19 March 2024

ਤੁਰ ਗਿਆ ਕੈਨੇਡਾ ਵਿੱਚ ਸਿੱਖ ਸਿਧਾਂਤਾਂ ਦਾ ਪਹਿਰੇਦਾਰ: ਰਿਪਦੁਮਣ ਸਿੰਘ ਮਲਿਕ—ਉਜਾਗਰ ਸਿੰਘ

ਕੈਨੇਡਾ ਵਿੱਚ ਸਿੱਖ ਸਿਧਾਂਤਾਂ ਦਾ ਪਹਿਰੇਦਾਰ ਰਿਪਦੁਮਣ ਸਿੰਘ ਮਲਿਕ ਇਸ ਫਾਨੀ ਸੰਸਾਰ ਨੂੰ ਅਲਵਿਦਾ ਕਹਿ ਗਿਆ ਹੈ। ਉਹ ਉਤਰੀ ਅਮਰੀਕਾ ਦੇ ਨਾਮਵਰ ਵਿਅਕਤੀ ਸਨ, ਜਿਨ੍ਹਾਂ ਆਪਣੀ ਸਾਰੀ ਉਮਰ ਸਿੱਖ ਧਰਮ ਦੇ ਪਾਸਾਰ ਤੇ ਪ੍ਰਚਾਰ ਕਰਨ ਵਿੱਚ ਲਗਾ ਦਿੱਤੀ। ਬਾਣੀ ਅਤੇ ਬਾਣੇ ਦਾ ਪਹਿਰੇਦਾਰ ਬਣਕੇ ਉਨ੍ਹਾਂ ਆਪਣਾ ਜੀਵਨ ਸਿੱਖੀ ਸਿਧਾਂਤਾਂ ਨੂੰ ਸਮਰਪਤ ਕੀਤਾ ਹੋਇਆ ਸੀ। ਉਹ ਸਿੱਖ ਜਗਤ ਦੀ ਨਵੀਂ ਪੀੜ੍ਹੀ ਅਰਥਾਤ ਨੌਜਵਾਨੀ ਨੂੰ ਸਿੱਖੀ ਸੋਚ ਨਾਲ ਜੋੜਨ ਲਈ ਹਮੇਸ਼ਾ ਯਤਨਸ਼ੀਲ ਰਹੇ। ਉਹ ਸਿੱਖ ਜਗਤ ਦੇ ਰੌਸ਼ਨ ਮੀਨਾਰ ਸਨ, ਜਿਨ੍ਹਾਂ ਸਕੂਲੀ ਪੱਧਰ ਦੇ ਬੱਚਿਆਂ ਨੂੰ ਅੱਲੜ ਉਮਰ ਵਿੱਚ ਹੀ ਸਿੱਖ ਵਿਰਸੇ ਅਤੇ ਵਿਰਾਸਤ ਦੇ ਪਹਿਰੇਦਾਰ ਬਣਨ ਦੀ ਸਿਖਿਆ ਦਿੱਤੀ। ਉਹ ਦੂਰ ਅੰਦੇਸ਼ ਨਿਮਰਤਾ ਦੇ ਪ੍ਰਤੀਕ ਸਿੱਖ ਭਾਈਚਾਰੇ ਵਿੱਚ ਸਨਮਾਨਤ ਵਿਅਕਤੀ ਸਨ। ਉਹ ਸਿੱਖ ਜਗਤ ਸੰਸਾਰ ਵਿੱਚ ਸਰਬੱਤ ਦੇ ਭਲੇ ਦਾ ਪ੍ਰਤੀਕ ਬਣਕੇ ਵਿਚਰਦਾ ਰਿਹਾ ਹੈ। ਪ੍ਰੰਤੂ ਦੁੱਖ ਅਤੇ ਸੰਤਾਪ ਦੀ ਗੱਲ ਹੈ ਕਿ ਸਿੱਖ ਜਗਤ ਸ਼ੁਰੂ ਤੋਂ ਹੀ ਖ਼ਾਨਾਜੰਗੀ ਦਾ ਸ਼ਿਕਾਰ ਹੁੰਦਾ ਆ ਰਿਹਾ ਹੈ।

ਸਿੱਖ ਵਿਚਾਰਧਾਰਾ ਨੂੰ ਪ੍ਰਣਾਏ 75 ਸਾਲਾ ਰਿਪਦੁਮਣ ਸਿੰਘ ਮਲਿਕ ਕੈਨੇਡਾ ਵਿੱਚ ਸਿੱਖ ਜਗਤ ਦੇ ਹੀਰੇ ਦਾ ਕਤਲ ਵੀ ਖ਼ਾਨਾਜੰਗੀ ਦੀ ਮੂੰਹ ਬੋਲਦੀ ਤਸਵੀਰ ਹੈ। ਦੁੱਖ ਦੀ ਗੱਲ ਹੈ ਕਿ ਸਿੱਖ ਜਗਤ ਵਿਚਾਰਧਾਰਾ ਦੇ ਵਖਰੇਵੇਂਪਣ ਨੂੰ ਨਿੱਜੀ ਰੰਜਸ਼ਾਂ ਬਣਾ ਕੇ ਵਿਚਰ ਰਿਹਾ ਹੈ, ਜਿਸ ਕਰਕੇ ਉਹ ਹਿੰਸਕ ਵੀ ਹੋ ਜਾਂਦੇ ਹਨ। ਅਖ਼ੀਰ ਨੁਕਸਾਨ ਸਿੱਖੀ ਦਾ ਹੀ ਹੁੰਦਾ ਹੈ। ਰਿਪਦੁਮਣ ਸਿੰਘ ਮਲਿਕ ਦਾ ਕਤਲ ਸਭ ਤੋਂ ਵੱਡਾ ਪ੍ਰਮਾਣ ਹੈ।

ਉਨ੍ਹਾਂ ਨੇ 1986 ਵਿੱਚ ਕੈਨੇਡਾ ਵਿੱਚ ‘ਸਤਨਾਮ ਐਜੂਕੇਸ਼ਨ ਸੋਸਾਇਟੀ’ ਸਥਾਪਤ ਕੀਤੀ ਸੀ, ਜਿਸਦੇ ਉਹ ਚੇਅਰਮੈਨ ਸਨ। ਇਸ ਸੋਸਾਇਟੀ ਨੇ ਬਹੁਤ ਸਾਰੇ ਖਾਲਸਾ ਸਕੂਲ ਕੈਨੇਡਾ ਵਿੱਚ ਸਥਾਪਤ ਕੀਤੇ ਹੋਏ ਹਨ, ਜਿਨ੍ਹਾਂ ਵਿੱਚੋਂ ਤਿੰਨ ਬ੍ਰਿਟਿਸ਼ ਕੋਲੰਬੀਆ ਸੂਬੇ ਵਿੱਚ ਸਥਿਤ ਹਨ, ਇਨ੍ਹਾਂ ਤਿੰਨ ਸਕੂਲਾਂ ਵਿੱਚ 3,000 ਵਿਦਿਆਰਥੀ ਸਿਖਿਆ ਲੈ ਰਹੇ ਹਨ। ਖਾਲਸਾ ਸਕੂਲਾਂ ਵਿੱਚ ਸਿੱਖ ਵਿਰਾਸਤ, ਸਿੱਖ ਇਤਿਹਾਸ ਅਤੇ ਸਿੱਖ ਪਰੰਪਰਾਵਾਂ ਨਾਲ ਸੰਬੰਧਤ ਵੱਖਰੀ ਸਿਖਿਆ ਸਿੱਖ ਵਿਦਿਆਰਥੀਆਂ ਨੂੰ ਦਿੱਤੀ ਜਾਂਦੀ ਹੈ ਤਾਂ ਜੋ ਉਨ੍ਹਾਂ ਵਿੱਚ ਸਿੱਖ ਸੰਸਕਾਰ ਪੈਦਾ ਹੋ ਸਕਣ। 1986 ਤੋਂ ਹੀ ਉਹ ਗੁਰੂ ਘਰਾਂ ਦੇ ਬਾਹਰ ਪੰਜਾਬੀ ਦੀਆਂ ਪੁਸਤਕਾਂ ਦੇ ਸਟਾਲ ਲਗਾਉਂਦੇ ਆ ਰਹੇ ਹਨ, ਜਿਨ੍ਹਾਂ ਵਿੱਚ ਮੁਫ਼ਤ ਪੁਸਤਕਾਂ ਦਿੱਤੀਆਂ ਜਾਂਦੀਆਂ ਸਨ।

ਇਸ ਤੋਂ ਇਲਾਵਾ ਹਰ ਸਾਲ ਉਹ ਗੁਰਮਤਿ ਕੈਂਪ ਲਗਾਉਂਦੇ ਸਨ। ਪੰਜਾਬ ਤੋਂ ਕੈਨੇਡਾ ਵਿੱਚ ਆਉਣ ਵਾਲੇ ਵਿਦਵਾਨਾਂ ਤੋਂ ਸਿੱਖ ਜਗਤ ਨੂੰ ਸਿੱਖ ਸਿਧਾਂਤਾਂ ਬਾਰੇ ਜਾਣਕਾਰੀ ਦੇਣ ਲਈ ਸਮਾਗਮ ਆਯੋਜਤ ਕਰਦੇ ਸਨ। ਉਤਰੀ ਕੈਨੇਡਾ ਵਿੱਚ ਖਾਲਸਾ ਸਕੂਲਾਂ ਦੀ ਸਥਾਪਨਾ ਕਰਨ ਵਾਲਾ ਰਿਪਦੁਮਣ ਸਿੰਘ ਮਲਿਕ ਸਮਾਜ ਸੇਵਕ ਦੇ ਤੌੌਰ ਤੇ ਵੀ ਜਾਣਿਆਂ ਜਾਂਦਾ ਸੀ। ਇਸ ਤੋਂ ਇਲਾਵਾ ਉਹ ਉਤਰੀ ਅਮਰੀਕਾ ਵਿੱਚ ਚਲ ਰਹੀ ਸਿੱਖਾਂ ਦੀ ਇੱਕੋ ਇੱਕ ਬੈਂਕ ‘ਖਾਲਸਾ ਕ੍ਰੈਡਿਟ ਯੂਨੀਅਨ’ ਦੇ ਵੀ ਸੰਸਥਾਪਕ ਸਨ। ਇਸ ਬੈਂਕ ਦੀਆਂ 6 ਬਰਾਂਚਾਂ ਹਨ ਅਤੇ 16,000 ਮੈਂਬਰ ਹਨ। ਉਨ੍ਹਾਂ ਨੇ ਬਹੁਤ ਸਾਰੇ ਪੰਜਾਬੀਆਂ, ਖਾਸ ਤੌਰ ‘ਤੇ ਅੰਮ੍ਰਿਤਧਾਰੀ ਸਿੱਖਾਂ ਨੂੰ ਰੋਜ਼ਗਾਰ ਦਿੱਤਾ ਹੋਇਆ ਸੀ। ਉਨ੍ਹਾਂ ਦੇ 4 ਲੜਕੇ ਅਤੇ ਇਕ ਲੜਕੀ ਹੈ। ਉਨ੍ਹਾਂ ਦੀ ਪਤਨੀ ਰਾਮਿੰਦਰ ਕੌਰ ਵਿਓਪਾਰ ਦਾ ਕਾਰੋਬਾਰ ਸੰਭਾਲਦੀ ਹੈ। ਉਹ ਪਾਪੋਲੀਨ (ਪਾਪਲੀਨ) ਬਰਾਂਡ ਦੇ ਕਪੜੇ ਦੇ ਵੱਡੇ ਵਿਓਪਾਰੀ ਹਨ। ਇਸ ਤੋਂ ਇਲਾਵਾ ਇਮਪੋਰਟ ਐਕਸਪੋਰਟ ਦਾ ਵੀ ਕਾਰੋਬਾਰ ਹੈ। ਉਨ੍ਹਾਂ ਦੀ ਕਲ੍ਹ ਸਵੇਰੇ ਬ੍ਰਿਟਿਸ਼ ਕੋਲੰਬੀਆ ਦੇ ਸੂਬੇ ਦੇ ਸਰੀ ਸ਼ਹਿਰ ਵਿੱਚ ਉਨ੍ਹਾਂ ਦੇ ਦਫਤਰ ਦੇ ਸਾਹਮਣੇ ਗੋਲੀਆਂ ਮਾਰ ਕੇ ਹੱਤਿਆ ਕਰ ਦਿੱਤੀ ਗਈ ਸੀ।

ਜਿਵੇਂ ਆਮ ਤੌਰ ‘ਤੇ ਹੁੰਦਾ ਹੈ ਕਿ ਵੱਡੇ ਵਿਅਕਤੀਆਂ ਨਾਲ ਵਾਦ ਵਿਵਾਦ ਹਮੇਸ਼ਾ ਜੁੜੇ ਰਹਿੰਦੇ ਹਨ। ਉਸੇ ਤਰ੍ਹਾਂ ਰਿਪਦੁਮਣ ਸਿੰਘ ਮਲਿਕ ਵੀ ਸਾਰੀ ਜ਼ਿੰਦਗੀ ਵਾਦਵਿਵਾਦਾਂ ਵਿੱਚ ਘਿਰੇ ਰਹੇ ਹਨ। 23 ਜੂਨ 1985 ਨੂੰ ਏਅਰ ਇੰਡੀਆ ਦੀ ਟਰਾਂਟੋ ਤੋਂ ਭਾਰਤ ਜਾ ਰਹੀ ਫਲਾਈਟ ਸੀ-182 ਵਿੱਚ ਹੋਏ ਬੰਬ ਧਮਾਕੇ ਵਿੱਚ ਵੀ ਉਹ 4 ਸਾਲ ਜੇਲ੍ਹ ਵਿੱਚ ਰਹੇ ਸਨ। ਇਸ ਫਲਾਈਟ ਵਿੱਚ ਸਵਾਰ 329 ਯਾਤਰੀ ਜਿਨ੍ਹਾਂ ਵਿੱਚ 268 ਕੈਨੇਡੀਅਨ ਨਾਗਰਿਕ, 27 ਬਰਤਾਨੀਆਂ ਅਤੇ 24 ਭਾਰਤੀ ਸਨ। ਇਸ ਘਟਨਾ ਵਿਚ ਸਾਰੇ ਯਾਤਰੀ ਅਤੇ ਜਹਾਜ਼ ਦੇ ਅਮਲੇ ਦੇ ਲੋਕ ਮਾਰੇ ਗਏ ਸਨ। ਇਸ ਕੇਸ ਵਿੱਚੋਂ ਰਿਪਦੁਮਣ ਸਿੰਘ ਮਲਿਕ 2005 ਵਿੱਚ ਬਰੀ ਹੋਏ ਸਨ। ਉਹ ਬੱਬਰ ਖਾਲਸਾ ਦੇ ਮੁਖੀ ਰਹੇ ਅਤੇ ਤਲਵਿੰਦਰ ਸਿੰਘ ਪਰਮਾਰ ਦੇ ਨਜ਼ਦੀਕੀ ਗਿਣੇ ਜਾਂਦੇ ਸਨ, ਜਿਸ ਉਪਰ ਏਅਰ ਇੰਡੀਆ ਦੇ ਜਹਾਜ਼ ਵਿੱਚ ਵਿਸਫੋਟ ਕਰਨ ਦੀ ਸ਼ਾਜ਼ਸ ਕਰਨ ਦਾ ਇਲਜ਼ਾਮ ਸੀ। ਤਲਵਿੰਦਰ ਸਿੰਘ ਪਰਮਾਰ 1992 ਵਿੱਚ ਪੰਜਾਬ ਵਿੱਚ ਇਕ ਪੁਲਿਸ ਮੁਕਾਬਲੇ ਵਿੱਚ ਮਾਰਿਆ ਗਿਆ ਸੀ। ਭਾਰਤ ਸਰਕਾਰ ਨੇ ਉਨ੍ਹਾਂ ਦੇ ਬੱਬਰ ਖਾਲਸਾ ਦੇ ਨਜ਼ਦੀਕੀ ਹੋਣ ਕਰਕੇ ਰਿਪਦੁਮਣ ਸਿੰਘ ਮਲਿਕ ਨੂੰ ਬਲੈਕ ਲਿਸਟ ਵਿੱਚ ਪਾਇਆ ਹੋਇਆ ਸੀ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਸਰਕਾਰ ਨੇ ਜਦੋਂ 2019 ਵਿੱਚ ਉਨ੍ਹਾਂ ਦਾ ਨਾਮ ਕਾਲੀ ਸੂਚੀ ਵਿੱਚੋਂ ਬਾਹਰ ਕੱਢਿਆ ਸੀ ਤਾਂ ਉਹ 2019 ਵਿੱਚ ਭਾਰਤ 25 ਸਾਲਾਂ ਬਾਅਦ ਗਏ ਸਨ। 25 ਸਾਲਾਂ ਬਾਅਦ ਹੀ ਉਨ੍ਹਾਂ ਨੇ ਸ੍ਰੀ ਹਰਿਮੰਦਰ ਸਾਹਿਬ ਅੰਮ੍ਰਿਤਸਰ ਦੇ ਦਰਸ਼ਨ ਕੀਤੇ ਸਨ। ਉਨ੍ਹਾਂ ਨੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦਾ ਕਾਲੀ ਸੂਚੀ ਵਿੱਚੋਂ ਬਹੁਤ ਸਾਰੇ ਸਿੱਖਾਂ ਦਾ ਨਾਮ ਕੱਢਣ ‘ਤੇ ਧੰਨਵਾਦ ਵੀ ਕੀਤਾ ਸੀ। ਇਹ ਵੀ ਕਿਹਾ ਜਾਂਦਾ ਹੈ ਕਿ ਉਨ੍ਹਾਂ ਨੇ ਪ੍ਰਧਾਨ ਮੰਤਰੀ ਦੀਆਂ ਸਿੱਖਾਂ ਬਾਰੇ ਹਮਦਰਦੀ ਵਾਲੀਆਂ ਨੀਤੀਆਂ ਦਾ ਸਵਾਗਤ ਕਰਦਿਆਂ ਸਿੱਖਾਂ ਨੂੰ ਪ੍ਰਧਾਨ ਮੰਤਰੀ ਦੇ ਖਾਮਖਾਹ ਵਿਰੋਧ ਕਰਨ ਤੋਂ ਵੀ ਵਰਜਿਆ ਸੀ। ਇਹ ਚਿੱਠੀ ਭਾਰਤੀ ਜਨਤਾ ਪਾਰਟੀ ਨੇ ਆਪਣੀ ਵੈਬ ਸਾਈਟ ਤੇ ਵੀ ਪਾਈ ਸੀ, ਜਿਸ ਦੇ ਨਾਲ ਸ੍ਰੀ ਹਰਿਮੰਦਰ ਸਾਹਿਬ ਅੰਮ੍ਰਿਤਸਰ ਦੀ ਤਸਵੀਰ ਵੀ ਲਗਾਈ ਹੋਈ ਹੈ। ਇਹ ਵੀ ਕਿਹਾ ਜਾਂਦਾ ਹੈ 2022 ਵਿੱਚ ਪੰਜਾਬ ਵਿੱਚ ਹੋਈਆਂ ਪੰਜਾਬ ਵਿਧਾਨ ਸਭਾ ਦੀਆਂ ਚੋਣਾਂ ਤੋਂ ਪਹਿਲਾਂ ਉਨ੍ਹਾਂ ਪ੍ਰਧਾਨ ਮੰਤਰੀ ਦੇ ਧੰਨਵਾਦ ਵਾਲੀ ਚਿੱਠੀ ਲਿਖੀ ਸੀ ਤਾਂ ਜੋ ਭਾਰਤੀ ਜਨਤਾ ਪਾਰਟੀ ਨੂੰ ਚੋਣਾਂ ਵਿੱਚ ਲਾਭ ਮਿਲ ਸਕੇ। 2021 ਵਿੱਚ ਵੀ ਰਿਪਦੁਮਣ ਸਿੰਘ ਮਲਿਕ ਭਾਰਤ ਆਏ ਸਨ। ਉਨ੍ਹਾਂ ‘ਤੇ ਇਲਜ਼ਾਮ ਸੀ ਕਿ ਉਹ ਇਸ ਦੌਰੇ ਦੌਰਾਨ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਵੀ ਮਿਲਕੇ ਗਏ ਹਨ। ਸਿੱਖ ਜਗਤ ਦੇ ਕੁਝ ਲੋਕ ਰਿਪਦੁਮਣ ਸਿੰਘ ਮਲਿਕ ਦਾ ਪ੍ਰਧਾਨ ਮੰਤਰੀ ਦੇ ਹੱਕ ਵਿੱਚ ਬੋਲਣ ਨੂੰ ਚੰਗਾ ਨਹੀਂ ਸਮਝਦੇ ਸਨ। ਇਸ ਦੌਰੇ ਦੌਰਾਨ ਉਹ ਅਕਾਲ ਤਖ਼ਤ ਸਾਹਿਬ ਦੇ ਕਾਰਜਕਾਰੀ ਜਥੇਦਾਰ ਹਰਪ੍ਰੀਤ ਸਿੰਘ ਨੂੰ ਮਿਲਕੇ ਕੈਨੇਡਾ ਆਉਣ ਦਾ ਸੱਦਾ ਵੀ ਦੇ ਕੇ ਆਏ ਸਨ। ਇਸ ਗੱਲ ਦਾ ਵੀ ਕੈਨੇਡਾ ਵਸਦੇ ਸਿੱਖਾਂ ਦੇ ਇਕ ਧੜੇ ਨੇ ਵਿਰੋਧ ਕੀਤਾ ਸੀ। ਸ੍ਰੀ ਗੁਰੂ ਗ੍ਰੰਥ ਸਾਹਿਬ ਦੇ ਕੈਨੇਡਾ ਵਿੱਚ ਛਪਾਈ ਦੇ ਵਾਦ ਵਿਵਾਦ ਵਿੱਚ ਵੀ ਉਨ੍ਹਾਂ ਦਾ ਨਾਮ ਬੋਲਦਾ ਸੀ। ਇਸ ਤੋਂ ਇਲਾਵਾ ਰਿਪਦੁਮਣ ਸਿੰਘ ਮਲਿਕ ਬ੍ਰਿਟਿਸ਼ ਕੋਲੰਬੀਆ ਦੇ ਰਹੇ ਪ੍ਰੀਮੀਅਰ ਅਤੇ ਅਟਾਰਨੀ ਜਨਰਲ ਉਜਲ ਦੋਸਾਂਝ ਦਾ ਨਜ਼ਦੀਕੀ ਵੀ ਮੰਨਿਆਂ ਜਾ ਰਿਹਾ ਸੀ।

ਦੇਸ਼ ਦੀ ਵੰਡ ਸਮੇਂ 1947 ਵਿਚ ਆਹਲੂਵਾਲੀਆ ਪਰਿਵਾਰ ਵਿੱਚ ਜਨਮੇ ਰਿਪਦੁਮਣ ਸਿੰਘ ਮਲਿਕ ਪੰਜਾਬ ਦੇ ਫ਼ੀਰੋਜਪੁਰ ਦੇ ਰਹਿਣ ਵਾਲੇ ਸਨ। ਉਹ 1972 ਵਿੱਚ ਕੈਨੇਡਾ ਗਏ ਸਨ। ਕੈਨੇਡਾ ਪਹੁੰਚਣ ਤੋਂ ਬਾਅਦ ਉਨ੍ਹਾਂ ਨੂੰ ਵਰਤਮਾਨ ਸਫ਼ਲਤਾ ਪ੍ਰਾਪਤ ਕਰਨ ਲਈ ਸਖ਼ਤ ਜਦੋਜਹਿਦ ਕਰਨੀ ਪਈ। ਸ਼ੁਰੂ ਵਿਚ ਉਹ ਟੈਕਸੀ ਡਰਾਇਵਰ ਦੇ ਤੌਰ ਕੰਮ ਕਰਦੇ ਰਹੇ ਸਨ। ਆਪਣੀ ਮਿਹਨਤ ਅਤੇ ਵਿਓਪਾਰਿਕ ਸੋਚ ਕਰਕੇ ਕੈਨੇਡਾ ਦੇ ਚੋਣਵੇਂ ਅਮੀਰ ਅਤੇ ਚੋਟੀ ਦੇ ਸਿੱਖਾਂ ਵਿੱਚ ਗਿਣੇ ਜਾਂਦੇ ਸਨ। ਉਹ ਬਹੁਤ ਘੱਟ ਬੋਲਦੇ ਸਨ ਪ੍ਰੰਤੂ ਉਨ੍ਹਾਂ ਦੇ ਮੂੰਹ ਵਿੱਚੋਂ ਮਿਸ਼ਰੀ ਦੀ ਤਰ੍ਹਾਂ ਮਿੱਠੇ ਸ਼ਬਦ ਨਿਕਲਦੇ ਸਨ। ਹਲੀਮੀ ਉਨ੍ਹਾਂ ਦਾ ਬਿਹਤਰੀਨ ਗੁਣ ਸੀ। ਉਹ ਦਾਨੀ ਅਤੇ ਪਰਉਪਕਾਰੀ ਸਨ। ਉਨ੍ਹਾਂ ਕੋਲ ਭਾਵੇਂ ਕਿਸੀ ਸਮੁਦਾਏ ਦਾ ਵਿਅਕਤੀ ਚਲਾ ਜਾਂਦਾ, ਉਹ ਹਰ ਇਕ ਦੀ ਮਦਦ ਕਰਦੇ ਸਨ। ਉਨ੍ਹਾਂ ਨੂੰ ਮਿਲਣ ਵਾਲਾ ਕਦੀਂ ਵੀ ਨਿਰਾਸ਼ ਨਹੀਂ ਹੋਇਆ ਸੀ। ਮੌਤ ਇਕ ਅਟਲ ਸਚਾਈ ਹੈ ਪ੍ਰੰਤੂ ਸਿੱਖ ਜਗਤ ਨੂੰ ਅੰਤਰਝਾਤ ਮਾਰਕੇ ਸੋਚਣਾ ਚਾਹੀਦਾ ਹੈ ਕਿ ਉਨ੍ਹਾਂ ਦੀਆਂ ਨਿੱਜੀ ਦੁਸ਼ਮਣੀਆਂ ਸਿੱਖਾਂ ਦਾ ਹੀ ਨੁਕਸਾਨ ਕਰ ਰਹੀਆਂ ਹਨ। ਪੰਜਾਬ ਵਿੱਚ ਅੱਸੀਵਿਆਂ ਵਿੱਚ ਹੋਈ ਖ਼ਾਨਾਜੰਗੀ ਨਾਲ ਬਹੁਤ ਸਾਰੇ ਨੌਜਵਾਨ ਸਿੱਖ ਉਸਦੀ ਲਪੇਟ ਵਿੱਚ ਆ ਗਏ। ਇਸ ਲਈ ਸਿੱਖ ਵਿਚਾਰਧਾਰਾ ਦੇ ਮੁੱਦਈ ਲੋਕਾਂ ਨੂੰ ਮਿਲ ਬੈਠ ਕੇ ਆਪਣੇ ਸ਼ਿਕਵੇ ਦੂਰ ਕਰਨੇ ਚਾਹੀਦੇ ਹਨ ਤਾਂ ਜੋ ਖ਼ਾਨਾਜੰਗੀ ਰੋਕੀ ਜਾ ਸਕੇ।
***
ਸਾਬਕਾ ਜਿਲ੍ਹਾ ਲੋਕ ਸੰਪਰਕ ਅਧਿਕਾਰੀ
ਮੋਬਾਈਲ-94178 13072
ujagarsingh480yahoo.com

***
823
***

About the author

ੳੁਜਾਗਰ ਸਿੰਘ
ਉਜਾਗਰ ਸਿੰਘ
ਸਾਬਕਾ ਜਿਲ੍ਹਾ ਲੋਕ ਸੰਪਰਕ ਅਧਿਕਾਰੀ | + ਲਿਖਾਰੀ ਵਿੱਚ ਛਪੀਆਂ ਰਚਨਾਵਾਂ ਦਾ ਵੇਰਵਾ