28 April 2024

ਦਰਸ਼ਨ ਬੁਲੰਦਵੀ ਆਸ ਅਤੇ ਪਰਵਾਸ ਦੀ ਦਾਰਸ਼ਨਿਕ ਕਵਿਤਾ – ਚਾਨਣ ਦੇ ਪ੍ਰਛਾਵੇਂ -ਇੱਕ ਵਿਸ਼ਲੇਸ਼ਣ—ਮਨਦੀਪ ਕੌਰ ਭੰਮਰਾ

ਪੁਸਤਕ ਪ੍ਰਕਾਸ਼ਕ -ਚੇਤਨਾ ਪ੍ਰਕਾਸ਼ਨ

ਮੇਰੀ ਨਜ਼ਰ ਦੇ ਸਾਹਵੇਂ ਪਰਵਾਸੀ ਪੰਜਾਬੀ ਸ਼ਾਇਰ ਦਰਸ਼ਨ ਬੁਲੰਦਵੀ ਦੀ ਪੁਸਤਕ ‘ਚਾਨਣ ਦੇ ਵਣਜਾਰੇ’ ਖੁੱਲ੍ਹੀ ਹੋਈ ਹੈ, ਜਿਸ ਦਾ ਮੈਂ ਸਮਝ ਅਤੇ ਵਿਵੇਕ ਸਦਕੇ ਵਿਸ਼ਲੇਸ਼ਣ ਕਰਨ ਜਾ ਰਹੀ ਹਾਂ। ਉੰਜ ਕਵਿਤਾ ਨੂੰ ਸਮੁੱਚ ਵਿੱਚ ਪੜ੍ਹਨਾ ਹੀ ਲੁਭਾਵਣਾ ਹੁੰਦਾ ਹੈ।

ਦਰਸ਼ਨ ਬੁਲੰਦਵੀ ਪਿਛਲੇ ਚਾਲ਼ੀ ਸਾਲ ਤੋਂ ਵਲਾਇਤ ਦੀ ਧਰਤੀ ਉੱਪਰ ਰਹਿ ਰਿਹਾ ਸਾਡਾ ਹੀ ਪੰਜਾਬੀ ਕਵੀ ਹੈ। ਕਵਿਤਾ ਲਿਖਣਾ ਉਸਦੀ ਸੰਵੇਦਨਸ਼ੀਲ ਬਿਰਤੀ ਨੂੰ ਰਾਸ ਆਇਆ ਹੈ।

ਸਾਡੇ ਸਮਕਾਲੀ ਉੱਘੇ ਚਿੰਤਕ ਡਾ. ਸੁਖਦੇਵ ਸਿੰਘ ਸਿਰਸਾ ‘ਚਾਨਣ ਦੇ ਪ੍ਰਛਾਵੇਂ’ ਪੁਸਤਕ ਦੀ ਭੂਮਿਕਾ ਵਿੱਚ ਲਿਖਦੇ ਹਨ,“ ਨਿਰਸੰਦੇਹ, ਦਰਸ਼ਨ ਬੁਲੰਦਵੀ ਰਾਜਸੀ ਚੇਤਨਾ ਵਾਲ਼ਾ ਸ਼ਾਇਰ ਹੈ। ਉਸਦਾ ਸਾਹਿਤਕ ਸਫ਼ਰ ਇੱਕ ਰਾਜਸੀ ਕਾਰਕੁਨ ਵਜੋਂ ਆਰੰਭ ਹੋਇਆ ਸੀ…ਦਰਅਸਲ ਰਾਜਸੀ ਲਹਿਰ ਨਾਲ਼ ਉਸਦਾ ਜੁੜਾਓ ਭਾਵੁਕ ਅਤੇ ਵਕਤੀ ਹੀ ਸੀ… ।”

ਇਸ ਤਰ੍ਹਾਂ ਡਾ. ਸਿਰਸਾ ਆਪਣੇ ਕਥਨ ਨੂੰ ਦੋ ਭਾਗਾਂ ਵਿੱਚ ਵੰਡਦਿਆਂ, ਦਰਸ਼ਨ ਬੁਲੰਦਵੀ ਦੀ ਕਵਿਤਾ ਦੇ ਮੂਲ ਵੱਲ ਇਸ਼ਾਰਾ ਕਰਦੇ ਹਨ। ਉਹ ਇਹ ਕਿ ਦਰਸ਼ਨ ਬੁਲੰਦਵੀ ਦੀ ਕਵਿਤਾ ਇੱਕ ਪਾਸੇ ਰਾਜਸੀ ਪਿੜਬੰਦੀ ਤੋਂ ਪ੍ਰਭਾਵਿਤ ਮਸਲਿਆਂ ਬਾਰੇ ਸੁਚੇਤ ਕਰਦੀ ਹੈ ਅਤੇ ਦੂਜੇ ਪਾਸੇ ਹਰ ਸਥਾਨ ‘ਤੇ ਪੈਦਾ ਹੁੰਦੇ ਮਨੁੱਖੀ ਮਸਲਿਆਂ ਦੀ ਪੇਚੀਦਗੀ ਅਤੇ ਹਕੀਕਤਾਂ ਨਾਲ਼ ਦੋ ਚਾਰ ਹੋ ਰਹੇ ਮਨੁੱਖ ਦੀ ਹੋਣੀ ਦੀ ਗੱਲ ਕਰਦੀ ਹੈ।

ਮੈਂ ਸਮਝਦੀ ਹਾਂ ਕਿ ਦਰਸ਼ਨ ਬੁਲੰਦਵੀ ਦੇ ਮਨ ਅੰਦਰ ਬੈਠਾ ਕੋਮਲ ਭਾਵੀ ਕਵੀ ਸਾਮਾਜਿਕ ਦਵੰਧਾਂ ਵਿੱਚੋਂ ਪੈਦਾ ਹੋਈ ਕਰੂਰਤਾ ਦੇ ਸਨਮੁੱਖ ਜਦੋੰ ਆਮ ਮਨੁੱਖ ਨੂੰ ਲਾਚਾਰ ਹੋਇਆ ਦੇਖਦਾ ਹੈ ਤਾਂ ਉਸਦੀ ਅੰਤਰਆਤਮਾ ਕੁਰਲਾ ਉੱਠਦੀ ਹੈ। ਉਹ ਝੁੰਜਲਾ ਜਾਂਦੀ ਹੈ, ਇਸੇ ਝੁੰਜਲ਼ਾਹਟ ਵਿੱਚੋਂ ਉਸਦੀ ਕਵਿਤਾ ਜਨਮ ਲੈਂਦੀ ਹੈ:

” ਉਹਲਿਆਂ ਦੀ ਪੀੜ ਜਰ ਕੇ
ਆਪਣੇ ਅਕਸ ਮੂਹਰੇ
ਆਪਣੀ ਪਿੱਠ ਕਰ ਕੇ
ਖ਼ਾਮੋਸ਼ੀ ਦੇ ਖੰਜਰ ਨਾਲ਼
ਆਪਣੇ ਹੋਂਠ ਸਿਉਂ ਕੇ
ਬਹੁਤ ਵੇਖ ਲਿਆ ਅਸੀਂ
ਹੁਣ ਤਾਂ ਫ਼ਰੇਮ ਲਾਹ ਕੇ ਵੇਖੀਏ…”

ਬੱਸ ਇਹ ਫ਼ਰੇਮ ਲਾਹ ਕੇ ਦੇਖਣ ਦੀ ਜੁਰੱਅਤ, ਇਹ ਪੈਗ਼ਾਮ ਅਤੇ ਕਵਿਤਾ ਵਿੱਚ ਉਸਦੀ ਲਗਾਤਾਰਤਾ, ਕਵਿਤਾ ਵਿਚਲੀ ਦਾਰਸ਼ਿਨਕਤਾ ਹੀ ਦਰਸ਼ਨ ਬੁਲੰਦਵੀ ਦੇ ਕਵੀ-ਕੱਦ ਨੂੰ ਭਰਪੂਰਤਾ ਅਤੇ ਨਵੀਨਤਾ ਨਾਲ਼ ਲਬਰੇਜ਼ ਕਰ ਗਈ ਹੈ। ਉਸਦੀ ਇੱਛਾ-ਸ਼ਕਤੀ ਸ਼ਿੱਦਤ ਵਿੱਚ ਬਦਲ ਚੁੱਕੀ ਹੈ, ਜਿਸ ਬਾਰੇ ਡਾ਼ ਆਤਮ ਹਮਰਾਹੀ “ਸ਼ਿੱਦਤ“ ਪੁਸਤਕ ਵਿੱਚ ਸ਼ਿੱਦਤ ਨਾਮ ਦੀ ਕਵਿਤਾ ਵਿੱਚ ਲਿਖਦੇ ਹਨ:

”ਸ਼ਿੱਦਤ ਇੱਕ ਵਚਿੱਤਰ ਸ਼ਕਤੀ
ਹਰ ਕਰਤਾਰੀ-ਕਾਰਜ ਦੀ ਜਣਨੀ
ਸ਼ਿੱਦਤ ਸੰਗ ਦ੍ਰੀਸ਼ਟੀ-ਵਰਮੀ
ਹਰ ਅੜਚਣ ਦੇ ਸੀਨੇ ਤੱਕ ਪੁੱਜੇ…”

ਅਜਿਹੀ ਸ਼ਿੱਦਤ ਦਰਸ਼ਨ ਬੁਲੰਦਵੀ ਦੀ ਸਮੁੱਚੀ ਕਾਵਿ-ਯਾਤਰਾ ਵਿੱਚ ਨਿਹਿਤ ਹੈ। ਰਾਜਸੀ ਚੇਤਨਾ ਦੀ ਗੱਲ ਕਰਦਿਆਂ ਉਹ ਬੜੀ ਦ੍ਰਿੜਤਾ ਨਾਲ਼ ਵੰਗਾਰਦਾ ਹੈ:

“ਹੁਣ ਤਾਂ ਅਹਿਸਾਸ ਕਰੀਏ
ਮਜ਼ਹਬਾਂ ਦੇ ਭੇੜ ਵਿੱਚੋਂ
ਕਿਉਂ ਦੇਸ਼ ਕਿਰਦਾ ਜਾ ਰਿਹਾ?…

…ਨਾਜ਼ੀ ਕੈਪ ਦਾ ਵਿਸਥਾਰ
ਕਿਉਂ ਭਗਤ ਸਿੰਘ ਦੇ ਦੇਸ਼ ਵਿੱਚ?
ਹੁਣ ਤਾਂ ਅਹਿਸਾਸ ਕਰੀਏ

ਅਹਿਸਾਸ ਦੀ ਇਸ ਸ਼ਿੱਦਤ ਦਾ ਗੂੜ੍ਹਾ ਰੰਗ ਕਵੀ ਦਰਸ਼ਨ ਬੁਲੰਦਵੀ ਦੀ ਕਵਿਤਾ ਵਿੱਚ ਕਾਫ਼ੀ ਹੱਦ ਤੱਕ ਵਿੱਦਮਾਨ ਹੈ। ਉਸਨੇ ਜਦੋੰ ਕਵਿਤਾ ਲਿਖਣੀ ਸ਼ੁਰੂ ਕੀਤੀ ਤਾਂ ਇਹ ਪ੍ਰਭਾਵ ਉਸਨੇ ਆਪਣੇ ਆਲੇ ਦੁਆਲੇ ਵਿੱਚੋਂ ਗ੍ਰਹਿਣ ਕੀਤਾ। ਉਦੋੰ ਨਕਸਲਬਾੜੀ ਲਹਿਰ ਦਾ ਭਰਵਾਂ ਜ਼ੋਰ ਸੀ। ਸੋ, ਲਾਜ਼ਮੀ ਹੁੰਦਾ ਹੈ ਕਿ ਨੌਜੁਆਨ ਕਵੀ ਵਕਤ ਦੀਆਂ ਸਾਹਿਤਕ ਤੇ ਰਾਜਸੀ ਲਹਿਰਾਂ ਤੋਂ ਪ੍ਰਭਾਵਿਤ ਹੁੰਦੇ ਹਨ, ਨੌਜਵਾਨ ਕਲਮ ਵਿੱਚ ਇੱਕ ਤਰ੍ਹਾਂ ਦਾ ਸ਼ੀੰਹਜ਼ੋਰ ਹੁੰਦਾ ਹੈ। ਇੱਕ ਪਾਸੇ ਵਿਤਕਰਿਆਂ ਦੀ ਮੰਡੀ ਵਿੱਚ ਪਿਸ ਰਹੀ ਆਮ ਲੋਕਾਈ ਦੀ ਪੀੜ ਵਿੱਚੋਂ ਪੈਦਾ ਹੋਈ ਤੜਪ ਕਵੀ ਮਨ ਨੂੰ ਵੀ ਤੜਫਾਈ ਰੱਖਦੀ ਹੈ ਅਤੇ ਦੂਜੇ ਪਾਸੇ ਆਪਣੀਆਂ ਪਰਿਵਾਰਕ ਲੋੜਾਂ ਦੀ ਪੂਰਤੀ ਲਈ ਸੰਘਰਸ਼ ਵਿੱਢਣਾ ਹੁੰਦਾ ਹੈ। ਤੀਸਰਾ ਉਸ ਸਥਿਤੀ ਵਿੱਚ ਜਦੋੰ ਪਰਵਾਸ ਕਰਨਾ ਪੈ ਜਾਵੇ ਤਾਂ ਉੱਥੋੰ ਦੀਆਂ ਦਰਪੇਸ਼ ਮੁਸ਼ਕਲਾਂ ਦਾ ਸਾਹਮਣਾ ਵੀ ਕਵੀ-ਮਨ ਕਰਦਾ ਹੈ। ਇਸਦੇ ਨਾਲ਼ ਹੀ ਉਸਦੇ ਸੰਵੇਦਨਸ਼ੀਲ ਮਨ ਨੂੰ ਭੂ-ਹੇਰਵਾ ਅਤੇ ਆਪਣਿਆਂ ਦਾ ਉਦਰੇਵਾਂ ਵੀ ਸਤਾਉਂਦਾ ਹੈ।

ਉਪਰੋਕਤ ਚਾਰੇ ਗੱਲਾਂ ਦੇ ਧਰਾਤਲ ਉੱਤੇ ਦਰਸ਼ਨ ਬੁਲੰਦਵੀ ਹੁਰਾਂ ਦੀ ਕਾਵਿ-ਦ੍ਰਿਸ਼ਟੀ ਫ਼ੈਲੀ ਹੋਈ ਹੈ। ਜ਼ਿੰਦਗੀ ਦੇ ਸੰਘਰਸ਼ ਵਿੱਚ ਨਿਰੰਤਰ ਘੋਲ ਕਰਦਿਆਂ ਉਹ ਲਿਖਦਾ ਹੈ:

“ਹੁਣ ਜਦ ਮੈਂ
ਖ਼ੁਦਕੁਸ਼ੀ ਕਰ ਕੇ ਵੇਖਿਆ
ਤਾਂ ਹੀ ਪਤਾ ਲੱਗਾ
ਕਿ ਜਿਉਣਾ ਵੀ ਕਿੰਨਾ ਜ਼ਰੂਰੀ ਹੁੰਦਾ
ਜਿਉਣ ਵਿੱਚ ਵੀ ਕਿੰਨੇ
ਆਪਣਿਆਂ ਦੇ ਸਾਹ ਹੁੰਦੇ
ਬਾਕੀ ਸਫ਼ਰ ਦੇ ਕਿੰਨੇ
ਉਡੀਕਦੇ ਰਾਹ ਹੁੰਦੇ।“

ਜ਼ਿੰਦਗੀ ਨੂੰ ਸ਼ਿੱਦਤ ਨਾਲ਼ ਸਮਝਣ ਦੀ ਕਲਾ ਦਰਸ਼ਨ ਬੁਲੰਦਵੀ ਦੀ ਸ਼ਖਸੀਅਤ ਦਾ ਅਨਿੱਖੜਵਾਂ ਹਿੱਸਾ ਹੈ। ਉਸ ਦੇ ਸੁਭਾਅ ਦੇ ਕੋਮਲਤਾਈ, ਸੁੱਘੜਤਾ, ਦੂਰਅੰਦੇਸ਼ੀ ਅਤੇ ਪਾਰਗਾਮੀ ਗੁਣ, ਉਸ ਦੀ ਕਵਿਤਾ ਵਿੱਚ ਬੜੇ ਸਲੀਕੇ ਨਾਲ਼ ਗੁੰਦੇ ਹੋਏ ਹਨ। ਕਵੀ ਦਾ ਆਤਮਿਕ ਚਾਨਣ ਉਸਦੀ ਕਵਿਤਾ ਵਿੱਚ ਵੀ ਸਹਾਇਕ ਸਿੱਧ ਹੋਇਆ ਹੈ। ਉਸਨੂੰ ਹਨ੍ਹੇਰੇ ਅਤੇ ਚਾਨਣ ਦੀ ਪਛਾਣ ਹੈ। ਉਹ ਕਲਾਵਾਨ ਕਵੀ ਹੈ। ਉਹ ਲਿਖਦਾ ਹੈ:

“ਹਨ੍ਹੇਰਾ ਅੰਦਰ ਹੋਵੇ ਜਾਂ ਬਾਹਰ
ਹਨ੍ਹੇਰਾ ਰਾਹ ਨਹੀੰ ਦੇਂਦਾ
ਰਾਹ ਤਾਂ ਬਣਾਉਣਾ ਹੀ ਪੈਂਦਾ ਏ
ਆਪਣਾ ਰਾਹ ਬਚਾਇਆਂ ਹੀ
ਆਪਣਾ ਮੁੱਲ ਪੈਂਦਾ ਏ…‘

ਜ਼ਿੰਦਗੀ ਦੇ ਹਨ੍ਹੇਰੇ ਨਾਲ਼ ਲੜਨ ਲਈ ਕਵੀ ਵੰਗਾਰਦਾ ਹੈ :

“ਤੁਹਾਡੀ ਬੁਜ਼ਦਿਲੀ
ਤੁਹਾਡੇ ਮੱਥੇ ਦਾ ਕਲੰਕ ਵੀ ਬਣ ਸਕਦੀ ਏ
ਜਾਂ ਤੁਹਾਡੀ ਮੌਤ ਲਈ
ਜ਼ਹਿਰੀਲਾ ਡੰਗ ਵੀ ਬਣ ਸਕਦੀ
ਇਸ ਤੋਂ ਪਹਿਲਾਂ ਕਿ
ਤੁਹਾਡਾ ਅੰਤ
ਤੁਹਾਨੂੰ ਦਸਤਕ ਦੇਵੇ
ਆਪਣੇ ਹਨ੍ਹੇਰੇ ਦਾ ਚੀਰ ਹਰਨ ਕਰੋ
ਆਪਣੇ ਹੰਝੂਆਂ ‘ਚ ਅੰਗਿਆਰ ਧਰੋ
ਆਪਣੀ ਕੰਬਣੀ ‘ਚੋਂ ਬਾਹਰ ਆਵੋ…

ਅਜਿਹੀ ਪ੍ਰੇਰਣਾਦਾਇਕ ਅਨੁਭੂਤੀ ਨਾਲ਼ ਓਤਪੋਤ ਕਵਿਤਾਵਾਂ ਰਚਣ ਵਾਲ਼ਾ ਭਾਵੇਂ ਮਲੂਕ ਜਿਹਾ ਮਨੁੱਖ ਹੈ ਪਰ ਦ੍ਰਿੜਭਾਵੀ ਸ਼ਾਇਰ ਹੈ-ਦਰਸ਼ਨ ਬੁਲੰਦਵੀ।
“ਚਾਨਣ ਦੇ ਪ੍ਰਛਾਵੇਂ” ਆਸ਼ਾਵਾਦੀ ਸੋਚ ਨੂੰ ਪ੍ਰਣਾਈਆਂ ਕਵਿਤਾਵਾਂ ਦਾ ਸੰਗ੍ਰਹਿ ਹੈ, ਜਿਸ ਵਿੱਚ ਕਵੀ ਮਨੁੱਖ ਦੇ ਆਤਮ-ਚਿੰਤਨ ਦੇ ਰਾਹਾਂ ਦੇ ਦਰਵਾਜ਼ੇ ਦਾਰਸ਼ਨਿਕਤਾ ਦੇ ਜ਼ਰੀਏ ਖੋਲ੍ਹਣ ਦੇ ਯਤਨ ਕਰਦਾ ਹੈ, ਸੁਝਾਅ ਵੀ ਦਿੰਦਾ ਹੈ ਅਤੇ ਆਪ ਪਹਿਰਾ ਵੀ ਦਿੰਦਾ ਹੈ:

“ਤੇਰੇ ਅੰਦਰ ਜਗਦੀ ਜੋਤ ਏ
ਉਹਦੀ ਲੋਏ ਤੁਰਿਆ ਜਾਹ
ਜੇ ਰਾਤ ਅੰਧੇਰੀ ਸੰਘਣੀ
ਤਾਂ ਬੁਝੇ ਦੀਵੇ ਨਾ ਧਿਆ

ਤੇਰੇ ਅੱਗੇ ਪਿੱਛੇ ਫ਼ੈਲਿਆ
ਖੂੰਖਾਰ ਜਿਹਾ ਏ ਜੰਗਲ਼
ਏਥੇ ਪੈਰ ਪੈਰ ਸਪੋਲ਼ੀਏ
ਤੂੰ ਆਪਣਾ ਪੈਰ ਬਚਾ…

ਦਿਲ ਦੀ ਆਪਣੀ ਪੀੜ ਨੂੰ
ਤੂੰ ਸਭ ਤੋਂ ਰੱਖ ਲੁਕਾ
ਹੋਰਾਂ ਭੇਤ ਜੇ ਪਾ ਲਿਆ
ਉਹ ਦੇਣਗੇ ਹੋਰ ਦੁਖਾ।

ਮਨੁੱਖੀ ਜ਼ਿੰਦਗੀ ਦੀ ਮਾਰਮਿਕ ਦਸ਼ਾ ਅਤੇ ਮਨੁੱਖੀ ਮਨ ਦੀਆਂ ਨਿੱਜੀ ਅਤੇ ਗੁੱਝੀਆਂ ਪੀੜਾਂ ਤੋਂ ਕਵੀ ਅਣਜਾਣ ਨਹੀਂ ਹੈ। ਅਜਿਹੇ ਵਿੱਚ ਉਹ ਸਭ ਰਮਜ਼ਾਂ ਨੂੰ ਜਾਣਦਾ ਬੁੱਝਦਾ ਹੈ, ਜ਼ਿੰਦਗੀ ਦੇ ਗੁੱਝੇ ਭੇਤਾਂ ਅਤੇ ਸਾਰ-ਤੱਤਾਂ ਤੋਂ ਜਾਣੂੰ ਕਵੀ ਆਪਣੀ ਗੱਲ ਕਹਿਣ ਲਈ ਬਿੰਬਾਂ ਦੀ ਵਰਤੋਂ ਕਰਦਾ ਹੈ। ਚਿਹਨਾਤਮਕ ਕਵਿਤਾ ਦੀ ਉਸਾਰੀ-ਕਲਾ ਤੋਂ ਉਹ ਭਲੀ ਭਾਂਤ ਵਾਕਿਫ਼ ਹੈ। ਉਸਦੀ ਕਵਿਤਾ ਪੰਜਾਬ ਦੇ ਸੱਭਿਆਚਾਰ ਦੀ ਤਰਜ਼ਮਾਨੀ ਵੀ ਕਰਦੀ ਹੈ। ਪੇੰਡੂੰ ਕਿਰਸਾਣੀ ਜੀਵਨ ਤੋਂ ਲੈ ਕੇ ਅਜੋਕੇ ਗੁਲੋਬਲ ਪਿੰਡ ਬਣ ਚੁੱਕੇ ਜਗਤ ਦੇ ਵਾਸੀ ਮਨੁੱਖਾਂ ਦੀ ਜੀਵਨ-ਜਾਚ ਨੂੰ ਕਵੀ ਸਮਝਦਾ ਤੇ ਜਾਣਦਾ ਵੀ ਹੈ। ਕਵੀ ਦਰਸ਼ਨ ਬੁਲੰਦਵੀ ਹੁਣ ਕਿਸੇ ਖ਼ਾਸ ਇੱਕ ਵਰਗ ਨਾਲ਼ ਜੁੜਿਆ ਵਿਅਕਤੀ ਅਤੇ ਕਵੀ ਨਹੀਂ ਰਿਹਾ ਸਗੋਂ ਉਸਦੀ ਅੰਤਰਦ੍ਰਿਸ਼ਟੀ ਹੁਣ ਸੰਸਾਰਿਕ ਨੇਮਾਂ ਅਤੇ ਪ੍ਰੰਪਰਿਕ ਵਿਵਸਥਾਵਾਂ ਤੋਂ ਪਾਰ ਦੇਖਦੀ ਹੈ। ਇਹ ਸਾਰਾ ਕੁੱਝ ਉਸਦੀਆਂ ਕਵਿਤਾਵਾਂ ਵਿੱਚ ਸ਼ੁਮਾਰ ਹੈ। ਉਹ ਕਵਿਤਾ ਨੂੰ ਜਾਣਦਾ ਹੈ ਤੇ ਕਵਿਤਾ ਉਸ ਨੂੰ ਜਾਣਦੀ ਹੈ। ਉਹ ਲਿਖਦਾ ਹੈ:

“ਕਵਿਤਾ ਵਿੱਚ
ਏਨਾ ਉੱਚੀ ਨਾ ਬੋਲ
ਕਿ ਕੰਨ ਬੰਦ ਕਰਨੇ ਪੈਣ
ਕਵਿਤਾ ਨੂੰ ਬੋਲਣ ਲਾ
ਤੇ ਆਪ ਖ਼ਾਮੋਸ਼ ਰਹੁ
ਜਿਉ ਤਸਵੀਰ ਬੋਲਦੀ ਹੈ
ਤੇ ਰੰਗ ਖ਼ਾਮੋਸ਼ ਹੁੰਦੇ…”

ਕਵਿਤਾ ਦੀ ਇਸ ਬਾਰੀਕਬੀਨੀ ਨੂੰ ਸਮਝ ਲੈਣਾ ਸੁਰਤ ਦਾ ਉੱਚੇ ਹੋਣਾ ਅਤੇ ਬੁੱਧੀ ਦਾ ਸੂਖ਼ਮ ਪਰ ਚੇਤੰਨ ਹੋਣਾ ਮੰਨਿਆਂ ਜਾਣਾ ਚਾਹੀਦਾ ਹੈ। ਸੋ, ਕਵਿਤਾ ਨੂੰ ਸਮਝਣ ਵਾਲ਼ਾ ਕਵੀਮਨ ਜ਼ਿੰਦਗੀ ਦੇ ਬਹੁਪੱਖੀ ਵਿਸ਼ਿਆਂ ਉੱਪਰ ਲਿਖਣ ਦਾ ਜਜ਼ਬਾ ਰੱਖਦਾ ਹੈ ਤਾਂ ਉਹ ਨਿਸ਼ਚੇ ਹੀ ਆਪਣੇ ਸਮਕਾਲ ਵਿੱਚ ਸਥਾਪਿਤ ਹੋ ਸਕਣ ਦਾ ਕਮਾਲ ਹਾਸਿਲ ਕਰ ਸਕਦਾ ਹੈ।

ਉਸਦੀਆਂ ਕਵਿਤਾਵਾਂ: ਕਵੀ ਦਰਬਾਰ,ਸੇਵਾ ਮੁਕਤ,ਅਸੀੰ ਜੋ ਨਹੀੰ ਪੜ੍ਹਿਆ, ਹੇ ਗੁਰੂ ਨਾਨਕ, ਹੇ ਦਸ਼ਮੇਸ਼ ਪਿਤਾ,ਬਰਫ਼ ਦੇ ਫ਼ੁੱਲ, ਮੈਂ ਤਾਂ ਸੋਚ ਸੋਚ ਕੇ ਥੱਕ ਗਿਆ ਹਾਂ, ਐ ਸ਼ਾਇਰ ਦੋਸਤ, ਹਰਜੀਤ ਅਟਵਾਲ, ਅੱਗ, ਤਾਰਾ ਮੰਡਲ, ਹਨ੍ਹੇਰਾ ਤਾਂ ਇੱਕ ਓਹਲਾ ਹੈ ਅਤੇ ਪੰਥ ਨੂੰ ਕੋਈ ਖਤਰਾ ਨਹੀਂ ਆਦਿਕ ਕਵਿਤਾਵਾਂ ਦਰਸ਼ਨ ਬੁਲੰਦਵੀ ਦੀ ਪ੍ਰੌੜ ਸੋਚ ਦਾ ਪ੍ਰਗਟਾਵਾ ਕਰਦੀਆਂ ਹਨ ਅਤੇ ਇਹ ਆਪਣੇ ਵਿੱਛੜੇ ਵਤਨ ਦੀ ਫ਼ਿਕਰਮੰਦੀ ਦਰਸਾਉਂਦੇ ਸੁਭਾਅ ਦਾ ਖੁਲਾਸਾ ਕਰਦੀਆਂ ਹਨ।

ਦੇਖਿਆ ਜਾਵੇ ਤਾਂ ਅੱਜ ਦੇ ਮੰਡੀਕਰਣ ਦੇ ਦੌਰ ਵਿੱਚ ਕਿੰਨ੍ਹੇ ਕੁ ਲੋਕ ਨੇ ਜਿਹੜੇ ਇਸ ਸ਼ਿੱਦਤ ਨਾਲ਼ ਸ਼ਬਦ-ਸਾਧਨਾ ਵਿੱਚ ਜੁੜਦੇ ਹਨ, ਆਪਣੀ ਦੁਨੀਆਂ ਤੋਂ ਬਾਹਰ ਝਾਕਦੇ ਹਨ, ਸਮਾਜ ਪ੍ਰਤੀ ਆਪਣੀ ਜ਼ਿੰਮੇਵਾਰੀ ਸਮਝਦੇ ਹਨ…? ਇਹ ਇੱਕ ਲਗਨ ਹੁੰਦੀ ਹੈ ਜੋ ਕੋਈ ਵਿਅਕਤੀ ਆਪਣੀ ਕਲਾ ਨੂੰ ਪਾਠਕਾਂ ਅਤੇ ਸ੍ਰੋਤਿਆਂ ਤੀਕ ਪੁਚਾਉਣ ਦੇ ਹੀਲੇ-ਵਸੀਲੇ ਲੱਭਦਾ ਹੈ, ਉੱਦਮ ਕਰਦਾ ਹੈ। ਦਰਸ਼ਨ ਬੁਲੰਦਵੀ ਅਜਿਹਾ ਹੀ ਮਾਣਮੱਤਾ ਸਾਹਿਤਕਾਰ ਹੈ, ਜਿਸਨੇ ਵਧੇਰੇ ਕਰਕੇ ਆਸ ਅਤੇ ਪਰਵਾਸ ਦੀ ਠੋਸ ਅਤੇ ਦਾਰਸ਼ਨਿਕ ਖੁੱਲ੍ਹੀ ਕਵਿਤਾ ਲਿਖੀ ਹੈ। ਕਵਿਤਾ ਦਾ ਰੂਪ ਕੋਈ ਵੀ ਹੋਵੇ, ਕਵੀ ਆਪਣੀ ਗੱਲ ਕਹਿਣ ਵਿੱਚ ਸਾਰਥਿਕ ਪਹੁੰਚ ਰੱਖਦਾ ਹੋਵੇ ਤਾਂ ਕੋਈ ਕਾਰਣ ਨਹੀਂ ਕਿ ਉਸਦੇ ਸਮਕਾਲੀ ਉਸਦੀ ਗੱਲ ‘ਤੇ ਗ਼ੌਰ ਨਾ ਕਰਦੇ ਹੋਣ…ਤੇ ਪਾਠਕ ਉਸਨੂੰ ਪਸੰਦ ਨਾ ਕਰਦੇ ਹੋਣ…ਗੱਲ ਸਿਰਫ਼ ਕਿਤਾਬ ਦੇ ਪਾਠਕ ਤੱਕ ਪਹੁੰਚਣ ਦੀ ਹੁੰਦੀ ਹੈ, ਆਪਣਾ ਦਾਅਵਾ ਦੰਮ-ਖ਼ਮ ਨਾਲ਼ ਹੀ ਸਿੱਧ ਕੀਤਾ ਜਾ ਸਕਦਾ ਹੈ।

ਮੈਨੂੰ ਮਾਣ ਹੈ ਕਿ ਲੱਖ ਦੁਸ਼ਵਾਰੀਆਂ ਦੇ ਬਾਵਜੂਦ ਅਜਿਹਾ ਦਾਅਵਾ ਸਾਡੇ ਪਰਿਵਾਰਾਂ ਨੂੰ ਉਸ ਪਰਮ-ਸ਼ਕਤੀ ਨੇ ਬਖਸ਼ਿਆ ਹੈ ਕਿ ਅਸੀੰ ਨਿਮਾਣੇ ਯਤਨਾਂ ਨਾਲ਼ ਸਾਹਿਤ ਦੀ ਸੇਵਾ ਕਰਨ ਦੇ ਵਿੱਚ ਜੁਟੇ ਰਹਿੰਦੇ ਹਾਂ।

ਮੇਰੇ ਸਵਰਗਵਾਸੀ ਪਿਤਾ ਡਾ. ਆਤਮ ਹਮਰਾਹੀ ਲਿਖਦੇ ਹਨ:

“ ਜੋ ਤੁਰਦੇ ਹਨ ਉਹੀ ਪੁੱਜਦੇ ਹਨ!”

ਇਸ ਕਥਨ ਦੀ ਪ੍ਰੋੜਤਾ ਦਾ ਇੱਕ ਪ੍ਰਮਾਣ ਹੀ ਹੈ ਕਿ 10 ਜੁਲਾਈ 2022 ਨੂੰ ਵਲਾਇਤ ਦੀ ਧਰਤੀ ਉੱਪਰ ਜੇ ਪੰਜਾਬ ਦੇ ਕੁੱਝ ਨਾਮਵਰ ਹਸਤਾਖਰ, ਸਾਡੇ ਮਾਣਮੱਤੇ ਚਾਚਾ ਜੀ ਦਰਸ਼ਨ ਬੁਲੰਦਵੀ ਜੀ ਦੀ ਕਾਵਿ-ਪੁਸਤਕ “ਚਾਨਣ ਦੇ ਪ੍ਰਛਾਵੇਂ“ ਦੀ ਰਿਲੀਜ਼ ਦੇ ਮੌਕੇ ‘ਤੇ ਆਪਣੇ ਅਨਮੋਲ ਵਿਚਾਰ ਰੱਖਣ ਜਾ ਰਹੇ ਹਨ ਤਾਂ ਇਸ ਦਾ ਇਹ ਮਤਲਬ ਵੀ ਹੈ ਕਿ ਮੰਜ਼ਿਲ ਤੁਰਨ ਵਾਲ਼ਿਆਂ ਨੂੰ ਹੀ ਮਿਲ਼ਦੀ ਹੈ।

ਆਪਣੀ ਗੱਲ ਖ਼ਤਮ ਕਰਨ ਤੋਂ ਪਹਿਲਾਂ ਮੈਂ ਕਵੀ ਦਰਸ਼ਨ ਬੁਲੰਦਵੀ ਹੋਰਾਂ ਬਾਰੇ ਇਹ ਕਹਾਂਗੀ ਕਿ ਉਹ ਆਪਣੀ ਮਾਂ ਦੀ ਸ਼ਰਨ ਵਿੱਚ ਬੈਠ ਕਵਿਤਾ ਲਿਖਦੇ ਹਨ, ਉਸ ਮਾਂ ਦੀ ਹਸਤੀ ਨੂੰ ਮੈਂ ਨੇੜਿਓਂ ਦੇਖਿਆ ਹੈ। ਸੋ, ਜਨਮ ਦੇਣ ਵਾਲ਼ੀ ਮਾਂ ਅਤੇ ਪੰਜਾਬੀ ਮਾਂ ਬੋਲੀ ਦੇ ਇਸ ਮਾਣਮੱਤੇ ਸਪੂਤ ਦੀ ਹਰ ਖ਼ੁਸ਼ੀ ਪੂਰੀ ਹੋਵੇ ਅਤੇ ਉਮਰ ਦਰਾਜ਼ ਹੋਵੇ …!
ਮੇਰੀ ਇਹੋ ਦੁਆ ਹੈ ਕਿ-ਅੱਲਾ ਕਰੇ ਜ਼ੋਰਿ-ਕਲਮ ਔਰ ਜ਼ਿਆਦਾ!
***
818
***

About the author

mandeep Kaur
ਮਨਦੀਪ ਕੌਰ ਭੰਮਰਾ
+ ਲਿਖਾਰੀ ਵਿੱਚ ਛਪੀਆਂ ਰਚਨਾਵਾਂ ਦਾ ਵੇਰਵਾ