ਸੁਰਿੰਦਰ ਸਿੰਘ ਜੱਬਲ ਦਾ ‘ਚਾਚਾ ਵੈਨਕੂਵਰੀਆ’ ਕਾਲਮ ਅਖਬਾਰ ਦੀਆਂ ਸੁਰਖੀਆਂ ਬਣਕੇ ਉਨ੍ਹਾਂ ਬਾਰੇ ਆਪਣੀ ਚਿੰਤਾ ਪ੍ਰਗਟ ਕਰਦਾ ਰਿਹਾ ਤਾਂ ਜੋ ਸਿੱਖ ਜਗਤ ਧੋਖੇ ਤੋਂ ਬਚ ਸਕੇ। ਇਸ ਪੁਸਤਕ ਵਿੱਚ ਸੁਰਿੰਦਰ ਸਿੰਘ ਜੱਬਲ ਨੇ ਵੱਖ-ਵੱਖ ਸਮੇਂ ਲਿਖੇ 21 ਲੇਖ ਸ਼ਾਮਲ ਕੀਤੇ ਹਨ। ਇਹ ਸਾਰੇ ਲੇਖ ਬੜੇ ਦਿਲਚਸਪੀ ਵਾਲੇ ਹਨ, ਇਕ ਵਾਰ ਪੁਸਤਕ ਪੜ੍ਹਨ ਲਈ ਸ਼ੁਰੂ ਕਰਕੇ ਸਾਰੀ ਖ਼ਤਮ ਕਰਨ ਤੇ ਹੀ ਤਸੱਲੀ ਹੁੰਦੀ ਹੈ। ਹਰ ਲੇਖ ਵਿੱਚ ਅੱਗੋਂ ਕੀ ਹੋਵੇਗਾ ਬਾਰੇ ਜਾਨਣ ਦੀ ਦਿਲਚਸਪੀ ਬਣੀ ਰਹਿੰਦੀ ਹੈ। ਪੁਸਤਕ ਪੜ੍ਹਨ ਤੋਂ ਬਾਅਦ ਇਕ ਗੱਲ ਸ਼ਪਸ਼ਟ ਹੋ ਜਾਂਦੀ ਹੈ ਕਿ ਸੁਰਿੰਦਰ ਸਿੰਘ ਜੱਬਲ ਇਕ ਚੇਤੰਨ, ਚਿੰਤਨਸ਼ੀਲ ਅਤੇ ਸੰਜੀਦਾ ਵਿਅਕਤੀ ਹੈ, ਜਿਨ੍ਹਾਂ ਦੀ ਸਮਾਜ ਵਿੱਚ ਵਾਪਰਨ ਵਾਲੀਆਂ ਘਟਨਾਵਾਂ ਬਾਰੇ ਜਾਣਕਾਰੀ ਵਿਸ਼ਾਲ ਹੈ। ਇਹ ਵੀ ਪ੍ਰਤੀਤ ਹੁੰਦਾ ਹੈ ਕਿ ਉਹ ਜਾਗਰੂਕ ਪਾਠਕ ਵੀ ਹਨ, ਜਿਹੜੇ ਇਨ੍ਹਾਂ ਘਟਨਾਵਾਂ ਬਾਰੇ ਪ੍ਰਕਾਸ਼ਤ ਹੋਣ ਵਾਲੀ ਸਮਗਰੀ ਨੂੰ ਵੀ ਘੋਖਵੀਂ ਖੋਜੀ ਰੁਚੀ ਨਾਲ ਪੜ੍ਹਦੇ ਰਹੇ ਹਨ, ਜਿਸਦੀ ਗਵਾਹੀ ਉਨ੍ਹਾਂ ਦੇ ਸਾਰੇ ਲੇਖ ਦੇ ਰਹੇ ਹਨ। ਉਹ ਇਹ ਵੀ ਮਹਿਸੂਸ ਕਰਦੇ ਹਨ ਕਿ ਸਿੱਖ ਨੌਜਵਾਨ ਜਲਦੀ ਹੀ ਭਾਵਨਾਵਾਂ ਵਿੱਚ ਬਹਿ ਕੇ ਫ਼ੈਸਲੇ ਕਰ ਲੈਂਦੇ ਹਨ ਪ੍ਰੰਤੂ ਉਹ ਸਿਆਸੀ ਲੋਕਾਂ ਦੀਆਂ ਚਾਲਾਂ ਨੂੰ ਸਮਝਣ ਤੋਂ ਅਸਮਰੱਥ ਰਹਿੰਦੇ ਹਨ, ਜਿਸਦੇ ਨਤੀਜੇ ਸਿੱਖ ਜਗਤ ਲਈ ਘਾਤਕ ਨਿਕਲਦੇ ਰਹੇ ਹਨ।
ਸਾਫਟ ਟਾਰਗੈਟ-1 ਵਿੱਚ ਸੁਰਿੰਦਰ ਸਿੰਘ ਜੱਬਲ ਨੇ ਇਹ ਦੱਸਣ ਦੀ ਕੋਸ਼ਿਸ਼ ਕੀਤੀ ਹੈ ਕਿ ਗੁਪਤਚਰ ਏਜੰਸੀਆਂ ਖਾਲਿਸਤਾਨ ਦਾ ਪ੍ਰਚਾਰ ਕਰਨ ਵਿੱਚ ਮਹੱਤਵਪੂਰਨ ਯੋਗਦਾਨ ਪਾ ਰਹੀਆਂ ਹਨ। ਇਸ ਤੋਂ ਇਲਾਵਾ ਉਨ੍ਹਾਂ ਇਹ ਵੀ ਸਾਬਤ ਕਰਨ ਦੀ ਕੋਸ਼ਿਸ਼ ਕੀਤੀ ਹੈ ਕਿ ਭਾਰਤ ਸਰਕਾਰ ਦੋਗਲੀ ਨੀਤੀ ਕਰਕੇ ਡਬਲ ਰੋਲ ਕਰਦੀ ਰਹੀ ਹੈ। ਕੈਨੇਡਾ ਵਿੱਚ ਆਪਣੇ ਹਾਈ ਕਮਿਸ਼ਨ ਦੇ ਪ੍ਰਤੀਨਿਧਾਂ ਅਤੇ ਗੁਪਤਚਰ ਏਜੰਸੀਆਂ ਰਾਹੀਂ ਢੋਂਗ ਤਾਂ ਖਾਲਿਸਤਾਨ ਨੂੰ ਦਬਾਉਣ ਦਾ ਵਿਖਾ ਰਹੀਆਂ ਸਨ, ਅਸਲ ਵਿੱਚ ਉਹ ਖਾਲਿਸਤਾਨ ਨੂੰ ਉਤਸ਼ਾਹਤ ਕਰ ਰਹੀਆਂ ਸਨ। ਸਿੱਖਾਂ ਨੂੰ ਅਤਵਾਦੀ ਸਾਬਤ ਕਰਨ ਦੇ ਉਪਰਾਲੇ ਹੋ ਰਹੇ ਸਨ। ਸਾਫਟ ਟਾਰਗੈਟ ਭਾਗ-2 ਵਿੱਚ ਵੀ ਭਾਰਤੀ ਡਿਪਲੋਮੈਟ ਦੇ ਸਟਾਫ ਵੱਲੋਂ ਸਿੱਖਾਂ ਨੂੰ ਅਤੇ ਕੈਨੇਡੀਅਨ ਸਰਕਾਰ ਨੂੰ ਬਦਨਾਮ ਕਰਨ ਦਾ ਪਰਦਾ ਫਾਸ਼ ਕੀਤਾ ਹੈ। ਏਅਰ ਇੰਡੀਆ ਦੀ ਫਲਾਈਟ 182 ਨੂੰ ਬੰਬ ਨਾਲ ਉਡਾਉਣ ਦੀ ਸ਼ਾਜ਼ਸ਼ ਦਾ ਸਿੱਖਾਂ ਨੂੰ ਜ਼ਿੰਮੇਵਾਰ ਠਹਿਰਾਉਣ ਦੇ ਉਪਰਾਲਿਆਂ ਅਤੇ ਸਿੱਖਾਂ ਨੂੰ ਬੇਕਸੂਰ ਸਾਬਤ ਕਰਨ ਦੀ ਜਾਣਕਾਰੀ ਸਬੂਤਾਂ ਤਹਿਤ ਦਿੱਤੀ ਗਈ ਹੈ। ਘੋਖ਼ਵੀਂ ਨਜ਼ਰ ਵਾਲੇ ਲੇਖ ਵਿੱਚ ਵੀ ਸੁਰਿੰਦਰ ਸਿੰਘ ਜੱਬਲ ਦੀ ਤਿੱਖੀ ਨਜ਼ਰ ਨੇ ਕਾਮਾਗਾਟਾ ਮਾਰੂ ਕਮੇਟੀਆਂ ਦੀ ਦੋਗਲੀ ਨੀਤੀ ਬਾਰੇ ਜਾਣਕਾਰੀ ਦਿੰਦਿਆਂ ਸਿੱਖ ਨੇਤਾਵਾਂ ਦੀਆਂ ਖੁਦਗਰਜੀ ਵਾਲੀਆਂ ਕੋਝੀਆਂ ਚਾਲਾਂ ਦਾ ਪ੍ਰਗਟਾਵਾ ਕੀਤਾ ਹੈ। ਭਾਰਤੀ ਪੱਤਰਕਾਰ ਵਾਲੇ ਲੇਖ ਵਿੱਚ ਉਨ੍ਹਾਂ ਭਾਰਤ ਸਰਕਾਰ ਦੀਆਂ ਏਜੰਸੀਆਂ ਵੱਲੋਂ ਪੱਤਰਕਾਰਾਂ ਤੋਂ ਮਨਭਾਉਂਦੇ ਲੇਖ ਲਿਖਵਾਉਣ ਅਤੇ ਖਾਲਿਸਤਾਨ ਪੱਖੀ ਨੇਤਾਵਾਂ ਦੇ ਖੋਖਲੇਪਨ ਦਾ ਪ੍ਰਗਟਾਵਾ ਕੀਤਾ ਗਿਆ ਹੈ। ਮਾਊਂਟੀਜ਼ ਦਸਤਾਰਬੰਦੀ ਬਾਰੇ ਲੇਖਕ ਨੇ ਸਿੱਖ ਨੇਤਾਵਾਂ ਅਤੇ ਸੰਸਥਾਵਾਂ ਦੇ ਦਸਤਾਰਬੰਦੀ ਬਾਰੇ ਖੋਖਲੇਪਨ ਦੇ ਬਿਆਨਾ ਅਤੇ ਕੈਨੇਡਾ ਸਰਕਾਰ ਦੀ ਮਾਊਂਟੇਜ਼ ਦਸਤਾਰਬੰਦੀ ਦੀ ਜਰੂਰਤ ਬਾਰੇ ਦਸਦਿਆਂ ਕਿਹਾ ਹੈ ਕਿ ਅਸਲ ਵਿੱਚ ਵਿਸ਼ਵ ਸਿੱਖ ਸੰਸਥਾ ਦਾ ਯੋਗਦਾਨ ਵਰਨਣਯੋਗ ਹੈ, ਜਿਸਨੇ ਸਹੀ ਅਰਥਾਂ ਵਿੱਚ ਕੋਸ਼ਿਸ਼ ਕੀਤੀ ਸੀ। ਸ਼ਰਧਾਂਜਲੀ ਵਾਲੇ ਲੇਖ ਵਿੱਚ ਸੁਰਿੰਦਰ ਸਿੰਘ ਜੱਬਲ ਨੇ ਸਿੱਖ ਸੰਸਥਾਵਾਂ ਵਿੱਚ ਭਰਾ ਮਾਰੂ ਜੰਗ ਬਾਰੇ ਜਾਣਕਾਰੀ ਦਿੰਦਿਆਂ ਦੱਸਿਆ ਹੈ ਕਿ ਉਨ੍ਹਾਂ ਵਿੱਚੋਂ ਬਹੁਤੀਆਂ ਸਰਕਾਰੀ ਏਜੰਸੀਆਂ ਦਾ ਹੱਥਠੋਕਾ ਬਣੀਆਂ ਹੋਈਆਂ ਸਨ। ਖਾਲਿਸਤਾਨ ਮੁਹਿੰਮ ਅਗਾਂਹ ਤੋਰੀ ਵਿੱਚ ਖਾਲਿਸਤਾਨ ਦੀ ਪ੍ਰਾਪਤੀ ਲਈ ਕਿਹੜੀਆਂ ਚੀਜ਼ਾਂ ਜ਼ਰੂਰੀ ਹਨ, ਬਾਰੇ ਲਿਖਦਿਆਂ ਉਨ੍ਹਾਂ ਕਿਹਾ ਹੈ ਕਿ ਲੋਕ ਸ਼ਕਤੀ, ਪੈਸਾ, ਵਿਉਂਤਬੰਦੀ ਅਤੇ ਇਕਮੁਠਤਾ ਵਾਲੀ ਜੁਝਾਰੂਆਂ ਦੀ ਦ੍ਰਿੜ੍ਹਤਾ ਜ਼ਰੂਰੀ ਹਨ, ਜਿਹੜੀਆਂ ਸਿੱਖ ਜਗਤ ਕੋਲ ਸੰਭਵ ਨਹੀਂ ਹਨ। ਕਿੱਸਾ ਅਤੇ ਫੋਟੋ ਵਾਲੇ ਲੇਖ ਵਿੱਚ ਸੁਰਿੰਦਰ ਸਿੰਘ ਜੱਬਲ ਨੇ ਦੱਸਿਆ ਹੈ ਕਿ ਮੀਟਿੰਗ ਵਿੱਚ ਜਾਣ ਤੋਂ ਪਹਿਲਾਂ ਆਪਣੇ ਸਮਰਥੱਕਾਂ ਨੂੰ ਭਰੋਸੇ ਵਿੱਚ ਲੈ ਲੈਣਾ ਚਾਹੀਦਾ ਹੈ। ਸਿਆਸਤ ਦੀਆਂ ਵੀ ਮਰਿਆਦਾਵਾਂ ਹੁੰਦੀਆਂ ਹਨ, ਜਿਨ੍ਹਾਂ ਦੀ ਪਰਜਾਤੰਤਰ ਵਿੱਚ ਪਾਲਣਾ ਕਰਨੀ ਜ਼ਰੂਰੀ ਹੁੰਦੀ ਹੈ। ਖਾਮਖਾਹ ਆਪਣੇ ਨੇਤਾਵਾਂ ਤੇ ਸ਼ੱਕ ਕਰਨੀ ਜਾਇਜ਼ ਨਹੀਂ ਹੁੰਦੀ। ਬੁੱਧੀਮਾਨਾ ਨੂੰ ਵੰਗਾਰ ਵਿੱਚ ਲੇਖਕ ਸਿੱਖ ਨੇਤਾਵਾਂ ਦੇ ਆਪਸ ਵਿੱਚ ਵਿਰੋਧੀ ਬਿਆਨਾਂ ਦੀ ਨਜ਼ਰ ਵਿੱਚ ਵਿਦਵਾਨਾਂ ਨੂੰ ਸਲਾਹ ਦਿੰਦੇ ਹਨ ਕਿ ਉਹ ਸਿੱਖ ਪੰਥ ਦੀ ਅਗਵਾਈ ਕਰਦਿਆਂ ਹੋਸ਼ ਅਤੇ ਜੋਸ਼ ਦੋਹਾਂ ਤੋਂ ਕੰਮ ਲੈਣ ਲਈ ਪ੍ਰੇਰਰਨਾ ਕਰਨ ਵਿੱਚ ਆਪਣਾ ਯੋਗਦਾਨ ਪਾਉਣ। ਵਤਨੀ ਮਹਿਮਾਨ ਵਿੱਚ ਵੀ ਸਿੱਖ ਕੌਮ ਦੇ ਨੇਤਾਵਾਂ ਦੇ ਵਿਚਾਰਾਂ ਵਿੱਚ ਮਤਭੇਦ ਅਤੇ ਪਰਵਾਸ ਵਿੱਚ ਰਹਿੰਦੇ ਸਿੱਖਾਂ ਨੂੰ ਵਿਸ਼ਵਾਸ਼ ਵਿੱਚ ਲੈ ਕੇ ਪੰਜਾਬ ਦੇ ਨੇਤਾਵਾਂ ਨੂੰ ਫ਼ੈਸਲਾ ਕਰਨਾ ਚਾਹੀਦਾ ਹੈ। ਖਾਲਿਸਤਾਨ ਦੀ ਪ੍ਰਾਪਤੀ ਰਾਜਨੀਤਕ ਤਰੀਕਿਆਂ ਨਾਲ ਹੀ ਹੋ ਸਕਦੀ ਹੈ। ਇਕਨਾਮਿਕ ਬਾਈਕਾਟ ਚੁਣਿਐ ਸਿਰਲੇਖ ਵਿੱਚ ਜੱਬਲ ਸਾਹਿਬ ਨੇ ਜਸਟਿਸ ਅਜੀਤ ਸਿੰਘ ਬੈਂਸ ਦੇ ਗੁਰਦੁਆਰਾ ਸਾਹਿਬ ਰੌਸ ਸਟਰੀਟ ਵਿੱਚ ਦਿੱਤੇ ਭਾਸ਼ਣ ਵਿੱਚ ਸਿੱਖਾਂ ਨਾਲ ਹੋਈਆਂ ਜ਼ਿਆਦਤੀਆਂ ਬਾਰੇ ਜਾਣਕਾਰੀ ਦੇਣ ਦੇ ਨਾਲ ਆਪਣੇ ਵੱਲੋਂ ਸਰਕਾਰ ਦੇ ਨਾਸੀਂ ਧੂੰਆਂ ਲਿਆਉਣ ਲਈ ਆਰਥਿਕ ਬਾਈਕਾਟ ਦੀ ਸਲਾਹ ਦਿੱਤੀ ਹੈ। ਇਸ ਪੁਸਤਕ ਦੇ ਆਖ਼ਰੀ ਲੇਖ ਦਾਓ ਪੇਚ ਦੇਖੇ ਵਿੱਚ ਲੇਖਕ ਨੇ ਰਾਜੀਵ ਸਰਕਾਰ ਵੱਲੋਂ ਵਿਰੋਧੀ ਧਿਰ ਦੇ ਨੇਤਾ ਵੀ ਪੀ ਸਿੰਘ ਵਿਰੁੱਧ ਪ੍ਰਚਾਰ ਕਰਨ ਲਈ ਸਰਕਾਰੀ ਤੰਤਰ ਦੀ ਵਰਤੋਂ ਕੀਤੀ, ਬਿਲਕੁਲ ਏਸੇ ਤਰ੍ਹਾਂ ਸਿੱਖਾਂ ਵਿਰੁੱਧ ਪ੍ਰਚਾਰ ਕਰਨ ਲਈ ਭਾਰਤ ਸਰਕਾਰ ਕੇਂਦਰੀ ਏਜੰਸੀਆਂ ਦੀ ਵਰਤੋਂ ਕਰਦੀ ਰਹੀ ਹੈ। ਅਖ਼ੀਰ ਵਿੱਚ ਕਿਹਾ ਜਾ ਸਕਦਾ ਹੈ ਕਿ ਸੁਰਿੰਦਰ ਸਿੰਘ ਜੱਬਲ ਨੇ ਚਾਚਾ ਵੈਨਕੂਵਰੀਆ ਅਤੇ ਚਾਚੀ ਦੇ ਪਾਤਰਾਂ ਰਾਹੀਂ ਪਰੀਚਰਚਾ ਕਰਕੇ ਇਹ ਸਿੱਧ ਕਰਨ ਦੀ ਕੋਸ਼ਿਸ਼ ਕੀਤੀ ਹੈ ਕਿ ਸਿੱਖਾਂ ਦੀ ਲਹਿਰ ਨੂੰ ਬਦਨਾਮ ਕਰਨ ਲਈ ਨਰਮ ਅਤੇ ਗਰਮ ਦਲੀਏ ਨੇਤਾਵਾਂ ਰਾਹੀਂ ਕੇਂਦਰ ਸਰਕਾਰ ਆਪਣਾ ਉਲੂ ਸਿੱਧਾ ਕਰਦੀ ਰਹੀ ਹੈ। |