24 May 2024

ਬੰਦੇ ਦਾ ਬੰਦਾ ਦਾਰੂ – – – ਗੁਰਸ਼ਰਨ ਸਿੰਘ ਕੁਮਾਰ

ਗੁਰਸ਼ਰਨ ਸਿੰਘ ਕੁਮਾਰ ਜੀ ਦੀਅਾਂ 9 ਪੁਸਤਕਾਂ

ਇਸ ਧਰਤੀ ਤੇ ਮਨੁੱਖ ਹੀ ਇਕ ਐਸਾ ਜੀਵ ਹੈ ਜੋ ਆਪਣੀ ਜ਼ਿੰਦਗੀ ਦੀਆਂ ਸਾਰੀਆਂ ਜ਼ਰੂਰਤਾਂ ਆਪ ਪੂਰੀਆਂ ਨਹੀਂ ਕਰ ਸਕਦਾ। ਕੋਈ ਮਨੁੱਖ ਭਾਵੇਂ ਕਿੰਨਾ ਵੀ ਸੋਹਣਾ ਸੁਨੱਖਾ, ਹੁਸ਼ਿਆਰ, ਸਿਆਣਾ ਅਤੇ ਤਾਕਤਵਰ ਕਿਉਂ ਨਾ ਹੋਵੇ ਫਿਰ ਵੀ ਉਸ ਨੂੰ ਕਦਮ ਕਦਮ ਤੇ ਦੂਸਰੇ ਦੀ ਜ਼ਰੂਰਤ ਪੈਂਦੀ ਹੈ। ਉਸ ਨੂੰ ਭੋਜਨ ਲਈ ਅਨਾਜ਼, ਸਬਜੀਆਂ, ਫ਼ਲ, ਘਿਓ ਅਤੇ ਮਸਾਲਿਆਂ ਆਦਿ ਦੀ ਜ਼ਰੂਰਤ ਪੈਂਦੀ ਹੈ। ਇਸ ਲਈ ਸਭ ਤੋਂ ਵੱਡਾ ਯੋਗਦਾਨ ਕਿਸਾਨ ਦਾ ਹੈ। ਉਸ ਨੂੰ ਤਨ ਢੱਕਣ ਲਈ ਸੀਤੇ ਹੋਏ ਕੱਪੜੇ ਦੀ ਜ਼ਰੂਰਤ ਹੈ ਜਿਸ ਲਈ ਦਰਜੀ ਦੀ ਲੋੜ ਹੈ। ਰਹਿਣ ਲਈ ਮਕਾਨ ਦੀ ਜ਼ਰੂਰਤ ਹੈ ਜਿਸ ਲਈ ਮਜ਼ਦੂਰ ਤੇ ਮਿਸਤਰੀ ਕੰਮ ਆਉਂਦੇ ਹਨ। ਬਿਮਾਰੀ ਤੋਂ ਬਚਣ ਲਈ ਉਸ ਨੂੰ ਡਾਕਟਰਾਂ ਦੀ ਲੋੜ ਹੈ। ਇਸ ਸਭ ਦੇ ਬਾਵਜ਼ੂਦ ਮੁਢਲੀਆਂ ਵਸਤੂਆਂ ਨੂੰ ਵਰਤਣ ਯੋਗ ਬਣਾਉਨ ਲਈ ਕਾਰਖਾਨੇਦਾਰਾਂ ਦੀ ਲੋੜ ਹੈ ਅਤੇ ਇਨ੍ਹਾਂ ਤਿਆਰ ਵਸਤੂਆਂ ਨੂੰ ਉਪਭੋਗਤਾ ਕੋਲ ਪਹੁੰਚਾਉਣ ਲਈ ਛੋਟੇ ਵੱਡੇ ਵਪਾਰੀਆਂ ਦੀ ਲੋੜ ਹੈ। ਇਨ੍ਹਾਂ ਸਭ ਦੀ ਮਦਦ ਤੋਂ ਬਿਨਾ ਬੰਦਾ ਨਾ ਤਾਂ ਆਪਣਾ ਪੇਟ ਭਰ ਸਕਦਾ ਹੈ, ਨਾ ਹੀ ਕੱਪੜੇ ਨਾਲ ਆਪਣਾ ਤਨ ਢੱਕ ਸਕਦਾ ਹੈ, ਨਾ ਹੀ ਉਸ ਨੂੰ ਆਪਣੀ ਸੁਰੱਖਿਆ ਲਈ ਘਰ ਨਸੀਬ ਹੋ ਸਕਦਾ ਹੈ ਅਤੇ ਨਾ ਹੀ ਉਹ ਤੰਦਰੁਸਤ ਰਹਿ ਸਕਦਾ ਹੈ। ਉਸ ਨੂੰ ਨਿੱਤ ਦੀ ਘਰ ਅਤੇ ਦੂਜੇ ਸਮਾਨ ਦੀ ਟੁੱਟ ਭੱਜ ਦੀ ਮੁਰੰਮਤ ਲਈ ਵੀ ਲੁਹਾਰ, ਤਰਖਾਣ ਅਤੇ ਮਿਸਤਰੀਆਂ ਦੀ ਲੋੜ ਪੈਂਦੀ ਹੈ। ਇਸ ਤੋਂ ਪਤਾ ਚਲਦਾ ਹੈ ਕਿ ਮਨੁੱਖ ਦੂਜੇ ਦੀ ਮਦਦ ਜਾਂ ਮਿਹਨਤ ਤੋਂ ਬਿਨਾ ਇਕ ਦਿਨ ਵੀ ਜ਼ਿੰਦਗੀ ਬਸਰ ਨਹੀਂ ਕਰ ਸਕਦਾ। ਬੰਦਿਆਂ ਦੀ ਗੱਲ ਛੱਡੋ, ਮਨੁੱਖ ਨੂੰ ਜ਼ਿੰਦਗੀ ਦੀਆਂ ਜ਼ਰੂਰਤਾਂ ਪੂਰੀਆਂ ਕਰਨ ਲਈ ਜਾਨਵਰਾਂ, ਪੰਛੀਆਂ ਅਤੇ ਜਲ ਜੀਵਾਂ ‘ਤੇ ਵੀ ਨਿਰਭਰ ਕਰਨਾ ਪੈਂਦਾ ਹੈ।

ਜੇ ਕੋਈ ਸਾਥੀ ਜਾਂ ਘਰ ਦਾ ਜੀਅ ਬੁੱਧੀ ਪੱਖੋਂ ਸਿੱਧਾ ਸਾਦਾ, ਸਰੀਰਕ ਪੱਖੋਂ ਜਾਂ ਮਾਇਕ ਪਖੋਂ ਕੁਝ ਕਮਜੋਰ ਹੋਵੇ ਤਾਂ ਉਸ ਨੂੰ ਨੀਵਾਂ ਜਾਂ ਘਟੀਆ ਨਹੀਂ ਦਿਖਾਉਣਾ ਚਾਹੀਦਾ। ਉੇਸ ਦੀ ਮਦਦ ਕਰਨੀ ਚਾਹੀਦੀ ਹੈ। ਤੁਸੀਂ ਉਸ ਨੂੰ ਕੁਝ ਸਹਿਯੋਗ, ਪ੍ਰੇਰਨਾ ਅਤੇ ਸ਼ਾਬਾਸ਼ੀ ਦੇ ਕੇ ਉੱਪਰ ਚੁੱਕ ਸਕਦੇ ਹੋ ਅਤੇ ਸਮਾਜ ਵਿਚ ਅਣਖ ਨਾਲ ਜਿਉਣ ਜੋਗਾ ਬਣਾ ਸਕਦੇ ਹੋ।

ਛੋਟਾ ਬੱਚਾ ਬਹੁਤ ਕਮਜ਼ੋਰ ਅਤੇ ਬੇਸਹਾਰਾ ਹੁੰਦਾ ਹੈ। ਜਿਵੇਂ ਬੱਚੇ ਨੂੰ ਹਰ ਸਮੇਂ ਮਾਂ ਪਿਓ ਦੇ ਸਹਾਰੇ ਦੀ ਲੋੜ ਹੁੰਦੀ ਹੈ ਉਸੇ ਤਰ੍ਹਾਂ ਹੀ ਬੁਢਾਪੇ ਵਿਚ ਮਾਂ ਪਿਓ ਨੂੰ ਆਪਣੇ ਬੱਚਿਆਂ ਦੀ ਮਦਦ ਦੀ ਲੋੜ ਹੁੰਦੀ ਹੈ। ਮਨੁੱਖ ਨੂੰ ਕੇਵਲ ਪਦਾਰਥਾਂ ਲਈ ਹੀ ਨਹੀਂ ਸਗੋਂ ਵਿਕਟ ਪ੍ਰਸਿਥੀਤੀਆਂ ਲਈ ਵੀ ਦੂਜੇ ਦਾ ਸਹਾਰਾ ਲੈਣਾ ਪੈਂਦਾ ਹੈ। ਜੇ ਕਿਸੇ ਮਨੁੱਖ ’ਤੇ ਕੋਈ ਭੀੜ ਬਣ ਜਾਏ, ਕੋਈ ਕਹਿਰ ਢਹਿ ਪਏ ਜਾਂ ਕੋਈ ਗੰਭੀਰ ਸਮੱਸਿਆ ਆ ਜਾਏ ਜਿਸ ਵਿਚੋਂ ਨਿਕਲਣ ਦਾ ਕੋਈ ਰਸਤਾ ਹੀ ਨਜ਼ਰ ਨਾ ਆਏ ਤਾਂ ਬੰਦਾ ਘੋਰ ਨਿਰਾਸ਼ਾ ਵਿਚ ਡੁੱਬ ਜਾਂਦਾ ਹੈ। ਉਸ ਸਮੇਂ ਬੰਦੇ ਦਾ ਆਪਣਾ ਹੌਸਲਾ ਵੀ ਬਹੁਤ ਕੰਮ ਆਉਂਦਾ ਹੈ। ਪਰ ਉਸ ਨੂੰ ਦੂਸਰੇ ਦੇ ਸਹਾਰੇ ਦੀ ਬਹੁਤ ਜ਼ਰੂਰਤ ਹੁੰਦੀ ਹੈ। ਅਜਿਹੀ ਸਥਿਤੀ ਵਿਚ ਸੱਚਾ ਦੋਸਤ ਜਾਂ ਹਮਦਰਦ ਹੀ ਰੱਬ ਦਾ ਰੂਪ ਬਣ ਕੇ ਮਦਦ ਲਈ ਨਾਲ ਖੜ੍ਹਦਾ ਹੈ। ਅਜਿਹਾ ਦੋਸਤ ਦੁੱਖਾਂ ਦੇ ਘੋਰ ਹਨੇਰੇ ਨੂੰ ਚਾਨਣ ਦੀ ਕਿਰਨ ਦੀ ਤਰ੍ਹਾਂ ਚੀਰਨ ਦੀ ਸ਼ਕਤੀ ਰੱਖਦਾ ਹੈ। ਉਸ ਨਿਤਾਣੇ ਬੰਦੇ ਨੂੰ ਇਸ ਦੁੱਖ ਭਰੀ ਸਥਿਤੀ ਵਿਚੋਂ ਨਿਕਲਣ ਦਾ ਵਸੀਲਾ ਬਣਦਾ ਹੈ। ਇਸੇ ਲਈ ਕਹਿੰਦੇ ਹਨ ਕਿ ਬੰਦੇ ਦਾ ਬੰਦਾ ਦਾਰੂ ਹੈ। ਸਮਾਂ ਤਾਂ ਗੁਜ਼ਰ ਹੀ ਜਾਂਦਾ ਹੈ ਪਰ ਦੋਸਤ ਦੀ ਮਦਦ ਕਦੀ ਨਹੀਂ ਭੁੱਲਦੀ।

ਪੰਜਾਬੀ ਦੀ ਇਕ ਕਹਾਵਤ ਹੈ-‘ਕੁੱਤੇ ਦਾ ਕੁੱਤਾ ਵੈਰੀ।’ ਇਹ ਕਹਾਵਤ ਜ਼ਿਆਦਾ ਤੌਰ ਤੇ ਬੰਦਿਆਂ ਨੂੰ ਸੁਣਾ ਕੇ ਹੀ ਵਰਤੀ ਜਾਂਦੀ ਹੈ। ਫਿਰ ਇਹ ਬੰਦੇ ਦਾ ਬੰਦਾ ਵੈਰੀ ਹੋ ਨਿਬੜਦੀ ਹੈ। ਆਮ ਤੌਰ ਤੇ ਇਕੋ ਜਾਤ ਅਤੇ ਪੇਸ਼ੇ ਵਾਲੇ ਬੰਦਿਆਂ ਵਿਚ ਈਰਖਾ ਭਾਵਨਾ ਬਹੁਤ ਹੁੰਦੀ ਹੈ। ਉਹ ਦੂਜੇ ਨੂੰ ੳੁੱਨਤੀ ਕਰਦੇ ਨਹੀਂ ਦੇਖ ਸਕਦੇ ਅਤੇ ਆਪਸ ਵਿਚ ਇਕ ਦੂਜੇ ਦੀਆਂ ਲੱਤਾਂ ਹੀ ਖਿੱਚ੍ਹਦੇ ਰਹਿੰਦੇ ਹਨ। ਉਹ, ਇਹ ਕਦੀ ਬਰਦਾਸ਼ਤ ਨਹੀਂ ਕਰ ਸਕਦੇ ਕਿ ਉਨ੍ਹਾਂ ਦਾ ਕੋਈ ਸਾਥੀ ਉੱਨਤੀ ਕਰਕੇ ਉਨ੍ਹਾਂ ਤੋਂ ਜ਼ਿਆਦਾ ਅੱਗੇ ਵਧ ਸੱਕੇ। ਇਸ ਲਈ ਉਹ ਦੂਸਰੇ ਦੀ ਤਰੱਕੀ ਦੇ ਰਾਹ ਵਿਚ ਰੋੜੇ ਅਟਕਾਉਂਦੇ ਰਹਿੰਦੇ ਹਨ। ਅਜਿਹੇ ਲੋਕਾਂ ਤੋਂ ਬਚ ਕੇ ਰਹਿਣਾ ਚਾਹੀਦਾ ਹੈ। ਜੇ ਆਪਣੇ ਨਾਲ ਦੇ ਕਿਸੇ ਅਜਿਹੇ ਬੰਦੇ ਦੀ ਪਛਾਣ ਹੋ ਜਾਏ ਤਾਂ ਉਸ ਤੋਂ ਨਾਤਾ ਤੋੜ ਲੈਣਾ ਚਾਹੀਦਾ ਹੈ। ਆਪਣਾ ਸਿੱਕਾ ਹੀ ਖੋਟਾ ਹੋਵੇ ਤਾਂ ਹੱਟੀ ਵਾਲੇ ਨੂੰ ਦੋਸ਼ ਨਹੀਂ ਦੇਣਾ ਚਾਹੀਦਾ।ਦੂਸਰੇ ਦੀ ਤਰੱਕੀ ਦੇਖ ਕੇ ਈਰਖਾ ਕਰਨ ਦੀ ਬਜਾਏ ਆਪਣੇ ਅੰਦਰ ਯੋਗਤਾ ਪੈਦਾ ਕਰ ਕੇ ਮਿਹਨਤੀ ਅਤੇ ਸਫ਼ਲ ਵਿਅਕਤੀਆਂ ਨੂੰ ਆਪਣਾ ਆਦਰਸ਼ ਮੰਨ ਕੇ ਅੱਗੇ ਵਧਣਾ ਚਾਹੀਦਾ ਹੈ।

ਜੇ ਕਿਸੇ ਕੋਲ ਜ਼ਿਆਦਾ ਧਨ, ਤਾਕਤ ਅਤੇ ਵੱਡਾ ਅਹੁਦਾ ਆ ਜਾਏ ਤਾਂ ਹੰਕਾਰ ਨਹੀਂ ਕਰਨਾ ਚਾਹੀਦਾ। ‘ਹੰਕਾਰਿਆ ਸੋ ਮਾਰਿਆ।’ ਇਹ ਕਦੀ ਨਹੀਂ ਸਮਝਣਾ ਚਾਹੀਦਾ ਕਿ ਹੁਣ ਮੈਨੰ ਕਿਸੇ ਦੀ ਲੋੜ ਨਹੀਂ। ਇਸ ਨਾਲ ਬੰਦਾ ਸਮਾਜ ਨਾਲੋਂ ਅਲੱਗ ਥਲੱਗ ਹੋ ਕੇ ਹੀ ਰਹਿ ਜਾਂਦਾ ਹੈ। ਇਕੱਲ੍ਹਾ ਮਨੁੱਖ ਆਪਣੀਆਂ ਸਾਰੀਆਂ ਜ਼ਰੂਰਤਾਂ ਕਦੀ ਆਪਣੇ ਤੌਰ ਤੇ ਪੂਰੀਆਂ ਨਹੀਂ ਕਰ ਸਕਦਾ। ਇਸ ਲਈ ਹਰ ਇਕ ਦੇ ਹੁਨਰ ਦੀ ਕਦਰ ਕਰੋ। ਕਦੀ ਕਿਸੇ ਕੰਮ ਨੂੰ ਛੋਟਾ ਸਮਝ ਕੇ ਦੂਜੇ ਨਾਲ ਨਫ਼ਰਤ ਨਾ ਕਰੋ। ਪਤਾ ਨਹੀਂ ਤੁਹਾਨੂੰ ਕਦੋਂ ਅਤੇ ਕਿੱਥੇ ਦੂਸਰੇ ਬੰਦੇ ਦੀ ਲੋੜ ਪੈ ਜਾਏ। ਦਫ਼ਤਰ ਵਿਚ ਤਾਂ ਇਕ ਦਰਬਾਨ ਜਾਂ ਚਪੜਾਸੀ ਦੀ ਵੀ ਬਹੁਤ ਅਹਿਮੀਅਤ ਹੁੰਦੀ ਹੈ। ਅੱਜ ਕੱਲ੍ਹ ਅੋਰਤਾਂ ਨੌਕਰੀ ਪੇਸ਼ਾ ਹੋਣ ਕਰ ਕੇ ਆਪਣੇ ਘਰ ਦੇ ਬਰਤਨ ਅਤੇ ਝਾੜੂ ਪੋਚਾ ਵੀ ਆਪ ਨਹੀਂ ਕਰ ਸਕਦਅੀਆਂ। ਜ਼ਰਾ ਸੋਚੋ ਕਿ ਜੇ ਇਹ ਕੰਮ ਵਾਲੀਆਂ ਜਾਂ ਸਫਾਈ ਸੇਵਕ ਕੁਝ ਦਿਨ ਕੰਮ ਤੇ ਨਾ ਆਉਣ ਤਾਂ ਤਹਾਡੀ ਅਤੇ ਘਰ ਦੀ ਕੀ ਹਾਲਤ ਹੁੰਦੀ ਹੈ? ਘਰ ਵਿਚ ਕੂੜੇ ਦੇ ਢੇਰ ਲੱਗ ਜਾਂਦੇ ਹਨ ਅਤੇ ਬਦਬੋ ਨਾਲ ਤੁਹਾਡਾ ਦਮ ਘੁੱਟਣ ਲੱਗ ਜਾਂਦਾ ਹੈ। ਕੋਈ ਕੰਮ ਛੋਟਾ ਨਹੀਂ। ਜੋ ਕੰਮ ਇਕ ਛੋਟੀ ਜਿਹੀ ਸੂਈ ਕਰ ਸਕਦੀ ਹੈ ਉਹ ਤਲਵਾਰ ਨਹੀਂ ਕਰ ਸਕਦੀ।

ਜਿਵੇਂ ਇਕ ਕੜੀ ਨਾਲ ਦੂਜੀ ਕੜੀ ਜੋੜ ਕੇ ਇਕ ਮਜ਼ਬੂਤ ਸੰਗਲੀ ਬਣਦੀ ਹੈ ਇਸੇ ਤਰ੍ਹਾਂ ਮਨੁੱਖ ਦੇ ਇਕ ਦੂਜੇ ਦੇ ਸਹਿਯੋਗ ਨਾਲ ਇਕ ਮਜ਼ਬੂਤ ਸਮਾਜ ਬਣਦਾ ਹੈ ਅਤੇ ਜ਼ਿੰਦਗੀ ਸੌਖੀ ਬਸਰ ਹੁੰਦੀ ਹੈ। ਖ਼ੁਸ਼ੀ ਗਮੀਂ ਦੇ ਮੌਕੇ ’ਤੇ ਵੀ ਸਾਨੂੰ ਇਕ ਦੂਜੇ ਦੇ ਸਾਥ ਦੀ ਬਹੁਤ ਜ਼ਰੂਰਤ ਹੁੰਦੀ ਹੈ। ਇਕੱਲੇ ਨਾ ਤਾਂ ਅਸੀਂ ਜਸ਼ਨ ਮਨਾ ਸਕਦੇ ਹਾਂ ਅਤੇ ਨਾ ਹੀ ਦੁੱਖ ਵਿਚ ਆਪਣੇ ਆਪ ਨੂੰ ਗਲੇ ਲਾ ਸਕਦੇ ਹਾਂ। ਦੂਜੇ ਦੇ ਸਾਥ ਨਾਲ ਸਾਡੀ ਖ਼ੁਸ਼ੀ ਦੂਣੀ ਹੋ ਜਾਂਦੀ ਹੈ ਅਤੇ ਦੁੱਖ ਅੱਧਾ ਰਹਿ ਜਾਂਦਾ ਹੈ। ਸਾਨੂੰ ਮੋਹ ਪਿਆਰ ਰਿਸ਼ਤਿਆਂ ਵਿਚ ਵੀ ਸਦਭਾਵਨਾ ਅਤੇ ਸਹਿਯੋਗ ਦੀ ਲੋੜ ਹੁੰਦੀ ਹੈ। ਇਹ ਪਿਆਰ, ਸਹਿਯੋਗ ਅਤੇ ਭਾਵਨਾਵਾਂ ਸਾਨੂੰ ਸਾਡੇ ਪਰਿਵਾਰ ਅਤੇ ਸਮਾਜ ਵਿਚੋਂ ਮਿਲਦੀਆਂ ਹਨ। ਜਿਸ ਮਨੁੱਖ ਨੂੰ ਇਹ ਭਾਵਨਾਵਾਂ ਬਹੁਤ ਘੱਟ ਮਿਲਦੀਆਂ ਹਨ ਉਸ ਦੀ ਜ਼ਿੰਦਗੀ ਅਧੂਰੀ, ਖਰਵੀ ਅਤੇ ਖੁਸ਼ਕ ਰਹਿ ਜਾਂਦੀ ਹੈ। ਉਸ ਦਾ ਜ਼ਿੰਦਗੀ ਵਿਚ ਕਾਮਯਾਬ ਹੋਣਾ ਕਠਿਨ ਹੋ ਜਾਂਦਾ ਹੈ। ਉਹ ਇਕੱਲ੍ਹਾ ਹੀ ਜ਼ਿੰਦਗੀ ਬਸਰ ਕਰਦਾ ਹੈ ਅਤੇ ਅਲਜ਼ਾਈਮਰ ਵਰਗੀ ਕਿਸੇ ਬਿਮਾਰੀ ਦਾ ਸ਼ਿਕਾਰ ਹੋ ਜਾਂਦਾ ਹੈ। ਦੂਜੇ ਪਾਸੇ ਮਨੁੱਖ ਦਾ ਆਪਣੇ ਪਿਆਰਿਆਂ ਅਤੇ ਸਨੇਹੀਆਂ ਨਾਲ ਹਰ ਕੰਮ ਸੌਖਾ ਹੀ ਸਿਰੇ ਚੜ੍ਹ ਜਾਂਦਾ ਹੈ। ਉਹ ਸਦਾ ਚੜ੍ਹਦੀ ਕਲ੍ਹਾ ਵਿਚ ਰਹਿੰਦਾ ਹੈ ਅਤੇ ਸਫ਼ਲਤਾ ਦੀਆਂ ਮੰਜ਼ਿਲਾਂ ਸਰ ਕਰਦਾ ਜਾਂਦਾ ਹੈ। ਉਸ ਲਈ ਜ਼ਿੰਦਗੀ ਦੇ ਔਖੇ ਰਾਹ ਸੌਖੇ ਹੋ ਜਾਂਦੇ ਹਨ। ਅਸੰਭਵ ਕੰਮ ਵੀ ਸੰਭਵ ਹੋ ਨਿਬੜਦਾ ਹੈ।ਮਨ ਨੂੰ ਠੰਢਕ ਅਤੇ ਸ਼ਾਤੀ ਮਿਲਦੀ ਹੈ। ਜਦ ਕਿ ਇਕੱਲ੍ਹੇ ਬੰਦੇ ਦਾ ਮਨ ਹਰ ਸਮੇਂ ਭੱਖਿਆ ਹੀ ਰਹਿੰਦਾ ਹੈ। ਉਸ ਨੂੰ ਛੋਟੇ ਛੋਟੇ ਕੰਮ ਵੀ ਪਹਾੜ ਜਿੱਡੇ ਦਿਸਦੇ ਹਨ। ਪਿਆਰ ਦੇ ਜਜ਼ਬੇ ਨੂੰ ਪਸ਼ੂ, ਪੰਛੀ ਅਤੇ ਜਲ ਜੀਵ ਵੀ ਸੌਖੇ ਹੀ ਸਮਝ ਜਾਂਦੇ ਹਨ ਅਤੇ ਮਨੁੱਖ ਨੂੰ ਉਸ ਦੇ ਕੰਮਾਂ ਵਿਚ ਸਹਿਯੋਗ ਕਰਦੇ ਹਨ।

ਸਮਾਜ ਵਿਚ ਬੰਦਾ ਇਕ ਦੂਜੇ ਤੋਂ ਬਹੁਤ ਕੁਝ ਸਿੱਖਦਾ ਹੈ। ਹਮੇਸ਼ਾਂ ਸਮਾਜ ਅਤੇ ਆਪਣੇ ਪਰਿਵਾਰ ਨਾਲ ਜੁੜੇ ਰਹੋ। ਜੇ ਤੁਸੀਂ ਦੂਸਰੇ ਤੋਂ ਸੁੱਖ ਅਤੇ ਸਹਿਯੋਗ ਚਾਹੁੰਦੇ ਹੋ ਤਾਂ ਦੂਜੇ ਨਾਲ ਵੀ ਸੁੱਖ ਅਤੇ ਸਹਿਯੋਗ ਦੀ ਭਾਵਨਾ ਰੱਖੋ। ਮੁਸੀਬਤ ਸਮੇਂ ਉਸ ਦੀ ਮਦਦ ਕਰੋ ਅਤੇ ਮਿੱਠੇ ਬਲੋ ਬੋਲ ਕੇ ਉਸ ਦੇ ਜ਼ਖਮਾਂ ਤੇ ਮਲ੍ਹਮ ਲਾਓ। ਅਸੀ ਸਾਰੇ ਪਿਆਰ ਇਤਫ਼ਾਕ ਅਤੇ ਸਹਿਯੋਗ ਨਾਲ ਹੀ ਉਨਤੀ ਕਰ ਸਕਦੇ ਹਾਂ ਅਤੇ ਦੇਸ਼ ਵਿਚੋਂ ਅਨਪੜ੍ਹਤਾ, ਗ਼ਰੀਬੀ, ਵਹਿਮਾਂ ਭਰਮਾਂ ਅਤੇ ਨਸ਼ਿਆਂ ਜਿਹੀਆਂ ਭਿਆਨਕ ਬਿਮਾਰੀਆਂ ਨੂੰ ਜੜ੍ਹੋਂ ਖਤਮ ਕਰ ਸਕਦੇ ਹਾਂ ਅਤੇ ਦੁਨੀਆਂ ਨੂੰ ਅਮਨ ਅਤੇ ਸ਼ਾਤੀ ਦਾ ਸੰਦੇਸ਼ ਦੇ ਸਕਦੇ ਹਾਂ।
***
ਗੁਰਸ਼ਰਨ ਸਿੰਘ ਕੁਮਾਰ
ਮੋਬਾਇਲ:-94631-89432

*’ਲਿਖਾਰੀ’ ਵਿਚ ਪ੍ਰਕਾਸ਼ਿਤ ਹੋਣ ਵਾਲੀਆਂ ਸਾਰੀਆਂ ਹੀ ਰਚਨਾਵਾਂ ਵਿਚ ਪ੍ਰਗਟਾਏ ਵਿਚਾਰਾਂ ਨਾਲ ‘ਲਿਖਾਰੀ’ ਦਾ ਸਹਿਮਤ ਹੋਣਾ ਜ਼ਰੂਰੀ ਨਹੀਂ। ਹਰ ਲਿਖਤ ਵਿਚ ਪ੍ਰਗਟਾਏ ਵਿਚਾਰਾਂ ਦਾ ਜ਼ਿੰਮੇਵਾਰ ਕੇਵਲ ‘ਰਚਨਾ’ ਦਾ ਕਰਤਾ ਹੋਵੇਗਾ।
*
***
1059
***

About the author

ਗੁਰਸ਼ਰਨ ਸਿੰਘ ਕੁਮਾਰ
ਗੁਰਸ਼ਰਨ ਸਿੰਘ ਕੁਮਾਰ
Mobile:094631-89432/83608-42861 | gursharan1183@yahoo.in | + ਲਿਖਾਰੀ ਵਿੱਚ ਛਪੀਆਂ ਰਚਨਾਵਾਂ ਦਾ ਵੇਰਵਾ

ਗੁਰਸ਼ਰਨ ਸਿੰਘ ਕੁਮਾਰ

View all posts by ਗੁਰਸ਼ਰਨ ਸਿੰਘ ਕੁਮਾਰ →