹ ਰਹਿੰਦੀ,
ਰਬਾਬੀ-ਠਣਕ     ਸ਼ੈਹਨਾਈ    ਗ਼ਜ਼ਲ   ਹੈ।

ਬੜਾ ਇਸ਼ਕ   ਯਾਰੋ  ਇਦੇ ਨਾਲ ਕੀਤਾ,
ਪਰਾਈ ਸੀ ਅਪਣੀ ਬਣਾਈ ਗ਼ਜ਼ਲ ਹੈ।

ਅਸੰਭਵ ਮਿਰਾ ਦੂਰ ਇਸ ਤੋਂ ਹੈ ਰਹਿਣਾ,
ਸਦਾ ਵਿਚ ਰਹਿੰਦੀ ਕਲ਼ਾਈ ਗ਼ਜ਼ਲ ਹੈ।

ਗਈ ਕਰ  ਬਸੇਰਾ  ਮਿਰੇ   ਦਿਲ ਦੇ ਅੰਦਰ,
ਚਿਰਾਂ ਤੋਂ ਮੈਂ ਦਿਲ ਵਿਚ ਵਸਾਈ ਗ਼ਜ਼ਲ ਹੈ।

ਇਹ ਕਲ਼ਮਾ ਮਿਰਾ ਮੇਰੇ ਜੀਵਨ ਦਾ ਮਕਸਦ,
ਕਿ   ਮੌਲ਼ਾ ਨੇ   ਮੈਥੋਂ   ਲਿਖਾਈ   ਗ਼ਜ਼ਲ ਹੈ।

ਇਹ  ਮਹਿਬੂਬ  ਮੇਰੀ ਮਿਰੀ  ਜ਼ਿੰਦਗਾਨੀ,
ਮਿਰੇ ਸੰਗ ਚਿਰਾਂ ਤੋਂ ਵਿਆਈ ਗ਼ਜ਼ਲ ਹੈ।

ਰਹਾਂ   ਇੱਕ ਪਲ਼   ਵੀ ਮੈਂ  ਨਾ ਦੂਰ ਇਸ ਤੋਂ,
ਮਿਰੇ ਦਿਲ ਦੀ ਮਲਕਾ ਲੁਗਾਈ ਗ਼ਜ਼ਲ ਹੈ।

ਬੜੇ  ਹੀ   ਵਿਸ਼ੇ   ਇਸ   ‘ਚ   ਛੋਹੇ   ਨੇ  ਆਪਾਂ,
ਕਿ ਮਹਿਲਾਂ ‘ਚੋਂ ਗਲੀਆਂ ‘ਚ ਆਈ ਗ਼ਜ਼ਲ ਹੈ।

ਕਿ ਭਿੰਨ-ਭਿੰਨ ਵਜ਼ਨ ਬਹਿਰ ਅੰਦਰ ਮੈਂ ਆਖੀ,
ਮਿਰੀ   ਦਿਲਲਗੀ   ਆਸ਼ਕਾਈ   ਗ਼ਜ਼ਲ  ਹੈ।

ਕਿ ਵਹਿੰਦੀ ਗ਼ਜ਼ਲ ਜਿੱਦਾਂ ਗੰਗਾ ਹੈ ਵਹਿੰਦੀ,
ਪਵਿੱਤਰ   ਨਦੀ   ਪਾਰਸਾਈ   ਗ਼ਜ਼ਲ   ਹੈ।

ਮਿਰੇ  ਰਾਮ ਮੌਲ਼ਾ ਗੁਰਾਂ ਦੀ ਹੈ ਬਖ਼ਸ਼ਿਸ਼,
ਕਿ ਇਹਨਾਂ ਹੀ ਮੈਥੋਂ ਕਹਾਈ ਗ਼ਜ਼ਲ ਹੈ।

ਨਾ  ਲਿਖਣੇ   ਨੂੰ   ਬੈਠਾਂ   ਧੁਰੋਂ  ਉਤਰ ਆਵੇ,
ਇਹ ਬਾਰਿਸ਼ ਫ਼ਲ਼ਕ ਤੋਂ ਜੋ ਆਈ ਗ਼ਜ਼ਲ ਹੈ।

ਰਹਾਂ ਗੁਣਗੁਣਾਉਂਦਾ ਦਿਨੇ ਰਾਤ ਇਸ ਨੂੰ,
‘ਅਜੀਬਾ’ ਮਿਰੀ  ਰਹਿਨੁਮਾਈ ਗ਼ਜ਼ਲ ਹੈ।

***
ਗ਼ਜ਼ਲ -2

ਨੇਤਾਵਾਂ ਤੋਂ ਫੜ ਕੇ ਬੈਠੇ ਰੰਗ-ਬਰੰਗੇ ਨੋਟ
(SS. SS. SS. SS. SS. SS.SI)

(ਦੋਹਾ ਟਾਈਪ ਗ਼ਜ਼ਲ)

ਨੇਤਾਵਾਂ ਤੋਂ ਫੜ ਕੇ ਬੈਠੇ ਰੰਗ-ਬਰੰਗੇ ਨੋਟ।
ਦੁਬਿਧਾ ਵਿੱਚ ਫਸੇ ਸਭ ਲੋਕੀਂ ਪਾਉਣੀ ਕਿਸ ਨੂੰ ਵੋਟ।

ਰਾਤ ਹਨੇਰੀ ਝੱਖੜ ਬਾਰਿਸ਼ ਦਿਲ ਨੂੰ ਖਾਵੇ ਖ਼ੌਫ਼,
ਤੱਕਿਆ ਜਦ ਕੁਰਲਾਂਦਾ ਭੌਂ ‘ਤੇ ਰੁੱਖੋਂ ਡਿੱਗਿਆ ਬੋਟ।

ਆਉਣਾ ਵਿੱਚ ਵਲਾਇਤ ਦੇ ਸੀ ਪਰ ਨਾ ਧੇਲਾ ਕੋਲ,
ਸ਼ਾਹ ਤੋਂ ਰਕਮ ਉਧਾਰੀ ਫੜ ਕੇ ਲਿਖ ਦਿੱਤਾ ਪਰਨੋਟ।

ਨਾਲ ਮੁਸੀਬਤ ਪਾਲ਼ੇ ਬੱਚੇ ਕੀਤੇ ਖ਼ੂਬ ਜਵਾਨ,
ਮਾਰ ਉਡਾਰੀ ਉੜ ਗਏ ਸਾਰੇ ਜਿਉਂ ਚਿੜੀਆਂ ਦੇ ਬੋਟ।

ਵਿੱਚ ਗ਼ਰੀਬੀ ਕੱਟੇ ਦਿਨ ਖਾ ਰੁੱਖੀ ਮਿੱਸੀ ਰੋਜ਼,
ਅਪਣੀ ਮਿਹਨਤ ਕਰ ਕੁਰ ਕੇ ਹੀ ਪਹਿਨੇ ਪੈਂਟ ਤੇ ਕੋਟ।

ਸਾਫ਼ ਸੋਚ ਤੇ ਨਿਰਮਲ ਮਨ ਹੀ ਕਰਵਾਉਂਦੈ ਸ਼ੁਭ ਕੰਮ,
ਵਰਨਾ ਕਿੰਝ ਕੋਈ ਕਰ ਸਕਦਾ ਜੇ ਦਿਲ ਵਿਚ ਹੋਏ ਖੋਟ।

ਨਾਲ ਸ਼ਾਨ ਦੇ ਜੀਣਾ ਆਪਾਂ ਇਹ ਸਾਡੀ ਲਲਕਾਰ,
ਲੋੜ ਨਾ ਸਾਨੂੰ ਤੇਰੀ ਦਿੱਤੀ ਜੋ ਬਿੱਲਾਂ ਵਿਚ ਛੋਟ।

ਕੀ ਹੋਇਆ ਜੇ ਧੰਨ ਨਾ ਪੱਲੇ ਦਿਲ ਦੇ ਹਾਂ ਧਨਵਾਨ,
ਦੇਣਾ ਸੀ ਜੋ ਰਬ ਨੇ ਦਿੱਤਾ ਆਣ ਨਾ ਦਿੱਤੀ ਤੋਟ।

ਕਣ ਕਣ ਵਿਚ ਭਗਵਾਨ ਵਸੇਂਦੈ ਪਰ ਨਾ ਦਿਖੇ ‘ਅਜੀਬ’,
ਪੱਥਰ ਵਿਚ ਮੌਜੂਦ ਹੈ ਜੋ ਨੂੰ ਵੀ ਭੇਜੇ ਉਹ ਰੋਟ।

ਆਖਣ ਨੂੰ ਤਾਂ ਸਾਰੇ ਗ਼ਜ਼ਲਾਂ ਕਹਿੰਦੇ ਯਾਰ ‘ਅਜੀਬ’,
ਗੱਲ ਗ਼ਜ਼ਬ ਦੀ ਵਿੱਚ ਗ਼ਜ਼ਲ ਪਰ ਕਰਦੈ ਖ਼ੂਬ *ਭਨੋਟ।

*ਭਨੋਟ: ਵੈਨਕੂਵਰ, ਕੈਨੇਡਾ ਨਿਵਾਸੀ
ਜਨਾਬ ਕ੍ਰਿਸ਼ਨ ਭਨੋਟ

***
ਗ਼ਜ਼ਲ-3

ਅਦਾਵਾਂ ਤੇਰੀਆਂ ਕ਼ਾਤਲ ਕ਼ਤਲ ਨਿਤ ਕਰਦੀਆਂ ਨੇ!
(SSS. ISSS. ISSS. ISS)

ਅਦਾਵਾਂ ਤੇਰੀਆਂ ਕ਼ਾਤਲ ਕ਼ਤਲ ਨਿਤ ਕਰਦੀਆਂ ਨੇ।
ਇਵੇਂ ਲਗਦੈ ਇਨ੍ਹਾਂ ‘ਤੇ ਮੈਂ ਮੇਰੇ ‘ਤੇ ਮਰਦੀਆਂ ਨੇ।

ਬਿਨਾਂ ਕਾਰਨ ਨਾ ਹੋਵੋ ਗਰਮ ਮੇਰੇ ਮੀਤ ਹਮਦਮ,
ਚਮਨ ਵਿਚ ਪਹਿਲੋਂ ਹੀ ਪਈਆਂ ਇਹ ਅੱਗਾਂ ਵਰ੍ਹਦੀਆਂ ਨੇ।

ਕਦੇ ਬਾਰਿਸ਼ ਕਦੇ ਝੱਖੜ ਕਦੇ ਤੂਫ਼ਾਨ ਆ ਜਾਂਦੈ,
ਇਹ ਧੰਨ ਨੇ ਮਾਨਵੀ ਜਿੰਦਾਂ ਜੋ ਸਭ ਕੁਝ ਜਰਦੀਆਂ ਨੇ।

ਬੜਾ ਹੀ ਤਪ ਰਿਹਾ ਹਿਰਦਾ ਰਵੀ ਕੋਈ ਤਪ ਰਿਹਾ ਜਿੱਦਾਂ,
ਕਿ ਦਿਲ ਵਿਚ ਬੈਠੀਆਂ ਖਾਹਸ਼ਾਂ ਜੋ ਹੰਝੂ ਭਰਦੀਆਂ ਨੇ।

ਤਿਰੀ ਆਮਦ ‘ਤੇ ਰੱਖੇ ਖੋਲ੍ਹ ਬੂਹੇ ਬਾਰੀਆਂ ਆਪਾਂ,
ਤਿਰੀ ਆਮਦ ਦਾ ਇਹ ਅੱਖਾਂ ਸਵਾਗਤ ਕਰਦੀਆਂ ਨੇ।

ਨਾ ਸੁੱਕੇ ਹਾੜ ਵਿਚ ਆਪਾਂ ਹਰੇ ਹੋਏ ਨਾ ਸਾਵਨ ਵਿਚ,
ਨਹੀਂ ਕੋਈ ਫ਼ਰਕ ਸਾਨੂੰ ਗਰਮੀਆਂ ਜਾਂ ਸਰਦੀਆਂ ਨੇ।

ਰਜ਼ਾ ਮੌਲ਼ਾ ਦੀ ਵਿਚ ਰਹਿਣੇ ਦੀ ਆਦਤ ਪਾ ਲਈ ਆਪਾਂ,
ਖ਼ੁਸ਼ੀ ਹੋਵੇ ਤਾਂ ਖੁਸ਼ ਹਾਂ! ਗ਼ਮ ‘ਚ ਅੱਖਾਂ ਭਰਦੀਆਂ ਨੇ।

ਜਦੋਂ ਸੀ ਚਿਤਵੀਆਂ ਓਦੋਂ ਨਾ ਜ਼ਾਲਮ ਪੂਰੀਆਂ ਹੋਈਆਂ,
ਕਿ ਸਭ ਸਧਰਾਂ ਤੇ ਖ਼ਾਸ਼੍ਹਾਂ ਹੁਣ ‘ਅਜੀਬਾ’ ਮਰ ਗਈਆਂ ਨੇ।

ਫ਼ਿਕਰ ਨਾ ਕਰ ‘ਅਜੀਬਾ’ ਉਡ ਗਏ ਜੇ ਬੋਟ ਘਰ ਵਿੱਚੋਂ,
ਇਹ ਗੱਲਾਂ ਆਮ ਹੀ ਅੱਜ-ਕੱਲ ਤਾਂ ਹਰ ਇਕ ਘਰ ਦੀਆਂ ਨੇ।

***

ਗ਼ਜ਼ਲ -4

ਗੁਲਬਦਨ ਸ਼ੋਅਲਾ ਮਿਰੀ ਅਗਨੀ ਭੀ ਹੈ ਤੂਫ਼ਾਨ ਹੈ !
(SISS. SISS. SISS. SIS)

ਗੁਲਬਦਨ ਸ਼ੋਅਲਾ ਮਿਰੀ ਅਗਨੀ ਭੀ ਹੈ ਤੂਫ਼ਾਨ ਹੈ।
ਫੇਰ ਵੀ ਦਿਲ ਏਸ ‘ਤੇ ਮੇਰਾ ਫ਼ਿਦਾ ਕੁਰਬਾਨ ਹੈ।

ਹੈ ਪਟੋਲਾ ਆਸਮਾਨੀਂ ਉਤਰਿਆ ਆਕਾਸ਼ ਤੋਂ,
ਦਿਲ ਮਿਰੇ ਵਿਚ ਇਸ ਲਈ ਜੋ ਤਾਂਘ ਰਬ-ਸਾਮਾਨ ਹੈ।

ਏਸ ਦੀ ਸੂਰਤ ਤੇ ਸੀਰਤ ਨੂੰ ਸਦਾ ਸਤਿਕਾਰਦਾਂ,
ਏਸ ਨੂੰ ਸਜਦਾ ਮਿਰਾ ਇਸ ‘ਤੇ ਮਿਰਾ ਈਮਾਨ ਹੈ।

ਜਿਸ ਤਰਫ਼ ਤੱਕਾਂ ਇਦ੍ਹਾ ਚਿਹਰਾ ਨੂਰਾਨੀ ਦਿੱਸਦੈ,
ਏਸ ‘ਤੇ ਅਟਕੀ ਮਿਰੀ ਰਹਿੰਦੀ ਨਜ਼ਰ ਜਿੰਦ ਜਾਨ ਹੈ।

ਬਿਨ ਇਦ੍ਹੇ ਮੇਰੀ ਹਯਾਤੀ ਨਰਕ-ਤੁਲ਼ ਖ਼ੁਸ਼ੀਆਂ ਬਿਨਾਂ,
ਇਹ ਨਹੀਂ ਤਾਂ ਘਰ ਨਹੀਂ ਸੁੰਨਸਾਨ-ਬੀਆਬਾਨ ਹੈ।

ਹੋਂਦ ਇਸ ਦੀ ਚਾਰ ਚੰਨ ਦੇਵੇ ਲਗਾ ਘਰ ਬਾਹਰ ਨੂੰ,
ਏਸ ਬਿਨ ਲਗਦੈ ਜਹਾਂ ਸ਼ਮਸ਼ਾਨ ਸੁੰਨਿਸਤਾਨ ਹੈ।

ਢੂੰਡਿਆਂ ਵੀ ਨਾ ਮਿਲੇ ਦੁਨੀਆ ‘ਚ ਇਸ ਵਰਗਾ ਕੁਈ,
ਇਸ ਜਿਹਾ ਘਟ ਵਧ ਹੀ ਮਿਲਦਾ ਧਰਤ ‘ਤੇ ਇਨਸਾਨ ਹੈ।

ਸਾਫ਼-ਦਿਲ ਨਿਰਮਲ ਜਿਵੇਂ ਗੰਗਾ ਪਹਾੜੋਂ ਉੱਤਰੀ,
ਗੰਗੋਤਰੀ ਇਹ ਪ੍ਰੇਮ ਦੀ ਸਾਗਰ ਪਾਕੀਜ਼ਿਸਤਾਨ ਹੈ।

ਭਾ ਗਈ ਤਨ ਮਨ ਮਿਰੇ ਨੂੰ ਪਹਿਲੀ ਨਜ਼ਰੇ ਜੋ ਕਦੇ,
ਏਸ ‘ਤੇ ਡੁੱਲ੍ਹਿਆ ਮਿਰਾ ਦਿਲ ਦੀਨ ਤੇ ਈਮਾਨ ਹੈ।

ਮੈਂ ਗ਼ਰੀਬੂ ਇਹ ਅਮੀਰੂ ਨਗ਼ ਬੜਾ ਅਨਮੋਲ ਇਹ,
ਏਸ ਦਾ ਸੁੰਦਰ ਬਦਨ ਤਨ ਮਨ ਅਮੋਲਿਸਤਾਨ ਹੈ।

ਉਚਰੇ ਮੂੰਹੋਂ ਜੋ ਹਮੇਸ਼ਾ ਸਚ ਸਦਾ ਹੋ ਨਿਬੜਦਾ,
ਇਸ ਦੇ ਅੱਗੇ ਬੋਲਦਾ ਮੌਲ਼ਾ ਵੀ ਨਾ ਭਗਵਾਨ ਹੈ।

ਹੌਸਲਾ ਮੇਰਾ ਪਵੇ ਨਾ ਇਸ ਦੇ ਮੋਰ੍ਹੇ ਕੂਣ ਦਾ,
ਏਸ ਦਾ ‘ਗੁਰਸ਼ਰਨ’ ਗ਼ੁੱਸਾ ਭਾਂਬੜੀ ਤੂਫ਼ਾਨ ਹੈ।

ਪਿਆਰ ਬਿਨ ਆਵੇ ਨਾ ਕਾਬੂ ਇਹ ‘ਅਜੀਬਾ’ ਰੂਹ ਅਜੀਬ,
ਆ ਜੇ ਜਾਵੇ ਹਥ ਕਦੇ ਫਿਰ ਦੇਵੀ-ਮਿਹਰਬਾਨ ਹੈ।

***
ਗ਼ਜ਼ਲ -5

ਤੇਰੇ ਰੂਪ ਦੀ ਕਲਾ ਨੇ ਮੇਰਾ ਦਿਲ ਮੋਹ ਲਿਆ ਏ
(SSI+SISSx2)

੦ ਗ਼ ਜ਼ ਲ

ਗੁਰਸ਼ਰਨ ਸਿੰਘ ਅਜੀਬ (ਲੰਡਨ)

ਤੇਰੇ ਰੂਪ ਦੀ ਕਲਾ ਨੇ ਮੇਰਾ ਦਿਲ ਮੋਹ ਲਿਆ ਏ।
ਚਿਤ-ਚੋਰ ਅਪਸਰਾ ਨੇ ਮੇਰਾ ਦਿਲ ਮੋਹ ਲਿਆ ਏ।

ਜਲਵਾ-ਏ-ਹੁਸਨ ਤੇਰਾ ਦਿਲ ਕੀਲ਼ਦਾ ਏ ਮੇਰਾ,
ਕ਼ਾਤਲ ਤੇਰੀ ਅਦਾ ਨੇ ਮੇਰਾ ਦਿਲ ਮੋਹ ਲਿਆ ਏ।

ਦਿਲ ਮੋਹ ਲਿਆ ਤੂੰ ਮੇਰਾ ਮੇਰੇ ਹਬੀਬ ਹਮਦਮ,
ਤੇਰੀ ਜ਼ੁਲਫ਼ ਦੀ ਘਟਾ ਨੇ ਮੇਰਾ ਦਿਲ ਮੋਹ ਲਿਆ ਏ।

ਆਖਾਂ ਖ਼ਤਾ ਜਾਂ ਗ਼ਲਤੀ ਜਾਂ ਇਸ ਨੂੰ ਖ਼ੁਸ਼-ਨਸੀਬੀ,
ਇਕ ਸ਼ੋਖ਼ ਦਿਲਰੁਬਾ ਨੇ ਮੇਰਾ ਦਿਲ ਮੋਹ ਲਿਆ ਏ।

ਇਸ ਯੁਗ-ਜਫ਼ਾ ਦੇ ਅੰਦਰ ਢੂੰਡੇ ਵਫ਼ਾ ਨਾ ਮਿਲਦੀ,
ਤੇਰੀ ਨਜ਼ਰ ਵਫ਼ਾ ਨੇ ਮੇਰਾ ਦਿਲ ਮੋਹ ਲਿਆ ਏ।

ਸੰਜੀਦਗੀ ਇਹ ਤੇਰੀ ਜਾਂ ਸਾਦਗੀ ਹੈ ਤੇਰੀ,
ਫ਼ਿਤਰਤ ਤਿਰੀ ਹਯਾ ਨੇ ਮੇਰਾ ਦਿਲ ਮੋਹ ਲਿਆ ਏ।

ਦਿਲ ਲੋਚਦੈ ਕਿ ਤੈਥੋਂ ਦੇਵਾਂ ਮੈਂ ਵਾਰ ਆਪਾ,
ਤੇਰੇ ਨੇਕ-ਦਿਲ ਸੁਭਾ ਨੇ ਮੇਰਾ ਦਿਲ ਮੋਹ ਲਿਆ ਏ।

ਜੀਣਾ ਮੁਹਾਲ ਹੋਇਆ ਤੇਰੇ ਬਿਨਾਂ ਹੈ ਦਿਲਬਰ,
ਰਹਿਮਤ ਤਿਰੀ ਦੁਆ ਨੇ ਮੇਰਾ ਦਿਲ ਮੋਹ ਲਿਆ ਏ।

‘ਗੁਰਸ਼ਰਨ’ ਮੰਗ ਦੁਆਵਾਂ ਅਪਣੇ ਹਬੀਬ ਖ਼ਾਤਰ,
ਚੜ੍ਹਦੀ ਜਿਦ੍ਹੀ ਕਲਾ ਨੇ ਮੇਰਾ ਦਿਲ ਮੋਹ ਲਿਆ ਏ।

ਨਿਸ ਦਿਨ ‘ਅਜੀਬ’ ਆਵੇਂ ਮੇਰੇ ਤੂੰ ਸੁਪਨਿਆਂ ਵਿਚ,
ਤੇਰੀ ਹੋਂਦ-ਕਲਪਨਾ ਨੇ ਮੇਰਾ ਦਿਲ ਮੋਹ ਲਿਆ ਏ।

***

ਗ਼ਜ਼ਲ-6

ਗੁਲਫ਼ਾਮ ਹੈ ਮੁਖੜਾ ਤਿਰਾ ਹਸਤੀ ਤਿਰੀ ਗੁਲਦਾਨ ਹੈ।
(SSIS. SSIS. SSIS. SSIS)

ਗੁਲਫ਼ਾਮ ਹੈ ਮੁਖੜਾ ਤਿਰਾ ਹਸਤੀ ਤਿਰੀ ਗੁਲਦਾਨ ਹੈ।
ਤੇਰੇ ਹੀ ਕਰਕੇ ਮਹਿਕਦਾ ਘਰ ਬਾਹਰ ਗੁਲਿਸਤਾਨ ਹੈ।

ਮਤਲਾ ਸਾਨੀ:

ਤੇਰੇ ਬਿਨਾਂ ਘਰ ਘਰ ਨਾ ਇਹ ਵੀਰਾਨ ਬੀਆਬਾਨ ਹੈ।
ਮੌਜੂਦਗੀ ਤੇਰੀ ਬਿਨਾਂ ਲਗਦਾ ਇਹ ਕ਼ਬਰਿਸਤਾਨ ਹੈ।

ਹੈ ਜਾਨ ਤੇ ਮੇਰਾ ਜਹਾਂ ਮੇਰੇ ਹਮਸਫ਼ਰ ਤੇਰੇ ਨਾਲ ਹੀ,
ਹਾਂ ਜੀਂਵਦਾ ਤੇਰੇ ਲਈ ਤੂੰ ਹੀ ਮਿਰੀ ਜਿੰਦ-ਜਾਨ ਹੈ।

ਆਮਦ ਤਿਰੀ ਲੈ ਕੇ ਬਹਾਰਾਂ ਜ਼ਿੰਦਗੀ ਮੇਰੀ ‘ਚ ਆਈ,
ਤਨ ਮਨ ਅਸਾਡਾ ਇਕ ਦੁਏ ਦੇ ਵਾਸਤੇ ਵਰਦਾਨ ਹੈ।

ਹਰ ਇਕ ਖ਼ੁਸ਼ੀ ਮੇਰੀ ਤਿਰੀ ਨੇ ਗ਼ਮ ਵੀ ਸਾਂਝੇ ਸੰਗ ਤਿਰੇ,
ਸ਼ਿਕਵਾ ਗਿਲਾ ਹਰ ਇਕ ਤਿਰਾ ਮੈਨੂੰ ਸਨਮ ਪ੍ਰਵਾਨ ਹੈ।

ਲੋਕੀਂ ਮਨਾਵਣ ਈਦ ਹੋਲੀ ਤੇ ਵਿਸਾਖੀ ਸੰਗ ਖ਼ੁਸ਼ੀ,
ਤੇਰੇ ਬਿਨਾਂ ਹਮਦਮ ਮਿਰੇ ਸੁੰਨਾਂ ਮਿਰਾ ਰਮਜ਼ਾਨ ਹੈ।

ਕੀਮਤੀ ਹਰ ਸ਼ੈ ਤਿਰੀ ਗਹਿਣੇ ਤੇ ਕਪੜੇ ਹੋਣਗੇ,
ਮੇਰੇ ਲਈ ਪਰ ਕੀਮਤੀ ਇਕ ਇਕ ਤਿਰੀ ਮੁਸਕਾਨ ਹੈ।

ਮੇਰੀ ਗ਼ਜ਼ਲ ਦਾ ਤੂੰ ਹੈਂ ਮਤਲਾ ਮਕਤਾ ਵੀ ਮੇਰੇ ਹਮਸਫ਼ਰ,
ਜੋਬਨ ਤਿਰਾ ਹੀ ਕਰ ਰਿਹਾ ਮਿਨੂੰ ਊਰਜਾ ਪ੍ਰਦਾਨ ਹੈ।

ਤੇੇਰੇ ਬਿਨਾਂ ਮੇਰੀ ਹਯਾਤੀ ਕੰਮ ਕਿਸੇ ਨਾ ਕਾਰ ਦੀ,
ਤੇਰੇ ਬਿਨਾਂ ਇਹ ਜ਼ਿੰਦਗੀ ਵੀਰਾਨ ਹੈ ਵੀਰਾਨ ਹੈ।

ਸ਼ਾਲਾ ! ਇਹ ਦੁਨੀਆ ਘੁਗ ਵਸੇ ਹੋਵੇ ‘ਅਜੀਬਾ’ ਜੰਗ ਨਾ,
ਮੇਰੀ ਇਹੋ ਅਰਦਾਸ ਹੈ ਏਹੀ ਮਿਰਾ ਈਮਾਨ ਹੈ।

***
 ਗ਼ਜ਼ਲ-7

ਹਾਸੇ ਲਬਾਂ ਤੋਂ ਉਡ ਗਏ ਮਨ ਹਿਚਕਚਾ ਗਿਆ
(SSIS. SSIS.SSIS. IS)

ਹਾਸੇ ਲਬਾਂ ਤੋਂ ਉਡ ਗਏ ਮਨ ਹਿਚਕਚਾ ਗਿਆ।
ਪੈਰਾਂ ਤੋਂ ਫਿਸਲੀ ਭੌਂ ! ਫ਼ਲਕ ਧਰਤੀ ‘ਤੇ ਆ ਗਿਆ।

ਹੁੰਦੇ ਸੀ ਜਿੱਧਰ ਖੇਤ ਤੇ ਪੌਦੇ ਹਰੇ-ਭਰੇ,
ਉਸ ਧਰਤ ‘ਤੇ ਜ਼ਾਲਮ ਕੁਈ ਹੋਟਲ ਬਣਾ ਗਿਆ।

ਲਭਦਾ ਨਹੀਂ ਮੇਰਾ ਗਰਾਂ ਲਭਿਆਂ ਵੀ ਹੁਣ ਕਿਤੇ,
ਅਜ ਨਿਗ਼ਲ ਕੇ ਉਸ ਨੂੰ ਨਗਰ ਵੱਡਾ ਪਚਾ ਗਿਆ।

ਸਭ ਵੇਚ ਵਟ ਭੌਂ ਆਪਣੀ ਪਰਦੇਸ ਟੁਰ ਗਏ,
ਵਧਦਾ ਮਗਰਮਛ ਸ਼ਹਿਰ ਦਾ ਪਿੰਡਾਂ ਨੂੰ ਖਾ ਗਿਆ।

ਥਾਂ ਥਾਂ ‘ਤੇ ਚਿੱਟਾ ਵਿਕ ਰਿਹਾ ਖੁੱਲ੍ਹੇ ਦੁਆਰ ਨੇ,
ਨੇਤਾ ਬਥੇਰੀ ਏਸ ‘ਚੋਂ ਦੌਲ਼ਤ ਬਣਾ ਗਿਆ।

ਲੈ ਕੇ ਉਧਾਰੇ ਰੋਕੜੇ ਦਿਸਿਆ ਨਾ ਫੇਰ ਉਹ,
ਅਪਣਾ ਹੀ ਰਿਸ਼ਤੇਦਾਰ ਇਕ ਉੱਲੂ ਬਣਾ ਗਿਆ।

ਜਿੰਨੇ ਬਚੇ ਬਾਕੀ ਜੋ ਪਿੰਡੀਂ ਸ਼ਹਿਰ ਵਸ ਰਹੇ,
ਲੋਕਾਂ ਦਾ ਹੜ੍ਹ ਪਿੰਡਾਂ ‘ਚੋਂ ਉਠ ਸ਼ਹਿਰਾਂ ਨੂੰ ਧਾ ਗਿਆ।

ਯਾਰੋ ਬਣੇਗਾ ਕੀ ਮਿਰੇ ਸੋਹਣੇ ਪੰਜਾਬ ਦਾ,
ਉਹ ਬਚ ਨਾ ਪਾਏ ਏਸ ਨੂੰ ਜੋ ਢਾ ਹੈ ਲਾ ਗਿਆ।

ਚਲਦਾ ਰਹੇ ਇਹ ਕਾਫ਼ਲਾ ਸ਼ਾਲਾ ਗ਼ਜ਼ਲ ਦਾ ਨਿਤ,
ਹਿੰਮਤ ਤਿਰੀ ‘ਗੁਰਸ਼ਰਨ’ ਅਜ ਤਕ ਤੂੰ ਚਲਾ ਗਿਆ।

***

ਗ਼ਜ਼ਲ-8

ਫ਼ਜਰ ਵੇਲੇ ਅਸਰ ਵੇਲੇ ਮੈਂ ਤੇਰਾ ਨਾਮ ਲੈਂਦਾ ਹਾਂ
(ISSS. ISSS. ISSS. ISSS.)

ਫ਼ਜਰ ਵੇਲੇ ਅਸਰ ਵੇਲੇ ਮੈਂ ਤੇਰਾ ਨਾਮ ਲੈਂਦਾ ਹਾਂ।
ਮੈਂ ਤੇਰਾ ਨਾਮ ਲੈਂਦਾ ਹਾਂ ਸੁਬ੍ਹਾ ਤੇ ਸ਼ਾਮ ਲੈਂਦਾ ਹਾਂ।

ਨਹੀਂ ਭੁਲਦਾ ਤਿਰਾ ਜਪਣਾ ਕਦੇ ਵੀ ਨਾਮ ਹੈ ਮੈਨੂੰ,
ਮਿਰੇ ਮਹਿਰਮ ਮਿਰੇ ਮੁਰਸ਼ਦ ਮੈਂ ਜਪ ਨਿਤ ਆਮ ਲੈਂਦਾ ਹਾਂ।

ਤਿਰੀ ਸੰਗਤ ਦੇ ਵਿਚ ਬਹਿ ਕੇ ਤਿਰੇ ਸੰਗ ਗੁਫ਼ਤਗੂ ਕਰਕੇ,
ਖ਼ੁਮਾਰੀ ਨਾਮ ਤੇਰੇ ਦੀ ਦਾ ਪੀ ਨਿਤ ਜਾਮ ਲੈਂਦਾ ਹਾਂ।

ਹਾਂ ਤੇਰੇ ਹੁਕਮ ਦਾ ਪਾਬੰਦ ਵੀ ਕੂਕਰ ਹਾਂ ਤਿਰੇ ਦਰ ਦਾ,
ਨਾ ਨਾਫ਼ਰਮਾਨੀਆਂ ਕਰਦਾਂ ਸਦਾ ਦਿਲ ਥਾਮ ਲੈਂਦਾ ਹਾਂ।

ਸਲਾਮਾਂ ਨਿਤ ਕਰਾਂ ਤੈਨੂੰ ਝੁਕਾਵਾਂ ਸਿਰ ਤਿਰੇ ਅੱਗੇ,
ਕਿਸੇ ਦਰ ਹੋਰ ਵਲ ਨੂੰ ਜਾਣ ਦਾ ਨਾ ਨਾਮ ਲੈਂਦਾ ਹਾਂ।

ਜੋ ਪਾਉਣਾ ਜ਼ਿੰਦਗੀ ਵਿਚ ਮੈਂ ਤਿਰੇ ਦਰ ਤੋਂ ਹੀ ਹੈ ਪਾਉਣਾ,
ਤਿਰੇ ਤੋਂ ਊਰਜਾ ਜੀਵਨ ਦੀ ਦਾ ਪੈਗ਼ਾਮ ਲੈਂਦਾ ਹਾਂ।

ਤਿਰੀ ਹਰ ਬਾਤ ‘ਚੋਂ ਖੁਸ਼ਬੂ ਅਲੌਕਕ ਆਂਵਦੀ ਏ,
ਤਿਰੇ ਸੰਗ ਪਲ਼ ਬਿਤਾ ਖ਼ੁਦ ਨੂੰ ਮੈਂ ਕਰ ਗੁਲਫ਼ਾਮ ਲੈਂਦਾ ਹਾਂ।

ਤਿਰਾ ਦੀਦਾਰ ਨਿਤ ਕਰਕੇ ‘ਅਜੀਬਾ’ ਚੈਨ ਮਿਲ ਜਾਂਦੈ,
ਕਰਾਂ ਜੇ ਇਸ ਤਰਾਂ ਨਾ ! ਖ਼ੁਦ ਨੂੰ ਕਰ *ਬੇ-ਰਾਮ ਲੈਂਦਾ ਹਾਂ।

*ਬੇ-ਰਾਮ: ਰਾਮ ਜਾਂ ਪ੍ਰਮਾਤਮਾ ਬਿਨ

***

ਗ਼ਜ਼ਲ -9

ਵਿਚ ਦੁਨੀਆ ਦੇ ਹਫ਼ੜਾ ਦਫ਼ੜੀ ਹਰ ਥਾਂ ਹੀ ਨੇ ਝਗੜੇ
(SSx7)

ਵਿਚ ਦੁਨੀਆ ਦੇ ਹਫ਼ੜਾ ਦਫ਼ੜੀ ਹਰ ਥਾਂ ਹੀ ਨੇ ਝਗੜੇ।
ਕਰ ਦੇਵਣ ਨਿੱਤ ਖੜੇ ਨਵੇਲੇ ਇਕ ਦੂਜੇ ਲਈ ਲਫ਼ੜੇ।

ਦੇਵਣ ਧਮਕੀ ਇੱਕ-ਦੁਏ ਨੂੰ ਬਣ ਰੁਸਤਮ ਫ਼ੌਲਾਦੀ,
ਇਕ ਦੂਜੇ ਨੂੰ ਢਾਉਣ ਨੂੰ ਫਿਰਦੇ ਕੀ ਮਾੜੇ ਕੀ ਤਗੜੇ।

ਦਿਲ ਵਿਚ ਰੱਖਣ ਨਫ਼ਰਤ ਖਾਂਦੇ ਖਾਰ ਨੇ ਸੱਭੇ ਦਿਲ ‘ਚੋਂ,
ਇਕ ਦੂਜੇ ਨੂੰ ਲਾਉਣ ਨੂੰ ਫਿਰਦੇ ਵੱਧ ਤੋਂ ਵੱਧ ਨੇ ਰਗੜੇ।

ਵੱਸ ਚਲੇ ਤਾਂ ਇਕ ਦੂਜੇ ਨੂੰ ਮਾਰ ਮੁਕਾਵਣ ਪਲ਼ ਵਿਚ,
ਮਾਨਵਤਾ ਦੇ ਵੈਰੀ ਛੱਡਣ ਨਾ ਜ਼ੁਲਮਾਨਾ-ਪਲੜੇ।

ਵਿਚ ਪ੍ਰਦੇਸੀਂ ਗੋਗਲਿਆਂ ਦੇ ਮੀਂਹ ਨਾ ਪੈਂਦੇ ਯਾਰੋ,
ਰਾਤ ਦਿਨੇ ਟੁਟ ਮਰਨੇ ਮਗਰੋਂ ਫਿਰ ਮਿਲਦੇ ਕੁਝ ਦਮੜੇ।

ਲੋਕੀਂ ਲੋਚਣ ਦੌਲਤ ਪੈਸਾ ‘ਗੁਰਸ਼ਰਨ’ ਹਮੇਸ਼ਾ ਗ਼ਜ਼ਲਾਂ,
‘ਕੱਠੇ ਕਰ ਕੇ ਬੈਠੈ ਅਜਕਲ ਦੋ *ਬੁੱਕਾਂ ਦੇ ਖਰੜੇ।

*ਬੁੱਕਾਂ : ਕਿਤਾਬਾਂ

***

ਗ਼ਜ਼ਲ-10

ਗਿਆ ਪਰਦੇਸ ਉਹ ਅਫ਼ਸਰ ਤੋਂ ਜਾ ਮਜ਼ਦੂਰ ਹੋ ਗਿਆ।
ISSS. ISSS. ISSS. ISIS

ਗਿਆ ਪਰਦੇਸ ਉਹ ਅਫ਼ਸਰ ਤੋਂ ਜਾ ਮਜ਼ਦੂਰ ਹੋ ਗਿਆ।
ਕਿ ਪੰਛੀ ਰਿਜ਼ਕ ਖ਼ਾਤਰ ਰਹਿਣ ਨੂੰ ਮਜਬੂਰ ਹੋ ਗਿਆ।

ਮਤਲਾ ਸਾਨੀ؛

ਕਿਵੇਂ ਅਜ ਦੂਰ ਮਾਨਵ ਇਕ ਦੁਏ ਤੋਂ ਦੂਰ ਹੋ ਗਿਆ।
ਰਿਹਾ ਦਸਤੂਰੀਆ ਲਗਪਗ ਨਾ ਬਦ-ਦਸਤੂਰ ਹੋ ਗਿਆ।

ਵਿਛੋੜਾ ਓਸ ਦਾ ਡਾਢਾ ਸਨਮ ਜੋ ਦੇ ਗਿਆ ਮਿਨੂੰ,
ਕਿ ਜੀਵਨ ਭਰ ਦਾ ਹੀ ਗਹਿਰਾ ਹੈ ਉਹ ਨਾਸੂਰ ਹੋ ਗਿਆ।

ਗ਼ਰੀਬੀ ਸੀ ਜਦੋਂ ਘਰ ਵਿਚ ਨਾ ਮਿਲਿਆ ਖਾਣ ਨੂੰ ਉਸਨੂੰ,
ਕਿ ਪਲਟੇ ਦਿਨ ਜਦੋਂ ਉਸ ਦੇ ਉਹ ਕੋਹੇਤੂਰ ਹੋ ਗਿਆ।

ਕਦੇ ਵੀ ਸੋਚਿਆ ਨਾ ਸੀ ਕਿ ਅਪਣੇ ਦੇਣਗੇ ਧੋਖਾ,
ਕਿ ਇਹ ਵੀ ਵਹਿਮ ਸੀ ਮੇਰਾ ਜੋ ਐਪਰ ਦੂਰ ਹੋ ਗਿਆ।

ਸਦਾ ਮਗ਼ਰੂਰ ਸੀ ਰਹਿੰਦਾ ਉਹ ਅਪਣੇ ਆਪ ਵਿੱਚ ਹੀ,
ਸਮੇਂ ਦਾ ਜਦ ਪਿਆ ਥੱਪੜ ਤਾਂ ਚਕਨਾਚੂਰ ਹੋ ਗਿਆ।

ਮੁਹੱਬਤ ਦਾ ਕਰਿਸ਼ਮਾ ਹੈ ਕਿ ਜਾਂ ਇਹ ਫਲ ਭਲਾਈ ਦਾ,
ਕਿ ਮਿਹਨਤ ਕੀਤੀ ਦਾ ਬੇਬੂਰ ਰੁਖ ਬਾਬੂਰ ਹੋ ਗਿਆ।

ਕਿ ਅੱਲੇ ਜ਼ਖ਼ਮ ਸਨ ਹਾਲੇ ਉਡਾਰੀ ਮਾਰ ਟੁਰਿਆ ਉਹ,
ਜੁਦਾਈ ਓਸ ਦੀ ਕਰਕੇ ਦੁਖੀ ਮਨ ਚੂਰ ਹੋ ਗਿਆ।

ਉਦੀ ਆਮਦ ਨੇ ਲਾਏ ਚਾਰ ਚੰਨ ਸਾਡੀ ਹਯਾਤੀ ਨੂੰ,
ਉਦ੍ਹੇ ਟੁਰ ਜਾਣ ‘ਤੇ ਬਾਨੂਰ ਮਨ ਬੇਨੂਰ ਹੋ ਗਿਆ।

ਉਦ੍ਹੇ ਨਜ਼ਦੀਕ ਜਾਵਣ ਦੀ ਤਮੰਨਾ ਸੀ ਮਿਰੀ ਮੈਂ ਪਰ,
ਉਦ੍ਹੇ ਤੋਂ ਦੂਰ ਹੁੰਦਾ ਦੂਰ ਹੀ ਬਸ ਦੂਰ ਹੋ ਗਿਆ।

ਮਿਲੇਗਾ ਉਹ ਲੁਕਾਈ ਨੂੰ ਜੋ ਮਿਲਿਆ ਨਾ ਕਦੇ ਵੀ ਹੈ,
ਛਿਅੱਤ੍ਹਰ ਸਾਲ ਦੀ ਲੁਟ ਦਾ ਕਿਸਾ ਮਸ਼ਹੂਰ ਹੋ ਗਿਆ।

ਮੁਹੱਬਤ ਪਿਆਰ ਦੇ ਸਿਰ ‘ਤੇ ‘ਅਜੀਬਾ’ ਕਾਇਮ ਇਹ ਦੁਨੀਆ,
ਗ਼ਜ਼ਲ ਵਿਚ ਸੁਣ ਪੈਗ਼ਾਮੇ-ਇਸ਼ਕ ਜਗ ਮਸਰੂਰ ਹੋ ਗਿਆ।

o

ਸਮਾਪਤ।

ਗੁਰਸ਼ਰਨ ਸਿੰਘ ਅਜੀਬ (ਲੰਡਨ)

***
804
***

About the author

ਗੁਰਸ਼ਰਨ ਸਿੰਘ ਅਜੀਬ
ਗੁਰਸ਼ਰਨ ਸਿੰਘ ਅਜੀਬ
07932752850 | merekhatt@hotmail.com | + ਲਿਖਾਰੀ ਵਿੱਚ ਛਪੀਆਂ ਰਚਨਾਵਾਂ ਦਾ ਵੇਰਵਾ

ਗੁਰਸ਼ਰਨ ਸਿੰਘ ਅਜੀਬ

View all posts by ਗੁਰਸ਼ਰਨ ਸਿੰਘ ਅਜੀਬ →