7 December 2024

ਵਿਸ਼ਵ ਪੰਜਾਬੀ ਕਾਨਫ਼ਰੰਸਾਂ ਦਾ ਇਤਿਹਾਸ – ਇਕ ਮੁਲਾਂਕਣ ( ਲੇਖਕ: ਅਰਵਿੰਦਰ ਢਿੱਲੋਂ) – ਪਿਆਰਾ ਸਿੰਘ ਕੁੱਦੋਵਾਲ

ਵਿਸ਼ਵ ਪੰਜਾਬੀ ਕਾਨਫ਼ਰੰਸਾਂ ਦਾ ਇਤਿਹਾਸ ਇਕ ਮੁਲਾਂਕਣ ( ਲੇਖਕ: ਅਰਵਿੰਦਰ ਢਿੱਲੋਂ)

ਪਿਆਰਾ ਸਿੰਘ ਕੁੱਦੋਵਾਲ

ਵਿਸ਼ਵ ਪੰਜਾਬੀ ਕਾਨਫ਼ਰੰਸਾਂ ਦਾ ਇਤਿਹਾਸ ਇਕ ਮੁਲਾਂਕਣ – ਪਿਆਰਾ ਸਿੰਘ ਕੁੱਦੋਵਾਲ
ਲੇਖਕ ਅਤੇ ਖੋਜ ਕਾਰਜ : ਅਰਵਿੰਦਰ ਢਿੱਲੋਂ
ਛਾਪਕ :ਅਸੀਮ ਪਬਲੀਕੇਸ਼ਨ ਇੰਕ, ਕੈਨੇਡਾ 2021 (ਪਬਪਾ )
ਪੰਨੇ :176 ਮੁੱਲ 25 ਡਾਲਰ , 1200 ਰੁਪਈਏ

***

ਅਰਵਿੰਦਰ ਢਿੱਲੋਂ ਨਾਭੇ ਵਿੱਚ ਪੁਲਿਟੀਕਲ ਸਾਇੰਸ ਦਾ ਪ੍ਰੋਫੈਸਰ ਹੈ। ਗੰਭੀਰ ਤਬੀਅਤ ਦਾ ਮਾਲਕ ਹੈ। ਬਹੁਤ ਮਿਲਾਪੜਾ ਹੈ। ਉਹ ਜਿਸ ਕਿਸੇ ਨੂੰ ਵੀ ਮਿਲਦਾ ਹੈ, ਆਪਣੇ ਗਹਿਰ ਗਿਆਨ ਤੇ ਢੁਕਵੀਂ ਗੱਲਬਾਤ ਨਾਲ ਪ੍ਰਭਾਵਿਤ ਕਰਦਾ ਹੈ। ਜਦ ਕਦੇ ਵੀ ਉਹ ਸਟੇਜ ਸੈਕਟਰੀ ਵਜੋਂ ਕੰਮ ਕਰਦਾ ਹੈ ਉਸ ਦੀ ਯੋਗਤਾ ਹੋਰ ਵੀ ਨਿੱਖਰ ਕੇ ਸਾਹਮਣੇ ਆਉਂਦੀ ਹੈ। ਅਰਵਿੰਦਰ ਢਿੱਲੋਂ ਸਟੇਜ ਤੋਂ ਵਿਦਵਾਨਾਂ ਤੇ ਸ਼ਾਇਰਾਂ ਦੀ ਕਹੀ ਗੱਲ ਨੂੰ ਗਲੋਬਲੀ ਸਮਾਜ ਦੇ ਸੰਦਰਭ ਵਿੱਚ ਰੱਖਣ ਦੀ ਯੋਗਤਾ ਰੱਖਦਾ ਹੈ। ਉਸ ਨਾਲ ਮੇਰੀ ਪਹਿਲੀ ਮੁਲਾਕਾਤ ਟੋਰਾਂਟੋ ਵਿੱਚ ਹੋਈ ਤੇ ਫਿਰ ਸਾਹਿਤਕ ਸਮਾਗਮਾਂ ਵਿੱਚ ਤੇ ਹੁਣ ਅੱਠਵੀਂ ਵਰਲਡ ਪੰਜਾਬੀ ਕਾਨਫ਼ਰੰਸ ਵਿੱਚ, ਜਿਸ ਦਾ ਉਹ ਕੋਆਰਡੀਨੇਟਰ ਰਿਹਾ। ਉਹ ਪੰਜਾਬ ਸਾਹਿਤ ਅਕਾਦਮੀ ਚੰਡੀਗੜ੍ਹ ਦਾ ਵੀ ਕੋਆਰਡੀਨੇਟਰ ਹੈ ਅਤੇ ਡਾ. ਸਰਬਜੀਤ ਕੌਰ ਸੋਹਲ ਹੋਰਾਂ ਨਾਲ ਮਿਲ ਕੇ ਬਹੁਤ ਸਾਰਾ ਸਾਹਿਤਕ ਕਾਰਜ ਕਰਨ ਵਿੱਚ ਜੁਟਿਆ ਰਹਿੰਦਾ ਹੈ। ਅਰਵਿੰਦਰ ਢਿੱਲੋਂ ਬਹੁਤ ਸਾਲਾਂ ਤੋਂ ਨਸ਼ਿਆਂ ਅਤੇ ਨਸ਼ਿਆਂ ਦੇ ਰੋਗੀਆਂ ਅਤੇ ਉਹਨਾਂ ਦੇ ਪਰਿਵਾਰਾਂ ਦੀ ਵੀ ਅਧਿਐਨ ਕਰ ਰਿਹਾ ਅਤੇ ਨਸ਼ਿਆਂ ਵਿਰੋਧੀ ਮੁਹਿੰਮ ਵਿੱਚ ਇਕ ਐਕਟਵਿਸਟ ਦੇ ਤੌਰ ਤੇ ਕੰਮ ਕਰ ਰਿਹਾ ਹੈ। ਉਹ ਆਪਣੇ ਸਮਾਜ ਪ੍ਰਤੀ ਬੇਹੱਦ ਚਿੰਤਤ ਅਤੇ ਚੇਤੰਨ ਇਨਸਾਨ ਹੈ। ਮੈਂ ਉਸ ਦੀ ਇਹਨਾਂ ਗੁਣਾਂ ਕਰਕੇ ਸ਼ਲਾਘਾ ਕਰਦਾ ਹਾਂ।

ਅਰਵਿੰਦਰ ਢਿੱਲੋਂ ਵੱਲੋਂ ਰਚਿਤ “ਵਿਸ਼ਵ ਪੰਜਾਬੀ ਕਾਨਫ਼ਰੰਸਾਂ ਦਾ ਇਤਿਹਾਸ” ਨਾਮੀ ਪੁਸਤਕ ਮੈਨੂੰ ਪੜ੍ਹ ਕੇ ਮੈਨੂੰ ਕਾਨਫ਼ਰੰਸਾਂ ਬਾਬਤ ਬਹੁਤ ਸਾਰੀ ਜਾਣਕਾਰੀ ਪ੍ਰਾਪਤ ਹੋਈ। ਉਸ ਨੇ ਪਿਛਲੇ 42 ਸਾਲਾਂ ਦੇ ਔਖੇ ਇਤਿਹਾਸ ਨੂੰ ਕਲਮਬੱਧ ਕੀਤਾ।

ਜਿਸ ਤੋਂ ਉਸ ਦੇ ਇਸ ਔਖੇ ਕਾਰਜ ਨੂੰ ਨੇਪਰੇ ਚਾੜ੍ਹਨ ਦੇ ਸੰਘਰਸ਼ ਦਾ ਅੰਦਾਜ਼ਾ ਲੱਗਿਆ। ਬਹੁਤ ਸਾਰੇ ਲੋਕ ਜੋ ਪਿਛਲੇ 42 ਸਾਲ ਇਹਨਾਂ ਕਾਨਫ਼ਰੰਸਾਂ ਨਾਲ ਜੁੜੇ ਰਹੇ ਸਨ ਇਸ ਦੁਨੀਆ ਤੋਂ ਰੁਖ਼ਸਤ ਹੋ ਚੁੱਕੇ ਸਨ। ਕੁੱਝ ਸਰੀਰਕ ਤੌਰ ਉਤਨੇ ਬਲ ਸਾਲੀ ਨਹੀਂ ਰਹੇ। ਉਮਰ ਨਾਲ ਕਈਆਂ ਦੇ ਚੇਤਿਆਂ ਵਿੱਚੋਂ ਬੜਾ ਕੁੱਝ ਵਿੱਸਰ ਗਿਆ ਅਤੇ ਜਾਣਕਾਰੀ ਹਾਸਲ ਕਰਨਾ ਹੋਰ ਵੀ ਮੁਸ਼ਕਲ ਬਣ ਗਿਆ। ਪਰ ਅਰਵਿੰਦਰ ਢਿੱਲੋਂ ਹੋਰਾਂ ਨੇ ਆਪਣੇ ਸਿਰੜ ਨੂੰ ਕਾਇਮ ਰੱਖਿਆ । ਉਹਨਾਂ ਨੇ ਵਿਸ਼ਵ ਪੰਜਾਬੀ ਕਾਨਫ਼ਰੰਸਾਂ ਨਾਲ ਜੁੜੇ ਰਹੇ ਵਿਅਕਤੀਆਂ, ਅਹੁਦੇਦਾਰਾਂ ਤੇ ਉਹਨਾਂ ਦੇ ਪਰਿਵਾਰਾਂ ਨਾਲ ਰਾਬਤਾ ਕਰਕੇ ਦੀ ਸਮਗਰੀ ਪੈਂਫ਼ਲਿਟ, ਫੋਟੋਜ਼, ਨਿਊਜ਼, ਕਟਿੰਗ ਵਗ਼ੈਰਾ, ਜੋ ਮਿਲਿਆ, ਇਕੱਠੇ ਕੀਤੇ ਅਤੇ ਵਿਸ਼ਵ ਪੰਜਾਬੀ ਕਾਨਫ਼ਰੰਸਾਂ ਦਾ ਇਤਿਹਾਸ ਨਾਂ ਦੀ ਇਸ ਪੁਸਤਕ ਨੂੰ ਮੁਕੰਮਲ ਕੀਤਾ। ਸਰਦਾਰ ਅਜੈਬ ਸਿੰਘ ਚੱਠਾ ਅਤੇ ਅਰਵਿੰਦਰ ਢਿੱਲੋਂ ਹੋਰਾਂ ਦੇ ਦੱਸਣ ਮੁਤਾਬਕ ਮੇਰੇ ਮਿੱਤਰ ਪ੍ਰੋਫੈਸਰ ਸੁਹਿੰਦਰ ਬੀਰ ਹੋਰਾਂ ਨੇ ਵੀ, ਕਾਨਫ਼ਰੰਸਾਂ ਬਾਰੇ ਕਾਫ਼ੀ ਜਾਣਕਾਰੀ ਇਕੱਠੀ ਕਰਨ ਵਿੱਚ ਮਦਦ ਕੀਤੀ। ਸੋ ਪੁਸਤਕ ਰਚਣ ਦਾ ਇਹ ਇਕ ਕੰਮ ਪੜ੍ਹਨ ਸੁਣਨ ਵਿੱਚ ਜਿਨ੍ਹਾਂ ਸੌਖਾ ਲਗਦਾ ਹੈ, ਉਨ੍ਹਾਂ ਹੈ ਨਹੀਂ, ਪਰ ਅਰਵਿੰਦਰ ਢਿੱਲੋਂ ਸਾਹਿਤਕ ਨੀਝ ਅਤੇ ਰਾਜਨੀਤਕ ਵਿਸ਼ੇ ਦਾ ਅਧਿਆਪਨ ਕਰਨ ਕਰਕੇ ਉਸ ਵਿੱਚ ਤੱਥਾਂ ਨੂੰ ਇਕੱਠੇ ਕਰਨ ਦੀ ਦ੍ਰਿੜ੍ਹਤਾ, ਆਪਣੇ ਕੰਮ, ਪੂਰਾ ਕਰਨ ਦੀ ਜਜ਼ਬੇ ਨੇ ਇਕ ਇਤਿਹਾਸਕ ਦਸਤਾਵੇਜ਼ ਲਿਖਣ ਵਿੱਚ ਮਦਦ ਕੀਤੀ। ਡਾ. ਦਲਜੀਤ ਸਿੰਘ ਅਨੁਸਾਰ,” ਅਰਵਿੰਦਰ ਢਿੱਲੋਂ ਵੱਲੋਂ ਹਥਲੀ ਪੁਸਤਕ “ਵਿਸ਼ਵ ਪੰਜਾਬੀ ਕਾਨਫ਼ਰੰਸਾਂ ਦਾ ਇਤਿਹਾਸ “ ਅਣਥੱਕ ਮਿਹਨਤ, ਡੂੰਘੀ ਸੋਚ ਅਤੇ ਖੋਜ ਦਾ ਪਰਿਣਾਮ ਹੈ। ਅਰਵਿੰਦਰ ਢਿੱਲੋਂ ਸਾਹਿਤ ਲੇਖਣ ਦੇ ਨਾਲ ਨਾਲ ਵਿਸ਼ਵ ਪੰਜਾਬੀ ਕਾਨਫ਼ਰੰਸਾਂ ਦੇ ਨਾਲ ਨਿਰੰਤਰ ਜੁੜਿਆ ਰਿਹਾ ਹੈ।……. ਚਾਲੀ ਸਾਲ ਪੁਰਾਣੀਆਂ ਤਸਵੀਰਾਂ, ਡੈਲੀਗੇਟਾਂ ਦੀ ਜਾਣਕਾਰੀ, ਕਾਨਫ਼ਰੰਸਾਂ ਦੇ ਵਿਸ਼ੇ ਲੱਭਣਾ, ਵੱਡੀ ਸੋਚ ਅਤੇ ਡੂੰਘੇ ਅਧਿਐਨ ਵਾਲਾ ਇਨਸਾਨ ਹੀ ਕਰ ਸਕਦਾ ਹੈ।“

“ਹਥਲੀ ਪੁਸਤਕ ਬਾਰੇ” ਸਿਰਲੇਖ ਹੇਠ ਲਿਖਦਿਆਂ ਅਰਵਿੰਦਰ ਢਿੱਲੋਂ ਇਸ ਤਰ੍ਹਾਂ ਸ਼ੁਰੂ ਕਰਦੇ ਹਨ, “ ਜਦੋਂ ਸ਼ਬਦ, ਵਿਸ਼ਵ, ਵਰਲਡ, ਗਲੋਬਲ, ਜਗਤ, ਆਲਮੀ, ਅੰਤਰ-ਰਾਸ਼ਟਰੀ ਕਾਨਫ਼ਰੰਸਾਂ ਲਈ ਵਰਤਿਆ ਜਾਂਦਾ ਹੈ ਤਾਂ ਇਹ ਸ਼ਬਦ ਬਹੁਤ ਸਤਿਕਾਰਤ ਵੀ ਲਗਦਾ ਹੈ।“ ਮੇਰੀ ਨਜ਼ਰ ਵਿੱਚ ਇਸ ਇਕ ਵਾਕ ਨੇ, “ਵਿਸ਼ਵ ਪੰਜਾਬੀ ਕਾਨਫ਼ਰੰਸਾਂ ਦਾ ਇਤਿਹਾਸ” ਪੁਸਤਕ ਨੂੰ ਹੋਰ ਵੀ ਵੱਧ ਪੜ੍ਹਨ-ਯੋਗ, ਮੁੱਲਵਾਨ ਅਤੇ ਅਦਬ ਅਦੀਬ ਵਾਲਾ ਬਣਾ ਦਿੱਤਾ ਹੈ। ਸਾਹਿਤ ਰਚਣ ਸਮੇਂ ਅਗਰ ਲੇਖਕ ਦੇ ਮਨ ਵਿੱਚ ਇਤਿਹਾਸ ਪ੍ਰਤੀ ਸਤਿਕਾਰ ਹੋਵੇ ਤਾਂ ਉਸ ਦੀ ਰਚਨਾ ਵੀ ਸਤਿਕਾਰਯੋਗ ਬਣ ਜਾਂਦੀ ਹੈ ਲੇਖਕ ਲਈ ਵੀ ਤੇ ਪਾਠਕ ਲਈ ਵੀ।

ਕਾਨਫ਼ਰੰਸ ਕੀ ਹੁੰਦੀ ਹੈ? ਕੁੱਝ ਲੋਕਾਂ ਦਾ ਇਕੱਠ, ਜੋ ਇਕ ਖ਼ਾਸ ਮਕਸਦ ਲਈ ਇਕੱਠੇ ਹੋਏ ਹੋਣ, ਜੋ ਇੱਕੋ ਜਿਹੇ ਵਿਚਾਰ ਰੱਖਦੇ ਹੋਣ, ਜਿਨ੍ਹਾਂ ਦਾ ਮਕਸਦ ਵੀ ਇੱਕੋ ਜਿਹਾ ਹੋਵੇ, ਜੋ ਖ਼ਾਸ ਵਿਉਂਤ ਬੰਦੀ ਕਰਕੇ, ਵਿਧੀ ਵਿਧਾਨ ਸਿਰਜ ਕੇ, ਇਕ ਏਜੰਡੇ ਦੇ ਅਧੀਨ ਕੀਤੀ ਜਾਵੇ ਅਤੇ ਇਕ ਤੋਂ ਵੱਧ ਦਿਨ ਚੱਲੇ, ਉਹ ਕਾਨਫ਼ਰੰਸ ਹੁੰਦੀ ਹੈ । “The meeting of two or more persons for discussing matters of common concern. Usually formal interchange of views”. ਕਾਨਫ਼ਰੰਸਾਂ ਕਈ ਤਰ੍ਹਾਂ ਦੀਆਂ ਹੁੰਦੀਆਂ ਹਨ ਜਿਵੇਂ ਵਿੱਦਿਆ, ਵਪਾਰ, ਕਾਰਜਕਾਰਨੀ , ਨਿਆਇਕ, ਧਾਰਮਿਕ, ਸ਼ਾਂਤੀ, ਪਰੈੱਸ, ਖ਼ਬਰਾਂ, ਮੈਡੀਕਲ ਸਾਇੰਸ, ਵਾਤਾਵਰਣ ਪ੍ਰਦੂਸ਼ਣ, ਸਾਹਿਤਕ ਅਤੇ ਲਿਖਾਰੀਆਂ ਬਾਰੇ ਜਾਂ ਇਹਨਾਂ ਦੀ ਕਾਨਫ਼ਰੰਸ ਹੋ ਸਕਦੀ ਹੈ। ਆਪਾਂ ਲੇਖਕਾਂ ਲਿਖਾਰੀਆਂ ਅਤੇ ਪ੍ਰਬੰਧ ਕਰਤਾਵਾਂ ਵੱਲੋਂ ਕੀਤੀਆਂ ਜਾਣ ਵਾਲੀਆਂ ਕਾਨਫ਼ਰੰਸਾਂ ਦੀ ਗੱਲ ਕਰਾਂਗੇ। ਜਦੋਂ ਪੰਜਾਬੀ ਬੋਲੀ, ਸਾਹਿਤ ਅਤੇ ਸਭਿਆਚਾਰ ਬਾਰੇ ਕਾਨਫ਼ਰੰਸਾਂ ਹੁੰਦੀਆਂ ਰਹੀਆਂ ਹਨ। ਸੱਭ ਵਿਦਵਾਨ ਅਤੇ ਸਰੋਤੇ ਆਪਣੇ ਮਨਾਂ ਅੰਦਰ ਮੁੱਖ ਮਕਸਦ ਕੀ ਲੈ ਕੇ ਬੈਠਦੇ ਹਨ ? ਪੰਜਾਬੀ ਸਾਹਿਤ, ਪੰਜਾਬੀ ਬੋਲੀ, ਭਾਸ਼ਾ, ਸਭਿਆਚਾਰ ਅਤੇ ਨੈਤਿਕਤਾ ਦਾ ਪ੍ਰਚਾਰ, ਪਸਾਰ ਤੇ ਵਿਕਾਸ । ਉਸਾਰੂ ਸੋਚ ਤੇ ਸ਼ੁੱਭ ਅਮਲਾਂ ਨਾਲ ਹੀ ਚੰਗੇ ਸਿੱਟੇ ਹੀ ਨਿਕਲਦੇ ਹਨ। ਸਾਈਂ ਬੁੱਲੇ ਸ਼ਾਹ ਦੋਹੜਾ #8 ਵਿੱਚ ਦੱਸਦੇ ਹਨ, “ ਬੁੱਲ਼ੇ ਕੋਲੋਂ ਚੁੱਲ੍ਹਾ ਚੰਗਾ ਜਿਸ ਪਰ ਤਾਅਮ ਪਕਾਈਦਾ। ਰਲ ਫ਼ਕੀਰਾਂ ਮਜਲਸ ਕੀਤੀ, ਭੋਰਾ ਭੋਰਾ ਖਾਈਦਾ।“ ਫ਼ਕੀਰਾਂ ਦੀ ਮਸਲਸ ਵਿੱਚ ਇਕ ਵਿਸ਼ੇ ਭਾਵ ਰੱਬ ਤੇ ਵਿਚਾਰ ਹੁੰਦੀ ਹੈ। ਉਹਨਾਂ ਮਜਲਸਾਂ ਵਿੱਚੋਂ ਹੀ ਐਨਾ ਉੱਚ ਪੱਧਰ ਦਾ ਸੂਫ਼ੀ ਸਾਹਿਤ ਜਿਵੇਂ ਕਾਫ਼ੀਆਂ, ਦੋਹੜਿਆਂ, ਸਿਹਰਫ਼ੀਆਂ ਅਤੇ ਕਿੱਸਿਆਂ ਆਦਿ ਦੇ ਰੂਪ ਵਿੱਚ ਸਾਡੇ ਤੱਕ ਪੁੱਜਾ ਹੈ। ਇਹਨਾਂ ਕਾਨਫ਼ਰੰਸਾਂ ਵਿੱਚੋਂ ਵੀ ਬੜਾ ਕੁੱਝ ਨਿਕਲ ਰਿਹਾ ਜਿਸ ਦੀ ਗੱਲ ਇਸ ਪੁਸਤਕ ਵਿਚ ਵੀ ਹੋਈ ਹੈ।

ਗੁਰੂ ਨਾਨਕ ਦੇਵ ਜੀ ਦਾ ਬਚਨ ਹੈ:
ਜਬ ਲਗ ਦੁਨੀਆ ਰਹੀਐ ਨਾਨਕ ਕਿਛੁ ਸੁਣੀਐ ਕਿਛੁ ਕਹੀਐ।। ਅੰਗ 661.

ਗੁਰੂ ਜੀ ਆਪ ਗੋਸ਼ਟਾਂ ਰਚਾਉਂਦੇ ਰਹੇ, ਵਿਚਾਰ ਕਰਦੇ ਰਹੇ ਤੇ ਸੱਚ ਦਾ ਪ੍ਰਚਾਰ ਕਰਦੇ ਰਹੇ। ਉਹਨਾਂ ਦਾ ਫ਼ਰਮਾਨ ਹੈ, “ਵਿੱਦਿਆ ਵਿਚਾਰੀ ਤਾਂ ਪਰਉਪਕਾਰੀ।।“ ਕਾਨਫ਼ਰੰਸਾਂ ਵਿੱਚ ਦੂਰੋਂ ਨੇੜਿਉਂ ਅਤੇ ਦੂਸਰੇ ਦੇਸ਼ਾਂ ਤੋਂ ਵਿਦਵਾਨ ਆਉਂਦੇ ਹਨ । ਇਹਨਾਂ ਕਾਨਫ਼ਰੰਸਾਂ ਵਿੱਚ ਪੜ੍ਹੋ, ਸੁਣੋ, ਵਿਚਾਰੋ ਦੇ ਸਿਧਾਂਤ ਤੇ ਜ਼ੋਰ ਦੇਣਾ ਬਣਦਾ ਹੈ। ਮੂਲ ਰੂਪ ਵਿੱਚ ਜੀਵਨ ਵਿਚ ਉਤਾਰਨਾ ਅਤੇ ਪੰਜਾਬੀ ਸਮਾਜ ਅਤੇ ਵਿਰਸੇ ਨੂੰ ਅਮੀਰ ਕਰਨ ਦਾ ਵਿਧਾਨ ਬਣਾਉਣਾ ਹੁੰਦਾ ਹੈ। ਕਿਸੇ ਵਿਸ਼ੇ ਨੂੰ ਲੈ ਕੇ ਵਿਚਾਰਾਂ ਦਾ ਵੱਖਰਾ ਹੋਣਾ ਜਾਂ ਆਪਸ ਨਾ ਮਿਲਣਾ, ਕੋਈ ਵੱਡੀ ਗੱਲ ਨਹੀਂ, ਪਰ ਵਿਚਾਰ ਵਟਾਂਦਰਾ ਕਰਨ ਉਪਰੰਤ, ਆਪਣੇ ਨਿੱਜੀ ਹਿਤ ਜਾਂ ਵਿਚਾਰਧਾਰਾ ਤੋਂ ਉਪਰ ਉੱਠ ਕੇ, ਕਿਸੇ ਸਾਂਝੇ ਵੱਡੇ ਅਤੇ ਸਰਬੱਤ ਦੇ ਭਲੇ ਜਾਂ ਮਾਤ ਭਾਸ਼ਾ, ਸਭਿਆਚਾਰ ਦੇ ਵਿਕਾਸ ਹਿਤ, ਹੋ ਰਹੇ ਜਾਂ ਹੋਣ ਵਾਲੇ ਕਾਰਜ ਲਈ, ਸਹਿਮਤੀ ਪ੍ਰਗਟਾਉਣਾ ਹੀ ਸਿਆਣਪ ਸਮਝੀ ਸਕਦੀ ਹੈ। ਇਹ ਹੀ ਇਹਨਾਂ ਕਾਨਫ਼ਰੰਸਾਂ ਦਾ ਮੰਤਵ ਹੈ ਤੇ ਹੋਣਾ ਵੀ ਚਾਹੀਦਾ ਹੈ।

ਇਸ ਪੁਸਤਕ ਦੇ ਸਰਵਰਕ ਉਪਰ 1980 ਤੋਂ ਲੈ ਕੇ 2020 ਦੌਰਾਨ ਹੋਈਆਂ ਪੰਜਾਬੀ ਕਾਨਫ਼ਰੰਸਾਂ ਦੇ ਸਾਲ ਤੇ ਸਥਾਨ ਦੱਸੇ ਗਏ ਹਨ। ਸੀ.ਐਨ.ਟਾਵਰ ਦੇ ਨਾਲ ਵਿਸ਼ਵ ਪੰਜਾਬੀ ਕਾਨਫ਼ਰੰਸ 2020 ਦਾ ਲੋਗੋ ਹੈ ਜੋ ਕਿ ਬਹੁਤ ਪ੍ਰਭਾਵਸ਼ਾਲੀ ਹੋਣ ਦੇ ਨਾਲ ਨਾਲ ਇਹ ਪ੍ਰਗਟ ਕਰਦਾ ਹੈ ਕਿ ਵਿਸ਼ਵ ਪੰਜਾਬੀ ਕਾਨਫ਼ਰੰਸਾਂ ਕਰਵਾਉਣ ਵਿੱਚ ਜੀ.ਟੀ.ਏ. ਭਾਵ ਟੋਰਾਂਟੋ ਏਰੀਆ ਬੇਹੱਦ ਮਹੱਤਵਪੂਰਨ ਭੂਮਿਕਾ ਨਿਭਾਉਂਦਾ ਰਿਹਾ ਹੈ ਤੇ ਅੱਗੇ ਤੋਂ ਰਹੇਗਾ। ਇਸ ਦੇ ਨਾਲ ਬਹੁਤ ਹੀ ਮੁਲਵਾਨ ਪੰਜ ਟਿੱਪਣੀਆਂ ਪੰਜ ਵਿਦਵਾਨਾਂ ਵੱਲੋਂ ਕੀਤੀਆਂ ਗਈਆਂ ਹਨ, ਜਿਨ੍ਹਾਂ ਵਿੱਚ ਡਾ.ਸ਼ਵਿੰਦਰ ਸਿੰਘ ਗਿੱਲ – ਸਾਬਕਾ ਵਾਈਸ ਚਾਂਸਲਰ, ਡਾ. ਰਮਨੀ ਬਤਰਾ ਕਨੇਡਾ, ਦਲਵੀਰ ਕੌਰ ਯੂ.ਕੇ., ਡਾ. ਪੁਸ਼ਵਿੰਦਰ ਕੌਰ ਖੋਖਰ ਅਤੇ ਡਾ. ਦਲਜੀਤ ਸਿੰਘ, ਸਾਬਕਾ ਵਾਇਸ ਚਾਂਸਲਰ, ਰਿਆਤ ਬਾਹਰਾ ਯੂਨੀਵਰਸਿਟੀ ਖਰੜ ਵਲ਼ੋਂ ਲਿਖੀਆਂ ਗਈਆਂ ਹਨ। ਮੋਟੇ ਸ਼ਬਦਾਂ ਵਿੱਚ ਕਿਹਾ ਜਾ ਸਕਦਾ ਹੈ ਕਿ ਪੁਸਤਕ ਦਾ ਖ਼ੂਬਸੂਰਤ ਸਰਵਰਕ ਪਾਠਕ ਨੂੰ ਕਿਤਾਬ ਖ਼ਰੀਦ ਕੇ ਪੜ੍ਹਨ ਲਈ ਰੁਚਿਤ ਕਰਦਾ ਹੈ।

ਇਸ ਪੁਸਤਕ ਨੁੰ ਦੋ ਭਾਗਾਂ ਵਿੱਚ ਵੰਡਿਆ ਗਿਆ ਹੈ। ਪਹਿਲੇ ਭਾਗ ਵਿੱਚ ਪੰਜ ਲੇਖ ਇਹਨਾਂ ਸਿਰਲੇਖਾਂ ਜਿਵੇਂ, ਵਿਸ਼ਵ ਕਾਨਫ਼ਰੰਸਾਂ, ਵਿਸ਼ਵ ਕਾਨਫ਼ਰੰਸਾਂ ਤੇ ਇਕ ਨਜ਼ਰ, ਵਿਸ਼ਵ ਕਾਨਫ਼ਰੰਸਾਂ ਸੰਬੰਧੀ ਕੁੱਝ ਵਿਚਾਰ, ਕਾਨਫ਼ਰੰਸਾਂ ਵਿੱਚ ਸ਼ਿਰਕਤ ਕਰਨ ਵਾਲੀਆਂ ਸ਼ਖ਼ਸੀਅਤਾਂ ਅਤੇ ਕਾਨਫ਼ਰੰਸਾਂ ਵਿਚ ਸ਼ਿਰਕਤ ਕਰਨ ਵਾਲੀਆਂ ਸ਼ਖ਼ਸੀਅਤਾਂ ਦਾ ਵੇਰਵਾ, ਹੇਠ ਦਿੱਤਾ ਗਿਆ ਹੈ। ਪੁਸਤਕ ਦਾ ਇਹ ਭਾਗ 11 ਤੋਂ 87 ਸਫ਼ੇ ਤੱਕ ਫੈਲਿਆ ਹੋਇਆ ਹੈ ਜਿਸ ਵਿੱਚ ਵਿਸ਼ਵ ਭਰ ਵਿੱਚ ਸਾਲ 1980 ਤੋਂ 2021 ਤੱਕ ਹੋਈਆਂ ਪ੍ਰਮੁੱਖ ਕਾਨਫ਼ਰੰਸਾਂ ਤੇ ਅੱਗੇ ਦਿੱਤੇ ਕਾਰਜਕਾਰਨੀ ਮੈਂਬਰਜ਼, ਪ੍ਰਬੰਧਕ, ਸਪਾਂਸਰਜ਼ ਮਨਿਸਟਰਜ਼, ਐਮ ਪੀਜ਼, ਐਮ ਪੀ ਪੀਜ਼, ਸਿਟੀ ਕੌਂਸਲਰਜ਼, ਦੇਸ ਵਿਦੇਸ਼ ਤੋਂ ਆਏ ਡੈਲੀਗੇਟਸ, ਵਿਦਵਾਨਾਂ, ਲੇਖਕਾਂ, ਸ਼ਾਇਰਾਂ ਨਾਂ ਦੱਸੇ ਗਏ ਹਨ। 1983 ਵਿੱਚ ਦਿੱਲੀ ਭਾਰਤ ਵਿੱਚ ਮਰਹੂਮ ਡਾ. ਵਿਸ਼ਵਨਾਥ ਤਿਵਾੜੀ ਜੀ ਵੱਲੋਂ ਇਕ ਕਾਨਫ਼ਰੰਸ ਕਰਵਾਈ ਗਈ ਸੀ ਜਿਸ ਵਿੱਚ ਭਾਰਤ ਦੇ ਉਸ ਸਮੇਂ ਦੇ ਪ੍ਰਧਾਨ ਮੰਤਰੀ ਸ੍ਰੀਮਤੀ ਇੰਦਰਾ ਗਾਂਧੀ ਅਤੇ ਰਾਸ਼ਟਰਪਤੀ ਗਿਆਨੀ ਜ਼ੈਲ ਜੀ ਵੱਲੋਂ ਵੀ ਸ਼ਿਰਕਤ ਕੀਤੀ ਗਈ ਸੀ। ਇਸ ਤੋਂ ਪੰਜਾਬੀ ਕਾਨਫ਼ਰੰਸਾਂ ਦੀ ਚੜ੍ਹਤ ਤੇ ਮਹੱਤਤਾ ਦਾ ਪਤਾ ਲੱਗ ਜਾਂਦਾ ਹੈ।

ਅੱਜ ਤੱਕ ਹੋਣ ਵਾਲੀਆਂ ਕਾਨਫ਼ਰੰਸਾਂ ਵਿੱਚ ਸ਼ਾਮਲ ਹੋਣ ਵਾਲੀਆਂ ਸ਼ਖ਼ਸੀਅਤਾਂ ਦੀ ਗੱਲ ਕਰਨੀ ਹੋਵੇ ਤਾਂ ਇਹਨਾਂ ਵਿੱਚ ਪ੍ਰਬੰਧਕ, ਕਾਰਜਕਾਰਨੀ ਮੈਂਬਰਜ਼, ਸਪਾਂਸਰਜ਼, ਮਨਿਸਟਰਜ਼, ਐਮ ਪੀਜ਼, ਐਮ ਪੀਪੀਜ਼, ਸਿਟੀ ਕੌਂਸਲਰਜ਼, ਦੇਸ ਵਿਦੇਸ਼ ਤੋਂ ਆਏ ਡੈਲੀਗੇਟਸ, ਵਿਦਵਾਨ, ਲੇਖਕ, ਸ਼ਾਇਰ, ਜਿੰਨੇ ਵੀ ਪਤਵੰਤਿਆਂ ਨੇ ਵੀ ਸ਼ਿਰਕਤ ਕੀਤੀ, ਉਹਨਾਂ ਦਾ ਜ਼ਿਕਰ, ਇਸ ਪੁਸਤਕ ਵਿੱਚ ਮਿਲਦਾ ਹੈ, ਕਈਆਂ ਦਾ ਨਹੀਂ ਵੀ ਮਿਲਦਾ ਹੋਵੇਗਾ ਹੋ ਸਕਦਾ। ਉਹ ਮੈਂਮਰੀਲੇਨ ਦੇ ਵਿਸਰਜਨ ਦੀ ਉਕਤਾਈ ਹੋ ਸਕਦੀ ਹੈ। ਕਾਨਫ਼ਰੰਸਾਂ ਵਿੱਚ, ਕਿਸੇ ਨਾ ਕਿਸੇ ਰੂਪ ਵਿੱਚ ਹਿੱਸਾ ਲੈਣ ਵਾਲੀਆਂ ਸ਼ਖ਼ਸੀਅਤਾਂ ਦੇ 541 ਨਾਮ, ਇਸ ਪੁਸਤਕ ਦੇ ਪੰਨਾ 68 ਤੋਂ ਲੈ ਕੇ ਪੰਨਾ 87 ਤੱਕ ਦਰਜ਼ ਹਨ। ਇਸ ਦਾ ਮਤਲਬ ਇਹ ਵੀ ਹੈ ਕਿ ਜੇ ਸਾਰੇ ਨਹੀਂ ਤਾਂ ਬਹੁਤ ਸਾਰੇ ਵਿਦਵਾਨ ਅਤੇ ਪ੍ਰਬੰਧਕਾਂ ਹੋਰ ਵੀ ਹੋਣਗੇ, ਜੋ ਕਿਸੇ ਨਾ ਕਿਸੇ ਵਜ੍ਹਾ, ਕਰਕੇ ਨਾ ਆ ਸਕੇ ਹੋਣ ਜਾਂ ਇੱਥੇ ਉਹਨਾਂ ਦਾ ਨਾਂ ਦਰਜ਼ ਨਾ ਹੋ ਸਕਿਆ ਹੋ ਸਕੇ! ਸੋ ਇਹ ਦਸਤਾਵੇਜ਼ ਇਹਨਾਂ ਕਾਨਫ਼ਰੰਸਾਂ ਵਿੱਚ ਬਹੁ-ਗਿਣਤੀ ਦੇ ਯੋਗਦਾਨ ਦਾ ਇਤਿਹਾਸਕ ਤੱਥ ਪੇਸ਼ ਕਰਦਾ ਹੈ। ਕਾਨਫ਼ਰੰਸਾਂ ਕਰਾਉਣਾ ਇਕ ਇਕ ਇਕੱਲੇ ਵਿਅਕਤੀ ਦਾ ਕੰਮ ਨਹੀਂ ਹੈ । ਜਿਸ ਵੀ ਇਕੱਲੇ ਵਿਅਕਤੀ ਨੇ ਕਰਵਾਈ ਵੀ ਹੈ, ਉਹ ਦੂਜੀ ਵੇਰ ਨਹੀਂ ਕਰਵਾ ਸਕਿਆ । ਇਸ ਲਈ ਵੀ ਇਹ ਪੁਸਤਕ ਮੁਲਵਾਨ ਹੈ। ਭਾਈ ਗੁਰੂ ਸਾਹਿਬਾਨ ਵਲੋਂ ਦੱਸੇ ਰਸਤੇ ਚੱਲੋ ਤੇ ਮਿਲ ਕੇ ਕੰਮ ਕਰੋ!

“ਵਿਸ਼ਵ ਪੰਜਾਬੀ ਕਾਨਫ਼ਰੰਸਾਂ ਸੰਬੰਧੀ ਕੁੱਝ ਵਿਚਾਰ” ਪੰਨਾ 61 ਵਾਲੇ ਲੇਖ ਵਿੱਚ, ਲੇਖਕ ਨੇ ਅਲੱਗ ਅਲੱਗ ਉਦਾਹਰਨਾਂ ਨਾਲ ਕਾਨਫ਼ਰੰਸਾਂ ਦੀ ਨੁਕਤਾ ਚੀਨੀ ਕਰਨ ਵਾਲਿਆਂ ਦੇ ਯੋਗ ਜਵਾਬ ਦਿੱਤੇ ਹਨ। ਇਸ ਵਿੱਚ ਸਭ ਤੋਂ ਵੱਡੀ ਨੁਕਤਾ ਚੀਨੀ ਇਹ ਸੀ ਕਿ ਪ੍ਰਬੰਧਕ ਆਪ ਲੇਖਕ ਜਾਂ ਸਾਹਿਤਕਾਰ ਨਹੀਂ ਹਨ। ਜਵਾਬ ਹੈ ਕਿ ਪ੍ਰਬੰਧਕਾਂ ਵਿੱਚ ਪੰਜਾਬੀ ਬੋਲੀ ਪ੍ਰਤੀ ਇਕੱਲਾ ਪਿਆਰ ਹੀ ਨਹੀਂ ਹੈ। ਉਹ ਇਸ ਦੇ ਵਿਕਾਸ ਲਈ ਕੰਮ ਵੀ ਕਰਦੇ ਹਨ। ਪ੍ਰਬੰਧਕ ਆਪ ਵੀ ਆਪਣੇ ਕਿੱਤੇ, ਕਾਰੋਬਾਰ ਅਤੇ ਕੰਮ ਦੇ ਮਾਹਿਰ ਹਨ । ਆਪਣੀ ਕਿਰਤ ਕਮਾਈ ਵਿੱਚੋਂ ਪੰਜਾਬੀ ਦੀ ਪ੍ਰਫੁੱਲਤਾ ਲਈ ਯੋਗਦਾਨ ਪਾਉਂਦੇ ਹਨ। ਇਸ ਤੋਂ ਇਲਾਵਾ ਐਂ ਨੇ ਸਾਲਾਂ ਵਿੱਚ 600 ਦੇ ਕਰੀਬ ਵਿਦਵਾਨਾਂ ਨੂੰ ਮਿਲ ਚੁੱਕੇ ਹਨ। ਉਹਨਾਂ ਦੇ ਪੰਜਾਬੀ ਸਾਹਿਤ ਤੇ ਭਾਸ਼ਾ ਦੇ ਗਿਆਨ ਵਿੱਚ ਕਿੰਨਾ ਵਾਧਾ ਹੋਇਆ ਹੋਵੇਗਾ, ਤੁਸੀਂ ਆਪ ਅੰਦਾਜ਼ਾ ਲਗਾ ਸਕਦੇ ਹੋ। ਕੁੱਝ ਵੀ ਕਹੋ, ਫ਼ਰਕ ਪੈਂਦਾ ਹੈ ਜਨਾਬ! ਸਾਡੇ ਕੈਨੇਡਾ ਵਿਚਲੇ ਵਿਦਵਾਨ ਵੀ ਸਾਹਿਤ ਵਿੱਚ ਵੱਡੀਆਂ ਮੱਲਾਂ ਮਾਰ ਰਹੇ ਹਨ। ਅਜੈਬ ਸਿੰਘ ਚੱਠਾ ਦੀਆਂ ਅਠਾਰਾਂ ਸੰਪਾਦਿਤ ਕਿਤਾਬਾਂ ਤੇ ਕਈ ਵੀਡੀਉਜ਼ ਆ ਚੁੱਕੀਆਂ ਹਨ। ਸੰਗਤ ਅਤੇ ਕਾਨਫ਼ਰੰਸਾਂ ਦੇ ਹੋਣ ਅਤੇ ਕਰਵਾਉਣ ਦਾ ਅਸਰ, ਸਾਫ਼ ਵਿਖਾਈ ਦੇ ਰਿਹਾ ਹੈ। ਸਾਈਂ ਬੁੱਲ੍ਹੇਸ਼ਾਹ ਦੀਆਂ ਇਹ ਸਤਰਾਂ ਲਿਖਣਾ ਚਾਹਾਂਗਾ:

ਪੀਆ ਪੀਆ ਕਰਤੇ ਅਬ ਹਮੀਂ ਪੀਆ ਹੂਏ
ਅਬ ਪੀਆ ਕਿਸਨੂੰ ਕਹੀਏ
ਬੁੱਲਾ ਸ਼ਹੁ ਘਰ ਮੇਰੇ ਆਏ
ਅਬ ਕਿਉਂ ਤਾਹਨੇ ਸਹੀਏ
ਪੀਆ ਪੀਆ ਕਰਤੇ ਅਬ ਹਮੀਂ ਪੀਆ ਹੂਏ

ਜਿਨ੍ਹਾਂ ਸ਼ਖ਼ਸੀਅਤਾਂ ਨੇ ਕਾਨਫ਼ਰੰਸਾਂ ਕਰਵਾਈਆਂ ਉਹਨਾਂ ਦਾ ਵੇਰਵਾ ਇਸ ਪ੍ਰਕਾਰ ਹੈ:

ਪ੍ਰੋ. ਰਣਜੀਤ ਸਿੰਘ ਧੀਰ,ਇੰਗਲੈਂਡ(1980), ਡਾ ਵਿਸ਼ਵਨਾਥ ਤਿਵਾੜੀ,ਦਿੱਲੀ (1983) ਸਤਿਗੁਰੂ ਜਗਜੀਤ ਸਿੰਘ ਬੈਂਕੌਕ (1983) ਜਨਾਬ ਫ਼ਖ਼ਰ ਜਮਾਨ ਲਹੌਰ(1986) ਦਰਸ਼ਨ ਸਿੰਘ ਧਾਲੀਵਾਲ,ਅਮਰੀਕਾ (1997) ਆਮੀਨ ਮਲਿਕ ਇੰਗਲੈਂਡ (2002) ਪੰਜਾਬੀ ਯੂਨੀਵਰਸਿਟੀ ਪਟਿਆਲਾ (2004) ਲਹੌਰ ਪਾਕਿਸਤਾਨ (2005) ਦਰਸ਼ਨ ਸਿੰਘ ਬੈਂਸ ਦੀ ਸਰਪਰਤੀ ਵਿੱਚ ਟੋਰਾਂਟੋ (2009-2011), ਅਜੈਬ ਸਿੰਘ ਚੱਠਾ,ਟੋਰਾਂਟੋ (2009-2011-2015-2017-2019-2021-2022), ਡਾ ਦਲਜੀਤ ਸਿੰਘ ਅੰਮ੍ਰਿਤਸਰ (2012), ਪ੍ਰੋ. ਕੁਲਬੀਰ ਸਿੰਘ,( ਜਲੰਧਰ 2013) ਫ਼ਖ਼ਰ ਜਮਾਨ (2013 PEACE CONFERENCE) ਚਰਨਜੀਤ ਸਿੰਘ ਬਾਠ ਅਮਰੀਕਾ (2016), ਨਬੀਲਾ ਰਹਿਮਾਨ ਪੰਜਾਬ ਯੂਨੀਵਰਿਸਟੀ ਲਹੌਰ(2017), ਡਾ. ਮੁਜ਼ਾਹਿਦਾ ਭੱਟ ਲਹੌਰ ਕਾਲਜ(2017), ਹਰਵਿੰਦਰ ਸਿੰਘ ਹੰਸਪਾਲ ਚੰਡੀਗੜ੍ਹ (2018), ਡਾ. ਐਸ ਪੀ ਸਿੰਘ ਲੁਧਿਆਣਾ 2018, ਜਗਜੀਤ ਸਿੰਘ ਦਰਦੀ ਤੇ ਅਰਵਿੰਦਰ ਢਿੱਲੋਂ ਪਟਿਆਲਾ 2018, ਡਾ ਧਰਮਿੰਦਰ ਉੱਭਾ ਪਟਿਆਲਾ 2018, ਡਾ ਜਸਵਿੰਦਰ ਸਿੰਘ ਦਿੱਲੀ 2018, ਡਾ ਦਲਜੀਤ ਸਿੰਘ ਖਰੜ (2019), ਸਾਹਿਤ ਸੁਰ ਸੰਗਮ ਇਟਲੀ 2019, ਰੋਅਰ ਆਫ ਚੈਂਜ ਤੇ ਜਗਤ ਪੰਜਾਬੀ ਸਭਾ ਵੱਲੋਂ ਨਵੀਂ ਮੁੰਬਈ 2020, ਡਾ ਸਰਬਜੀਤ ਕੌਰ ਸੋਹਲ ਵੱਲੋਂ 2020 ਜਲੰਧਰ,ਵਿੱਚ ਕਰਵਾਈਆਂ। ਵਿਸ਼ਵ ਪੰਜਾਬੀ ਕਾਨਫ਼ਰੰਸਾਂ, ਪ੍ਰਬੰਧਕਾਂ ਦੇ ਪੰਜਾਬੀ ਪ੍ਰਤੀ ਪ੍ਰੇਮ, ਸਾਹਿਤ ਦਾ ਗਿਆਨ ਤੇ ਬਾਬੇ ਨਾਨਕ ਦੀ ਕਿਰਪਾ ਕਰਕੇ ਹੀ ਹੋ ਸਕੀਆਂ ਅਤੇ ਅੱਗੋਂ ਵੀ ਹੋਣਗੀਆਂ। 1980 ਵਿੱਚ ਪਹਿਲੀ ਕਾਨਫ਼ਰੰਸ ਕਰਾਉਣ ਵਾਲੇ ਪ੍ਰੋ. ਰਣਧੀਰ ਸਿੰਘ ਇੰਗਲੈਂਡ ਵਾਲੇ ਅਤੇ ਸਭ ਵੱਧ ਪੰਜਾਬੀ ਕਾਨਫ਼ਰੰਸਾਂ ਕਰਾਉਣ ਵਾਲੇ ਚੇਅਰਮੈਨ ਅਜੈਬ ਸਿੰਘ ਚੱਠਾ ਅਤੇ ਉਹਨਾਂ ਦੀ ਟੀਮ ਹਨ। 2022 ਵਿੱਚ ਅੱਠਵੀਂ ਕਾਨਫ਼ਰੰਸ ਕਰਵਾ ਚੁੱਕੇ ਹਨ।

ਵੈਸੇ ਅੱਜ ਤੱਕ ਦੀ ਸਭ ਤੋਂ ਲੰਮੀ ਕਾਨਫ਼ਰੰਸ ਜੋ ਤਕਰੀਬਨ 16 ਦਿਨ ਚੱਲੀ ਸੀ ਉਹ 1980 ਵਿੱਚ ਵਾਲੀ ਪਹਿਲੀ ਕਾਨਫ਼ਰੰਸ ਪ੍ਰੋ. ਰਣਜੀਤ ਧੀਰ ਇੰਗਲੈਂਡ ਵਾਲਿਆਂ ਵਾਲੀ ਹੀ ਹੈ। ਇਹ ਕਾਨਫ਼ਰੰਸ 6 ਜੂਨ 1980 ਨੂੰ ਬਰੌਡਵੇਅ ਸਾਊਥ ਹਾਲ ਤੋ ਸ਼ੁਰੂ ਹੋਈ ਤੇ ਇੰਗਲੈਂਡ ਵੱਖ ਵੱਖ ਸ਼ਹਿਰਾਂ ਵਿੱਚ ਸਮਾਗਮ ਹੋਏ ਅਤੇ 22 ਜੂਨ 1980 ਔਕਸਫੋਰਡ ਯੂਨੀਵਰਸਿਟੀ ਵਿੱਚ ਖ਼ਤਮ ਹੋਈ। ਇਸ ਵਿੱਚ 50 ਦੇ ਕਰੀਬ ਡੈਲੀਗੇਟਸ ਸ਼ਾਮਲ ਹੋਏ।

ਪੁਸਤਕ ਦੇ ਦੂਜੇ ਭਾਗ ਵਿੱਚ ਤਰਤੀਬਵਾਰ ਵੇਰਵੇ ਤੋਂ ਬਾਅਦ ਫੋਟੋਜ਼ ਤੇ ਰੂਪ ਵਿੱਚ 89ਤੋਂ 121 ਪੰਨੇ ਹਨ। ਇਸ ਪੁਸਤਕ ਵਿੱਚ 172 ਰੰਗਦਾਰ ਤੇ ਕਾਲੀਆਂ ਫ਼ੋਟੋ ਲੱਗੀਆਂ ਹੋਈਆਂ ਹਨ । ਪਹਿਲੀ ਫ਼ੋਟੋ ਸਫ਼ਾ ਸੱਤ ਉੱਤੇ ਮਰਹੂਮ ਡਾ. ਵਿਸ਼ਵਨਾਥ ਤਿਵਾੜੀ ਜੀ ਦੀ ਹੈ ਅਤੇ ਇਸ ਪੁਸਤਕ ਦਾ ਸਮਰਪਣ ਵੀ ਉਸ ਮਾਣ ਮਤੀ ਸ਼ਖ਼ਸੀਅਤ ਦੀ ਨਿੱਘੀ ਯਾਦ ਨੂੰ ਹੀ ਕੀਤਾ ਗਿਆ ਹੈ। ਹੋਰ ਵਿਸ਼ੇਸ਼ ਫੋਟੋਜ਼ ਵਿੱਚ ਰਾਸ਼ਟਰਪਤੀ ਗਿਆਨੀ ਜ਼ੈਲ ਸਿੰਘ, ਪ੍ਰਧਾਨ ਮੰਤਰੀ ਸ੍ਰੀ ਮਤੀ ਇੰਦਰਾ ਗਾਂਧੀ, ਸਾਬਕਾ ਪ੍ਰਧਾਨ ਮੰਤਰੀ ਸਰਦਾਰ ਮਨਮੋਹਨ ਸਿੰਘ, ਸਾਬਕਾ ਐਮ ਪੀ ਨਵਜੋਤ ਸਿੰਘ ਸਿੱਧੂ, ਵਾਤਾਵਰਣ ਪਰੇਮੀ ਅਤੇ ਹੁਣ ਮੈਂਬਰ ਪਾਰਲੀਮੈਂਟ ਬਾਬਾ ਬਲਬੀਰ ਸਿੰਘ ਸੀਚੇਵਾਲ, ਮਹਾਨ ਲੇਖਕ ਜਸਵੰਤ ਸਿੰਘ ਕੰਵਲ, ਡਾ. ਹਰਭਜਨ ਸਿੰਘ ਵੀ ਵਿਖਾਈ ਦਿੰਦੇ ਹਨ। 1980 ਵਿੱਚ ਪਹਿਲੀ ਕਾਨਫ਼ਰੰਸ ਕਰਾਉਣ ਵਾਲੇ ਪ੍ਰੋ. ਰਣਧੀਰ ਸਿੰਘ ਇੰਗਲੈਂਡ, ਅਜੈਬ ਸਿੰਘ ਚੱਠਾ, ਮਰਹੂਮ ਡਾ. ਦਰਸ਼ਨ ਸਿੰਘ ਬੈਂਸ, ਜਨਾਬ ਫਖਰ ਜਮਾਨ, ਪਾਕਿਸਤਾਨ ਪੰਜਾਬੀ ਕਾਨਫ਼ਰੰਸਾਂ ਕਰਾਉਣ ਵਾਲੀ ਬੀਬੀ ਡਾ. ਨਬੀਲਾ ਰਹਿਮਾਨ, ਐਚ ਐਸ ਹੰਸਪਾਲ, ਦਰਸ਼ਨ ਸਿੰਘ ਹੰਸਪਾਲ ਤੇ ਚਰਨਜੀਤ ਸਿੰਘ ਬਾਠ ਸੌਗੀ ਕਿੰਗ ਅਤੇ ਡਾ. ਸਰਬਜੀਤ ਕੌਰ ਸੋਹਲ ਹੋਰਾਂ ਦੀਆਂ ਤਸਵੀਰਾਂ ਵੀ ਵੇਖ ਸਕਦੇ ਹੋ। ਬਹੁਤ ਸਾਰੀਆਂ ਗਰੁੱਪ ਫੋਟੋਜ਼ ਵੀ ਜਿਨ੍ਹਾਂ ਵਿੱਚ ਲਗਭਗ ਸਭ ਮੈਂਬਰਜ਼ ਨੂੰ ਕਵਰ ਕਰਨ ਦੀ ਕੋਸ਼ਸ਼ ਕੀਤੀ ਜਾ ਸਕਦੀ। ਸਮੇਂ ਨਾਲ ਮਨੁੱਖ ਦੀ ਸ਼ਕਲ ਤੇ ਪੱਗ ਦਾ ਸਟਾਈਲ ਚੁੰਨੀ ਓੜਨ ਦਾ ਤਰੀਕਾ ਬਦਲ ਜਾਂਦਾ ਹੈ। ਇਸ ਲਈ ਤੁਸੀਂ ਆਪਣੇ ਮਨ ਭਾਉਂਦੇ ਰੰਗਾਂ ਦੀ ਪੱਗਾਂ ਜਾਂ ਚੁੰਨੀਆਂ ਤੋਂ ਆਪਣੀ ਪਛਾਣ ਕਰਕੇ ਆਪਣੀ ਫ਼ੋਟੋ ਲੱਭ ਸਕਦੇ ਹੋ।

ਇਸ ਪੁਸਤਕ ਵਿੱਚ ਵਿਸ਼ਵ ਪੰਜਾਬੀ ਕਾਨਫ਼ਰੰਸਾਂ ਕਰਵਾਉਣ ਵਾਲੀਆਂ ਸ਼ਖ਼ਸੀਅਤਾਂ ਬਾਰੇ ਸੰਖੇਪ ਅਤੇ ਵਧੀਆ ਜਾਣਕਾਰੀ ਦਿੰਦੇ 17 ਲੇਖ ਹਨ ਜੋ ਪੰਨਾ 121 ਤੋਂ 171 ਤੱਕ ਪੜ੍ਹ ਸਕਦੇ ਹੋ। “ਵਿਸ਼ਵ ਪੰਜਾਬੀ ਕਾਨਫ਼ਰੰਸਾਂ ਕਰਾਉਣ ਸੰਬੰਧੀ ਫ਼ਖ਼ਰ ਜਮਾਨ ਹੋਰਾਂ ਦਾ ਕਹਿਣਾ ਹੈ ਕਿ ਲੇਖਕਾਂ ਦੀਆਂ ਮਿਲਣੀਆਂ ‘ਚੋਂ ਨਵੇਂ ਸਵਾਲ ਅਤੇ ਖ਼ਿਆਲ ਹੋਂਦ ਵਿੱਚ ਆਉਂਦੇ ਹਨ ਅਤੇ ਭਾਸ਼ਾ ਸੰਬੰਧੀ ਹੋਏ ਤਬਸਰੇ ਚੋਂ ਬਹੁਤ ਨਵਾਂ ਤੇ ਚੰਗਾ ਉਪਜਦਾ ਹੈ। ਜਿਸ ਨਾਲ ਸੰਭਾਵਨਾਵਾਂ ਭਰਪੂਰ ਸਾਹਿਤ ਅਤੇ ਸਭਿਆਚਾਰ ਦਾ ਵਿਕਾਸ ਹੁੰਦਾ ਹੈ। ਦੁਨੀਆ ਦੀਆਂ ਸਭਿਅਤਾਵਾਂ ਵਿੱਚ ਸਾਨੂੰ ਆਪਣੀ ਸਭਿਅਤਾ ਅਤੇ ਮਾਤ-ਭਾਸ਼ਾ ਨੂੰ ਬਰਾਬਰ ਖੜ੍ਹਾ ਕਰਨ ਲਈ ਸਾਨੂੰ ਆਪਣੀ ਮਾਤ-ਭਾਸ਼ਾ ਦੀ ਗੱਲ ਕੌਮਾਂਤਰੀ ਪੱਧਰ ਤੇ ਕਰਨੀ ਪੈਣੀ ਹੈ।“ – ਪੰਨਾ 130 ਜਨਾਬ ਫ਼ਖ਼ਰ ਜਮਾਨ
ਵਿਸ਼ਵ ਪੰਜਾਬੀ ਕਾਨਫ਼ਰੰਸਾਂ ਕਰਾਉਣ ਦੇ ਕਈ ਸਾਰਥਿਕ ਨਤੀਜੇ ਸਾਡੇ ਸਾਹਮਣੇ ਆਏ ਹਨ:

2004 ਵਿੱਚ ਵਰਲਡ ਪੰਜਾਬ ਸੈਂਟਰ ਪਟਿਆਲਾ ਦੀ ਸਥਾਪਨਾ ਹੋਈ।
ਲਹਿੰਦੇ ਪੰਜਾਬ ਵਿੱਚ 2005 ਵਿੱਚ PILAK , PUNJAB INSTITUTE OF LANGUAGE, ART AND COUNCIL ਹੋਂਦ ਵਿੱਚ ਆਈ। ਇਸ ਸੰਸਥਾ ਦੋਹਾਂ ਦੇਸ਼ਾਂ ਦੇ ਪੰਜਾਬੀ ਸਾਹਿਤ ਦੇ ਅਨੁਵਾਦ ਦੀ ਪਿਰਤ ਪਾਈ। ਢੇਰ ਸਾਰੀਆਂ ਕਿਤਾਬਾਂ ਦੇ ਨਾਲ ਮੇਰੀਆਂ ਦੋ ਕਿਤਾਬਾਂ ਵੀ ਸ਼ਾਹਮੁਖੀ ਵਿੱਚ ਛਪੀਆਂ। ਨਵੇਂ ਫੌਂਟਾਂ ਤੇ ਸਾਫ਼ਟਵੇਅਰ ਦੀ ਮਦਦ ਨਾਲ ਇਹ ਕੰਮ ਹੋਰ ਵੀ ਅਸਾਨ ਹੋਇਆ।
2019 ਵਿੱਚ ਡਾ. ਐਸ ਪੀ ਸਿੰਘ ਹੋਰਾਂ ਨੇ ਪਰਵਾਸੀ ਪੰਜਾਬੀ ਵਿਭਾਗ ਦੀ ਸਥਾਪਨਾ ਕੀਤੀ। ਜਿਸ ਕਰਕੇ ਪਹਿਲੀ ਵਾਰ ਪਰਵਾਸੀ ਪੰਜਾਬੀ ਲੇਖਕਾਂ ਨੂੰ ਗੰਭੀਰ ਰੂਪ ਵਿੱਚ ਪਹਿਚਾਨਣ ਦੀ ਕੋਸ਼ਿਸ਼ ਸ਼ੁਰੂ ਹੋਈ। ਕਈ ਯੂਨੀਵਰਸਿਟੀਆਂ ਤੇ ਕਾਲਜਾਂ ਵਿੱਚ ਕੈਨੇਡਾ, ਅਮਰੀਕਾ ਇੰਗਲੈਂਡ ਹੋਰ ਮੁਲਕਾਂ ਵਿੱਚ ਵੱਸਦੇ ਪੰਜਾਬੀਆਂ ਦੀ ਪੁਸਤਕਾਂ ਤੇ ਖੋਜ ਕਾਰਜਾਂ ਦਾ ਕੰਮ ਵੀ ਸ਼ੁਰੂ ਹੋਇਆ।

ਐਸ ਪੀ ਸਿੰਘ ਓਬਰਾਏ ਹੋਰਾਂ ਨੇ ਸਰਬੱਤ ਦਾ ਭਲਾ ਚੈਰੀਟੇਬਲ ਟਰੱਸਟ ਵੱਲੋਂ ਅਰਵਿੰਦਰ ਢਿੱਲੋਂ ਹੋਰਾਂ ਦੀ ਸੰਪਾਦਿਤ ਪੁਸਤਕ ‘ਨੈਤਿਕ ਨਿਯਮ’ ਦੀਆਂ 10000- ਕਾਪੀਆਂ ਛਪਵਾ ਕੇ ਲਾਇਬਰੇਰੀਆਂ ਨੂੰ ਮੁਫ਼ਤ ਭੇਜੀਆਂ। ਫਰਵਰੀ 2010 ਵਿਚ ਮਹਾਰਾਣੀ ਪਰਨੀਤ ਕੌਰ ਨੇ ਇਸ ਪੁਸਤਕ ਨੂੰ ਲੋਕ ਅਰਪਣ ਕੀਤਾ। ਇਸ ਦੀਆਂ 50000- ਪੁਸਤਕਾਂ ਲੋਕ ਹੱਥਾਂ ਵਿੱਚ ਪਹੁੰਚੀਆਂ। ਇਸ ਪੁਸਤਕ ਦੇ ਅਧਾਰ ਤੇ ਪੰਜਾਬ ਦੇ ਬਹੁਤ ਸਾਰੇ ਸਕੂਲਾਂ ਵਿੱਚ ਨੈਤਿਕਤਾ ਦੇ ਵਿਸ਼ੇ ਉਪਰ ਸੈਮੀਨਾਰ ਤੇ ਵਰਕਸ਼ਾਪਾਂ ਹੋਈਆਂ । ਵਿਦਿਆਰਥੀਆਂ ਨੂੰ ਸਰਟੀਫਿਕੇਟ ਤੇ ਇਨਾਮ ਵੀ ਦਿੱਤੇ ਗਏ।

ਬਹੁਤ ਸਾਰੇ ਲੇਖਕਾਂ ਨੇ ਸਫ਼ਰਨਾਮੇ, ਨਾਟਕ, ਲੇਖ ਤੇ ਹੋਰ ਸਾਹਿਤ ਰਚਿਆ ਜਿਵੇਂ ਮੇਰੀ ਕੈਨੇਡਾ ਯਾਤਰਾ – ਹਰਜਿੰਦਰ ਵਾਲੀਆ, ਮੇਰਾ ਪਹਿਲਾ ਹਵਾਈ ਹੂਟਾ- ਡਾ.ਸੀ.ਆਰ ਮੋਦਗਿਲ, 25 ਮੁਲਕ 75 ਗੱਲਾਂ – ਗੁਲਜ਼ਾਰ ਸੰਧੂ, ਮੋਤੀਆਂ ਦੀ ਚੋਗ – ਬਲਦੇਵ ਧਾਲੀਵਾਲ, ਨਿਆਗਰਾ ਦੇਸ਼- ਸਲੀਮ ਪਾਸ਼ਾ, ਫਰੌਮ ਦੀ ਆਈ ਆਫ ਮਾਈ ਲੈਨਜ਼ਸ- ਹਰਭਜਨ ਬਾਜਵਾ। ਦੱਸਣਾ ਚਾਹਾਂਗਾ ਕਿ ਮੇਰਾ ਨਾਟਕ ਸਰਹੰਦ ਫਤਿਹ – ਪਿਆਰਾ ਸਿੰਘ ਕੁੱਦੋਵਾਲ ਵੀ ਇਹਨਾਂ ਕਾਨਫ਼ਰੰਸਾਂ ਦੇਣ ਹੈ। ਨਾਟਕ ਖੇਡਿਆ ਵੀ ਗਿਆ। ਮੈਨੂੰ ਮਾਣ ਹੈ ਕਿ ਮੈਂ ਵੀ ਇਹਨਾਂ ਕਾਨਫ਼ਰੰਸਾਂ ਦਾ ਪਹਿਲੇ ਦਿਨ ਤੋਂ ਹਿੱਸਾ ਰਿਹਾ ਹਾਂ ਅਤੇ ਕਲਮ ਫਾਊਂਡੇਸ਼ਨ ਟੋਰਾਂਟੋ ਦਾ ਫਾਊਂਡਰ ਪਰਧਾਨ ਵੀ।

ਅਜੈਬ ਸਿੰਘ ਚੱਠਾ ਪਿਛਲੇ ਕੁੱਝ ਸਾਲ਼ਾਂ ਤੋ ਪੰਜਾਬੀ ਵਿੱਚ ਨੋਬਲ ਪ੍ਰਾਈਜ਼ ਜਾਂ ਨੋਬਲ ਪ੍ਰਾਈਜ਼ ਦੇ ਬਰਾਬਰ ਦਾ ਕੋਈ ਐਵਾਰਡ ਸ਼ੁਰੂ ਕਰਨ ਦੀ ਗੱਲ ਕਰ ਰਿਹਾ ਹੈ। ਜੋ ਕੁੱਝ ਲੋਕਾਂ ਤੇ ਲੇਖਕਾਂ ਨੂੰ ਅਲੋਕਾਰੀ ਜਾਪਦੀ ਹੈ । ਪਰ ਚੱਠਾ ਵੱਲੋਂ ਕਾਨਫ਼ਰੰਸਾਂ ਦੀ ਲਗਾਤਾਰਤਾ, ਜੀਵਨ ਜਾਚ ਬਾਰੇ ਕੀਤੀ ਗੱਲ, ਨੈਤਿਕਤਾ ਦੀ ਗੱਲ, ਕਾਇਦਾ-ਏ-ਨੂਰ ਦੀ ਗੱਲ, ਕਾਨਫ਼ਰੰਸਾਂ ਨੂੰ ਇਕ ਵਿਸ਼ਾ ਦੇ ਕੇ ਸਿਰੇ ਚਾੜ੍ਹਨ ਕਰਕੇ ਮੈਨੂੰ ਯਕੀਨ ਹੈ ਕਿ ਉਹ ਨੋਬਲ ਪ੍ਰਾਈਜ਼ ਵਾਲਾ ਸੁਪਨਾ ਵੀ ਪੂਰਾ ਕਰ ਵਿਖਾਏਗਾ।

ਵਰਿੰਦਰ ਵਾਲੀਆ ਪੰਜਾਬੀ ਜਾਗਰਨ ਵਾਲ਼ੇ, ਚਾਨਣ ਦੇ ਵਣਜਾਰੇ ਸਿਰਲੇਖ ਹੇਠ ਲਿਖਦੇ ਹਨ, “ ਪੰਜ ਦਰਿਆਵਾਂ ਦੇ ਦਰਿਆ ਦਿਲ ਵਾਸੀਆਂ ਨੇ ਹੁਣ ਸੱਤ ਸਮੁੰਦਰੋਂ ਪਾਰ ਵੀ ਡੇਰੇ ਜਮਾ ਲਏ ਹਨ । ਸਿੱਖ ਧਰਮ ਦੇ ਬਾਨੀ ਬਾਬਾ ਨਾਨਕ ਦੇ ਪਦ-ਚਿੰਨ੍ਹਾਂ ਤੇ ਚੱਲਦਿਆਂ ਉਹ ਖ਼ੁਦ ਨੂੰ ਬ੍ਰਹਿਮੰਡੀ ਨਾਗਰਿਕ ਸਮਝਦੇ ਹਨ।
ਅੰਤ ਵਿੱਚ ਇਸ ਪੁਸਤਕ ਵਿੱਚ ਪੰਨਾ 51 ਤੇ ਜ਼ਿਕਰ ਹੈ ਅਮਰਜੀਤ ਸਾਥੀ ਹੋਰਾਂ ਨੇ ਹਾਇਕੂ ਉਤੇ ਔਟਵਾ ਵਿੱਚ ਕਾਨਫ਼ਰੰਸ ਕਰਵਾਈ। ਪੜ੍ਹ ਕੇ ਚੰਗਾ ਲੱਗਾ। ਸਾਥੀ ਹੋਰਾਂ ਨਾਲ ਜੂਨ ਦੇ ਦੂਜੇ ਸਨਿਚਰਵਾਰ ਨੂੰ ਮੇਰੀ ਗੱਲ ਹੋਈ, ਬਹੁਤ ਖ਼ੁਸ਼ ਹੋਏ। ਅਮਰੀਕਾ ਵਿੱਚ ਵੀ ਹੋਰ ਸਾਹਿਤਕ ਕਾਨਫ਼ਰੰਸਾਂ ਦੇ ਨਾਲ ਨਾਲ, ਪੰਜ ਕਹਾਣੀ ਕਾਨਫ਼ਰੰਸਾਂ ਹੋਈਆਂ ਜਿਨ੍ਹਾਂ ਵਿੱਚ ਮੇਰੀ ਸ਼ਮੂਲੀਅਤ ਰਹੀ ਹੈ।

ਆਸਟ੍ਰੇਲੀਆ ਅਤੇ ਇਟਲੀ ਵਿੱਚ ਵੀ ਕੁੱਝ ਲੇਖਕ ਦੋਸਤ ਬਹੁਤ ਵਧੀਆ ਕੰਮ ਕਰ ਰਹੇ ਹਨ। ਇਸੇ ਤਰਾਂ ਅਲੱਗ ਅਲੱਗ ਸੰਸਥਾਵਾਂ, ਡਿਪਾਰਟਮੈਂਟ, ਕਾਲਜਾਂ ਵੱਲੋਂ ਅਨੇਕਾਂ ਸੈਮੀਨਾਰ ਅਤੇ ਵੈਬੀਨਾਰ ਆਯੋਜਿਤ ਕੀਤੇ ਜਾ ਰਹੇ ਹਨ। ਟੋਰਾਂਟੋ ਵੈਨਕੂਵਰ ਵਿੱਚ ਵੀ ਕਈ ਦੋਸਤ ਅਤੇ ਸੰਸਥਾਵਾਂ ਇਸ ਖੇਤਰ ਵਿੱਚ ਰੁਚੀ ਰੱਖ ਰਹੇ ਹਨ ਅਤੇ ਆਪਣੀਆਂ ਅਲੱਗ ਕਾਨਫ਼ਰੰਸਾਂ ਕਰਵਾ ਰਹੇ ਹਨ। ਹੋ ਸਕਦਾ ਲੇਖਕ ਦੂਜੇ ਐਡੀਸ਼ਨ ਵਿੱਚ ਉਹਨਾਂ ਦਾ ਵੀ ਜ਼ਿਕਰ ਕਰੇ। ਇਹ ਉਸ ਦਾ ਆਪਣਾ ਫ਼ੈਸਲਾ ਹੋਵੇਗਾ। ਅਜੇ ਤੱਕ ਗੁਣਾਤਮਿਕ ਪੱਖੋਂ ਅਤੇ ਅੰਤਰਰਾਸ਼ਟਰੀ ਵਿਦਵਾਨਾਂ ਅਤੇ ਰਾਜਨੀਤਕ ਸ਼ਖ਼ਸੀਅਤਾਂ ਦੀ ਹਾਜ਼ਰੀ ਪੱਖੋਂ, ਬਾਜ਼ੀ ਟੋਰਾਂਟੋ ਵਾਲੀਆਂ ਕਾਨਫ਼ਰੰਸਾਂ ਨੇ, ਅਜੈਬ ਸਿੰਘ ਚੱਠਾ ਅਤੇ ਉਹਨਾਂ ਦੀ ਅਗਵਾਈ ਵਾਲੀ ਟੀਮ ਨੇ ਹੀ ਮਾਰੀ ਹੈ।
ਅੰਤ ਵਿੱਚ ਮੈਂ ਲੇਖਕ ਅਰਵਿੰਦਰ ਢਿੱਲੋਂ ਹੋਰਾਂ ਨੂੰ ਅਤੇ ਅਸੀਮ ਪਬਲੀਕੇਸ਼ਨ ਇੰਕ, ਕੈਨੇਡਾ (ਪਬਪਾ) ਨੂੰ ਇਸ ਵਡਮੁੱਲੀ ਕਿਤਾਬ ਲਿਖਣ ਤੇ ਛਾਪਣ ਦੀ ਵਧਾਈ ਦਿੰਦਾ ਹਾਂ। ਪਾਠਕਾਂ ਤੇ ਹੋਰ ਲੇਖਕਾਂ ਨੂੰ  ਬੇਨਤੀ ਕਰਦਾ ਹਾਂ ਕਿ ਅਗਰ ਉਹਨਾਂ ਕੋਲ ਕੋਈ ਹੋਰ ਜਾਣਕਾਰੀ ਹੋਵੇ ਜੋ ਇਸ ਪੁਸਤਕ ਵਿੱਚ ਨਹੀਂ ਤਾਂ ਆਈ ਤਾਂ ਜ਼ਰੂਰ ਸਾਂਝੀ ਕਰਨ।

ਟਿੱਪਣੀਆਂ:
ਵਿਸ਼ਵ ਪੰਜਾਬੀ ਕਾਨਫ਼ਰੰਸਾਂ ਦਾ ਇਤਿਹਾਸ -ਪੰਨਾ 5
ਉਹੀ ….. ਚਾਨਣ ਦੇ ਵਣਜਾਰੇ -ਵਰਿੰਦਰ ਵਾਲੀਆ – ਪੰਨਾ 7
ਉਹੀ ……ਪੰਨਾ 130 ਜਨਾਬ ਫ਼ਖ਼ਰ ਜਮਾਨ
ਉਹੀ ਪੰਨਾ 146 ਨਬੀਲਾ
ਉਹੀ ਪੰਨਾ 150 ਭੱਟ
ਉਹੀ ਪੰਨਾ 141 ਚੱਠਾ
ਉਹੀ ਆਖਰੀ ਪੰਨਾ ਸਰਵਰਕ- ਡਾ. ਦਲਜੀਤ ਸਿੰਘ
ਉਹੀ ਪੰਨਾ 43-44
ਉਹੀ ਪੰਨਾ 51
ਮੇਰੀਅਮ ਵੈਬਸਟਰ ਡਿਕਸ਼ਨਰੀ – ਔਨ ਲਾਈਨ
ਬਾਬਾ ਬੁੱਲੇ ਸ਼ਾਹ ਦੋਹੜਾ #8
ਬਾਬਾ ਬੁੱਲੇ ਸ਼ਾਹ ਕਾਫੀ 124 -ਪੰਨਾ

ਗੁਰੂ ਗਰੰਥ ਸਾਹਿਬ : ਅੰਗ 661
ਗੁਰੂ ਗਰੰਥ ਸਾਹਿਬ : ਅੰਗ 356

***

827

***

+ ਲਿਖਾਰੀ ਵਿੱਚ ਛਪੀਆਂ ਰਚਨਾਵਾਂ ਦਾ ਵੇਰਵਾ

ਪਿਆਰਾ ਸਿੰਘ ਕੁੱਦੋਵਾਲ

View all posts by ਪਿਆਰਾ ਸਿੰਘ ਕੁੱਦੋਵਾਲ →